ਕੈਟੇਗਰੀ

ਤੁਹਾਡੀ ਰਾਇ



ਕੁਲਵੰਤ ਸਿੰਘ ਢੇਸੀ
ਇਸਲਾਮਕ ਮੂਲਵਾਦ ਤੋਂ ਸਬਕ ਲੈਣ ਦੀ ਲੋੜ
ਇਸਲਾਮਕ ਮੂਲਵਾਦ ਤੋਂ ਸਬਕ ਲੈਣ ਦੀ ਲੋੜ
Page Visitors: 2608

ਇਸਲਾਮਕ ਮੂਲਵਾਦ ਤੋਂ ਸਬਕ ਲੈਣ ਦੀ ਲੋੜ
ਇੱਕ ਟੀ ਵੀ ਇੰਟਰਵਿਊ ਵਿਚ ਮੇਜਬਾਨ ਔਰਤ ਵਲੋਂ ਆਪਣੇ ਮੁਸਲਮਾਨ ਮਹਿਮਾਨ ਨੂੰ ਇੱਕ ਧਾਰਮਕ ਸਵਾਲ ਪੁੱਛਿਆ ਜਾਂਦਾ ਹੈ ਕਿ ਕੀ ਇਸਲਾਮ ਵਿਚ ਪੂਰੇ ਸ਼ਰੀਰ ਦਾ ਸਕੈਨ ਹਰਾਮ ਹੈ? ਇਸ ਦੇ ਜਵਾਬ ਵਿਚ ਜੋ ਉਸ ਵਿਅਕਤੀ ਨੇ ਕਿਹਾ ਉਹ ਬੜਾ ਹੀ ਦਿਲਚਸਪ ਹੈ। ਇਹ ਵਿਅਕਤੀ ਭਾਵੇਂ ਖੁਦ ਪਕਿਸਤਾਨੀ ਮੁਸਲਮਾਨ ਹੈ ਪਰ ਉਹ ਅਕਸਰ ਹੀ ਕੱਟੜਪੰਥੀ ਮੁਸਲਮਾਨਾਂ ਦੇ ਢੋਲ ਦਾ ਪੋਲ ਬੜੀ ਬੇਬਾਕੀ ਨਾਲ ਖੋਲ੍ਹਦਾ ਰਹਿੰਦਾ ਹੈ।
ਸ਼ਰੀਆ ਕਾਨੂੰਨਾ ਦੀ ਬਹਾਲੀ ਅਤੇ ਆਪਣੀ ਉੱਮਤ ਲਈ ਸੁਫਨੇ ਦੇਖਣ ਵਾਲੇ ਮੁਸਲਮਾਨਾਂ ਨੂੰ ਜੋ ਸਵਾਲ ਉਹ ਪੁੱਛਦਾ ਹੈ ਉਹਨਾਂ ਸਵਾਲਾਂ ਦਾ ਕਿਸੇ ਕੋਲ ਕੋਈ ਜਵਾਬ ਨਹੀਂ। ਪਹਿਲੀ ਗੱਲ ਤਾਂ ਉਹ ਕਹਿੰਦਾ ਹੈ ਕਿ ਮਿਡਲ ਈਸਟ ਦੇ ਮੁਸਲਮਾਨੀ ਦੇਸ਼ ਭਾਰਤੀਆਂ, ਪਾਕਿਸਤਾਨੀਆਂ ਅਤੇ ਬੰਗਲਾ ਦੇਸ਼ੀ ਮੁਸਲਮਾਨਾਂ ਨੂੰ ਉਥੋਂ ਦੀ ਸ਼ਹਿਰੀਅਤ ਲੈਣ, ਘਰ ਖ੍ਰੀਦਣ, ਵਿਆਹ ਕਰਨ ਵਰਗੇ ਕੋਈ ਹੱਕ ਨਹੀਂ ਦਿੰਦੇ ਜਦ ਕਿ ਮੁਸਲਮਾਨਾ ਨੂੰ ਉਹਨਾ ਪ੍ਰਤੀ ਆਪਣੀ ਉੱਮਤ ਦਾ ਹੇਜ ਚੜ੍ਹਿਆ ਰਹਿੰਦਾ ਹੈ। ਇਸ ਦੇ ਮੁਕਾਬਲੇ ਅਮਰੀਕਾ, ਕਨੇਡਾ, ਅਸਟਰੇਲੀਆਂ ਅਤੇ ਯੂਰਪ ਦੇ ਇਸਾਈ ਦੇਸ਼ ਮੁਸਲਮਾਨਾਂ ਨੂੰ ਜਿਊਣ ਦੇ ਬਰਾਬਰ ਦੇ ਮੌਕੇ ਦਿੰਦੇ ਹਨ ਜਦ ਕਿ ਅੱਤਵਾਦੀ ਮੁਸਲਮਾਨ ਜਿਸ ਭਾਂਡੇ ਵਿਚ ਖਾਂਦੇ ਹਨ ਉਸ ਵਿਚ ਹੀ ਛੇਕ ਕਰਦੇ ਹਨ।
ਇਸਲਾਮਕ ਅੱਤਵਾਦ ਨੂੰ ਪੈਦਾ ਕਰਨ ਵਾਲੇ ਮੁੱਲਾਂ, ਕਾਜੀਆਂ ਅਤੇ ਇਮਾਮਾ ਬਾਰੇ ਬੋਲਦਿਆਂ ਉਹ ਇਹ ਦੱਸਦਾ ਹੈ ਕਿ ਮੁਸਲਮਾਨਾਂ ਦੇ ਧਾਰਮਕ ਆਗੂਆਂ ਦੇ ਫਤਵਿਆਂ ਦਾ ਆਪਣਾ ਇੱਕ ਇਤਹਾਸ ਹੈ ਜਿਹਨਾ ਕਾਰਨ ਮੁਸਲਮਾਨੀ ਸਮਾਜਾਂ ਦਾ ਅਕਾਰਨ ਲਹੂ ਵਹਿੰਦਾ ਰਿਹਾ ਹੈ ਅਤੇ ਉਹਨਾ ਨੂੰ ਪਿਛਲਖੁਰੀ ਟੁਰਨ ਲਈ ਮਜਬੂਰ ਹੋਣਾ ਪਿਆ ਹੈ। ਇਸ ਸਬੰਧੀ ਇਹ ਮੁਸਲਮਾਨ ਅਦੀਬ ਬੜੀ ਅਜੀਬ ਉਦਾਹਰਨ ਦਿੰਦਾ ਹੋਇਆ ਦੱਸਦਾ ਹੈ ਕਿ ਜਿਵੇਂ ਅੱਜਕਲ ਅਮਰੀਕਾ ਦੁਨੀਆਂ ਦੀ ਵੱਡੀ ਤਾਕਤ ਹੈ, ਇਸ ਤੋਂ ਪਹਿਲਾਂ ਬ੍ਰਿਟੇਨ ਸੀ ਅਤੇ ਬ੍ਰਿਟੇਨ ਤੋਂ ਪਹਿਲਾਂ ਮੁਸਲਮਾਨਾਂ ਦੇ ਦੇਸ਼ ਦੁਨੀਆਂ ਦੀ ਵੱਡੀ ਤਾਕਤ ਸਨ । ਮੁਸਲਮਾਨਾਂ ਦੀ ਇੱਕ ਬੱਜਰ ਗੱਲਤੀ ਕਾਰਨ ਉਹਨਾ ਹੱਥੋਂ ਆਲਮੀ ਤਾਕਤ ਜਾਂਦੀ ਰਹੀ। ਮੁਸਲਮਾਨਾਂ ਨੂੰ ਇੱਕ ਫਤਵੇ ਨੇ ਬਰਬਾਦ ਕੀਤਾ ਸੀ। ਮੁਸਲਮਾਨਾਂ ਦੀ ਬਰਬਾਦੀ ਪਿੱਛੇ ਹੋਰ ਪਹਿਲੂ ਵੀ ਹੋਣਗੇ ਪਰ ਸ਼ੈਖੁਲਇਸਲਾਮ ਦੇ ਮੁਲਾਂ ਦੇ ਇੱਕ ਫਤਵੇ ਨੇ ਮੁਸਲਮਾਨਾਂ ਤੋਂ ਉਹਨਾ ਦੇ ਸੁਪਰ ਪਾਵਰ ਹੋਣ ਦਾ ਸਟੇਟਸ ਖੋਹ ਲਿਆ। ਇਹ ਜ਼ਹਿਨੀਅਤ ਮੁਜਰਮਾਂ ਦੀ ਹੈ।
1450 ਨੂੰ ਜਰਮਨੀ ਵਿਚ ਪ੍ਰਿੰਟਿੰਗ ਪ੍ਰੈਸ ਈਜਾਦ ਹੋਈ ਅਤੇ ਵਾਇਰਸ ਦੀ ਤਰਾਂ ਯੂਰਪ ਵਿਚ ਫੈਲ ਗਿਆ।
 ਇਹ ਅਸੂਲੇ ਇਲਮ ਦੇ ਹਿਸਾਬ ਨਾਲ ਬਹੁਤ ਵੱਡਾ ਇਨਕਲਾਬ ਸੀ। ਟੱਰਕੀ ਵਿਚ ਸ਼ੈਖੁਲਇਸਲਾਮ ਨੇ ਕਿਹਾ ਕਿ ਪ੍ਰਿੰਟਿੰਗ ਪ੍ਰੈਸ ਗੈਰ ਇਸਲਾਮੀ ਹੈ। ਉਸ ਜਾਹਲ ਦੇ ਫਤਵਾ ਦੇਣ ਕਾਰਨ ਢਾਈ ਸੌ ਸਾਲ ਟੱਰਕੀ ਵਿਚ ਪ੍ਰਿੰਟਿੰਗ ਪ੍ਰੈਸ ਬੈਨ ਰਿਹਾ। ਵੈਸਟ ਵਿਚ ਗਿਆਨ ਫੈਲਦਾ ਚਲਾ ਗਿਆ ਅਤੇ ਇਹ ਲੋਕ ਢਾਈ ਸੌ ਸਾਲ ਮੁਸਲਮਾਨਾਂ ਨਾਲੋਂ ਅੱਗੇ ਨਿਕਲ ਗਏ। ਜਿਹੜੇ ਲੋਕ ਵੀ ਸਾਇੰਸ ਅਤੇ ਟੈਕਨਾਲੋਜੀ ਤੋਂ ਮੁਨਕਰ ਹੁੰਦੇ ਹਨ ਜਾਂ ਉਸ ਦਾ ਵਿਰੋਧ ਕਰਦੇ ਹਨ ਉਹਨਾ ਨੂੰ ਵਿਗਿਆਨ ਲਿਤਾੜ ਦਏਗਾ।
ਇੱਕ ਹੋਰ ਪਹਿਲੂ ਤੋਂ ਗੱਲ ਨੂੰ ਸਮਝੀਏ ਕਿ ਸੰਨ 1857 ਦੇ ਗਦਰ ਵੇਲੇ ਅਗਰ ਟੈਲੀਗਰਾਮ ਨਾ ਈਜਾਦ ਹੋ ਗਈ ਹੁੰਦੀ ਤਾਂ ਅੰਗ੍ਰੇਜ਼ ਭਾਰਤ ਛੱਡ ਕੇ ਨੱਠ ਗਿਆ ਹੁੰਦਾ। ਪਰ ਜਿਓਂ ਹੀ ਮੇਰਠ ਵਿਚ ਬਗਾਵਤ ਦੀ ਸੂਹ ਨਿਕਲਦੀ ਹੈ ਅਤੇ ਟੈਲੀਗ੍ਰਾਮ ਰਾਹੀਂ ਸਰਕਾਰ ਘੰਟੀਆਂ ਖੜਕਾ ਦਿੰਦੀ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਅਗਰ ਟਾਇਟੈਟਨ ਦੇ ਸਮੁੰਦਰ ਵਿਚ ਠਿੱਲਣ ਵੇਲੇ ਟੈਲੀਗ੍ਰਾਮ ਇਜਾਦ ਹੋ ਗਈ ਹੁੰਦੀ ਤਾਂ ਟਾਇਟੈਟਨ ਕਦੀ ਨਾ ਡੁੱਬਦਾ।
 ਇਸੇ ਤਰਾਂ ਬਾਬਰ ਵਲੋਂ ਇਬਰਾਹਿਮ ਲੋਧੀ ਨੂੰ ਹਰਾ ਦੇਣ ਪਿੱਛੇ ਤੋਪਖਾਨਾ ਜਾਂ ਬਰੂਦ ਦੀ ਵਿਗਿਆਨਕ ਕਾਢ ਦਾ ਹੋਣਾ ਹੀ ਸੀ। ਮਤਲਬ ਕਿ ਜਿਹੜੀ ਕੌਮ ਵੀ ਵਿਗਿਆਨਕ ਪੱਖੋਂ ਫਾਡੀ ਹੋਵੇਗੀ ਉਹ ਜਿੰਦਗੀ ਦੀ ਦੌੜ ਵਿਚੋਂ ਪੱਛੜ ਜਾਏਗੀ। ਧਾਰਮਕ ਮੂਲਵਾਦ ਮਨੁੱਖ ਨੂੰ ਬਹੁਤ ਸਾਰੀਆਂ ਤਿਫਲ ਤਸੱਲੀਆਂ ਤਾਂ ਦੇ ਸਕਦਾ ਹੈ ਪਰ ਅਮਲੀ ਜਿੰਦਗੀ ਵਿਚ ਸਾਂਝੀਵਾਲਤਾ, ਸਹਿਣਸ਼ੀਲਤਾ ਅਤੇ ਮਨੁੱਖੀ ਵਿਕਾਸ ਲਈ ਵਿਗਿਆਨਕ ਪਹੁੰਚ ਸਬੰਧੀ ਇਹ ਵਿਰੋਧ ਵਿਚ ਭੁਗਤਦਾ ਹੈ ।
ਇਸਲਾਮਕ ਫਤਵੇ ਦੇਣ ਵਾਲਿਆਂ ਨੇ ਹਰਾਮ ਹਲਾਲ ਦੇ ਚੱਕਰ ਵਿਚ ਜਿੰਦਗੀ ਹਰਾਮ ਕਰ ਦਿੱਤੀ ਹੈ। ਪਿਛਲੇ ਤਿੰਨ ਮਹੀਨਿਆਂ ਵਿਚ ਬ੍ਰਿਟੇਨ ਵਿਚ ਮੁਸਲਮ ਅੱਤਵਾਦੀਆਂ ਨੇ ਤਿੰਨ ਹਮਲੇ ਕਰਕੇ ਮਾਸੂਮ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਕੇ ਦੇਸ਼ ਵਿਚ ਦਹਿਸ਼ਤ ਫੈਲਾ ਦਿੱਤੀ ਹੈ । ਬ੍ਰਤਾਨਵੀ ਪਾਰਲੀਮੈਂਟ ਵੈਸਟਮਨਿਸਟਰ ਵਿਚ ਹੋਏ ਹਮਲੇ ਦਰਮਿਆਨ 5 ਵਿਅਕਤੀ ਮਾਰੇ ਗਏ, ਮਾਨਚੈਸਟਰ ਦੇ ਆਤਮਘਾਤੀ ਬੰਬ ਹਮਲੇ ਵਿਚ 22 ਵਿਅਕਤੀ ਮਾਰੇ ਗਏ ਅਤੇ ਲੰਡਨ ਬਰਿਜ ਦੇ ਹਮਲੇ ਵਿਚ 7 ਵਿਅਕਤੀ ਮਾਰੇ ਗਏ ਅਤੇ 84 ਜ਼ਖਮੀ ਹੋਏ ਜਿਹਨਾ ਵਿਚ 21 ਵਿਅਕਤੀਆਂ ਦੀ ਹਾਲਤ ਗੰਭੀਰ ਸੀ।
 ਇਹਨਾ ਹਮਲਿਆਂ ਮਗਰ ਜਿਆਦਾਤਰ ਕਿਸ਼ੋਰ ਉਮਰ ਦੇ ਮੁੰਡੇ ਸ਼ਾਮਲ ਹੁੰਦੇ ਹਨ ਜਿਹਨਾ ਦੀ ਮੌਲਵੀਆਂ ਵਲੋਂ ਮਸੀਤਾਂ ਵਿਚ ਦਿਮਾਗੀ ਧੁਆਈ ਕਰਕੇ ਉਹਨਾ ਨੂੰ ਅੱਤਵਾਦ ਲਈ ਪ੍ਰੇਰਤ ਕੀਤਾ ਜਾਂਦਾ ਹੈ। ਦੀਨ ਦੇ ਨਾਂ ਥੱਲੇ ਦਾਨਵਤਾ ਫੈਲਾਉਣ ਵਾਲੇ ਇਹਨਾ ਮੌਲਵੀਆਂ ਦੇ ਖਿਲਾਫ ਮੁਸਲਮਾਨ ਭਾਈਚਾਰਾ ਅਕਸਰ ਚੁੱਪ ਰਿਹਾ ਹੈ ਜਦ ਕਿ ਹੁਣੇ ਹੁਣੇ ਕੁਝ ਲੋਕਾਂ ਨੇ ਬੋਲਣ ਦੀ ਹਿੰਮਤ ਵੀ ਕੀਤੀ ਹੈ। ਅਸਟਰੇਲੀਆ ਤੋਂ ਬੋਲਦਿਆਂ ਤੋਹੀਦੀ ਨਾਮ ਦੇ ਇਸਲਾਮੀ ਇਮਾਮ ਨੇ ਕਬੂਲ ਕੀਤਾ ਹੈ ਕਿ ਜਿਹਾਦ ਦੇ ਨਾਂ ਥੱਲੇ ਹੋ ਰਹੇ ਇਸ ਅੱਤਵਾਦ ਦਾ ਕਾਰਨ ਇਸਲਾਮ ਦੀਆਂ ਕੁਝ ਸਿੱਖਿਆਵਾਂ ਹਨ ਜਿਹਨਾ ਦਾ ਪ੍ਰਚਾਰ ਮੌਲਵੀ ਸ਼ਰੇਆਮ ਮਸੀਤਾਂ ਵਿਚ ਕਰ ਰਹੇ ਹਨ। ਮਾਨਚੈਸਟਰ ਵਿਚ ਆਤਮਘਾਤੀ ਹਮਲਾ ਕਰਨ ਵਾਲਾ 22 ਸਾਲ ਦਾ ਮੁੰਡਾ ਸੀ। ਇਹ ਮੁੰਡਾ ਕੇਵਲ ਦੋ ਤਿੰਨ ਦਿਨ ਸ਼ੁਕਰਵਾਰ (ਜੁੰਮਾ) ਦੇ ਦਿਨ ਮਸੀਤ ਵਿਚ ਨਿਮਾਜ ਪੜ੍ਹਨ ਗਿਆ ਮੌਲਵੀਆਂ ਦੇ ਜਹਿਰੀਲੇ ਪ੍ਰਚਾਰ ਦਾ ਸ਼ਿਕਾਰ ਹੋ ਗਿਆ। ਟੀ ਵੀ ਇੰਟਰਵਿਊ ਵਿਚ ਇਹ ਇਮਾਮ ਇਸਲਾਮਕ ਸਟੇਟ ਦੇ ਝੰਡੇ ਦਾ ਸਟਿਕਰ ਦਿਖਾ ਕੇ ਕਹਿੰਦਾ ਹੈ ਕਿ ਇਸ ਕਿਸਮ ਦਾ ਲਿਟਰੇਚਰ ਦੁਕਾਨਾਂ ਤੇ ਆਮ ਵਿਕ ਰਿਹਾ ਹੈ। ਇਸ ਤਰਾਂ ਦਾ ਸਾਹਿਤ ਹੀ ਜਿਹਾਦੀ ਮਹੌਲ ਸਿਰਜ ਰਿਹਾ ਹੈ। ਇਹ ਸਿੱਖਿਆਵਾਂ ਮੁਸਲਮਾਨ ਨੌਜਵਾਨਾਂ ਦੇ ਦਿਲਾਂ ਵਿਚ ਇਹ ਗੱਲ ਬਿਠਾ ਦਿੰਦੀਆਂ ਹਨ ਕਿ ਜੇਕਰ ਤੁਸੀਂ ਕਿਸੇ ਕਾਫਰ ਨੂੰ ਮਾਰਦੇ ਹੋ ਤਾਂ ਤੁਹਾਨੂੰ ਕੰਵਾਰੀਆਂ ਕੁੜੀਆਂ ਨਾਲ ਜੰਨਤ ਨਸੀਬ ਹੋਵੇਗੀ। ਇਹ ਇਮਾਮ ਇਹਨਾ ਦੇਸ਼ਾਂ ਦੀਆਂ ਸਰਕਾਰਾਂ ਪ੍ਰਤੀ ਵੀ ਇਸ਼ਾਰਾ ਕਰਦਾ ਹੈ ਕਿ ਮੁਸਲਮਾਨ ਵੋਟਰਾਂ ਦੇ ਮੁੱਦੇ ਨੂੰ ਧਿਆਨ ਵਿਚ ਰੱਖਦਿਆਂ ਸਰਕਾਰਾਂ ਮੁਸਲਮਾਨੀ ਅੱਤਵਾਦ ਅਤੇ ਦਹਿਸ਼ਤਵਾਦ ਨੂੰ ਅੱਖੋਂ ਪਰੋਖੇ ਕਰ ਰਹੀਆਂ ਹਨ। ਇਸ ਅਸਟਰੇਲੀਅਨ ਇਮਾਮ ਨੇ ਬੜੀ ਬੇਬਾਕੀ ਨਾਲ ਮੰਨਿਆਂ ਕਿ ਮਸੂਮਾਂ ਦੇ ਲਗਾਤਾਰ ਵਹਾਏ ਲਹੂ ਮਗਰ ਇਸਲਾਮਕ ਸਿੱਖਿਆਵਾਂ ਦਾ ਹੱਥ ਹੈ।
ਮੁਸਲਮਾਨ ਅੱਤਵਾਦੀਆਂ ਵਲੋਂ ਕੀਤੇ ਜਾ ਰਹੇ ਅੱਤਵਾਦੀ ਹਮਲਿਆਂ ਕਾਰਨ ਗੋਰੀ ਵਸੋਂ ਦੀਆਂ ਅੱਖਾਂ ਵਿਚ ਭੂਰੇ ਰੰਗ ਦੇ ਲੋਕ ਰੜਕਣ ਲੱਗ ਪਏ ਹਨ ।ਪਛਾਣ ਦੇ ਭੰਬਲਭੂਸੇ ਕਾਰਨ ਸਿੱਖਾਂ ਲਈ ਖਤਰੇ ਹੁਣ ਹੋਰ ਵਧ ਗਏ ਹਨ। ਪਹਿਲਾਂ ਵੀ ਮੁਸਲਮਾਨਾਂ ਦੇ ਭੁਲੇਖੇ ਸਿੱਖ ਸ਼ਿਕਾਰ ਹੁੰਦੇ ਰਹੇ ਹਨ। ਵਧੇਰੇ ਅਫਸੋਸ ਵਾਲੀ ਗੱਲ ਇਹ ਵੀ ਹੈ ਕਿ ਮੁਸਲਮਾਨਾ ਵਲੋਂ ਸਿੱਖ ਲੜਕੀਆਂ ਨੂੰ ਵਰਗਲਾਏ ਜਾਣਾ ਜਾਰੀ ਹੈ। ਮੇਰੇ ਇਹ ਸਤਰਾਂ ਲਿਖਣ ਵੇਲੇ ਲੂਟਨ (ਯੂ ਕੇ) ਤੋਂ ਬੜੀਆਂ ਹੀ ਦੁਖਦਾਇਕ ਖਬਰਾਂ ਆ ਰਹੀਆਂ ਹਨ ਜਿਥੇ ਕਿ ਇੱਕ ਮੁਸਲਮਾਨ ਵਿਅਕਤੀ ਵਲੋਂ ਸਿੱਖ ਲੜਕੀ ਦੀ ਕੁੱਟ ਮਾਰ ਕਰਨ ਅਤੇ ਜਿਸਮਾਨੀ ਖੇਹ ਖਰਾਬੀ ਕਰਨ ਤੋਂ ਭੜਕੇ ਸਿੱਖਾਂ ਨੇ ਸੜਕਾਂ ਜਾਮ ਕਰ ਦਿੱਤੀਆਂ। ਇਹਨਾ ਘਟਨਾਵਾਂ ਪਿੱਛੇ ਵੀ ਮੁਸਲਮਾਨਾਂ ਦੇ ਧਾਰਮਕ ਮੌਲਵੀਆਂ ਦੀਆਂ ਉਹ ਸਿੱਖਿਆਵਾਂ ਹਨ। ਇਹ ਮੌਲਵੀ ਪ੍ਰਚਾਰ ਕਰਦ ਹਨ ਕਿ ਮੁਸਲਮਾਨ ਨੌਜਵਾਨ ਕਾਫਰਾਂ (ਗੈਰ ਮੁਸਲਮਾਨਾਂ) ਨੂੰ ਦੀਨ (ਮੁਸਲਮਾਨ ਬਨਾਉਣ) ਕਬੂਲ ਕਰਵਾਉਣ, ਉਹਨਾ ਦੀਆਂ ਕੁੜੀਆਂ ਗੁਮਰਾਹ ਕਰਨ ਅਤੇ ਫਿਰ ਜੰਨਤ ਵਿਚ 72/72 ਕੰਵਾਰੀਆਂ ਪ੍ਰਾਪਤ ਕਰਨ।
ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਕੋਈ ਵੀ ਧਰਮ ਨਫਰਤ ਕਰਨੀ ਨਹੀਂ ਸਿਖਾਉਂਦਾ ਪਰ ਕਰੀਬ ਕਰੀਬ ਹਰ ਧਰਮ ਦੇ ਕੱਟੜਪੰਥੀ ਆਪਣੇ ਧਰਮ ਦੀ ਅਜੇਹੀ ਵਿਆਖਿਆ ਲਭ ਲੈਂਦੇ ਹਨ ਜਿਸ ਤੇ ਅਮਲ ਕਰਕੇ ਇਹ ਅਖੌਤੀ ਧਰਮੀ ਨਾ ਕੇਵਲ ਦੂਸਰੇ ਧਰਮਾਂ ਪ੍ਰਤੀ ਗੁਸਤਾਖ ਹੋ ਨਿਬੜਦੇ ਹਨ ਸਗੋਂ ਅਜੇਹੇ ਲੋਕਾਂ ਕਾਰਨ ਹੀ ਹਰ ਧਰਮ ਸੰਪ੍ਰਦਾਵਾਂ ਵਿਚ ਟੁੱਟ ਕੇ ਸਵੈ ਵਿਰੋਧੀ ਵੀ ਹੋ ਜਾਂਦੇ ਹਨ। ਮੁਸਲਮਾਨਾਂ ਵਿਚ ਸੁੰਨੀ ਸ਼ੀਆ ਦਾ ਟਕਰਾਓ ਜਗਤ ਪ੍ਰਸਿੱਧ ਹੈ। ਇਸਾਈਆਂ ਵਿਚ ਕੈਥਲਕ ਅਤੇ ਪ੍ਰੋਟੈਸਟੈਂਟ ਦੇ ਵਿਰੋਧ ਕਰਕੇ ਬੜਾ ਖੂਨ ਵਹਿ ਚੁੱਕਾ ਹੈ।
ਸਿੱਖ ਧਰਮ ਬੇਸ਼ਕ ਇੱਕ ਨਵਾਂ ਅਤੇ ਸਰਬ ਸਾਂਝਾ ਧਰਮ ਹੈ ਪਰ ਸਿੱਖਾਂ ਵਿਚ ਵੀ ਅਗਾਂਹ ਵਧੂ ਅਤੇ ਪਿਛਾਂਹ ਖਿੱਚੂ ਸਿੱਖਾਂ ਦਰਮਿਆਨ ਨਾ ਕੇਵਲ ਪਾੜਾ ਹੀ ਵਧਦਾ ਜਾ ਰਿਹਾ ਹੈ ਸਗੋਂ ਇਹ ਵਿਰੋਧ ਖੂਨੀ ਦੁਸ਼ਮਣੀ ਵਿਚ ਵੀ ਬਦਲਦੇ ਨਜ਼ਰ ਆ ਰਹੇ ਹਨ। ਹਾਲਤ ਇਹ ਹੈ ਕਿ ਅੱਜ ਭਾਰਤ ਵਿਚ ਭਗਵਾਂ ਸਿੱਖਾਂ ਨੂੰ ਨਿਗਲਣ ਲਈ ਚੜ੍ਹਦਾ ਆ ਰਿਹਾ ਹੈ, ਜਦ ਕਿ ਬਦੇਸ਼ਾਂ ਵਿਚ ਸਿੱਖਾਂ ਲਈ ਹਰੇ ਦਾ ਵਿਸਾਹ ਕਰਨਾ ਮੁਨਾਸਬ ਨਹੀਂ ਰਿਹਾ।
ਇਹਨਾ ਹਾਲਾਤਾਂ ਵਿਚ ਆਪਸੀ ਟਕਰਾਓ ਤੋਂ ਕਿਵੇਂ ਬਚਣਾ ਹੈ ਅਤੇ ਵਿਰੋਧੀਆਂ ਨਾਲ ਕਿਵੇਂ ਨਿਪਟਣਾ ਹੈ ਇਹ ਅੱਜ ਸਿੱਖ ਭਾਈਚਾਰੇ ਨੂੰ ਸਿਰ ਜੋੜ ਕੇ ਸੋਚਣ ਦੀ ਲੋੜ ਹੈ।
ਲੇਖਕ: ਕੁਲਵੰਤ ਸਿੰਘ ਢੇਸੀ
 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.