ਕੈਟੇਗਰੀ

ਤੁਹਾਡੀ ਰਾਇ



ਕੁਲਵੰਤ ਸਿੰਘ ਢੇਸੀ
ਮਨੁੱਖੀ ਅਧਿਕਾਰਾਂ ਦੇ ਵਿਰੋਧੀ ਸਿੱਖ
ਮਨੁੱਖੀ ਅਧਿਕਾਰਾਂ ਦੇ ਵਿਰੋਧੀ ਸਿੱਖ
Page Visitors: 2701

ਮਨੁੱਖੀ ਅਧਿਕਾਰਾਂ ਦੇ ਵਿਰੋਧੀ ਸਿੱਖ
ਹਰ ਸਾਲ 10 ਦਸੰਬਰ ਦਾ ਦਿਨ ਮਨੁੱਖੀ ਅਧਿਕਾਰ ਦਿਵਸ ਵਜੋਂ ਮਨਾਇਆ ਜਾਂਦਾ ਹੈ ਕਿਓਂਕਿ ਇਸ ਦਿਨ ਤੇ ਯੁਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਨੇ ਮਨੁੱਖੀ ਅਧਿਕਾਰਾਂ ਸਬੰਧੀ ਆਲਮੀ (Universal) ਐਲਾਨਾਮਾ (Declaration) ਅਪਣਾਇਆ ਸੀ। ਸੰਨ 1950 ਨੂੰ ਇਸ ਅਸੈਂਬਲੀ ਨੇ ਇਸ ਐਲਾਨਾਮੇ ਸਬੰਧੀ ਦਿਲਚਸਪੀ ਰੱਖਣ ਵਾਲੇ ਦੇਸ਼ਾਂ ਅਤੇ ਜਥੇਬੰਦੀਆਂ ਨੂੰ ਸੱਦਾ ਦੇ ਕੇ ਇੱਕ ਮਤਾ ਪਾਸ ਕੀਤਾ ਸੀ ਕਿ ਹਰ ਸਾਲ ਹੀ 10 ਦਸੰਬਰ ਦਾ ਦਿਨ ਮਨੁੱਖੀ ਅਧਿਕਾਰ ਦਿਵਸ (Human Rights Day) ਵਜੋਂ ਮਨਾਇਆ ਜਾਵੇ। ਇਸ ਦਿਨ ਤੇ ਉਹ ਲੋਕ ਜੋ ਮਨੁੱਖੀ ਅਧਿਕਾਰਾਂ ਦੀ ਸਲਾਮਤੀ ਪ੍ਰਤੀ ਚੇਤਨਤਾ ਰੱਖਦੇ ਹਨ ਉਹ ਉਹਨਾ ਸਰਕਾਰਾਂ ਜਾਂ ਅਦਾਰਿਆਂ ਖਿਲਾਫ ਅਵਾਜ਼ ਬੁਲੰਦ ਕਰਦੇ ਹਨ ਜੋ ਕਿ ਮਨੁੱਖੀ ਅਧਿਕਾਰਾਂ ਤੇ ਹਮਲਾਵਰ ਹਨ। ਚੇਤਨ ਲੋਕ ਨਾ ਕੇਵਲ ਉਸ ਸਮਾਜ ਲਈ ਜਿਥੇ ਕਿ ਉਹ ਵਸਦੇ ਹਨ ਸਗੋਂ ਹਰ ਉਸ ਸਮਾਜ ਲਈ ਸੰਘਰਸ਼ ਕਰਦੇ ਹਨ ਜਿਥੇ ਕਿ ਮਨੁੱਖੀ ਅਧਿਕਾਰਾਂ ਦਾ ਘਾਣ ਹੁੰਦਾ ਹੋਵੇ।
ਅੱਜ ਦੀ ਅਗਾਂਹ ਵਧੂ ਆਖੀ ਜਾਣ ਵਾਲੀ ਦੁਨੀਆਂ ਵਿਚ ਵੀ ਮਨੁੱਖੀ ਅਧਿਕਾਰਾਂ ਦਾ ਲਗਾਤਾਰ ਘਾਣ ਹੋ ਰਿਹਾ ਹੈ ਅਤੇ ਅੱਤਵਾਦੀ ਸੰਗਠਨ ਲੋਕਾਂ ਨੂੰ ਆਪਣੀ ਦਹਿਸ਼ਤ ਥੱਲੇ ਜੀਣ ਲਈ ਮਜ਼ਬੂਰ ਕਰ ਰਹੇ ਹਨ। ਮੁਸ਼ਕਲ ਇਹ ਹੈ ਕਿ ਅੱਤਵਾਦੀ ਸੰਗਠਨਾਂ ਦੀ ਦਹਿਸ਼ਤ ਤਾਂ ਸਭ ਨੂੰ ਦਿਸਦੀ ਹੈ ਪਰ ਅੱਤਵਾਦੀ ਸਰਕਾਰਾਂ ਦੀ ਦਹਿਸ਼ਤ ਅਤੇ ਸ਼ੋਸ਼ਣ ਅਕਸਰ ਹੀ ਅਣਗੌਲਿਆਂ ਰਹਿ ਜਾਂਦਾ ਹੈ। ਆਲਮੀ ਠਾਣੇਦਾਰ ਆਪੋ ਆਪਣੇ ਹਿੱਤਾਂ ਅਨੁਸਾਰ ਇਸ ਕਿਸਮ ਦੇ ਅੱਤਵਾਦ ਦਾ ਵਿਰੋਧ ਕਰਦੇ ਹਨ ਜਾਂ ਉਸ ਨੂੰ ਸ਼ਹਿ ਦਿੰਦੇ ਹਨ। ਅੱਜ ਦੀ ਦੁਨੀਆਂ ਵਿਚ ਅਨੇਕਾਂ ਅਜੇਹੀਆਂ ਘੱਟਗਿਣਤੀਆਂ ਹਨ ਜੋ ਕਿ ਲਗਾਤਾਰ ਰਾਜ (state) ਜਾਂ ਬਹੁਗਿਣਤੀ ਲੋਕਾਂ ਦੇ ਜ਼ੁਲਮਾਂ ਦਾ ਸ਼ਿਕਾਰ ਤਾਂ ਹੁੰਦੇ ਹੀ ਰਹਿੰਦੇ ਹੀ ਹਨ ਪਰ ਨਾਲ ਦੀ ਨਾਲ ਉਹ ਆਪਣੇ ਸਮਾਜ ਦੀ ਅਗਿਆਨਤਾ, ਭੰਬਲਭੂਸਾ,ਰੂੜੀਵਾਦੀ ਸੋਚ,ਫਿਰਕਾਪ੍ਰਸਤੀ, ਜਾਤ ਪਾਤ, ਵਰਗਵੰਡ ਅਤੇ ਭ੍ਰਿਸ਼ਟਾਚਾਰ ਵਰਗੀਆਂ ਅਲਾਮਤਾਂ ਕਾਰਨ ਦੋਹਰੇ ਪਿਸਦੇ ਹਨ। ਭਾਰਤ ਦੀ ਸਿੱਖ ਘੱਟਗਿਣਤੀ ਵੀ ਇਸ ਬਦਨਸੀਬੀ ਦਾ ਸ਼ਿਕਾਰ ਹੈ। ਇੱਕ ਪਾਸੇ ਸਿੱਖਾਂ ਦਾ ਮੱਥਾ ਰਾਜ ਨਾਲ ਹੈ ਅਤੇ ਦੂਸਰੇ ਪਾਸੇ ਆਪਣੇ ਸਮਾਜ ਅੰਦਰਲੀ ਅਗਿਆਨਤਾ ਨਾਲ। ਇਸ ਲੇਖ ਵਿਚ ਅਸੀਂ ਜਿਆਦਾ ਤਵੱਜੋਂ ਸਿੱਖ ਸਮਾਜ ਦੀ ਆਪਣੀ ਅਗਿਆਨਤਾ ਕਾਰਨ ਹੋ ਰਹੇ ਸ਼ੋਸ਼ਣ ਤੇ ਦੇਣ ਦੀ ਕੋਸ਼ਿਸ਼ ਕਰਾਂਗੇ।
ਸ਼ਨੀਵਾਰ 11 ਦਸੰਬਰ ਨੂੰ ਗੁਰਦਵਾਰਾ ਅੰਮ੍ਰਤ ਸੰਚਾਰ ਧਾਰਮਕ ਦੀਵਾਨ ਵਿਖੇ ਸਿੱਖ ਮਨੁੱਖੀ ਅਧਿਕਾਰਾਂ ਸਬੰਧੀ ਇੱਕ ਸੈਮੀਨਾਰ ਭਾਈ ਮਹਿੰਦਰ ਸਿੰਘ ਖਹਿਰਾ ਅਤੇ ਭਾਈ ਅਮਰਜੀਤ ਸਿੰਘ ਖਾਲੜਾ ਅਤੇ ਉਹਨਾ ਦੇ ਸਹਿਯੋਗੀਆਂ ਦੇ ਉੱਦਮ ਨਾਲ ਅਯੋਜਤ ਕੀਤਾ ਗਿਆ। ਇਸ ਵਿਚ ਭਾਈ ਖਹਿਰਾ ਅਤੇ ਭਾਈ ਨਿਰਮਲਜੀਤ ਸਿੰਘ ਨੇ ਜਿਥੇ ਸਿੱਖ ਧਰਮ ਦੇ ਸਿਧਾਂਤ ਤੇ ਗੱਲ ਕੀਤੀ ਉਥੇ ਭਾਈ ਅਮਰਜੀਤ ਸਿੰਘ ਖਾਲੜਾ ਨੇ ਪੰਜਾਬ ਦੇ ਪਾਣੀਆਂ ਦੀ ਲੁੱਟ ਦੇ ਮੁੱਦੇ ਤੇ ਖੋਜ ਭਰਪੂਰ ਰੌਸ਼ਨੀ ਪਾਈ ਜਦ ਕਿ ਭਾਈ ਅਵਤਾਰ ਸਿੰਘ ਪੱਤਰਕਾਰ ਨੇ ਰਾਜ (Nation State) ਬਨਾਮ ਘੱਟਗਿਣਤੀਆਂ ਦੇ ਮਨੁੱਖੀ ਅਧਿਕਾਰਾਂ ਦੇ ਮੁੱਦੇ ਤੇ ਬਾ-ਕਮਾਲ ਪੁਖਤਾ ਵਿਚਾਰ ਦਿੱਤੇ।
ਇਸ ਇੱਕਠ ਵਿਚ ਮੈਨੂੰ ਵੀ ਬੋਲਣ ਦਾ ਮੌਕਾ ਦਿਤਾ ਗਿਆ ਜਿਸ ਵਿਚ ਮੈਂ ਇਹ ਕਹਿਣ ਦੀ ਕੋਸ਼ਿਸ਼ ਕੀਤੀ ਸੀ ਕਿ ਭਾਰਤ ਵਿਚ ਆਰ ਐਸ ਐਸ ਦੀ ਰਾਜਨੀਤਕ ਜਿੱਤ, ਯੂ ਕੇ ਵਿਚ ਬਰੈਕਜ਼ਿਟ (brexit) ਦੀ ਜਿੱਤ ਅਤੇ ਅਮਰੀਕਾ ਵਿਚ ਡੋਨਲਡ ਟਰੰਪ ਦੀ ਜਿੱਤ ਇਹ ਸਾਬਤ ਕਰਦੀ ਹੈ ਕਿ ਅੱਜ ਵੀ  ਲੋਕਾਂ ਨੂੰ ਰਾਜ, ਧਰਮ ਜਾਂ ਨਸਲ ਦੇ ਨਾਅਰੇ ਦੇ ਕੇ ਸੌਖਿਆਂ ਹੀ ਵਰਗਲਾਇਆ ਜਾ ਸਕਦਾ ਹੈ। ਇਹ ਸੱਜੇ ਪੱਖੀ ਉਲਾਰ ਤੇ ਪੱਖਪਾਤੀ ਤਾਕਤਾਂ ਦੀ ਵੱਡੀ ਜਿੱਤ ਹੈ ਅਤੇ ਉਹਨਾ ਮਨੁੱਖੀ ਕੀਮਤਾਂ ਦੀ ਹਾਰ ਹੈ ਜਿਹਨਾ ਨੂੰ ਪ੍ਰਮੁੱਖ ਰੱਖਕੇ ਮਨੁੱਖੀ ਹੱਕਾਂ ਦਾ ਐਲਾਨਾਮਾ ਹੋਇਆ ਸੀ। ਇਸ ਦੇ ਨਾਲ ਨਾਲ ਮੈਂ ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਸੀ ਕਿ ਸਿੱਖ ਤਾਂ ਆਪਣੇ ਹੱਕਾਂ ਦੇ ਆਪ ਹੀ ਵਿਰੋਧੀ ਹਨ, ਕਿਓਂਕਿ ਅਸੀਂ ਆਪਸੀ ਬੇਲੋੜੇ ਵਿਰੋਧ ਵੀ ਵਧਾ ਰਹੇ ਹਾਂ।
ਮੇਰੇ  ਜਵਾਬ ਵਿਚ ਬੁਲਾਰਿਆਂ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਸਾਡੇ ਵਿਰੋਧ ਦਾ ਅਸਲ ਕਾਰਨ ਸਿਧਾਂਤਕ ਹੈ ਭਾਵ ਕਿ ਸਾਡੇ ਵਿਰੋਧ ਧਾਰਮਕ ਸਿਧਾਂਤਾ ਤੇ ਹੋ ਰਹੇ ਹਮਲਿਆਂ ਸਬੰਧੀ ਹਨ । ਹੁਣ ਪਹਿਲਾਂ ਤਾਂ ਇਹ ਦੇਖ ਲਈਏ ਕਿ ਸਾਡਾ ਸਿੱਖੀ ਸਿਧਾਂਤ ਹੈ ਕੀ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿਣ ਤੋਂ ਪਹਿਲਾਂ ਗੁਰਿਆਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤੀ ਸੀ। ਉਸ ਵੇਲੇ ਨਾਂ ਤਾਂ ਸਿੱਖਾਂ ਕੋਲ ਅਕਾਲੀ ਦਲ ਵਰਗੀ ਕੋਈ ਸਰਬਸਾਂਝੀ ਜਥੇਬੰਦੀ ਸੀ, ਨਾਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗਾ ਅਦਾਰਾ ਅਤੇ ਨਾਂ ਹੀ ਗੁਰਮਤ ਰਹਿਤ ਮਰਿਯਾਦਾ ਦਾ ਕੋਈ ਕਿਤਬਚਾ ਜਾਂ ਕਿਤਾਬ ਪਰ ਸਿਖਾਂ ਕੋਲ ਸਿੱਖ ਸਿਧਾਂਤ ਜ਼ਰੂਰ ਸੀ। ਹੁਣ ਭਾਵੇਂ ਸਾਡੇ ਕੋਲ ਸਿੱਖ ਕਲਾਮ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ) , ਸਿੱਖ ਮੁਕਾਮ (ਸ੍ਰੀ ਦਰਬਾਰ ਸਾਹਿਬ ਜੀ) ਅਤੇ ਸਿੱਖ ਨਿਜ਼ਾਮ (ਸ੍ਰੀ ਅਕਾਲ ਤਖਤ ਸਾਹਿਬ ਜੀ) ਤਾਂ ਹੈ ਪਰ ਸਿੱਖ ਸਿਧਾਂਤ ਕਰੀਬ ਕਰੀਬ ਅਲੱਭ ਹੈ ਜਾਂ ਇੰਝ ਕਹਿ ਲਈਏ ਕਿ ਸਿੱਖ ਸਿਧਾਂਤ ਪ੍ਰਤੀ ਅਸੀਂ ਬਹੁਤ ਵੱਡੇ ਭੰਬਲਭੂਸੇ ਵਿਚ ਹਾਂ । ਇਸੇ ਕਰਕੇ ਸਿੱਖ ਆਪਸ ਵਿਚ ਗੁੱਥਮ ਗੁੱਥਾ ਹਨ ਅਤੇ ਆਪਣੇ ਮਨੁੱਖੀ ਅਧਿਕਾਰਾਂ ਲਈ ਖੁਦ ਹੀ ਖਤਰਾ ਬਣੇ ਹੋਏ ਹਨ।
ਸਿੱਖ ਸਿਧਾਂਤ ਉਸ ਧਾਰਮਕ ਅਮਲ ਦਾ ਨਾਂ ਹੈ ਜਿਸ ਨੂੰ ਅਪਣਾ ਕੇ ਸਿੱਖ ਅਖਵਾਉਣ ਵਾਲੇ ਵਿਅਕਤੀ ਦੀ ਉਹ ਪ੍ਰਤਿਭਾ ਉਜਾਗਰ ਹੁੰਦੀ ਹੈ ਜਿਸ ਨਾਲ ਉਸ ਦੀ ਸਾਰੇ ਸੰਸਾਰ ਨਾਲ ਬਣ ਆਉਂਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਰਤ ਸ਼ਬਦ ਦੀ ਵਿਧੀ ਰਾਹੀਂ ਸਾਨੂੰ ਚਿੱਤ ਦੇ ਪੰਜ ਦੋਸ਼ਾਂ ਤੋਂ ਮੁਕਤ ਕਰਕੇ ਵਾਹਿਗੁਰੂ ਦੇ ਨਾਮ ਵਾਲਾ ਜੀਵਨ ਦਿੰਦੇ ਹਨ। ਗੁਰੂ ਜੀ ਬੜੀ ਹੀ ਸਰਲ ਭਾਸ਼ਾ ਵਿਚ ਦਸਦੇ ਹਨ ਕਿ ਸਿੱਖਾ ਤੂੰ ਪਹਿਲਾਂ ਆਪਣੇ ਚਿੱਤ ਦੀ ਬੁਰਾਈ (ਵਿਰੋਧ) ਨੂੰ ਮਿਟਾ ਤਾਂ ਕਿ ਸਾਰਾ ਸੰਸਾਰ ਤੇਰਾ ਮਿੱਤਰ ਬਣ ਜਾਵੇ । ਧਰਮ ਦੀ ਇਸ ਤੋਂ ਸੌਖੀ ਵਿਆਖਿਆ ਹੋਰ ਕੀ ਹੋ ਸਕਦੀ ਹੈ ਜਿਵੇਂ ਸ੍ਰੀ ਸੁਖਮਨੀ ਸਾਹਿਬ ਵਿਚ ਅੰਕਤ ਹੈ-- ਮਨ ਅਪੁਨੇ ਤੇ ਬੁਰਾ ਮਿਟਾਨਾ ॥ ਪੇਖੈ ਸਗਲ ਸ੍ਰਿਸਟਿ ਸਾਜਨਾ ॥ ਗੁਰਬਾਣੀ ਦਾ ਇਹ ਐਲਾਨ ਹੈ ਕਿ ਨਾਮ ਦੇ ਜੀਵਨ ਤੋਂ ਬਿਨਾਂ ਮਨੁੱਖ ਨਾਂ ਤਾਂ ਆਪਣੇ ਭਲੇ ਵਾਲਾ ਅਤੇ ਨਾ ਹੀ ਸਰਬਤ ਦੇ ਭਲੇ ਵਾਲਾ ਹੋ ਸਕਦਾ ਹੈ। ਨਾਮ ਦੀ ਪ੍ਰਾਪਤੀ ਤੋਂ ਭਾਵ ਹਰ ਪਲ, ਹਰ ਸਾਹ ਵਾਹਿਗੁਰੂ ਦੇ ਸਨਮੁਖ ਰਹਿਣਾ। ਨਾਮ ਤੋਂ ਬਿਰਵਾ ਮਨੁੱਖ ਭਾਵੇਂ ਉਹ ਕਿਸੇ ਵੀ ਧਰਮ, ਰੰਗ ਜਾਂ ਨਸਲ ਵਾਲਾ ਹੋਵੇ ਮਨੁੱਖਤਾ ਦੇ ਨਾਮ ਨੂੰ ਵੱਡੀ ਗਾਲ ਹੈ। ਸੋਢੀ ਪਾਤਸ਼ਾਹ ਗੁਰੂ ਰਾਮ ਦਾਸ ਜੀ ਦੇ ਬਚਨ ਹਨ-- ਨਾਮਹੀਨ ਕਾਲਖ ਮੁਖਿ ਮਾਇਆ ॥ ਨਾਮ ਬਿਨਾ ਧ੍ਰਿਗੁ ਧ੍ਰਿਗੁ ਜੀਵਾਇਆ ॥ ਭਾਵ ਕਿ ਨਾਮ ਤੋਂ ਬਿਰਵੇ ਬੰਦੇ ਦਾ ਮੂੰਹ ਕਾਲਾ (ਮਾਇਆ ਵਿਚ) ਹੈ ਅਤੇ ਐਸੇ ਜਿਊਣ ਤੇ ਲਾਹਨਤ ਹੈ। ਇਹ ਹੀ ਅਸਲ ਵਿਚ ਸਿੱਖੀ ਸਿਧਾਂਤ ਹੈ ਕਿ ਬੰਦਾ ਗੁਰਮੁਖ ਬਣੇ ਭਾਵ ਕਿ ਨਾਮ ਵਾਲਾ ਬਣੇ। ਹੁਣ ਦੇਖਣ ਵਾਲੀ ਗੱਲ ਹੈ ਕਿ ਸਾਡੇ ਵਿਚ ਕਿ ਕਿੰਨੇ ਕੁ ਸਿੱਖ ਹਨ ਜਿਹਨਾ ਨੂੰ ਅਸੀਂ ਗੁਰਮੁਖ ਕਹਿ ਸਕਦੇ ਹਾਂ? ਕਿੰਨੇ ਕੁ ਹਨ ਜੋ ਖੁਦਗਰਜ਼ੀ ਅਤੇ ਹਉਮੈ ਤੋਂ ਨਿਰਲੇਪ ਹੋ ਕੇ ਸਿੱਖੀ ਨੂੰ ਸਮਰਪਤ ਹਨ?
ਅੱਜ ਅਸੀਂ ਉਸ ਵਿਅਕਤੀ ਨੂੰ ਗੁਰਮੁਖ ਮੰਨਦੇ ਹਾਂ ਜੋ ਕਿ ਵਧੇਰੇ ਚੌਂਕੜਾ ਮਾਰ ਸਕਦਾ ਹੋਵੇ, ਘੰਟਿਆਂ ਬੱਧੀ ਗੁਰਬਾਣੀ ਪੜ੍ਹ ਸਕਦਾ ਹੋਵੇ ਜਾਂ ਨਾਮ ਜਪ ਸਕਦਾ  ਹੋਵੇ। ਇਸ ਕਿਸਮ ਦੇ ਵਿਅਕਤੀ ਅਕਸਰ ਇਹ ਕਹਿੰਦੇ ਸੁਣੇ ਜਾਂਦੇ ਹਨ ਕਿ ਭਾਈ ਨਾਮ ਜਪੋ ਬਾਕੀ ਕੰਮ ਤਾਂ ਵਾਹਿਗੁਰੂ ਨੇ ਕਰ ਦੇਣੇ ਹਨ ਭਾਵ ਕਿ ਉਹ ਜੀਵਨ ਚਣੌਤੀਆਂ ਨਾਲ ਸਿੱਝਣਾ ਨਹੀਂ ਸਿਖਾਉਂਦੇ ਸਗੋਂ ਪਿੱਠ ਦੇਣਾ ਸਿਖਾਉਂਦੇ ਹਨ। ਗੁਰੂ ਸਾਹਿਬ ਨੇ ਤਾਂ ਇਸ ਤਰਾਂ ਦੀ ਭਗਤੀ ਕਰ ਰਹੇ ਲੋਕਾਂ ਨੂੰ ਹਿਮਾਲੀਆ ਪਹਾੜ ਤੋਂ ਥੱਲੇ ਉਤਰ ਕੇ ਦੁਨੀਆਂ ਵਿਚ ਵਿਚਰਨ ਲਈ ਕਿਹਾ ਸੀ ਪਰ ਅੱਜ ਦੇ ਸਾਧੂ ਸੰਤ ਮੁੜ ਦੁਬਾਰਾ ਜੋਗੀਆਂ ਵਾਲੇ ਪੈਂਤੜੇ ਤੇ ਉਤਰ ਆਏ ਹਨ। ਇਸ ਤੋਂ ਅਗਲੀ ਗੱਲ ਪ੍ਰਚਾਰਕਾਂ ਦੀ ਸ਼੍ਰੇਣੀ ਦੀ ਹੈ। ਅਸੀਂ ਉਹਨਾ ਨੂੰ ਵੀ ਗੁਰਮੁਖ ਸਮਝਣ ਦਾ ਟਪਲਾ ਖਾ ਜਾਂਦੇ ਹਾਂ ਜੋ ਧਰਮ ਦੇ ਨਾਮ ਤੇ ਜਾਂ ਇਤਹਾਸ ਤੇ ਲੱਛੇਦਾਰ ਭਾਛਣ ਕਰ ਸਕਦੇ ਹੋਣ। ਤੁਸੀਂ ਆਮ ਦੇਖੋਗੇ ਕਿ ‘ਚੜ੍ਹ ਜਾ ਬੱਚਾ ਸੂਲੀ ਰਾਮ ਭਲਾ ਕਰੇਗਾ’ ਦਾ ਉਪਦੇਸ਼ ਦੇਣ ਵਾਲੇ ਆਪਣਾ ਭਾਸ਼ਣ ਦੇ ਕੇ ਦੌੜ ਜਾਂਦੇ ਹਨ ਕਿਓਂਕਿ ਇਸ ਤੋਂ ਵਧ ਉਹ ਆਪਣੀ ਦੇਹੀ ਨੂੰ ਦੁੱਖ ਨਹੀਂ ਦੇ ਸਕਦੇ ਹੁੰਦੇ। ਨਾਮ ਜਪਣ ਦਾ ਉਪਦੇਸ਼ ਦੇਣ ਵਾਲੇ ਕੀਰਤਨੀਏ ਜਾਂ ਹੋਰ ਪ੍ਰਚਾਰਕ ਅਨੰਦ ਸਾਹਿਬ ਦਾ ਪਾਠ ਹੁੰਦੇ ਹੁੰਦੇ ਹੀ ਸਟੇਜ ਤੋਂ ਸਾਜ ਸਮੇਟ ਕੇ ਚਲਦੇ ਬਣਦੇ ਹਨ ਕਿਓਂਕਿ ਉਹਨਾ ਦਾ ਮਕਸਦ ਜਾਂ ਤਾਂ ਮਾਇਆ ਹੁੰਦਾ ਹੈ ਜਾਂ ਆਪਣੀ ਕਲਾ ਦਾ ਜੌਹਰ ਦਿਖਾਉਣਾ ਹੁੰਦਾ ਹੈ। ਨਾਮ ਦੇ ਰਸੀਏ ਦਾ ਤਾਂ ਖੁਦ ਵੀ ਪਾਠ ਨਾਲ ਜਾਂ ਅਰਦਾਸ ਨਾਲ ਪ੍ਰੇਮ ਹੋਣਾ ਚਾਹੀਦਾ ਹੈ। ਇਸ ਤੋਂ ਅਗਲੀ ਸ਼੍ਰੇਣੀ ਸਾਡੇ ਵਿਦਵਾਨਾਂ ਜਾਂ ਕਵੀਆਂ ਦੀ ਆਉਂਦੀ ਹੈ। ਸਾਡੇ ਵਿਦਵਾਨ ਜਾਂ ਕਵੀ ਕਿਸੇ ਸੈਮੀਨਾਰ ਜਾਂ ਕਵੀ ਦਰਬਾਰ ਵਿਚ ਆਪਣੀ ਵਾਰੀ ਦੀ ਉਡੀਕ ਤਕ ਹੀ ਰੁਕਦੇ ਹਨ। ਪ੍ਰੋਗ੍ਰਾਮਾ ਦੀ ਕਵਰੇਜ ਫੇਸ ਬੁੱਕ, ਰੇਡੀਓ ਜਾਂ ਟੈਲੀਵੀਯਨ ਤੇ ਹੁੰਦੀ ਹੋਣ ਕਰਕੇ ਉਹ ਆਪਣੀ ਵਿਦਵਤਾ ਦਾ ਵਧ ਤੋਂ ਵਧ ਪ੍ਰਗਟਾਵਾ ਕਰਦੇ ਹਨ ਅਤੇ ਅਕਸਰ ਹੀ ‘ਬੀਰ ਰਸ’ ਵਿਚ ਆ ਕੇ ਵਿੱਤੋਂ ਬਾਹਰ ਵੀ ਹੋ ਜਾਂਦੇ ਹਨ। ਨਾਮ ਦੀ ਪ੍ਰਾਪਤੀ ਤੋਂ ਬਿਨਾ ਸਿੱਖੀ ਸਿਧਾਂਤ ਦਾ ਕੋਈ ਮਤਲਬ ਨਹੀਂ ਨਿਕਲਦਾ। ਨਾਮ ਦੀ ਪ੍ਰਾਪਤੀ ਵਾਲੇ ਦੀ ਸਭ ਨਾਲ ਬਣ ਆਉਂਦੀ ਹੈ। ਇਸ ਦੀ ਮਿਸਾਲ ਦਮਦਮੀ ਟਕਸਾਲ ਅਤੇ ਅਖੰਡ ਕੀਰਤਨੀ ਜਥੇ ਦੇ ਪੁਰਾਤਨ ਗੁਰਸਿਖਾਂ ਦੇ ਜੀਵਨ ਤੋਂ ਲਈ ਜਾ ਸਕਦੀ ਹੈ ਜਿਥੇ ਉਹ ਰਾਗ ਮਾਲਾ ਵਰਗੇ ਵਿਸ਼ੇ ਤੇ ਵਖਰੇ ਖਿਆਲ ਰੱਖਦੇ ਹੋਏ ਵੀ ਇੱਕ ਦੂਸਰੇ ਨਾਲ ਬੇਹੱਦ ਪਿਆਰ ਕਰਦੇ ਸਨ ਜਦ ਕਿ ਅੱਜ ਦੇ ਮਹੌਲ ਵਿਚ ਨਫਰਤ ਦਾ ਬੋਲ ਬਾਲਾ ਹੈ। ਗੁਰਮੁਖ ਦੇ ਸਹੀ ਅਤੇ ਸਾਫ ਸੁਥਰੇ ਰੂਪ ਦੇ ਦਰਸ਼ਨ ਕਰਨੇ ਹੋਣ ਤਾਂ ਅਸੀਂ ਸਿੱਖ ਇਤਹਾਸ ਵਿਚੋਂ ਕਰ ਸਕਦੇ ਹਾਂ ਜਿਥੇ ਕਿ ਇੱਕ ਘੁੰਗਣੀਆਂ ਵੇਚਣ ਵਾਲੇ ਸਿੱਖ ਵਿਚ ਗੁਰੂ ਬਣਨ ਦੇ ਗੁਣ ਹਨ ਅਤੇ ਇੱਕ ਘੋੜਿਆਂ ਦੀ ਲਿੱਦ ਚੁਕਣ ਵਾਲੇ ਵਿਚ ਮੰਤਰੀ (ਨਵਾਬ) ਬਣਨ ਦੇ ਗੁਣ ਹਨ। ਨਾਮ ਜਪਣ ਵਾਲਾ ਗੁਰਸਿੱਖ ਨਾ ਤਾਂ ਹੋਛੀ ਹਊਮੈ ਦਾ ਪ੍ਰਗਟਾਵਾ ਕਰਦਾ ਹੈ ਅਤੇ ਨਾ ਹੀ ਵਿਆਪਕ ਚਣੌਤੀਆਂ ਪ੍ਰਤੀ ਅੱਖਾਂ ਹੀ ਬੰਦ ਕਰਦਾ ਹੈ। ਗੁਰਸਿੱਖ ਨੂੰ ਤਾਂ 24 ਘੰਟੇ ਆਪਣੇ ਗੁਰੂ ਦੇ ਸਨਮੁਖ ਰਹਿ ਕੇ ਸੱਚ ਦੀ ਕਮਾਈ ਕਰਨੀ ਹੁੰਦੀ ਹੈ - ਗੁਰਮੁਖਿ ਰੋਮਿ ਰੋਮਿ ਹਰਿ ਧਿਆਵੈ ॥ ਨਾਨਕ ਗੁਰਮੁਖਿ ਸਾਚਿ ਸਮਾਵੈ ॥ - ਗੁਰੂ ਨਾਨਕ ਦੇਵ ਜੀ ॥
ਗੁਰਮੁਖ ਵਿਅਕਤੀ ਨਾ ਕੇਵਲ ਆਪਣੇ ਮਨੁੱਖੀ ਅਧਿਕਾਰਾਂ ਲਈ ਖੜ੍ਹਦਾ ਹੈ ਸਗੋਂ ਉਹ ਆਪਣੇ ਆਲੇ ਦੁਆਲੇ ਕਿਸੇ ਦੂਸਰੇ ਦੇ ਮਨੁੱਖੀ ਅਧਿਕਾਰਾਂ ਦਾ ਸ਼ੋਸ਼ਣ ਨਹੀਂ ਹੋਣ ਦਿੰਦਾ। ਸਿੱਖ ਇਤਹਾਸ ਐਸੀਆਂ ਘਟਨਾਵਾਂ ਨਾਲ ਭਰਿਆ ਪਿਆ ਹੈ ਜਿਥੇ ਸਿੱਖਾਂ ਨੇ ਦੂਸਰੇ ਧਰਮਾਂ ਦੇ ਲੋਕਾਂ ਦੇ ਮਨੁੱਖੀ ਅਧਿਕਾਰਾਂ ਲਈ ਆਪਾ ਕੁਰਬਾਨ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਾਮ ਦੀ ਦਾਤ ਕੇਵਲ ਸਿੱਖਾਂ ਲਈ ਹੀ ਨਹੀਂ ਸਗੋਂ ਇਹ ਹਰ ਪ੍ਰਾਣੀ ਮਾਤਰ ਲਈ ਹੈ। ਇਹ ਦਾਤ ਕਿਸੇ ਧਰਮ, ਜਾਤ, ਕੌਮ ਜਾਂ ਰੰਗ ਨਾਲ ਸਬੰਧਤ ਨਹੀਂ ਸਗੋਂ ਮਾਨਵਤਾ ਨਾਲ ਸਬੰਧਤ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਦਾ ਨਿਰਮਾਣ ਗੁਰਸਿੱਖਾਂ ਨੇ ਗੁਰਮੁਖ ਪੈਦਾ ਕਰਨ ਲਈ ਅਤੇ ਸਰਬਤ ਦੇ ਭਲੇ ਹਿੱਤ ਕੀਤਾ ਸੀ ਜੋ ਕਿ ਹੁਣ ਭ੍ਰਿਸ਼ਟ ਸਿਆਸਤ ਦੀ ਬਲੀ ਚੜ੍ਹ ਕੇ ਨਾ ਕੇਵਲ ਸਿੱਖੀ ਨੂੰ ਨਾਮ ਦੇ ਵਿਰੋਧ ਵਿਚ ਲਿਜਾ ਰਹੀ ਹੈ ਸਗੋਂ ਸਿੱਖਾਂ ਨੂੰ ਆਪਸ ਵਿਚ ਲੜਾ ਵੀ ਰਹੀ ਹੈ।
ਅੱਜ ਦਾ ਸਿੱਖ ਪ੍ਰਚਾਰਕ ਸੁਰਤ ਸ਼ਬਦ ਦੇ ਵਿਸ਼ੇ ਤੇ ਬਹੁਤ ਘੱਟ ਬੋਲਦਾ ਹੈ ਅਤੇ ਉਹਨਾ ਵਿਸ਼ਿਆਂ ਤੇ ਬਹੁਤ ਜ਼ਿਆਦਾ ਜ਼ੋਰ ਦਿੰਦਾ ਹੈ ਜਿਹਨਾ ਨਾਲ ਆਪਸੀ ਵਾਦ ਵਿਵਾਦ ਵਧਦੇ ਹੋਣ। ਪੁਰਾਤਨ ਗੁਰਸਿੱਖਾਂ ਦੀ ਇਹ ਸਿਫਤ ਸੀ ਕਿ ਉਹ ਵਿਵਾਦੀ ਮੁੱਦਿਆਂ ਨੂੰ ਅਣਗੋਲੇ ਕਰਕੇ ਨਾਮ ਦੀ ਸਾਂਝ ਤੇ ਜ਼ੋਰ ਦਿੰਦੇ ਸਨ। ਅੱਜ ਦੇ ਸਿੱਖ ਨੇ ਦਸਮ ਪਿਤਾ ਦੀ ਬਾਣੀ ਦੀ ਪ੍ਰਮਾਣਕਤਾ ਦਾ ਮੁੱਦਾ, ਨਿਤਨੇਮ ਅਤੇ ਅੰਮ੍ਰਿਤ  ਦੀਆਂ ਬਾਣੀਆਂ ਦਾ ਮੁੱਦਾ, ਸਰੋਵਰਾਂ ਦਾ ਮੁੱਦਾ, ਸਿੱਖ ਸਾਖੀਆਂ ਦਾ ਮੁੱਦਾ ਅਤੇ ਹੋਰ ਪਤਾ ਨਹੀਂ ਕਿੰਨੇ ਮੁੱਦਿਆਂ ਤੇ ਵਾਦ ਵਿਵਾਦ ਕਰਕੇ ਆਪਸੀ ਤਕਰਾਰ ਵਧਾਏ ਹਨ। ਅਸਲੀ ਸਿੱਖ ਸਿਧਾਂਤ ਦੇ ਮੁੱਦੇ ਨੂੰ ਭਾਵ ਕਿ ਸੁਰਤ ਸ਼ਬਦ ਦੇ ਮੁੱਦੇ ਨੂੰ ਕੇਵਲ ਰਸਮੀ ਜਹੀ ਗੱਲ ਤਕ ਸੀਮਤ ਕਰਕੇ ਕਰੀਬ ਕਰੀਬ ਅਣਗੌਲਿਆ ਕਰ ਦਿੱਤਾ ਹੈ। ਇਹੀ ਕਾਰਨ ਹੈ ਕਿ ਧਾਰਮਕ ਪ੍ਰਚਾਰਕ ਅਤੇ ਆਗੂ ਆਪਣੇ ਹੀ ਮਨੁੱਖੀ ਅਧਿਕਾਰਾਂ ਤੇ ਖੁਦ ਹੀ ਹਮਲਾਵਰ ਹੋ ਗਏ ਹਨ। ਨਾਮ ਦੀ ਬਖਸ਼ਿਸ਼ ਨਾਲ ਤਾਂ ਮਨ ਦੀ ਅਜੋੜਤਾ (ਦੁਬਿਧਾ) ਅਤੇ ਮਨ ਦੇ ਦੋਸ਼ਾਂ ਤੋਂ ਮੁਕਤ ਹੋ ਕੇ ਮਨੁੱਖ ਜਿਸ ਅਨੰਦ ਨੂੰ ਪ੍ਰਾਪਤ ਕਰਦਾ ਹੈ ਉਸ ਨਾਲ ਤਾਂ ਸਾਰਾ ਸੰਸਾਰ ਹੀ ਉਸ ਦਾ ਆਪਣਾ ਹੋ ਜਾਣਾ ਹੁੰਦਾ ਹੈ ਪਰ ਅਸੀਂ ਤਾਂ ਅਸੀਂ ਇੱਕ ਦੂਸਰੇ ਨੂੰ ਮਰਨ ਮਾਰਨ ਤੇ ਤੁਲੇ ਹੋਏ ਹਾਂ ਤਾਂ ਦੂਸਰੇ ਤਾਂ ਸਾਨੂੰ ਮਾਰਨਗੇ ਹੀ।
ਆਪਣੇ ਮਨੁੱਖੀ ਅਧਿਕਾਰਾਂ ਦੀ ਸਲਾਮਤੀ ਲਈ ਸਿੱਖਾਂ ਲਈ ਪਹਿਲ ਤੇ ਅਧਾਰਤ ਇਹ ਗੱਲ ਸਮਝਣੀ ਜ਼ਰੂਰੀ ਹੈ ਕਿ ਅਸੀਂ ਉਹਨਾ ਮੁੱਦਿਆਂ ਨੂੰ ਸਿੱਖ ਸਿਧਾਂਤ ਦੇ ਮੁੱਦੇ ਆਖ ਕੇ ਆਪਸੀ ਵੈਰ ਵਿਰੋਧ ਨਾ ਵਧਾਈਏ ਜਿਹੜੇ ਕਿ ਅੱਜ ਦੇ ਮਹੌਲ ਵਿਚ ਨਜਿੱਠਣੇ ਅਸੰਭਵ ਹਨ। ਓਲਡਬਰੀ ਦੀ ਸਪੀਚ ਵਿਚ ਮੈਂ ਇਹ ਗੱਲ ਬਹੁਤ ਜ਼ੋਰ ਦੇ ਕੇ ਕਹੀ ਸੀ ਕਿ ਜੇਕਰ ਤੇਤੀ ਕਰੋੜ ਦੇਵਤਿਆਂ ਦੇ ਪੁਜਾਰੀ ਹਰ ਤਰਾਂ ਦੀ ਧਾਰਮਕ ਵੰਨ ਸੁਵੰਨਤਾ ਅਤੇ ਵਿਰੋਧਾਂ ਦੇ ਹੁੰਦੇ ਹੋਏ ਵੀ ਭਗਵੇਂ ਝੰਡੇ ਨੂੰ ਭਾਰਤ ਮਾਤਾ ਦਾ ਪ੍ਰਤੀਕ ਬਣਾ ਕੇ ਅਤੇ ਰਾਮ ਮੁੰਦਰ ਦੇ ਮੁੱਦੇ ਨੂੰ ਸੰਦ ਵਾਂਗ ਵਰਤ ਕੇ ਸਾਰੇ ਹਿੰਦੂਆਂ ਦਾ ਸਹਿਯੋਗ ਲੈ ਕੇ ਰਾਜਸੀ ਜੱਫਾ ਮਾਰ ਸਕਦੇ ਹਨ ਤਾਂ ਕੀ ਕਾਰਨ ਹੈ ਕਿ ਸਿੱਖ ‘ਗੁਰੂ ਮਾਨਿਯੋ ਗ੍ਰੰਥ’ ਦੇ ਸੰਕਲਪ ਨੂੰ ਅਪਣਾ ਕੇ ਭਾਵ ਕਿ ਸ਼ਬਦ ਸੁਰਤ ਦੇ ਸੰਕਲਪ ਨੂੰ ਅਪਣਾ ਕੇ ਆਪਣੀਆਂ ਅਤੇ ਹੋਰਨਾਂ ਦੀਆਂ ਸਮੱਸਿਆਵਾਂ ਦਾ ਹੱਲ ਨਾ ਲੱਭ ਸਕਣ ਅਤੇ ਇਕੱਠੇ ਨਾ ਹੋ ਸਕਣ। 
ਬਹੁਤ ਸਾਰੇ ਸਿੱਖ ਬੜੀ ਤਨਦੇਹੀ ਨਾਲ ਇਸ ਮਸਲੇ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਸਿੱਖ ਭਾਰਤੀ ਸਟੇਟ ਦੇ ਜੂਲੇ ਤੋਂ ਕਿਵੇਂ ਮੁਕਤ ਹੋਣ ਅਤੇ ਖਾਲਿਸਤਾਨ ਕਿਵੇਂ ਬਣੇ । ਸਾਨੂੰ ਇਹ ਗੱਲ ਤਾਂ ਸਮਝ ਲੱਗ ਗਈ ਹੈ ਕਿ ਨੇਸ਼ਨ ਸਟੇਟ ਦੇ ਰਾਹ ਵਿਚ ਸਿੱਖ ਜਾਂ ਘੱਟਗਿਣਤੀਆਂ ਇੱਕ ਵੱਡੀ ਰੁਕਾਵਟ ਹਨ । ਇਸ ਸੰਕਟ ਵਿਚੋਂ ਕੌਮ ਨੂੰ ਕੱਢਣ ਲਈ, ਆਪਣੇ ਅਤੀਤ ਤੋਂ ਸਬਕ ਲੈ ਕੇ ਅਗਲੀ ਰਾਜਨੀਤੀ ਵਿੱਢਣ ਦੀ ਲੋੜ ਹੈ। ਸਿੱਖ ਕੌਮ ਘੱਲੂਘਾਰਿਆਂ ਵਿਚੋਂ ਕੁੰਦਨ ਬਣ ਕੇ ਨਕਲਦੀ ਰਹੀ ਹੈ। ਅੱਜ ਇਹ ਗੱਲ ਬਹੁਤ ਹੀ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ ਕਿ ਤੀਸਰੇ ਘੱਲੂਘਾਰੇ ਮਗਰੋਂ ਸਿੱਖ ਫਿਰ ਕਿਓਂ ਨਾ ਉੱਠ ਸਕੇ। ਗੁਰਮੁਖਾਂ ਦੀ ਨਰੋਈ ਅਤੇ ਸਰਬ ਸਾਂਝੀ ਜਮਾਤ ਤੋਂ ਬਿਨਾਂ ਰਾਜਨੀਤਕ ਘੋਲ ਨਹੀਂ ਲੜਿਆ ਜਾ ਸਕਦਾ ਅਤੇ ਨਾ ਹੀ ਆਪਣੇ ਮਨੁੱਖੀ ਹੱਕਾਂ ਦੀ ਰਾਖੀ ਕੀਤੀ ਜਾ ਸਕਦੀ ਹੈ। ਸਾਡੀ ਜਥੇਬੰਦਕ ਹਾਲਤ ਪੂਰਬੀਆਂ ਦੇ ਚੁੱਲਿਆਂ ਤਕ ਹਾਸੋ ਹੀਣੀ ਹੋ ਗਈ ਹੈ ਕਿਓਂਕਿ ਸਾਨੂੰ ਇਕੱਠਿਆਂ ਰੱਖਣ ਵਾਲੇ ਨਾਮ ਦੇ ਧੁਰੇ ਨੂੰ ਅਸੀਂ ਬੇਲੋੜਾ ਸਮਝਣ ਲੱਗ ਪਏ ਹਾਂ।
ਸੰਨ 1978 ਤੋਂ ਅਸੀਂ ਬਹੁਤ ਲਹੂ ਡੋਲ ਚੁੱਕੇ ਹਾਂ ਪਰ ਹੁਣ ਤਕ ਕੋਈ ਚੰਗੇ ਨਤੀਜੇ ਸਾਹਮਣੇ ਨਹੀਂ ਆਏ। ਸ਼ਸਤਰ ਵੀ ਹਮੇਸ਼ਾਂ ਮੌਕੇ ਦਾ ਹੁੰਦਾ ਹੈ। ਅੱਜ ਭਾਰਤੀ ਸਟੇਟ ਜਿਹੋ ਜਹੇ ਜੰਗੀ ਸਾਜੋ ਸਮਾਨ ਨਾਲ ਭਰੀ ਪਈ ਹੈ ਉਸ ਤੋਂ ਅਸੀਂ ਸਾਰੇ ਭਲੀਭਾਂਤ ਜਾਣੂ ਹਾਂ। ਦੂਜੇ ਪਾਸੇ ਸਾਡੀ ਰਾਜਨੀਤਕ ਅਤੇ ਧਾਰਮਕ ਧਿਰ  ਨੇ ਸਾਡੇ ਹੱਕਾਂ ਦੀ ਪੈਰਵਈ ਕਰਨ ਨਾਲੋਂ ਸਟੇਟ ਦੀ ਦੁਬੇਲ ਬਣ ਕੇ ਜਿਊਣਾ ਜਰੂਰੀ ਜਾਂ ਮਜਬੂਰੀ ਬਣਾ ਲਿਆ ਹੈ। ਬੜੇ ਹੀ ਦੁੱਖ ਵਾਲੀ ਗੱਲ ਹੈ ਕਿ ਸਿੱਖਾਂ ਦਾ ਸੰਤ ਸਮਾਜ ਅਤੇ ਟਕਸਾਲੀ ਆਗੂ ਬਾਦਲਾਂ ਦੀ ਭ੍ਰਿਸ਼ਟ ਰਾਜਨੀਤੀ ਨਾਲ ਜਿਥੇ ਸਭ ਸ਼ਰਮਾਂ ਲਾਹ ਕੇ ਗਲਵਕੜੀ ਪਾਈ ਬੈਠੇ ਹਨ ਉਥੇ ਬਾਕੀ ਜਥੇਬੰਦੀਆਂ ਦੇ ਆਗੂ ਪਿਛਲੇ ਦਰਵਾਜੇ ਰਾਹੀਂ ਬਾਦਲਾਂ ਤੋਂ ਬਖਸ਼ਿਸ਼ਾਂ ਲੈਣ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ। ਹੁਣੇ ਹੁਣੇ ਅਖੰਡ ਕੀਰਤਨੀ ਜਥੇ ਦੇ ਇੱਕ ਆਗੂ ਵਲੋਂ ਮੀਡੀਏ ਵਿਚ ਕੀਤੀ ਹੋਈ ਬਿਆਨ ਬਾਜੀ ਇਹ ਸਾਬਤ ਕਰਦੀ ਹੈ ਕਿ ਅਜੇਹੇ ਲੋਕ ਕਿਹੜੀਆਂ ਧਿਰਾਂ ਤੋਂ ਥਾਪੜਾ ਲੈਣ ਦੀ ਕੋਸ਼ਿਸ਼ ਵਿਚ ਹਨ। ਉਕਤ ਆਗੂ ਨੇ ਆਪਣੇ ਟੀ ਵੀ ਪ੍ਰੋਗ੍ਰਾਮ ਵਿਚ ਭਾਈ ਰਣਧੀਰ ਸਿੰਘ ਨੂੰ ਗੁਰੂ ਗ੍ਰੰਥੀਆ ਘੱਟ ਅਤੇ ਦਸਮ ਗ੍ਰੰਥੀਆ ਵਧੇਰੇ ਪ੍ਰਚਾਰਨ ਦੇ ਨਾਲ ਨਾਲ ਭਾਈ ਰਣਜੀਤ ਸਿੰਘ ਢਡਰੀਆਂ ਵਾਲੇ ਦਾ ਵਿਰੋਧ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ। ਹਾਲਾਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਭਾਈ ਰਣਜੀਤ ਸਿੰਘ ਢਡਰੀਆਂ ਵਾਲੇ ਹੀ ਹਨ ਜੋ ਕਿ ਸ਼ਖਸੀ ਪੂਜਾ ਵਾਲੇ ਸੰਤ, ਬਾਬੇ, ਗਿਆਨੀ, ਬ੍ਰਹਮ ਗਿਆਨੀ ਜਾਂ ਪੂਰਨ ਬ੍ਰਹਮ ਗਿਆਨੀ ਵਰਗੇ ਲਕਬ ਲਾਹ ਕੇ ਅੱਜ ਤੱਤ ਗੁਰਮਤ ਅਸੂਲਾਂ ਦੀ ਵਿਆਖਿਆ ਹਰ ਤਰਾਂ ਦੇ ਖਤਰੇ ਮੁੱਲ ਲੈ ਕੇ ਕਰ ਰਹੇ ਹਨ। ਅਸਲ ਵਿਚ ਅੱਜ ਦੇ ਦੰਭੀ ਮੀਰ ਅਤੇ ਪੀਰ ਇਹ ਨਹੀਂ ਚਹੁੰਦੇ ਕਿ ਕੋਈ ਵੀ ਤੱਤ ਗੁਰਮਤ ਦੀ ਵਿਆਖਿਆ ਗੱਲ ਕਰੇ ਜਾਂ ਉਸ ਤੇ ਅਮਲ ਕਰੇ। ਕਿਓਂਕਿ ਤੱਤ ਗੁਰਮਤ ਤੇ ਪਹਿਰਾ ਦੇਣ ਵਾਲਾ ਪ੍ਰਚਾਰਕ ਮਨੁੱਖੀ ਹੱਕਾਂ ਦੀ ਪਹਿਰੇਦਾਰੀ ਵੀ ਕਰੇਗਾ ਅਤੇ ਦੰਭੀ ਮੀਰਾਂ ਪੀਰਾਂ ਦੇ ਸੱਚ ਨੂੰ ਵੀ ਲੋਕਾਂ ਸਾਹਮਣੇ ਲਿਆਵੇਗਾ ਜੋ ਕਿ ਦੰਭੀਆਂ ਲਈ ਮੌਤ ਦਾ ਫੁਰਮਾਨ ਹੈ। ਤੱਤ ਗੁਰਮਤ ਦਾ ਪ੍ਰਚਾਰ ਦੇਖ ਕੇ ਸਟੇਟ ਦੇ ਟੁਕੜਿਆਂ ਅਤੇ ਰਹਿਮ ਤੇ ਪਲਣ ਵਾਲੇ ਦੰਭੀ ਸਾਧਾਂ ਦੀ ਜਾਨ ਤੇ ਬਣ ਆਉਂਦੀ ਹੈ ਅਤੇ ਉਹ ਮਰਨ ਮਾਰਨ ਤੇ ਉਤਰ ਆਉਂਦੇ ਹਨ। 
  ਅੱਜ ਸਾਨੂੰ ਇੱਕ ਹੋਰ ਖਤਰੇ ਤੋਂ ਵੀ ਸਾਵਧਾਨ ਹੋਣ ਦੀ ਲੋੜ ਹੈ ਕਿ ਰਾਸ਼ਟਰੀ ਸੋਇਮ ਸੇਵਕ ਸੰਘ ਨੇ ਰਾਸ਼ਟਰੀ ਸਿੱਖ ਸੰਗਤ ਦੀ ਕਾਇਮੀ ਜਿਸ ਉਦੇਸ਼ ਨੂੰ ਲੈ ਕੇ ਕੀਤੀ ਸੀ ਹੁਣ ਉਸ ਦੇ ਨਤੀਜੇ ਸਾਡੇ ਲਈ ਬਹੁਤ ਵੱਡੀ ਵੰਗਾਰ ਬਣੇ ਹੋਏ ਹਨ। ਆਰ ਐਸ ਐਸ ਸਿੱਖਾਂ ਪ੍ਰਤੀ ਸਾਮ, ਦਾਮ, ਦੰਡ ਦੇ ਨਾਲ ਨਾਲ ਭੇਦ ਦੇ ਸੰਦ ਨਾਲ ਵਧੇਰੇ ਮਾਰੂ ਹੈ। ‘ਭੇਦ’ ਦਾ ਇਹ ਸੰਦ ਸਿੱਖ ਨੂੰ ਸਿੱਖ ਨਾਲ ਲੜਾਉਣ ਵਿਚ ਕਾਮਯਾਬ ਹੁੰਦਾ ਦਿਖਾਈ ਦਿੰਦਾ ਹੈ। ਇਸ ਤੱਥ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਅੱਜ ਸਾਡੇ ਰੱਬੀ ਕਲਾਮ (ਸ੍ਰੀ ਗੁਰੂ ਗ੍ਰੰਥ ਸਾਹਿਬ) ਦੇ ਬਰਾਬਰ ਹੋਰ ਕਲਾਮ ਖੜ੍ਹੇ ਕਰਨ ਦੇ ਯਤਨ ਕੀਤੇ ਜਾ ਰਹੇ ਹਨ, ਅੱਜ ਸਾਡੇ ਮੁਕਾਮ (ਦਰਬਾਰ ਸਾਹਿਬ) ਅਤੇ ਸਾਡੇ ਨਿਜ਼ਾਮ(ਸ੍ਰੀ ਅਕਾਲ ਤਖਤ ਸਾਹਿਬ) ਤੇ ਭ੍ਰਿਸ਼ਟ ਰਾਜਨੀਤੀ ਦਾ ਕਬਜਾ ਹੈ ਜੋ ਕਿ ਰਾਜਸੀ ਲਾਰ ਦਿਖਾ ਕੇ ਧਾਰਮਕ ਸਿੱਖ ਆਗੂਆਂ ਨੂੰ ਵਰਗਲਾ ਕੇ ਸਿੱਖਾਂ ਨੂੰ ਖਾਨਾ ਜੰਗੀ ਦੇ ਰਾਹ ਪਾ ਰਹੀ ਹੈ । ਪਰ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਇਸ ਲੜਾਈ ਨੂੰ ਸੜਕ ਤੇ ਲੈ ਆਈਏ। ਕਈ ਸਿੱਖ ਭੋਲੇ ਪਨ ਵਿਚ, ਕਈ ਸਵਾਰਥ ਵਿਚ, ਕਈ ਜਥੇਬੰਦਕ ਹੇਜ ਵਿਚ ਅਤੇ ਕਈ ਅਗਿਆਨਤਾ ਵਿਚ ਅੱਜ ਇਹਨਾ ਦੰਭੀ ਮੀਰਾਂ ਅਤੇ ਪੀਰਾਂ ਦੀ ਗ੍ਰਿਫਤ ਵਿਚ ਫਸੇ ਹੋਏ ਹਨ। ਇਸ ਸੰਕਟ ਵਿਚ ਫਸੇ ਹੋਏ ਸਿੱਖ ਦਿਨੋ ਦਿਨ ਗਾਲੀ ਗਲੋਚ ਵਾਲੀ ਬੋਲੀ ਅਤੇ ਸੋਸ਼ਲ ਸਾਈਟਾਂ ਤੇ ਇੱਕ ਦੂਸਰੇ ਦਾ ਮਜ਼ਾਕ ਉਡਾਉਣ ਜਾਂ ਨੀਵੇਂ ਦਿਖਾਉਣ ਦੀਆਂ ਹਰਕਤਾਂ ਕਰਕੇ ਇੱਕ ਦੂਸਰੇ ਨਾਲ ਵੈਰ ਵਿਰੋਧ ਵਧਾ ਰਹੇ ਹਨ। ਗੁਰੂ ਗ੍ਰੰਥ ਸਾਹਿਬ ਜੀ ਆਪਣੇ ਕਿਸੇ ਵੀ ਸਿੱਖ ਨੂੰ ਕਿਸੇ ਵੀ ਹਾਲਤ ਵਿਚ ਸ਼ਬਦ ਸੁਰਤ ਤੋਂ ਬੇਮੁਖ ਹੋ ਕੇ ਨੀਚ ਹਰਕਤਾਂ ਕਰਨ ਦੀ ਇਜਾਜ਼ਤ ਨਹੀਂ ਦਿੰਦੇ।
ਕੇਵਲ ਆਪਣੇ ਗਲੋਂ ਗੁਲਾਮਾਂ ਲਾਉਣ ਲਈ ਜਾਂ ਵਿਖਾਵੇ ਲਈ ਕੀਤੇ ਇਕੱਠਾਂ ਨਾਲ ਸਾਡਾ ਮਸਲਾ ਹੱਲ ਨਹੀਂ ਹੋਣਾ। ਕੌਮ ਦੀ ਚੜ੍ਹਦੀ ਕਲਾ ਲਈ ਅੱਜ ਸਾਨੂੰ ਸਟੇਜਾਂ ਤੇ ਘੱਟ ਅਤੇ ਬੰਦ ਦਰਵਾਜਿਆਂ ਪਿੱਛੇ ਸਿਰ ਜੋੜਨ ਦੀ ਬਹੁਤੀ ਲੋੜ ਹੈ ਤਾਂ ਕਿ ਅਸੀਂ ਮੀਡੀਏ ਵਿਚ ਵਕਤੀ ਬੱਲੇ ਬੱਲੇ ਕਰਵਾਉਣ ਨਾਲੋਂ ਕੌਮ ਦੇ ਸੰਕਟ ਦਾ ਹੱਲ ਲਭ ਸਕੀਏ। ਆਪਣੀ ਆਜ਼ਾਦੀ ਲਈ ਕੀਤੇ ਜਾ ਰਹੇ ਮੌਜੂਦਾ ਅਮਲ ਸਾਡੇ ਹਿੱਤ ਵਿਚ ਘੱਟ ਅਤੇ ਵਿਰੋਧ ਵਿਚ ਵਧੇਰੇ ਜਾ ਰਹੇ ਹਨ ਭਾਵੇਂ ਕਿ ਉਹ ਸਰਬਤ ਖਾਲਸਾ ਵਰਗੇ ਅਮਲ ਹੀ ਕਿਓਂ ਨਾ ਹੋਣ।
ਕੁਲਵੰਤ ਸਿੰਘ ਢੇਸੀ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.