ਕੈਟੇਗਰੀ

ਤੁਹਾਡੀ ਰਾਇ



ਜਸਪਾਲ ਸਿੰਘ ਹੇਰਾਂ
ਫਿਰ ਸਾਬਤ ਹੋਇਆ ਕਿ ਸਿੱਖਾਂ ਲਈ ਇਸ ਦੇਸ਼ ’ਚ ਇਨਸਾਫ਼ ਨਹੀਂ
ਫਿਰ ਸਾਬਤ ਹੋਇਆ ਕਿ ਸਿੱਖਾਂ ਲਈ ਇਸ ਦੇਸ਼ ’ਚ ਇਨਸਾਫ਼ ਨਹੀਂ
Page Visitors: 2770

ਫਿਰ ਸਾਬਤ ਹੋਇਆ ਕਿ ਸਿੱਖਾਂ ਲਈ ਇਸ ਦੇਸ਼ ’ਚ ਇਨਸਾਫ਼ ਨਹੀਂ
 ਅਸੀਂ ਵਾਰ-ਵਾਰ ਇਹ ਹੋਕਾ ਦਿੰਦੇ ਆ ਰਹੇ ਹਾਂ, ਸ਼ਾਇਦ ਬਹੁਤੇ ਸਿੱਖਾਂ ਨੂੰ ਵੀ ਸਾਡੇ ਹੋਕੇ ਤੇ ਸੱਚ ਨਹੀਂ ਆਉਂਦਾ ਹੋਵੇਗਾ। ਪ੍ਰੰਤੂ ਸੱਚ ਇਹੋ ਹੈ, ਤੱਥ ਇਸਦੀ ਪੁਸ਼ਟੀ ਕਰਦੇ ਹਨ ਕਿ ਇਸ ਦੇਸ਼ ’ਚ ਸਿੱਖਾਂ ਲਈ ਇਨਸਾਫ਼ ਤੇ ਬਰਾਬਰੀ ਨਹੀਂ ਹੈ। ਦੇਸ਼ ਦੀ ਅਜ਼ਾਦੀ ਤੋਂ ਲੈ ਕੇ ਹੋਂਦ ਚਿੱਲੜ ਕਾਂਡ ਸਬੰਧੀ ਆਈ ਰਿਪੋਰਟ ਤੱਕ ਸੈਂਕੜੇ ਉਦਾਹਰਣ ਸਾਡੇ ਸਾਹਮਣੇ ਹਨ। 1984 ’ਚ ਵਹਿਸ਼ੀਆਨਾ ਸਿੱਖ ਕਤਲੇਆਮ ਹੋਇਆ। ਦੇਸ਼ ਦੀ ਰਾਜਧਾਨੀ ਸਮੇਤ ਦੇਸ਼ ਦੇ ਵੱਖ-ਵੱਖ ਸੂਬਿੂਆਂ ’ਚ ਸਿੱਖਾਂ ਦਾ ਵਹਿਸ਼ੀਆਨਾ ਕਤਲੇਆਮ ਹੋਇਆ। ਹਰਿਆਣੇ ਦੇ ਇਕ ਪਿੰਡ ਹੋਂਦ ਚਿੱਲੜ ਕਾਂਡ ’ਚ ਫ਼ਿਰਕੂ ਜਾਨੂੰਨੀ ਭੀੜ ਨੇ ਉਸ ਪਿੰਡ ਦੇ 32 ਸਿੱਖਾਂ ਦਾ ਭਿਆਨਕ ਕਤਲੇਆਮ ਕੀਤਾ।
ਨਵੰਬਰ 1984 ’ਚ ਪੂਰੇ ਦੇਸ਼ ’ਚ ਕਿੰਨੇ ਸਿੱਖਾਂ ਦਾ ਕਤਲੇਆਮ ਹੋਇਆ, ਅੱਜ ਵੀ ਦੇਸ਼ ਦੀ ਸਰਕਾਰ ਪਾਸ ਪੂਰੇ ਅੰਕੜੇ ਨਹੀਂ ਹਨ। ਸਿਰਫ਼ ਦਿੱਲੀ ’ਟ 3523 ਸਿੱਖਾਂ ਦੇ ਕਤਲੇਆਮ ਨੂੰ ਸਰਕਾਰ ਪ੍ਰਵਾਨ ਕਰਦੀ ਹੈ। ਜਦੋਂ ’ਚ ਕਿ ਹਕੀਕਤ ’ਚ ਇਹ ਅੰਕੜਾ ਕਿਤੇ ਵੱਡਾ ਹੈ। ਹੋਂਦ ਚਿੱਲੜ ਵਰਗੇ ਭਿਆਨਕ ਕਾਂਡ ਪਤਾ ਨਹੀਂ ਕਿੰਨੇ ਕੁ ਪਿੰਡਾਂ ਤੇ ਸ਼ਹਿਰਾਂ ’ਟ ਵਾਪਰੇ ਹਨ। ਇਸ ਕਾਂਡ ਦੀ ਗੂੰਜ 2011 ’ਚ ਪਈ ਅਤੇ ਮਾਰਚ 2011 ’ਚ ਉਸ ਸਮੇਂ ਦੇ ਹਰਿਆਣੇ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਇਸ ਵਹਿਸ਼ੀਆਨਾ ਕਤਲਕਾਂਡ ਦੀ ਜਾਂਚ ਲਈ ਇਕ ਮੈਂਬਰੀ ਜਾਂਚ ਕਮਿਸ਼ਨ ਜੱਜ ਟੀ. ਪੀ. ਗਰਗ ਤੇ ਅਧਾਰਿਤ ਸਥਾਪਿਤ ਕੀਤਾ। ਇਸ ਜਾਂਚ ਕਮਿਸ਼ਨ ਨੇ 4 ਸਾਲ ਤੱਕ ਇਸ ਕਾਂਡ ਦੀ ਸੁਣਵਾਈ ਕੀਤੀ, ਗਵਾਹੀਆਂ ਲਈਆਂ, ਸਬੂਤ ਇਕੱਠੇ ਕੀਤੇ ਅਤੇ ਉਸ ਤੋਂ ਬਾਅਦ ਆਪਣੀ ਜਾਂਚ ’ਚ ਹਰਿਆਣਾ ਸਰਕਾਰ ਨੂੰ ਸੌਂਪ ਦਿੱਤੀ। ਇਕ ਪਿੰਡ ’ਟ 32 ਸਿੱਖਾਂ ਦਾ ਸਮੂਹਿਕ, ਭਿਆਨਕ ਕਤਲਕਾਂਡ ਵਾਪਰਿਆ ਉਸ ਕਤਲ ਕਾਂਡ ਦੀ ਜਾਂਚ ਲਈ ਜੱਜ ਪਹਿਲਾ 4 ਸਾਲ ਦਾ ਲੰਬਾ ਸਮਾਂ ਲਾਉਂਦਾ ਹੈ।
ਕੇਸ ਦੀ ਪੈਰਵੀਂ ਕਰਨ ਵਾਲੇ ਸਬੂਤਾਂ ਤੇ ਗਵਾਹਾਂ ਦੀ ਲੰਬੀ ਲਾਈਨ, ਉਸ ਜੱਜ ਅੱਗੇ ਲਾਉਂਦੇ ਹਨ। ਪ੍ਰੰਤੂ ਜੱਜ, ਜਾਂਚ ਮੁਕੰਮਲ ਕਰਨ ’ਚ 4 ਸਾਲ ਦਾ ਥਕਾ ਦੇਣ ਵਾਲਾ ਸਮਾਂ ਲਾਉਂਦਾ ਹੈ ਅਤੇ ਅਖ਼ੀਰ ਆਪਣਾ ਫੈਸਲਾ ਪੁਲਿਸ ਦੇ ਹੱਕ ’ਚ ਸੁਣਾ ਦਿੰਦਾ ਹੈ। ਜਿਸ ਕਤਲਕਾਂਡ ’ਚ 32 ਸਿੱਖ ਮਾਰੇ ਗਏ, ਕੀ ਉਸਦੇ ਇਕ ਵੀ ਦੋਸ਼ੀ ਦੀ 4 ਸਾਲਾ ’ਚ ਪਹਿਚਾਣ ਨਹੀਂ ਹੋ ਸਕੀ। ਕੀ ਉਸ ਸਮੇਂ ਜ਼ਿਲੇ ’ਚ ਆਪਣੀ ਜੁੰਮੇਵਾਰੀ ਨਿਭਾਉਣ ਵਾਲੇ ਉੱਚ ਅਫ਼ਸਰ, ਇਸ ਕਾਂਡ ਤੋਂ ਦੂਰ ਰਹੇ? ਜੇ ਦੂਰ ਰਹੇ ਤਾਂ ਕਿਉਂ? ਕੀ ਅਮਨ-ਕਾਨੂੰਨ ਨੂੰ ਬਹਾਲ ਰੱਖਣਾ ਜ਼ਿਲਾ ਅਫ਼ਸਰਸ਼ਾਹੀ ਦੀ ਮੁੱਢਲੀ ਜੁੰਮੇਵਾਰੀ ਨਹੀਂ ਹੁੰਦੀ। ਫ਼ਿਰ ਇਸ ਜਾਂਚ ਕਮਿਸ਼ਨ ਦੇ ਜੱਜ ਟੀ. ਪੀ. ਗਰਗ ਨੂੰ ਐਨੇ ਸਿੱਖਾਂ ਦੇ ਕਾਤਲਾਂ ’ਚ ਇਕ ਵੀ ਨਹੀਂ ਲੱਭਿਆ ਅਤੇ ਨਾਂ ਹੀ ਲੱਭਣ ਦੀ ਕਦੇ ਕੋਈ ਕੋਸ਼ਿਸ਼ ਕੀਤੀ ਗਈ ਹੈ।
ਜੱਜ ਨੇ ਆਪਣੇ ਫੈਸਲੇ ’ਚ ਕਿਸੇ ਦੋਸ਼ੀ ਦੀ ਨਿਸ਼ਾਨਦੇਹੀ ਨਹੀਂ ਕੀਤੀ, ਕਿਸੇ ਨੂੰ ਕੋਈ ਸਜ਼ਾ ਨਹੀਂ ਸੁਣਾਈ। ਫ਼ਿਰ ਉਨਾਂ 32 ਸਿੱਖਾਂ ਦਾ ਕਾਤਲ ਕੌਣ ਸੀ? ਕਿੱਥੇ ਆਏ ਸਨ ਅਤੇ ਕਿੱਥੇ ਚਲੇ ਗਏ? ਸਿਰਫ਼ ਦੋ ਪੁਲਿਸ ਵਾਲਿਆਂ ਵਿਰੁੱਧ ਸਖ਼ਤ ਟਿੱਪਣੀ ਕਰਨ ਨਾਲ, ਸਿੱਖਾਂ ਨੂੰ ਇਨਸਾਫ਼ ਨਹੀਂ ਮਿਲ ਸਕਦਾ। ਹੋਂਦ ਚਿੱਲੜ ਕਾਂਡ, ਜਿਹੜਾ ਚੜਦੇ ਸੂਰਜ ਵਾਗੂੰ ਪੂਰੀ
 ਤਰਾਂ ਸਾਫ਼ ਸੀ, ਉਸ ਕਾਂਡ ’ਚ ਪੈਰਵੀਂ ਕਰਨ ਵਾਲੀ ਸਿੱਖ ਸੰਸਥਾ ਨੇ ਵੀ ਪੂਰਾ ਜ਼ੋਰ ਲਾ ਕੇ ਹਰ ਸਬੂਤ ਤੇ ਤੱਥ ਪੇਸ਼ ਕੀਤੇ? ਪ੍ਰੰਤੂ ਉਸਦੇ ਬਾਵਜੂਦ ਜੱਜ ਨੇ ਸਿਰਫ਼ ਦੋ ਪੁਲਿਸ ਵਾਲਿਆਂ ਦੀ ਭੂਮਿਕਾ ਤੇ ਹੀ ਸਿਰਫ਼ ਸਖ਼ਤ ਟਿੱਪਣੀ ਕਰਕੇ, ਸਿੱਖਾਂ ਨੂੰ ਇਨਸਾਫ਼ ਦੇਣ ਦੀ ਥਾਂ, ਉਲਟਾ, ਉਨਾਂ ਦੇ ਅੱਲੇ ਜਖ਼ਮਾਂ ਤੇ ਲੂਣ ਛਿੜਕ ਦਿੱਤਾ ਹੈ। ਹੋਂਦ ਚਿੱਲੜ ਕਾਂਡ ਦੇ ਟੀ. ਪੀ. ਗਰਗ ਜਾਂਚ ਕਮਿਸ਼ਨ ਦੀ ਰਿਪੋਰਟ ਨੇ ਮੁੜ ਤੋਂ ਇਹ ਸਾਬਤ ਕਰ ਦਿੱਤਾ ਹੈ ਕਿ ਇਸ ਦੇਸ਼ ’ਚ ਸਿੱਖਾਂ ਲਈ ਇਨਸਾਫ਼ ਨਹੀਂ, ਕਿਉਂਕਿ ਗ਼ਲਾਮਾਂ ਨੂੰ ਇਨਸਾਫ਼ ਨਹੀਂ, ਸਗੋਂ ਜ਼ੋਰ ਜਬਰ ਤੇ ਧੱਕਾ ਦਿੱਤਾ ਜਾਂਦਾ ਹੈ।
ਜਸਪਾਲ ਸਿੰਘ ਹੇਰਾਂ

 

 

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.