ਕੈਟੇਗਰੀ

ਤੁਹਾਡੀ ਰਾਇ



ਕੁਲਵੰਤ ਸਿੰਘ ਢੇਸੀ
< ਸਹਿਜ ਸੰਵਾਦ ਦੀ ਲੋੜ >
< ਸਹਿਜ ਸੰਵਾਦ ਦੀ ਲੋੜ >
Page Visitors: 2547

<  ਸਹਿਜ ਸੰਵਾਦ ਦੀ ਲੋੜ  >
ਪਿਆਰੇ ਪਾਠਕੋ
ਸਤ ਸ੍ਰੀ ਅਕਾਲ
ਸੌਦਾ ਸਾਧ ਸਬੰਧੀ ਲਿਖੇ ਮੇਰੇ ਲੇਖ ਦੇ ਜਵਾਬ ਵਿਚ ਸ: ਗੁਰਮੀਤ ਸਿੰਘ ਅਸਟਰੈਲੀਆ ਦੇ ਜਵਾਬ ਲਈ ਧੰਨਵਾਦ।
ਹਰ ਧਰਮ ਵਿਚ ਤੇਜਸਵੀ ਵਿਅਕਤੀਆਂ ਦੇ ਨਾਮ ਤੇ ਸੰਪ੍ਰਦਾਵਾਂ ਦਾ ਬਣ ਜਾਣਾ ਕੁਦਰਤੀ ਅਮਲ ਹੈ। ਕੋਈ ਸੰਸਥਾ ਧਰਮ ਦੀ ਰੂਹ ਨੂੰ ਲੈ ਕੇ ਚੱਲਦੀ ਹੈ ਜਾਂ ਰੂਹ ਤੋਂ ਮਨਫੀ ਹੋ ਕੇ ਭਟਕ ਜਾਂਦੀ ਹੈ ਇਹ ਹੀ ਬਹਿੰਸ ਦਾ ਅਸਲੀ ਵਿਸ਼ਾ ਹੋਣਾ ਚਾਹੀਦਾ ਹੈ। ਸ਼ਰੀਕੇ ਜਾਂ ਕੀਨੇ ਵੱਸ ਸਾਰੀਆਂ ਹੀ ਸੰਸਥਾਵਾਂ ਤੇ ਬੋ ਕਾਟਾ ਮਾਰ ਦੇਣਾ ਉਕਾ ਹੀ ਸਿਆਣਪ ਵਾਲੀ ਗੱਲ ਨਹੀਂ ਕਹੀ ਜਾ ਸਕਦੀ। ਸਿੱਖ ਧਰਮ ਦੇ ਸਾਧੂ ਸੰਤਾਂ ਨੇ ਸਮਾਜ ਸੇਵਾ ਵਿਚ ਕੋਈ ਵੀ ਹਾਂ ਪੱਖੀ ਰੋਲ ਨਾ ਅਦਾ ਕੀਤਾ ਹੋਵੇ ਜਾਂ ਪੰਥਕ ਚਣੌਤੀਆਂ ਨੂੰ ਉੱਕਾ ਹੀ ਨਾ ਕਬੂਲਿਆ ਹੋਵੇ ਇਸ ਤਰਾਂ ਦੇ ਸੰਕੇਤ ਕਿਸੇ ਖੁਦ ਪਸੰਦ ਅਤੇ ਬਚਕਾਨਾ ਬਿਰਤੀ ਵਾਲੇ ਵਿਅਕਤੀ ਦੇ ਹੀ ਹੋ ਸਕਦੇ ਹਨ।
ਵਧੇਰੇ ਦੁੱਖ ਵਾਲੀ ਗੱਲ ਹੈ ਕਿ ਅਸੀਂ ਹਾਲੇ ਤਕ ਸਹਿਜ ਸੰਵਾਦ ਕਰਨਾ ਨਹੀਂ ਸਿੱਖਿਆ ਅਤੇ ਅੰਧਾ ਧੁੰਦ ਵਿਰੋਧ ਵਿਚ ਮਨ ਦੀ ਹਵਾੜ ਕੱਢਣ ਤਕ ਸੀਮਤ ਰਹਿੰਦੇ ਹਾਂ। 
ਇਹ ਅਸੀਂ ਵੀ ਮੰਨਦੇ ਹਾਂ ਕਿ ਸਿੱਖ ਸੰਸਥਾਵਾਂ ਵਿਚ ਅਨੇਕਾਂ ਗੱਲਾਂ ਗੁਰਮਤ ਦੇ ਗਾਡੀ ਰਾਹ ਦੇ ਅਨੁਕੂਲ ਨਹੀਂ ਹਨ ਪਰ ਜੇਕਰ ਮੰਨ ਵੀ ਲਈਏ ਕਿ ਜਿਹਨਾ ਸਾਧੂ ਸੰਤ ਅਤੇ ਭਾਈ ਸਾਹਿਬਾਂ ਦੇ ਨਾਮ ਤੇ ਸੰਸਥਾਵਾਂ ਬਣੀਆਂ ਹਨ ਉਹ ਸਾਰੇ ਹੀ ਅਨਪੜ੍ਹ, ਪਿਛਾਂਹ ਖਿੱਚੂ ਜਾਂ ਸਿੱਖੀ ਵਿਰੋਧੀ ਸਨ ਤਾਂ ਸਵਾਲ ਪੈਦਾ ਹੁੰਦਾ ਹੈ ਕਿ ਸਿੱਖੀ ਦੀ ਪੜ੍ਹੀ ਲਿਖੀ ਜਾਂ ਅਗਾਂਹ ਵਧੂ ਜਮਾਤ ਦਿਨੋ ਦਿਨ ਕਮਜ਼ੋਰ ਕਿਓਂ ਹੋ ਰਹੀ ਹੈ। ਇਸ ਵੇਲੇ ਸੰਤ ਸਮਾਜ ਦਾ ਪੰਥ ਤੇ ਏਕਾ ਅਧਿਕਾਰ ਹੈ ਜੋ ਕਿ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬਚਿੱਤਰ ਨਾਟਕ ਦਾ ਪ੍ਰਕਾਸ਼ ਕਰਨਾ ਅਤੇ ਸਿੱਖ ਰਹਿਤ ਮਰਿਯਾਦਾ ਨੂੰ ਬਦਲਣ ਲਈ ਪੱਬਾਂ ਭਾਰ ਹੈ। ਇਸ ਸਬੰਧੀ ਸਾਡੀ ਪੜ੍ਹੀ ਲਿਖੀ ਸ਼੍ਰੇਣੀ ਡਰ ਕੇ ਖੱਲੀਂ ਖੂੰਜੀ ਲੱਗ ਗਈ ਹੈ ਅਤੇ  ਤੱਤ ਗੁਰਮਤ ਅਸੂ਼ਲਾਂ ਤੇ ਪਹਿਰਾ ਦੇ ਰਹੇ ਪ੍ਰਚਾਰਕ (ਮਿਸ਼ਨਰੀ) ਦਿਨੋ ਦਿਨ ਆਪਣੇ ਪੈਂਤੜੇ ਤੋਂ ਉਖੜਦੇ ਪ੍ਰਤੀਤ ਹੋ ਰਹੇ ਹਨ। ਸੱਚ ਤਾਂ ਇਹ ਹੈ ਕਿ ਪੰਥ ਦੇ ੯੯% ਪ੍ਰਚਾਰਕ ਮੰਜੀ ਸਾਹਿਬ ਦੀਵਾਨ ਹਾਲ ਤੋਂ ਸ਼ੁਰੂ ਹੋ ਕੇ ਸਮੂਹ ਵੱਡੀਆਂ ਸਟੇਜਾਂ ਤੇ ਏਨੀ ਗੱਲ ਕਹਿਣ ਦੀ ਹਿੰਮਤ ਵੀ ਨਹੀਂ ਰੱਖਦੇ ਕਿ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਹੀ ਸਾਡੇ ਗੁਰੂ ਹਨ ਅਤੇ ਗੁਰੂ ਸਾਹਿਬ ਦੇ ਬਰਾਬਰ ਕਿਸੇ ਵੀ ਹੋਰ ਗ੍ਰੰਥ ਦੇ ਪ੍ਰਕਾਸ਼ ਦਾ ਸ਼ਰੀਕਾ ਨਹੀਂ ਹੋ ਸਕਦਾ । ਹਾਲਾਤ ਇਹ ਹੋ ਗਏ ਹਨ ਕਿ ਅਾਪਣੀ ਸਟੇਜ ਪੱਕੀ ਕਰਨ ਲਈ ਹਰ ਪ੍ਰਚਾਰਕ ਸਿੱਖੀ ਦੀ ਗੱਲ ਘੱਟ ਅਤੇ ਸਾਧੂ ਸੰਤਾਂ ਦਾ ਗੁਣਗਾਨ ਵਧੇਰੇ ਕਰਨ ਦੇ ਨਾਲ ਨਾਲ ਇਹ ਸਪੱਸ਼ਟ ਕਰਨਾ ਆਪਣਾ ਧਰਮ ਸਮਝਦਾ ਹੈ ਕਿ ਪੰਥ ਦੇ ਮਿਸ਼ਨਰੀ ਅਤੇ ਸੰਤ ਸਮਾਜ ਦੋ ਪ੍ਰਮੁਖ ਧੜਿਆਂ ਵਿਚੋਂ ਉਹ ਸੰਤ ਸਮਾਜ ਦੇ ਨਾਲ ਹੈ। ਸਿੱਖੀ ਦੀ ਇਸ ਅੱਧੋਗਤੀ ਪਿੱਛੇ ਹੇਠ ਲਿਖੇ ਕਾਰਨਾਂ ਦੀ ਕਿਹੋ ਜਹੀ ਭੂਮਿਕਾ ਹੈ ਜਾਂ ਕੀ ਇਸ ਤੋਂ ਇਲਾਵਾ ਵੀ ਕੋਈ ਕਾਰਨ ਹਨ ਇਸ ਸਬੰਧੀ ਆਪ ਦੇ ਵਿਚਾਰਾਂ ਦੀ ਉਡੀਕ ਰਹੇਗੀ
੧) ਧਰਮ ਦਾ ਰਾਜਸੀਕਰਨ
੨) ਧਰਮ ਦਾ ਬਾਬਾ ਕਰਨ ਜਾਂ ਡੇਰਾਵਾਦ
੩) ਸਿੱਖ ਵਿਰੋਧੀ ਸ਼ਕਤੀਆਂ
੪) ਪਦਾਰਥਵਾਦ ਦਾ ਬੋਲ ਬਾਲਾ
੫) ਵਿਗਿਆਨਕ ਚੜ੍ਹਤ ਵਿਚ ਧਰਮ ਪ੍ਰਤੀ ਅਰੁਚੀ
ਇਸ ਸੰਵਾਦ ਵਿਚ ਸ਼ਾਮਲ ਬੁੱਧੀਜੀਆਂ ਨੂੰ ਇਹ ਵੀ ਬੇਨਤੀ ਹੈ ਕਿ ਅਸੀਂ ਪੰਜਾਬੀ ਬੋਲੀ ਦੇ ਵਾਧੇ ਅਤੇ ਸਥਾਪਤੀ ਸਬੰਧੀ ਲੱਛੇਦਾਰ ਤਕਰੀਰਾਂ ਤਾਂ ਕਰਦੇ ਹਾਂ ਪਰ ਸਾਡੇ ਮਾਨਯੋਗ ਵਿਦਵਾਨ ਪੰਜਾਬੀ ਬੋਲੀ ਵਿਚ ਵਾਰਤਾਲਾਪ ਕਰਨ ਤੋਂ ਸ਼ਰਮ ਮਹਿਸੂਸ ਨਾ ਕਰਨ ਤਾਂ ਕਿ ਹਰ ਮਾਈ ਭਾਈ ਨੂੰ ਇਸ ਬਹਿੰਸ ਵਿਚ ਸ਼ਾਮਲ ਕੀਤਾ ਜਾਵੇ।
ਇਥੇ ਅਸੀਂ ਆਪ ਜੀ ਨੂੰ ਵਾਟਸ-ਅੱਪ 'ਤੇ ਸੁਖਵਿੰਦਰ ਸਿੰਘ ‘ਤੇਜਾ’ ਨਾਮ ਦੇ ਵਿਅਕਤੀ ਵਲੋਂ ਲਿਖੀਆਂ ਕੁਝ ਸਿੱਧੀਆਂ ਸਿੱਧੀਆਂ ਗੱਲਾਂ ਵੀ ਭੇਜ ਰਹੇ ਹਾਂ ਜੋ ਕਿ ਸਾਡੀ ਦੁਖਦੀ ਰਗ ਤੇ ਹੱਥ ਰੱਖਦੀਆਂ ਹਨ।
ਸਰਬ ਸਾਂਝੀਵਾਲਤਾ ਅਤੇ ਲੋਕ ਹਿੱਤ ਪੈਤੜੇ ਤੋਂ ਉਖੜ ਗਈ ਸਿੱਖੀ ਨੂੰ ਮੁੜ ਮਾਨਵੀ ਸ਼ਾਹ ਰਾਹ ਤੇ ਕਿਵੇਂ ਪਾਇਆ ਜਾਵੇ ਇਸ ਬਾਰੇ ਆਪ ਜੀ ਦੇ ਸੰਤੁਲਤ ਵਿਚਾਰਾਂ ਦੀ ਉਡੀਕ ਰਹੇਗੀ।
ਧੰਨਵਾਦ ਸਹਿਤ ਆਪ ਦਾ
ਕੁਲਵੰਤ ਸਿੰਘ 'ਢੇਸੀ'
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.