ਕੈਟੇਗਰੀ

ਤੁਹਾਡੀ ਰਾਇ



ਜਸਪਾਲ ਸਿੰਘ ਹੇਰਾਂ
ਸੰਘ ਦੀ ਡੇਰੇਵਾਦ ਨਾਲ ਮਿਲ ਕੇ ਨਵੇਂ ਹਮਲੇ ਦੀ ਤਿਆਰੀ
ਸੰਘ ਦੀ ਡੇਰੇਵਾਦ ਨਾਲ ਮਿਲ ਕੇ ਨਵੇਂ ਹਮਲੇ ਦੀ ਤਿਆਰੀ
Page Visitors: 2843

ਸੰਘ ਦੀ ਡੇਰੇਵਾਦ ਨਾਲ ਮਿਲ ਕੇ ਨਵੇਂ ਹਮਲੇ ਦੀ ਤਿਆਰੀ
(ਜਸਪਾਲ ਸਿੰਘ ਹੇਰਾਂ)
   ਅਸੀਂ ਵਾਰ-ਵਾਰ ਹੋਕਾ ਦਿੱਤਾ ਹੈ ਕਿ ਸਿੱਖ ਦੁਸ਼ਮਣ ਤਾਕਤਾਂ ਸਿੱਖੀ ਨੂੰ ਹੜੱਪਣ ਅਤੇ ਪੰਜਾਬ ਨੂੰ ਤਬਾਹ ਕਰਨ ਲਈ ਕਾਹਲੀਆਂ ਹਨ ਅਤੇ ਇਸ ਲਈ ਹਰ ਹਰਬਾ-ਜਰਬਾ ਵਰਤਿਆ ਜਾ ਰਿਹਾ ਹੈ ਅਤੇ ਜਾਵੇਗਾ। ਸਿੱਖੀ ਸਿਧਾਂਤਾਂ ਨੂੰ ਖੋਰਾ ਲਾਉਣ ਲਈ ਇੰਨ੍ਹਾਂ ਸਿੱਖ ਦੁਸ਼ਮਣ ਤਾਕਤਾਂ ਨੇ ਡੇਰੇਵਾਦ ਦੇ ਹਥਿਆਰ ਨਾਲ ਮਾਰੂ ਹਮਲਾ ਕੀਤਾ ਹੋਇਆ ਹੈ ਅਤੇ ਇਸ ਹਮਲੇ ਦੀ ਧਾਰ ਨੂੰ ਦਿਨੋਂ-ਦਿਨ ਤਿੱਖਾ ਕਰਨ ਦੇ ਨਿਰੰਤਰ ਯਤਨ ਹੋ ਰਹੇ ਹਨ।ਸਿੱਖੀ ਸਿਧਾਂਤਾਂ, ਗੁਰਬਾਣੀ, ਬਾਣੇ, ਸਿੱਖ ਇਤਿਹਾਸ ਤੇ ਸਿੱਖ ਵਿਰਸੇ ‘ਚ ਮਿਲਾਵਟ ਕਰਨ ਅਤੇ ਇੰਨ੍ਹਾਂ ਬਾਰੇ ਭੰਬਲਭੂਸਾ ਪੈਦਾ ਕਰਕੇ, ਨਵੀਂ ਪੀੜ੍ਹੀ ਦੇ ਮਨਾਂ ‘ਚ ਇੰਨ੍ਹਾਂ ਦਾ ਸਤਿਕਾਰ ਘਟਾਉਣ ਲਈ, ਸੰਘ ਪਰਿਵਾਰ ਨੇ ਜਿੱਥੇ ਰਾਸ਼ਟਰੀ ਸਿੱਖ ਸੰਗਤ ਵਾਲਾ ਹਥਿਆਰ ਚਲਾਉਣ ਦੀ ਕੋਸ਼ਿਸ਼ ਕੀਤੀ, ਉਥੇਂ ਬਾਦਲ ਦਲ, ਜਿਹੜਾ ਸਿੱਖਾਂ ਦੀ ਪ੍ਰਤੀਨਿਧਤਾ ਕਰਨ ਵਾਲਾ ਰਾਜਸੀ ਧੜ੍ਹਾ ਮੰਨਿਆ ਜਾਂਦਾ ਸੀ, ਉਸਤੇ ਗ਼ਲਬਾ ਪਾ ਕੇ, ਸੱਤਾ ਦੇ ਮੋਹ ‘ਚ ਫਸਾ ਕੇ, ਉਸਦਾ ਪੂਰੀ ਤਰ੍ਹਾਂ ਭਗਵਾਂ ਕਰਨ ਕੀਤਾ ਗਿਆ ਹੈ ਅਤੇ ਸਿੱਖੀ ਦੇ ਨਿਆਰੇ ਤੇ ਨਿਰਾਲੇਪਣ ਨੂੰ ਜਿਹੜੀ ਵੱਡੀ ਤੋਂ ਵੱਡੀ ਠੇਸ ਪਹੁੰਚਾਈ ਜਾ ਸਕਦੀ ਸੀ, ਉਹ ਪਹੁੰਚਾਈ ਗਈ। ਹੁਣ ਜਦੋਂ ਭਗਵਾਂ ਬ੍ਰਿਗੇਡ ਨੂੰ ਇਹ ਅਹਿਸਾਸ ਹੋ ਰਿਹਾ ਹੈ ਕਿ ਬਾਦਲ ਦਲ ਦੀ ਪਕੜ ਸਿੱਖਾਂ ਚੋਂ ਖ਼ਤਮ ਹੋ ਰਹੀ ਹੈ, ਉਸਨੂੰ ਆਮ ਸਿੱਖ ਵੀ ਸਿੱਖ ਵਿਰੋਧੀ ਮੰਨ ਕੇ ਨਫ਼ਰਤ ਕਰਨ ਲੱਗ ਪਿਆ ਹੈ ਤਾਂ ਭਗਵਾਂ ਬ੍ਰਿਗੇਡ ਨੇ ਆਪਣੇ ਪੈਂਤੜੇ ਬਦਲਣੇ ਸ਼ੁਰੂ ਕਰ ਦਿੱਤੇ ਹਨ।
ਭਾਵੇਂ ਕਿ ਪੰਜਾਬ ‘ਚ ਡੇਰਾਵਾਦ ਦੇ ਫੈਲਾਅ ਪਿੱਛੇ ਸ਼ੁਰੂ ਤੋਂ ਹੀ ਭਗਵਾਂ ਬ੍ਰਿਗੇਡ ਦੀਆਂ ਨੀਤੀਆਂ ਰਹੀਆਂ ਹਨ, ਪ੍ਰੰਤੂ ਰਾਧਾ ਸੁਆਮੀਆਂ ਨਾਲ ਖੁੱਲ੍ਹੇ ਰੂਪ ‘ਚ ਹੱਥ ਮਿਲਾ ਕੇ ਸੰਘ ਪਰਿਵਾਰ ਨੇ ਆਪਣੇ ਮਨਸੂਬੇ ਜੱਗ ਜ਼ਾਹਰ ਕਰ ਦਿੱਤੇ ਹਨ। ਅਸੀਂ ਪਹਿਲਾ ਵੀ ਵਾਰ-ਵਾਰ ਹੋਕਾ ਦਿੱਤਾ ਹੈ ਕਿ ਡੇਰਾਵਾਦ ਪੰਜਾਬ ਤੇ ਸਿੱਖੀ ਨੂੰ ਲੱਗੀ ‘ਚਿੱਟੀ ਸਿਉਂਕ’ ਹੈ, ਜਿਸਨੇ ਇੱਕ ਦਿਨ ਦੋਵਾਂ ਨੂੰ ਖੋਖਲਾ ਕਰ ਦੇਣਾ ਹੈ। ਸੰਘ ਪਰਿਵਾਰ, ਨੇ ਜਿਸ ਨੀਤੀ ਅਧੀਨ ਆਪਣੇ ‘ਹਿੰਦੂ, ਹਿੰਦੀ, ਹਿੰਦੁਸਤਾਨ’ ਦੇ ਮਨਸੂਬੇ ਦੀ ਪੂਰਤੀ ਲਈ ਨਰਿੰਦਰ ਮੋਦੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਹੈ, ਉਸੇ ਮਨਸੂਬੇ ਦੀ ਕੜੀ ‘ਚ ਸੰਘ ਵੱਲੋਂ ਪੰਜਾਬ ‘ਚ ਡੇਰੇਵਾਦ ਨੂੰ ਹੋਰ ਸ਼ਕਤੀਸ਼ਾਲੀ ਬਣਾਉਣਾ ਸ਼ੁਰੂ ਕੀਤਾ ਗਿਆ ਹੈ। ਸਿੱਖੀ ਦੀ ਨਿਆਰੀ, ਨਿਰਾਲੀ ਹੋਂਦ ਦੇ ਖ਼ਾਤਮੇ ਲਈ ਪਹਿਲਾ ਹੀ ਡੇਰੇਵਾਦ ਰਾਂਹੀ ਪਾਖੰਡ, ਆਡੰਬਰ, ਬ੍ਰਾਹਮਣੀ ਰਹੁ-ਰੀਤਾਂ ਦਾ ਸਿੱਖੀ ‘ਚ ਬੋਲ ਬਾਲਾ ਕਰਵਾਇਆ ਜਾ ਰਿਹਾ ਹੈ।
ਪਿਛਲੀਆਂ ਵਿਧਾਨ ਸਭਾ ਅਤੇ ਐਂਤਕੀ ਦੀਆਂ ਲੋਕ ਸਭਾ ਚੋਣਾਂ ‘ਚ ਪੰਜਾਬ ਦੇ ਵੋਟਰਾਂ ਨੇ ਡੇਰੇਵਾਦ  ਦੇ ਪ੍ਰਭਾਵ ਨੂੰ ਡੱਟ ਕੇ ਨਕਾਰਿਆ ਹੈ, ਉਸੇ ਚਿੰਤਾ ‘ਚ ਹੀ ਸੰਘ ਦੇ ਮੁੱਖੀ ਵੱਲੋਂ ਰਾਧਾ ਸੁਆਮੀ ਮੁੱਖੀ ਨਾਲ ਦੂਜੀ ਮੁਲਾਕਾਤ, ਪੰਜਾਬ ਦੀ ਅਤੇ ਖ਼ਾਸ ਕਰਕੇ ਮਾਲਵੇ ਦੀ ਧਰਤੀ ‘ਤੇ ਕੀਤੀ ਗਈ ਹੈ ਤਾਂ ਕਿ ਦੋਵੇਂ ਧਿਰਾਂ ਮਿਲ ਕੇ ਪੰਜਾਬ ‘ਚ ਡੇਰੇਵਾਦ ਨੂੰ ਸ਼ਕਤੀਸ਼ਾਲੀ ਬਣਾਉਣ ਲਈ ਸਾਂਝੀ ਰਣਨੀਤੀ ਤਹਿਤ ਅੱਗੇ ਵੱਧ ਸਕਣ। ਸੰਘ ਪਰਿਵਾਰ ਦਾ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ, ਪਹਿਲਾਂ ਹੱਲਾ ਹੀ ਪੰਜਾਬ 'ਤੇ ਬੋਲਣਾ, ਇਹ ਦੱਸਦਾ ਹੈ ਕਿ ਉਨ੍ਹਾਂ ਦੇ ਏਜੰਡੇ ਤੇ ਸਿੱਖੀ ਦੀ ਹੋਂਦ ਦਾ ਖ਼ਾਤਮਾ ਸੱਭ ਤੋਂ ਉਪਰ ਹੈ।
ਨੂਰਮਹਿਲੀਏ ਸਾਧ ਦੀ ਮੌਤ ਅਤੇ ਭਨਿਆਰੇ ਵਾਲੇ ਦੀ ਦੁਕਾਨ ਬੰਦ ਹੋਣ ਕਿਨਾਰੇ ਹੋਣ ਤੋਂ ਬਾਅਦ, ਪੰਜਾਬ ‘ਚ ਰਾਧਾ ਸੁਆਮੀਏ, ਸੌਦਾ ਸਾਧ ਤੇ ਨਿਰੰਕਾਰੀਆਂ ਨੂੰ ਸ਼ਕਤੀਸ਼ਾਲੀ ਬਣਾਉਣਾ ਭਗਵਾਂ ਬ੍ਰਿਗੇਡ ਦਾ ਮੁੱਖ ਏਜੰਡਾ ਜਾਪਦਾ ਹੈ, ਜਿਸਦੀ ਸ਼ੁਰੂਆਤ ਰਾਧਾਸੁਆਮੀਆਂ ਤੋਂ ਕੀਤੀ ਗਈ ਹੈ। ਇਹ ਏਜੰਡਾ ਵੀ ਅਚਾਨਕ ਨਹੀਂ ਬਣਿਆ, ਇਸਦੀ ਸ਼ੁਰੂਆਤ ਬਹੁਤ ਪਹਿਲਾਂ ਤੋਂ ਹੋ ਚੁੱਕੀ ਹੈ ਅਤੇ ਰਾਧਾ ਸੁਆਮੀ ਮੁੱਖੀ ਦੀਆਂ ਗ਼ਰਮ ਖਿਆਲੀ ਆਗੂਆਂ ਸਿਮਰਜੀਤ ਸਿੰਘ ਮਾਨ ਅਤੇ ਬਾਬਾ ਬਲਜੀਤ ਸਿੰਘ ਦਾਦੂਵਾਲ ਦੇ ਠਿਕਾਣਿਆਂ 'ਤੇ ਕੱਢੀਆਂ ਗੇੜੀਆਂ ਵੀ ਇਸੇ ਯੋਜਨਾ ਦੀ ਆਰੰਭਤਾ ਦਾ ਹਿੱਸਾ ਸਨ। ਭਾਵੇਂ ਕਿ ਸਿੱਖੀ ਦੀ ਹੋਂਦ ‘ਤੇ ਹਮਲੇ ਕੋਈ ਨਵੇਂ ਨਹੀਂ, ਇਸ ਨਿਰਾਲੇ ਪੰਥ ਦੀ ਹੋਂਦ ਝੂਠੀਆਂ, ਮਕਾਰ, ਪਾਖੰਡੀ, ਫਰੇਬੀਆਂ, ਜ਼ਾਬਰ ਜ਼ਾਲਮ ਸ਼ਕਤੀਆਂ ਨੂੰ ਕਦੇਂ ਵੀ ਪ੍ਰਵਾਨ ਨਹੀਂ ਹੋਈ, ਪ੍ਰੰਤੂ ਸੰਘ ਪਰਿਵਾਰ ਦਾ ਡੇਰਾਵਾਦ ਦੇ ਹਥਿਆਰ ਨਾਲ ਹੋ ਰਿਹਾ ਇਹ ਹਮਲਾ ਬੇਹਖ਼ਤਰਨਾਕ ਅਤੇ ਯੋਜਨਾਬੱਧ ਹੈ, ਪ੍ਰਧਾਨ ਮੰਤਰੀ ਮੋਦੀ ਵੱਲੋਂ ਆਪਣਾ ਸੁਰੱਖਿਆ ਸਲਾਹਕਾਰ ਅਜੀਤ ਡੋਵੇਲ, ਜਿਹੜਾ ਕਿ ਸਾਕਾ ਦਰਬਾਰ ਸਾਹਿਬ ਸਮੇਂ ਭਾਰਤ ਦੀ ਖੁਫ਼ੀਆਂ ਏਜੰਸੀ ਆਈ.ਬੀ. ਦਾ ਮੁਖੀ ਸੀ, ਦੀ ਨਿਯੁਕਤੀ ਦੀ ਸਿੱਖਾਂ ਦੀ ਹੋਂਦ ‘ਤੇ ਭਗਵਾਂ ਸਰਕਾਰ ਵੱਲੋਂ ਕੀਤੇ ਜਾਣ ਵਾਲੇ ਹਮਲੇ ਦੀ ਬੁਨਿਆਦ ਦੀ ਕੜੀ ਹੈ।
ਇਸ ਲਈ ਕੌਮ ਨੂੰ ਇਸ ਹਮਲੇ ਨੂੰ ਪੂਰੀ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਅਤੇ ਸਿੱਖ ਦੁਸ਼ਮਣਾਂ ਦੀਆਂ ਡੂੰਘੀਆਂ ਚਾਲਾਂ ਦਾ ਦੂਰਦ੍ਰਿਸ਼ਟੀ ਨਾਲ ਅਧਿਐਨ ਕਰਕੇ ਉਨ੍ਹਾਂ ਦਾ ਮੋੜਵਾਂ ਜਵਾਬ ਦੇਣ ਲਈ ਕੌਮ ਨੂੰ ਤਿਆਰ ਕਰਨਾ ਚਾਹੀਦਾ ਹੈ। ਇਸ ਸਮੇਂ ਜਦੋਂ ਪੰਥਕ ਰਾਜਨੀਤੀ ਦੇ ਵਿਹੜੇ ‘ਚ ਸੰਨਾਟਾ ਹੈ, ਪੂਰਾ ਖਲਾਅ ਹੈ, ਉਸ ਪੰਜਾਬ ਤੇ ਹੋ ਰਿਹਾ ਇਹ ਹਮਲਾ ਦੂਰਗਾਮੀ ਨਤੀਜਿਆਂ ਦਾ ਬੀਜ ਵੀ ਮੰਨਿਆ ਜਾ ਸਕਦਾ ਹੈ। ਕੌਮ ਦੇ ਵਿਦਵਾਨਾਂ ਨੂੰ, ਕੌਮ ਪ੍ਰਸਤਾਂ ਨੂੰ ਅਤੇ ਜਿਹੜੇ ਆਪਣੇ-ਆਪ ਨੂੰ ਕੌਮ ਦੇ ਆਗੂ ਮੰਨਦੇ ਹਨ ਉਨ੍ਹਾਂ ਨੂੰ ਇਸ ਸਮੇਂ, ਇੰਨ੍ਹਾਂ ਪੈਦਾ ਹੋਏ ਨਵੇਂ ਹਾਲਾਤਾਂ ਦੀ ਰੋਸ਼ਨੀ ‘ਚ ਸਿਰ ਜੋੜ ਕੇ ਬੈਠਣਾ ਅਤੇ ਦੁਸ਼ਮਣ ਤਾਕਤਾਂ ਦੇ ਪੈਂਤੜੇ ਦਾ ਵਿਸ਼ਲੇਸ਼ਣ ਕਰਕੇ ਕੌਮ ਨੂੰ ਸੇਧ ਦੇਣੀ ਚਾਹੀਦੀ ਹੈ, ਤਾਂ ਕਿ ਸਿੱਖੀ ਦੀ ਨਿਆਰੀ,ਨਿਰਾਲੀ ਹੋਂਦ ਦੇ ਦੁਸ਼ਮਣਾਂ ਨਾਲ ਟੱਕਰ ਲੈ ਕੇ ਉਨ੍ਹਾਂ ਨੂੰ ਕਲਗੀਧਰ ਪਿਤਾ ਦੇ ਪੰਥ ਦੀ ਮਹਾਨਤਾ, ਸ਼ਕਤੀ, ਦ੍ਰਿੜਤਾ ਅਤੇ ਪ੍ਰਪੱਕਤਾ ਦਾ ਅਹਿਸਾਸ ਕਰਵਾਇਆ ਜਾ ਸਕੇ।

 

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.