ਕੈਟੇਗਰੀ

ਤੁਹਾਡੀ ਰਾਇ



ਜਸਪਾਲ ਸਿੰਘ ਹੇਰਾਂ
ਕੇਹੀ ਵਗੀ ‘ਵਾ’ ਚੰਦਰੀ……..
ਕੇਹੀ ਵਗੀ ‘ਵਾ’ ਚੰਦਰੀ……..
Page Visitors: 2688

   ਕੇਹੀ ਵਗੀ ‘ਵਾ’ ਚੰਦਰੀ……..
ਚੜਦੇ ਸੂਰਜ ਅਖ਼ਬਾਰਾਂ ਦੀਆਂ ਸੁਰਖੀਆਂ ਹਰ ਪੰਜਾਬੀ ਨੂੰ ਖੌਫਜ਼ਦਾ ਕਰ ਦਿੰਦੀਆਂ ਹਨ। ਕਿਧਰੇ ਗੁੰਡਿਆਂ ਦੀ ਦਹਿਸ਼ਤ, ਕਿਧਰੇ ਖ਼ਾਕੀ ਵਰਦੀ ਵਾਲਿਆਂ ਦੇ ਖੌਫ਼ਨਾਕੇ ਕਾਰੇ, ਕਿਧਰੇ ਸਿਆਸੀ ਆਗੂਆਂ ਦੀ ‘ਧੱਕੇਸ਼ਾਹੀ, ਕਿਧਰੇ ਧਾਰਮਿਕ ਆਗੂਆਂ ਦੀ ਹੈਂਕੜਬਾਜ਼ੀਆਂ, ਕਰਜ਼ੇ, ਨਸ਼ੇ, ਬੀਮਾਰੀ, ਧੱਕੇ ਦੇ ਖੌਫ਼ ਕਾਰਣ ਹੁੰਦੀਆਂ ਮੌਤਾਂ ’ਤੇ ਖ਼ੁਦਕੁਸ਼ੀਆਂ। ਅੱਜ ਦੇ ਅਖ਼ਬਾਰਾਂ ’ਚ ਘੱਟੋ-ਘੱਟ ਤਿੰਨ ਚਾਰ ਖ਼ਬਰਾਂ ਉਕਤ ਵਰਤਾਰੇ ਨਾਲ ਸਬੰਧਿਤ ਹਨ।
1.    ਇਕ ਬੱਸ ਵਾਲੇ ਨੇ ਪਿੱਛੋਂ ਆ ਰਹੀ ਕਾਰ ਨੂੰ ਉਸਦੇ ਹਾਰਨ, ਵਜਾਉਣ ਤੇ ਤੁਰੰਤ ਰਾਹ ਨਹੀਂ ਦਿੱਤਾ। ਸਾਡਾ ਗੁੱਸਾ ਤੇ ਹੈਂਕੜ ਐਨਾ ਬੇਕਾਬੂ ਹੋ ਚੁੱਕਾ ਹੈ ਕਿ ਕਾਰ ਵਾਲੇ ਨੇ ਉਸ ਬੱਸ ਡਰਾਈਵਰ ਦੇ ਝੱਟ ਤਾੜ-ਤਾੜ ਕਰਦੀਆਂ ਦੋ ਗੋਲੀਆਂ ਮਾਰ ਦਿੱਤੀਆਂ, ਕੁਦਰਤ ਵੱਲੋਂ ਵਧੀ ਹੋਣ ਕਾਰਣ ਵਿਚਾਰਾ ਡਰਾਈਵਰ ਅਪ੍ਰੇਸ਼ਨ ਤੋਂ ਬਾਅਦ ਖ਼ਤਰੇ ਦੀ ਹਾਲਤ ’ਚ ਬਾਹਰ ਆ ਗਿਆ ਹੈ। ਮਾਰਨ ਵਾਲੇ ਨੇ ਤਾਂ ਕੋਈ ਕਸਰ ਨਹੀਂ ਸੀ ਛੱਡੀ।
2.    ਦੂਜੀ ਘਟਨਾ ’ਚ ਪੁਲਿਸ ਵਾਲਿਆਂ ਨੇ ਸ਼ਰਾਬ ਠੇਕੇਦਾਰਾਂ ਦੇ ਇਸ਼ਾਰੇ ਤੇ ਇਕ ਕਬੱਡੀ ਖ਼ਿਡਾਰੀ ਨੌਜਵਾਨ ਮੁੰਡੇ ਦਾ ‘ਮੁਕਾਬਲਾ’ ਬਣਾ ਦਿੱਤਾ।
3.    ਤੀਜੀ ਘਟਨਾ ’ਚ ਅਫ਼ਸਰਾਂ ਵੱਲੋਂ ਸੁਣਵਾਈ ਨਾ ਕੀਤੇ ਜਾਣ ਤੋਂ ਦੁੱਖੀ ਇਕ ਵਿਅਕਤੀ ਨੇ ਅਫ਼ਸਰ ਦੇ ਦਫਤਰ ਬਾਹਰ ਆਪਣੇ ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਲਈ ਤੇ ਜਾਨ ਦੇ ਦਿੱਤੀ।
4.    ਚੌਥੀ ਘਟਨਾ ਹੈ ਬਾਬਾ ਢੱਡਰੀਆਂ ਵਾਲਾ, ਆਪਣੇ ਸਾਥੀ ਦੇ ਭੋਗ ਸਮਾਗਮ ਤੇ ਵੀ ਹੱਥ ਜੋੜੀ ਜਾਂਦਾ ਹੈ ਤੇ ਦੂਜੇ ਪਾਸੇ ਜਿਹੜਾ ਬਾਬਾ ਧੁੰਮਾ, ਇਸ ਢੱਡਰੀਆਂ ਵਾਲੇ ਤੇ ਹਮਲੇ ਦਾ ਖੁੱਲਮ-ਖੁੱਲਾ ਇਕਬਾਲ ਕਰੀ ਜਾਂਦਾ ਹੈ, ਉਹ ਢੱਡਰੀਆਂ ਵਾਲੇ ਨੂੰ ਮਾਫ਼ੀ ਮੰਗਣ ਦੀਆਂ ਧਮਕੀਆਂ ਦੇ ਰਿਹਾ ਹੈ।
ਆਖ਼ਰ ਨੂੰ ਕਾਨੂੰਨ ਕਿੱਥੇ ਗਿਆ? ਕਾਨੂੰਨ ਦਾ ਡਰ ਕਿਧਰ ਆਲੋਪ ਹੋ ਗਿਆ? ਇਹ ਠੀਕ ਹੈ ਕਿ ਕਾਨੂੰਨ ਸਿਰਫ਼ ਮਾੜੇ ਲਈ ਰਹਿ ਗਿਆ ਹੈ, ਤਕੜੇ ਆਪਣਾ ਕਾਨੂੰਨ ਆਪ ਘੜਦੇ ਹਨ ਅਤੇ ਆਪ ਹੀ ਲਾਗੂ ਕਰਦੇ ਹਨ। ਅਜਿਹੇ ਮਾਹੌਲ ’ਚ ਹਰ ਪਾਸੇ ਖੌਫ਼, ਦਹਿਸ਼ਤ ਡਰ ਤੇ ਸਹਿਮ ਦਾ ਮਾਹੌਲ ਹੋਣਾ ਸੁਭਾਵਿਕ ਹੈ, ਪ੍ਰੰਤੂ ਕੀ ਜ਼ੋਰ-ਜਬਰ, ਜ਼ੁਲਮ-ਤਸ਼ੱਦਦ ਦਾ ਖ਼ਾਤਮਾ ਕਰਨ ਦੀ ਲਲਕਾਰ ਦੇਣ ਵਾਲੀ ਪੰਜਾਬ ਦੀ ਧਰਤੀ ਤੇ ਸਿੱਖੀ ਦੀ ਸੂਰਮਤਾਈ ਵਾਲੀ ਗੁੜਤੀ ਦੇ ਵਿਰਸੇ ਦੇ ਹੁੰਦਿਆਂ, ਸੱਚ ਦਾ ਹਾਰ ਮੰਨ ਲੈਣਾ ਪ੍ਰਵਾਨ ਕੀਤਾ ਜਾ ਸਕਦਾ ਹੈ। ਕੀ ਸਿੱਖਾਂ ’ਚ ਸਿੱਖੀ ਵਾਲੀ ਰੂਹ, ਉਡਾਰੀ ਮਾਰ ਚੁੱਕੀ ਹੈ। ਉਨਾਂ ਲਈ ਸੁਆਰਥ, ਪਦਾਰਥ, ਸੱਤਾ ਤੇ ਚੌਧਰ ਦੀ ਲਾਲਸਾ ਹੀ ਸਾਰਾ ਕੁਝ ਬਣਕੇ ਰਹਿ ਗਈ ਹੈ।
ਸਿੱਖੀ ਜਿੱਥੇ ਹਰ ਸਿੱਖ ਨੂੰ ਪਹਿਲਾ ਸੰਤ ਤੇ ਫ਼ਿਰ ਸਿਪਾਹੀ ਬਣਾਉਂਦੀ ਸੀ, ਉਹ ਦੋਵੇਂ ਅੱਜ ਦੇ ਸਿੱਖਾਂ ’ਚ ਖ਼ਤਮ ਹੋ ਗਏ ਹਨ।ਜਦੋਂ ਆਪਣੇ-ਆਪ ਸੰਤ ਅਖਵਾਉਂਦੇ, ਸਾਡੇ ਧਾਰਮਿਕ ਆਗੂਆਂ ’ਚੋਂ ਹੀ ਸਿੱਖਾਂ ਦੇ ਮੁੱਢਲੇ ਗੁਣ ਸਬਰ, ਸੰਤੋਖ, ਨਿਮਰਤਾ, ਦਇਆ ਉੱਡ-ਪੁੱਡ ਗਏ ਹਨ, ਫ਼ਿਰ ਆਮ ਸਿੱਖ ਬਾਰੇ ਤਾਂ ਕੀ ਆਖਿਆ ਜਾ ਸਕਦਾ ਹੈ? ਪੰਜਾਬ ਦੀ ਭਿਆਨਕ ਹੁੰਦੀ ਤਸਵੀਰ ’ਚ ਸਾਡੇ ’ਚੋਂ ਸਿੱਖੀ ਦੇ ਗੁਣ ਦੇ ਆਲੋਪ ਹੋਣ ’ਚ ਸਾਡਾ ਆਪਣੇ ਮੂਲ ਨਾਲ ਟੁੱਟਣਾ ਵੀ ਵੱਡਾ ਕਾਰਣ ਹੈ। ਅੱਧਾ ਮਿੰਟ ਰਾਹ ਨਾਂਹ ਮਿਲਣਾ, ਸਾਡੇ ਉਸ ਹੳੂਮੈ, ਹੰਕਾਰ ਨੂੰ ਹਜ਼ਮ ਨਹੀਂ ਹੁੰਦਾ, ਦੋ ਛੱਲੀਆਂ ਤੋੜਣ ਪਿੱਛੇ ਗੋਲੀ ਮਾਰ ਦੇਣੀ, ਉਸ ਪਸ਼ੂ ਪ੍ਰਵਿਰਤੀ ਦਾ ਹੀ ਹਿੱਸਾ ਹੈ। ਬਿਨਾਂ ਸ਼ੱਕ ਮਨੁੱਖ ਵੀ ਇਕ ਜਾਨਵਰ ਹੈ। ਧਰਮੀ ਗੁਣ ਉਸਨੂੰ ਪਹਿਲਾ ਮਨੁੱਖ, ਫ਼ਿਰ ਇਨਸਾਨ ਤੇ ਫ਼ਿਰ ਧਰਮਾਤਮਾ ਬਣਾਉਂਦੇ ਹਨ।
ਅੱਜ ਧਰਮ ਨੂੰ ਵੀ ਸਾਡੇ ਪਾਖੰਡੀ ਧਾਰਮਿਕ ਆਗੂਆਂ ਨੇ ‘ਵਪਾਰ’ ’ਚ ਬਦਲ ਦਿੱਤਾ ਹੈ। ਉਹ ਮਾਇਆਧਾਰੀ ਹੋ ਕੇ ਅੰਨੇ ਬੋਲੇ ਬਣ ਚੁੱਕੇ ਹਨ। ਸਿੱਖੀ ਦੀਆਂ ਸਿਖਿਆਵਾਂ ਮਨੁੱਖ ਨੂੰ ਮਾਨਵਤਾ ਦੇ ਸਿਖ਼ਰ ਤੇ ਪਹੁੰਚਾਉਂਦੀਆਂ ਹਨ। ਪ੍ਰੰਤੂ ਹੁਣ ਅਸੀਂ ‘ਧੁਰ ਕੀ ਬਾਣੀ’ ਨੂੰ ਹੀ ਆਪੋ-ਆਪਣੀ ਐਨਕ ’ਚੋਂ ਵੇਖ ਕੇ ਉਸਦੀਆਂ ਸਿੱਖਿਆਵਾਂ ਨੂੰ ਉਲਟਾਉਣ-ਪਲਟਾਉਣ ਲੱਗ ਪਏ ਹਾਂ। ਇਹ ਗੱਲ ਪੰਜਾਬ ਦੀ ਧਰਤੀ ਤੇ ਜੰਮਣ-ਪਲਣ ਵਾਲਿਆਂ ਨੂੰ ਬਾਖ਼ੂਬੀ ਸਮਝ ਲੈਣੀ ਚਾਹੀਦੀ ਹੈ ਕਿ ਪੰਜਾਬ ਸਿਰਫ਼ ਤੇ ਸਿਰਫ਼ ਗੁਰੂਆਂ ਦੇ ਨਾਮ ਵੱਸਦਾ ਹੈ। ਇਸ ਲਈ ਗੁਰੂ ਸਾਹਿਬਾਨ ਨੂੰ ਪਿੱਠ ਦੇ ਕੇ, ਸਿਰਫ਼ ਤਬਾਹੀ ਹੀ ਤਬਾਹੀ ਹੋਵੇਗੀ। ਜਿਸਨੂੰ ਕੋਈ ਰੋਕ ਨਹੀਂ ਸਕੇਗਾ। ਜਿਸ ਧਰਤੀ ਤੇ ਆਏ ਦਿਨ ਗੁਰੂ ਸਾਹਿਬ ਦੀ ਬੇਅਦਬੀ ਹੋਣ ਲੱਗ ਪਵੇ, ਗੁਰੂ ਸਾਹਿਬ ਅਗਨ ਭੇਂਟ ਹੁੰਦੇ ਹੋਣ, ਸਿੱਖੀ ਸਿਧਾਂਤਾਂ ਹੀ ਮੁਕੰਮਲ ਅਣਦੇਖੀ ਹੁੰਦੀ ਹੋਵੇ, ਧਾਰਮਿਕ ਆਗੂ, ਗੁੰਡਿਆਂ ਵਾਲੀ ਭਾਸ਼ਾ ਬੋਲਣ ਲੱਗ ਪੈਣ, ਉਸ ਧਰਤੀ ਤੇ ਫ਼ਿਰ ਸ਼ਰਮ-ਧਰਮ ਦਾ ਕੋਈ ਕੰਮ ਰਹਿ ਨਹੀਂ ਜਾਂਦਾ। ਕੂੜ ਦੀ ਪ੍ਰਧਾਨਤਾ ਹੋ ਜਾਂਦੀ ਹੈ। ਰਾਜੇ ਤੇ ਕਾਜੀ ਦੋਵੇਂ ਰਿਸ਼ਵਤੀ ਹੋਣ ਕਾਰਣ ਸੱਚ, ਇਨਸਾਫ਼ ਅਮਨ-ਚੈਨ, ਸੁੱਖ-ਸ਼ਾਂਤੀ ਖੰਭ ਲਾ ਕੇ ਉੱਡ ਜਾਂਦੀ ਹੈ।
ਚਾਰੇ ਪਾਸੇ ਨਜ਼ਰ ਮਾਰ ਕੇ ਵੇਖ ਲਓ, ਕੀ ਇਹ ਵਰਤਾਰਾ ਨਹੀਂ ਵਾਪਰ ਰਿਹਾ? ਇਸ ਵਰਤਾਰੇ ਨੂੰ ਬਾਬਾ ਨਾਨਕ ਹੀ ਠੱਲ ਸਕਦਾ ਹੈ। ਪ੍ਰੰਤੂ ਅਸੀਂ ਉਸ ‘ਬਾਬੇ’ ਨੂੰ ਛੱਡ ਕੇ ਆਪਣੇ ‘ਬਾਬੇ’ ਲੱਭ ਲਏ ਹਨ। ਜਾਣ-ਬੁੱਝ ਕੇ ਅੱਗ ’ਚ ਛਾਲ ਮਾਰਨ ਵਾਲੇ ਨੂੰ ਭਲਾ ਕੌਣ ਬਚਾਅ ਸਕਦਾ ਹੈ? ਇਸ ਲਈ ਹਰ ਚੜਦੇ ਸੂਰਜ ਅਜਿਹੀਆਂ ਖ਼ਬਰਾਂ ਪੜ-ਸੁਣ ਕੇ ਉਦਾਸ ਹੋਣ ਦੀ ਥਾਂ ਜਾਂ ਡਰਨ ਦੀ ਥਾਂ ਆਪਣੇ ਮਨਾਂ ’ਚ ਝਾਤੀ ਮਾਰ ਕੇ ਵੇਖ ਲਿਆ ਕਰੀਏ ਤੇ ਅਸੀਂ ਇਸ ਵਰਤਾਰੇ ਲਈ ਕਿੰਨੇ ਕੁ ਜੁੰਮੇਵਾਰ ਹਾਂ। ਉਹ ਜੁੰਮੇਵਾਰੀਆਂ ਆਪਣੇ ਤੇ ਆਇਦ ਕਰਨ ਵੱਲ ਤੁਰ ਪਈਏ। ਫ਼ਿਰ ਹੀ ਠੰਡੀ ਹਵਾ ਤੇ ਬੁੱਲੇ ਦੀ ਉਮੀਦ ਕੀਤੀ ਜਾ ਸਕਦੀ ਹੈ, ਨਹੀਂ ਤਾਂ ਸਭ ਕੁਝ ਭਸਮ ਹੋਣ ਤੋਂ ਰੋਕਣਾ ਸੰਭਵ ਨਹੀਂ ਹੈ।
ਜਸਪਾਲ ਸਿੰਘ ਹੇਰਾਂ
 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.