ਕੈਟੇਗਰੀ

ਤੁਹਾਡੀ ਰਾਇ



ਕੁਲਵੰਤ ਸਿੰਘ ਢੇਸੀ
ਅੱਤਵਾਦ ਜਾਂ ਸੱਚਵਾਦ ਵਿਚ ਲਟਕਿਆ ਸਿੱਖ ਕੇਸ
ਅੱਤਵਾਦ ਜਾਂ ਸੱਚਵਾਦ ਵਿਚ ਲਟਕਿਆ ਸਿੱਖ ਕੇਸ
Page Visitors: 2541

ਅੱਤਵਾਦ ਜਾਂ ਸੱਚਵਾਦ ਵਿਚ ਲਟਕਿਆ ਸਿੱਖ ਕੇਸ
ਲੇਖਕ—ਕੁਲਵੰਤ ਸਿੰਘ ਢੇਸੀ
ਅੱਤਵਾਦ (terrorism) ਦੀ ਪ੍ਰੀਭਾਸ਼ਾ ਸਬੰਧੀ ਕੌਮਾਂਤਰੀ ਅਹਿਦਨਾਮੇ ਦੀ ਸਥਾਪਤੀ ਲਈ ਕਾਫੀ ਅਰਸਾ ਮੁਸ਼ਕਲਾਂ ਆਉਂਦੀਆਂ ਰਹੀਆਂ ਹਨ । ਰਾਜਨੀਤਕ ਅਤੇ ਭਾਵਨਾਤਮਕ ਤੌਰ ਤੇ ਪ੍ਰਭਾਵਤ ਹੋਣ ਕਾਰਨ ਇਸ ਦੇ ਅਰਥਾਂ ਨੂੰ ਕੌਮਾਂਤਰੀ ਮਾਨਤਾ ਪ੍ਰਾਪਤ ਨਹੀਂ ਹੈ। ਵਧੇਰੇ ਕਰਕੇ ਇਹ ਹੀ ਕਿਹਾ ਜਾਂਦਾ ਹੈ ਕਿ ਰਾਜਨੀਤਕ, ਧਾਰਮਕ ਜਾਂ ਵਿਚਾਰਧਾਰਕ ਬਦਲ ਲਈ ਕੀਤੀ ਆਮ ਜਨਤਾ ਦੇ ਖਿਲਾਫ ਹਿੰਸਾ ਅੱਤਵਾਦ ਹੈ।
ਸੱਤਰ ਅਤੇ ਅੱਸੀ ਦੇ ਦਹਾਕਿਆਂ ਵਿਚ ਯੁਨਾਈਟਿਡ ਨੇਸ਼ਨ ਅਲੋਂ ਅੱਤਵਾਦ ਦੀ ਪ੍ਰੀਭਾਸ਼ਾ ਸਥਾਪਤ ਕਰਨ ਵਿਚ ਔਕੜ ਰਹੀ ਕਿਓਂਕਿ ‘ਕੌਮੀ ਅਜਾਦੀ ਲਈ ਭੇੜ’ (conflicts of national liberation)  ਜਾਂ ਸਵੈ ਨਿਰਣੇ (Self determination) ਦੇ ਪ੍ਰਸੰਗ ਵਿਚ ਹਿੰਸਾ ਦੀ ਵਰਤੋਂ ਦੇ ਜਾਇਜ਼ ਜਾਂ ਨਾਜਾਇਜ਼ ਹੋਣ ਸਬੰਧੀ ਬਹੁਤ ਮੱਤਭੇਦ ਸਨ। ਇਹ ਹੀ ਕਾਰਨ ਸੀ ਕਿ ਕੌਮਾਂਤਰੀ ਅੱਤਵਾਦ ਸਬੰਧੀ ਕਿਸੇ ਵਿਆਪਕ ਸੰਮੇਲਨ (Comprehension convention on international terrorism)  ਦੀ ਸਥਾਪਤੀ ਵਿਚ ਰੋਕਾਂ ਆਉਂਦੀਆਂ ਰਹੀਆਂ।
ਸੰਨ 2003 ਵਿਚ ਡਾ: ਜੈਫਰੀ ਰੈਕਰਡ ਨੇ ਅਮਰੀਕੀ ਆਰਮੀ ਲਈ ਖੋਜ ਕਰਦਿਆਂ 109 ਕਿਸਮ ਦੇ ਅੱਤਵਾਦ ਦੀ ਵਿਆਖਿਆ ਨੂੰ ਇਸ ਦੀ ਪ੍ਰੀਭਾਸ਼ਾ ਦੇ 22 ਪ੍ਰਮੁਖ ਨੁਕਤਿਆਂ ਤੇ ਅਧਾਰਤ ਕੀਤਾ ਸੀ। ਇੰਟਰਨੈਸ਼ਨਲ ਕਰਿਮੀਨਲ ਲਾਅ ਵਿਚ ਵੀ ਅਤਵਾਦ ਦੀ ਵਾਜਬ ਵਿਆਖਿਆ ਦੀ ਜਰੂਰਤ ਰਹੀ ਹੈ। ਵੀਹਵੀਂ ਸਦੀ ਦੇ ਅਖੀਰ ਤੇ ਇਸ ਸਬੰਧੀ ਇੱਕ ਕੌਮਾਂਤਰੀ ਸਹਿਮਤੀ ਹੋਈ । ਸੰਨ 1994 ਤੋਂ ਇਸ ਸਬੰਧੀ ਜੋ ਸਰਬਸਾਂਝੀ ਰਾਏ ਬਣੀ ਉਸ ਮੁਤਾਬਕ ‘ਰਾਜਨੀਤਕ ਅਦੇਸ਼ਾਂ ਦੀ ਪ੍ਰਾਪਤੀ ਲਈ ਕਿਸੇ ਵਿਅਕਤੀ ਜਾਂ ਵਿਅਕਤੀ ਸਮੂਹ ਵਲੋਂ ਆਮ ਜਨਤਾ ਵਿਚ ਕੀਤਾ ਗਿਆ ਹਿੰਸਕ ਕਾਰਾ ਅੱਤਵਾਦੀ  ਕਰਾਰ ਦਿੱਤਾ ਗਿਆ, ਭਾਵੇਂ ਕਿ ਅਜੇਹੇ ਕਾਰੇ ਦੇ ਵਾਜਬ ਹੋਣ ਸਬੰਧੀ ਕੋਈ ਵੀ ਰਾਜਨਤੀਕ,ਦਾਰਸ਼ਨਕ, ਜਾਤੀ, ਨਸਲੀ, ਵਿਚਾਰਧਾਰਕ ਜਾਂ ਧਾਰਮਕ ਕਾਰਨ ਦੱਸੇ ਜਾਂਦੇ ਹੋਣ। ਇਹ ਗੱਲ ਅਫਸੋਸ ਨਾਲ ਕਹਿਣੀ ਪੈ ਰਹੀ ਹੈ ਕਿ ਖਾੜਕੂ ਸਿੱਖਾਂ ਦੁਆਰਾ ਅੱਸੀਵਿਆਂ ਵਿਚ ਕੀਤੀ ਜੱਦੋ ਜਹਿਦ ਕੌਮਾਂਤਰੀ ਅਹਿਦਾਂ ਅਤੇ ਸੰਮੇਲਨਾ ਵਿਚ ਦੋਸ਼ੀ ਹੋਈ ਖੜ੍ਹੀ ਹੈ ਪਰ ਸਾਡੇ ਆਗੂ ਅਤੇ ਲੇਖਕ ਇਸ ਤੇ ਇੱਕ ਝਾਤ ਪਾਉਣ ਤੋਂ ਵੀ ਡਰਦੇ ਹਨ।   ਪੰਜਾਬੀ ਜਾਂ ਸਿੱਖ ਚਿੰਤਕ ਕੌਮਾਂਤਰੀ ਕਾਨੂੰਨਾਂ ਜਾਂ ਅਹਿਦਾਂ ਦੀਆਂ ਇਹਨਾ ਬਰੀਕੀਆਂ ਵਿਚ ਉਲਝਣਾ ਗੈਰ ਜਰੂਰੀ ਸਮਝਦੇ ਹੋਣ ਕਾਰਨ ਉਹਨਾ ਤੇ ਇਸ ਪੱਖੋਂ ਆਪਣੇ ਸਮਾਜ ਦਾ ਮਾਰਗ ਦਰਸ਼ਨ ਨਾ ਕਰ ਸਕਣ ਦਾ ਦੋਸ਼ ਵੀ ਲੱਗਦਾ ਹੈ। ਰਾਜਨੀਤਕ ਅਤੇ ਧਾਰਮਕ ਪ੍ਰਸੰਗ ਵਿਚ ਸਿੱਖਾਂ ਦੀ ਸਾਰੀ ਦੀ ਸਾਰੀ ਪਹੁੰਚ ਜਾਂ ਤਾਂ ਜਜ਼ਬਾਤੀ ਹੈ ਜਾਂ ਰਾਜਨੀਤਕ ਤੌਰ ਤੇ ਉਲਾਰ ਅਤੇ ਦਿਹਾਤੀ ਕਿਸਮ ਦੀ ਹੈ। ਇਹਨੀ ਦਿਨੀ ਪੰਜਾਬ ਵਿਚ ਭਾਈ ਦਿਲਾਵਰ ਸਿੰਘ ਅਤੇ ਸਾਬਕਾ ਮੁਖ ਮੰਤਰੀ ਬਿਅੰਤ ਸਿੰਘ ਦੀਆਂ ਬਰਸੀਆਂ ਮਨਾਈਆਂ ਗਈਆਂ । ਕਾਂਗਰਸੀ ਸਿੱਖਾਂ ਲਈ ਬਿਅੰਤ ਸਿੰਘ ਸ਼ਹੀਦ ਹੈ ਜਿਸ ਨੇ ਉਹਨਾ ਮੁਤਾਬਕ ਸੂਬੇ ਦੇ ਅਮਨ ਚੈਨ ਲਈ ਜਾਨ ਦੀ ਅਹੂਤੀ ਦੇ ਦਿੱਤੀ ਜਦ ਕਿ ਖਾਲਿਸਤਾਨੀਆਂ ਲਈ ਭਾਈ ਦਿਲਾਵਰ ਸਿੰਘ ਸ਼ਹੀਦ ਹੈ ਜਿਸ ਨੇ ਕਿ ਜਕਰੀਏ ਬਿਅੰਤੇ ਨੂੰ ਸੋਧ ਕੇ ਸੂਬੇ ਵਿਚੋਂ ਫਾਸ਼ੀ ਰਾਜ ਦਾ ਖਾਤਮਾ ਕੀਤਾ। ਇਸ ਕੇਸ ਨੂੰ ਕੌਮਾਂਤਰੀ ਤੱਕੜੀ ਵਿਚ ਰੱਖ ਕੇ ਦੇਖਣ ਦੀ ਕੋਈ ਵੀ ਧਿਰ ਜਰੂਰਤ ਨਹੀਂ ਸਮਝਦੀ।
‘ਸਿਖਸ ਫਾਰ ਜਸਟਿਸ’ ਅਤੇ ਸਿੱਖ ਫੈਡਰੇਸ਼ਨ ਵਲੋਂ ਸਿੱਖ ਕੇਸ ਨੂੰ ਯੂ ਐਨ ਓ ਸਾਹਮਣੇ ਰੱਖਣ ਦੇ ਠੋਸ ਸਬੂਤ ਨਹੀਂ ਮਿਲਦੇ। ਪਿਛਲੀ ਦਿਨੀ ਨਵੀਂ ਬਣ ਰਹੀ ਸਿੱਖ ਪਾਰਲੀਮੈਂਟ ਸਬੰਧੀ ਵੀ ਇਹਨਾ ਆਗੂਆਂ ਨੇ ਗੋਂਗਲੂਆਂ ਤੋਂ ਮਿੱਟੀ ਝਾੜਨ ਦਾ ਕੰਮ ਕੀਤਾ ਹੈ । ਇਹ ਆਗੂ ਇਹ ਵੀ ਕਹਿੰਦੇ ਰਹੇ ਹਨ ਕਿ ਉਹ ਥੈਚਰ ਸਰਕਾਰ ਵਲੋਂ ਇੰਦਰਾਂ ਨੂੰ ਸੰਨ ਚੁਰਾਸੀ ਵਿਚ ਦਿੱਤੇ ਫੌਜੀ ਸਹਿਯੋਗ ਦਾ ਸੱਚ ਲੋਕਾਂ ਸਾਹਮਣੇ ਲਿਆਉਣਗੇ ਪਰ ਇਹ ਗੱਲਾਂ ਸਿਰਫ ਕਹਿਣ ਦੀਆਂ ਹੀ ਹਨ। ਅਸਲ ਵਿਚ ਸਿੱਖ ਆਗੂ ਇਸ ਮੁੱਦੇ ਤੇ ਅੰਦਰੋਂ ਠਰੇ ਹੋਏ ਹਨ ਕਿ ਪੰਜਾਬ ਵਿਚ ਅੱਸੀਵਿਆਂ ਦੇ ਹੋਏ ਖਾੜਕੂ ਸੰਘਰਸ਼ ਨੂੰ ਕੌਮਾਂਤਰੀ ਤੌਰ ਤੇ ਅੱਤਵਾਦ ਤੋਂ ਵੱਧ ਕੋਈ ਹੋਰ ਅਰਥ ਪ੍ਰਾਪਤ ਨਹੀਂ ਹਨ ਜੋ ਕਿ ਸਿੱਖ ਚਰਿੱਤਰ ਤੇ ਬਹੁਤ ਵੱਡੀ ਊਜ ਹੈ। ਸੱਚ ਤਾਂ ਇਹ ਵੀ ਹੈ ਕਿ ਬਰਤਾਨਵੀ ਖਾੜਕੂਆਂ ਦਾ ਇੱਕ ਹਿੱਸਾ ਖਾੜਕੂ ਅਤੇ ਖਾਲਿਸਤਾਨੀ ਪੈਂਤੜੇ ਤੋਂ ਥਿੜਕ ਕੇ ਬਾਦਲਾਂ ਦੇ ਪੈਰਾਂ ਵਿਚ ਬੈਠੇ ਹੋਏ ਖੁਦਗਰਜ਼ ਸਾਧਾਂ ਦੀ ਝੋਲੀ ਪੈ ਚੁੱਕਾ ਹੈ। ਇਹ ਸਾਬਕਾ ਖਾੜਕੂ ਆਪਣੇ ਮਹਾਂਪੁਰਖਾਂ ਦੇ ਹੁਕਮਾਂ ਤੇ ਫੁੱਲ ਝੜਾਉਣ ਲਈ ਸਿੱਖ ਰਹਿਤ ਮਰਿਯਾਦਾ ਤੇ ਬੋ ਕਾਟਾ ਮਾਰਕੇ ਆਪਣੇ ਧੜੇ ਨੂੰ ‘ਪੰਥ’ ਸਾਬਤ ਕਰਨ ਲਈ ਐਸੇ ਮੁੱਦੇ ਚੁੱਕ ਰਹੇ ਹਨ ਜੋ ਕਿ ਸਿੱਖ ਸਮਾਜ ਨੂੰ ਅਣਮਿੱਥੇ ਸਮੇਂ ਲਈ ਭਰਾ ਮਾਰੂ ਜੰਗ ਵਿਚ ਝੋਕ ਦੇਣਗੇ।
ਸਮੈਦਿਕ (ਬ੍ਰਮਿੰਘਮ) ਦੇ ਗੁਰੂਨਾਨਕ ਗੁਰਦਵਾਰਾ ਵਿਚ ਜਦੋਂ ਸਿੱਖਾਂ ਦੀ ਨਵੀਂ ਬਣ ਰਹੀ ਪਾਰਲੀਮੈਂਟ ਸਬੰਧੀ ਲੁਕ ਕੇ ਪਰੈਸ ਰਲੀਜ਼ ਕੀਤੀ ਤਾਂ ਮੇਰਾ ਉਥੇ ਪਹੁੰਚਣਾ ਅਚਾਨਕ ਅਤੇ ਇਤਫਾਕਨ ਸੀ ਕਿਓਂਕਿ ਜਿਨਾ ਆਗੂਆਂ ਦੇ ਮਗਰ ਅਸੀਂ ਪਿਛਲੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਖਾਲਸਿਤਾਨ ਬਨਾਉਣ ਲਈ ਤੁਰੇ ਹੋਏ ਸਾਂ ਉਹਨਾ ਨੇ ਇਸ ਸਬੰਧੀ ਸਾਨੂੰ ਵਿਸ਼ਵਾਸ ਵਿਚ ਲੈਣਾ ਜਰੂਰੀ ਨਹੀਂ ਸੀ ਸਮਝਿਆ। ਪਰੈਸ ਰਲੀਜ਼ ਵਿਚ ਆਗੂਆਂ ਨੇ ਸ਼ੁਰੂਆਤ ਹੀ ਇਸ ਗੱਲ ਤੋਂ ਕੀਤੀ ਸੀ ਕਿ ਸਿੱਖਾਂ ਦੀ ਅਜਾਦੀ ਲਈ ਉਹ ਦੁਨੀਆਂ ਭਰ ਦੇ ਸਿੱਖਾਂ ਨੂੰ ਇੱਕ ਸਰਬ ਸਾਂਝੀ ਪਾਰਲੀਮੈਂਟ ਦੇ ਪਲੇਟਫਾਰਮ ਤੇ ਇਕੱਠਿਆਂ ਕਰ ਰਹੇ ਹਨ। ਮੈਂ ਇਹਨਾ ਆਗੂਆਂ ਨੂੰ ਦੋ ਹੀ ਸਵਾਲ ਪੁੱਛੇ ਸਨ—
1.    ਕੀ ਤੁਹਾਨੂੰ ਪਤਾ ਹੈ ਕਿ ਬੀ ਬੀ ਸੀ ਨੇ ਇਸੇ ਹਫਤੇ ਇੱਕ ਰਿਪੋਰਟ ਜਾਰੀ ਕੀਤੀ ਹੈ ਜਿਸ ਵਿਚ ਤਾਮਿਲਾਂ (ਸ੍ਰੀ ਲੰਕਾ), ਕਸ਼ਮੀਰੀਆਂ (ਅਜਾਦ ਕਸ਼ਮੀਰ), ਬਲੋਚਾਂ(ਬਲੋਚਿਸਤਾਨ) ਅਤੇ ਪਠਾਣਾਂ(ਪਖਤੂਨਿਸਤਾਨ) ਦਾ ਤਾਂ ਜਿਕਰ ਹੈ ਪਰ ਇਸ ਰਿਪੋਰਟ ਵਿਚ ਸਿੱਖਾਂ ਦੇ ਖਾਲਸਿਤਾਨ ਦਾ ਕੋਈ ਜਿਕਰ ਨਹੀਂ ਹੈ। ਅਸਲ ਵਿਚ ਇਸ ਰਿਪੋਰਟ ਵਿਚ ਸ਼ਿਨਜਿਆਂਗੀ (ਚੀਨ), ਚੇਚਨਿਆਈ (ਰੂਸ),ਯੂਕਰੇਨਾਂ(ਰੂਸ), ਸਕਾਟਿਸ਼ਾਂ(ਸਕਾਟਲੈਂਡ),ਕੈਟਾਲੋਨੀਅਨਾਂ(ਸਪੇਨ),ਕੁਰਦਾਂ(ਇਰਾਕ), ਕੌਸਵਨਾਂ(ਸਰਬੀਆ), ਸੋਮਾਲੀਅਨਾਂ (ਸੋਮਾਲੀਲੈਂਡ) ਆਦਿ ਅਨੇਕਾਂ ਕੌਮਾਂ ਵਲੋਂ ਅਜਾਦ ਦੇਸ਼ਾਂ ਦੀ ਮੰਗ ਦਾ ਜਿਕਰ ਹੈ ਜਦ ਕਿ ਇਹ ਅਸੀਂ ਜਾਣਦੇ ਹਾਂ ਕਿ ਯੂਗੋਸਲਾਵੀਆ ਤੋਂ ਟੁੱਟ ਕੇ 6 ਦੇਸ਼ ਬਣੇ ਸਨ।ਇਸ ਸਵਾਲ ਵਿਚ ਮੈਂ ਉਹਨਾ ਦੇਸ਼ਾਂ ਦਾ ਜਿਕਰ ਵੀ ਕੀਤਾ ਸੀ ਜਿਹਨਾ ਦੇ ਬਣਨ ਦੇ ਕੋਈ ਅਸਾਰ ਨਹੀਂ ਹਨ ਕਿਓਂਕਿ ਮੁੱਦਾ ਕੇਵਲ ਯੂ ਐਨ ਓ ਅੱਗੇ ਸਵੈ ਨਿਰਣੇ ਦਾ ਕੇਸ ਰੱਖਣ ਦਾ ਹੀ ਨਹੀਂ ਹੈ ਸਗੋਂ ਵੱਖਰੇ ਦੇਸ਼ ਦੀ ਕੀਤੀ ਜਾ ਰਹੀ ਮੰਗ ਨੂੰ ਹੋਰ ਦੇਸ਼ਾਂ ਤੋਂ ਮਿਲਦੀ ਮਾਨਤਾ ਦਾ ਵੀ ਹੈ। ਇਸ ਸਬੰਧੀ ਸਿੱਖਾਂ ਦਾ ਤਾਂ ਨਾਂ ਭੋਗ ਹੀ ਨਹੀਂ ਹੈ ਮਾਨਤਾ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਇਸ ਦੇ ਜਵਾਬ ਵਿਚ ਖਾਲਿਸਤਾਨੀ ਆਗੂਆਂ ਦਾ ਜਵਾਬ ਸੀ ਕਿ ਉਹਨਾ ਦੇ ਨੌਜਵਾਨ ਉਹਨਾ ਦੇਸ਼ਾਂ ਨਾਲ ਗੱਲ ਕਰ ਰਹੇ ਹਨ ਜਿਹਨਾ ਨੂੰ ਯੂ ਐਨ ਓ ਵਿਚ ਵੀਟੋ ਹਾਸਲ ਹੈ। ਸਮਝਣ ਵਾਲੀ ਗੱਲ ਹੈ ਕਿ ਬੀ ਬੀ ਸੀ ਦੀ ਇਹ ਰਿਪੋਰਟ ਬਰਤਾਨੀਆਂ ਦੇ ਪੱਖ ਤੋਂ ਜਾਰੀ ਕੀਤੀ ਰਿਪੋਰਟ ਹੈ ਅਤੇ ਕੌਮਾਂਤਰੀ ਰਾਜਨਤੀਤੀ ਵਿਚ ਬਰਤਾਨੀਆਂ ਅਤੇ ਅਮਰੀਕਾ ਮੋਹਰੀ ਧਿਰਾਂ ਹਨ । ਕੀ ਇਸ ਦਾ ਇਹ ਮਤਲਬ ਲਿਆ ਜਾਣਾ ਚਾਹੀਦਾ ਹੈ ਕਿ ਮੋਹਰੀ ਕੌਮਾਂਤਰੀ ਸ਼ਕਤੀਆਂ ਸਿੱਖਾਂ ਦੇ ਸਿਆਸੀ ਕੇਸ ਨੂੰ ਕੱਖ ਅਹਿਮੀਅਤ ਨਹੀਂ ਦਿੰਦੀਆਂ। ਕੋਈ ਸ਼ੇਖਚਿਲੀ ਭਾਵੇਂ ਕੁਝ ਪਿਆ ਆਖੇ।
2.    ਮੇਰਾ ਦੂਜਾ ਸਵਾਲ ਇਹ ਸੀ ਕਿ ਪੰਜਾਬ ਵਿਚ ਖਾਲਸਿਤਾਨ ਦੀ ਲੋਕਤੰਤਰਕ ਤਰੀਕੇ ਨਾਲ ਮੰਗ ਸਿਮਰਨਜੀਤ ਸਿੰਘ ਮਾਨ ਦਾ ਅੰਮ੍ਰਿਤਸਰ ਅਕਾਲੀ ਦਲ ਕਰ ਰਿਹਾ ਹੈ ਅਤੇ ਸ: ਮਾਨ ਦਾ ਹਮੇਸ਼ਾਂ ਹੀ ਇਹ ਸ਼ਿਕਵਾ ਰਿਹਾ ਹੈ ਕਿ ਪੰਜਾਬ ਵਿਚ ਦੂਜੀਆਂ ਖਾਲਿਸਤਾਨੀ ਧਿਰਾਂ ਕਾਂਗਰਸ ਦੇ ਹੱਕ ਵਿਚ ਭੁਗਤਦੀਆਂ ਹਨ। ਮੇਰੇ ਇਸ ਸਵਾਲ ਦੇ ਜਵਾਬ ਵਿਚ ਵੀ ਖਾਲਸਿਤਾਨੀ ਆਗੂਆਂ ਦੀ ਹੂੰ ਅੱਛਾ ਹੀ ਸੀ ਕਿਓਂਕਿ ਮਾਨ ਦਲ ਦੇ ਯੂ ਕੇ ਦੇ ਆਗੂ ਵੀ ‘ਵਰਲਡ ਸਿੱਖ ਪਾਰਲੀਮੈਂਟ’ ਦੀ ਪਰੈਸ ਰਲੀਜ਼ ਵਿਚ ਸ਼ਾਮਲ ਨਹੀਂ ਸਨ। ਹਾਸੋਹੀਣੀ ਗੱਲ ਇਹ ਵੀ ਹੈ ਕਿ ਯੂ ਕੇ ਵਿਚ ਮੋਹਰੀ ਖਾਲਿਸਤਾਨੀ ਧਿਰ ਆਪਣੇ ਆਪ ਨੂੰ ਦੁਨੀਆਂ ਦੀ ਇੱਕੋ ਇੱਕ ਖਾਲਿਸਤਾਨੀ ਜਥੇਬੰਦੀ ਕਹਿ ਕੇ ਪ੍ਰਚਾਰਦੀ ਹੈ ਜਦ ਕਿ ਇਹਨਾ ਦਾ ਵੱਡਾ ਹਿੱਸਾ ਖਾਲਿਸਤਾਨੀ ਆਦਰਸ਼ ਨੂੰ ਪਿੱਠ ਦੇ ਕੇ ਸਰਕਾਰੀ ਜੇਬ੍ਹ ਵਿਚ ਪੈ ਚੁੱਕਾ ਹੈ। ਇਹਨਾ ਵਲੋਂ ਸ: ਸਿਮਰਨਜੀਤ ਸਿੰਘ ਮਾਨ ਜਾਂ ਹੋਰ ਖਾਲਿਸਤਾਨੀ ਜਥੇਬੰਦੀਆਂ ਦੇ ਸੰਘਰਸ਼ ਨੂੰ ਨਕਾਰਨਾ ਖਾਲਿਸਤਾਨੀ ਆਦਰਸ਼ ਤੇ ਸਿੱਧਾ ਕੁਹਾੜਾ ਹੈ।
ਯੂ ਕੇ ਵਿਚ ਪਿਛਲੇ 33 ਸਾਲ ਤੋਂ ਚੁਰਾਸੀ ਦੇ ਘੱਲੂਘਾਰੇ ਸਬੰਧੀ ਵਿਸ਼ਾਲ ਮੁਜਾਹਰੇ ਹੋ ਰਹੇ ਹਨ ਅਤੇ ਹਰ ਵਰ੍ਹੇ ਸਿੱਖ ਸੰਗਤਾਂ ਦਾ ਘੱਟੋ ਘੱਟ ਇੱਕ ਲੱਖ ਪੌਂਡ ਕੌੜਾ ਹੋ ਜਾਂਦਾ ਹੈ। ਇਹਨਾ ਮੁਜਾਹਰਿਆਂ ਦੀ ਇਸ਼ਤਿਹਾਬਾਜੀ ਵਿਚ ਆਗੂ ਧਿਰ ਖੁਦ ਨੂੰ ਖਾਲਿਸਤਾਨ ਦੀ ਪਹਿਰਦਾਰੀ ਦੀ ਇੱਕੋ ਇੱਕ ਧਿਰ ਹੋਣ ਦਾ ਦਾਅਵਾ ਕਰਦੀ ਹੈ ਪਰ ਇਹ ਦਾਅਵੇ ਸੱਚਾਈ ਤੋਂ ਉੱਕਾ ਹੀ ਦੂਰ ਹਨ ; ਬੇਮਤਲਬ ਹਨ। ਇਸ ਦੇ ਨਾਲ ਨਾਲ ਹੀ ਖਾਲਸਿਤਾਨ ਦੇ ਨਾਮ ਤੇ ਯੂ ਕੇ ਵਿਚ ਹੋਰ ਵੀ ਅਨੇਕਾਂ ਜਥੇਬੰਦੀਆਂ ਬਣਦੀਆਂ ਬਦਲਦੀਆਂ ਆ ਰਹੀਆਂ ਹਨ। ਖਾਲਸਿਤਾਨ ਦੇ ਅਨੇਕਾਂ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਮੰਤਰੀ ਸੰਤਰੀ ਆਪੋ ਆਪਣੀ ਡੱਫਲੀ ਵਜਾ ਕੇ ਚਲਦੇ ਬਣੇ ਹਨ ਪਰ ਪੰਜਾਬ ਜਾਂ ਭਾਰਤ ਵਿਚ ਸਿੱਖਾਂ ਦੇ ਰਾਜਨੀਤਕ ਸੰਕਟ ਜਾਂ ਖਾੜਕੂ ਅੰਦੋਲਨ ਮਗਰੋਂ ਆਈ ਅੱਧੋਗਤੀ ਪ੍ਰਤੀ ਕੋਈ ਵੀ ਧਿਰ ਸੰਜੀਦਾ ਨਹੀਂ ਹੈ। ਇਸ ਸਬੰਧੀ ਸਭ ਤੋਂ ਕੌੜਾ ਸੱਚ ਇਹ ਹੈ ਕਿ ਜਿਸ ਡਾ: ਜਗਜੀਤ ਸਿੰਘ ਨੇ ਖਾਲਿਸਤਾਨ ਦਾ ਨਾਅਰਾ ਸਿੱਖਾਂ ਦੇ ਮੂੰਹ ਵਿਚ ਪਾਇਆ ਸੀ ਉਹ ਵੀ ਅਖੀਰ ਵਿਚ ਸਰਕਾਰ ਨਾਲ ਸਾਜ ਬਾਜ ਕਰਕੇ ਪੰਜਾਬ ਚਲੇ ਗਿਆ ਸੀ।
ਇਤਹਾਸ ਗਵਾਹ ਹੈ ਕਿ ਸੰਨ 1984 ਤੋਂ ਪਹਿਲਾਂ ਸਿੱਖ ਧਰਮ ਨੇ ਆਪਣੇ ਜਨਮ ਤੋਂ ਹੀ ਜਿੰਨੇ ਵੀ ਘੱਲੂਘਾਰੇ ਲੜੇ ਹਨ ਹਰ ਇੱਕ ਘੱਲੂਘਾਰੇ ਮਗਰੋਂ ਸਿੱਖ ਕੌਮ ਦਾ ਮਨੋਬਲ ਉਚਾ ਹੋਇਆ ਅਤੇ ਕੌਮ ਨੇ ਵਿਰੋਧੀਆਂ ਤੇ ਫਤਹਿ ਹਾਸਲ ਕੀਤੀ । ਭਾਰਤ ਅਤੇ ਕੁਲ ਦੁਨੀਆਂ ਵਿਚ ਸਿੱਖਾਂ ਦਾ ਅਕਸ ਅਮਨ ਪਸੰਦ ਜੁਝਾਰੂਆਂ ਦਾ ਰਿਹਾ ਹੈ ਪਰ ਸੰਨ 1984 ਦੇ ਘੱਲੂਘਾਰੇ ਮਗਰੋਂ ਸਿੱਖ ਕੌਮ ਉੱਠ ਨਾ ਸਕੀ ਸਗੋਂ ਇਹ ਸੰਕਟ ਦਿਨੋ ਦਿਨ ਹੋਰ ਡੂੰਘਾ ਹੋਈ ਜਾ ਰਿਹਾ ਹੈ। ਡਾ: ਸੰਗਤ ਸਿੰਘ ਅਤੇ ਸ: ਅਜਮੇਰ ਸਿੰਘ ਵਰਗੇ ਇੱਕਾ ਦੁੱਕਾ ਸਿੱਖ ਚਿੰਤਕ ਖਾੜਕੂਆਂ ਦੇ ਪੈਂਤੜੇ ਦੇ ਹੱਕ ਵਿਚ ਨਿੱਤਰੇ ਤਾਂ ਜਰੂਰ ਪਰ ਉਹ ਇਸ ਸਬੰਧੀ ਨਾ ਕੇਵਲ ਕੌਮਾਂਤਰੀ ਰਾਏ ਤੋਂ ਅੱਖਾਂ ਮੀਟ ਗਏ ਸਗੋਂ ਉਹ ਅਕਾਲੀਆਂ ਦੇ ਅਮਨ ਪਸੰਧ ਧਰਮ ਯੁੱਧ ਮੋਰਚੇ ਦੇ ਕੁਰਾਹੇ ਅਤੇ ਸਿੱਖ ਵਿਰੋਧੀ ਹੋਣ ਨੂੰ ਜਾਇਜ ਸਿੱਧ ਕਰਨ ਵਿਚ ਇਸ ਕਰਕੇ ਵੱਡਾ ਟੱਪਲਾ ਖਾ ਗਏ ਕਿਓਂਕਿ ਅਕਾਲੀਆਂ ਨੇ ਰਾਜਨੀਤਕ ਲਾਲਸਾ ਦੇ ਸਵਾਰਥ ਹਿੱਤ ਹੀ ਮੋਰਚਾ ਲਾਇਆ ਸੀ।
  ਹਰ ਮਜ਼ਬੂਤ ਇਮਾਰਤ ਦੀ ਉਸਾਰੀ ਦਾ ਨਿਰਭਰ ਉਸ ਦੇ ਬਲੂਪ੍ਰਿੰਟ ਤੇ ਹੁੰਦਾ ਹੈ। ਜਦੋਂ ਤਕ ਸਿੱਖ ਭਾਈਚਾਰਾ ਵਿਆਪਕ ਮਸਲਿਆਂ ਦੇ ਸਬੰਧ ਵਿਚ ਸਿਰ ਜੋੜ ਕੇ ਅਤੇ ਨਿਰਪੱਖ ਹੋ ਕੇ ਵਿਚਾਰ ਗੋਸ਼ਟੀ ਕਰਨ ਦੀ ਅਕਲ ਨਹੀਂ ਸਿੱਖਦਾ ਉਦੋਂ ਤਕ ਨਾ ਕੇਵਲ ਰਾਜਨੀਤਕ ਸਗੋਂ ਧਾਰਮਕ ਮਸਲੇ ਹੋਰ ਵੀ ਉਲਝਦੇ ਜਾਣਗੇ। ਅਸੀਂ ਇਹ ਦੇਖਿਆ ਹੈ ਕਿ ਉਲਝੇ ਹੋਏ ਧਾਰਮਕ ਮਸਲੇ ਵੀ ਇੱਕ ਆਪਣੀ ਹੀ ਕਿਸਮ ਦੇ ਅੱਤਵਾਦ ਨੂੰ ਜਨਮ ਦਿੰਦੇ ਹਨ ਜਿਹਨਾ ਤਹਿਤ ਸਿੱਖ ਧਿਰਾਂ ਇੱਕ ਦੂਜੇ ਦੇ ਖੂਨ ਦੀਆਂ ਪਿਆਸੀਆਂ ਹੋ ਜਾਂਦੀਆਂ ਹਨ। ਕੇਵਲ ਜਜ਼ਬਾਤੀ ਅਤੇ ਉਲਾਰ ਹੋ ਕੇ ਵਕਤੀ ਵਾਹ ਵਾਹ ਲਈ ਕੀਤੇ ਜਾ ਰਹੇ ਸਿੱਖਾਂ ਦੇ ਮੀਰੀ ਪੀਰੀ ਦੇ ਅਮਲ ਆਪਸੀ ਪਾਟੋਧਾੜ ਦਾ ਕਾਰਨ ਬਣਦੇ ਬਣਦੇ ਸਿੱਖ ਚਰਿੱਤਰ ਨੂੰ ਤਾਲਿਬਾਨੀ ਰੂਪ ਦੇ ਰਹੇ ਹਨ। ਕਿਸੇ ਖਾਲਿਸਤਾਨ ਨਾਲ ਇਹਨਾ ਦਾ ਕੋਈ ਲੈਣ ਦੇਣ ਨਹੀਂ ਹੈ । ਸੱਚ ਤਾਂ ਇਹ ਹੈ ਕਿ ਸਿਰਫ ਖੁਦਪਸੰਦੀ ਅਤੇ ਵਕਤੀ ਵਾਹ ਵਾਹ ਲਈ ਕੀਤੇ ਜਾ ਰਹੇ ਇਹ ਅਮਲ ਬੇਗਮ ਪੁਰੇ ਅਤੇ ਹਲੇਮੀ ਰਾਜ ਦੇ ਵਿਰੋਧ ਵਿਚ ਭੁਗਤ ਰਹੇ ਹਨ।
ਦੁਨੀਆਂ ਹਮੇਸ਼ਾਂ ਚੜ੍ਹਦੇ ਸੂਰਜ ਨੂੰ ਸਲਾਮਾਂ ਕਰਦੀ ਹੈ। ਕਲ੍ਹ ਜਿਸ ਨਰਿੰਦਰ ਮੋਦੀ ਨੂੰ ਅੱਤਵਾਦੀ ਕਹਿ ਕੇ ਅਮਰੀਕਾ ਵਰਗੇ ਦੇਸ਼ਾਂ ਦੇ ਉਸ ਲਈ ਦਰਵਾਜੇ ਬੰਦ ਸਨ ਹੁਣ ਉਹ ਉਸ ਲਈ ਓਹੀ ਦੇਸ਼ ਬਾਹਾਂ ਉਲਾਰ ਕੇ ਖੜ੍ਹੇ ਹਨ। ਕਲ੍ਹ ਜਿਸ ਨੈਲਸਨ ਮੰਡੇਲਾ ਨੂੰ ਲੇਡੀ ਥੈਚਰ ਵਰਗੇ ਲੋਕ ਅੱਤਵਾਦੀ ਕਹਿੰਦੇ ਸਨ ਸਮਾਂ ਬਦਲਦੇ ਓਹੀ ਮੰਡੇਲਾ ਹੀਰੋ ਹੋ ਗਿਆ। ਜੇ ਸਿੱਖ ਆਗੂਆਂ ਦੇ ਮਨਾ ਵਿਚ ਚੁਰਾਸੀ ਦੇ ਸ਼ਹੀਦਾਂ ਦਾ ਜਰਾ ਜਿੰਨਾ ਵੀ ਸਤਕਾਰ ਹੈ ਤਾਂ ਉਹਨਾ ਨੂੰ ਚਾਹੀਦਾ ਹੈ ਕਿ ਸ਼ੇਖਚਿੱਲੀ ਵਾਲੀਆਂ ਸ਼ੇਖੀਆਂ ਛੱਡ ਕੇ ਅਮਲਾਂ ਦੀ ਧਰਤੀ ਤੇ ਪੈਰ ਰੱਖਣ। ਪੰਜਾਬ ਤੋਂ ਬਾਹਰ ਵਸਦੇ ਸਿੱਖ ਜੇ ਪੰਜਾਬ ਦੀਆਂ ਸਮੱਸਿਆਵਾਂ ਦੇ ਹੱਲ ਲਈ ਕੋਈ ਚਾਰਾਜੋਈ ਨਹੀਂ ਕਰ ਸਕਦੇ ਤਾਂ ਫੋਕੇ ਨਾਅਰੇ ਮਾਰਕੇ ਉਹਨਾ ਮੁਸ਼ਕਲਾਂ ਵਿਚ ਵਾਧੇ ਨਾ ਕਰਨ। ਵਕਤੀ ਵਾਹ ਵਾਹ ਲਈ ਸਰਬਤ ਵਰਗੇ ਕੀਤੇ ਡਰਾਮੇ ਨੇ ਹੁਣ ਤਕ ਸਿੱਖ ਕੌਮ ਦੀ ਕੀ ਸੰਵਾਰਿਆ ਹੈ ਸਾਰੇ ਜਾਣਦੇ ਹਨ ਅਤੇ ਹੁਣ ਵਾਰੀ ਆਈ ਹੈ ਸਿੱਖ ਪਾਰਲੀਮੈਂਟ ਦੀ। ਸਿੱਖ ਆਗੂ ਇਹ ਦੱਸਣ ਦੀ ਜਰੂਰ ਕ੍ਰਿਪਾਲਤਾ ਕਰਨ ਕਿ ਨਵੀਂ ਪਾਰਲੀਮੈਂਟ ਵਿਚ ਪਹਿਲਾਂ ਹੀ ਬਣੇ ਹੋਏ ਖਾਲਿਸਤਾਨੀ ਪ੍ਰਧਾਨ ਮੰਤਰੀ, ਰਾਸ਼ਟਰਪਤੀ ਅਤੇ ਹੋਰ ਮੱਤਰੀਆਂ ਦਾ ਕੀ ਰੁਤਬਾ ਹੋਵੇਗਾ?






 


 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.