ਕੈਟੇਗਰੀ

ਤੁਹਾਡੀ ਰਾਇ



ਕੁਲਵੰਤ ਸਿੰਘ ਢੇਸੀ
ਯਾਰਾ ਕਮਾ ਨਾ ਚੋਰੀਆਂ ਕਮੀਆਂ ਨੂੰ ਦੂਰ ਕਰ, ਅੰਦਰ ਤੇਰੇ ਹਨੇਰ ਜੋ ਉਸ ਨੂੰ ਤੂੰ ਦੂਰ ਕਰ
ਯਾਰਾ ਕਮਾ ਨਾ ਚੋਰੀਆਂ ਕਮੀਆਂ ਨੂੰ ਦੂਰ ਕਰ, ਅੰਦਰ ਤੇਰੇ ਹਨੇਰ ਜੋ ਉਸ ਨੂੰ ਤੂੰ ਦੂਰ ਕਰ
Page Visitors: 2602

ਯਾਰਾ ਕਮਾ ਨਾ ਚੋਰੀਆਂ ਕਮੀਆਂ ਨੂੰ ਦੂਰ ਕਰ, ਅੰਦਰ ਤੇਰੇ ਹਨੇਰ ਜੋ ਉਸ ਨੂੰ ਤੂੰ ਦੂਰ ਕਰ
ਸੰਪ੍ਰਦਾਈਆਂ ਦਾ ਦਾਨਵਤਾ ਤੋਂ ਮਾਨਵਤਾ ਵਲ ਮੋੜਾ
ਲੇਖਕ—ਕੁਲਵੰਤ ਸਿੰਘ ਢੇਸੀ
ਸਿੱਖ ਪੰਥ ਦੇ ਪ੍ਰਸਿੱਧ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਤੇ ਇਟਲੀ ਅਤੇ ਜਰਮਨੀ ਵਿਚ ਹੋਏ ਹਮਲਿਆਂ ਦਾ ਪੰਥ ਵਿਚ ਤਿੱਖਾ ਪ੍ਰਤੀਕਰਮ ਹੋਇਆ। ਜਿਹਨਾ ਸੰਪ੍ਰਦਾਈ ਲੋਕਾਂ ਨੇ ਪੰਥਕ ਜੱਫੇ ਦੀ ਲਾਲਸਾ ਵਿਚ ਇਹ ਭਾਣਾ ਵਰਤਾਇਆ ਉਹਨਾ ਦਾ ਵੱਡੀ ਪੱਧਰ ਤੇ ਵਿਰੋਧ ਹੋਇਆ। ਜਾਪਦਾ ਇੰਝ ਸੀ ਕਿ ਇਸ ਵਿਰੋਧ ਨੂੰ ਦੇਖਦਿਆਂ ਹੋਇਆਂ ਸੰਪ੍ਰਦਾਈ ਲੋਕ ਆਪਣੇ ਕੀਤੇ ਤੇ ਪਛਤਾਉਣਗੇ ਪਰ ਆਮ ਸੰਗਤਾਂ ਨੂੰ ਉਹਨਾ ਦੇ ਸੰਵੇਦਨਹੀਨ ਰਵੱਈਏ ਕਾਰਨ ਬਹੁਤ ਵੱਡੀ ਨਿਰਾਸ਼ਾ ਹੋਈ। ਕੁਝ ਇਕ ਟੀ ਵੀ ਚੈਨਲਾਂ ਨੇ ਇਹਨਾ ਲੋਕਾਂ ਦੀ ਧੱਕੇਸ਼ਾਹੀ ਨੂੰ ਬਣਦੀ ਕਵਰੇਜ ਵੀ ਦਿੱਤੀ ਪਰ ਸੋਸ਼ਲ ਸਾਈਟਾਂ ਤੇ ਇਹਨਾ ਵਿਰੁਧ ਤੁਫਾਨ ਖੜ੍ਹਾ ਹੋ ਗਿਆ। ਕੈਲੇਫੋਰਨੀਆਂ ਵਿਚ ਇਹਨਾ ਦੇ ਇੱਕ ਭਾਈ ਗੁਰਪ੍ਰੀਤ ਸਿੰਘ ਨਾਮ ਦੇ ਵਿਅਕਤੀ ਅਤੇ ਭਾਈ ਜਾਫੀ ਸਿੰਘ ਦਰਮਿਆਨ ਚਲ ਰਹੀ ਬਹਿੰਸ ਵਿਚ ਭਾਈ ਗੁਰਪ੍ਰੀਤ ਸਿੰਘ ਦੇ ਖਿਲਾਫ ੩੨੪ ਪੋਸਟਾਂ ਪਈਆਂ ਅਤੇ ਜਦ ਕਿ ਉਸ ਦੇ ਹੱਕ ਵਿਚ ਕੇਵਲ ਇੱਕ ਪੋਸਟ ਪਈ। ਹਰ ਵਿਵੇਕੀ ਸਿੱਖ ਨੇ ਸੰਪ੍ਰਦਾਈਆਂ ਦੇ ਨਾਦਰੀ ਰਵੱਈਏ ਦੀ ਨਿੰਦਾ ਕੀਤੀ । ਇਥੋਂ ਤਕ ਕਿ ਇਹਨਾ ਦੇ ਆਪਣੇ ਬੰਦੇ ਵੀ ਇਹਨਾ ਦੇ ਖਿਲਾਫ ਹੋ ਗਏ ਮੀਡੀਏ ਵਿਚ ਇਹਨਾ ਦੀ ਮਿੱਟੀ ਪੁੱਟਣ ਲੱਗ ਪਏ।
ਬੜੇ ਹੀ ਨਿਰਾਸ਼ਾਜਨਕ ਮਹੌਲ ਵਿਚ ਇੱਕ ਚੰਗੀ ਗੱਲ ਇਹ ਹੋਈ ਕਿ ਯੂ ਕੇ ਦੇ ਸੰਪ੍ਰਦਾਈ ਜੋ ਰਵਾਇਤੀ ਤੌਰ ਤੇ ਹਮੇਸ਼ਾਂ ਚਪੇੜਾਂ ਮਾਰਨ ਜਾਂ ਗਾਟੇ ਲਹੁਣ ਦੀਆਂ ਧਮਕੀਆਂ ਨਾਲ ਪੇਸ਼ ਹੁੰਦੇ ਸੀ ਹੁਣ ਉਹਨਾ ਨੂੰ ਵੀ ਆਪਣੇ ਰਵੱਈਏ ਪ੍ਰਤੀ ਸੋਚਣਾ ਪਿਆ। ਸਮੇਂ ਦੀ ਨਜਾਕਤ ਨੂੰ ਦੇਖਦਿਆਂ ਅੱਜਕਲ ਉਹਨਾ ਦੇ ਵੱਖ ਵੱਖ ਧੜਿਆਂ ਦੀ ਸਾਂਝੇ ਤੌਰ ਤੇ ਪਾਈ ਇੱਕ ਵੀ ਡੀ ਓ ਵਾਇਰਲ ਹੋਈ ਹੈ ਜੋ ਕਿ ਭਾਈ ਰਣਜੀਤ ਸਿੰਘ ਢਡਰੀਆਂ ਦੇ ਬਿਆਨਾਂ ਸਬੰਧੀ ਹੈ। ਇਸ ਵਿਚ ਇਹਨਾ ਦੇ ਬੁਲਾਰੇ ਦੀ ਬੋਲੀ ਦਾ ਲਹਿਜਾ ਦਾਨਵੀ ਹੋਣ ਦੀ ਬਜਾਏ ਮਾਨਵੀ ਹੈ ਅਤੇ ਇਸ ਨੂੰ ਇੱਕ ਚੰਗਾ ਸ਼ਗਨ ਸਮਝ ਕੇ ਇਸ ਦਾ ਸਵਾਗਤ ਕਰਨਾ ਚਾਹੀਦਾ ਹੈ। ਅਸੀਂ ਆਪਣੇ ਇਸ ਲੇਖ ਰਾਹੀਂ ਸਾਰੀ ਕੌਮ ਨੂੰ ਹੀ ਬੇਨਤੀ ਕਰਾਂਗੇ ਕਿ ਉਹ ਸੋਸ਼ਲ ਸਾਈਟਾਂ ਤੇ ਮਾਨਵੀ ਕਿਰਦਾਰ ਤੋਂ ਡਿੱਗੀ ਹੋਈ ਤਲਖ ਬੋਲੀ ਨੂੰ ਤਿਆਗ ਕੇ ਸਭਿਅਕ ਬੋਲੀ ਨਾਲ ਆਪਣਾ ਪੱਖ ਜਾਹਿਰ ਕਰਨ ਤਾਂ ਕਿ ਇਸ ਭਰਾ ਮਾਰੂ ਜੰਗ ਦਾ ਖਾਤਮਾ ਕਰਕੇ ਪੰਥ ਵਿਚ ਪ੍ਰਸਪਰ ਪਿਆਰ ਅਤੇ ਸਦਭਾਵਨਾ ਦਾ ਮਹੌਲ ਪੈਦਾ ਕੀਤਾ ਜਾਵੇ।
ਸਾਨੂੰ ਇੱਕ ਗੱਲ ਦੀ ਸਮਝ ਨਹੀਂ ਲੱਗਦੀ ਕਿ ਇਹ ਸੰਪ੍ਰਦਾਈ ਲੋਕ ਕਿਸ ਰੁਤਬੇ (Capacity) ਨਾਲ ਸਿੱਖ ਪ੍ਰਚਾਰਕਾਂ ਤੇ ਹਮਲਾਵਰ ਬਣੇ ਹੋਏ ਹਨ ਜਾਂ ਉਹਨਾ ਦੀ ਜਵਾਬ ਦੇਹੀ ਕਰਦੇ ਹਨ। ਖੁਦ ਇਹ ਲੋਕ ਪੰਥ ਪ੍ਰਵਾਣਤ ਮਰਿਯਾਦਾ ਨੂੰ ਨਹੀਂ ਮੰਨਦੇ ਅਤੇ ਆਪਣੀ ਸੰਪ੍ਰਦਾ ਦੀ ਮਰਿਯਾਦਾ ਨੂੰ ਪਥੰਕ ਸਿੱਧ ਕਰਨ ਲਈ ਬਜਿਦ ਹਨ। ਜਿੱਥੋਂ ਤਕ ਗੁਰੂ ਕੀ ਨਿੰਦਾ ਦੇ ਮੁੱਦੇ ਦਾ ਸਵਾਲ ਹੈ ਜੇਕਰ ਅੱਜ ਸਾਰੇ ਪੰਥ ਨੂੰ ਉਸ ਸਾਹਿਤ ਬਾਰੇ ਜਾਣਕਾਰੀ ਦਿੱਤੀ ਜਾਵੇ ਜੋ ਇਹ ਦਸਮ ਪਿਤਾ ਦੇ ਨਾਮ ਨਾਲ ਜੋੜਦੇ ਹਨ ਜਾਂ ਜਿਸ ਸਾਹਿਤ ਨੂੰ ਇਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਰੁਤਬਾ ਦੇਣ ਲਈ ਬਜਿੱਦ ਹਨ ਤਾਂ ਕੀ ਇਹਨਾ ਨੂੰ ਅਹਿਸਾਸ ਹੈ ਕਿ ਪੰਥ ਦਾ ਕੀ ਪ੍ਰਤੀਕਰਮ ਹੋਵਗਾ?
 ਕੋਈ ਵੀ ਹੋਸ਼ਮੰਦ ਸਿੱਖ ਐਸੇ ਸਾਹਿਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਾ ਰੁਤਬਾ ਦੇਣਾ ਤਾਂ ਇਕ ਪਾਸੇ ਪੜ੍ਹਨ ਤੋਂ ਵੀ ਗੁਰੇਜ਼ ਕਰੇਗਾ। ਇਸ ਸਾਹਿਤ ਨੂੰ ਧੀਆਂ ਭੈਣਾਂ ਵਿਚ ਪੜ੍ਹਨਾਂ ਤਾਂ ਇਕੱ ਪਾਸੇ ਕੋਈ ਵੀ ਸੁਰਤੀ ਬਿਰਤੀ ਵਾਲਾ ਬੰਦਾ ਪੜ੍ਹਨ ਤੋਂ ਗੁਰੇਜ਼ ਕਰੇਗਾ। ਕੀ ਐਸੀਆਂ ਲਿਖਤਾਂ ਨੂੰ ਦਸਮ ਪਾਤਸ਼ਾਹ ਦੇ ਨਾਲ ਜੋੜਨਾ ਜਾਂ ਗੂਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਰੱਖਣਾ ਗੁਰੂ ਦੀ ਘੋਰ ਨਿੰਦਾ ਨਹੀਂ?
 ਕੀ ਇਹ ਗੁਰੂ ਸਾਹਿਬ ਦੀ ਘੋਰ ਬੇਅਦਬੀ ਨਹੀਂ?
 ਜਦੋਂ ਵੀ ਕੋਈ ਪੰਥ ਦਰਦੀ ਇਹਨਾ ਤੋਂ ਇਹ ਸਵਾਲ ਪੁੱਛਦਾ ਹੈ ਤਾਂ ਇਹ ਹਿੰਸਕ ਅਤੇ ਅਹਿਮਕਾਨਾਂ ਵਤੀਰਾ ਅਪਣਾ ਕੇ ਉਸ ਅਵਾਜ਼ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰਦੇ ਹਨ।
ਸੋ ਚਾਹੀਦਾ ਤਾਂ ਇਹ ਹੈ ਕਿ ਸਿੱਖ ਪ੍ਰਚਾਰਕਾਂ ਨੂੰ ਪੰਥਕ ਸਟੇਜਾਂ ਤੋਂ ਧੱਕੇ ਮਾਰਨ ਤੋਂ ਪਹਿਲਾਂ ਇਹ ਖੁਦ ਵੀ ਉਹਨਾ ਔਖੇ ਸਵਾਲਾਂ ਦੇ ਜਵਾਬ ਦੇਣ ਜਿਹਨਾ ਕਾਰਨ ਪੰਥਕ ਸਰੋਕਾਰਾਂ ਨੂੰ ਵੱਡੀ ਢਾਹ ਲੱਗਦੀ ਹੈ। ਜਦੋਂ ਇਹਨਾ ਨੂੰ ਇਹ ਪੁੱਛਿਆ ਜਾਂਦਾ ਹੈ ਕਿ ਇਹਨਾ ਦੇ ਆਗੂ ਜੋ ਭ੍ਰਿਸ਼ਟ ਰਾਜਸੀ ਆਗੂਆਂ ਦੀਆਂ ਅਰਦਾਸਾਂ ਕਰਨ ਲਈ ਕੌਮ ਨੂੰ ਅਪੀਲਾਂ ਕਰਦੇ ਹਨ ਤਾਂ ਉਸ ਵੇਲੇ ਇਹ ਅੱਖਾਂ ਕਿਓਂ ਬੰਦ ਕਰ ਲੈਂਦੇ ਹਨ। ਇਹਨਾ ਦੇ ਆਗੂ ਗੰਗਾ ਨਹਾਉਣ; ਹਵਨ ਕਰਾਉਣ; ਕੇ ਪੀ ਐਸ ਗਿੱਲ ਵਰਗਿਆਂ ਨੂੰ ਸਰੋਪੇ ਦੇਣ ; ਸਿੱਖ ਪ੍ਰਚਾਰਕਾਂ ਤੇ ਗੋਲੀਆਂ ਦਾਗਣ ਪਰ ਇਹਨਾ ਦੇ ਅੰਦਰਲਾ ਧਰਮ ਸੁੰਨ ਕਿਓਂ ਰਹਿੰਦਾ ਹੈ? ਇੱਕ ਤੋਂ ਬਾਅਦ ਇੱਕ ਇਹਨਾ ਦੇ ਪ੍ਰਚਾਰਕਾਂ ਦੇ ਜੋ ਬਦਇਖਲਾਕੀ ਦੇ ਸਕੈਂਡਲ ਹੋਏ ਹਨ ਉਹਨਾ ਦੀ ਵਿਆਖਿਆ ਦੇਣ ਲੱਗਿਆਂ ਵੀ ਸ਼ਰਮ ਆਉਂਦੀ ਹੈ। ਬਹੁਤੀ ਦੇਰ ਨਹੀਂ ਹੋਈ ਜਦੋਂ ਬ੍ਰਮਿੰਘਮ ਇਹਨਾ ਦੇ ਮੰਨੇ ਪ੍ਰਮੰਨੇ ਕਥਾਵਾਚਕ ਨੇ ਇਹਨਾ ਦੇ ਹੀ ਧੜੇ ਦੀ ਇੱਕ ਬੀਬੀ ਨਾਲ ਕੁਕਰਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਬੀਬੀ ਦੇ ਸਿੰਘ ਨੇ ਦਿਲ ਕਰੜਾ ਕਰਕੇ ਇੰਟਰਨੈਟ ਤੇ ਫਰਿਆਦਾਂ ਪਾਈਆਂ ਪਰ ਇਹਨਾ ਦੀ ਪੂਰੀ ਕੋਸ਼ਿਸ਼ ਰਹੀ ਕਿ ਉਸ ਪ੍ਰਚਾਰਕ ਦਾ ‘ਪ੍ਰਚਾਰ’ ਜਾਰੀ ਰਹੇ ਅਤੇ ਉਹ ਕਥਾਵਾਚਕ ਅੱਜ ਵੀ ‘ਪ੍ਰਚਾਰ’ ਕਰ ਰਿਹਾ ਹੈ।
 ਕਦੀ ਸਿੱਖਾਂ ਦਾ ਇਹ ਕਿਰਦਾਰ ਹੋਇਆ ਕਰਦਾ ਸੀ ਕਿ ਉਹ ਦੁਸ਼ਮਣ ਦੀ ਬਹੂ ਬੇਟੀ ਦੀ ਵੀ ਇਜ਼ਤ ਕਰਦੇ ਸਨ ਪਰ ਅੱਜ ਏਨਾ ਨਿਘਾਰ ਆ ਗਿਆ ਹੈ ਕਿ ਸਾਡੀਆਂ ਆਪਣੀਆਂ ਹੀ ਬਹੂ ਬੇਟੀਆਂ ਸੰਪ੍ਰਦਾਈ ਪ੍ਰਚਾਰਕਾਂ ਤੋਂ ਸੁਰੱਖਿਅਤ ਨਹੀਂ ਹਨ। ਪਰ ਕਿਓਂਕਿ ਉਹਨਾ ਕੋਲ ਡਾਂਗ ਹੈ ਇਸ ਕਰਕੇ ਉਹ ਮਿਸਨਰੀ ਪ੍ਰਚਾਰਕਾਂ ਤੇ ਆਪਣੀ ਧੌਂਸ ਜਮਾਈ ਰੱਖਣ ਲਈ ਬਿਨਾਂ ਵਜਾਹ ਪਾਬੰਦੀਆਂ ਲਾ ਰਹੇ ਹਨ ਜਦ ਕਿ ਆਪਣਿਆਂ ਦੀਆਂ ਕਰਤੂਤਾਂ ਤੇ ਪਰਦਾ ਪਾ ਰਹੇ ਹਨ। ਅਸੀਂ ਇਹ ਮਿਸਾਲ ਸਿਰਫ ਦਾਲ ਵਿਚੋਂ ਦਾਣਾ ਟੋਹਣ ਲਈ ਦਿੱਤੀ ਹੈ ਵਰਨਾ ਨੌਟਿੰਘਮ ਤੋਂ ਪਟਿਆਲੇ ਤਕ ਦੇ ‘ਪ੍ਰਚਾਰ’ ਦੇ ਕੱਚਾ ਚਿੱਠਾ ਸੰਗਤਾਂ ਸਾਹਮਣੇ ਰੱਖਿਆ ਤਾਂ ਜ਼ਮੀਨ ਨੇ ਵਿਹਲ ਨਹੀਂ ਦੇਣੀ।
ਇਸ ਤੋਂ ਇਲਾਵਾ ਸੰਤਾਂ ਦੀ ਸ਼ਹਾਦਤ ਤੋਂ ਮੁਕਰਨ ਅਤੇ ਉਸ ਪ੍ਰਤੀ ਦੋਹਰੇ ਮਾਪ ਦੰਡਾਂ ਅਤੇ ਕੌਮ ਨੂੰ ਹਨੇਰੇ ਵਿਚ ਰੱਖਣ ਦੇ ਵੀ ਸਵਾਲ ਹਨ ਜਿਹਨਾ ਬਾਰੇ ਇਹਨਾ ਨੇ ਕਦੀ ਸੋਚਿਆ ਹੀ ਨਹੀਂ ਕਿ ਕੌਮ ਨੂੰ ਸਪੱਸ਼ਟੀਕਰਨ ਦੇਣ।
ਕਮੀਆਂ ਤਾਂ ਸਾਰਿਆਂ ਵਿਚ ਹਨ ਪਰ ਪੰਥਕ ਸਟੇਜਾਂ ਤੇ ਉਸ ਧੜੇ ਦਾ ਏਕਾ ਅਧਿਕਾਰ ਹੋਣਾ ਜੋ ਕਿ ਪੰਥਕ ਰਹਿਤ ਮਰਿਯਾਦਾ ਤੋਂ ਹੀ ਬਾਗੀ ਹੈ ਸਰਾਸਰ ਜਿਆਦਤੀ ਹੈ। ਕਿਸੇ ਸੰਪ੍ਰਦਾ ਨੇ ਆਪਣੇ ਡੇਰੇ ਵਿਚ ਕੀ ਕਰਨਾ ਹੈ ਇਹ ਉਸ ਦੀ ਮਰਜੀ ਹੈ ਪਰ ਪੰਥਕ ਗੁਰਦੁਆਰਿਆਂ ਵਿਚ ਕੇਵਲ ਤੇ ਕੇਵਲ ਪੰਥਕ ਰਹਿਤ ਮਰਿਯਾਦਾ ਹੀ ਹੋਣੀ ਚਾਹੀਦੀ ਹੈ। ਸੋਚਣ ਵਾਲੀ ਗੱਲ ਇਹ ਵੀ ਹੈ ਕਿ ਜਿਸ ਵੇਲੇ ਸਾਰੀ ਸਿੱਖ ਕੌਮ ਵਿਚ ਸੰਤਾਂ ਦਾ ਸਤਿਕਾਰ ਸਿਖਰ ਤੇ ਸੀ ਤਾਂ ਉਸ ਵੇਲੇ ਅਗਰ ਉਹ ਚਹੁੰਦੇ ਤਾਂ ਸਿੱਖ ਰਹਿਤ ਮਰਿਯਾਦਾ ਨੂੰ ਭਿੰਡਰਾਂ ਡੇਰੇ ਦੇ ਅਨੁਸਾਰੀ ਕਰ ਸਕਦੇ ਸਨ ਪਰ ੳਹਨਾ ਨੇ ਇੰਝ ਨਹੀਂ ਕੀਤਾ ਅਤੇ ਆਪਣੀ ਸੰਪ੍ਰਦਾ ਦੇ ਹਿੱਤਾਂ ਨਾਲੋਂ ਪੰਥਕ ਹਿੱਤ ਹਮੇਸ਼ਾਂ ਉੱਪਰ ਰੱਖੇ ਫਿਰ ਉਹਨਾ ਦੇ ਉੱਤਰ ਅਧਿਕਾਰੀ ਆਖੇ ਜਾਣ ਵਾਲੇ ਲੋਕਾਂ ਦੀ ਕੀ ਸਮੱਸਿਆ ਹੈ ਕਿ ਉਹ ਸੰਤਾਂ ਦੇ ਬਣਾਏ ਪੰਥਕ ਅਨੁਸਾਸ਼ਨ ਦੀਆਂ ਹੀ ਧੱਜੀਆਂ ਉਡਾ ਰਹੇ ਹਨ।
ਇਟਲੀ ਅਤੇ ਜਰਮਨੀ ਵਿਚ ਹੋਈਆਂ ਘਟਨਾਵਾਂ ਕਾਰਨ ਸਿੱਖਾਂ ਦਾ ਸਿਰ ਸਾਰੀ ਦੁਨੀਆਂ ਵਿਚ ਨੀਵਾਂ ਹੋਇਆ ਹੈ ਅਤੇ ਇਸ ਦਾ ਕਾਰਨ ਧਾੜਵੀਆਂ ਦੀ ਧੱਕੇਸ਼ਾਹੀ ਹੈ। ਪੰਥਕ ਗੁਰਦੁਆਰੇ ਸਾਰੀਆਂ ਧਿਰਾਂ ਦੇ ਸਾਂਝੇ ਹਨ ਜਿਥੇ ਕਿ ਸਾਰੇ ਪ੍ਰਚਾਰਕਾਂ ਨੂੰ ਬਰਾਬਰ ਦਾ ਹੱਕ ਹੋਣਾ ਚਾਹੀਦਾ ਹੈ ਪਰ ਇਹ ਇੱਕ ਕੌੜਾ ਸੱਚ ਹੈ ਕਿ ਜਿਹੜੇ ਵੀ ਪੰਥਕ ਗੁਰਦੁਆਰੇ ਸੰਪ੍ਰਦਾਈਆਂ ਦੇ ਕਬਜੇ ਹੇਠ ਹਨ ਉਹਨਾ ਤੇ ਜਿਥੇ ਉਹਨਾ ਦੇ ਡੇਰੇ ਦੀ ਮਰਿਯਾਦਾ ਲਾਗੂ ਹੈ ਉਥੇ ਮਿਸ਼ਨਰੀ ਪ੍ਰਚਾਰਕਾਂ ਨੂੰ ਪੂਰੀ ਤਰਾਂ ਬੈਨ ਕੀਤਾ ਗਿਆ ਹੈ ਜੋ ਕਿ ਸਰਾਸਰ ਧੱਕਾ ਹੈ। ਜਿਸ ਲਿਹਾਜ ਨਾਲ ਗੁਰੂ ਕੀ ਸੰਗਤ ਇਸ ਧੱਕੇ ਪ੍ਰਤੀ ਜਾਗਰੂਕ ਹੋ ਰਹੀ ਹੈ ਤਾਂ ਜਾਪਦਾ ਹੈ ਕਿ ਜੇਕਰ ਸੰਪ੍ਰਦਾਈਆਂ ਨੇ ਆਪਣਾ ਵਤੀਰਾ ਨਾ ਬਦਲਿਆ ਤਾਂ ਸਾਰੀਆਂ ਹੀ ਪੰਥਕ ਸਟੇਜਾਂ ਇਹਨਾ ਦੇ ਕਬਜੇ ਤੋਂ ਮੁਕਤ ਕਰਵਾਉਣ ਲਈ ਗੁਰਦਵਾਰਾ ਸੁਧਾਰ ਲਹਿਰ ਵਰਗਾ ਇੱਕ ਪੰਥਕ ਸੰਘਰਸ਼ ਸ਼ੁਰੂ ਹੋ ਜਾਵੇਗਾ । ਚੰਗਾ ਇਹ ਹੀ ਹੈ ਕਿ ਸਾਂਝੀਆਂ ਸਟੇਜਾਂ ਤੇ ਸਾਰੇ ਹੀ ਗੁਰੂ ਦੇ ਪਿਆਰੇ ਰਲ ਮਿਲ ਕੇ ਰਹਿਣ ਅਤੇ ਸਿੱਖ ਨੂੰ ਸਿੱਖ ਨਾਲ ਮਿਲ ਕੇ ਏਨੀ ਖੁਸੀ ਹੋਵੇ ਜਿਵੇਂ ਕਿ ਗੁਰੂ ਦੇ ਦਰਸ਼ਨ ਹੋ ਗਏ ਹੋਣ।
ਅਖੀਰ ਤੇ ਅਸੀਂ ਭਾਈ ਪੰਥਪ੍ਰੀਤ ਸਿੰਘ ਨੂੰ ਬੇਨਤੀ ਕਰਾਂਗੇ ਕਿ ਉਹ ਸ੍ਰੀ ਅਕਾਲ ਤਖਤ ਦੇ ਮਾਮਲੇ ਸਬੰਧੀ ਬਹੁਤ ਸੰਜੀਦਗੀ ਤੋਂ ਕੰਮ ਲੈਣ। ਇਹ ਆਖਰੀ ਜਾਲ ਹੈ ਜਿਸ ਵਿਚ ਫਸਾ ਕੇ ਇਹ ਲੋਕ ਉਹਨਾ ਨੂੰ ਪ੍ਰੋ: ਦਰਸ਼ਨ ਸਿੰਘ ਵਾਂਗ ਹੀ ਅਲੱਗ ਥਲੱਗ ਕਰ ਦੇਣਗੇ। ਬੇਸ਼ਕ ਸੰਗਤਾਂ ਨੇ ਇਸ ਜਥੇਦਾਰ ਨੂੰ ਰੱਦ ਕਰ ਦਿੱਤਾ ਹੈ ਪਰ ਵਿਰੋਧੀਆਂ ਕੋਲ ਹਾਲੇ ਵੀ ਇਸ ਦਾ ਰੁਤਬਾ ਕਿਸੇ ਵਿਰੋਧੀ ਦਾ ਮੱਕੂ ਬੰਨ੍ਹਣ ਲਈ ਹਥਿਆਰ ਦਾ ਕੰਮ ਕਰਦਾ ਹੈ।
 ਜਿਥੋਂ ਤਕ ਭਾਈ ਹਵਾਰਾ ਦੀ ਜਥੇਦਾਰੀ ਦਾ ਸਵਾਲ ਹੈ ਉਸ ਸਬੰਧੀ ਵੀ ਇਹ ਜਾਨਣਾਂ ਜਰੂਰੀ ਹੈ ਕਿ ਭਾਈ ਹਵਾਰਾ ਦਾ ਤਾਂ ਨਾਮ ਹੀ ਵਰਤਿਆ ਗਿਆ ਹੈ ਪਰ ਅਸਲ ਸੱਚ ਨੂੰ ਤਾਂ ਸਾਰਾ ਜੱਗ ਜਾਣਦਾ ਹੈ ।
-- -- -- -- -- ੦-- -- -- -- -- -
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.