ਕੈਟੇਗਰੀ

ਤੁਹਾਡੀ ਰਾਇ



ਜਸਪਾਲ ਸਿੰਘ ਹੇਰਾਂ
ਝੂਠੇ ਪੁਲਿਸ ਮੁਕਾਬਲਿਆਂ ਦਾ ਲੇਖਾ-ਜੋਖਾ ਕਦੋਂ…..?
ਝੂਠੇ ਪੁਲਿਸ ਮੁਕਾਬਲਿਆਂ ਦਾ ਲੇਖਾ-ਜੋਖਾ ਕਦੋਂ…..?
Page Visitors: 2820

ਝੂਠੇ ਪੁਲਿਸ ਮੁਕਾਬਲਿਆਂ ਦਾ ਲੇਖਾ-ਜੋਖਾ ਕਦੋਂ…..?
23ਵਰੇ ਪਹਿਲਾਂ ਜਦੋਂ ਪੰਜਾਬ ’ਚ ਕਾਲਾ ਦੌਰ ਜਾਰੀ ਸੀ, ਪੰਜਾਬ ਪੁਲਿਸ ਯਮਰਾਜ ਦਾ ਰੂਪ ਧਾਰ ਚੁੱਕੀ ਸੀ ਅਤੇ ਸਿੱਖ ਨੌਜਵਾਨਾਂ ਦੀ ਝੂਠੇ ਪੁਲਿਸ ਮੁਕਾਬਲਿਆਂ ਹੇਠ ਕਤਲੋਗਾਰਤ ਕੀਤੀ ਜਾ ਰਹੀ ਸੀ, ਉਸ ਸਮੇਂ ਹੋਏ ਅਜਿਹੇ ਇਕ ਝੂਠੇ ਮੁਕਾਬਲੇ ’ਚ 5 ਸਿੱਖ ਨੌਜਵਾਨ, ਜਿਨਾਂ ’ਚ ਤਿੰਨ ਪੁਲਿਸ ਦੇ ਅੱਲੜ, ਨਵੇਂ ਰੰਗਰੂਟ ਜੁਆਨ ਵੀ ਸ਼ਾਮਲ ਸਨ, ਨੂੰ ਮਾਰੇ ਜਾਣ ਦਾ ਅਦਾਲਤ ਨੇ ਫੈਸਲਾ ਸੁਣਾਇਆ ਹੈ। ਝੂਠਾ ਪੁਲਿਸ ਮੁਕਾਬਲਾ ਕਰਕੇੇ ਤਰੱਕੀ ਲੈਣ ਵਾਲੇ 8 ਪੁਲਿਸ ਵਾਲਿਆਂ ਨੂੰ ਉਮਰ ਕੈਦ ਸੁਣਾਈ ਗਈ ਹੈ। ਇਸ ਤੋਂ ਪਹਿਲਾਂ ਵੀ ਦਰਜਨ ਤੋਂ ਵੱਧ ਅਜਿਹੇ ਫੈਸਲੇ ਆ ਚੁੱਕੇ ਹਨ, ਜਿਨਾਂ ’ਚ ਅਦਾਲਤ ਨੇ ਝੂਠੇ ਪੁਲਿਸ ਮੁਕਾਬਲੇ ਨੂੰ ਝੂਠਾ ਪੁਲਿਸ ਮੁਕਾਬਲਾ ਪ੍ਰਵਾਨ ਕਰਦਿਆਂ, ਦੋਸ਼ੀ ਪੁਲਿਸ ਵਾਲਿਆਂ ਨੂੰ ਸਜ਼ਾ ਸੁਣਾਈ ਹੈ। ਅਦਾਲਤ ਦੇ ਅਜਿਹੇ ਫੈਸਲੇ ਪੰਜਾਬ ਦੇ ਕਾਲੇ ਦੌਰ ’ਚ ਸਰਕਾਰੀ ਤਸ਼ੱਦਦ ਦਾ, ਜਿਸਨੇ ਪੰਜਾਬ ਦੀ ਧਰਤੀ ਨੂੰ ਲਹੂ ਨਾਲ ਲਾਲ ਕੀਤਾ ਅਤੇ ਜ਼ੋਰ-ਜਬਰ ਦੀ ਉਹ ਭਿਆਨਕ ਕਹਾਣੀ ਸਿਰਜੀ, ਜਿਸਨੂੰ ਸੁਣ-ਪੜ ਕੇ ਹਰ ਆਮ ਆਦਮੀ ਦੀ ਰੂਹ ਤੱਕ ਕੰਬ ਜਾਂਦੀ ਹੈ।
ਅੱਜ ਜਦੋਂ ਅਦਾਲਤ ਨੇ ਇਕ ਝੂਠੇ ਪੁਲਿਸ ਮੁਕਾਬਲੇ ਦਾ ਪਰਦਾ ਲਾਹਿਆ ਹੈ, ਸੱਚ ਸਾਹਮਣੇ ਲਿਆਂਦਾ ਹੈ ਤਾਂ ਉਨਾਂ 25 ਹਜ਼ਾਰ ਅਣਪਛਾਤੀਆਂ ਆਖ਼ ਕੇ ਸਿੱਖ ਜੁਆਨਾਂ ਦੀਆਂ ਸਾੜੀਆਂ ਗਈਆਂ ਲਾਸ਼ਾਂ ਅਤੇ ਪੰਜਾਬ ਦੀ ਹਰ ਨਹਿਰ, ਦਰਿਆ, ਬੀਆਬਾਨਾਂ ਦੇ ਕੰਢੇ ਆਏ ਦਿਨ ਅਜਿਹੇ ਝੂਠੇ ਪੁਲਿਸ ਮੁਕਾਬਲਿਆਂ ਦੀ ਰੀਲ ਹਰ ਸੱਚੇ ਇਨਸਾਨ ਦੇ ਮਨ ਮਸਤਕ ’ਤੇ ਚੱਲਣੀ ਸੁਭਾਵਿਕ ਹੈ। ਪੰਜਾਬ ’ਚ ਇਕ ਗਿਣੀ-ਮਿਥੀ ਸਾਜ਼ਿਸ ਅਧੀਨ ਸਿੱਖ ਜੁਆਨੀ ਦਾ ਘਾਣ ਕਰਨ ਲਈ ਝੂਠੇ ਪੁਲਿਸ ਮੁਕਾਬਲਿਆਂ ਦੀ ਖੁੱਲ ਕੇ ਖੇਡ ਖੇਡਣ ਦੀ ਆਗਿਆ ਦਿੱਤੀ ਗਈ। ਨਾ ਕੋਈ ਕਾਨੂੰਨ, ਨਾ ਕੋਈ ਅਪੀਲ, ਨਾ ਕੋਈ ਦਲੀਲ, ਜਿਹੜੀ ਘੜੀ-ਘੜਾਈ ਕਹਾਣੀ ਪੁਲਿਸ ਨੇ ਸੁਣਾ ਦਿੱਤੀ, ਉਸਨੂੰ ਹਰ ਕਿਸੇ ਨੇ ਪ੍ਰਵਾਨ ਕਰ ਲਿਆ।ਪੁਲਿਸ ਰਾਜ ਨੂੰ ਜੰਗਲ ਰਾਜ ਬਣਨ ਦੀ ਮੂਕ ਸਹਿਮਤੀ ਦੇ ਦਿੱਤੀ ਗਈ। ਸਿੱਖ ਕੌਮ ਦੀ ਇਸ ਕਾਲੇ ਦੌਰ ’ਚ ਨਸਲਕੁਸ਼ੀ ਕਰਨ ਦੀ ਕੋਝੀ ਕਮੀਨੀ, ਵਹਿਸ਼ੀ ਸਾਜ਼ਿਸ ਨੂੰ ਨੇਪਰੇ ਚਾੜਨ ਦਾ ਹਰ ਮੁਮਕਿਨ ਯਤਨ ਕੀਤਾ ਗਿਆ। ਦਰਬਾਰ ਸਾਹਿਬ ਦੇ ਸਾਕੇ ਸਮੇਂ ਪੰਜਵੇਂ ਪਾਤਸ਼ਾਹ ਦੀ ਮਹਾਨ ਸ਼ਹਾਦਤ ਨੂੰ ਨਤਮਸਤਕ ਹੋਣ ਪੁੱਜੀਆਂ ਹਜ਼ਾਰਾਂ ਸੰਗਤਾਂ ਨੂੰ ਜਿਨਾਂ ’ਚ ਬੱਚੇ, ਬੁੱਢੇ, ਔਰਤਾਂ ਸ਼ਾਮਲ, ਭਾਰਤੀ ਫੌਜ ਨੇ ਗੋਲੀਆਂ ਨਾਲ ਭੁੰਨ ਛੱਡਿਆ, ਕਾਲੇ ਦੌਰ ’ਚ 2 ਲੱਖ ਸਿੱਖ ਜੁਆਨ ਪੁਲਿਸ ਜਬਰ ਦਾ ਸ਼ਿਕਾਰ ਹੋਏ, ਨਵੰਬਰ 1984 ’ਚ ਦੇਸ਼ ਦੀਆਂ ਸੜਕਾਂ ’ਤੇ ਸਿੱਖਾਂ ਦਾ ਵਹਿਸ਼ੀਆਨਾ ਕਤਲੇਆਮ ਹੋਇਆ, ਪ੍ਰੰਤੂ ਦੇਸ਼ ਦੀ ਸਰਕਾਰ ਨੇ, ਦੇਸ਼ ਦੇ ਕਾਨੂੰਨ, ਦੇਸ਼ ਦੇ ਵਿਧਾਨ ਨੇ ਸਿੱਖਾਂ ਨੂੰ ਇਨਸਾਫ਼, ਦੇਣ ਦੀ ਲੋੜ ਨਹੀਂ ਸਮਝੀ।
ਝੂਠੇ ਪੁਲਿਸ ਮੁਕਾਬਲਿਆਂ ਤੇ 25 ਹਜ਼ਾਰ ਅਣਪਛਾਤੀਆਂ ਆਖ਼ ਕੇ ਸਾੜੀਆਂ ਸਿੱਖ ਨੌਜਵਾਨਾਂ ਦੀਆਂ ਲਾਸ਼ਾਂ ਦਾ ਇਨਸਾਫ਼ ਦੇਣਾ ਤਾਂ ਦੂਰ, ਇਸ ਭਿਆਨਕ, ਵਹਿਸ਼ੀ ਕਾਂਡ ’ਤੇ ਮਿੱਟੀ ਪਾਉਣ ਲਈ ਸਾਜ਼ਿਸੀ ਚੁੱਪ ਦਾ ਸੰਨਾਟਾ ਚਾਰੇ ਪਾਸੇ ਪਸਰਿਆ ਹੈ, ਨਾ ਕੋਈ ਹਿਸਾਬ ਮੰਗਣ ਵਾਲਾ ਤੇ ਨਾ ਕੋਈ ਹਿਸਾਬ ਦੇਣ ਵਾਲਾ, ਫ਼ਿਰ ਇਨਸਾਫ਼ ਕੌਣ ਦੇਊ ਤੇ ਕੌਣ ਲਊ ? ਕੁਰਬਾਨ ਹੋ ਗਿਆਂ ਦੇ ਨਾਮ, ਕੌਮਾਂ ਅੱਗੇ ਵੱਧਦੀਆਂ, ਪ੍ਰਾਪਤੀਆਂ ਤਾਂ ਕਰਦੀਆਂ ਹਨ, ਪ੍ਰੰਤੂ ਕੁਰਬਾਨ ਹੋ ਗਿਆਂ ਨੂੰ, ਭੁੱਲ ਜਾਣ ਵਾਲੀ, ਵਰਤਮਾਨ ਸਿੱਖ ਕੌਮ, ਆਪਣੇ ਵਿਰਸੇ ਤੋਂ ਲੱਖਾਂ-ਕੋਹਾਂ ਦੂਰ ਖੜੀ ਵਿਖਾਈ ਦੇਣ ਲੱਗ ਪਈ ਹੈ। ਹੱਕ ਲੈਣੇ ਤਾਂ ਦੂਰ ਇਨਸਾਫ਼, ਲੈਣ ਤੋਂ ਵੀ ਸੱਖਣੀ ਤੇ ਅਸਮਰੱਥ ਹੋ ਚੁੱਕੀ ਕੌਮ ਨੂੰ ਸਮੇਂ ਦੇ ਬੇਈਮਾਨ, ਮਕਾਰ, ਸ਼ੈਤਾਨ ਹਾਕਮ ਭਲਾ ਕੀ ਦਵਾਲ ਹਨ? ਅੱਜ ਜਦੋਂ ਇਕ ਪਾਸੇ ਬੰਦੀ ਸਿੰਘਾਂ ਦੀ ਰਿਹਾਈ ਦਾ ਸੰਘਰਸ਼, ਕੌਮ ਨੂੰ ਨਿਰਾਸਤਾ ਤੇ ਨਿੱਜਵਾਦ ਦੀ ਜਕੜ ਤੋਂ ਬਾਹਰ ਕੱਢਣ ਤੋਂ ਅਸਮਰੱਥ ਜਾਪ ਰਿਹਾ ਹੈ, ਉਸ ਸਮੇਂ ਝੂਠੇ ਪੁਲਿਸ ਮੁਕਾਬਲਿਆਂ ਦੀ ਉੱਚ ਪੱਧਰੀ ਜਾਂਚ, ਦੋਸ਼ੀ ਬੁੱਚੜ ਪੁਲਿਸ ਵਾਲਿਆਂ ਅਤੇ ਉਨਾਂ ਦੇ ਆਕਿਆਂ ਨੂੰ ਸਖ਼ਤ ਸਜ਼ਾਵਾਂ ਦੀ ਜ਼ੋਰਦਾਰ ਮੰਗ ਉੱਠਣ ਦੀ ਵੀ ਸਾਨੂੰ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ।
ਅੱਜ ਦੀ ਇਹ ਵੱਡੀ ਖ਼ਬਰ, ਕੱਲ ਨੂੰ ਭੁੱਲ-ਵਿਸਰ ਜਾਣੀ ਹੈ। ਪ੍ਰੰਤੂ ਫ਼ਿਰ ਵੀ ਅਸੀਂ ਗਫ਼ਲਤ, ਸੁਆਰਥ-ਪਦਾਰਥ, ਲੋਭ-ਲਾਲਸਾ ਤੇ ਨਿੱਜੀ, ਹਉਮੈ ਦੀ ਨੀਂਦ ਸੁੱਤੀ ਕੌਮ ਨੂੰ ਜਗਾਉਣ ਲਈ ਅਸੀਂ ਹੋਕਾ ਦਿੰਦੇ  ਰਹਾਂਗੇ ਅਤੇ ਉਮੀਦ ਕਰਾਂਗੇ ਕਿ ਕੌਮ ਦੇ ਕੌਮੀ ਘਰ ਦੇ ਪ੍ਰਵਾਨਿਆਂ ਦੀ ਸ਼ਹਾਦਤ ਨੂੰ ਕੌਮ ਭੁੱਲੇ ਨਾ, ਸਗੋਂ ਉਨਾਂ ਤੇ ਜ਼ੋਰ-ਜਬਰ ਕਰਨ ਵਾਲੀਆਂ ਧਿਰਾਂ ਨੂੰ ਅਸੀਂ ਕਟਿਹਰੇ ’ਚ ਖੜਾ ਕਰਨ ਲਈ ਜੋ ਕੁਝ ਕਰ ਸਕਦੇ ਹਾਂ, ਉਹ ਜ਼ਰੂਰ ਕਰੀਏ? 

ਜਸਪਾਲ ਸਿੰਘ ਹੇਰਾਂ

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.