ਕੈਟੇਗਰੀ

ਤੁਹਾਡੀ ਰਾਇ



ਕੁਲਵੰਤ ਸਿੰਘ ਢੇਸੀ
ਅਕਾਲੀਆਂ ਦਾ ਹਸ਼ਰ ਚੇਤੇ ਰੱਖਣ ਕਾਂਗਰਸੀ ਆਗੂ
ਅਕਾਲੀਆਂ ਦਾ ਹਸ਼ਰ ਚੇਤੇ ਰੱਖਣ ਕਾਂਗਰਸੀ ਆਗੂ
Page Visitors: 2644

ਅਕਾਲੀਆਂ ਦਾ ਹਸ਼ਰ ਚੇਤੇ ਰੱਖਣ ਕਾਂਗਰਸੀ ਆਗੂ
ਸਰ ਹੋ ਸਜਦੇ ਮੇਂ ਔਰ ਦਿਲ ਮੇਂ ਦਗ਼ਾ ਬਾਜੀ ਹੋ, ਐਸੇ ਸਜਦੋਂ ਸੇ ਭਲਾ ਕੈਸੇ ਖੁਦਾ ਰਾਜ਼ੀ ਹੋ

ਸਾਲ 2017 ਵਿਧਾਨ ਸਭਾ ਦੀਆਂ ਚੋਣਾਂ ਦੇ ਜੋ ਨਤੀਜੇ ਆਏ ਹਨ ਇਹ ਕਿਸੇ ਦੇ ਵੀ ਚਿੱਤ ਚੇਤੇ ਨਹੀਂ ਸਨ। ਆਮ ਆਦਮੀ ਪਾਰਟੀ ਦੀ ਕਾਮਯਾਬੀ ਬਾਰੇ ਆਮ ਰਾਏ ਗਲਤ ਸਾਬਤ ਹੋਈ ਹੈ ਅਤੇ ਬਾਦਲਾਂ ਦੀ ਕਾਰਗੁਜ਼ਾਰੀ ਵੀ ਏਨੀ ਮਾੜੀ ਨਹੀਂ ਰਹੀ ਜਿੰਨੀ ਕਿ ਸੋਚੀ ਜਾ ਰਹੀ ਸੀ। ਇਹਨਾ ਨਤੀਜਿਆਂ ਸਬੰਧੀ ਕਾਂਗਰਸ ਦੀ ਕਾਮਯਾਬੀ ਅਤੇ ਖੁਸ਼ੀ ਦਾ ਜਿਥੇ ਕੋਈ ਆਰ ਪਾਰ ਨਾ ਰਿਹਾ ਉਥੇ ਆਮ ਆਦਮੀ ਪਾਰਟੀ ਦੀ ਇਸ ਤਰਾਂ ਦੀ ਦੁਰਗਤ ਬੇਹੱਦ ਅਫਸੋਸਨਾਇਕ ਰਹੀ। ਅਸਲ ਵਿਚ ਕਾਂਗਰਸੀ ਅਤੇ ਅਕਾਲੀ ਆਪਣੇ ਚੋਣ ਪ੍ਰਚਾਰ ਵਿਚ ਆਮ ਆਦਮੀ ਪਾਰਟੀ ਨੂੰ ਖਾਲਿਸਤਾਨ ਅਤੇ ਖਾੜਕੂਵਾਦ ਦੇ ਹਊਏ ਵਜੋਂ ਪ੍ਰਚਾਰਨ ਵਿਚ ਕਾਮਯਾਬ ਰਹੇ ਜਿਸ ਦੇ ਸਿੱਟੇ ਵਜੋਂ ਹਿੰਦੂ ਅਤੇ ਦਲਿਤ ਵੋਟ ਕਾਂਗਰਸ ਦੇ ਹੱਕ ਵਿਚ ਭੁਗਤਣ ਕਾਰਨ ਇਹ ਕਰਿਸ਼ਮਾਂ ਹੋਇਆ ਹੈ।
   ਇਹਨਾ ਚੋਣਾਂ ਵਿਚ ਪੰਜਾਬੀਆਂ ਕੋਲ ਮੌਕਾ ਸੀ ਕਿ ਉਹ ਸੱਤਰ ਸਾਲਾਂ ਤੋਂ ਚਲੀ ਆ ਰਹੀ ਵੱਡੇ ਮਗਰਮੱਛਾਂ ਦੀ ਰਾਜਨੀਤੀ ਤੋਂ ਅਜ਼ਾਦ ਹੋ ਕੇ ਤੀਸਰਾ ਬਦਲ ਦੇ ਸਕਦੇ ਸਨ ਪਰ ਉਹ ਕਾਂਗਰਸੀਆਂ ਅਤੇ ਅਕਾਲੀਆਂ ਦੇ ਸ਼ੇਰ ਆ ਗਿਆ, ਸ਼ੇਰ ਆ ਗਿਆ ਦੇ ਰੌਲੇ ਤੋਂ ਦਹਿਲ ਕੇ ਮੁੜ ਕਾਂਗਰਸੀਆਂ ਦੀ ਝੋਲੀ ਪੈ ਗਏ ਹਨ ਜਿਹਨਾ ਦੇ ਰਾਜਨੀਤਕ ਕਿਰਦਾਰ ਤੇ ਵੀ ਓਨੇ ਹੀ ਗੰਭੀਰ ਪ੍ਰਸ਼ਨ ਰਹੇ ਹਨ ਜਿੰਨੇ ਕਿ ਅਕਾਲੀਆਂ ਜਾਂ ਭਾਜਪਾਈਆਂ ਦੇ ।
  ਇਸ ਲੇਖ ਵਿਚ ਅਸੀਂ ਕੈਪਟਨ ਅਮਰਿੰਦਰ ਸਿੰਘ ਸਾਹਮਣੇ ਉਹ ਤੱਥ ਪੇਸ਼ ਕਰਨ ਜਾ ਰਹੇ ਹਾਂ ਜੋ ਕਿ ਕੁਝ ਨਿਹਾਇਤ ਹੀ ਇਮਾਨਦਾਰ ਵਿਅਕਤੀਆਂ ਨੇ ਅਕਾਲੀਆਂ ਦਾ ਅਸਲੀ ਚਿਹਰਾ ਮੋਹਰਾ ਲੋਕਾਂ ਸਾਹਮਣੇ ਰੱਖਣ ਲਈ ਪੇਸ਼ ਕੀਤੇ ਸਨ। ਇਹ ਇੱਕ ਚਿਤਾਵਨੀ ਹੈ ਕਿ ਜੇਕਰ ਕਾਂਗਰਸੀਆਂ ਨੇ ਵੀ ਅਗਲੇ ਦੋ ਸਾਲਾਂ ਵਿਚ ਕੋਈ ਚੰਗੀ ਕਾਰਗੁਜ਼ਾਰੀ ਨਾ ਪੇਸ਼ ਕੀਤੀ ਤਾਂ ਇਸ ਪਾਰਟੀ ਨੂੰ ਪਾਰਲੀਮਾਨੀ ਚੋਣਾਂ ਵਿਚ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ ਜਦ ਕਿ ਆਮ ਆਦਮੀ ਪਾਰਟੀ ਬੁਰੀ ਤਰਾਂ ਡਿੱਗ ਕੇ ਮੁੜ ਸੰਭਲਣ ਦੀ ਕੋਸ਼ਿਸ਼ ਕਰ ਰਹੀ ਹੋਏਗੀ।
ਦਿੱਲੀ ਹਾਈ ਕੋਰਟ ਦੇ ਸਾਬਕਾ ਚੀਫ ਜਸਟਿਸ, ਭਾਰਤੀ ਸੁਪਰੀਮ ਕੋਰਟ ਦੇ ਸਾਬਕਾ ਜੱਜ ਅਤੇ ਭਾਰਤੀ ਪਰੈਸ ਕੌਂਸਲ ਦੇ ਸਾਬਕਾ ਚੇਅਰਮੈਨ ਜਸਟਿਸ ਮਾਰਕੰਡੇ ਕਾਟਜੂ ਦਾ ਕਥਨ ਹੈ ਕਿ ਭਾਰਤੀ ਰਾਜਨੀਤਕ ਪਾਰਟੀਆਂ ਵਿਚ ਚੋਰ, ਲੁਟੇਰੇ ਅਤੇ ਬਦਮਾਸ਼ ਕਿਸਮ ਦੇ ਐਸੇ ਲੋਕ ਬੈਠੇ ਹਨ ਜਿਹਨਾ ਨੂੰ ਦੇਰ ਪਹਿਲਾਂ ਜਾਂ ਤਾਂ ਗੋਲੀ ਮਾਰ ਦੇਣੀ ਚਾਹੀਦੀ ਸੀ ਜਾਂ ਉਹਨਾ ਨੂੰ ਫਾਹੇ ਲਾ ਦੇਣਾ ਚਾਹੀਦਾ ਸੀ।  
  ਦੇਸ਼ ਦੀ ਉੱਚਤਮ ਅਦਾਲਤ ਦੇ ਜੱਜ ਰਹਿ ਚੁੱਕੇ ਕਿਸੇ ਜ਼ਿੰਮੇਵਾਰ ਸ਼ਖਸ ਵਲੋਂ ਦਿੱਤੇ ਗਏ ਇਸ ਤਰਾਂ ਦੇ ਬਿਆਨਾਂ ਨੂੰ ਨਜ਼ਰ ਅੰਦਾਜ਼ ਨਹੀਂ ਕਰ ਦੇਣਾ ਚਾਹੀਦਾ। ਸਿਆਸੀ ਰਾਖਸ਼ਾਂ ਬਾਰੇ ਜਸਟਿਸ ਕਹਿੰਦੇ ਹਨ ਕਿ ਇਹ ਲੁਟੇਰੇ ਜਿਥੇ ਜਨਤਾ ਨੂੰ ਦੋਹਾਂ ਹੱਥਾਂ ਨਾਲ ਲੁੱਟਦੇ ਹਨ ਉਥੇ ਉਹ ਸਮਾਜ ਦਾ ਧਰੁਵੀਕਰਨ (Polarization) ਵੀ ਕਰਦੇ ਹਨ। ਉਹ ਕਹਿੰਦੇ  ਹਨ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਭਾਰਤ ਵਰਗਾ ਮਹਾਨ ਸੰਸਕ੍ਰਿਤੀ ਵਾਲਾ ਮਹਾਨ ਦੇਸ਼ ਅੱਜ ਗੁੰਡਿਆਂ ਅਤੇ ਡਕੈਤਾਂ ਦੇ ਹੱਥਾਂ ਵਿਚ ਹੈ।
ਪੰਜਾਬ ਬਾਰੇ ਗੱਲ ਕਰਦਿਆਂ ਜਸਟਿਸ ਕਾਟਜੂ ਕਹਿੰਦੇ ਹਨ ਕਿ ਪੰਜਾਬ ਦੇ ਲੀਡਰਾਂ ਦੇ ਹਾਲਾਤ ਸਭ ਤੋਂ ਬੱਦਤਰ ਹਨ। ਡਰੱਗ ਮਾਫੀਆ, ਲੈਂਡ ਮਾਫੀਆ, ਬਜਰੀ, ਟਰਾਂਸਪੋਰਟ, ਕੇਬਲ ਨੈਟਵਰਕ ਸਾਰੀ ਪਾਸੀਂ ਲੁੱਟ ਮਚੀ ਹੋਈ ਹੈ ਅਤੇ ਹੁਣ ਸਰਕਾਰ ਜਿਹਲਾਂ , ਵਿਡੋਜ਼ ਹੋਮਜ਼, ਗੈਸਟ ਹਾਊਸ, ਸਕੂਲਾਂ ਹਸਪਤਾਲਾਂ ਨੂੰ  ਨਿੱਜੀ ਬੈਂਕਾਂ ਕੋਲ ਮੋਰਗੇਜ ਕਰ ਰਹੀ ਹੈ। ਸਿੱਖਾਂ ਨੂੰ ਮਿਹਣਾ ਮਾਰ ਕੇ ਜਸਟਿਸ ਕਾਟਜੂ ਕਹਿੰਦੇ ਹਨ ਕਿ  ਸਿੱਖ ਆਪਣੇ ਆਪ ਨੂੰ ਸਰਦਾਰ ਕਹਾਉਂਦੇ ਹੋਏ ਵੀ ਬਾਦਲਾਂ ਦੀ ਲੁੱਟ ਦੇ ਖਿਲਾਫ ਬੋਲ ਤਕ ਨਹੀਂ ਰਹੇ। ਕਾਟਜੂ ਕਹਿੰਦੇ ਹਨ ਕਿ ਸਰਦਾਰ ਤਾਂ ਮੈਂ ਹਾਂ ਜੋ ਕਿ ਇਹਨਾ ਖਿਲਾਫ ਬੋਲ ਰਿਹਾ ਹਾਂ। ਜਦ ਕਿ ਪੰਜਾਬੀ ਡਰੇ ਹੋਏ ਹਨ ਕਿ ਜੇਕਰ ਇਹਨਾ ਲੋਟੂਆਂ ਖਿਲਾਫ ਅਵਾਜ਼ ਉਠਾਈ ਤਾਂ ਇਹ  ਝੂਠੇ ਕੇਸ ਪਾ ਕੇ ਜਿਹਲੀਂ ਡੱਕ ਦੇਣਗੇ। ਪ੍ਰਕਾਸ਼ ਸਿੰਘ ਬਾਦਲ ਦੀ ਕੁਨਬਾ ਪ੍ਰਵਰੀ ਬਾਰੇ ਬੋਲਦੇ ਉਹ ਕਹਿੰਦੇ ਹਨ ਕਿ ਬਾਪ ਮੁਖ ਮੰਤ੍ਰੀ ਹੈ, ਬੇਟਾ ਡਿਪਟੀ ਮੁੱਖ ਮੰਤ੍ਰੀ ਹੈ, ਬੇਟੇ ਦੀ ਬੀਵੀ ਸੈਂਟਰਲ ਮਨਿਸਟਰ ਹੈ, ਬੀਵੀ ਦਾ ਭਰਾ ਕੈਬਨਿਟ ਮਨਿਸਟਰ, ਦਾਮਾਦ ਵੀ ਮਨਿਸਟਰ ਹੈ, ਆਖਿਰ ਇਹ ਹੈ ਕੀ? ਕੀ ਪੰਜਾਬ ਇੱਕ ਪਰਿਵਾਰ ਦੀ ਜਗੀਰ ਹੈ? ਇਹ ਕੋਈ ਲੋਕ ਰਾਜ ਹੈ ਜਾਂ ਰਾਜਾਸ਼ਾਹੀ? ਅਖੀਰ ਤੇ ਜਸਟਿਸ ਕਾਟਜੂ ਬਾਦਲਾਂ ਨੂੰ ਚਿਤਾਵਨੀ ਦਿੰਦੇ ਹੋਏ ਕਹਿੰਦੇ ਹਨ ਕਿ ਸਮਾਂ ਆ ਰਿਹਾ ਹੈ ਜਦੋਂ ਤੁਹਾਨੂੰ ਕਰੜੀਆਂ ਸਜਾਵਾਂ ਦਿੱਤੀਆਂ ਜਾਣਗੀਆਂ।
ਸ਼ਾਇਦ ਉਹ ਸਮਾਂ ਹੁਣ ਆ ਗਿਆ ਹੈ ਪਰ ਕੀ ਕੈਪਟਨ ਅੰਮਰਿੰਦਰ ਸਿੰਘ ਬਾਦਲਾਂ ਦੀਆਂ ਧਾਂਦਲੀਆਂ ਨੂੰ ਵਾਕਈ ਅਦਲਾਤ ਦੇ ਦਰਵਾਜ਼ੇ ਤਕ ਲੈ ਕੇ ਜਾਣਗੇ ਜਾਂ ਕਿ ਉਹ ਸੱਚੀਂ ਹੀ ਅੰਦਰੋਂ ਉਹਨਾ ਨਾਲ ਰਲੇ ਹੋਏ ਹਨ।
ਕਿਸੇ ਦੇਸ਼ ਦੇ ਜੱਜ ਹੋਣ ਜਾਂ ਫੌਜੀ ਅਫਸਰ ਉਹ ਸਰਕਾਰਾਂ ਦੇ ਖਿਲਾਫ ਘੱਟ ਹੀ ਪੈਂਤੜਾ ਲੈਂਦੇ ਹਨ ਕਿਓਂਕਿ ਉਹਨਾ ਦੀ ਤਾਲੀਮ ਅਤੇ ਟਰੇਨਿੰਗ ਹੀ ਕੁਝ ਇਸ ਕਿਸਮ ਦੀ ਹੁੰਦੀ ਹੈ ਕਿ ਉਹ ਵਿਦਰੋਹ ਤੇ ਘੱਟ ਉਤਰਦੇ ਹਨ ਪਰ ਜੋ ਸਾਬਤ ਜ਼ਮੀਰ ਲੋਕ ਹੁੰਦੇ ਹਨ ਉਹ ਹਰ ਤਰਾਂ ਦੇ ਖਤਰੇ ਮੁੱਲ ਲੈ ਕੇ ਚੋਰ, ਡਾਕੂ ਅਤੇ ਗੁੰਡੇ ਸਿਆਸਤਦਾਨਾਂ ਅੱਗੇ ਖੜ੍ਹਨ ਅਤੇ ਉਹਨਾ ਦਾ ਭਾਂਡਾ ਸਰੇ ਬਜ਼ਾਰ ਭੰਨਣ ਦੀ ਹਿੰਮਤ ਵੀ ਰੱਖਦੇ ਹਨ। ਬਾਦਲਾਂ ਦੀ ਕੁਨਬਾ ਪਰਵਰੀ, ਨਸ਼ਾ ਤਸਕਰੀ, ਭੂ ਤਸਕਰੀ ਅਤੇ ਨਾ ਜਾਣੇ ਕਿੰਨੇ ਕਿਸਮ ਦੀ ਕੀਤੀ ਗਈ ਧਾਂਦਲੀ ਦੀ ਵੱਡੇ ਲੇਬਲ ਤੇ ਖੋਜਬੀਨ ਹੋਣੀ ਚਾਹੀਦੀ ਹੈ ਤਾਂ ਕਿ ਲੋਕਾਂ ਦੇ ਸਾਹਮਣੇ ਸੱਚ ਲਿਆਂਦਾ ਜਾ ਸਕੇ। ਇਸ ਇੱਕ ਲੇਖ ਵਿਚ ਉਹਨਾ ਦੀ ਅਤੇ ਉਹਨਾ ਦੇ ਪਾਲੇ ਹੋਏ ਸਾਧਾਂ ਦੀ ਸਮੁੱਚੀ ਧਾਂਦਲੀ ਨੂੰ ਨੰਗਿਆ ਕਰਨਾ ਮੁਸ਼ਕਲ ਹੈ ਪਰ ਇਸ ਲੇਖ ਵਿਚ ਬਾਦਲਾਂ ਦੇ ਨਵੇਂ ਨਵੇਂ ਨੰਗੇ ਹੋਏ ਬਿਜਲੀ ਸਕੈਂਡਲ ਬਾਰੇ ਕੁਝ ਦਿਲਚਸਪ ਤੱਥ ਪੇਸ਼ ਕਰਾਂਗੇ ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਪਿਛਲੇ ਪੰਜਾਂ ਸਾਲਾਂ ਵਿਚ ਪੰਜਾਬ ਵਿਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਸੀ ਜਦ ਕਿ ਲੁੱਟਣ ਵਾਲੇ ਦੋਹਾਂ ਹੱਥਾਂ ਨਾਲ ਪੰਜਾਬ ਨੂੰ ਲੁੱਟਦੇ ਰਹੇ।
ਬਿਜਲੀ ਦੀ ਲੁੱਟ- ਸਈਆਂ ਭਏ ਕੋਤਵਾਲ......
ਹੁਣੇ ਹੁਣੇ ਬਿਜਲੀ ਦੀ ਲੁੱਟ ਸਬੰਧੀ ਅਸੀਂ ਇੱਕ ਪਤਰਕਾਰ ਦੀ ਇੰਟਵਿਊ ਸੁਣੀ ਤਾਂ ਹੈਰਾਨੀ ਦੀ ਹੱਦ ਨਾ ਰਹੀ ਕਿ ਬਾਦਲ ਸਰਕਾਰ ਵਿਚ ਕਿਸ ਹੱਦ ਤਕ ਧਾਂਦਲੀ ਚਲ ਰਹੀ ਸੀ। ਇਹ ਅਪਣੇ ਆਪ ਵਿਚ ਇੱਕ ਬਹੁਤ ਵੱਡਾ ਸਕੈਂਡਲ ਹੈ। ਪੰਜਾਬ ਵਿਚ ਜਲ ਘਰਾਂ ਦੀ ਬਿਜਲੀ ਕੱਟ ਦਿੱਤੀ ਗਈ ਹੈ ਅਤੇ ਸੀਵਰੇਜ ਦਾ ਕੰਮ ਬੜਾ ਔਖਾ ਹੋਇਆ ਪਿਆ ਹੈ।
ਮੁਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਦੀ ਸੱਜੀ ਬਾਂਹ ਦਿਆਲ ਸਿੰਘ ਕੋੜਿਆਂ ਵਾਲੇ ਜੋ ਕਿ ਸ਼੍ਰੋਮਣੀ ਕਮੇਟੀ ਮੈਂਬਰ ਵੀ ਹੈ ਪਾਵਰ ਕਾਮ ਦਾ 23 ਲੱਖ ਰੁਪਿਆ ਦੱਬ ਕੇ ਬੈਠਾ ਹੈ। ਉਸ ਦਾ ਮੀਟਰ ਕੱਟਿਆ ਗਿਆ ਤਾਂ ਕਹਿਣ ਲੱਗਾ ਕਿ ਮੀਟਰ ਚਾਲੂ ਕਰ ਦਿਓ ਹਰ ਮਹੀਨੇ ਤਿੰਨ ਤਿੰਨ ਲੱਖ ਦਾ ਭੁਗਤਾਨ ਕਰ ਦੇਵੇਗਾ। ਕਾਂਗਰਸ ਪਾਰਟੀ ਦੀ ਸਭ ਤੋਂ ਅਮੀਰ ਐਮ ਐਲ ਏ ਕਰਨ ਕੌਰ ਬਰਾੜ ਨੇ  ਬਿਜਲੀ ਦਾ ਪੱਚੀ ਤੀਹ ਲੱਖ ਦੱਬਿਆ ਹੋਇਆ ਹੈ ਹਾਲਾਂ ਕਿ ਉਹ ਕਰੋੜਾਂ ਪਤੀ ਹੈ।
  ਪਾਵਰ ਕੌਮ ਨੇ ਪਹਿਲਾਂ ਤਹਿਸੀਲ ਦੀ ਬੱਤੀ ਗੁਲ ਕੀਤੀ ਅਤੇ ਫਿਰ ਡਿਪਟੀ ਕਮਿਸ਼ਨਰ ਦੇ ਘਰ ਅਤੇ ਦਫਤਰ ਦੀ, ਥਾਣੇ ਦੀ ਬੱਤੀ ਕੱਟੀ, ਐਸ ਐਸ ਪੀ ਦੀ ਕੱਟੀ ਅਤੇ ਫਿਰ ਫਰੀਦਕੋਟ ਜਿਹਲ ਦੀ ਕੱਟ ਦਿੱਤੀ। ਚੰਡੀਗੜ੍ਹ ਤੋਂ ਚੀਫ ਸੈਕਟਰੀ ਦੀ ਦੋ ਦਿਨਾ ਵਿਚ ਬਿੱਲ ਭਰਨ ਦੀ ਮੁਹਲਤ ਤੇ ਜਿਹਲ ਦੀ ਬਿਜਲੀ ਚਾਲੂ ਕੀਤੀ ਅਤੇ ਫਿਰ ਵੀ ਬਿੱਲ ਨਾ ਭਰਨ ਦੀ ਹਾਲਤ ਵਿਚ ਬੱਤੀ ਫਿਰ ਕੱਟ ਦਿੱਤੀ। ਮਕੇਰੀਆਂ ਵਿਚ ਡੀ ਐਸ ਪੀ ਦੇ ਘਰ ਅਤੇ ਦਫਤਰ ਵਿਚ ਬਿਜਲੀ ਮੀਟਰ ਹੀ ਨਹੀਂ ਸੀ ਅਤੇ ਉਹ ਕੁੰਡੀਆਂ ਲਾ ਕੇ ਕੰਮ ਚਲਾ ਰਿਹਾ ਸੀ ਅਤੇ ਉਹ ਕੁੰਡੀਆਂ ਕੱਟ ਦਿੱਤੀਆਂ ਗਈਆਂ। ਭਾਵ ਇਹ ਕਿ ਜਿਹਨਾ ਲੋਕਾਂ ਨੇ ਅਮਨ ਕਾਨੂੰਨ ਸਥਾਪਤ ਕਰਨਾ ਹੈ ਉਹ ਖੁਦ ਹੀ ਕਾਨੂੰਨ ਨੂੰ ਤੋੜਨ ਵਾਲੇ ਬਣੇ ਹੋਏ ਹਨ। ਪਾਵਰ ਕਾਮ ਜਿਥੋਂ ਬਿਜਲੀ ਜਨਰੇਟ ਕਰਦੀ ਹੈ ਰਣਜੀਤ ਸਾਗਰ ਡੈਮ ਦਾ ਬਿੱਲ ਨਹੀਂ ਸੀ ਦਿੱਤਾ ਗਿਆ ਤਾਂ ਜਦੋਂ ਬਿਜਲੀ ਕੱਟਣ ਦੀ ਨੌਬਤ ਆਈ ਤਾਂ ਬਿੱਲ ਦਾ ਭੁਗਤਾਨ ਹੋ ਗਿਆ।
  ਖੁਦ ਬਾਦਲ ਪਿੰਡ ਦਾ ਛੱਪੜ ਜਿਥੋਂ ਸੀਵਰੇਜ ਦਾ ਕੰਮ ਚੱਲਦਾ ਹੈ ਉਸ ਦਾ ਬਿੱਲ ਨਹੀਂ ਸੀ ਆਇਆ ਤਾਂ ਪਾਵਰ ਕਾਮ ਨੇ ਉਸ ਦੀ ਵੀ ਬਿਜਲੀ ਕੱਟ ਦਿੱਤੀ ਗਈ। ਅਗਲੇ ਦਿਨ ਪਤਾ ਲੱਗਾ ਕਿ ਬਾਦਲ ਪਿੰਡ ਦੀ ਵਾਟਰ ਸਪਲਾਈ ਵਾਲਿਆਂ ਦਾ ਬਿੱਲ ਨਹੀਂ ਸੀ ਆਇਆ ਤਾਂ ਉਸ ਦਾ ਵੀ ਕੁਨੈਕਸ਼ਨ ਕੱਟ ਦਿੱਤਾ। ਬਠਿੰਡਾ ਪਾਰਲੀਮਾਨੀ ਦਾ ਇੱਕ ਪਿੰਡ ਹੈ ਮਾਨ ਜਿਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਰਦੇਸ਼ਾਂ ਤੇ ਬੀਬੀ ਹਰਸਿਮਰਤ ਕੌਰ ਬਾਦਲ ਨੇ ਮਾਡਲ ਪਿੰਡ ਦੇ ਤੌਰ ਤੇ ਚੁਣਿਆ ਸੀ, ਉਥੋਂ ਦੀ ਵਾਟਰ ਸਪਲਾਈ ਦਾ ਬਿੱਲ ਨਾ ਆਇਆ ਹੋਣ ਕਾਰਨ ਉਸ ਦਾ ਵੀ ਕੁਨੈਕਸ਼ਨ ਕੱਟ ਦਿੱਤਾ ਗਿਆ। ਸ: ਪ੍ਰਕਾਸ਼ ਸਿੰਘ ਬਾਦਲ ਦੇ ਸਹੁਰਿਆਂ ਦਾ ਪਿੰਡ ਹੈ ਚੱਕ ਫਤਹਿ ਸਿੰਘ ਵਾਲਾ। ਉਸ ਪਿੰਡ ਵਿਚ ਬਾਦਲ ਦੇ ਦੋ ਸਾਲਿਆਂ ਵਿਚ ਸਰਪੰਚੀ ਲਈ ਖਹਿਬੜ ਚਲਦੀ ਸੀ । ਝਗੜਾ ਨਬੇੜਨ ਲਈ ਉਸ ਪਿੰਡ ਦੀਆ ਦੋ ਪੰਚਾਇਤਾਂ ਬਣਾਈਆਂ। ਇੱਕ ਪੰਚਾਇਤ ਅੱਧੇ ਪਿੰਡ ਫਤਹਿ ਸਿੰਘ ਵਾਲਾ ਦੀ ਬਣਾਈ ਅਤੇ ਦੂਜੀ ਅੱਧੇ ਪਿੰਡ ਦੀ ਭਾਈ ਹਰਜਿੰਦਰ ਸਿੰਘ ਨਗਰ ਦੇ ਨਾਮ ਹੇਠ ਪੰਚਾਇਤ ਬਣਾਈ। ਭਾਈ ਹਰਜਿੰਦਰ ਸਿੰਘ ਪ੍ਰਕਾਸ਼ ਸਿੰਘ ਬਾਦਲ ਦਾ ਸਹੁਰਾ ਸੀ।  ਦੋਵੇਂ ਸਾਲੇ ਦੋਹਾਂ ਪੰਚਾਇਤਾਂ ਦੇ ਸਰਪੰਚ  ਬਣ ਗਏ। ਉਥੇ ਪਾਵਰਕਾਮ ਨੂੰ ਬਾਦਲ ਦੇ ਸਹੁਰਾ ਘਰ ਦਾ ਕੁਨੈਕਸ਼ਨ ਕੱਟਣਾ ਪਿਆ ਕਿਓਂਕਿ ਉਸ ਦਾ ਬਿੱਲ ਨਹੀਂ ਸੀ ਆਇਆ।
   ਅਖਬਾਰਾਂ ਵਿਚ ਚਾਲੀ ਸਰਪੰਚਾਂ ਦੇ ਨਾਮ ਆਏ ਹਨ ਜਿਹਨਾ ਨੇ ਲੋਕਾਂ ਕੋਲੋਂ ਤਾਂ ਪੈਸੇ ਉਗਰਾਹ ਲਏ ਪਰ ਬਿਜਲੀ ਦੇ ਬਿੱਲ ਨਹੀਂ ਦਿੱਤੇ। ਇਹ ਕੁਝ ਇੱਕ ਮਿਸਾਲਾਂ ਹਨ ਕਿ ਪੰਜਾਬ ਸਰਕਾਰ ਵਿਚ ਅੰਨੀ ਪੀਹਣ ਅਤੇ ਕੁੱਤਾ ਚੱਟੀ ਜਾਣ ਦਾ ਕੰਮ ਕਿਵੇਂ ਚੱਲਦਾ ਸੀ। ਪਾਵਰਕਾਮ ਨੇ ਇਹ ਓਪਰੇਸ਼ਨ ਮੌਕੇ ਦੀ ਭਾਲ ਵਿਚ ਕਾਹਲੀ ਨਾਲ ਕੀਤਾ ਕਿਓਂਕਿ ਉਹਨਾ ਨੂੰ ਪਤਾ ਹੈ ਕਿ ਅਗਰ ਲੋਟੂ ਸਰਕਾਰ ਮੁੜ ਤਖਤ ਤੇ ਬਹਿ ਗਈ ਤਾਂ ਫਿਰ ਪੱਲੇ ਕੁਝ ਨਹੀਂ ਪੈਣਾਂ। ਹੁਣ ਦੇਖਣਾ ਹੈ ਕਿ ਕੈਪਟਨ ਦੀ ਸਰਕਾਰ ਵਿਚ ਇਹਨਾ ਲੋਟੂ ਰੁਝਾਨਾਂ ਨੂੰ ਮੋੜ ਪੈਂਦਾ ਹੈ ਕਿ ਨਹੀਂ।
ਨਸ਼ਾ ਤਸਕਰੀ ਸਬੰਧੀ ਸਾਬਕਾ ਡੀ ਜੀ ਪੀ ਸ਼ਸ਼ੀ ਕਾਂਤ 
ਪੰਜਾਬ ਵਿਚ ਇੱਕ ਪਾਸੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ ਅਤੇ ਦੂਜੇ ਪਾਸੇ ਪੰਜਾਬ ਦੀ ਜਵਾਨੀ ਨਸ਼ਿਆਂ ਕਾਰਨ ਤਬਾਹ ਹੋ ਰਹੀ ਹੈ। ਪੰਜਾਬ ਦੇ ਸਾਬਕਾ ਡੀ ਜੀ ਪੀ ਸ਼ਸ਼ੀ ਕਾਂਤ ਨੇ ਆਪਣੇ ਵਲੋਂ ਨਸ਼ਾ ਤਸਕਰੀ ਬਾਬਤ ਬਹੁਤ ਹਾਲ ਪਾਹਰਿਆ ਕੀਤੀ ਪਰ ਉਹਨਾ ਨੂੰ ਕਿਸੇ ਵੀ ਰਾਜਨੀਤਕ ਪਾਰਟੀ ਵਲੋਂ ਬਣਦਾ ਸਹਿਯੋਗ ਨਾ ਮਿਲਣ ਕਾਰਨ ਉਹ ਪੰਜਾਬ ਤੋਂ ਨਿਰਾਸ਼ ਹੋ ਕੇ ਹੋਰਨਾ ਸੂਬਿਆਂ ਵਿਚ ਕੰਮ ਕਰਨ ਨੂੰ ਤਰਜੀਹ ਦੇਣ ਲੱਗ ਪਏ ਹਨ। ਅੰਨਾ ਹਜਾਰੇ ਦੀ ਭ੍ਰਿਸ਼ਟਾਚਾਰ ਰੋਕੂ ਲਹਿਰ ਦੇ ਸਾਥੀ ਸਾਬਕਾ ਡਾੲਰੈਕਟਰ ਜਨਰਲ ਪੁਲਿਸ (ਜਿਹਲ) ਸ਼੍ਰੀ ਸ਼ਸ਼ੀ ਕਾਂਤ ਨੇ ਬੀਤੇ ਸਮੇਂ ਵਿਚ ਨਸ਼ਾ ਤਸਕਰੀ ਵਿਚ ਅਨੇਕਾਂ ਮੰਤਰੀਆਂ ਦੇ ਨਾਮ ਲੋਕਾਂ ਸਾਹਮਣੇ ਨੰਗਿਆਂ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਹਨਾ ਦੇ ਸਿਰ ਤੇ ਬਾਦਲਾਂ ਦਾ ਸਰਕਾਰੀ ਹੱਥ ਹੋਣ ਕਾਰਨ ਇਹ ਸੰਗੀਨ ਜ਼ੁਰਮ ਸਰਕਾਰ ਦੀ ਨੱਕ ਹੇਠ ਚਲਦਾ ਰਿਹਾ ਅਤੇ ਪੰਜਾਬ ਵਿਚ ਘਰਾਂ ਦੇ ਘਰ ਬਰਬਾਦ ਹੁੰਦੇ ਰਹੇ।
  ਸ਼੍ਰੀ ਸ਼ਸ਼ੀ ਕਾਂਤ ਨੇ ਨਸ਼ਾ ਤਸਕਰੀ ਨਾਲ ਜੁੜੇ ਸਿਆਸਤਦਾਨਾਂ ਅਤੇ ਆਮ ਲੋਕਾਂ ਦੀ ਸੂਚੀ ਸਰਕਾਰ ਨੂੰ ਦਿੱਤੀ ਸੀ ਜਿਸ ਤੇ ਕੋਈ ਵੀ ਕਾਰਵਾਈ ਨਾ ਹੋਈ। ਸ਼੍ਰੀ ਸ਼ਸ਼ੀਕਾਂਤ ਨੇ ਨਸ਼ਾ ਤਸਕਰਾਂ ਦਾ ਕੇਸ ਅਦਾਲਤ ਦੇ ਦਰਵਾਜ਼ੇ ਤਕ ਲੈ ਜਾਣ ਦੀ ਹਿੰਮਤ ਕੀਤੀ ਪਰ ਸਰਕਾਰ ਦਾ ਸਹਿਯੋਗ ਨਿਰਾਸ਼ਾਪੂਰਨ ਸੀ। ਇਸ ਦੀ ਸੁਣਵਾਈ ਭਾਵੇਂ 15 ਮਾਰਚ ਨੂੰ ਹੋਣ ਦੀ ਉਮੀਦ ਹੈ ਪਰ ਸ਼੍ਰੀ ਸ਼ਸ਼ੀ ਕਾਂਤ ਪੰਜਾਬ ਦੇ ਰਾਜਨੀਤਕਾਂ ਅਤੇ ਆਗੂਆਂ ਦੇ ਖੁਦਗਰਜ਼ ਰਵਈਏ ਕਾਰਨ ਪੰਜਾਬ ਨੂੰ ਛੱਡ ਕੇ ਕਿਸੇ ਦੂਸਰੇ ਰਾਜ ਵਿਚ ਜਾ ਕੇ ਸੇਵਾ ਕਰਨ ਵਲ ਰੁਚਿਤ ਹੋ ਰਹੇ ਹਨ। ਨਸ਼ਾ ਤਸਕਰੀ ਨਾਲ ਸਬੰਧਤ ਮੰਤ੍ਰੀਆਂ ਦੇ ਨਾਮ ਉਹ ਇਹ ਕਹਿ ਕੇ ਜਨਤਕ ਨਹੀਂ ਕਰ ਰਹੇ ਕਿ ਇਹ ਗੁਪਤ ਦਸਤਾਵੇਜ ਹਨ। ਸ਼੍ਰੀ ਸ਼ਸ਼ੀ ਕਾਂਤ ਦੀ ਇਹ ਨਿਰਾਸ਼ਾ ਸਮਝੀ ਜਾ ਸਕਦੀ ਹੈ ਕਿਓਂਕਿ ਪੰਜਾਬੀਆਂ ਨੇ ਬਿਕਰਮ ਸਿੰਘ ਮਜੀਠੀਆਂ ਨੂੰ ਮੁੜ ਜੇਤੂ ਬਣਾ ਦਿੱਤਾ ਹੈ ਜਿਸ ਦਾ ਨਾਮ ਕਿ ਮੋਟੇ ਤੌਰ ਤੇ ਨਸ਼ਾ ਤਸਕਰਾਂ ਨਾਲ ਜੁੜਿਆ ਰਿਹਾ ਹੈ।
   ਕਾਂਗਰਸ ਸਰਕਾਰ ਲਈ ਇਹ ਟਰਮ ਤਾਂ ਵੈਸੇ ਵੀ ਨਿਹਾਇਤ ਹੀ ਚਣੌਤੀਆਂ ਭਰਪੂਰ ਹੈ ਕਿਓਂਕਿ ਇੱਕ ਪਾਸੇ ਤਾਂ ਉਹਨਾ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਵਾਅਦੇ ਹੀ ਏਨੇ ਕਰ ਲਏ ਹਨ ਜਿਹਨਾ ਦੇ ਵਫਾ ਹੋਣ ਦੀ ਕੋਈ ਵੀ ਉਮੀਦ ਨਹੀਂ ਹੈ ਅਤੇ ਦੂਸਰਾ ਪੰਜਾਬ ਦਾ ਖਜ਼ਾਨਾ ਖਾਲੀ ਹੈ ਅਤੇ ਸਰਕਾਰੀ ਜਾਇਦਾਦਾਂ ਪਹਿਲਾਂ ਹੀ ਬੈਂਕਾਂ ਕੋਲ ਗਹਿਣੇ ਰੱਖੀਆਂ ਜਾ ਚੁੱਕੀਆਂ ਹਨ। ਅਕਾਲੀ ਭਾਜਪਾ ਗਠਜੋੜ  5000 ਕਰੋੜ ਦੇ ਬਿੱਲਾਂ ਦੀਆਂ ਅਦਾਇਗੀਆਂ ਵਿੱਚੇ ਛੱਡ ਕੇ ਚਲੇ ਗਏ ਹਨ।  ਯੂਨੀਵਰਸਿਟੀਆਂ ਵਲੋਂ ਕਰਵਾਏ ਗਏ ਤਾਜ਼ਾ ਸਰਵੇਖਣਾ ਅਨੁਸਾਰ ਪੰਜਾਬ ਦੇ ਪੇਂਡੂ 10.53 ਲੱਖ ਲੋਕਾਂ ਸਿਰ 80,000 ਕਰੋੜ ਦਾ ਕਰਜ਼ਾ ਹੈ, ਜੋ ਕਿ ਘਰ ਪਰਤੀ 8 ਲੱਖ ਬਣਦਾ ਹੈ। 90 ਪ੍ਰਤੀਸ਼ਤ ਲੋਕ ਕਰਜ਼ਾਈ ਹਨ। 80% ਕਿਸਾਨ 5 ਏਕੜ ਤੋਂ ਘੱਟ ਕਾਸ਼ਤ ਵਾਲੇ ਹਨ। ਪੰਜਾਬ ਸਰਕਾਰ ਦੇ ਕਰਜ਼ੇ ਤੋਂ ਤਾਂ ਸਾਰੇ ਹੀ ਜਾਣੂ ਹਨ । ਮੁਸ਼ਕਲ ਇਹ ਵੀ ਹੈ ਕਿ ਸੈਂਟਰ ਵਿਚ ਕਾਂਗਰਸ ਵਿਰੋਧੀ ਭਾਜਪਾ ਦੀ ਸਰਕਾਰ ਹੈ ਅਤੇ ਮੋਦੀ ਨੇ ਤਾਂ ਬਾਦਲਾਂ ਨੂੰ ਆਨਾ ਨਹੀਂ ਦਿੱਤਾ ਕੈਪਟਨ ਨੂੰ ਉਸ ਨੇ ਕੀ ਦੇਣਾ ਹੈ।
   ਕਾਂਗਰਸ ਸਾਹਮਣੇ ਸਭ ਤੋਂ ਗੰਭੀਰ ਮੁੱਦਾ ਸਤਲੁਜ ਯਮਨਾ ਲਿੰਕ ਨਹਿਰ ਦਾ ਵੀ ਹੈ ਜਿਸ ਦੀ ਖੁਦਾਈ ਲਈ ਸੁਪਰੀਮ ਕੋਰਟ ਵਲੋਂ ਹੁਕਮ ਹੋ ਚੁੱਕੇ ਹਨ ਪਰ ਸ: ਬਾਦਲ ਅਤੇ ਸ: ਕੈਪਟਨ ਇਹ ਗੱਲ ਛਾਤੀ ਠੋਕ ਕੇ ਕਹਿੰਦੇ ਰਹੇ ਹਨ ਕਿ ਉਹ ਪੰਜਾਬ ਦੇ ਪਾਣੀ ਦੀ ਇੱਕ ਬੂੰਦ ਵੀ ਬਾਹਰ ਨਹੀਂ ਜਾਣ ਦੇਣਗੇ। ਚੇਤੇ ਰਹੇ ਕਿ ਕਾਂਗਰਸ ਦੇ ਭੂਤਪੂਰਵ ਮੁਖ ਮੰਤ੍ਰੀ ਸ: ਪ੍ਰਤਾਪ ਸਿੰਘ ਕੈਰੋਂ ਦੇ ਸਮੇਂ ਪੰਜਾਬ ਦਾ 50% ਪਾਣੀ ਉਸ ਦੀ ਸਹਿਮਤੀ ਨਾਲ ਖੋਹ ਲਿਆ ਗਿਆ ਸੀ। ਮੁਖ ਮੰਤ੍ਰੀ ਸ: ਦਰਬਾਰਾ ਸਿੰਘ ਤੇ ਦਬਾਅ ਪਾ ਕੇ ਭੂਤ ਪੂਰਵ ਪ੍ਰਧਾਨ ਮੰਤਰੀ ਇੰਦਰਾਂ ਗਾਂਧੀ ਵਲੋਂ ਪੰਜਾਬ ਦੇ ਪਾਣੀਆਂ ਦਾ ਕੇਸ ਸੁਪਰੀਮ ਕੋਰਟ ਵਿਚੋਂ ਵਾਪਸ ਲੈ ਲਿਆ ਗਿਆ ਸੀ ਅਤੇ ਉਸੇ ਇੰਦਰਾਂ ਨੇ ਕਪੂਰੀ ਵਿਖੇ ਸਤਲੁਜ ਯਮਨਾ ਲਿੰਕ ਨਹਿਰ ਦਾ ਟੱਕ ਖੁਦ ਲਾਇਆ ਸੀ ਜਦ ਕਿ ਸ: ਅਮਰਿੰਦਰ ਸਿੰਘ ਕੈਪਟਨ ਉਸ ਸਮੇਂ ਉਸ ਦੀ ਸਰਕਾਰ ਵਿਚ ਮੈਂਬਰ ਪਾਰਲੀਮੈਂਟ ਸਨ। ਆਪਣੀ ਪਿਛਲੀ ਟਰਮ ਵਿਚ ਕੈਪਟਨ ਨੇ ਪਿਛਲੇ ਅਹਿਦ ਮਨਸੂਖ ਕਰਕੇ ਭਾਵੇਂ ਐਸ ਵਾਈ ਐਲ ਤੋਂ ਪਿੱਛਾ ਛਡਵਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਇਹ ਖਤਰਾ ਹਾਲੇ ਵੀ ਆਪਣੇ ਥਾਂ ਅਹਿਲ ਖੜ੍ਹਾ ਹੈ। ਪਾਣੀ ਪੰਜਾਬ ਦੀ ਜੀਵਨ ਰੇਖਾ ਹੈ। ਪੰਜਾਬ ਦਾ ਜੀਵਨ ਪਾਣੀ ਤੇ ਮੁਨਸਰ ਹੈ ਜਦ ਕਿ ਪੰਜਾਬ ਦਾ ਜ਼ਮੀਨ ਦੋਜ਼ ਪਾਣੀ ਆਪਣੀ ਆਖਰੀ ਸਤਾ ਤੇ ਹੈ ।   
   ਬਾਦਲਾਂ ਦੇ ਜੂਲੇ ਵਿਚੋਂ ਬੜੀ ਮੁਸ਼ਕਲ ਨਾਲ ਮੁਕਤ ਹੋਇਆ ਪੰਜਾਬ ਅੱਜ ਜਿਥੇ ਆਰਥਿਕ ਤੌਰ ਤੇ ਗੋਡਿਆਂ ਭਾਰ ਹੈ ਉਥੇ ਭੂ ਮਾਫੀਆ, ਮਾਈਨਿੰਗ ਮਾਫੀਆ, ਨਸ਼ਾ ਤਸਕਰੀ ਅਤੇ ਹਰ ਪੱਧਰ ਤੇ ਫੈਲਿਆ ਭ੍ਰਿਸ਼ਟਾਚਾਰ ਵੀ ਕਾਂਗਰਸ ਸਰਕਾਰ ਲਈ ਵੱਡੀ ਚਣੌਤੀ ਹੈ। ਜੇਕਰ ਕੈਪਟਨ ਸਰਕਾਰ ਨੇ ਫੋਰੀ ਤੌਰ ਤੇ ਕ੍ਰਾਤੀਕਾਰੀ ਕਦਮ ਨਾ ਚੁੱਕੇ ਤਾਂ ਕੇਵਲ ਦੋ ਸਾਲਾਂ ਦੇ ਵਕਫੇ ਮਗਰੋਂ ਆਉਣ ਵਾਲੀਆਂ ਪਾਰਲੀਮਾਨੀ ਚੋਣਾਂ ਵਿਚ ਕਾਂਗਰਸ ਸਰਕਾਰ ਦਾ ਪਾਸਾ ਪੁੱਠਾ ਵੀ ਪੈ ਸਕਦਾ ਹੈ।

ਕੁਲਵੰਤ ਸਿੰਘ ਢੇਸੀ 
 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.