ਕੈਟੇਗਰੀ

ਤੁਹਾਡੀ ਰਾਇ



ਜਸਪਾਲ ਸਿੰਘ ਹੇਰਾਂ
ਲ਼ੋਕ ਲਹਿਰ ਠੰਡੀ ਨਾ ਹੋਵੇ……
ਲ਼ੋਕ ਲਹਿਰ ਠੰਡੀ ਨਾ ਹੋਵੇ……
Page Visitors: 2815

ਲ਼ੋਕ ਲਹਿਰ ਠੰਡੀ ਨਾ ਹੋਵੇ……
ਭਾਵੇਂ ਕਿਸੇ ਮਾਸੂਮ ਦੀ ਮੌਤ ਤੇ, ਕਿਸੇ ਗਰੀਬ ਪਰਿਵਾਰ ਦੀ ਬੇਵੱਸੀ ਤੇ ਸਿਆਸਤ ਨਹੀਂ, ਹੋਣੀ ਚਾਹੀਦੀ। ਪ੍ਰੰਤੂ ਜ਼ੋਰ-ਜਬਰ, ਜ਼ੁਲਮ-ਤਸ਼ੱਦਦ, ਲੁੱਟ-ਖਸੁੱਟ ਤੇ ਧੱਕੇਸ਼ਾਹੀ ਵਿਰੁੱਧ ਡੱਟਣਾ, ਲੜਨਾ, ਸੰਘਰਸ਼ ਕਰਨਾ ਹਰ ਜਿੳੂਂਦੀ ਜ਼ਮੀਰ ਵਾਲੇ, ਇਨਸਾਫ਼ ਪਸੰਦ ਵਿਅਕਤੀ ਦਾ ਮੁੱਢਲਾ ਫਰਜ਼ ਹੈ। ਸਿੱਖੀ ’ਚ ਜ਼ੁਲਮ ਕਰਨਾ ਅਤੇ ਜ਼ੁਲਮ ਝੱਲਣਾ ਦੋਵੇਂ ਬਰਾਬਰ ਦੇ ਗੁਨਾਹ ਹਨ। ਮੋਗਾ ਕਾਂਡ ’ਚ ਪੀੜਤ ਪਰਿਵਾਰ ਨੇ ਸਰਕਾਰੀ ਦਬਾਅ ਅਤੇ ਆਪਣੀਆਂ ਮਜ਼ਬੂਰੀਆਂ ਦੇ ਚੱਲਦੇ ਸਮਝੌਤਾ ਕਰ ਲਿਆ, ਪ੍ਰੰਤੂ ਇਸ ਸਮਝੌਤੇ ਨੂੰ ਉਸ ਲੋਕ ਲਹਿਰ ਦੇ ਰਾਹ ’ਚ, ਉਸ ਸੰਘਰਸ਼ ਦੇ ਸਨਮੁੱਖ, ਜਿਹੜਾ ਪੰਜਾਬ ਦੀ ਪਵਿੱਤਰ ਧਰਤੀ ਤੇ ਹੁੰਦੇ ਜ਼ੋਰ-ਜਬਰ, ਵਿਰੁੱਧ ਉਠਿਆ ਹੈ, ਕਿਸੇ ਤਰਾਂ ਵੀ ਰੋੜਾ ਜਾਂ ਰੁਕਾਵਟ ਨਹੀਂ ਬਣਨ ਦੇਣਾ ਚਾਹੀਦਾ। ਮਾਸੂਮ ਬੱਚੀ ਅਰਸ਼ਦੀਪ ਦੀ ਮੌਤ ਇਸ ਸੰਘਰਸ਼ ਦੀ ਬੁਨਿਆਦ ਬਣੀ ਹੈ, ਪ੍ਰੰਤੂ ਇਹ ਸੰਘਰਸ਼ ਪੰਜਾਬ ਦੀ ਇਕ ਅਰਸ਼ਦੀਪ ਲਈ ਨਹੀਂ, ਸਗੋਂ ਉਨਾਂ ਲੱਖਾਂ ਧੀਆਂ ਲਈ, ਉਨਾਂ ਲੱਖਾਂ ਪੀੜਤਾਂ ਲਈ ਜਿਹੜੇ ਪੰਜਾਬ ’ਚ ਮਾਫ਼ੀਏ ਦੀ ਗੁੰਡਾਗਰਦੀ ਅਤੇ ਪੰਜਾਬ ’ਚ ਜੰਗਲ ਰਾਜ ਦੇ ਵਹਿਸ਼ੀਪੁਣੇ ਕਾਰਣ ਪੀੜਤ ਹਨ, ਦਹਿਸ਼ਤ ਦਾ ਸ਼ਿਕਾਰ ਹਨ, ਲੁੱਟੇ ਜਾ ਰਹੇ ਹਨ, ਕੁੱਟੇ ਜਾ ਰਹੇ ਹਨ, ਤਬਾਹ ਹੋ ਰਹੇ ਹਨ, ਉਨਾਂ ਦੇ ਦੁੱਖਾਂ-ਦਰਦਾਂ, ਪੀੜਾਂ ਤੇ ਗਮਾਂ ਦੀ ਰਾਤ ਦੇ ਖ਼ਾਤਮੇ ਲਈ ਹੈ।
  ਅੱਜ ਪੰਜਾਬ ’ਚ ਲੋਕ ਲਹਿਰ ਦੀ ਵੱਡੀ ਲੋੜ ਹੈ। ਕਿਉਂਕਿ ਸਮੇਂ ਦੀ ਜਾਬਰ ਹਕੂਮਤ ਅਤੇ ਜ਼ਾਲਮ, ਭਿ੍ਰਸ਼ਟ ਹਾਕਮਾਂ ਦੇ ਜ਼ੁਲਮ ਨੂੰ, ਹੰਕਾਰ ਨੂੰ, ਹੈਂਕੜ ਨੂੰ ਨਕੇਲ ਪਾਉਣ ਲਈ ਪੰਜਾਬ ਦੇ ਜਝਾਰੂ ਲੋਕਾਂ ਦੀ ਲੋਕ ਲਹਿਰ ਜ਼ਰੂਰੀ ਹੈ। ਅਸੀਂ ਕਿਸੇ ਦੇ ਨਿੱਜੀ ਵਿਰੋਧੀ ਨਹੀਂ, ਪ੍ਰੰਤੂ ਇਸ ਸੱਚ ਨੂੰ ਦੁਨੀਆ ਦੀ ਕੋਈ ਤਾਕਤ, ਪ੍ਰਵਾਨ ਕਰਨ ਤੋਂ ਇਨਕਾਰ ਨਹੀਂ ਕਰ ਸਕਦੀ ਕਿ ਪੰਜਾਬ ਇਸ ਸਮੇਂ ਆਰਥਿਕ ਰੂਪ ’ਚ ਬਰਬਾਦੀ ਦੇ ਕੰਢੇ ਤੇ ਖੜਾ ਹੈ, ਰਾਜਸੀ ਤੌਰ ਤੇ ਦੀਵਾਲੀਆ ਹੋ ਗਿਆ ਹੈ, ਸਮਾਜਿਕ ਤਾਣਾ-ਬਾਣਾ ਬੁਰੀ ਤਰਾਂ ਉਲਝ ਗਿਆ ਹੈ, ਨਸ਼ਿਆਂ ਕਾਰਣ ਪੰਜਾਬ ਦੀ ਜੁਆਨੀ ਸਿਵਿਆ ਦੇ ਰਾਹ ਪੈ ਚੁੱਕੀ ਹੈ, ਕਰਜ਼ੇ ਦਾ ਦੈਂਤ ਕਿਸਾਨਾਂ ਨੂੰ ਨਿਗਲ ਰਿਹਾ ਹੈ, ਭਿ੍ਰਸ਼ਟ ਅਫ਼ਸਰਸ਼ਾਹੀ ਕਾਰਣ ਇਨਸਾਫ਼ ਪ੍ਰਾਪਤੀ ਅਸੰਭਵ ਹੋ ਗਈ, ਸਰਕਾਰੀ ਤੰਤਰ ਸਿਰਫ਼ ਇਕ ਪਰਿਵਾਰ ਦਾ ਗੁਲਾਮ ਬਣ ਕੇ ਰਹਿ ਗਿਆ ਹੈ। ਬੇਰੁਜ਼ਗਾਰੀ ਦਿਨੋ-ਦਿਨ ਵੱਧਦੀ ਜਾ ਰਹੀ ਹੈ, ਜਿਸ ਕਾਰਣ ਦੋ ਡੰਗ ਦੀ ਰੋਟੀ ਦਾ ਜੁਗਾੜ, ਆਮ ਆਦਮੀ ਦੇ ਵੱਸੋਂ ਬਾਹਰ ਹੋ ਗਿਆ ਤੇ ਗੁਰੂਆਂ ਦੇ ਨਾਮ ਵੱਸਦੇ ਪੰਜਾਬ ’ਚ ਜਿੱਥੇ ਦਿਨ-ਦਿਹਾੜੇ ਧੀਆਂ-ਭੈਣਾਂ ਸੁਰੱਖਿਅਤ ਨਹੀਂ ਰਹੀਆਂ, ਉਥੇ ਖਦਕੁਸ਼ੀਆਂ ਦੀ ਭਿਆਨਕ ਦਾਸਤਾਨ ’ਚ ਆਏ ਦਿਨ ਨਵਾਂ ਵਾਧਾ ਹੋ ਰਿਹਾ ਹੈ। ਪੰਜਾਬ ’ਚ ਨਸ਼ੇ, ਗੰਭੀਰ ਖ਼ਤਰਨਾਕ ਬੀਮਾਰੀਆਂ ਤੇ ਕਰਜ਼ਿਆਂ ਅਤੇ ਧੱਕੇਸ਼ਾਹੀਆਂ ਕਾਰਣ ਹੁੰਦੀਆਂ ਖੁਦਕੁਸ਼ੀਆਂ ਕਾਰਣ, ਪੰਜਾਬ ’ਚ ਵਿਛੱਦੇ ਸੱਥਰਾਂ ਦੀ ਗਿਣਤੀ ਕਰਨੀ ਸੰਭਵ ਨਹੀਂ ਰਹੀ। ਅਜਿਹੇ ਭਿਆਨਕ, ਮਾੜੇ ਹਾਲਾਤਾਂ ਕਾਰਣ ਲੋਟੂ ਨਿਜ਼ਾਮ ਵਿਰੁੱਧ ਲੋਕ ਲਹਿਰ ਨਹੀਂ ਉਠਦੀ ਤਾਂ ਇਹ ਪੰਜਾਬ ਦੀ ਸਭ ਤੋਂ ਵੱਡੀ ਬਦਕਿਸਮਤੀ ਹੋਵੇਗੀ। ਅਜਿਹੀ ਜਾਬਰ ਹਕੂਮਤ ਨੂੰ ਸਿੱਧੇ ਰਾਹ ਪਾਉਣ ਜਾਂ ਉਸਦਾ ਭੋਗ ਪਾਉਣ ਲਈ ਲੋਕ ਘੋਲ, ਲੋਕ ਲਹਿਰ, ਲੋਕ ਸੰਘਰਸ਼ ਖੜਾ ਕਰਨਾ ਹੀ ਸਾਡੇ ਦੁੱਖਾਂ ਦਾ ਇੱਕੋ-ਇਕ ਦਾਰੂ ਹੈ।
  ਜਾਬਰ ਸਰਕਾਰ ਹਮੇਸ਼ਾ ਲੋਕ ਲਹਿਰ ਤੋਂ ਕੰਬਦੀ ਹੈ, ਤ੍ਰਬਕਦੀ ਹੈ, ਡਰਦੀ ਹੈ। ਇਸ ਲਈ ਅੱਜ ਪੀੜਤ ਪਰਿਵਾਰ ਦੇ ਬੇਵੱਸੀ ਵਾਲੇ ਸਮਝੌਤੇ ਨੂੰ ਇਕ ਪਾਸੇ ਰੱਖਕੇ, ਪੰਜਾਬ ਦੀ ਹੋਂਦ ਦੀ ਰਾਖ਼ੀ ਨੂੰ ਲੜਾਈ ਦਾ, ਸੰਘਰਸ਼ ਦਾ, ਲੋਕ ਲਹਿਰ ਦਾ ਮੁੱਦਾ, ਮਿਸ਼ਨ ਅਤੇ ਨਿਸ਼ਾਨਾ ਬਣਾਉਣਾ ਚਾਹੀਦਾ ਹੈ। ਅੱਜ ਅਰਸ਼ਦੀਪ ਦੀ ਮੌਤ ਨੇ ਪੰਜਾਬ ਦੇ ਲੋਕਾਂ ਦੇ ਰੋਹ ਨੂੰ ਜਗਾਇਆ ਹੈ। ਉਸ ਰੋਹ ਦੀ ਲੋਅ ਨੂੰ, ਉਸ ਰੋਸ ਦੇ ਸੇਕ ਨੂੰ ਹੁਣ ਗੰਦੀਆਂ ਸਿਆਸੀ ਖੇਡਾਂ ਨਾਲ ਦਬਾਉਣ ਦੀ ਕਈ ਪਾਸਿਆਂ ਤੋਂ ਕੋਝੀ ਸਾਜ਼ਿਸ ਨਾਲ ਗੰਦੀ ਖੇਡ, ਖੇਡੀ ਜਾਣ ਲੱਗ ਪਈ ਹੈ। ਹਰ ਜਾਗਰੂਕ ਤੇ ਪੰਜਾਬ ਦਰਦੀ ਨੂੰ ਇਸ ਤੋਂ ਸੁਚੇਤ ਰਹਿ ਕੇ, ਪੰਜਾਬ ’ਚ ਜੰਗਲ ਰਾਜ ਦੇ ਖ਼ਾਤਮੇ ਲਈ ਕੀਤੇ ਕਮਰਕੱਸੇ ਨੂੰ ਢਿੱਲਾ ਨਹੀਂ ਪੈਣ ਦੇਣਾ ਚਾਹੀਦਾ। ਧੜੇਬੰਦੀਆਂ, ਨਿੱਜੀ ਗਰਜਾਂ, ਲੋਭ ਲਾਲਸਾ ਤੇ ਪਾਰਟੀਬਾਜ਼ੀ, ਪੰਜਾਬ ਦੀ ਰਾਖ਼ੀ ਅਤੇ ਪਹਿਰੇਦਾਰੀ ਤੇ ਭਾਰੂ ਨਹੀਂ ਪੈਣੀ ਚਾਹੀਦੀ। ਇਹੋ ਉਸ ਬੱਚੀ ਨੂੰ ਜਿਸਦੀ ਜਾਨ, ਪੰਜਾਬ ’ਚ ਮਾਫ਼ੀਏ ਤੇ ਜੰਗਲ ਰਾਜ ਨੇ ਲਈ ਹੈ, ਸਾਡੀ ਸੱਚੀ ਸ਼ਰਧਾਂਜਲੀ ਹੋਵੇਗੀ।
ਜਸਪਾਲ ਸਿੰਘ ਹੇਰਾਂ

 

 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.