ਕੈਟੇਗਰੀ

ਤੁਹਾਡੀ ਰਾਇ



ਗੁਰਮੀਤ ਸਿੰਘ ਸਿਡਨੀ ਆਸਟਰੇਲੀਆ
ਭਗਉਤੀ, ਭਗਉਤੀ, ਸਭੁ ਕੋ ਕਹੇ !
ਭਗਉਤੀ, ਭਗਉਤੀ, ਸਭੁ ਕੋ ਕਹੇ !
Page Visitors: 2895

                                                        ੴ ਸਤਿਗੁਰ ਪ੍ਰਸਾਦਿ ॥
                            ਭਗਉਤੀ, ਭਗਉਤੀ, ਸਭੁ ਕੋ ਕਹੇ !
 ਆਓ, “ਭਗਉਤੀ” ਬਾਰੇ, ਗੁਰੂ ਗਰੰਥ ਸਾਹਿਬ ਵਿਚ ਅੰਕਤਿ ਬਾਣੀ ਤੋਂ ਸੇਧ ਲੈਣ ਦਾ ਓਪਰਾਲਾ ਕਰੀਏ !
ਗੁਰੂ ਗਰੰਥ ਸਾਹਿਬ - ਪੰਨਾ 88, ਸਿਰੀਰਾਗ ਕੀ ਵਾਰ ਮਹਲਾ 3 ॥ 
ਸੋ ਭਗਉਤੀ ਜੋ ਭਗਵੰਤੈ ਜਾਣੈ ॥ ਗੁਰ ਪਰਸਾਦੀ ਆਪੁ ਪਛਾਣੈ ॥ 
ਧਾਵਤੁ ਰਾਖੈ ਇਕਤੁ ਘਰਿ ਆਣੈ ॥ ਜੀਵਤੁ ਮਰੈ ਹਰਿ ਨਾਮੁ ਵਖਾਣੈ ॥ 
ਐਸਾ ਭਗਉਤੀ ਉਤਮੁ ਹੋਇ ॥ ਨਾਨਕ ਸਚਿ ਸਮਾਵੈ ਸੋਇ ॥ 2 ॥
ਅਰਥ: ਭਗਉਤੀ (ਸੱਚਾ ਭਗਤ) ਉਹ ਹੈ ਜੋ ਪ੍ਰਭੂ ਨੂੰ ਜਾਣ ਜਾਂਦਾ ਹੈ । ਸਤਿਗੁਰੂ ਦੀ ਸਿਖਿਆ ਦੁਆਰਾ ਆਪਣੇ ਆਪ ਨੂੰ ਪਛਾਣਦਾ ਹੈ ਅਤੇ ਵਾਸ਼ਨਾਂ ਵਲ ਦੌੜਦੇ
ਮਨ ਨੂੰ ਆਪਣੇ ਹਿਰਦੇ ਵਿਚ ਟਿਕਾਅ ਲੈਂਦਾ ਹੈ । ਜੀੳuਦਾ ਹੋਇਆ ਹੀ ਅਕਾਲ ਪੁਰਖ ਦੇ ਸੱਚੇ ਨਾਮ ਨੂੰ ਆਪਣੇ ਹਿਰਦੇ ਵਿਚ ਗ੍ਰਹਿਣ ਕਰਕੇ, ਸੰਸਾਰ ਦੇ ਮਾਇਆ-ਜਾਲ ਤੋਂ ਬਚਿਆ ਰਹਿੰਦਾ ਹੈ । ਐਸੇ ਭਗਤ ਨੂੰ ਹੀ ੳuਤਮ ਕਿਹਾ ਜਾਂਦਾ ਹੈ । ਗੁਰੂ ਨਾਨਕ ਸਾਹਿਬ ਦੀ ਗਿਆਨ-ਜੋਤਿ ਸਦਕਾ, ਗੁਰੂ ਅਮਰਦਾਸ ਸਾਹਿਬ ਬਿਆਨ ਕਰਦੇ ਹਨ ਕਿ ਐਸਾ ਭਗਤ, ਅਕਾਲ ਪੁਰਖ ਵਿਚ ਲੀਨ ਹੋ ਜਾਂਦਾ ਹੈ, ਪਰ ਉਹ ਆਪ ਅਕਾਲ ਪੁਰਖ ਨਹੀਂ ਬਣ ਜਾਂਦਾ । (2)
ਪੰਨਾ 88, ਮ: 3 ॥ 
ਅੰਤਰਿ ਕਪਟੁ ਭਗਉਤੀ ਕਹਾਏ ॥ ਪਾਖੰਡਿ ਪਾਰਬ੍ਰਹਮੁ ਕਦੇ ਨ ਪਾਏ ॥
ਪਰ ਨਿੰਦਾ ਕਰੇ ਅੰਤਰਿ ਮਲੁ ਲਾਏ ॥ ਬਾਹਰਿ ਮਲੁ ਧੋਵੈ ਮਨ ਕੀ ਜੂਠਿ ਨ ਜਾਇ ॥ 
ਸਤਸੰਗਤਿ ਸਿਉ ਬਾਦੁ ਰਚਾਏ ॥ ਅਨਦਿਨੁ ਦੁਖੀਆ ਦੂਜੈ ਭਾਇ ਰਚਾਏ ॥ 
ਹਰਿ ਨਾਮੁ ਨ ਚੇਤੈ ਬਹੁ ਕਰਮ ਕਮਾਏ ॥ ਪੂਰਬ ਲਿਖਿਆ ਸੁ ਮੇਟਣਾ ਨਾ ਜਾਏ ॥ 
ਨਾਨਕ ਬਿਨੁ ਸਤਿਗੁਰ ਸੇਵੇ ਮੋਖੁ ਨ ਪਾਏ ॥ 3 ॥
ਅਰਥ: ਜਿਹੜਾ ਪ੍ਰਾਣੀ ਹਿਰਦੇ ਵਿਚ ਖੋਟ ਰੱਖੇ, ਪਰ ਆਪਣੇ ਆਪ ਨੂੰ ਭਗਤ ਅਖਵਾਏ, ਉਹ ਐਸੇ ਪਾਖੰਡ ਕਰਨ ਨਾਲ ਅਕਾਲ ਪੁਰਖ ਦੀ ਮਿਹਰ ਦਾ ਪਾਤਰ ਨਹੀਂ ਬਣ ਸਕਦਾ । ਐਸਾ ਪ੍ਰਾਣੀ ਪਰਾਈ ਨਿੰਦਾ ਕਰਕੇ ਆਪਣੇ ਹਿਰਦੇ ਵਿਚ ਵਿਕਾਰਾਂ ਦੀ ਮੈਲ ਲਾਈ ਰੱਖਦਾ ਹੈ । ਪਰ, ਬਾਹਰੋਂ ਸਰੀਰਕ ਇਸ਼ਨਾਨ ਕਰਨ ਦੁਆਰਾ ਮਨ ਦੇ ਵਿਕਾਰਾਂ ਤੋਂ ਛੁੱਟਕਾਰਾ ਨਹੀਂ ਪਾਇਆ ਜਾ ਸਕਦਾ । ਜਿਹੜਾ ਪ੍ਰਾਣੀ ਸਤ-ਸੰਗਤ ਨਾਲ ਝਗੜਾ ਰਚਾਈ ਰੱਖਦਾ ਹੈ, ਉਹ ਦੁਨਿਆਵੀਂ ਮਾਇਆ ਦੇ ਚੱਕਰ ਵਿਚ ਪੈ ਕੇ, ਹਰ ਸਮੇਂ ਦੁੱਖਾਂ-ਕਲੇਸ਼ਾਂ ਵਿਚ ਜਕੜਿਆ ਰਹਿੰਦਾ ਹੈ । ਅਕਾਲ ਪੁਰਖ ਦੇ ਨਾਮ ਨੂੰ ਚੇਤੇ ਨਹੀਂ ਰੱਖਦਾ, ਪਰ ਹੋਰ ਵਿਕਾਰਾਂ ਵਿਚ ਪਿਆ ਰਹਿੰਦਾ ਹੈ । ਇੰਜ ਉਸ ਦੇ ਪਹਿਲਾਂ ਕੀਤੇ ਕਰਮਾਂ ਨੂੰ ਨਜ਼ਰ-ਅੰਦਾਜ਼ ਨਹੀਂ ਕੀਤਾ ਜਾ ਸਕਦਾ । ਗੁਰੂ ਨਾਨਕ ਸਾਹਿਬ ਦੀ ਇਲਾਹੀ ਗਿਆਨ-ਜੋਤਿ ਸਦਕਾ, ਗੁਰੂ ਅਮਰਦਾਸ ਸਾਹਿਬ ਬਿਆਨ ਕਰਦੇ ਹਨ ਕਿ ਸਤਿਗੁਰ ਦੀ ਸਿਖਿਆ ਤੋਂ ਬਿਨਾਂ, ਦੁਨਿਆਵੀ ਮਾਇਆ-ਮੋਹ ਤੋਂ ਛੁੱਟਕਾਰਾ ਨਹੀਂ ਪਾਇਆ ਜਾ ਸਕਦਾ । (3
ਸਿਰੀਰਾਗੁ ਮਹਲਾ 5 ਘਰੁ 5 - ਪੰਨਾ 71 ॥ 
 ਭਗਉਤੀ ਰਹਤ ਜੁਗਤਾ ॥  ਜੋਗੀ ਕਹਤ ਮੁਕਤਾ ॥ ਤਪਸੀ ਸਪਹਿ ਰਾਤਾ ॥ 2 ॥
ਅਰਥ: ਗੁਰੂ ਸਾਹਿਬ ਬਿਆਨ ਕਰਦੇ ਹਨ ਕਿ ਭਗਉਤੀ ਆਪਣੀ ਜੁਗਤੀ ਵਿਚ ਰਹਿੰਦਾ ਹੈ, ਜੋਗੀ ਆਪਣੇ ਮਤ ਅਨੁਸਾਰ ਆਪਣੇ ਆਪ ਨੂੰ ਮੁਕਤ ਹੋਇਆ ਸਮਝਦਾ ਹੈ ਅਤੇ ਤਪੱਸਵੀ, ਤਪ ਵਿਚ ਮਸਤ ਰਹਿੰਦਾ ਹੈ । (2)
ਗਉੜੀ ਸੁਖਮਨੀ ਮਹਲਾ 5 - ਪੰਨਾ 274 ॥ 
ਭਗਉਤੀ ਭਗਵੰਤ ਭਗਤਿ ਕਾ ਰੰਗੁ ॥ ਸਗਲ ਤਿਆਗੈ ਦੁਸਟ ਕਾ ਸੰਗੁ ॥ 
ਮਨ ਤੇ ਬਿਨਸੈ ਸਗਲਾ ਭਰਮੁ ॥ ਕਰਿ ਪੂਜੈ ਸਗਲ ਪਾਰਬ੍ਰਹਮੁ ॥ 
ਸਾਧਸੰਗਿ ਪਾਪਾ  ਮਲੁ ਖੋਵੈ ॥ ਤਿਸੁ ਭਗਉਤੀ ਕੀ ਮਤਿ ਊਤਮ ਹੋਵੈ ॥ 
ਭਗਵੰਤ ਕੀ ਟਹਲ ਕਰੈ ਨਿਤ ਨੀਤਿ ॥ ਮਨੁ ਤਨੁ ਅਰਪੈ ਬਿਸਨ ਪਰੀਤਿ ॥ 
ਹਰਿ ਕੇ ਚਰਨ ਹਿਰਦੈ ਬਸਾਵੈ ॥ ਨਾਨਕ ਐਸਾ ਭਗਉਤੀ ਭਗਵੰਤ ਕਉ ਪਾਵੈ ॥ 3 ॥9॥
ਅਰਥ: ਅਸਲ ਭਗਤ ਉਸ ਪ੍ਰਾਣੀ ਨੂੰ ਹੀ ਕਿਹਾ ਜਾ ਸਕਦਾ ਹੈ, ਜਿਹੜਾ ਅਕਾਲ ਪੁਰਖ ਦੀ ਭਗਤੀ ਵਿਚ ਜੁੜਿਆ ਰਹਿੰਦਾ ਹੈ ਅਤੇ ਬੁਰੇ ਪ੍ਰਾਣੀਆਂ ਦੀ ਸੰਗਤ ਨਹੀਂ ਕਰਦਾ । ਐਸਾ ਭਗਤ ਸਦਾ ਅਕਾਲ ਪੁਰਖ ਦੀ ਭਗਤੀ ਕਰਦਾ ਰਹਿੰਦਾ ਅਤੇ ਉਹ ਕਿਸੇ ਕਿਸਮ ਦੇ ਭਰਮ-ਭੁਲੇਖੇ ਵਿਚ ਨਹੀਂ ਪੈਂਦਾ । ਐਸੇ ਭਗਉਤੀ ਦੀ ਮਤਿ ਬਹੁਤ ਸ੍ਰੇਸ਼ਟ ਹੋ ਜਾਂਦੀ ਹੈ ਅਤੇ ਗੁਰਮੁੱਖਾਂ ਦੀ ਸੰਗਤ ਕਰਕੇ, ਉਹ ਕਈ ਤਰ੍ਹਾਂ ਦੀਆਂ ਬੁਰਾਈਆਂ ਤੋਂ ਬਚਿਆ ਰਹਿੰਦਾ ਹੈ । ਉਹ ਹਰ ਸਮੇਂ, ਅਕਾਲ ਪੁਰਖ ਦੇ ਨਾਮ ਦਾ ਸਿਮਰਨ ਅਤੇ ਉਸ ਦੀ ਸਿਫ਼ਤਿ-ਸਾਲਾਹ ਕਰਨ ਦੀ ਤਾਂਘ ਵਿਚ ਰਹਿੰਦਾ ਹੈ । ਗੁਰੂ ਨਾਨਕ ਸਾਹਿਬ ਦੀ ਗਿਆਨ-ਜੋਤਿ ਦੁਆਰਾ ਗੁਰੂ ਅਰਜਨ ਸਾਹਿਬ ਸਾਨੂੰ ਸੇਧ ਦਿੰਦੇ ਹਨ ਕਿ ਐਸਾ ਭਗਤ ਨਿਮਰਤਾ ਸਹਿਤ ਆਪਣੇ ਹਿਰਦੇ ਵਿਚ ਨਾਮ ਸਿਮਰ ਕੇ, ਅਕਾਲ ਪੁਰਖ ਦੀ ਸ਼ਰਨ ਗ੍ਰਹਿਣ ਕਰ ਲੈਂਦਾ ਹੈ ।3।9।
ਰਾਮਕਲੀ ਮਹਲਾ 5 - ਪੰਨਾ 912 ॥ 
ਕਿਨਹੀ ਗ੍ਰਿਹੁ ਤਜਿ ਵਣ ਖੰਡਿ ਪਾਇਆ ॥ ਕਿਨਹੀ ਮੋਨਿ ਅਉਧੂਤੁ ਸਦਾਇਆ ॥ 
ਕੋਈ ਕਹਤਉ ਅਨੰਨਿ ਭਗਉਤੀ ॥ ਮੋਹਿ ਦੀਨ ਹਰਿ ਹਰਿ ਓਟ ਲੀਤੀ ॥ 2 ॥
ਅਰਥ: ਗੁਰੂ ਸਾਹਿਬ ਬਿਆਨ ਕਰਦੇ ਹਨ ਕਿ ਕਈ ਪ੍ਰਾਣੀ ਆਪਣੇ ਘਰ ਛੱਡ ਕੇ, ਜੰਗਲਾਂ ਵਿਚ ਰਹਿਣ ਲਗ ਪੈਂਦੇ ਹਨ ਅਤੇ ਕਈ ਆਪਣੇ ਆਪ ਨੂੰ ਮੋਨ-ਧਾਰੀ ਸਾਧੂ ਅਖਵਾਉਣ ਲਗ ਪੈਂਦੇ ਹਨ । ਕਈ ਕਹਿੰਦੇ ਹਨ ਕਿ ਅਸੀਂ ਤਾਂ ਅਕਾਲ ਪੁਰਖ ਦੇ ਹੀ ਭਗਤ ਹਾਂ ਅਤੇ ਹੋਰ ਕਿਸੇ ਦੀ ਓਟ ਨਹੀਂ ਤੱਕਦੇ । ਗੁਰੂ ਅਰਜਨ ਸਾਹਿਬ ਨਿਮ੍ਰਤਾ ਦੇ ਪੁੰਜ ਨੇ ਭੀ ਇਕ ਅਕਾਲ ਪੁਰਖ ਦੀ ਹੀ ਸ਼ਰਨ ਗ੍ਰਹਿਣ ਕਰ ਲਈ ਹੈ । (2)
ਪ੍ਰਭਾਤੀ ਮਹਲਾ 5 - ਪੰਨਾ 1347-48 ॥
 ਮਨ ਮਹਿ ਕ੍ਰੋਧੁ ਮਹਾ ਅਹੰਕਾਰਾ ॥ ਪੂਜਾ ਕਰਹਿ ਬਹੁਤੁ ਬਿਸਥਾਰਾ ॥
ਕਰਿ ਇਸਨਾਨੁ ਤਨਿ ਚਕ੍ਰ ਬਣਾਏ ॥ ਅੰਤਰ ਕੀ ਮਲੁ ਕਬ ਹੀ ਨ ਜਾਏ ॥ 1 ॥
ਇਤੁ ਸੰਜਮਿ ਪ੍ਰਭੁ ਕਿਨ ਹੀ ਨ ਪਾਇਆ ॥ ਭਗਉਤੀ ਮੁਦ੍ਰਾ ਮਨੁ ਮੋਹਿਆ ਮਾਇਆ ॥ 1 ॥  ਰਹਾਉ ॥
ਅਰਥ: ਗੁਰੂ ਸਾਹਿਬ ਉਪਦੇਸ਼ ਕਰਦੇ ਹਨ ਕਿ ਐ ਪ੍ਰਾਣੀ, ਜੇ ਤੇਰੇ ਦਿਲ ਵਿਚ ਐਨਾ ਕ੍ਰੋਧ ਅਤੇ ਅਹੰਕਾਰ ਭਰਿਆ ਹੋਇਆ ਹੈ ਤਾਂ ਤੇਰੇ ਪੂਜਾ ਕਰਨ ਦੇ ਅਡੰਬਰ ਕਿਸੇ ਕੰਮ ਨਹੀਂ । ਇਸ਼ਨਾਨ ਕਰਕੇ ਤੂੰ ਆਪਣੀ ਭਗਤੀ ਕਰਨ ਦੇ ਦਿਖਾਵੇ ਲਈ, ਕਈ ਪ੍ਰਕਾਰ ਦੇ ਬਾਹਰਲੇ ਧਾਰਮਿਕ ਚ੍ਹਿੰਨ ਬਣਾਉਂਦਾ ਹੈਂ, ਪਰ ਫਿਰ ਭੀ ਤੇਰੇ ਅੰਦਰੋਂ ਵਿਕਾਰਾਂ ਦੀ ਮੈਲ ਦੂਰ ਨਹੀਂ ਹੁੰਦੀ (1)  ਐਸੇ ਅਡੰਬਰ ਕਰਕੇ, ਕੋਈ ਪ੍ਰਾਣੀ ਅਕਾਲ ਪੁਰਖ ਦੀ ਬਖਸ਼ਿਸ਼ ਪ੍ਰਾਪਤ ਨਹੀਂ ਕਰ ਸਕਿਆ । ਪਰ, ਐਸੇ ਭਗਤ ਦਾ ਮਨ ਦੁਨਿਆਵੀਂ ਮੋਹ-ਮਾਇਆ ਦੇ ਜਾਲ ਵਿਚ ਹੀ ਫਸਿਆ ਰਿਹਾ ।1। ਰਹਾਉ।
ਆਓ, ਹੁਣ ਪੜ੍ਹੀਏ: ਵਾਰ ਦੁਰਗਾ ਕੀ
ੴ ਸਤਿਗੁਰ ਪ੍ਰਸਾਦਿ
ਸ੍ਰੀ ਭਗਉਤੀ ਜੀ ਸਹਾਇ
ਅਥ ਵਾਰ ਦੁਰਗਾ ਕੀ ਲਿਖ੍ਹਯਤੇ
 ਪਾਤਿਸਾਹੀ 10
  ਪਉੜੀ
ਪ੍ਰਥਮਿ ਭਗਉਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ । ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ । ਅਰਜੁਨ ਹਰਿਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ । ਸ੍ਰੀ ਹਰਿ ਕ੍ਰਿਸਨਿ ਧਿਆਇਐ ਜਿਸੁ ਡਿਠੇ ਸਭੁ ਦੁਖੁ ਜਾਇ । ਤੇਗ ਬਹਾਦੁਰ ਸਿਮਰੀਐ ਘਰਿ ਨੌਨਿਧ ਆਵੈ ਧਾਇ । ਸਭ ਥਾਈ ਹੋਇ ਸਹਾਇ । 1 ।
ਡਾ: ਰਤਨ ਸਿੰਘ ਜੱਗੀ ਅਤੇ ਡਾ: ਗੁਰਸ਼ਰਨ ਕੌਰ ਜੱਗੀ ਅਨੁਸਾਰ, ਇਸ ਦੇ ਅਰਥ ਹਨ:
(ਸਭ ਤੋਂ) ਪਹਿਲਾਂ ਭਗੌਤੀ ਨੂੰ ਸਿਮਰਦਾ ਹਾਂ ਅਤੇ (ਫਿਰ) ਗੁਰੂ ਨਾਨਕ ਦੇਵ ਨੂੰ ਯਾਦ ਕਰਦਾ ਹਾਂ । (ਫਿਰ) ਗੁਰੂ ਅੰਗਦ, (ਗੁਰੂ) ਅਮਰਦਾਸ ਅਤੇ (ਗੁਰੂ) ਰਾਮਦਾਸ (ਨੂੰ ਸਿਮਰਦਾ ਹਾਂ ਕਿ ਮੇਰੇ) ਸਹਾਈ ਹੋਣ । (ਗੁਰੂ) ਅਰਜਨ ਦੇਵ, (ਗੁਰੂ) ਹਰਿਗੋਬਿੰਦ ਅਤੇ (ਗੁਰੂ) ਸ੍ਰੀ ਹਰਿ ਰਾਇ ਨੂੰ ਸਿਮਰਦਾ ਹਾਂ । (ਫਿਰ ਗੁਰੂ) ਸ੍ਰੀ ਹਰਿਕ੍ਰਿਸ਼ਨ ਨੂੰ ਆਰਾਧਦਾ ਹਾਂ ਜਿਨ੍ਹਾਂ ਦੇ ਦਰਸ਼ਨ ਕਰਨ ਨਾਲ ਸਾਰੇ ਦੁਖ ਦੂਰ ਹੋ ਜਾਂਦੇ ਹਨ । (ਗੁਰੂ) ਤੇਗ ਬਹਾਦਰ ਦੇ ਸਿਮਰਨ ਨਾਲ ਨੌ ਨਿੱਧਾਂ (ਖ਼ਜ਼ਾਨੇ) (ਘਰ ਵਿਚ) ਭਜਦੀਆਂ ਚਲੀਆਂ ਆਉਂਦੀਆ ਹਨ । (ਸਾਰੇ ਗੁਰੂ ਮੈਨੂੰ) ਸਭ ਥਾਈਂ ਸਹਾਇਕ ਹੋਣ । 1 । {ਪੜ੍ਹੋ ਸਾਰੇ ਛੰਦ 1 ਤੋਂ 55}
ਆਖ਼ੀਰਲਾ ਛੰਦ:
ਸੁੰਭ ਨਿਸੁੰਭ ਪਠਾਇਆ ਜਮ ਦੇ ਧਾਮ ਨੋ । 
ਇੰਦ੍ਰ ਸਦਿ ਬੁਲਾਇਆ ਰਾਜ ਅਭਿਖੇਖ ਨੋ ।
ਸਿਰ ਪਰ ਛਤ੍ਰ ਫਿਰਾਇਆ ਰਾਜੇ ਇੰਦ੍ਰ ਦੇ । 
ਚਉਦੀ ਲੋਕੀ ਛਾਇਆ ਜਸੁ ਜਗਮਾਤ ਦਾ ।
ਦੁਰਗਾ ਪਾਠ ਬਣਾਇਆ ਸਭੇ ਪਉੜੀਆ । 
ਫੇਰਿ ਨ ਜੂਨੀ ਆਇਆ ਜਿਨਿ ਇਹ ਗਾਇਆ । 55 ।
ਇਤਿ ਸ੍ਰੀ ਦੁਰਗਾ ਕੀ ਵਾਰ ਸਮਾਪਤੰ ਸਤੁ ਸੁਭਮ ਸਤੁ ।
ਅਰਥ: (ਦੇਵੀ ਨੇ) ਸ਼ੁੰਭ ਅਤੇ ਨਿਸ਼ੁੰਭ ਨੂੰ ਯਮ-ਲੋਕ ਨੂੰ ਤੋਰ ਦਿੱਤਾ ਅਤੇ ਇੰਦਰ ਨੂੰ ਰਾਜ-ਤਿਲਕ (‘ਅਭਿਖੇਖ’) ਦੇਣ ਲਈ ਸਦ ਲਿਆ । ਰਾਜੇ ਇੰਦਰ ਦੇ ਸਿਰ ਉਤੇ ਛਤ੍ਰ ਫਿਰਾ ਦਿੱਤਾ । (ਇਸ ਤਰ੍ਹਾਂ) ਚੌਦਾਂ ਲੋਕਾਂ ਵਿਚ ਜਗਤ-ਮਾਤਾ (ਦੁਰਗਾ) ਦਾ ਯਸ਼ ਛਾ ਗਿਆ । ਦੁਰਗਾ (ਸਪਤਸ਼ਤੀ) ਦਾ ਪਾਠ (ਇਸ ਵਾਰ ਦੀਆਂ) ਸਾਰੀਆਂ ਪਉੜੀਆਂ ਵਿਚ ਰਚਿਆ ਹੈ । ਜੋ ਇਸ (ਪਾਠ) ਨੂੰ ਗਾਏਗਾ (ਉਹ) ਫਿਰ ਆਵਾਗਵਣ ਦੇ ਚਕਰਾਂ ਵਿਚ ਨਹੀਂ ਪਏਗਾ ।55।
ਸ਼੍ਰਮੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਕਾਸ਼ਕ “ਨਿਤਨੇਮ ਅਤੇ ਸੁੰਦਰ” ਗੁਟਕਿਆਂ ਵਿਚ ‘ਅਰਦਾਸ’ ਇੰਜ ਅਰੰਭ ਹੁੰਦੀ ਹੈ:
ੴ ਵਾਹਿਗੁਰੂ ਜੀ ਕੀ ਫ਼ਤਹਿ ॥
ਸ੍ਰੀ ਭਗੌਤੀ ਜੀ ਸਹਾਇ ॥
ਵਾਰ ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ 10 ॥
ਪ੍ਰਿਥਮ ਭਗੌਤੀ ਸਿਮਰਿ ਕੈ ਗੁਰ ਨਾਨਕ ਲਈਂ ਧਿਆਇ ॥  ਫਿਰ ਅੰਗਦ ਗੁਰ ਤੇ ਅਮਰਦਾਸੁ ਰਾਮਦਾਸੈ ਹੋਈਂ ਸਹਾਇ ॥  ਅਰਜਨ ਹਰਗੋਬਿੰਦ ਨੋ ਸਿਮਰੌ ਸ੍ਰੀ ਹਰਿਰਾਇ ॥  ਸ੍ਰੀ ਹਰਿਕਿਸ਼ਨ ਧਿਆਈਐ ਜਿਸ ਡਿਠੇ ਸਭਿ ਦੁਖਿ ਜਾਇ ॥  ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ ॥  ਸਭ ਥਾਈਂ ਹੋਇ ਸਹਾਇ ॥ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ! ਸਭ ਥਾਈਂ ਹੋਇ ਸਹਾਇ ॥ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ !
 ਹਰ ਰੋਜ਼ ਪਾਠ ਕਰਨ ਵਾਲੇ ਭਾਈਆਂ ਅਤੇ ਸਿੱਖਾਂ ਨੂੰ ਇਹ ਜਾਣਕਾਰੀ ਹੈ ਕਿ ‘ਵਾਰ ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ 10’ “ਗੁਰੂ ਗਰੰਥ ਸਾਹਿਬ” ਵਿਚ ਅੰਕਿਤ ਨਹੀਂ ਹੈ, ਤਾਂ ਇਸ ਵਿਚ ਕੋਈ ਸ਼ੱਕ ਨਹੀਂ ਰਹਿ ਜਾਂਦੀ ਕਿ ਅਰਦਾਸ ਦਾ ਮੁੱਡਲਾ ਹਿੱਸਾ, ‘ਵਾਰ ਦੁਰਗਾ ਕੀ (ਚੰਡੀ ਦੀ ਵਾਰ)’ ਦੇ ਪਹਿਲੇ ਪੈਰੇ ਤੋਂ ਲਿਆ ਹੋਇਆ ਹੈ !
“ਗੁਰਸ਼ਬਦ” ਵਿਚਾਰ ਦੁਆਰਾ ਸਾਨੂੰ ਹੁਣ ਸੋਝੀ ਪ੍ਰਾਪਤ ਹੋ ਜਾਣੀ ਚਾਹੀਦੀ ਹੈ ਕਿ “ਭਗਉਤੀ” ਤੋਂ ਭਾਵ ਹੈ, ਭਗਤੀ ਕਰਨ ਵਾਲਾ ਪ੍ਰਾਣੀ, ਅਤੇ ਐਸਾ ਭਗਤ, “ਅਕਾਲ ਪੁਰਖ / ਵਾਹਿਗੁਰੂ / ਪ੍ਰਮਾਤਮਾ” ਨਹੀਂ ਹੋ ਸਕਦਾ । ਪਰ, ਜਦੋਂ ਅਸੀਂ ‘ਵਾਰ ਦੁਰਗਾ ਕੀ” ਪੜ੍ਹਦੇ ਹਾਂ ਤਾਂ ‘ਭਗਉਤੀ’ ਜਗਤ-ਮਾਤਾ ਦੁਰਗਾ/ਚੰਡੀ ਦੇਵੀ ਅਤੇ ਬਰਛੀ ਲਈ ਵਰਤਿਆ ਹੋਇਆ ਹੈ । ਇੰਜ ਪ੍ਰਤੀਤ ਹੋ ਰਿਹਾ ਹੈ ਕਿ ਗੁਰੂ ਦੇ ਸਿੱਖਾਂ ਨੂੰ ਕਿਵੇਂ 1945 ਤੋਂ ਹੀ ਖੰਡ ਵਿਚ ਲਿਪੇਟ ਕੇ ਜ਼ਹਿਰ ਦਿੱਤੀ ਜਾ ਰਹੀ ਹੈ । ਜੇ ਕੋਈ ਗੁਰਸਿੱਖ ਆਵਾਜ਼ ਉਠਾਉਂਦਾ ਹੈ, ਉਸ ਨੂੰ ਚੁੱਪ ਕਰਾ ਦਿੱਤਾ ਜਾਂਦਾ ਜਾਂ ਫਿਰ ਗੁਰੂ ਪੰਥ ਵਿਚੋਂ ਹੀ ਛੇਕ ਦਿੱਤਾ ਜਾਂਦਾ ਹੈ ਤਾਂਜੋ ਸਾਰੇ ਸਿੱਖ ਤੋਤਾ-ਰਟਨੀ ਕਰਦੇ ਰਹਿਣ ! ਆਓ, ਗੁਰੂ ਗਰੰਥ ਸਾਹਿਬ ਦੀ ਹਜ਼ੂਰੀ ਸਮੇਂ, ਅਕਾਲ ਪੁਰਖ ਅਗੇ ਹੀ ਅਰਦਾਸਿ ਕਰੀਏ, ਨਾਹ ਕਿ ਕਿਸੇ ਦੇਵ-ਦੇਵੀ ਜਾਂ ਭਗਉਤੀ ਨੂੰ ਹੀ ਧਿਆਉਂਦੇ ਰਹੀਏ ? “ਸਿੱਖ ਦੀ ਅਰਦਾਸਿ”, “ਗੁਰੂ ਗਰੰਥ ਸਾਹਿਬ” ਦੇ ਅਰੰਭਕ ਸ਼ਬਦ ਤੋਂ ਹੀ ਸ਼ੁਰੂ ਹੋਣੀ ਚਾਹੀਦੀ ਹੈ: ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ “ਗੁਰੂ ਗਰੰਥ ਸਾਹਿਬ” ਵਿਚ ਅੰਕਿਤ ਗੁਰਬਾਣੀ ਦੁਆਰਾ ਅਨੇਕ ਸ਼ਬਦ “ਅਰਦਾਸਿ” ਸੰਬੰਧਤ ਉਚਾਰੇ ਹੋਏ ਹਨ ਪਰ, ਕਿਤੇ ਭੀ ‘ਭਗਉਤੀ/ਭਗੌਤੀ’ ਨੂੰ ਅਕਾਲ ਪੁਰਖ ਦੇ ਸਮਾਨ ਨਹੀਂ ਲਿਖਿਆ ਮਿਲਦਾ । ਇਸ ਲਈ, ਇਸ ਦਾ ਭਾਵ ਸਮਝਣ ਲਈ, ਇਹ ਜ਼ਰੂਰੀ ਹੈ ਕਿ ਐਸੀ ਸ਼ਬਦਾਵਲੀ ਕਿਸ ਸੰਦਰਭ ਵਿਚ ਵਰਤੀ ਗਈ ਹੈ । ਮਿਸਾਲ ਦੇ ਤੌਰ ‘ਤੇ ਜਿਵੇਂ, ‘ਡਾਲਰ’ ਅਸਟ੍ਰੇਲੀਆ, ਨਿਊਜ਼ੀਲੈਂਡ, ਸਿੰਘਾਪੁਰ, ਅਮ੍ਰੀਕਾ, ਕੈਨੇਡਾ, ਆਦਿਕ ਦੇਸ਼ਾਂ ਦਾ ਸਿੱਕਾ ਹੈ, ਪਰ ਇਸ ਦੀ ਕੀਮਤ ਅਲਗ ਅਲਗ ਹੈ ! ਇਸ ਲਈ, ਸਾਨੂੰ ਅਕਾਲ ਪੁਰਖ ਵਲੋਂ ਬਖ਼ਸ਼ਿਸ਼ ਹੋਈ ਬਿਬੇਕ ਬੁੱਧੀ ਦੀ ਵਰਤੋਂ ਕਰਕੇ, ਅਗਿਆਨਤਾ ਦਾ ਹਨ੍ਹੇਰਾ ਦੂਰ ਕਰ ਲੈਣਾ ਚਾਹੀਦਾ ਹੈ, ਜਿਵੇਂ ਗੁਰਬਾਣੀ ਫ਼ੁਰਮਾਨ ਹੈ: ਗੁਰੂ ਗਰੰਥ ਸਾਹਿਬ - ਪੰਨਾ 67 ॥ਸਿਰੀਰਾਗੁ ਮਹਲਾ 3 ॥
ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ ॥ 1 ॥
ਖਿਮਾ ਦਾ ਜਾਚਕ,
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ): 31 ਮਾਰਚ 2013

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.