ਕੈਟੇਗਰੀ

ਤੁਹਾਡੀ ਰਾਇ



ਗੁਰਬਾਣੀ ਦਰਸ਼ਨ
(ਦੋ ਸ਼ਬਦ , ਭਾਗ-ਪੰਜਵਾਂ)
(ਦੋ ਸ਼ਬਦ , ਭਾਗ-ਪੰਜਵਾਂ)
Page Visitors: 3036

                                                                        ੴਸਤਿ ਗੁਰ ਪ੍ਰਸਾਦਿ ॥
                                                                        ( ਗੁਰਬਾਣੀ ਦਰਸ਼ਨ)
                                                                      (ਦੋ ਸ਼ਬਦ , ਭਾਗ-ਪੰਜਵਾਂ)
 ਜਪੁ
ਜਪ ਦਾ ਅਰਥ ਵੀ ਮਨ ਵਿਚ ਯਾਦ ਕਰਨਾ ਹੀ ਹੈ । ਜਪ ਨਰੋਲ ਮਨ ਦਾ ਵਿਸ਼ਾ ਹੈ । ਜਿਵੇਂ ,
ਜਪਿ ਮਨ ਰਾਮ ਨਾਮੁ ਸੁਖਦਾਤਾ  ॥  
ਸਤਸੰਗਤਿ ਮਿਲਿ ਹਰਿ ਸਾਦੁ ਆਇਆ ਗੁਰਮੁਖਿ ਬ੍ਰਹਮੁ ਪਛਾਤਾ ॥
1॥ਰਹਾਉ ॥ (984)
ਹੇ ਮੇਰੇ ਮਨ , ਰਾਮ ਦਾ ਨਾਮ ਜਪਿਆ ਕਰ , ਇਹ ਨਾਮ ਹੀ ਸਾਰੇ ਸੁਖ ਦੇਣ ਵਾਲਾ ਹੈ । ਜਿਸ ਮਨੁੱਖ ਨੇ ਗੁਰੂ ਦੇ ਗਿਆਨ ਆਸਰੇ ਬ੍ਰਹਮ , ਪਰਮਾਤਮਾ ਦੀ ਰਚਨਾ ਦੀ ਸੋਝੀ ਹਾਸਲ ਕਰ ਲਈ , ਉਸ ਨੇ ਸਤਸੰਗਤ ਵਿਚ ਜੁੜ ਕੇ ਪ੍ਰਭੂ ਦੇ ਨਾਮ , ਪ੍ਰਭੂ ਦੇ ਹੁਕਮ ਦਾ ਆਨੰਦ ਮਾਣਿਆ ਹੈ । ਅਤੇ 
ਜਪਿ ਮਨ ਰਾਮੈ ਨਾਮੁ ਹਰਿ ਜਸੁ ਊਤਮ ਕਾਮ ॥ 
ਜੋ ਗਾਵਹਿ ਸੁਣਹਿ ਤੇਰਾ ਜਸੁ ਸੁਆਮੀ ਹਉ ਤਿਨ ਕੈ ਸਦ ਬਲਿਹਾਰੈ ਜਾਉ ॥ਰਹਾਉ ॥(669)
ਹੇ ਮੇਰੇ ਮਨ ,ਪ੍ਰਭੂ ਦਾ ਨਾਮ ਹੀ ਜਪਿਆ ਕਰ , ਹਰੀ ਦੀ ਵਡਿਆਈ ਕਰਨੀ ਹੀ ਸਭ ਕਰਮਾ ਤੋਂ ਸ੍ਰੇਸ਼ਟ ਕੰਮ ਹੈ । ਹੇ ਕਰਤਾਰ, ਜੇਹੜੇ ਬੰਦੇ ਤੇਰੀ ਸਿਫਤ ਸਾਲਾਹ ਗਾਉਂਦੇ ਹਨ , ਸੁਣਦੇ ਹਨ ਮੈਂ ਉਨ੍ਹਾਂ ਤੋਂ ਸਦਾ ਕੁਰਬਾਨ ਜਾਂਦਾ ਹਾਂ । ਅਤੇ
ਜਪਿ ਮਨ ਰਾਮ ਨਾਮੁ ਸੁਖੁ ਪਾਵੈਗੋ ॥
ਜਿਉ ਜਿਉ ਜਪੈ ਤਿਵੈ ਸੁਖੁ ਪਾਵੈ ਸਤਿਗੁਰੁ ਸੇਵਿ ਸਮਾਵੈਗੋ ॥
1॥ਰਹਾਉ ॥ (1308)
ਹੇ ਮੇਰੇ ਮਨ , ਸਦਾ ਵਾਹਿਗੁਰੂ ਦਾ ਨਾਮ ਜਪਿਆ ਕਰ , ਉਸ ਦੇ ਹੁਕਮ ਵਿਚ ਚਲਿਆ ਕਰ , ਜਿਹੜਾ ਮਨੁੱਖ ਅਕਾਲ ਦੀ ਰਜ਼ਾ ਵਿਚ ਚਲਦਾ ਹੈ , ਉਹ ਸੁਖ ਪਾਉਂਦਾ ਹੈ ।ਜਿਉਂ ਜਿਉਂ ਬੰਦਾ ਅਲ੍ਹਾ ਦੀ ਰਜ਼ਾ ਵਿਚ ਚਲਦਾ ਹੈ , ਤਿਉਂ ਤਿਉਂ ਆਨੰਦ ਮਾਣਦਾ ਹੈ , ਕਰਤਾਰ ਦੀ ਸੇਵਾ ਕਰ ਕੇ ਉਸ ਵਿਚ ਹੀ ਲੀਨ ਹੋ ਜਾਂਦਾ ਹੈ । (ਇਹ ਆਪਾਂ ਪਹਿਲਾਂ ਵਿਚਾਰ ਚੁਕੇ ਹਾਂ ਕਿ ਕਰਤਾਰ ਦੀ ਸੇਵਾ , ਉਸ ਦੇ ਹੁਕਮ ਵਿਚ ਚਲਣਾਂ ਹੀ ਹੈ )
ਜਪਿ ਮਨ ਰਾਮ ਨਾਮੁ ਅਰਧਾਂਭਾ ॥
ਉਪਜੰਪਿ ਉਪਾਇ ਨ ਪਾਈਐ ਕਤਹੂ ਗੁਰਿ ਪੂਰੈ ਹਰਿ ਪ੍ਰਭੁ ਲਾਭਾ ॥
1॥ਰਹਾਉ॥ (1337)
ਹੇ ਮੇਰੇ ਮਨ , ਅਕਾਲ ਦਾ ਨਾਮ ਜਪਿਆ ਕਰ , ਇਹੀ ਜਪਣ ਜੋਗ ਚੀਜ਼ ਹੈ । ਕੰਨਾ ਵਿਚ ਗੁਪਤ ਮੰਤਰ ਦੇਣ ਦੇ ਢੰਗ ਆਦ , ਨਾਮ ਜਪਣ ਦਾ ਢੰਗ ਨਹੀਂ ਹਨ , ਇਨ੍ਹਾਂ ਤਰੀਕਿਆਂ ਨਾਲ ਪਰਮਾਤਮਾ ਨਹੀਂ ਮਿਲਦਾ । ਪੂਰੇ ਗੁਰੂ (ਸ਼ਬਦ ਵਿਚਾਰ) ਦੀ ਸਿਖਿਆ ਤੇ ਚਲਿਆਂ ਹੀ ਰੱਬ ਮਿਲਦਾ ਹੈ । ਅਤੇ
ਜਪਿ ਮਨ ਸਿਰੀ ਰਾਮੁ ॥ ਰਾਮ ਰਮਤ ਰਾਮੁ ॥ ਸਤਿ ਸਤਿ ਰਾਮੁ ॥ (1202)
ਹੇ ਮਨ ਸ੍ਰੀ ਰਾਮ ਦਾ ਨਾਮ ਜਪਿਆ ਕਰ,ਉਸ ਰਾਮ ਦਾ ਨਾਮ ਜੋ ਸਭ ਥਾਈਂ ਵਿਆਪਕ ਹੈ, ਸਭ ਵਿਚ ਰਮਿਆ ਹੋਇਆ ਹੈ। ਉਸ ਰਾਮ ਦਾ ਜੋ ਸਦਾ ਹੀ ਸਦਾ ਕਾਇਮ ਰਹਿਣ ਵਾਲਾ ਹੈ। ਅਤੇ
ਨਾਨਕ ਰਾਮ ਨਾਮੁ ਜਪਿ ਚੀਤ।। ਸਿਮਰ ਸੁਆਮੀ ਹਰਿ ਸਾ ਮੀਤ ॥ (198)
ਹੇ ਨਾਨਕ ਰਾਮ ਦਾ ਨਾਮ ਅਪਣੇ ਮਨ ਵਿਚ ਜਪਿਆ ਕਰ , ਹਰੀ ਵਰਗੇ ਮਾਲਕ ਤੇ ਮਿੱਤਰ ਦਾ ਸਿਮਰਨ ਕਰਿਆ ਕਰ । ਅਤੇ
ਜਪਿ ਮਨ ਮੇਰੇ ਤੂ ਏਕੋ ਨਾਮੁ ॥ ਸਤਗੁਰਿ ਦੀਆ ਮੋ ਕਉ ਏਹੁ ਨਿਧਾਨੁ ॥1॥ਰਹਾਉ॥ (558)
ਹੇ ਮੇਰੇ ਮਨ , ਤੂੰ ਸਿਰਫ ਵਾਹਿਗੁਰੂ ਦਾ ਨਾਮ ਜਪਿਆ ਕਰ । ਇਹ ਨਾਮ ਦਾ ਖਜ਼ਾਨਾ ਮੈਨੂੰ ਸ਼ਬਦ ਗੁਰੂ ਨੇ ਬਖਸ਼ਿਆ ਹੈ ।ਅਤੇ
ਪ੍ਰੀਤਿ ਪ੍ਰੀਤਿ ਗੁਰੀਆ ਮੋਹਨ ਲਾਲਨਾ ॥
ਜਪਿ ਮਨ ਗੋਬਿੰਦ ਏਕੈ ਅਵਰ ਨਹੀ ਕੋ ਲੇਖੈ ਸੰਤ ਲਾਗੁ ਮਨਹਿ ਛਾਡੁ ਦੁਬਿਧਾ ਕੀ ਕੁਰੀਆ ॥
1॥ਰਹਾਉ॥ (746)
ਹੇ ਭਾਈ , ਸਾਰੀਆਂ ਪ੍ਰੀਤਾਂ ਵਿਚੋਂ ਉੱਤਮ ਪ੍ਰੀਤ ਮਨ ਨੂੰ ਮੋਹਣ ਵਾਲੇ ਲਾਲ ਪ੍ਰਭੂ ਦੀ ਪ੍ਰੀਤ ਹੈ । ਹੇ ਮਨ , ਕੇਵਲ ਉਸ , ਇਕੋ ਇਕ ਗੋਬਿੰਦ ਦਾ ਨਾਮ ਜਪਿਆ ਕਰ । ਹੋਰ ਕੋਈ ਉੱਦਮ ਉਸ ਦੀ ਦਰਗਾਹ ਵਿਚ ਕਬੂਲ ਨਹੀਂ ਹੁੰਦਾ । ਹੇ ਭਾਈ ਸਤਸੰਗਤ ਵਿਚ ਜੁੜਿਆ ਰਹੁ, ਅਤੇ ਅਪਣੇ ਮਨ ਵਿਚੋਂ ਦੁਬਿਧਾ ਦਾ ਰਾਹ ਦੂਰ ਕਰ । ਇਸ ਤੋਂ ਅਗਲੀ ਪਉੜੀ ਹੈ ਮੰਨਣ ਦੀ, ਅਰਥਾਤ ਪ੍ਰਭੂ ਦੇ ਨਾਮ,ਰਜ਼ਾ, ਹੁਕਮ,ਨਿਯਮ ਕਾਨੂਨ ਨੂੰ ਮੰਨਦਿਆਂ,ਉਸ ਅਨੁਸਾਰ ਜੀਵਨ ਜੀਉਣ ਦੀ। ਇਸ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਵਿਚ ਸੇਧ ਦਿਤੀ ਹੈ,
ਇਹੀ ਅਚਾਰ ਇਹੀ ਬਿਉਹਾਰਾ ਆਗਿਆ ਮਾਨਿ ਭਗਤਿ ਹੋਇ ਤੁਮ੍‍ਾਰੀ ॥
ਜੋ ਇਹ ਮੰਤ੍ਰ ਕਮਾਵੈ ਨਾਨਕ ਸੋ ਭਉਜਲੁ ਪਾਰਿ ਉਤਾਰੀ ॥
(377)
ਹੇ ਜੀਵ ਇਸਤ੍ਰੀ ਇਹੀ ਕੁਝ ਤੇਰੇ ਵਾਸਤੇ ਧਾਰਮਿਕ ਰਸਮਾਂ ਦਾ ਕਰਨਾ ਹੈ, ਇਹੀ ਤੇਰਾ ਨਿਤ ਦਾ ਵਿਹਾਰ (ਨਿਤ ਨੇਮ) ਹੋਣਾ ਚਾਹੀਦਾ ਹੈ ਕਿ ਤੂੰ ਪਰਮਾਤਮਾ ਦਾ ਹੁਕਮ ਸਿਰ ਮੱਥੇ ਤੇ ਮੰਨ।ਇਸ ਤਰ੍ਹਾਂ ਕੀਤੀ ਤੇਰੀ ਭਗਤੀ ਪ੍ਰਭੂ ਦੇ ਦਰ ਤੇ ਪਰਵਾਨ ਹੋ ਜਾਵੇ ਗੀ। ਹੇ ਨਾਨਕ ਜਿਹੜਾ ਮਨੁੱਖ ਵੀ ਇਸ ਉਪਦੇਸ਼ ਨੂੰ ਕਮਾਉਂਦਾ ਹੈ,ਇਸ ਅਨੁਸਾਰ ਜੀਵਨ ਢਾਲਦਾ ਹੈ, ਉਹ ਸੰਸਾਰ ਦੀ ਘੁਮਣ ਘੇਰੀ ਤੋਂ ਪਾਰ ਹੋ ਜਾਂਦਾ ਹੈ।
ਹੁਕਮੁ ਮੰਨੇ ਸੋ ਜਨੁ ਪਰਵਾਣੁ ॥ (1175)
ਕਰਤਾਰ ਦਾ ਹੁਕਮ ਮੰਨਣ ਵਾਲਾ ਹੀ ਵਾਹਿਗੁਰੂ ਦੇ ਦਰ ਤੇ , ਅਕਾਲ ਪੁਰਖ ਦੇ ਦਰਬਾਰ ਵਿਚ ਇਜ਼ਤ ਵਾਲਾ ਹੈ। ਅਤੇ
ਹੁਕਮਿ ਮੰਨਿਐ ਹੋਵੈ ਪਰਵਾਣੁ ਤਾ ਖਸਮੈ ਕਾ ਮਹਲੁ ਪਾਇਸੀ ॥ (471)
ਕਰਤਾਰ ਦਾ ਹੁਕਮ ਮੰਨਣ ਵਾਲਾ ਬੰਦਾ , ਪ੍ਰਭੂ ਦੇ ਦਰ ਤੇ ਪਰਵਾਨ ਹੋ ਜਾਂਦਾ ਹੈ , ਅਤੇ ਮਾਲਕ ਪ੍ਰਭੂ ਦਾ ਘਰ ਲੱਭ ਲੈਂਦਾ ਹੈ । ਅਤੇ
ਨਾਇ ਮੰਨਿਐ ਕੁਲੁ ਉਧਰੈ ਸਭ ਕੁਟੰਬੁ ਸਬਾਇਆ ॥
ਨਾਇ ਮੰਨਐਿ ਸੰਗਤਿ ਉਧਰੈ ਜਿਨ੍‍ ਰਿਦੈ ਵਸਾਇਆ ॥
(1241)
ਜਿਸ ਬੰਦੇ ਦਾ ਮਨ ਨਾਮ ਨੂੰ , ਮੰਨ ਲਵੇ , ਉਸ ਦੀ ਸਾਰੀ ਕੁਲ , ਉਸ ਦੇ ਸਾਰੇ ਕੁਟੰਬ ਦਾ ਉੱਧਾਰ ਹੋ ਜਾਂਦਾ ਹੈ । ਏਥੇ ਇਕ ਗੱਲ ਸਮਝਣੀ ਬਹੁਤ ਜ਼ਰੂਰੀ ਹੈ ਕਿ ਕੁਲ ਕੀ ਹੈ ? ਕੁਟੰਬ ਕੀ ਹੈ ? ਇਸ ਨੂੰ ਅਗਲੀ ਹੀ ਤੁਕ ਵਿਚ ਸਮਝਾਇਆ ਹੈ , ਕਿ ਜਿਹੜੇ ਸਤਸੰਗੀ , ਸੰਗਤ ਵਿਚ ਜੁੜ ਕੇ , ਕਰਤਾਰ ਦੇ ਹੁਕਮ ਨੂੰ ਮਨ ਵਿਚ ਵਸਾਉਂਦੇ ਹਨ , ਮੰਨਦੇ ਹਨ , ਉਨ੍ਹਾਂ ਦਾ ਹੀ ਉੱਧਾਰ ਹੁੰਦਾ ਹੈ , ਉਹੀ ਕੁਟੰਬ ਹੈ , ਉਹੀ ਕੁਲ ਹੈ । ਇਸ ਨੂੰ ਗੁਰਬਾਣੀ ਦੀ ਇਸ ਤੁਕ ਆਸਰੇ ਸੌਖਿਆਂ ਸਮਝਿਆ ਜਾ ਸਕਦਾ ਹੈ ।
ਸਚੁ ਜਿ ਗੁਰਿ ਫੁਰਮਾਇਆ ਕਿਉ ਏਦੂ ਬੋਲਹੁ ਹਟੀਐ ॥
ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ੍‍ ਮੁਰਟੀਐ ॥
(966)
ਹੇ ਗੁਰੂ ਅੰਗਦ ਸਾਹਿਬ ਜੀ , ਗੁਰੂ ਨਾਨਕ ਜੀ ਨੇ ਜੋ ਵੀ ਬਚਨ ਕੀਤਾ , ਆਪ ਨੇ ਉਸ ਨੂੰ ਸੱਚ ਕਰ ਕੇ ਮੰਨਿਆ , ਉਸ ਦੇ ਮੰਨਣ ਤੋਂ ਨਾਂਹ ਨਹੀਂ ਕੀਤੀ । (ਇਸ ਕਰ ਕੇ ਹੀ ਆਪ ਪਰਵਾਨ ਹੋ ਗਏ) ਬਾਬਾ ਨਾਨਕ ਜੀ ਦੇ ਪੁਤ੍ਰਾਂ ਨੇ ਬਚਨ ਨਾ ਮੰਨਿਆ , ਉਹ ਪੀਰ (ਧਾਰਮਿਕ ਵਿਅਕਤੀ) ਵਲ ਪਿੱਠ ਕਰ ਕੇ ਹੀ ਹੁਕਮ ਮੋੜਦੇ ਰਹੇ । (ਅਜਿਹੀ ਹਾਲਤ ਵਿਚ ਉਹ ਪਰਵਾਨ ਨਾ ਹੋ ਸਕੇ} ਬਾਬਾ ਨਾਨਕ ਜੀ ਦੇ ਪੁਤ੍ਰ , ਉਨ੍ਹਾਂ ਦਾ ਕੁਟੰਬ ਵੀ ਸੀ ਅਤੇ ਕੁਲ ਵੀ ਸੀ । ਗੁਰਬਾਣੀ ਫੁਰਮਾਨ ਹੈ,
ਜੈਸਾ ਕਰੇ ਸੁ ਤੈਸਾ ਪਾਵੈ ॥ ਆਪਿ ਬੀਜਿ ਆਪੇ ਹੀ ਖਾਵੈ ॥ (662)
ਮਨੁੱਖ ਜੈਸਾ ਕੰਮ ਕਰਦਾ ਹੈ , ਉਹ ਵੈਸਾ ਹੈ ਫਲ ਪਾਉਂਦਾ ਹੈ । ਹਰ ਕੋਈ ਆਪ ਕਰਮਾਂ ਦੇ ਬੀਜ , ਬੀਜ ਕੇ , ਉਸ ਦਾ ਫਲ ਆਪ ਹੀ ਖਾਂਦਾ ਹੈ । ਇਹ ਸੰਭਵ ਨਹੀਂ ਕਿ ਭਗਤੀ ਕੋਈ ਕਰੇ , ਉਸ ਦਾ ਫਲ ਕਿਸੇ ਹੋਰ ਨੂੰ ਮਿਲ ਜਾਵੇ । ਪਾਠ ਕੋਈ ਕਰੇ , ਉਸ ਦਾ ਪੁੰਨ ਕਿਸੇ , ਪੈਸੇ ਦੇਣ ਵਾਲੇ ਨੂੰ ਮਿਲ ਜਾਵੈ । ਇਹ ਸਿਰਫ ਪੁਜਾਰੀਆਂ ਵਲੋਂ ਆਮ ਲੋਕਾਂ ਨੂੰ ਲੁੱਟਣ ਦੇ ਢਕਵੰਜ ਹਨ । ਗੁਰਬਾਣੀ ਤਾਂ ਇਹ ਵੀ ਸਮਝਾਉਂਦੀ ਹੈ ਕਿ ਇਸ ਦੁਨੀਆਂ ਵਿਚਲੀਆਂ ਰਿਸ਼ਤੇਦਾਰੀਆਂ , ਪਿਛਲੇ ਜਨਮ ਦੇ ਲਹਿਣੇ ਦੇਣੇ ਦੇ ਆਧਾਰ ਤੇ ਬਣੇ ਸੰਜੋਗਾਂ ਕਾਰਨ ਬਣਦੀਆਂ ਹਨ ,ਅਤੇ ਅੰਤ ਵੇਲੇ ਕੋਈ ਕਿਸੇ ਦਾ ਮਦਦਗਾਰ ਨਹੀਂ ਹੁੰਦਾ ,
ਮਾਤ ਪਿਤਾ ਬਨਿਤਾ ਸੁਤ ਬੰਧਪ ਇਸਟ ਮੀਤ ਅਰੁ ਭਾਈ ॥
ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨ ਸਹਾਈ ॥
(700)
ਹੇ ਭਾਈ , ਮਾਤਾ , ਪਿਤਾ , ਇਸਤ੍ਰੀ , ਪੁੱਤਰ , ਰਿਸ਼ਤੇਦਾਰ , ਪਿਆਰੇ ਮਿੱਤਰ ਅਤੇ ਭਰਾ , ਇਨ੍ਹਾਂ ਸਾਰਿਆਂ ਦਾ ਪਿਛਲੇ ਜਨਮ ਦੇ ਸੰਜੋਗਾਂ ਕਰਕੇ ਏਥੇ ਮਿਲਾਪ ਹੋ ਗਿਆ ਹੈ । ਅੰਤ ਵੇਲੇ ਇਨ੍ਹਾਂ ਵਿਚੋਂ ਕੋਈ ਵੀ ਕਿਸੇ ਦਾ ਸਹਾਈ ਨਹੀਂ ਹੁੰਦਾ । ਅਜਿਹੀ ਹਾਲਤ ਵਿਚ ਇਹ ਕਿਵੇਂ ਸੰਭਵ ਹੈ ਕਿ ਇਕ ਬੰਦਾ ਭਗਤੀ ਕਰੇ ਅਤੇ ਉਸ ਦੀ ਕੁਲ ,ਉਸ ਦੇ ਕੁਟੰਬ ਦਾ ਉੱਧਾਰ ਬਿਨਾ ਭਗਤੀ ਕੀਤਿਆਂ ਹੀ ਹੋ ਜਾਵੇ । ਜਦ ਬਾਬੇ ਨਾਨਕ ਜਿਹੇ ਮਹਾਨਤਮ ਵਿਅਕਤੀ ਦੀ ਕੁਲ ਵਿਚੋਂ , ਉਨ੍ਹਾਂ ਦੇ ਪੁਤਰ , ਇਸ ਰਿਸ਼ਤੇਦਾਰੀ ਆਸਾਰੇ ਇਸ ਸੰਸਾਰ ਵਿਚ ਹੀ ਕਬੂਲ ਨਾ ਹੋ ਸਕੇ ਤਾਂ ਹੋਰ ਕਿਸੇ ਬਾਰੇ ਇਹ ਗੱਲ ਕਿਵੇਂ ਮੰਨੀ ਜਾ ਸਕਦੀ ਹੈ ?
ਗੁਰਬਾਣੀ ਦਾ ਇਹ ਸ਼ਬਦ ,ਨਾਮ ਨੂੰ ਮੰਨਣ ਦੇ ਫਾਇਦੇ ਸਮਝਾਉਂਦਾ , ਹੁਕਮ ਮੰਨਣ ਦੀ ਤਾਕੀਦ ਕਰਦਾ ਹੈ ।
ਨਾਇ ਮੰਨਿਐ ਦੁਰਮਤਿ ਗਈ ਮਤਿ ਪਰਗਟੀ ਆਇਆ ॥
ਨਾਉ ਮੰਨਿਐ ਹਉਮੈ ਗਈ ਸਭਿ ਰੋਗ ਗਵਾਇਆ ॥
ਨਾਇ ਮੰਨਿਐ ਨਾਮੁ ਉਪਜੈ ਸਹਜੇ ਸੁਖੁ ਪਾਇਆ ॥
ਨਾਇ ਮੰਨਿਐ ਸਾਂਤਿ ਊਪਜੈ ਹਰਿ ਮੰਨਿ ਵਸਾਇਆ ॥
ਨਾਨਕ ਨਾਮੁ ਰਤੰਨੁ ਹੈ ਗੁਮੁਖਿ ਹਰਿ ਧਿਆਇਆ ॥
(1242)
ਇਸ ਨਾਲ ਸਪਸ਼ਟ ਹੁੰਦਾ ਹੈ ਕਿ ਪ੍ਰਭੂ ਦੀ ਰਜ਼ਾ,ਪ੍ਰਭੂ ਦਾ ਹੁਕਮ,ਪ੍ਰਭੂ ਵਲੋਂ ਬਣਾਏ ਨਿਯਮ ਕਾਨੂਨ, ਪ੍ਰਭੂ ਦਾ ਨਾਮ ਇਕੋ ਚੀਜ਼ ਹਨ। ਉਨ੍ਹਾਂ ਨੂੰ ਮੰਨਣਾ ਬੰਦੇ ਦੀ ਜ਼ਿੰਦਗੀ ਦਾ ਉਚਤਮ ਆਦਰਸ਼ ਹੈ। ਗੁਰ ਫ਼ੁਰਮਾਨ ਹੈ,
ਨਾਇ ਮੰਨਿਐ ਪਤਿ ਪਾਈਐ ਹਿਰਦੇ ਹਰਿ ਸੋਈ ॥ (1242)
ਨਾਮ ਮੰਨਣ ਨਾਲ ਬੰਦੇ ਨੂੰ ਇਜ਼ਤ ਮਿਲਦੀ ਹੈ ਅਤੇ ਹਿਰਦੇ ਵਿਚ ਵਸਦੇ ਹਰੀ ਦੀ ਸੋਝੀ ਹੁੰਦੀ ਹੈ।
ਗੁਰੂ ਸਾਹਿਬ ਦਾ ਫੈਸਲਾ ਹੈ,
ਹਿਰਦੇ ਸਚੁ ਇਹ ਕਰਣੀ ਸਾਰੁ।।ਹੋਰੁ ਸਭੁ ਪਾਖੰਡੁ ਪੂਜ ਖੁਆਰੁ ॥ (1343)
ਬੰਦੇ ਦੀ ਜ਼ਿੰਦਗੀ ਦੀ ਸਭ ਤੋਂ ਸ੍ਰੇਸਟ ਕਰਨੀ ਇਹੀ ਹੈ ਕਿ ਉਸ ਦੇ ਹਿਰਦੇ ਵਿਚ ਸੱਚ ਦਾ, ਪ੍ਰਭੂ ਦਾ ਨਿਵਾਸ ਹੋਵੇ। ਇਸ ਤੋਂ ਇਲਾਵਾ ਪੂਜਾ ਦੀਆਂ ਸਭ ਵਿੱਧੀਆਂ, ਪਖੰਡ ਤੋਂ ਵੱਧ ਕੁਝ ਵੀ ਨਹੀਂ। ਜਿਨ੍ਹਾਂ ਆਸਰੇ ਕੀਤੀ ਪੂਜਾ ਬੰਦੇ ਦੀ ਖੁਆਰੀ ਦਾ ਕਾਰਨ ਬਣਦੀ ਹੈ।
ਆਉ ਪ੍ਰੱਣ ਕਰੀਏ ਕਿ ਆਪਾਂ ਗੁਰਬਾਣੀ ਦੇ ਨਵੇਕਲੇ ਸਿਧਾਂਤ ਨੂੰ ਗੁਰਬਾਣੀ ਦੀ ਪਰਖ ਕਸਵੱਟੀ ਅਨੁਸਾਰ ਹੀ, ਸਮਝਣ ਦਾ ਉਪਰਾਲਾ ਕਰਨਾ ਹੈ। ਸੋਨੇ ਨੂੰ ਸੋਨੇ ਦੀ ਪਰਖ ਕਸਵੱਟੀ ਨਾਲ ਹੀ ਪਰਖਿਆ ਜਾਂਦਾ ਹੈ, ਪਿੱਤਲ ਜਾਂ ਕੈਹੇਂ ਦੀ ਪਰਖ ਕਸਵੱਟੀ ਨਾਲ ਨਹੀਂ। ਗੁਰਬਾਣੀ ਨੂੰ ਦੂਸਰੇ ਧਰਮਾਂ ਦੀ ਪਰਖ ਕਸਵੱਟੀ ਲਗਾ ਕੇ ਸਮਝਣਾ,ਅਤੇ ਉਸ ਅਨੁਸਾਰ ਕਰਮ ਕਾਂਡ ਕਰਨੇ ਅਪਣੇ ਆਪ ਨੂੰ ਜਨਮ ਮਰਨ ਰੂਪੀ ਨਰਕ ਦਾ ਭਾਗੀਦਾਰ ਬਨਾਉਣਾ ਅਤੇ ਗੁਰੂ ਸਾਹਿਬ ਦੀ ਦੋ ਸਦੀਆਂ ਤੋਂ ਵੱਧ ਦੀ ਕਮਾਈ ਅਤੇ ਕੁਰਬਾਨੀਆਂ ਤੇ ਪੋਚਾ ਫੇਰਨਾ ਹੈ।
ਜੇ ਕਰ ਸਿੱਖੀ ਦੇ ਅਖੌਤੀ ਧਾਰਮਿਕ ਅਤੇ ਰਾਜਨੀਤਕ ਆਗੂਆਂ ਨੇ ਅਪਣਾ ਫ਼ਰਜ਼ ਨਾ ਪਛਾਣਿਆ, ਨਾ ਸੰਭਲੇ ਤਾਂ, ਗੁਰਬਾਣੀ ਦੇ ਨਿਰਮਲ ਸਿਧਾਂਤ ਵੀ ਰਹਿਣ ਗੇ, ਉਨ੍ਹਾਂ ਨੂੰ ਮੰਨਣ ਵਾਲੇ ਸਿੱਖ ਵੀ ਰਹਿਣ ਗੇ, ਭਾਂਵੇਂ ਗੁਰਬਾਣੀ ਦੀ ਸੇਧ ਅਨੁਸਾਰ,
ਹੈਨਿ ਵਿਰਲੇ ਨਾਹੀ ਘਣੇ ਫੈਲ ਫਕੜੁ ਸੰਸਾਰੁ ॥ (1411)
ਵਿਰਲੇ ਹੀ ਹੌਣ। ਪਰ ਇਹ ਗੁਰਮਤਿ ਦੇ ਦੋਖੀ ਸੰਤ , ਮਹਾਂਪੁਰਸ਼ , ਬ੍ਰਹਮਗਿਆਨੀ , ਡੇਰੇ ਬਣਾਈ ਬੈਠੇ ਪੁਜਾਰੀ , ਲੀਡਰੀਆਂ ਲਈ ਵਿਕੇ ਸਿਆਸੀ ਲੀਡਰ ਅਤੇ ਉਨ੍ਹਾਂ ਦੀ ਖੁਸ਼ਾਮਦ ਆਸਰੇ ਬਣੇ ਸਿੰਘ ਸਾਹਿਬ , ਗੁਰਬਾਣੀ ਦੇ ਨਿਰਮਲ ਸਿਧਾਂਤ ਨੂੰ ਗੰਧਲਾ ਕਰਨ ਦੇ ਦੋਸ਼ ਵਿਚ, ਚੌਰਾਸੀ ਦੇ ਗੇੜ ਵਿਚਲੇ, ਕਾਲ ਦੇ ਖਾਜੇ ਤੋਂ ਵੱਧ , ਕੁੱਝ ਨਹੀਂ ਬਣ ਸਕਣਗੇ।
ਅਮਰਜੀਤ ਸਿੰਘ ਚੰਦੀ

ਫੋਨ:- 91 95685 41414

  

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.