ਕੈਟੇਗਰੀ

ਤੁਹਾਡੀ ਰਾਇ



ਜਸਪਾਲ ਸਿੰਘ ਹੇਰਾਂ
ਸਿੱਖ ਆਪਣੇ ਨਿਸ਼ਾਨੇ “ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ” ਨੂੰ ਕਿਉਂ ਭੁੱਲੇ….?
ਸਿੱਖ ਆਪਣੇ ਨਿਸ਼ਾਨੇ “ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ” ਨੂੰ ਕਿਉਂ ਭੁੱਲੇ….?
Page Visitors: 3919

ਸਿੱਖ ਆਪਣੇ ਨਿਸ਼ਾਨੇ “ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ” ਨੂੰ ਕਿਉਂ ਭੁੱਲੇ….?
    ਕੌਮੀ ਨਿਸ਼ਾਨੇ ਦੀ ਪ੍ਰਾਪਤੀ ਲਈ ਕੌਮਾਂ ਜੂਝਦੀਆਂ ਰਹਿੰਦੀਆਂ ਹਨ, ਭਾਵੇਂ ਇਸ ਪ੍ਰਾਪਤੀ ਦੀ ਲੜਾਈ ਦੀ ਰਣਨੀਤੀ, ਢੰਗ-ਤਰੀਕੇ, ਹਥਿਆਰ, ਸਮੇਂ-ਸਮੇਂ, ਸਮੇਂ ਦੀ ਨਜ਼ਾਕਤ ਅਨੁਸਾਰ ਬਦਲੇ ਜਾਂਦੇ ਹਨ, ਸਿੱਖੀ ਦੀ ਬੁਨਿਆਦ, ਇਸ ਧਰਤੀ ਤੇ ਹਲੀਮੀ ਰਾਜ ਦੀ ਸਥਾਪਤੀ ਲਈ ਮਹਾਨ ਇਨਕਲਾਬੀ ਰਹਿਬਰ, ਜਗਤ ਬਾਬਾ ਸਾਹਿਬ ਸ੍ਰੀ ਗੁਰੂ ਨਾਨਕ ਜੀ ਮਹਾਰਾਜ ਨੇ ਕੀਤੀ ਸੀ ਅਤੇ ਬਾਕੀ ਗੁਰੂ ਸਾਹਿਬਾਨ ਨੇ ਇਸ ਹਲੀਮੀ ਰਾਜ ਦੀ ਬੁਨਿਆਦ ਨੂੰ ਪੁਖ਼ਤਾ ਕਰਨ ਲਈ ਆਪੋ-ਆਪਣਾ ਯੋਗਦਾਨ ਪਾਇਆ ਅਤੇ ਆਖ਼ਰ ਦਸ਼ਮੇਸ਼ ਪਿਤਾ ਨੇ ਇਸ ਨਿਰਮਲ ਪੰਥ ਨੂੰ ਖਾਲਸਾ ਪੰਥ ਦਾ ਰੂਪ ਦੇ ਕੇ ਦੁਨੀਆਂ ਦੀ ‘ਸਿਰਦਾਰੀ’ ਬਖ਼ਸ਼ ਦਿੱਤੀ ਅਤੇ ਰਾਜ ਕਰੇਗਾ ਖਾਲਸਾ ਦਾ ਨਾਅਰਾ ਬੁਲੰਦ ਕਰਵਾਇਆ। ਸਿੱਖ ਤੇ ਗੁਲਾਮੀ ਦੋ ਅਜਿਹੇ ਵਿਰੋਧੀ ਸ਼ਬਦ ਹਨ, ਜਿਹੜੇ ਦਰਿਆਵਾਂ ਦੇ ਕਿਨਾਰਿਆਂ ਅਤੇ ਦਿਨ-ਰਾਤ ਵਾਗੂੰ ਇਕੱਠੇ ਨਹੀਂ ਹੋ ਸਕਦੇ। ਸਿੱਖ ਲਈ ਆਜ਼ਾਦੀ ਉਸ ਦੀ ਵਿਰਾਸਤ ਦੀ ਗੁੜਤੀ ਹੈ, ਇਸ ਲਈ ਸਿੱਖਾਂ ਨੇ ਹਮੇਸ਼ਾ ਕੌਮੀ ਨਿਸ਼ਾਨਾਂ ਦੇ ਝੂਲਦੇ ਰਹਿਣ ਲਈ ਅਥਾਹ ਕੁਰਬਾਨੀਆਂ ਕੀਤੀਆਂ ਅਤੇ ਪਹਿਲਾ 800 ਸਾਲ ਤੋਂ ਜੰਮੀ ਜ਼ਾਲਮ ਮੁਗ਼ਲ ਹਕੂਮਤ ਨੂੰ ਅਤੇ ਫਿਰ ਫਿਰੰਗੀ ਸਰਕਾਰ ਨੂੰ ਜੜੋਂ ਪੁੱਟ ਕੇ ਵਗਾਹ ਮਾਰਿਆ।
      ਕਦੇਂ ਅਸੀਂ ਰਾਜ ਕਰੇਗਾ ਖਾਲਸਾ ਦੇ ਨਾਅਰੇ ਨਾਲ ਵਿਸ਼ਵ ਵਿਆਪੀ ਹਲੀਮੀ ਰਾਜ ਦੇ ਝੰਡਾ ਬਰਦਾਰ ਸੀ, ਫਿਰ ਸਿੱਖ ਹੋਮਲੈਂਡ ਦੀ ਮੰਗ ਕੀਤੀ, ਫਿਰ ਆਨੰਦਪੁਰ ਸਾਹਿਬ ਦੇ ਮਤੇ ਅਤੇ ਹਿੰਦੁਸਤਾਨ ਹਕੂਮਤ ਦੇ ਜ਼ੁਲਮੀ ਤੇਵਰਾਂ ਤੋਂ ਬਾਅਦ ‘ਖਾਲਿਸਤਾਨ ਐਲਾਨਨਾਮੇ’ ਤੱਕ ਪੁੱਜੇ। ਅੱਜ ਜਦੋਂ ਸਿੱਖ ਹੋਮਲੈਂਡ ਦੀ ਮੰਗ, ਜਿਹੜੀ ਸਮੁੱਚੇ ਪੰਥ ਅੱਜ ਤੋਂ 48 ਵਰੇ ਪਹਿਲਾ 4 ਜੁਲਾਈ 1965 ਨੂੰ ਕੌਮ ਦੇ ਮਹਾਨ ਜਰਨੈਲ ਹਰੀ ਸਿੰਘ ਨਲੂਆ ਦੇ ਨਾਂਅ ਤੇ ਉਸਾਰੇ ਗਏ ਪੰਡਾਲ ’ਚ ਲੁਧਿਆਣਾ ਵਿਖੇ ਜੈਕਾਰਿਆਂ ਦੀ ਗੂੰਜ ’ਚ ਕੀਤੀ, ਅੱਜ ਦੇ ਹਾਲਤ ਮੰਗ ਕਰਦੇ ਹਨ ਕਿ ਵਰਤਮਾਨ ਪ੍ਰਸਥਿਤੀਆਂ ’ਚ, ਸਿੱਖ ਹੋਮਲੈਂਡ ਵਰਗੀ ਕੌਮ ਦੀ ਅਜ਼ਾਦੀ ਦੀ ਚਿਣਗ ਬਾਰੇ, ਜਿਹੜੀ ਕੌਮ ਦੇ ਜਨਮ ਨਾਲ ਹੀ ਪੈਦਾ  ਹੋਈ ਹੈ। ਉਸ ਚਿਣਗ ਨੂੰ ਹਮੇਸ਼ਾ ਜਗਾਈ ਰੱਖਣ ਅਤੇ ਕੌਮੀ ਨਿਸ਼ਾਨੇ ਦੀ ਪ੍ਰਾਪਤੀ ਲਈ ਕੌਮ ਦੀ ਵਰਤਮਾਨ ਮਾਨਸਿਕ ਦਿਸ਼ਾ ਅਤੇ ਦਸ਼ਾ ਅਨੁਸਾਰ ਰਣਨੀਤੀ ਘੜਨ ਦੀ ਲੋੜ ਹੈ।
ਗੁਰੂ ਨਾਨਕ ਸਾਹਿਬ ਨੇ ਜਿਸ ਇਨਕਲਾਬੀ ਧਰਮ ਦੀ ਨੀਂਹ ਰੱਖੀ, ਪੰਜਵੇਂ ਪਾਤਸ਼ਾਹ ਨੇ ਕੌਮ ਨੂੰ ਸ਼ਹਾਦਤਾਂ ਦਾ ਸਬਕ ਸਿਖਾਇਆ, ਛੇਵੇਂ ਗੁਰੂ ਨੇ ਮੀਰੀ-ਪੀਰੀ ਦਾ ਸਿਧਾਂਤ ਦਿੱਤਾ ਅਤੇ ਨੌਵੇਂ ਪਾਤਸ਼ਾਹ ਨੇ ਸਿਦਕ ਨਾਲ ਜ਼ੁਲਮ ਜਬਰ ਵਿਰੁੱਧ ਲੜਨ ਦੀ ਦਿ੍ਰੜਤਾ ਬਖ਼ਸ਼ੀ। ਇਸ ਸਿਧਾਂਤਕ ਕੁਠਾਲੀ ’ਚ ਤੱਪ ਕੇ ਕੁੰਦਨ ਬਣੀ ਕੌਮ ਨੂੰ ਦਸਮੇਸ਼ ਪਿਤਾ ਨੇ ‘ਖਾਲਸਾ ਰਾਜ’ ਤੇ ਦੁਨੀਆ ਦੀ ‘ਸਿਰਦਾਰੀ’ ਬਖਸ਼ੀ ਸੀ ਤਾਂ ਇਸ ਸਾਰੇ ਸਫ਼ਰ ਦਾ ਇੱਕੋ-ਇੱਕ ਮਨੋਰਥ ਇਸ ਧਰਤੀ ਤੇ ਹਰ ਮਨੁੱਖ ਦਾ ‘ਹਲੀਮੀ ਰਾਜ’ ਸਥਾਪਿਤ ਕਰਨਾ ਸੀ, ਜਿਸ ’ਚ ‘ਸਭੈਂ ਏਕੇ ਪਹਿਚਾਨਬੋ’ ਤੇ ‘ਸਰੱਬਤ ਦਾ ਭਲਾ’ ਦੇ ਮਿਸ਼ਨ ਨੇ ਮਨੁੱਖੀ ਮਨਾਂ ’ਚੋਂ ਈਰਖਾ, ਹੳੂਮੈ, ਲੋਭ, ਲਾਲਚ, ਸੁਆਰਥ ਵਰਗੀਆਂ ਭਾਵਨਾਵਾਂ ਖ਼ਤਮ ਕਰਕੇ ਸੇਵਾ, ਪਰਉਪਕਾਰ, ਤਿਆਗ, ਹਲੀਮੀ ਤੇ ਕੁਰਬਾਨੀ ਵਰਗੇ ਗੁਣ ਪੈਂਦਾ ਕਰਨੇ ਸਨ। ਗੁਰੂ ਸਾਹਿਬਾਨ ਦਾ ਪਹਿਲਾ ਮਿਸ਼ਨ ਹਰ ਮਨੁੱਖ ’ਚੋਂ ਗੁਲਾਮੀ ਦੀ ਭਾਵਨਾ ਨੂੰ ਖ਼ਤਮ ਕਰਕੇ ਇਹ ਦਿ੍ਰੜ ਕਰਵਾਉਣਾ ਸੀ ਕਿ ਹਰ ਮਨੁੱਖ ਅਜ਼ਾਦ ਜੰਮਦਾ ਹੈ ਅਤੇ ਅਜ਼ਾਦੀ ਉਸ ਦਾ ਜਮਾਂਦਰੂ ਹੱਕ ਹੈ। ਇਸ ਲਈ ਸਿੱਖ ਮਨਾਂ ’ਚ ਕਦੇ ਵੀ ‘ਰਾਜ ਕਰੇਗਾ ਖਾਲਸਾ’ ਦਾ ਸੰਕਲਪ ਮਨਫ਼ੀ ਨਹੀਂ ਹੋ ਸਕਦਾ, ਪ੍ਰੰਤੂ ਅੱਜ ਕੌਮ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਕੌਮੀ ਵਿਹੜੇ ’ਚ ਗੁਰਮਤਿ ਵਿਚਾਰਧਾਰਾ ਦਾ ਖਲਾਆ ਪੈਦਾ ਹੋ ਗਿਆ ਹੈ, ਕੌਮ, ਕੌਮੀ ਨਿਸ਼ਾਨੇ ਤੋਂ ਤਾਂ ਥਿੜਕੀ ਹੀ ਸੀ, ਉਹ ਆਪਣੀ ਬੁਨਿਆਦ ਤੋਂ ਹੀ ਦੂਰ ਹੁੰਦੀ ਜਾ ਰਹੀ ਹੈ। ਬਿਨਾਂ ਬੁਨਿਆਦ ਕੌਮੀ ਘਰ ਦੀ ਉਸਾਰੀ ਦੇ ਸੁਪਨੇ ਵੇਖਣਾ, ਦਿਨੇ ਸੁਪਨੇ ਲੈਣ ਵਰਗਾ ਹੀ ਹੋਵੇਗਾ।
       ਪਦਾਰਥਵਾਦ ਨੇ ਕੌਮੀ ਆਗੂਆਂ ਨੂੰ ਸੁਆਰਥੀ ਬਣਾ ਦਿੱਤਾ ਅਤੇ ਕੌਮ ਨੂੰ ਆਡੰਬਰਵਾਦ ਦੀ ਦਲਦਲ ’ਚ ਸੁੱਟ ਦਿੱਤਾ, ਜਿਸ ਕਾਰਨ ਪਤਿਤਪੁਣੇ, ਨਸ਼ਿਆਂ, ਲੋਭ-ਲਾਲਚ, ਨਿੱਜੀ ਹੳੂਮੈ ਤੇ ਈਰਖਾ ਨੇ ਕੌਮ ਤੇ ਆਪਣਾ ਗ਼ਲਬਾ ਜਮਾ ਲਿਆ ਹੈ। ਜਿਸ ਸਦਕਾ ਸਿੱਖੀ ਦੀ ਰੂਹ ਉਡਾਰੀ ਮਾਰ ਗਈ ਹੈ ਤੇ ਬਾਕੀ ਕਲਬੂਤ ਹੀ ਬਚਿਆ ਹੈ। ਪ੍ਰੰਤੂ ਪ੍ਰਾਪਤੀਆਂ ਤਾਂ ਰੂਹਾਂ ਹੀ ਕਰਦੀਆਂ ਹਨ।ਸਾਨੂੰ ਆਖ਼ਰ ਇਹ ਤਾਂ ਸੋਚਣਾ ਹੀ ਪਵੇਗਾ ਕਿ ਜਿਸ ਖਾਲਸੇ ਨੇ ਆਪਣੇ ਜਨਮ ਦੇ ਪਹਿਲੇ ਦਹਾਕੇ ’ਚ ਹੀ ਸਦੀਆਂ ਤੋਂ ਜੰਮੀ ਮੁਗਲ ਰਾਜ ਦੀ ਜੜ ਪੁੱਟ ਕੇ ਆਪਣਾ ਰਾਜ ਸਥਾਪਿਤ ਕਰ ਲਿਆ ਸੀ ਅਤੇ ਜਿਹੜੇ ਘੋੜਿਆਂ ਦੀਆਂ ਕਾਠੀਆਂ ਤੇ ਰਹਿੰਦੇ ਹੋਏ ਮੁਗਲ ਰਾਜ ਨੂੰ ਕੰਬਾਈ ਰੱਖਦੇ ਸਨ, ਉਹ ਖਾਲਸਾ ਪੰਥ ਹੁਣ ਆਪਣੇ ਨਾਲ ਹੁੰਦੀ ਧੱਕੇਸ਼ਾਹੀ ਦਾ ਇਨਸਾਫ਼ ਲੈਣ ਤੋਂ ਵੀ ਕਿਉਂ ਅਸਮਰੱਥ ਹੋ ਗਿਆ ਹੈ? ਉਹ ਸਿਵਾਏ ਆਪਣੇ ਭਰਾਵਾਂ ਦੀਆਂ ਪੱਗਾਂ ਲਾਹੁੰਣ ਤੋਂ ਇਲਾਵਾ ਹੋਰ ਕੁਝ ਕਰਨ ਜੋਗਾ ਹੀ ਨਹੀਂ ਰਿਹਾ? ਸਾਨੂੰ ਅੱਜ ਆਪਣੇ ਵਰਤਮਾਨ ਚਰਿੱਤਰ ਦਾ ਫ਼ਰਕ ਲੱਭਣਾ ਤੇ ਸਮਝਣਾ ਹੋਵੇਗਾ। ਆਧੁਨਿਕ ਸਮੇਂ ਨੇ ਸਾਡੀ ਕੌਮ ਤੋਂ ਭਗਤੀ ਤੇ ਸ਼ਕਤੀ ਦੀ ਸਾਂਝ ਖੋਹ ਲਈ ਹੈ। ਅਸੀਂ ਗੁਰਮਤਿ ਵਿਚਾਰਧਾਰਾ ਨੂੰ ਸਿਰਫ਼ ਗਿਆਨ ਦਾ ਸਾਧਨ ਬਣਾ ਲਿਆ ਹੈ, ਸਾਡੇ ਅਮਲੀ ਜੀਵਨ ’ਚੋਂ ਇਹ ਆਲੋਪ ਹੋ ਗਈ ਹੈ।
            ਗੁਰੂ ਸਾਹਿਬ ਨੇ ਸ਼ੁਰੂ ’ਚ ਹੀ ਸਾਫ਼ ਕਰ ਦਿੱਤਾ ਸੀ ਕਿ ‘ਬਿਪਰਨ ਦੀ ਰੀਤ’ ਤੁਰਨ ਵਾਲੇ ਦੀ ਮੈਂ ਕਦੇ ਪ੍ਰਤੀਤ ਨਹੀਂ ਕਰੂੰਗਾ। ਜਦੋਂ ਅਸੀਂ ਗੁਰੂ ਦਾ ਭਰੋਸਾ ਹੀ ਗੁਆ ਲਿਆ ਹੈ, ਉਸਦੇ ਅਸ਼ੀਰਵਾਦ ਤੋਂ ਵੀ ਵਾਂਝੇ ਹੋ ਗਏ ਹਾਂ, ਫਿਰ ਸ਼ਕਤੀ ਕਿੱਥੋਂ ਭਾਲਦੇ ਹਾਂ? ਕੌਮ ਦੇ ਵਿਹੜੇ ’ਚ ਗੁਰਮਤਿ ਦਾ ਵੱਡਾ ਖਲਾਅ ਪੈਦਾ ਹੋ ਗਿਆ ਹੈ, ਪੰਥਕ ਸੋਚ ਉਡ-ਪੁੱਡ ਗਈ ਹੈ, ਕੋਠੀਆਂ, ਕਾਰਾਂ, ਨੋਟਾਂ ਤੇ ਐਸ਼ ਪ੍ਰਸ਼ਤੀ ਦੀ ਭੁੱਖ ਨੇ ਸਿੱਖੀ ਸਿਦਕ ਨੂੰ ਨਿਗਲ ਗਿਆ ਹੈ। ਜਿਸ ਸਦਕਾ ਗੁਰਮਤਿ ਦੀ ਪੌੜੀ ਦਾ ਪਹਿਲਾ ਡੰਡਾ ਨਿਸ਼ਕਾਮ ਸੇਵਾ ਤੇ ਕੁਰਬਾਨੀ ਦਾ ਜ਼ਜਬਾ ਕੌਮ ਨੂੰ ਵਿਖਾਈ ਦੇਣਾ ਬੰਦ ਹੋ ਗਿਆ ਹੈ। ਜਦੋਂ ਅਸੀਂ ਹਰ ਮੈਦਾਨ ਫਤਹਿ ਦੇ ਪਹਿਲੇ ਡੰਡੇ ਤੇ ਪੈਰ ਧਰਨ ਜੋਗੇ ਹੀ ਨਹੀਂ ਰਹੇ, ਫਿਰ ਪ੍ਰਾਪਤੀਆਂ ਦੇ ਸਿਖ਼ਰ ਤੇ ਕਿਵੇਂ ਪੁੱਜਾਂਗੇ। ਆਓ, ਪੰਥਕ ਲੀਡਰਸ਼ਿਪ ਦੇ ਖਲਾਅ ਨੂੰ ਪੂਰ ਕੇ, ਪੰਥਕ ਕਾਫ਼ਲੇ ਨੂੰ ਮੁੜ ਤੋਂ ਗੁਰਮਤਿ ਵਿਚਾਰਧਾਰਾ ਦੀ ਅਗਵਾਈ ’ਚ ਤੋਰ ਕੇ, ਨਵੇਂ ਸਮੇਂ ਦੇ ਹਾਣੀ ਹੋ ਕੇ, ਖਾਲਸਾ ਪੰਥ ਦੀਆਂ ਗੂੰਜਾਂ ਹੁਣ ਕਿਸੇ ਸੀਮਤ ਖਿੱਤੇ ਦੀ ਥਾਂ ਸਮੁੱਚੇ ਵਿਸ਼ਵ ’ਚ ਪਾਉਣ ਦਾ ਮਾਰਗ ਚੁਣੀਏ। ਪ੍ਰੰਤੂ ਇਹ ਤਦ ਹੀ ਸੰਭਵ ਹੋਵੇਗਾ ਜਦੋਂ ਸਮੁੱਚੀ ਕੌਮ ਸਿੱਖ ਫਲਸਫ਼ੇ ਨੂੰ ਸਮਰਪਿਤ ਅਤੇ ਸਿੱਖ ਨਿਸ਼ਾਨੇ ਪ੍ਰਤੀ ਵਚਨਬੱਧ ਹੋਵੇਗੀ, ਉਸ ਲਈ ਅਜਿਹੀ ਲਹਿਰ ਚਲਾਉਣ ਦੀ ਲੋੜ ਹੈ, ਜਿਹੜੀ ਸਿੱਖ ਮਨਾਂ ਤੇ ਲੱਗੇ ਜੰਗਾਲ ਨੂੰ ਲਾਹ ਕੇ ਉਨਾਂ ਨੂੰ ਗੁਰਮਤਿ ਦੀ ਰੌਸ਼ਨੀ ਨਾਲ ਰੁਸ਼ਨਾ ਸਕੇ।
ਜਸਪਾਲ ਸਿੰਘ ਹੇਰਾਂ  

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.