ਕੈਟੇਗਰੀ

ਤੁਹਾਡੀ ਰਾਇ



ਗੁਰਬਾਣੀ ਦਰਸ਼ਨ
ਗੁਰਮਤਿ ਵਿਆਖਿਆ (ਭਾਗ ਅਠਵਾਂ)
ਗੁਰਮਤਿ ਵਿਆਖਿਆ (ਭਾਗ ਅਠਵਾਂ)
Page Visitors: 3253

 

                       ਗੁਰਮਤਿ ਵਿਆਖਿਆ (ਭਾਗ ਅਠਵਾਂ)
                                                                         ਗੁਰਬਾਣੀ ਦਰਸ਼ਨ !
                                                                      (ਗੁਰਬਾਣੀ ਦਾ ਫਲਸਫਾ)              
                                                                         (ਗੁਰਮਤਿ ਸਿਧਾਂਤ)

 ਇਸ ਪਉੜੀ ਵਿਚ , ਉਨ੍ਹਾਂ ਲੋਕਾਂ ਦਾ ਜ਼ਿਕਰ ਕੀਤਾ ਹੈ , ਜੋ ਸਮਾਜ ਲਈ ਦੁਖ-ਦਾਈ ਹਨ ,ਉਨ੍ਹਾਂ ਦੀ ਵੀ ਕੋਈ ਸੰਖਿਆ (ਗਿਣਤੀ) ਨਹੀਂ ਹੈ , ਉਹ ਵੀ ਅਸੰਖ ਹਨ।

                                 ਅਸੰਖ ਮੂਰਖ ਅੰਧ ਘੋਰ ॥
              ਅਸੰਖ ਚੋਰ ਹਰਾਮਖੋਰ ॥ ਅਸੰਖ ਅਮਰ ਕਰਿ ਜਾਹਿ ਜੋਰ ॥ 
              ਅਸੰਖ ਗਲਵਢ ਹਤਿਆ ਕਮਾਹਿ ॥ ਅਸੰਖ ਪਾਪੀ ਪਾਪੁ ਕਰਿ ਜਾਹਿ ॥ 
              ਅਸੰਖ ਕੂੜਿਆਰ ਕੂੜੇ ਫਿਰਾਹਿ ॥ ਅਸੰਖ ਮਲੇਛ ਮਲੁ ਭਖਿ ਖਾਹਿ ॥
                          ਅਸੰਖ ਨਿੰਦਕ ਸਿਰਿ ਕਰਹਿ ਭਾਰੁ ॥ 
                ਨਾਨਕੁ ਨੀਚੁ ਕਹੈ ਵੀਚਾਰੁ ॥ ਵਾਰਿਆ ਨ ਜਾਵਾ ਏਕ ਵਾਰ ॥
              ਜੋ ਤੁਧੁ ਭਾਵੈ ਸਾਈ ਭਲੀ ਕਾਰ॥ ਤੂ ਸਦਾ ਸਲਾਮਤਿ ਨਿਰੰਕਾਰ ॥
1॥                                     

                                 ਅਸੰਖ ਮੂਰਖ ਅੰਧ ਘੋਰ ॥ 
                   ਅਸੰਖ ਚੋਰ ਹਰਾਮਖੋਰ ॥ ਅਸੰਖ ਅਮਰ ਕਰਿ ਜਾਹਿ ਜੋਰ ॥

     ਇਸ ਸ੍ਰਿਸ਼ਟੀ ਵਿਚ , ਉਨ੍ਹਾਂ ਦੀ ਵੀ ਕੋਈ ਗਿਣਤੀ ਨਹੀਂ , (ਅਣਗਿਣਤ ਹਨ) ਜੋ ਮੂਰਖ ਹਨ , ਗਿਆਨ ਪੱਖੋਂ , ਬਿਲਕੁਲ ਹੀ ਅੰਨ੍ਹੇ ਹਨ , ਉਨ੍ਹਾਂ ਨੂੰ ਗਿਆਨ ਦੀ ਕੋਈ ਸੋਝੀ ਨਹੀਂ । ਅਸੰਖਾਂ ਹੀ ਅਜਿਹੇ ਹਨ , ਜਿਨ੍ਹਾਂ ਨੂੰ ਚੋਰ ਹੀ ਕਿਹਾ ਜਾ ਸਕਦਾ ਹੈ , ਉਹ ਹਰਾਮ-ਖੋਰੀ ਕਰਦੇ , ਪਰਾਇਆ ਹੱਕ ਮਾਰਦੇ ਰਹਿੰਦੇ ਹਨ , ਭਾਵੇਂ ਉਸ ਦਾ ਢੰਗ ਚੋਰੀ ਕਰਨਾ ਹੋਵੇ , ਭਾਵੇਂ ਡਾਕਾ ਮਾਰਨਾ ਹੋਵੇ , ਜਾਂ ਹੇਰਾ-ਫੇਰੀ ਕਰਨਾ ਹੋਵੇ । ਵੈਸੇ ਤਾਂ ਰਾਜ-ਭਾਗ ਵਿਚ ਹਿੱਸਾ ਲੈਣ ਵਾਲੇ , ਬਹੁਤੇ ਲੋਕ ਇਸ ਖਾਤੇ ਵਿਚ ਹੀ ਆਉਂਦੇ ਹਨ , ਪਰ ਅੱਜ ਦੇ ਭਾਰਤ ਦੇ ਹਾਕਮ , ਭਾਰਤ ਦੀ ਕਿਸਮਤ ਘੜਨ ਵਾਲੇ , ਭਾਵੇਂ ਉਹ ਵਜ਼ੀਰ ਹੋਣ , ਪ੍ਰਸ਼ਾਸਨਿਕ ਅਧਿਕਾਰੀ ਹੋਣ , ਨਿਆਇਕ ਪ੍ਰਣਾਲੀ ਦੇ ਮੋਹਰੇ ਹੋਣ ਜਾਂ ਮੀਡੀਆ ਕਰਮੀ ਹੋਣ , ਇਨ੍ਹਾਂ ਵਿਚੋਂ 99 % ਏਸੇ ਖਾਤੇ ਦੇ ਖਾਤੇਦਾਰ ਹਨ ।
    ਅਨੇਕਾਂ ਹੀ ਅਜਿਹੇ ਬੰਦੇ ਹਨ , ਜੋ ਤਾਕਤ ਦੇ ਬਲ ਤੇ (ਭਾਵੇਂ ਉਹ ਤਾਕਤ ਸਰੀਰਕ ਹੋਵੇ , ਗਿਣਤੀ ਪੱਖੋਂ ਹੋਵੇ ਜਾਂ ਅਧਿਕਾਰ ਪੱਖੋਂ ਹੋਵੇ) ਦੂਸਰਿਆਂ ਨਾਲ ਵਧੀਕੀਆਂ ਕਰਦੇ ਹੀ , ਇਸ ਸੰਸਾਰ ਤੋਂ ਤੁਰ ਜਾਂਦੇ ਹਨ ।

                     ਅਸੰਖ ਗਲਵਢ ਹਤਿਆ ਕਮਾਹਿ ॥ ਅਸੰਖ ਪਾਪੀ ਪਾਪੁ ਕਰਿ ਜਾਹਿ ॥                
                       ਅਸੰਖ ਕੂੜਿਆਰ ਕੂੜੇ ਫਿਰਾਹਿ ॥ ਅਸੰਖ ਮਲੇਛ ਮਲੁ ਭਖਿ ਖਾਹਿ ॥

     ਅਨੇਕਾਂ ਹੀ ਅਜਿਹੇ ਬੰਦੇ ਹਨ , ਜੋ ਦੂਸਰਿਆਂ ਦਾ ਗਲ ਵੱਢ ਕੇ (ਦੂਸਰਿਆਂ ਦਾ ਹੱਕ ਮਾਰ ਕੇ) ਸਰੀਰਕ ਤੌਰ ਤੇ , ਆਰਥਿਕ ਤੌਰ ਤੇ , ਸਮਾਜਿਕ ਤੌਰ ਤੇ ਜਾਂ ਆਤਮਕ ਪੱਖੋਂ ,  ਉਨ੍ਹਾਂ ਦੀ ਹੱਤਿਆ ਕਰ ਰਹੇ ਹਨ । ਅਸੰਖਾਂ ਹੀ ਅਜਿਹੇ ਹਨ , ਜੋ ਪਾਪੀ , ਪਾਪ ਕਰ-ਕਰ ਕੇ ਇਸ ਦੁਨੀਆਂ ਤੋਂ ਤੁਰ ਜਾਂਦੇ ਹਨ । (ਗੁਬਾਣੀ ਵਿਚ ਬਹੁਤ ਸਾਰੇ ਸ਼ਬਦ ਅਜਿਹੇ ਹਨ , ਜਿਨ੍ਹਾਂ ਬਾਰੇ ਜਾਂ ਤਾਂ ਪਰਚਾਰਕਾਂ ਨੂੰ ਗਿਆਨ ਹੀ ਨਹੀਂ । ਜਾਂ ਫਿਰ ਉਨ੍ਹਾਂ ਸ਼ਬਦਾਂ ਦੇ ਅਰਥ , ਜੁੜੀ ਸੰਗਤ ਵਿਚ ਸਮਝਾਉਣੇ , ਪਰਚਾਰਕਾਂ ਨੂੰ ਰਾਸ ਨਹੀਂ ਆਉਂਦੇ । ਖੈਰ ਕੁਝ ਵੀ ਹੋਵੇ , ਸੰਗਤ ਉਨ੍ਹਾਂ ਸ਼ਬਦਾਂ ਦੇ ਅਰਥਾਂ ਬਾਰੇ ਭੰਬਲ-ਭੁਸੇ ਵਿਚ ਪਈ , ਉਨ੍ਹਾਂ ਦੀ ਵਰਤੋਂ ਦੇ ਮਾਮਲੇ ਵਿਚ ਅਨਰਥ ਹੀ ਕਰਦੀ ਪਈ ਹੈ । ਜਿਵੈਂ ਨਾਮ ਕੀ ਹੈ ? ਰਜ਼ਾ ਕੀ ਹੈ ? ਸਿਮਰਨ ਕੀ ਹੈ ? ਕਰਨਾ ਕਿਵੇਂ ਹੈ ? ਨਾਮ ਜਪਣਾ ? ਪੁੰਨ ਕਰਨਾ ? ਚੰਗੇ ਕਰਮ ਕੀ ਹਨ ? ਧਰਮ ਕੀ ਹੈ ? ਧਰਮ ਦੇ ਕੰਮ ਕੀ ਹਨ ? ਪੁੰਨ ਜਾਂ ਪਾਪ ਹੈ ਕੀ ?  ਆਪਾਂ , ਜਿੱਥੇ ਵੀ ਅਜਿਹੇ ਸ਼ਬਦ ਆਏ , ਉਨ੍ਹਾਂ ਦਾ ਖੁਲਾਸਾ ਕਰਨ ਦੀ ਕੋਸ਼ਿਸ਼ ਕਰਾਂਗੇ । ਫਿਲਹਾਲ ਕਿਉਂਕਿ ਪਾਪ ਦੀ ਗੱਲ ਆਈ ਹੈ , ਇਸ ਲਈ ਥੋੜ੍ਹਾ ਖੁਲਾਸਾ ਪਾਪ-ਪੁੰਨ ਬਾਰੇ ਕਰਦੇ ਹਾਂ)
ਗੁਰਬਾਣੀ ਫੁਰਮਾਨ ਹੈ ,

        ਜਹ ਆਪਿ ਰਚਿਓ ਪਰਪੰਚੁ ਅਕਾਰੁ ॥ ਤਿਹੁ ਗੁਣ ਮਹਿ ਕੀਨੋ ਬਿਸਥਾਰੁ ॥
           ਪਾਪੁ ਪੁੰਨੁ ਤਹ ਭਈ ਕਹਾਵਤ ॥ ਕੋਊ ਨਰਕ ਕੋਊ ਸੁਰਗ ਬੰਛਾਵਤ ॥
               ਆਲ ਜਾਲ ਮਾਇਆ ਜੰਜਾਲ ॥ ਹਉਮੈ ਮੋਹ ਭਰਮ ਭੈ ਭਾਰ ॥
                ਦੂਖ ਸੂਖ ਮਾਨ ਅਪਮਾਨ ॥ ਅਨਿਕ ਪ੍ਰਕਾਰ ਕੀਓ ਬਖ੍ਹਾਨ ॥
       ਆਪਨ ਖੇਲੁ ਆਪਿ ਕਰਿ ਦੇਖੈ ॥ ਖੇਲੁ ਸੰਕੋਚੈ ਤਉ ਨਾਨਕ ਏਕੈ ॥
7॥ (291-2)
     ਜਦ ਪਰਮਾਤਮਾ ਨੇ , ਆਪਣੇ ਆਕਾਰ ਦੇ ਪਰਪੰਚ (ਝਮੇਲੇ) , ਨਜ਼ਰ ਆਉਣ ਵਾਲੇ ਸੰਸਾਰ ਦੀ ਰਚਨਾ ਕੀਤੀ , ਉਸ ਵਿਚ ਮਾਇਆ ਦੇ ਤਿੰਨਾਂ ਗੁਣਾਂ (ਰਜੋ = ਇਹ ਗੁਣ ਰਾਜ ਦਾ ਪ੍ਰਤੀਕ ਹੈ , ਜੋ ਮੋਹ ਅਤੇ ਹੰਕਾਰ ਦਾ ਜਨਮ ਦਾਤਾ ਹੈ । ਤਮੋ = ਇਹ ਅੰਧਕਾਰ ਰੂਪ ਮਾਇਆ ਦਾ ਉਹ ਗੁਣ  ਹੈ , ਜਿਸ ਨੂੰ ਕ੍ਰੋਧ ਅਤੇ ਅਗਿਆਨਤਾ ਦਾ ਜਨਮ ਦਾਤਾ ਕਿਹਾ ਜਾ ਸਕਦਾ ਹੈ । ਸਤੋ = ਮਾਇਆ ਦਾ ਉਹ ਗੁਣ ਹੈ , ਜਿਸ ਨੂੰ ਸ਼ਾਂਤੀ , ਦਯਾ , ਦਾਨ , ਖਿਮਾ , ਪ੍ਰਸੰਤਾ ਆਦਿ ਦਾ ਜਨਮ ਦਾਤਾ ਕਿਹਾ ਜਾ ਸਕਦਾ ਹੈ) ਦਾ ਪਸਾਰਾ , ਪਸਾਰ ਦਿੱਤਾ ।
ਮਾਇਆ ਦੇ ਇਸ ਪਸਾਰੇ ਚੋਂ ਹੀ , ਪਾਪ ਅਤੇ ਪੁੰਨ ਦੀ ਕਹਾਵਤ ਚਲ ਪਈ , ਜਿਸ ਦੇ ਆਧਾਰ ਤੇ , ਕਿਸੇ ਨੂੰ ਨਰਕ ਦਾ ਭਾਗੀ ਕਿਹਾ ਜਾਣ ਲੱਗ ਪਿਆ , ਕੋਈ ਸਵਰਗਾਂ ਦਾ ਅਧਿਕਾਰੀ ਬਣ ਗਿਆ । ਘਰਾਂ ਦੇ ਧੰਦੇ , ਮਾਇਆ ਦੇ ਬੰਧਨ , ਹਉਮੈ , ਮੋਹ , ਭਰਮ-ਭੁਲੇਖੇ , ਦੁਖ-ਸੁਖ , ਇਜ਼ਤ-ਬੇਇਜ਼ਤੀ ਆਦਿ ਕਈ ਹੋਰ ਗੱਲਾਂ , ਇਸ ਵਿਚੋਂ ਹੀ ਤੁਰ ਪਈਆਂ ।
    ਹੇ ਨਾਨਕ , ਪਰਮਾਤਮਾ ਆਪ ਹੀ ਆਪਣਾ ਤਮਾਸ਼ਾ ਕਰ ਕੇ , ਆਪ ਹੀ ਉਸ ਨੂੰ ਵੇਖ ਰਿਹਾ ਹੈ । ਜਦੋਂ ਉਹ ਇਸ ਤਮਾਸ਼ੇ ਨੂੰ , ਸਮੇਟ ਲੈਂਦਾ ਹੈ , ਤਾਂ ਫਿਰ ਉਹ ਆਪ ਹੀ ਆਪ ਰਹਿ ਜਾਂਦਾ ਹੈ ।                       ਅਤੇ ,

           ਪਾਪ ਪੁੰਨ ਕੀ ਸਾਰ ਨ ਜਾਣੀ ॥ ਦੂਜੈ ਲਾਗੀ ਭਰਣਿ ਭੁਲਾਣੀ ॥
           ਅਗਿਆਨੀ ਅੰਧਾ ਮਗੁ ਨ ਜਾਣੈ ਫਿਰਿ ਫਿਰਿ ਆਵਣ ਜਾਵਣਿਆ ॥
5॥ (110)
    ਬੰਦਾ , ਪਾਪ-ਪੁੰਨ ਦੀ ਸਾਰ (ਅਸਲੀਅਤ) ਤਾਂ ਜਾਣਦਾ ਨਹੀਂ , ਉਹ ਮਾਇਆ-ਮੋਹ ਵਿਚ ਫਸਿਆ , ਭਰਮ-ਭੁਲੇਖੇ ਹੀ ਪਾਲਦਾ ਰਹਿੰਦਾ ਹੈ । ਅਜਿਹੇ , ਗਿਆਨ ਤੋਂ ਸੱਖਣੇ , ਅੰਨ੍ਹੇ ਮਨੁੱਖ ਨੂੰ , ਜ਼ਿੰਦਗੀ ਦਾ ਸਹੀ ਰਸਤਾ ਕਿਵੇਂ ਲੱਭ ਸਕਦਾ ਹੈ ? ਉਹ ਤਾਂ ਭਰਮ-ਭੁਲੇਖੇ ਦਾ ਸ਼ਿਕਾਰ ਹੋਇਆ , ਆਉਂਦਾ-ਜਾਂਦਾ , ਜੰਮਦਾ-ਮਰਦਾ ਰਹਿੰਦਾ ਹੈ ।
  ਫਿਰ ਪਾਪ-ਪੁੰਨ ਦੀ ਅਸਲੀਅਤ ਕੀ ਹੈ ?  ਗੁਰੂ ਸਾਹਿਬ ਸਮਝਾਉਂਦੇ ਹਨ ,

                  ਦਾਝਿ ਗਏ ਤ੍ਰਿਣ ਪਾਪ ਸੁਮੇਰ ॥ ਜਪਿ ਜਪਿ ਨਾਮੁ ਪੂਜੇ ਪ੍ਰਭ ਪੈਰ ॥
                  ਅਨਦ ਰੂਪ ਪ੍ਰਗਟਿਓ ਸਭ ਥਾਨਿ ॥ ਪ੍ਰੇਮ ਭਗਤਿ ਜੋਰੀ ਸੁਖ ਮਾਨਿ ॥
2॥ (899)
       ਹੇ ਭਾਈ ਜਦੋਂ ਕਿਸੇ ਬੰਦੇ ਨੇ , ਪਰਮਾਤਮਾ ਦਾ ਨਾਮ ਜਪ-ਜਪ ਕੇ , ਉਸ ਪ੍ਰਭੂ ਦੇ ਹੁਕਮ ਵਿਚ ਚਲਦਿਆਂ , ਉਸ ਨਾਲ ਪ੍ਰੇਮਾ-ਭਗਤੀ ਦਾ ਨਾਤਾ ਜੋੜਿਆ ਤਾਂ , ਉਸ ਨੂੰ ਅਨੰਦ ਰੂਪ ਪ੍ਰਭੂ , ਹਰ ਥਾਂ ਵਿਚ ਵਸਦਾ ਨਜ਼ਰ ਆ ਗਿਆ । ਫਿਰ ਜੋ ਪਾਪ , ਉਸ ਨੂੰ , ਸੁਮੇਰ ਪਰਬਤ ਸਮਾਨ , ਬਹੁਤ ਵੱਡੇ ਜਾਪਦੇ ਸਨ , (ਜਿਨ੍ਹਾਂ ਦਾ ਡਰਾਵਾ ਦੇ-ਦੇ ਕੇ , ਉਨ੍ਹਾਂ ਤੋਂ ਬਚਾਉ ਦਾ ਉਪਾਉ ਕਰਨ ਦੇ ਨਾਮ ਤੇ , ਪੁਜਾਰੀ ਉਸ ਨੂੰ ਲੁੱਟਦਾ ਸੀ) ਉਹ ਘਾਹ ਦੇ ਤੀਲਿਆਂ ਵਾਙ ਸੜ ਕੇ ਸੁਆਹ ਹੋ ਗਏ , ਖਤਮ ਹੋ ਗਏ । ਅਰਥਾਤ , ਪਰਮਾਤਮਾ ਨਾਲੋਂ ਟੁੱਟਣਾ , ਉਸ ਦੇ ਹੁਕਮ ਦੀ ਉਲੰਘਣਾ ਕਰਨਾ ਹੀ ਪਾਪ ਹੈ । ਉਸ ਨਾਲ ਪ੍ਰੇਮ-ਪੂਰਵਕ ਜੁੜਨਾ , ਉਸ ਦੇ ਹੁਕਮ ਵਿਚ ਚਲਣਾ ਹੀ ਪੁੰਨ ਹੈ ।
  ਅਸੰਖਾਂ , ਬੇਗਿਣਤ ਬੰਦੇ ਇਸ ਸੰਸਾਰ ਵਿਚ ਅਜਿਹੇ ਹਨ , ਜੋ ਕੂੜਿਆਰ , ਕੂੜ (ਮਾਇਆ ਮੋਹ) ਵਿਚ ਫਸੇ , ਕੂੜੇ ਕੰਮ , ਮਾਇਆ ਇਕੱਠੀ ਕਰਨ ਦੇ ਕੰਮ ਵਿਚ ਹੀ ਰੁੱਝੇ ਹੋਏ ਹਨ । ਅਸੰਖਾਂ ਹੀ ਮਲੇਛ ਬੁੱਧੀ ਵਾਲੇ ਮਨੁੱਖ ਮਲ , ਗੰਦਾ ਖਾਣਾ ਹੀ ਖਾਈ ਜਾ ਰਹੇ ਹਨ । 
               (ਗੰਦਾ ਖਾਣਾ ਕੀ ਹੈ ? 
 ਇਸ ਨੂੰ ਲੈ ਕੇ ਹੀ ਸਿੱਖ ਵਿਦਵਾਨਾਂ ਨੇ , ਮਾਸ-ਖਾਣ , ਜਾਂ ਨਾ ਖਾਣ ਬਾਰੇ ਹੀ , ਸੈਂਕੜੇ ਕਿਤਾਬਾਂ , ਲਿਖ ਮਾਰੀਆਂ ਹਨ , ਜਦ ਕਿ ਗੁਰੂ ਸਾਹਿਬ ਦਾ ਖਾਣੇ ਬਾਰੇ ਸਪੱਸ਼ਟ ਫੁਰਮਾਨ ਹੈ ਕਿ ,                      
                          ਬਾਬਾ ਹੋਰ ਖਾਣਾ ਖੁਸੀ ਖੁਆਰੁ ॥
                          ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥1॥ਰਹਾਉ॥    (16)
     ਹੇ ਭਾਈ ਜਿਨ੍ਹਾਂ ਪਦਾਰਥਾਂ ਦੇ ਖਾਣ ਨਾਲ , ਸਰੀਰ ਰੋਗੀ ਹੋ ਜਾਂਦਾ ਹੈ , ਮਨ ਵਿਚ ਵੀ ਕਈ ਤਰ੍ਹਾਂ ਦੇ ਮੰਦੇ ਖਿਆਲ ਆਉਣ ਲਗ ਜਾਂਦੇ ਹਨ , ਉਨ੍ਹਾਂ ਪਦਾਰਥਾਂ ਨੂੰ ਖਾ ਕੇ ਖੁਸ਼ ਹੋਣਾ , ਖੁਆਰੀ ਦਾ ਕਾਰਨ ਬਣ ਜਾਂਦਾ ਹੈ । (ਜੇ ਅਸੀਂ ਇਸ ਗੱਲ ਨੂੰ ਮਾਸ ਨਾਲ ਜੋੜ ਦੇਵਾਂਗੇ , ਫਿਰ ਤਾਂ ਮਾਸ ਨਾ ਖਾਣ ਵਾਲਿਆਂ ਦੇ ਕਹੇ ਮੁਤਾਬਕ , ਉਨ੍ਹਾਂ ਦੀ ਆਤਮਕ ਅਵਸਥਾਂ ,ਕਾਫੀ ਉੱਚੀ ਹੋਣੀ ਚਾਹੀਦੀ ਹੈ ? ਪਰ ਵੇਖਿਆ ਇਹ ਜਾਂਦਾ ਹੈ ਕਿ , ਮਾਸ ਨਾ ਖਾਣ ਵਾਲੇ , ਮਾਸ ਖਾਣ ਵਾਲਿਆਂ ਨਾਲ਼ ਨਫਰਤ ਕਰਦੇ ਹਨ । ਜਦ ਕਿ ਮਾਸ ਖਾਣ ਵਾਲੇ , ਮਾਸ ਨਾ ਖਾਣ ਵਾਲਿਆਂ ਨਾਲ ਕਦੇ ਵੀ ਨਫਰਤ ਕਰਦੇ ਨਹੀਂ ਵੇਖੇ ਗਏ । ਮਾਸ ਨਾ ਖਾਣ ਵਾਲੇ , ਧਰਮੀ ਚੋਲਿਆਂ ਵਿਚਲੇ , ਆਪਣੇ-ਆਪ ਨੂੰ ਸੰਤ-ਮਹਾਂਪੁਰਸ਼ , ਬ੍ਰਹਮ-ਗਿਆਨੀ ਅਖਵਾਉਣ ਵਾਲਿਆਂ ਦੇ ਸਰੀਰ ਵੀ , ਆਮ ਕਿਰਤੀ ਲੋਕਾਂ ਨਾਲੋਂ ਜ਼ਿਆਦਾ ਰੋਗੀ ਹੁੰਦੇ ਹਨ , ਅਤੇ ਉਨ੍ਹਾਂ ਦੇ ਮਨ ਵਿਚਲੇ ਵਿਕਾਰ ਤਾਂ , ਖੁੱਲ ਕੇ ਜ਼ਾਹਰ ਹੋ ਰਹੇ ਹਨ । ਜੋ ਭੋਲੀ-ਭਾਲੀ ਜੰਤਾ ਦੀ ਇਜ਼ਤ ਦੀਆਂ ਤਾਂ ਧੱਜੀਆਂ ਉੜਾਉਂਦੇ ਹੀ ਹਨ , ਆਪਣੇ ਉਸ ਚੋਲੇ ਨੂੰ , ਜਿਸ ਦਾ ਧਾਰਮਿਕ ਭੇਖ ਬਣਾ ਕੇ , ਉਸ ਦੀ ਆੜ ਵਿਚ ਸ਼ਿਕਾਰ ਖੇਡਦੇ ਹਨ , ਉਸ ਦੀ ਧਾਰਮਿਕਤਾ ਨੂੰ ਆਪ ਹੀ ਦਾਗ-ਦਾਰ ਕਰਦੇ ਹਨ । ਅਜਿਹੀ ਹਾਲਤ ਵਿਚ , ਕਿਸੇ ਅਜਿਹੇ ਖਾਣੇ ਨੂੰ , (ਜਿਸ ਨੂੰ ਸੰਸਾਰ ਦੇ 80 % ਤੋਂ ਵੱਧ ਲੋਕ ਖਾਂਦੇ ਹੋਣ) ਗੰਦਾ ਖਾਣਾ ਕਹਿਣ ਦਾ ਅਧਿਕਾਰ , ਕਿਸੇ ਵਿਅਕਤੀ ਨੂੰ ਨਹੀਂ ਹੋ ਸਕਦਾ ।                    ਚੰਗੇ ਖਾਣੇ ਬਾਰੇ ਗੁਰੂ ਸਾਹਿਬ ਇਵੇਂ ਸੇਧ ਦਿੰਦੇ ਹਨ ,

              ਜਿਤੁ ਖਾਧੈ ਸੁਖੁ ਊਪਜੈ ਫਿਰਿ ਦੂਖੁ ਨ ਲਾਗੈ ਆਇ ॥2॥ (1281)    
    ਇਹ ਦੁਨਿਆਵੀ ਖਾਣੇ ਦੀ ਗੱਲ ਸੀ , ਜੋ ਦੁਨਿਆਵੀ ਖੇਡ ਨਾਲ , ਸਰੀਰ ਨਾਲ ਸਬੰਧਤ ਹੈ ।
        ਆਤਮਕ ਖੇਡ ਵਿਚ ਮਲ , ਗੰਦਾ ਖਾਣਾ ਕਿਹੜਾ ਹੈ ?
      ਗੁਰਬਾਣੀ, ਗੰਦੇ ਖਾਣੇ ਬਾਰੇ ਬੜੀ ਸਪੱਸ਼ਟ ਸੇਧ ਦਿੰਦੀ ਹੈ, ਪਰ ਸ਼ਾਇਦ ਇਨ੍ਹਾਂ ਪੁਜਾਰੀਆਂ ਨੂੰ , ਉਹ ਸੇਧ ਰਾਸ ਨਹੀਂ ਆਉਂਦੀ , ਕਿਉਂਕਿ ਇਨ੍ਹਾਂ ਦਾ ਤਾਂ ਗੁਜ਼ਾਰਾ ਹੀ ਉਸ ਖਾਣੇ ਦੇ ਖਾਣ ਨਾਲ ਚਲਦਾ ਹੈ ।ਗੁਰਬਾਣੀ ਫੁਰਮਾਨ ਹੈ ,

                ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ ॥
                ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ ॥
(141)
   ਮੁਸਲਮਾਨ ਲਈ ਸੂਅਰ ਖਾਣਾ , ਸਭ ਤੋਂ ਗੰਦਾ ਖਾਣਾ , ਅਤੇ ਹਿੰਦੂ ਲਈ ਗਊ ਖਾਣੀ , ਸਭ ਤੋਂ ਵੱਧ ਗੰਦਾ ਖਾਣਾ , ਇਨ੍ਹਾਂ ਧਰਮਾਂ ਦੇ ਲੋਕਾਂ ਨੇ ਮਿਥਿਆ ਹਇਆ ਹੈ । ਪਰ ਹੇ ਨਾਨਕ ਸ੍ਰਿਸ਼ਟੀ ਦੇ ਸਾਰੇ ਬੰਦਿਆਂ ਲਈ, ਪਰਾਇਆ ਹੱਕ ਮਾਰ ਕੇ ਖਾਣਾ ਵੀ , ਆਤਮਕ ਤੌਰ ਤੇ ਉਤਨਾ ਹੀ ਵੱਡਾ ਗੰਦਾ ਖਾਣਾ ਹੈ । ਪਰਮਾਤਮਾ ਅਤੇ ਗੁਰੂ-ਪੀਰ ਵੀ ਤਦ ਹੀ ਸਿਫਾਰਸ਼ ਕਰਨ ਗੇ ਜੇ ਬੰਦੇ ਨੇ , ਇਹ ਗੰਦ ਨਾ ਖਾਧਾ ਹੋਵੇ ।    ਇਹ ਹੈ ਮਲ , ਅਭੱਖ, ਮੁਰਦਾਰ , ਗੰਦਾ ਖਾਣਾ , ਜਿਸ ਦੇ ਖਾਣ ਨਾਲ , ਸਰੀਰ ਹਮੇਸ਼ਾ ਚਿੰਤਾਵਾਂ ਵਿਚ ਪੀੜ ਹੁੰਦਾ ਰਹਿੰਦਾ ਹੈ ਅਤੇ ਜਿਸ ਨੂੰ ਹਾਸਲ ਕਾਰਨ ਲਈ , ਮਨ ਵਿਚ ਹਮੇਸ਼ਾ ਹੇਰ-ਫੇਰੀਆਂ ਦੇ ਵਿਕਾਰ ਚਲਦੇ ਰਹਿੰਦੇ ਹਨ ।ਇਹ ਖਾਣਾ ਭੈੜੀ ਮੱਤ ਵਾਲੇ ਅਨੇਕਾਂ ਹੀ ਬੰਦੇ ਖਾਈ ਜਾ ਰਹੇ ਹਨ ।
                  (ਜ਼ਰਾ ਸੋਚੋ ਕਿੰਨੇ ਸੰਤ-ਮਹਾਂਪੁਰਸ਼ , ਬ੍ਰਹਮ-ਗਿਆਨੀ ਇਹ ਗੰਦ ਖਾਣ ਤੋਂ ਬਚੇ ਹੋਏ ਹਨ ?)

                           ਅਸੰਖ ਨਿੰਦਕ ਸਿਰਿ ਕਰਹਿ ਭਾਰੁ ॥
             ਨਾਨਕੁ ਨੀਚੁ ਕਹੈ ਵੀਚਾਰੁ ॥ ਵਾਰਿਆ ਨ ਜਾਵਾ ਏਕ ਵਾਰ ॥
          ਜੋ ਤੁਧੁ ਭਾਵੈ ਸਾਈ ਭਲੀ ਕਾਰ॥ ਤੂ ਸਦਾ ਸਲਾਮਤਿ ਨਿਰੰਕਾਰ ॥
18॥
  ਅਨੇਕਾਂ ਹੀ ਨਿੰਦਕ , ਦੂਸਰਿਆਂ ਦੀ ਨਿੰਦਾ ਕਰ-ਕਰ ਕੇ , ਆਪਣੇ ਸਿਰ ਤੇ ਫਜ਼ੂਲ ਦਾ ਹੀ ਭਾਰ ਚੁਕ ਰਹੇ ਹਨ । (ਨਿੰਦਾ ਕੀ ਹੈ ? ਨਿੰਦਕ ਕੌਣ ਹੈ ? ਇਸ ਬਾਰੇ ਵੀ ਸਿੱਖਾਂ ਵਿਚ ਬਹੁਤ ਭਰਮ-ਭੁਲੇਖੇ ਹਨ । ਆਉ ਥੋੜੀ ਵਿਚਾਰ ਇਸ ਬਾਰੇ ਵੀ ਕਰਦੇ ਹਾਂ । ਉਹ ਅਵਗੁਣ , ਜੋ ਕਿਸੇ ਬੰਦੇ ਵਿਚ ਨਹੀਂ ਹਨ , ਉਸ ਬੰਦੇ ਬਾਰੇ ਉਹ ਅਵਗੁਣ ਪਰਚਾਰ ਕੇ , ਕਿਸੇ ਨਿੱਜੀ ਲਾਭ ਦੀ ਆਸ ਨਾਲ , ਉਸ ਦੀ ਬਦਨਾਮੀ ਕਰਨੀ ਨਿੰਦਾ ਹੈ । ਇਹ ਕੰਮ ਕਰਨ ਵਾਲਾ ਨਿੰਦਕ ਹੈ । ਕਿਸੇ ਬੰਦੇ ਦੇ ਉਹ ਕਰਮ , ਜੋ ਸਮਾਜ ਲਈ ਦੁਖਦਾਈ ਹੋਣ ਉਨ੍ਹਾਂ ਨੂੰ ਜ਼ਾਹਰ ਕਰਨਾ (ਤਾਂ ਜੋ ਆਮ ਬੰਦਾ , ਉਸ ਤੋਂ ਬਚ ਸਕੇ) ਨਿੰਦਾ ਨਹੀਂ ਬਲਕਿ ਪੁੰਨ-ਕਰਮ ਹੈ । ਇਹ ਕੰਮ ਨਾ ਕਰਨਾ ਬਦ-ਨੀਤੀ ਹੈ । ਇਵੇਂ ਹੀ , ਕਿਸੇ ਬੰਦੇ ਵਿਚ ਜੋ ਗੁਣ ਨਹੀਂ ਹਨ , ਕਿਸੇ ਲਾਲਚ ਵੱਸ ਉਨ੍ਹਾਂ ਦਾ ਪਰਚਾਰ ਕਰਨਾ , ਉਸ ਬੰਦੇ ਦੀ ਖੁਸ਼ਾਮਦ ਹੈ । ਜੋ ਗੁਣ ਉਸ ਵਿਚ ਹਨ , ਉਨ੍ਹਾਂ ਬਾਰੇ ਸੋਝੀ ਦੇਣਾ , ਸੱਚ ਬੋਲਣਾ ਹੈ । ਉਸ ਬੰਦੇ ਦੇ ਗੁਣਾਂ ਨੂੰ ਲੁਕੋਣ ਦੀ ਕੋਸ਼ਿਸ਼ ਕਰਨਾ ਵੀ ਬਦ-ਨੀਤੀ ਹੈ ।
      ਗੁਰਬਾਣੀ ਨਾਲੋਂ ਟੁੱਟੇ , ਆਤਮਕ ਪੱਖੋਂ , ਅਧ-ਮਰੇ ਸਿੱਖ , ਸੁਖਮਨੀ ਬਾਣੀ ਵਿਚਲੀ     “ ਸੰਤ ਕਾ ਦੋਖੀ ”  “ਸੰਤ ਕੀ ਨਿੰਦਾ ”   “ ਸੰਤ ਕਾ ਨਿੰਦਕ ”   “ ਸੰਤ ਕ੍ਰਿਪਾ ”   “ ਸੰਤ ਕ੍ਰਿਪਾਲ ”   ਵਾਲੀ ਅਸ਼ਟ-ਪਦੀ ਦੇ ਪ੍ਰਭਾਵ ਹੇਠ ਏਨੇ ਗੈਰਤ-ਹੀਣ ਹੋ ਚੁੱਕੇ ਹਨ ਕਿ , ਚਿੱਟੇ ਚੋਲਿਆਂ ਦੀ ਆੜ ਵਿਚ ਲੁਕੇ , ਵਹਿਸ਼ੀ ਦਰਿੰਦੇ ਵੀ ਉਨ੍ਹਾਂ ਨੂੰ “ ਬ੍ਰਹਮ-ਗਿਆਨੀ ਦਿਸਦੇ ਹਨ । ਉਹ ਸਮਾਜ ਵਿਚ ਏਨਾ ਗੰਦ ਪਾਉਣ ਦੇ ਭਾਗੀਦਾਰ ਬਣ ਚੁੱਕੇ ਹਨ ਕਿ , ਜਿਵੇਂ ਪੁਰਾਣੇ ਵੇਲਿਆਂ ਵਿਚ ਲੋਕੀਂ , ਆਪਣੀਆਂ ਬੱਚੀਆਂ , ਬ੍ਰਾਹਮਣ ਦੀ ਕਾਮ-ਪੂਰਤੀ ਲਈ , ਉਸ ਨੂੰ ਅਰਪਣ ਕਰਨ ਨੂੰ “ ਪੁੰਨ-ਕਰਮ ” ਮੰਨਦੇ ਸਨ , ਅੱਜ ਦੇ ਗੁਰਬਾਣੀ ਨਾਲੋਂ ਟੁੱਟੇ ਸਿੱਖ ਵੀ , ਇਨ੍ਹਾਂ ਵਹਿਸ਼ੀ ਦਰਿੰਦਿਆਂ ਦੀ ਕਾਮ-ਪੂਰਤੀ ਲਈ , ਕਾਮ ਕਲੋਲਾਂ ਦੇ ਅੱਡਿਆਂ , ਉਨ੍ਹਾਂ ਦੇ ਭੋਰਿਆਂ ਵਿਚ , ਆਪਣੀਆਂ ਧੀਆਂ-ਭੈਣਾਂ ਨੂੰ ਛੱਡ ਕੇ ਆਉਣ ਨੂੰ ਵੀ ਪੁੰਨ-ਕਰਮ ਮੰਨ ਰਹੇ ਹਨ । ਜੇ ਉਹ ਗੁਰਬਾਣੀ ਨਾਲ ਜੁੜੇ ਹੁੰਦੇ ਤਾਂ ਉਨ੍ਹਾਂ ਨੂੰ ਸੋਝੀ ਹੁੰਦੀ ਕਿ ਇਹ   “ ਸੰਤ ” ਲਫਜ਼ ਇਕ ਵਚਨ ਨਹੀਂ ਬਹੁ-ਵਚਨ ਹੈ , ਜਿਸ ਦਾ ਅਰਥ ਹੈ  “ ਸਤਿ-ਸੰਗਤ ”  ਜਿਸ ਵਿਚ ਜੁੜ ਕੇ ਬੰਦਾ , ਉਸ ਪ੍ਰਭੂ ਦੇ ਗੁਣਾਂ ਦੀ ਵਿਚਾਰ ਕਰਨ ਅਤੇ ਉਸ ਅਨੁਸਾਰ ਆਪਣਾ ਜੀਵਨ ਢਾਲਣ ਦੀ ਕਿਰਿਆ ਨਾਲ ਜੁੜਦਾ ਹੈ । ਅਤੇ ਉਨ੍ਹਾਂ ਨੂੰ ਇਹ ਵੀ ਸੋਝੀ ਹੁੰਦੀ ਕਿ ਇਨ੍ਹਾਂ ਅਖੌਤੀ ਸੰਤਾਂ ਦੀਆਂ ਮੰਦ-ਕਰਤੂਤਾਂ ਦੇ ਪਾਜ ਖੋਲਣਾ ਉਨ੍ਹਾਂ ਦੀ ਨਿੰਦਾ ਨਹੀਂ , ਬਲਕਿ ਸੱਚ ਬੋਲ ਕੇ , ਸਮਾਜਕ ਭਲਾਈ ਕਰਨਾ ਹੈ। (ਜੋ ਹਰ ਬੰਦੇ ਦਾ ਫਰਜ਼ ਹੈ)
    ਹੇ ਪ੍ਰਭੂ ਤੇਰੀ ਕੁਦਰਤ ਵਿਚ , ਹੋਰ ਪਤਾ ਨਹੀਂ ਕਿੰਨੇ ਤਰ੍ਹਾਂ ਦੇ ਚੰਗੇ-ਮਾੜੇ ਬੰਦੇ ਹਨ । ਮੈਂ ਨਿਮਾਣੇ ਨਾਨਕ ਨੇ ਤਾਂ , ਆਪਣਾ ਇਹ ਵਿਚਾਰ ਹੀ ਦੱਸਿਆ ਹੈ , ਵਰਨਾ ਮੇਰੇ ਵਿਚ ਏਨੀ ਸਮਰਥਾ ਕਿੱਥੇ ਕਿ , ਮੈਂ ਤੇਰੀ ਕੁਦਰਤ ਬਾਰੇ ਕੁਝ ਕਹਿ ਸਕਾਂ ? ਮੈਂ ਤਾਂ ਏਨੀ ਜੋਗਾ ਵੀ ਨਹੀਂ ਕਿ ਤੇਰੇ ਉਤੋਂ , ਇਕ ਵਾਰ ਵੀ ਕੁਰਬਾਨ ਹੋ ਸਕਾਂ , ਇਕ ਵਾਰ ਵੀ ਵਾਰਿਆ ਜਾ ਸਕਾਂ ।
     ਹੇ ਨਿਰੰਕਾਰ , ਮੈਂ ਤਾਂ ਸਿਰਫ ਇਹ ਜਾਣਦਾ ਹਾਂ ਕਿ ਤੂੰ ਹਮੇਸ਼ਾ ਕਾਇਮ ਰਹਣ ਵਾਲਾ ਹੈਂ , ਤੇਰੀ ਹਸਤੀ ਹੀ ਸਦੀਵੀ ਸੱਚੀ ਹੈ । ਜੋ ਕੁਝ ਵੀ ਤੈਨੂੰ ਭਾਉਂਦਾ ਹੋਵੇ , ਜੋ ਤੇਰਾ ਹੁਕਮ ਹੋਵੇ , ਉਸ ਅਨੁਸਾਰ ਚਲਣਾ ਹੀ , ਮੇਰੇ ਲਈ ਭਲਾ ਕੰਮ ਹੈ ।
                                            ਅਮਰ ਜੀਤ ਸਿੰਘ ਚੰਦੀ 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.