ਕੈਟੇਗਰੀ

ਤੁਹਾਡੀ ਰਾਇ



ਜਸਪਾਲ ਸਿੰਘ ਹੇਰਾਂ
ਗੁਰੂ ਗ੍ਰੰਥ ਸਾਹਿਬ ਜੀ ਨੂੰ “ਗੁਰੂ” ਕਦੋਂ ਮੰਨਾਂਗੇ ?
ਗੁਰੂ ਗ੍ਰੰਥ ਸਾਹਿਬ ਜੀ ਨੂੰ “ਗੁਰੂ” ਕਦੋਂ ਮੰਨਾਂਗੇ ?
Page Visitors: 2744

ਗੁਰੂ ਗ੍ਰੰਥ ਸਾਹਿਬ ਜੀ ਨੂੰ “ਗੁਰੂ” ਕਦੋਂ ਮੰਨਾਂਗੇ ?

ਗੁਰਬਾਣੀ ਇਸੁ ਜਗ ਮਹਿ ਚਾਨਣੁ
ਪ੍ਰੰਤੂ ਅਫਸੋਸ ਇਹ ਹੈ ਕਿ ਇਸ ਚਾਨਣ ਦਾ ਜਿਸ ਕੌਮ ਨੂੰ ਵਣਜਾਰਾ ਬਣਾਇਆ ਗਿਆ ਸੀ, ਉਹ ਖ਼ੁਦ ਹੀ ਹਨੇਰ ਢੋਹਣ ਲੱਗ ਪਈ ਹੈ ਅਤੇ ਗੁਰੂ ਸਾਹਿਬਾਨ ਨੇ ਜਿਸ ਅਨਮੋਲ, ਅਦਭੁੱਤ, ਲਾਸਾਨੀ, ਖਜ਼ਾਨੇ ਦਾ ਸਾਨੂੰ ਮਾਲਕ ਬਣਾਇਆ ਸੀ, ਉਸ ਖ਼ਜ਼ਾਨੇ ਦੀ ਮਹਾਨਤਾ ਤੋਂ ਹੀ ਸਾਡੀਆਂ ਅੱਖਾਂ ਚੁੰਧਿਆ ਚੁੱਕੀਆਂ ਹਨ, ਜਿਸ ਕਾਰਣ ਉਸ ਮਹਾਨ ਚਾਨਣ ਮੁਨਾਰੇ ਦੀ ਸੇਧ ਲੈਣ ਤੋਂ ਅਸੀਂ ਅਸਮਰੱਥ ਹੋ ਗਏ ਹਾਂ। ਅੱਜ ਜਾਗਦੀ ਜੋਤ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਹਾੜਾ ਹੈ, ਪ੍ਰੰਤੂ ਅੱਜ ਦੇ ਦਿਨ ਅਸੀਂਂ ਸਾਡੇ ਤੇ ਲੱਗ ਰਹੇ ਉਸ ਦੋਸ਼ ਦੀ ਕਿ ''ਸਿੱਖ ਗੁਰੂ ਨੂੰ ਤਾਂ ਮੰਨਦਾ ਹੈ, ਪ੍ਰੰਤੂ ਗੁਰੂ ਦੀ ਨਹੀਂ ਮੰਨਦਾ'' ਦਾ ਮੰਥਨ ਸ਼ਾਇਦ ਕਦੇ ਨਹੀਂ ਕਰਾਂਗੇ। ਗੁਰਬਾਣੀ ਦਾ ਤੋਤਾ ਰਟਨ, ਅੱਜ ਸਿਖ਼ਰਾਂ ਤੇ ਹੈ, ਪ੍ਰੰਤੂ ਗੁਰਬਾਣੀ ਸਿਧਾਂਤ ਪੂਰੀ ਤਰ੍ਹਾਂ ਆਲੋਪ ਹਨ। ਗੁਰੂ ਗ੍ਰੰਥ ਸਾਹਿਬ ਸਾਡੇ ਰਸਮੀ ਗੁਰੂ ਬਣ ਕੇ ਰਹਿ ਗਏ ਹਨ, ਜਦੋਂ ਕਿ ਵਿਵਹਾਰਕ ਰੂਪ 'ਚ ਅਸੀਂ ਆਪਣੇ ਵੱਖ-ਵੱਖ ਦੇਹਧਾਰੀ ਗੁਰੂ ਬਣਾ ਲਏ ਹਨ, ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਤਾਂ ਭਾਵੇਂ ਸਾਹਮਣੇ ਰੱਖਦੇ ਹਨ, ਪ੍ਰੰਤੂ ਉਸਦੀ ਸਿੱਖਿਆ ਦਾ ਪ੍ਰਛਾਵਾ ਕਿਸੇ ਤੇ ਪੈਣ ਨਹੀਂ ਦਿੰਦੇ!
ਅਜੋਕੇ ਸਮੇਂ ਅਨੇਕਾਂ ਹੀ ਅਖੌਤੀ ਗੁਰੂ-ਬਾਬੇ ਲੋਕਾਂ ਨੂੰ ਬੁੱਧੂ ਬਣਾ ਕੇ, ਉਨ੍ਹਾਂ ਦਾ ਮਾਨਸਿਕ ਤੇ ਆਰਥਕ ਸ਼ੋਸ਼ਣ ਕਰਨ ਵਿੱਚ ਜੁਟੇ ਹੋਏ ਹਨ। ਵਿੱਦਿਆ ਦੇ ਪਸਾਰੇ ਦੇ ਬਾਵਜੂਦ ਅਗਿਆਨਤਾ ਦਾ ਹਨ੍ਹੇਰਾ ਇਸ ਕਦਰ ਫੈਲਦਾ ਜਾ ਰਿਹਾ ਹੈ ਕਿ ਆਮ ਮਨੁੱਖ ਨੂੰ ਭਰਮਾ-ਫੁਸਲਾ ਕੇ ਆਪਣਾ ਉੱਲੂ ਸਿੱਧਾ ਕਰਨਾ, ਦੰਭੀ ਅਤੇ 'ਸ਼ੈਤਾਨ ਗੁਰੂ-ਬਾਬਿਆਂ' ਲਈ ਬੇਹੱਦ ਸੁਖਾਲਾ ਹੈ। ਚੰਗੇ-ਭਲੇ, ਪੜ੍ਹੇ-ਲਿਖੇ ਲੋਕ ਵੀ ਆਸਾਨੀ ਨਾਲ ਇਨ੍ਹਾਂ ਦੇ ਚੁੰਗਲ ਵਿੱਚ ਫਸ ਜਾਂਦੇ ਹਨ। ਸਿਆਸਤ ਦੀ ਛਤਰ-ਛਾਇਆ ਹੇਠ ਖੁੰਭਾਂ ਵਾਂਗ ਉੱਗ ਰਹੇ, ਇਹ ਦੰਭੀ ਬਾਬੇ ਅਮਰ ਵੇਲ ਦੀ ਤਰ੍ਹਾਂ ਸਾਡੇ ਸਮਾਜ ਉੱਪਰ ਫੈਲਦੇ ਜਾ ਰਹੇ ਹਨ। ਕਮਾਲ ਦੀ ਗੱਲ ਇਹ ਹੈ ਕਿ ਇਨ੍ਹਾਂ ਸਾਰੇ ਦੰਭੀ ਬਾਬਿਆਂ ਦੇ ਚੇਲੇ ਆਪੋ-ਆਪਣੇ ਬਾਬੇ ਨੂੰ 'ਦੁਨੀਆ ਦੇ ਤਾਰਨਹਾਰੇ' ਹੋਣ ਦਾ ਦਾਅਵਾ ਕਰਦੇ ਹਨ, ਪਰ ਇਨ੍ਹਾਂ ਦੀ ਮੌਜੂਦਗੀ ਵਿੱਚ ਵੀ ਲੋਕਾਈ, ਬੁਰਾਈਆਂ, ਕੁਰੀਤੀਆਂ ਤੇ ਸਮੱਸਿਆਵਾਂ ਦੀ ਦਲਦਲ ਵਿੱਚ ਹੋਰ-ਹੋਰ ਡੂੰਘੀ ਧਸਦੀ ਜਾ ਰਹੀ ਹੈ। ਸਵਾਲ ਪੈਦਾ ਹੁੰਦਾ ਹੈ ਕਿ ਆਖਰ ਲੋਕ ਇਨ੍ਹਾਂ ਪਾਸ ਕਿਉਂ ਜਾਂਦੇ ਹਨ? ਕਿਉਂ ਇਨ੍ਹਾਂ ਦੇ ਜਾਲ ਵਿੱਚ ਖ਼ੁਦ ਜਾ ਕੇ ਫਸ ਰਹੇ ਹਨ? ਇਸ ਦਾ ਸਭ ਤੋਂ ਵੱਡਾ ਕਾਰਨ ਅਗਿਆਨਤਾ ਹੈ।
ਅੱਜ ਦੇ ਜ਼ਮਾਨੇ ਵਿੱਚ ਲੋਕ ਬੇਸ਼ੁਮਾਰ ਆਰਥਕ, ਪਰਿਵਾਰਕ ਸਮੱਸਿਆਵਾਂ ਅਤੇ ਬਿਮਾਰੀਆਂ ਵਿੱਚ ਘਿਰੇ ਹੋਏ ਹਨ। ਇਨ੍ਹਾਂ ਸਮੱਸਿਆਵਾਂ ਦੇ ਵੱਡੇ ਖਰਚ ਤੇ ਬਿਮਾਰੀਆਂ ਦੇ ਮਹਿੰਗੇ ਇਲਾਜ, ਲੋਕਾਂ ਦੀ ਮਾਨਸਿਕ ਪ੍ਰੇਸ਼ਾਨੀ ਦਾ ਕਾਰਨ ਬਣ ਰਹੇ ਹਨ। ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਨਾ ਤਾਂ ਸਰਕਾਰੀ ਪੱਧਰ 'ਤੇ ਕੋਈ ਸੰਜੀਦਾ ਵਿਉਂਤਬੰਦੀ ਜਾਂ ਪ੍ਰੋਗਰਾਮ ਹੈ ਅਤੇ ਨਾ ਹੀ ਸਮਾਜਕ ਜਾਂ ਧਾਰਮਿਕ ਪੱਧਰ 'ਤੇ। ਵਿਦਿਅਕ ਢਾਂਚਾ ਲੋਕਾਂ ਨੂੰ ਸਹੀ ਗਿਆਨ ਦੇਣ ਦੀ ਬਜਾਇ ਅੱਖਰ-ਗਿਆਨ ਦੇਣ ਤੱਕ ਹੀ ਮਹਿਦੂਦ ਹੋ ਗਿਆ ਜਾਪਦਾ ਹੈ। ਸਾਡੇ ਸਮਾਜ ਵਿੱਚ ਪੜ੍ਹੇ-ਲਿਖੇ ਅਗਿਆਨੀਆਂ ਦੀ ਗਿਣਤੀ ਅਨਪੜ੍ਹਾਂ ਨਾਲੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ। 'ਸ਼ੈਤਾਨ ਗੁਰੂ-ਬਾਬਿਆਂ' ਅਤੇ 'ਸਾਧਾਂ-ਸਿਆਣਿਆਂ' ਦੇ ਡੇਰਿਆਂ ਤੇ ਅਫਸਰਾਂ, ਅਧਿਆਪਕਾਂ, ਡਾਕਟਰਾਂ, ਮੁਲਾਜ਼ਮਾਂ ਦੀ ਹਾਜ਼ਰੀ/ਭੀੜ ਇਸ ਦਾ ਪ੍ਰਤੱਖ ਸਬੂਤ ਹੈ। ਅੱਜ ਦਾ ਟੀ. ਵੀ. ਮੀਡੀਆ ਵੀ ਲੋਕਾਈ ਨੂੰ ਗਿਆਨ ਦੇਣ ਦੀ ਥਾਂ, ਜਾਂ ਤਾਂ ਅਗਿਆਨਤਾ ਦਾ ਹਨੇਰਾ ਫੈਲਾਉਣ ਦਾ ਸਾਧਨ ਬਣਿਆ ਹੋਇਆ ਹੈ ਅਤੇ ਜਾਂ ਫਿਰ ਨਵੀਂ ਪੀੜ੍ਹੀ ਨੂੰ ਕੁਰਾਹੇ ਪਾਉਣ ਲਈ ਮਨੋਰੰਜਨ ਦੇ ਨਾਂ 'ਤੇ ਮਿੱਠਾ ਜ਼ਹਿਰ ਪਰੋਸ ਰਿਹਾ ਹੈ। ਇਸ ਸਭ ਕੁਝ ਨੂੰ ਠੱਲ੍ਹ ਪਾਉਣ ਜਾਂ ਲੋਕਾਂ ਦੀਆਂ ਸਮੱਸਿਆਵਾਂ ਦੇ ਸਹੀ ਹੱਲ ਲਈ ਕਿਸੇ ਪਾਸਿਓਂ ਵੀ ਕੋਈ ਕਾਰਗਰ ਯਤਨ ਨਹੀਂ ਹੋ ਰਿਹਾ। ਮਾਨਸਿਕ ਤਣਾਅ ਦੇ ਸ਼ਿਕਾਰ ਅਗਿਆਨੀ ਲੋਕ-ਮਾਨਸਿਕਤਾ, ਸਮੱਸਿਆਵਾਂ ਦੇ ਹੱਲ ਲਈ ਸਹੀ ਰਸਤਾ ਅਪਣਾਉਣ ਤੋਂ ਅਸਮਰਥ ਹੈ, ਜਿਸ ਕਰਕੇ ਉਹ ਜਾਦੂ-ਮੰਤਰ ਦੀ ਤਰ੍ਹਾਂ ਕੋਈ ਸੁਖਾਲਾ ਰਸਤਾ ਤਲਾਸ਼ਣ ਵੱਲ ਵਧੇਰੇ ਰੁਚੀ ਰੱਖਦੀ ਹੈ। ਭਾਵੇਂ ਅਜਿਹਾ ਹੋਣਾ ਸੰਭਵ ਨਹੀਂ ਫਿਰ ਵੀ ਅਗਿਆਨਤਾ ਵੱਸ ਲੋਕ ਸੁਖਾਲਾ ਰਸਤਾ ਸਮਝ ਕੇ ਅਖੌਤੀ 'ਗੁਰੂ-ਬਾਬਿਆਂ' ਅਤੇ 'ਸਾਧਾਂ-ਸਿਆਣਿਆਂ' ਦਾ ਸ਼ਿਕਾਰ ਬਣ ਰਹੇ ਹਨ।
'ਬਾਬਾ' ਹੋਣ ਦਾ ਦਾਅਵਾ ਕਰਨ ਵਾਲੇ ਇਹ ਦੰਭੀ ਤੇ ਫਰੇਬੀ, ਲੋਕਾਂ ਦੀ ਕਮਜ਼ੋਰ ਅਤੇ ਅਗਿਆਨੀ ਮਾਨਸਿਕਤਾ ਦਾ ਫਾਇਦਾ ਉਠਾ ਕੇ ਆਪਣੀ ਦੁਕਾਨਦਾਰੀ ਨੂੰ ਖੂਬ ਚਮਕਾ ਰਹੇ ਹਨ। ਇਨ੍ਹਾਂ ਝੂਠੇ 'ਗੁਰੂ-ਬਾਬਿਆਂ' ਦੀ ਮੌਜੂਦਗੀ ਸਮਾਜ ਨੂੰ ਮਾਨਸਿਕ ਤੌਰ ਤੇ ਕਮਜ਼ੋਰ/ਬਿਮਾਰ ਬਣਾਉਣ ਦਾ ਸਾਧਨ ਬਣ ਰਹੀ ਹੈ। ਲੋਕਾਂ ਦੇ ਸਮੇਂ, ਸ਼ਕਤੀ ਅਤੇ ਧਨ ਦੀ ਬਰਬਾਦੀ ਹੋ ਰਹੀ ਹੈ। ਸਿੱਧੇ-ਅਸਿੱਧੇ ਢੰਗ ਨਾਲ ਆਪੋ-ਆਪਣੇ 'ਬਾਬੇ' ਨੂੰ ਗੁਰੂ ਨਾਨਕ ਜਾਂ ਗੁਰੂ ਗੋਬਿੰਦ ਸਿੰਘ ਦਾ ਜਾਨਸ਼ੀਨ ਸਿੱਧ ਕਰਨ ਦੀ ਪ੍ਰਵਿਰਤੀ, ਸੱਚੇ ਗੁਰਾਂ ਦੀ ਪਵਿੱਤਰ ਧਰਤੀ 'ਪੰਜਾਬ' ਵਿੱਚ ਨਫਰਤ, ਵੈਰ-ਵਿਰੋਧ ਦਾ ਸਬੱਬ ਬਣ ਰਹੀ ਹੈ। ਨਕਲੀ ਨਿਰੰਕਾਰੀ, ਸੌਦਾ-ਸਾਧ, ਭਨਿਆਰੇ ਵਾਲੇ, ਨੂਰ-ਮਹਿਲੀਏ ਆਸ਼ੂਤੋਸ਼ ਦੇ ਘਿਨਾਉਣੇ ਕਾਂਡ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹਨ।
ਅਜਿਹੇ ਵਾਤਾਵਰਣ ਵਿੱਚ ਲੋਕਾਂ ਨੂੰ ਸਹੀ ਗਿਆਨ ਦੇਣ ਦੀ ਡਾਢੀ ਲੋੜ ਹੈ। ਗੁਰਬਾਣੀ ਦਾ ਸਹੀ ਗਿਆਨ ਦੰਭੀ, ਫਰੇਬੀ ਅਤੇ ਝੂਠੇ ਬਾਬਿਆਂ ਦੇ ਪਾਜ ਉਧੇੜ ਕੇ ਲੋਕਾਂ ਦਾ ਸਹੀ ਮਾਰਗ ਦਰਸ਼ਨ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹੈ। ਗੁਰਬਾਣੀ ਦੇ ਗਿਆਨ ਦੀ ਖੜਗ ਦੁਆਰਾ ਹਰ ਤਰ੍ਹਾਂ ਦੀ ਅਗਿਆਨਤਾ, ਭਰਮ, ਪਾਖੰਡ ਦਾ ਪਰਦਾਫਾਸ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਇਹ ਗੱਲ ਵੀ ਚੇਤੇ ਰੱਖਣ ਵਾਲੀ ਹੈ ਕਿ ਗੁਰਬਾਣੀ ਦੇ ਗਿਆਨ ਵਿੱਚ ਲੋਕਾਂ ਦੀ ਹਰ ਸਮੱਸਿਆ ਦਾ ਹੱਲ ਮੌਜੂਦ ਹੈ, ਲੋੜ ਸਿਰਫ਼ ਉਸ ਨੂੰ ਜਾਣ ਕੇ ਅਮਲੀ ਰੂਪ ਦੇਣ ਦੀ ਹੈ। ਗੁਰਬਾਣੀ ਦੇ ਗਿਆਨ ਪ੍ਰਕਾਸ਼ ਦੁਆਰਾ ਜੇ ਅਸੀਂ ਲੋਕਾਂ ਦੀਆਂ ਉਨ੍ਹਾਂ ਮਾਨਸਿਕ ਉਲਝਣਾਂ, ਪਰਿਵਾਰਕ ਅਤੇ ਹੋਰ ਸਮੱਸਿਆਵਾਂ ਦਾ ਹੱਲ ਦੇ ਸਕੀਏ, ਜਿਨ੍ਹਾਂ ਦੀ ਵਜ੍ਹਾ ਕਰਕੇ ਉਹ ਝੂਠੇ ਗੁਰੂ-ਬਾਬਿਆਂ ਦੇ ਚੁੰਗਲ ਵਿੱਚ ਫਸਦੇ ਹਨ ਤਾਂ ਕੋਈ ਕਾਰਨ ਨਹੀਂ ਕਿ ਇਸ ਤੋਂ ਬਾਅਦ ਵੀ ਕੋਈ ਦੰਭੀ ਬਾਬਾ ਪੰਜਾਬ ਦੀ ਧਰਤੀ 'ਤੇ ਟਿਕ ਸਕੇ। ਸਿੱਖੀ ਦੀ ਇਹ ਵਰਤਮਾਨ ਦਸ਼ਾ, ਗੁਰੂ ਤੋਂ ਬੇਮੁੱਖ ਹੋਣ ਕਾਰਣ ਹੋਈ ਹੈ, ਜਦੋਂ ਤੱਕ ਅਸੀਂ ਸਹੀ ਰੂਪ 'ਚ ਸੱਚੇ ਮਨੋਂ ਗੁਰੂ ਗ੍ਰੰਥ ਸਾਹਿਬ ਦੇ ਲੜ ਨਹੀਂ ਲੱਗਦੇ, ਗੁਰਬਾਣੀ ਦੀ ਨਹੀਂ ਮੰਨਦੇ, ਮਨਮੱਤ ਦਾ ਤਿਆਗ ਨਹੀਂ ਕਰਦੇ, ਉਦੋਂ ਤੱਕ ਸਿਵਾਏ, ਖੁਆਰ ਹੋਣ ਦੇ ਸਾਡੇ ਪੱਲੇ ਕੁਝ ਨਹੀਂ ਪੈਣਾ, ਸਾਧਾਂ-ਸੰਤਾਂ, ਪਾਖੰਡੀ ਗੁਰੂਆਂ, ਸਿਆਸੀ ਤੇ ਧਾਰਮਿਕ ਆਗੂਆਂ ਦੀਆਂ ਕਾਰਾਂ, ਕੋਠੀਆਂ ਤੇ ਕੈਸ਼ ਜ਼ਰੂਰ ਅਮਰਵੇਲ ਵਾਗੂੰ ਵੱਧਦੇ ਜਾਣਗੇ ਅਤੇ ਇਹ ਅਮਰਵੇਲ ਸਿੱਖੀ ਦੇ ਬੂਟੇ ਨੂੰ ਸੁਕਾ ਦੇਵੇਗੀ, ਇਸ ਲਈ ਲੋੜ ਹੈ ਕਿ ਅਸੀਂ ਜਾਗ ਜਾਈਏ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੱਚੇ ਮਨੋਂ 'ਗੁਰੂ' ਮੰਨਣਾ ਸ਼ੁਰੂ ਕਰ ਲਈਏ।

ਜਸਪਾਲ ਸਿੰਘ ਹੇਰਾਂ

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.