ਕੈਟੇਗਰੀ

ਤੁਹਾਡੀ ਰਾਇ



ਜਸਪਾਲ ਸਿੰਘ ਹੇਰਾਂ
ਬਾਦਲਾਂ ਨੂੰ ਕੇਂਦਰ ਦਾ ਹੇਜ…….!
ਬਾਦਲਾਂ ਨੂੰ ਕੇਂਦਰ ਦਾ ਹੇਜ…….!
Page Visitors: 2686

ਬਾਦਲਾਂ ਨੂੰ ਕੇਂਦਰ ਦਾ ਹੇਜ…….!
ਬਾਦਲਾਂ ਦਾ ਹੁਣ ਤੱਕ ਇਕ ਰਾਜਸੀ ਕਾਰਗਰ ਹਥਿਆਰ ਰਿਹਾ, ਕੇਂਦਰ ਸਰਕਾਰ ਤੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਵਿਤਕਰਾ ਕਰਨ ਦਾ ਰੋਣਾ, ਰੋਣਾ। ਇਹ ਪਹਿਲੀ ਵਾਰ ਹੈ ਕਿ ਬਾਦਲ ਪਰਿਵਾਰ ਨੇ ਕੇਂਦਰ ਵੱਲੋਂ ਪੰਜਾਬ ਨਾਲ ਵਿਤਕਰਾ ਬੰਦ ਹੋਣ ਦਾ ਖੁੱਲੇਆਮ ਐਲਾਨ ਕੀਤਾ ਹੈ। ਕੇਂਦਰ ਸਰਕਾਰ ਦਾ ਹਿੱਸਾ, ਬੀਬਾ ਬਾਦਲ ਨੇ ਤਾਂ ਇਹ ਆਖ਼ ਦਿੱਤਾ ਕਿ ਹੁਣ ‘‘ਪੰਜਾਬ ਨਾਲ ਕੇਂਦਰ ਦੇ ਵਿਤਕਰੇ ਦੇ ਦਿਨ ਲੱਦ ਗਏ ਅਤੇ ਪੰਜਾਬ ਦਾ ਜਿੰਨਾਂ ਫਾਇਦਾ ਮੋਦੀ ਸਰਕਾਰ ਆਉਣ ’ਤੇ ਹੋਇਆ ਹੈ, ਕਦੇ ਨਹੀਂਂ ਹੋਇਆ।’’ ਬੀਬਾ ਬਾਦਲ ਨੇ ਇਹ ਟਿੱਪਣੀ ਤਾਂ ਕਰ ਦਿੱਤੀ ਹੈ ਪ੍ਰੰਤੂ ਇਸ ਟਿੱਪਣੀ ਦੇ ਤੱਥ ਕੀ ਹਨ ਉਹ ਉਜਾਗਰ ਨਹੀਂ ਕੀਤੇ। ਇਹੋ ਜਿਹੇ ਜਜ਼ਬਾਤਾਂ ਦਾ ਪ੍ਰਗਟਾਵਾ ਦੋਵੇਂ ਬਾਦਲ ਪਿਉ-ਪੁੱਤਰ ਨੇ ਵੀ ਕੇਂਦਰੀ ਸਰਕਾਰ ’ਤੇ ਟਿੱਪਣੀ ਕਰਦਿਆਂ ਕੀਤਾ ਹੈ। ਜਾਂ ਤਾਂ ਬਾਦਲ ਪਰਿਵਾਰ ਦੇ ਕੇਂਦਰ ਦੀਆਂ ਹੁਣ ਤੱਕ ਦੀਆਂ ਪੰਜਾਬ ਪ੍ਰਤੀ ਨੀਤੀਆਂ ਨੂੰ ਘੋਖਿਆ ਨਹੀਂ, ਜਾਂ ਫਿਰ ਆਪਣੀ ਸ਼ਰਮ ਨੂੰ ਲੁਕਾਉਣ ਲਈ, ਇਹ ਕੁਝ ਆਖਣਾ, ਉਨਾਂ ਦੀ ਮਜ਼ਬੂਰੀ ਸੀ, ਜਾਂ ਫ਼ਿਰ ਸਿੱਧੋ-ਸਿੱਧਾ ਅਰਥ ਇਹ ਹੈ ਕਿ ਮੋਦੀ ਸਰਕਾਰ ਆਉਣ ਦਾ ਫ਼ਾਇਦਾ ਪੰਜਾਬ ਨੂੰ ਨਹੀਂ ਸਿਰਫ਼ ਤੇ ਸਿਰਫ਼ ਬਾਦਲ ਪਰਿਵਾਰ ਨੂੰ ਹੋ ਰਿਹਾ ਹੈ, ਜਿਸ ਬਾਰੇ ਸਭ ਜਾਣਦੇ ਹਨ।
    ਅਰੁਣ ਜੇਤਲੀ ਜਿਸਨੂੰ ਬਾਦਲਾਂ ਨੇ ਪੰਜਾਬ ਦਾ ਸਭ ਤੋਂ ਵੱਡਾ ਹਿਤੈਸ਼ੀ ਆਖਣ ਲਈ ਕੋਈ ਸ਼ਬਦ ਬਾਕੀ ਨਹੀਂ ਛੱਡਿਆ ਸੀ। ਉਸ ਜੇਤਲੀ ਨੇ ਪੰਜਾਬ ਨੂੰ ਪਿਛਲੇ 14 ਮਹੀਨਿਆਂ ’ਚ ਇਕ ਧੇਲਾ ਵੀ ਨਹੀਂ ਦਿੱਤਾ, ਆਪਣੇ ਬਜਟ ’ਚ ਸਿਰਫ਼ 2 ਸਹੂਲਤਾਂ ਦਿੱਤੀਆਂ ਹਨ ਅਤੇ ਆਰਥਿਕ ਰੂਪ ’ਚ ਮਰ ਰਹੇ ਪੰਜਾਬ ਨੂੰ ਆਕਸੀਜਨ ਲਾਉਣ ਤੋਂ ਜਾਣਬੁੱਝ ਕੇ ਮੂੰਹ ਫੇਰ ਲਿਆ ਹੈ, ਜਿਸ ਤੋਂ ਮੋਦੀ ਸਰਕਾਰ ਦੀ ਪੰਜਾਬ ਪ੍ਰਤੀ ਮਨਸ਼ਾ ਲਗਭਗ ਸਾਫ਼ ਹੋ ਗਈ ਹੈ।ਕੇਂਦਰੀ ਬਜਟ ’ਚ ਪੰਜਾਬ ਨੂੰ ਸਿਰਫ਼ ਇਕ ਆਈ. ਆਈ. ਐਮ. (ਇੰਡੀਅਨ ਇੰਸਟੀਚਿੳੂਟ ਆਫ਼ ਮੈਨਜਮੈਂਟ) ਅਤੇ ਸ੍ਰੀ ਅੰਮਿ੍ਰਤਸਰ ਸਾਹਿਬ ਨੂੰ ਮਥਰਾ, ਗਯਾ, ਕਾਂਚੀ ਪੁਰਮ, ਵੇਲਨਕਣੀ ਅਤੇ ਅਜਮੇਰ ਦੇ ਨਾਲ ਕੌਮੀ ਵਿਰਾਸਤੀ ਸ਼ਹਿਰ ਦੀ ਯੋਜਨਾ ਦੇ ਘੇਰੇ ’ਚ ਲਿਆ ਹੈ। ਇਸ ਤੋਂ ਇਲਾਵਾ ਪੰਜਾਬ ਨੂੰ ਜੇਤਲੀ ਨੇ ਕੋਈ ਨਿੱਕਾ-ਮੋਟਾ ‘ਛੁਣਾ-ਛੁਣਾ’ ਤੱਕ ਨਹੀਂ ਦਿੱਤਾ। ਹਾਲਕਿ ਬਾਦਲ ਨਵੀਂ ਸਰਕਾਰ ਦੇ ਗਠਨ ਤੇ ਖ਼ੁਦ ਮੋਦੀ ਸਮੇਤ ਸਾਰੇ ਵੱਡੇ ਵਜ਼ੀਰਾਂ ਨੂੰ ਗੁਲਦਸਤੇ ਦੇਣ ਦੇ ਨਾਲ ਨਾਲ ਪੰਜਾਬ ਦੀਆਂ ਗਹਿਰ ਗੰਭੀਰ ਸਮੱਸਿਆਵਾਂ ਨੂੰ ਹੱਲ ਕਰਨ ਲਈ ਮੰਗ-ਪੱਤਰ ਦੇ ਕੇ ਆਇਆ ਸੀ।
  ਪੰਜਾਬ ਜਿਸ ਸਿਰ ਕਰਜ਼ੇ ਦੀ ਪੰਡ ਐਨੀ ਭਾਰੀ ਹੋ ਚੁੱਕੀ ਹੈ, ਕਿ ਉਸ ਭਾਰ ਨਾਲ ਉਸਦਾ ਇਕ ਵੀ ਕਦਮ ਅੱਗੇ ਤੁਰਨਾ ਤਾਂ ਦੂਰ, ਕਿਸੇ ਸਮੇਂ ਵੀ ਰੀੜ ਦੀ ਹੱਡੀ ਟੁੱਟ ਸਕਦੀ ਹੈ। ਇਸ ਲਈ ਪੰਜਾਬ ਨੂੰ ਇਕ ਵਿਸ਼ੇਸ਼ ਆਰਥਿਕ ਪੈਕਜ ਦੀ ਲੋੜ ਸੀ, ਪ੍ਰੰਤੂ ਮੋਦੀ ਸਰਕਾਰ ਦੀ ਨੀਤੀ, ਪੰਜਾਬ ਨੂੰ ਇਸ ਗੰਭੀਰ ਮੁੱਦੇ ਤੇ ‘ਠੂਠਾ’ ਵਿਖਾ ਗਈ। ਪੰਜਾਬ ’ਚ ਸੱਨਅਤਾਂ ਤਬਾਹ ਹੋ ਚੁੱਕੀਆਂ ਹਨ, ਪੰਜਾਬ ਦੀ ਟੈਕਸਟਾਈਲ ਸੱਨਅਤ ਨੂੰ ਟੈਕਸਟਾਈਲ ਕਲਸਟਰ ਦੀ ਫੌਰੀ ਲੋੜ ਸੀ, ਪਰ ਨਹੀਂ ਦਿੱਤਾ ਗਿਆ। ਅਲਟਰਾ ਸੋਲਰ ਐਨਰਜੀ (ਸੂਰਜੀ ਸ਼ਕਤੀ) ਲਈ ਜਿਹੜੇ ਚਾਰ ਰਾਜ ਚੁਣੇ ਗਏ ਸਨ, ਉਨਾਂ ’ਚ ਵੀ ਪੰਜਾਬ ਸ਼ਾਮਲ ਨਹੀਂ। ਖੇਤੀਬਾੜੀ ਪ੍ਰਧਾਨ ਸੂਬੇ, ਜਿਸਨੇ ਮਾੜੇ ਦਿਨਾਂ ’ਚ ਭੁੱਖੇ ਦੇਸ਼ ਦਾ ਢਿੱਡ ਭਰਿਆ ਅਤੇ ਆਪਣੀ ਹੋਂਦ ਨੂੰ ਦਾਅ ਤੇ ਲਾ ਦਿੱਤਾ, ਉਸ ਸੂਬੇ ਦੇ ਖੇਤੀਬਾੜੀ ਉਤਪਾਦਨ ’ਚ ਆਈ ਖੜੋਤ ਨੂੰ ਤੋੜਣ ਲਈ ਨਾ ਤਾਂ ਸੂਬੇ ਨੂੰ ਖੇਤੀਬਾੜੀ ਖੋਜ ਕੇਂਦਰ ਨਾ ਹੀ ਹਾਰਟੀਕਲਚਰ ਯੂਨੀਵਰਸਿਟੀ ਦਿੱਤੀ ਗਈ ਹੈ ਅਤੇ ਨਾ ਹੀ ਆਰਥਿਕ ਪੱਖੋਂ ਦੀਵਾਲੀਆਪਣ ਦੇ ਕੰਢੇ ਖੜੀ ਪੰਜਾਬ ਦੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਲਈ ਕਿਸੇ ਗਰਾਂਟ ਦਾ ਐਲਾਨ ਕੀਤਾ ਗਿਆ ਹੈ ਅਤੇ ਨਾ ਹੀ ਫ਼ਸਲਾਂ ਦੇ ਮੁੱਲ ਬਾਰੇ ਮੂੰਹ ਖੋਲਿਆ ਗਿਆ ਹੈ। ਸਵਾਮੀ ਨਾਥ ਰਿਪੋਰਟ ਨੂੰ ਵੀ ਅੰਨੇ ਖੂਹ ’ਚ ਸੁੱਟ ਦਿੱਤਾ ਗਿਆ ਹੈ। ਲਖਨੳੂ ਅਤੇ ਅਹਿਮਦਾਬਾਦ ਨੂੰ ਤਾਂ ਮੈਟਰੋ ਪ੍ਰੋਜੈਕਟ ਦੇ ਦਿੱਤੇ, ਪ੍ਰੰਤੂ ਜਿਸ ਮੈਟਰੋ ਪ੍ਰੋਜੈਕਟ ਦਾ ਸੁਫ਼ਨਾ ਸੁਖਬੀਰ ਬਾਦਲ ਦਿਨ-ਰਾਤ ਲੈਂਦਾ ਰਿਹਾ, ਲੁਧਿਆਣਾ ਲਈ ਉਸ ਮੈਟਰੋ ਪ੍ਰੋਜੈਕਟ ਨੂੰ ਕੇਂਦਰ ਸਰਕਾਰ ਭੁੱਲ ਗਈ।  ਜਿਸ ਤੋਂ ਬਾਅਦ ਸੁਖਬੀਰ ਨੇ ਕੇਂਦਰ ਸਰਕਾਰ ’ਤੇ ਗਿਲਾ ਕਰਨ ਦੀ ਥਾਂ ਇਹ ਆਖ਼ ਕਿ ਪੱਲਾ ਝਾੜ ਲਿਆ ਕਿ ਹੁਣ ਲੁਧਿਆਣੇ ’ਚ ਮੈਟਰੋ ਨਹੀਂ ਸਗੋਂ ਵਿਸ਼ੇਸ਼ ਬੱਸ ਸੇਵਾ ਚਲਾਈ ਜਾਵੇਗੀ।
ਪੰਜਾਬ ਦੀ ਮਰ ਰਹੀ ਸੱਨਅਤ ਅਤੇ ਤਬਾਹ ਹੋ ਰਹੀ ਖੇਤੀਬਾੜੀ ਦੀ ਕੋਈ ਵੀ ਚਿੰਤਾ, ਇਸ ਬਜਟ ’ਚ ਕਿਧਰੇ ਰੱਤੀ ਭਰ ਵਿਖਾਈ ਨਹੀਂ ਦਿੰਦੀ। ਇਥੋਂ ਤੱਕ ਕਿ ਬਾਦਲ ਨੇ ਖ਼ੁਦ ਜੇਤਲੀ ਨੂੰ ਚਿੱਠੀ ਲਿਖਕੇ ਪਹਿਲਾ ਸੋਕੇ ਲਈ ਅਤੇ ਬਾਅਦ ’ਚ ਬੇਮੌਸਮੀ ਬਰਸਾਤ ਕਾਰਣ ਕਣਕ ਦੀ ਫ਼ਸਲ ਦੀ ਹੋਈ ਬਰਬਾਦੀ ਦੀ ਸਥਿੱਤੀ ਦਾ ਸਾਹਮਣਾ ਕਰਨ ਲਈ ਪੰਜਾਬ ਵਾਸਤੇ ਵਿਸ਼ੇਸ਼ ਪੈਕਜ ਅਧੀਨ 3200 ਕਰੋੜ ਰੁਪਏ ਮੰਗੇ ਸਨ, ਪ੍ਰੰਤੂ ਜੇਤਲੀ ਜੀ ਚੁੱਪ ਰਹੇ ਹਨ। ਇੱਥੋਂ ਤੱਕ ਕਿ ਪੰਜਾਬ ’ਚ ਖੇਤੀਬਾੜੀ ਦੇ ਨਾਲ ਸਬੰਧਿਤ ਸਭ ਤੋਂ ਵੱਡੇ ਸਹਾਇਕ ਧੰਦੇ ਪਸ਼ੂ ਪਾਲਣ ਨੂੰ ਉਤਸ਼ਾਹਿਤ ਕਰਨ ਲਈ ਇਸ ਧੰਦੇ ਨੂੰ ਟੈਕਸ ਮੁਕਤ ਕਰਨ ਦੀ ਮੰਗ ਵੀ ਕਿਸੇ ਨੇ ਨਹੀਂ ਸੁਣੀ। ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਵੱਲਬ ਭਾਈ ਪਟੇਲ ਦੇ ਬੁੱਤ ਲਈ ਤਾਂ ਮੋਦੀ ਸਰਕਾਰ ਦਾ ਬਜਟ 200 ਕਰੋੜ ਦੇ ਸਕਦਾ ਹੈ, ਪ੍ਰੰਤੂ ਬਾਦਲ ਵੱਲੋਂ ਮੰਗੇ ਅੰਮਿ੍ਰਤਸਰ ’ਚ ਜੰਗੀ ਸ਼ਹੀਦਾਂ ਦੀ ਯਾਦਗਾਰ ਲਈ ਇਕ ਧੇਲਾ ਵੀ ਨਹੀਂ ਐਲਾਨਿਆ ਗਿਆ। ਜੇ ਇਸ ਨੂੰ ਬਾਦਲ ਪਰਿਵਾਰ, ਕੇਂਦਰ ਦਾ ਪੰਜਾਬ ਨਾਲ ਵਿਤਕਰੇ ਦੇ ਦੌਰ ਦਾ ਖ਼ਾਤਮਾ ਦੱਸ ਰਿਹਾ ਹੈ, ਫਿਰ ਵਿਤਕਰਾ ਕੀ ਹੁੰਦਾ ਹੈ? ਉਸਦੀ ਪਰਿਭਾਸ਼ਾ ਵੀ ਬਾਦਲ ਪਰਿਵਾਰ ਨੂੰ ਹੀ ਨਵੇਂ ਸਿਰੇ ਤੋਂ ਘੜ ਕੇ ਪੰਜਾਬੀਆਂ ਨੂੰ ਦੱਸ ਦੇਣੀ ਚਾਹੀਦੀ ਹੈ।
     ਆਖ਼ਰ ਪੰਜਾਬੀ ਬਾਦਲ ਨੂੰ ਇਹ ਸੁਆਲ ਤਾਂ ਜ਼ਰੂਰ ਪੁੱਛਣਗੇ ਕਿ ਉਨਾਂ ਬਾਦਲ ਪਰਿਵਾਰ ਦੀ ਨੂੰਹ ਨੂੰ ਕੇਂਦਰੀ ਮੰਤਰੀ ਬਣਾਉਣ ਲਈ ਪੰਜਾਬ ਨੂੰ ਕਿੰਨਾ ਸ਼ਰਤਾਂ ਤੇ ਮੋਦੀ ਸਰਕਾਰ ਅੱਗੇ ਗਹਿਣੇ ਰੱਖਿਆ ਹੈ? ਜਿਸ ਕਾਰਣ ਪੰਜਾਬ ਨਾਲ ਚਿੱਟੇ ਦਿਨ ਹੋਏ ਨੰਗੇ ਚਿੱਟੇ ਵਿਤਕਰੇ ਨੂੰ ਵਿਤਕਰਾ ਮੰਨਣ ਲਈ ਤਿਆਰ ਨਹੀਂ ਹਨ। ਸਗੋਂ ਕੇਂਦਰੀ ਸਰਕਾਰ ਦੇ ਸੋਹਲੇ ਗਾਏ ਜਾ ਰਹੇ ਹਨ। ਖੈਰ! ਮੋਦੀ ਤੇ ਜੇਤਲੀ ਨੇ ਤਾਂ ਸਾਫ਼-ਸਾਫ਼ ਦੱਸ ਦਿੱਤਾ ਹੈ ਕਿ ਉਨਾਂ ਦੀਆਂ ਨਜ਼ਰਾਂ ’ਚ ਪੰਜਾਬ ਤੇ ਸਿੱਖਾਂ ਦੀ ਕੀ ਅਹਿਮੀਅਤ ਹੈ ਅਤੇ ਉਹ ਉਨਾਂ ਨੂੰ ਕਿਥੇ ਰੱਖਣਾ ਚਾਹੁੰਦੇ ਹਨ। ਭਾਵੇਂ ਬਾਦਲਾਂ ਦੀ ਅੰਨੀ ਸੱਤਾ ਲਾਲਸਾ ਨੂੰ ਤਾਂ ਪੰਜਾਬ ਨਾਲ ਭਗਵਾਂ ਬਿ੍ਰਗੇਡ ਵੱਲੋਂ ਹੁੰਦਾ ਕੋਈ ਵਿਤਕਰਾ, ਧੱਕੇਸ਼ਾਹੀ ਤੇ ਬੇਇਨਸਾਫ਼ੀ ਕਦੇ ਨਜ਼ਰ ਨਹੀਂ ਆਉਣੀ, ਪ੍ਰੰਤੂ ਹਰ ਸੱਚੇ ਪੰਜਾਬੀ ਤੇ ਪੰਥ ਪ੍ਰਸਤ ਨੂੰ ਜ਼ਰੂਰ ਜਾਗ ਪੈਣਾ ਚਾਹੀਦਾ ਹੈ। ਪੰਜਾਬ ਤੇ ਸਿੱਖੀ ਦੀਆਂ ਜੜਾਂ ਤੇ ਆਰਾ ਚੱਲਣਾ ਹੀ ਚੱਲਣਾ ਹੈ, ਇਹ ਅਟੱਲ ਹੈ, ਅਸੀਂ ਰੋਕਣ ਲਈ ਕੀ ਕਰ ਸਕਦੇ ਹਾਂ? ਇਸ ਲਈ ਕੌਮ ਨੂੰ ਹੁਣੇ ਹੀ ਸਿਰ ਜੋੜ ਕੇ ਵਿਚਾਰ ਕਰ ਲੈਣਾ ਚਾਹੀਦਾ ਹੈ।

ਜਸਪਾਲ ਸਿੰਘ ਹੇਰਾਂ


©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.