ਕੈਟੇਗਰੀ

ਤੁਹਾਡੀ ਰਾਇ



ਕੁਲਵੰਤ ਸਿੰਘ ਢੇਸੀ
ਨੋਰਥ ਕੋਰੀਆ ਦੀ ਭੜਕਾਹਟ ਵਿਸ਼ਵ ਸ਼ਾਂਤੀ ਲਈ ਖਤਰਾ
ਨੋਰਥ ਕੋਰੀਆ ਦੀ ਭੜਕਾਹਟ ਵਿਸ਼ਵ ਸ਼ਾਂਤੀ ਲਈ ਖਤਰਾ
Page Visitors: 2546

ਨੋਰਥ ਕੋਰੀਆ ਦੀ ਭੜਕਾਹਟ ਵਿਸ਼ਵ ਸ਼ਾਂਤੀ ਲਈ ਖਤਰਾ
ਲੇਖਕ- ਕੁਲਵੰਤ ਸਿੰਘ ‘ਢੇਸੀ’
ਸਾੜ  ਦੇਊਗੀ  ਸਾਰੀ  ਖਲਕਤ  ਇੱਕੋ ਵੇਰ, ਚਿੰਗਾਰੀ ਪ੍ਰਮਾਣੀ ਜੰਗ ਦੀ ਮਘਦੀ ਹੈ।
ਜੰਗ ਬਾਜਾਂ ਨੂੰ ਏਨੀ ਗੱਲ ਨਾ ਸਮਝ ਪਵੇ, ਹਿੰਸਾ ਦੇ ਨਾਲ ਹਿੰਸਾ ਹੀ ਤਾਂ ਵਧਦੀ ਹੈ।

ਉੱਤਰੀ ਕੋਰੀਆ ਵਲੋਂ ਲਗਾਤਾਰ ਕੀਤੇ ਜਾ ਰਹੇ ਪ੍ਰਮਾਣੂ ਤਜਰਬੇ ਅਮਰੀਕਾ ਅਤੇ ਉਸ ਦੇ ਸਾਥੀ ਦੇਸ਼ਾਂ ਲਈ ਤੌਖਲੇ ਦਾ ਕਾਰਨ ਬਣੇ ਹੋਏ ਹਨ। ਯੁਨਾਈਟਿਡ ਨੇਸ਼ਨ ਵਲੋਂ ਕੋਰੀਆ ਤੇ ਕਰੜੀਆਂ ਆਰਥਿਕ ਪਾਬੰਦੀਆਂ ਲਾਈਆਂ ਗਈਆਂ ਹਨ ਅਤੇ ਹੁਣ ਅਮਰੀਕਾ ਵਲੋਂ ਉਸ ਦਾ ਖੁਰਾ ਖੋਜ ਮਿਟਾ ਦੇਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਜੇਕਰ ਜੰਗ ਛਿੜਦੀ ਹੈ ਤਾਂ ਇਹ ਵਿਸ਼ਵ ਸ਼ਾਤੀ ਲਈ ਬਹੁਤ ਵੱਡਾ ਖਤਰਾ ਹੋਵੇਗੀ ਕਿਓਂਕਿ ਉੱਤਰੀ ਕੋਰੀਆਂ ਦਾ ਸਰਬੋ ਸਰਬਾ ਆਗੂ ਕਿਮ ਜੌਂਗ-ਉਨ ਕਿਸੇ ਵੀ ਧਮਕੀ ਜਾਂ ਪਾਬੰਦੀ ਤੋਂ ਟੱਸ ਤੋਂ ਮੱਸ ਨਹੀਂ ਹੋਇਆ। ਆਓ ਪਹਿਲਾਂ ਇਸ ਦੇਸ਼ ਦੇ ਸੰਖੇਪ ਇਤਹਾਸ ਬਾਰੇ ਜਾਣ ਲਈਏ।
  ਕਾਗਜਾਂ ਵਿਚ ਨੋਰਥ ਕੋਰੀਆ ਦਾ ਨਾਮ ‘ਡੈਮੋਕਰੇਟਿਕ ਪਿਊਪਲਜ਼ ਰੀਪਬਲਕ ਆਫ ਕੋਰੀਆ’ ਹੈ। ਪੂਰਬੀ ਏਸ਼ੀਆ ਦੇ ਇਸ ਦੇਸ਼ ਦੀਆਂ ਸਰਹੱਦਾਂ ਚੀਨ, ਰੂਸ ਅਤੇ ਦੱਖਣੀ ਕੋਰੀਆ ਨਾਲ ਲੱਗਦੀਆਂ ਹਨ। ਸੰਨ 1910 ਵਿਚ ਕੋਰੀਆ ਜਪਾਨ ਦੇ ਸ਼ਾਹੀ ਰਾਜ ਦੇ ਕਬਜੇ ਵਿਚ ਸੀ ਪਰ ਸੰਨ 1945 ਵਿਚ ਜਦੋਂ ਦੂਜੀ ਵਿਸ਼ਵ ਜੰਗ ਦੌਰਾਨ ਜਪਾਨ ਹਾਰ ਗਿਆ ਤਾਂ ਕੋਰੀਆ ਦੋ ਹਿੱਸਿਆਂ ਵਿਚ ਵੰਡਿਆ ਗਿਆ। ਉੱਤਰੀ ਕੋਰੀਆ ਰੂਸ ਦੇ ਕਬਜੇ ਹੇਠ ਚਲਾ ਗਿਆ ਜਦ ਕਿ ਦੱਖਣੀ ਕੋਰੀਆ ਅਮਰੀਕਾ ਦੇ। ਕੋਰੀਆ ਦੇ ਇਹਨਾ ਦੋਵੇਂ ਹਿੱਸਿਆਂ ਨੂੰ ਇੱਕ ਕਰਨ ਦੀ ਗੱਲ ਜਦੋਂ ਸਿਰੇ ਨਾ ਚੜ੍ਹੀ ਤਾਂ ਸੰਨ 1948 ਵਿਚ ਦੋਵੇਂ ਦੇਸ਼ ਵੱਖ ਹੋ ਗਏ। ਉੱਤਰ ਵਿਚ ਸੋਸ਼ਲਿਸਟ ਪ੍ਰਬੰਧ ਕਾਇਮ ਹੋਇਆ ਅਤੇ ਦੱਖਣ ਵਿਚ ਬੁਰਜੂਆ (Capitalist) ਪ੍ਰਬੰਧ। ਸੰਨ 1950 ਨੂੰ ਉੱਤਰ ਕੋਰੀਆ ਨੇ ਦੱਖਣੀ ਕੋਰੀਆ ਤੇ ਹਮਲਾ ਕਰ ਦਿੱਤਾ ਤਾਂ 3 ਵਰ੍ਹੇ ਖੂਨੀ ਜੰਗ ਲੜੀ ਗਈ। ਚੀਨ ਅਤੇ ਰੂਸ ਉਤਰੀ ਕੋਰੀਆ ਦੀ ਮੱਦਤ ਤੇ ਖੜ੍ਹ ਸਨ ਜਦ ਕਿ ਯੁਨਾਈਟਿਡ ਨੇਸ਼ਨ ਦੱਖਣੀ ਕੋਰੀਆ ਦੀ ਮੱਦਤ ਤੇ ਸੀ। ਜੁਲਾਈ 1953 ਨੂੰ ਭਾਵੇਂ ਇਹ ਜੰਗ ਖਤਮ ਹੋ ਗਈ ਪਰ ਇਹਨਾ ਦੋਵੇਂ ਦੇਸ਼ਾਂ ਦਰਮਿਆਨ ਕੋਈ ਵੀ ਸ਼ਾਂਤਮਈ ਸੰਧੀ ਨਾ ਹੋਈ ਅਤੇ ਉਦੋਂ ਤੋਂ ਹੁਣ ਤਕ ਕਸ਼ਮਕਸ਼ ਜਾਰੀ ਹੈ। ਉੱਤਰੀ ਕੋਰੀਆ ਦੇ ਆਗੂ ਕਿਮ ਜੁੰਗ-ਉਨ ਦਾ ਨਿਡਰ ਰਵੱਈਆ ਨਾ ਕੇਵਲ ਦੱਖਣੀ ਕੋਰੀਆ ਹੀ ਸਗੋਂ ਅਮਰੀਕਾ, ਜਪਾਨ ਅਤੇ ਉਹਨਾ ਦੇ ਸਾਥੀਆਂ ਲਈ ਇੱਕ ਵੱਡੀ ਚਣੌਤੀ ਬਣਿਆ ਹੋਇਆ ਹੈ।
ਉੱਤਰੀ ਕੋਰੀਆ ਦਾ ਨਿਊਕਲਿਆਈ ਤਾਕਤ ਬਣਨਾ
ਮੁਕਾਬਲੇ ਦੇ ਦੌਰ ਵਿਚ ਅੱਜ ਫੌਜੀ ਪਿੜ ਵਿਚ ਉਹ ਹੀ ਦੇਸ਼ ਆਪਣੇ ਆਪ ਨੂੰ ਪੂਰਨ ਰੂਪ ਵਿਚ ਸੁਰੱਖਿਅਤ ਸਮਝਦਾ ਹੈ ਜਿਸ ਕੋਲ ਪ੍ਰਮਾਣੂ ਸ਼ਕਤੀ ਹੈ। ਕਈ ਦੇਸ਼ ਜਾਹਰਾ ਤੌਰ ਤੇ ਅਤੇ ਕਈ ਗੁਪਤ ਰੂਪ ਵਿਚ ਪ੍ਰਮਾਣੂ ਸ਼ਕਤੀ ਨੂੰ ਆਪਣੇ ਹੱਥ ਕਰਨ ਲਈ ਸੰਘਰਸ਼ ਕਰ ਰਿਹਾ ਹਨ। ਅਸਲ ਵਿਚ ਉਤਰੀ ਕੋਰੀਆ ਦੇ ਨਿਡਰ ਫੌਜੀ ਸ਼ਕਤੀ ਬਣਨ ਦੀਆਂ ਕੋਸ਼ਿਸ਼ਾਂ ਕਾਰਨ ਅਮਰੀਕਾ ਅਤੇ ਕੋਰੀਆ ਦੇ ਆਪਣੀ ਸਬੰਧ ਵਿਗੜਦੇ ਚਲੇ ਗਏ। ਉੱਤਰੀ ਕੋਰੀਆ ਦੇ ਆਗੂ ਕਿਮ ਜੁੰਗ-ੳਨ ਦਾ ਰਵੱਈਆ ਅਮਰੀਕਾ ਲਈ ਉਸ ਸਮੇਂ ਉੱਕਾ ਹੀ ਅਸਹਿ ਹੋ ਗਿਆ ਜਦੋਂ ਉਸ ਨੇ ਗੁਆਮ ਨਾਮ ਦੇ ਅਮਰੀਕਰੀ ਖੇਤਰ ਤੇ ਬੈਲਸਟਿਕ ਮਿਸਾਇਲ ਦਾਗਣ ਦੀ ਧਮਕੀ ਦੇ ਦਿੱਤੀ। ਉੱਤਰ ਕੋਰੀਆ ਇੱਕ ਅਰਸੇ ਤੋਂ ਨਿਊਕਲਿਆਈ ਮਿਸਾਇਲਾਂ ਦੇ ਪ੍ਰਯੋਗ ਕਰਦਾ ਆ ਰਿਹਾ ਹੈ ਅਤੇ ਗੱਲ ਉਦੋਂ ਹੋਰ ਵੀ ਗੰਭੀਰ ਹੋ ਗਈ ਜਦੋਂ ਉਸ ਨੇ ਇਹ ਤਜਰਬੇ ਜਪਾਨ ਦੇ ਉੱਪਰੋਂ ਦੀ ਕਰਨੇ ਸ਼ੁਰੂ ਕਰ ਦਿੱਤੇ। ਉੱਤਰੀ ਕੋਰੀਆ ਦੇ ਪ੍ਰਮਾਣੂ ਪ੍ਰਯੋਗਾਂ ਦਾ ਸਾਹਮਣਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਧਮਕੀਆਂ ਦੇ ਰੂਪ ਵਿਚ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਟਰੰਪ ਨੇ ਕਿਮ ਨੂੰ ਰਾਕਟ ਮੈਨ ਕਹਿ ਕੇ ਟਿੱਚਰ ਕੀਤੀ ਤਾਂ ਅਗੋਂ ਕਿਮ ਨੇ ਉਸ ਨੂੰ ਮੱਤਹੀਣ, ਬੁੱਢਾ ਅਤੇ ਕੁੱਤਾ ਕਹਿ ਮਾਰਿਆ। ਕਿਮ ਦਾ ਇਹ ਬਿਆਨ ਉਸ ਦੇ ਵਿਦੇਸ਼ ਮੰਤਰੀ ‘ਰੀ ਯੋਂਗ ਹੋ’ ਦੇ ਅਮਰੀਕਾ ਪਹੁੰਚਣ ਤੇ ਦਿੱਤਾ ਗਿਆ ਸੀ ਜਦ ਕਿ ਰੀ ਯੋਂਗ ਹੋ ਨੇ ਟਰੰਪ ਦਾ ਮੋੜ ਮੋੜਦਿਆਂ ਕਿਹਾ ਸੀ ਕਿ ਕੁੱਤਿਆਂ ਦੇ ਭੌਂਕਣ ਨਾਲ ਕਾਫਲੇ ਨਹੀਂ ਰੁੱਕਦੇ। ਇਹ ਸ਼ਬਦੀ ਜੰਗ ਭਾਵੇਂ ਵਿਅਕਤੀਗਤ ਜਹੀ ਹੈ ਪਰ ਅਮਰੀਕਾ ਲਈ ਦੱਖਣੀ ਕੋਰੀਆ ਅਤੇ ਜਪਾਨ ਦੀ ਸੁਰੱਖਿਆ ਇੱਕ ਵੱਡਾ ਸਵਾਲ ਬਣ ਗਿਆ ਹੈ। ਅਸਲ ਵਿਚ ਟਰੰਪ ਨੇ ਜਿੰਨੀ ਲਾਪਰਵਾਹੀ ਨਾਲ ਉੱਤਰੀ ਕੋਰੀਆ ਦਾ ਖੁਰਾ ਖੋਜ ਮਿਟਾ ਦੇਣ ਦੇ ਬਿਆਨ ਦਿੱਤੇ ਹਨ ਇਸ ਨਾਲ ਕਿਮ ਨੂੰ ਪੱਕੇ ਤੌਰ ਤੇ ਇੱਕ ਬਹਾਨਾ ਮਿਲ ਗਿਆ ਹੈ ਕਿ ਆਪਣੇ ਦੇਸ਼ ਦੀ ਹੋਂਦ ਨੂੰ ਬਚਾਉਣ ਲਈ ਉਸ ਦਾ ਨਿਉਕਲਿਆਈ ਤਾਕਤ ਬਣਨਾ ਕਿੰਨਾ ਜਰੂਰੀ ਅਤੇ ਅਹਿਮ ਹੈ। ਬੁੱਧਵਾਰ 20 ਸਤੰਬਰ 2017 ਨੂੰ ਡੋਨਲਡ ਟਰੰਪ ਨੇ ਯੁਨਾਇਟਿਡ ਨੇਸ਼ਨ ਦੇ ਆਮ ਸੈਸ਼ਨ ਵਿਚ ਕਿਹਾ ਸੀ ਕਿ ਜੇਕਰ ਉੱਤਰੀ ਕੋਰੀਆ ਦੀ ਪ੍ਰਮਾਣੂ ਸ਼ਕਤੀ  ਅਮਰੀਕਾ ਲਈ ਜਾਂ ਉਸ ਦੇ ਸਾਥੀਆਂ ਲਈ ਖਤਰਾ ਬਣੀ ਤਾਂ ਉਹ ਉਸ ਨੂੰ ਪੂਰੀ ਤਰਾਂ  ਬਰਬਾਦ ਕਰ ਦਵੇਗਾ। ਇਸ ਦੇ ਨਾਲ ਹੀ ਟਰੰਪ ਨੇ ਇਹ ਵੀ ਕਿਹਾ ਸੀ ਕਿ ਰਾਕਟ ਮੈਨ ਆਪਣੇ ਆਪ ਲਈ ਅਤੇ ਆਪਣੀ ਸਰਕਾਰ ਲਈ ਆਤਮਘਾਤੀ ਮਿਸ਼ਨ ਤੇ ਹੈ।
   ਪਹਿਲੇ ਅਨੇਕਾਂ ਤਜਰਬਿਆਂ ਤੋਂ ਬਾਅਦ ਉੱਤਰੀ ਕੋਰੀਆ ਹੁਣ ਖੁਲ੍ਹਮ ਖੁਲ੍ਹਾ ਨਿਉਕਲਿਆਈ ਤਜਰਬਾ ਕਰਨ ਵਾਲਾ ਹੈ ਤਾਂ ਕਿ ਉਹ ਦੁਨੀਆਂ ਨੂੰ ਦੱਸ ਸਕੇ ਕਿ ਹਥਿਆਰਾਂ ਦੀ ਦੌੜ ਵਿਚ ਉਹ ਵੀ ਬਰਾਬਰ ਦੀ ਸ਼ਕਤੀ ਬਣ ਚੁੱਕਾ ਹੈ। ਐਸਾ ਕੋਈ ਤਜਰਬਾ ਕਰਨ ਸਮੇਂ ਕਿਮ ਕੌਮਾਂਤਰੀ ਭਾਈਚਾਰੇ ਨੂੰ ਜਾਣਕਾਰੀ ਦੇਣਾ ਜਰੂਰੀ ਨਹੀਂ ਸਮਝਦਾ। ਯੁੱਧ ਵਿਸ਼ੇਸ਼ਕ ਇਸ ਗੱਲੋਂ ਹੈਰਾਨ ਹਨ ਕਿ ਉਤਰੀ ਕੋਰੀਆ ਨੇ ਬੜੀ ਹੀ ਤੇਜੀ ਨਾਲ ਲੰਬੀ ਮਾਰ ਕਰਨ ਵਾਲੀਆਂ ਮਿਸਾਈਲਾਂ ਅਤੇ ਪ੍ਰਮਾਣੂ ਬੰਬ ਬਨਾਉਣ ਵਿਚ ਕਾਮਯਾਬੀ ਹਾਸਲ ਕੀਤੀ ਹੈ। ਉਤਰੀ ਕੋਰੀਆ ਕੋਲ ਇਸ ਸਮੇਂ ਉਸ ਬੰਬ ਨਾਲੋਂ ਕਿਤੇ ਜਿਆਦਾ ਸ਼ਕਤੀਸ਼ਾਲੀ ਬੰਬ ਹੈ ਜੋ ਦੂਜੀ ਵਿਸ਼ਵ ਜੰਗ ਸਮੇਂ ਅਮਰੀਕਾ ਨੇ ਨਾਗਾਸਾਕੀ ਤੇ ਸੁੱਟਿਆ ਸੀ।
ਪਾਬੰਦੀਆਂ
ਸੰਨ 2006 ਵਿਚ ਜਦੋਂ ਉੱਤਰੀ ਕੋਰੀਆ ਨੇ ਪਹਿਲੀ ਵੇਰ ਨਿਊਕਲਿਆਈ ਤਜਰਬਾ ਕੀਤਾ ਤਾਂ ‘ਯੂ ਐਨ ਸਿਕਓਰਿਟੀ ਕੌਂਸਲ ਸੈਂਕਸ਼ਨ ਕਮੇਟੀ ਔਨ ਨੋਰਥ ਕੋਰੀਆ’ (UN Security Council Sanctions Committee on North Korea) ਹੋਂਦ ਵਿਚ ਆਈ ਜਿਸ ਦੇ ਵਿਸ਼ੇਸ਼ਕਾਂ ਨੇ ਨੋਰਥ ਕੋਰੀਆ ਦੀਆਂ ਪ੍ਰਮਾਣੂ ਖੋਜਾਂ ਤੇ ਨਜ਼ਰਸਾਨੀ ਕਰਕੇ ਪਾਬੰਦੀਆਂ ਲਾਉਣੀਆਂ ਸਨ। ਸੰਨ 2009 ਵਿਚ ਜਦੋਂ ਦੂਜਾ ਤਜਰਬਾ ਕੀਤਾ ਗਿਆ ਤਾਂ ਨੋਰਥ ਕੋਰੀਆ ਦੇ ਸੰਭਾਵੀ ਪ੍ਰਮਾਣੂ ਵਿਕਾਸ ਨੂੰ ਰੋਕਣ ਲਈ ਹਵਾਈ ਅਤੇ ਸਮੁੰਦਰੀ ਜਹਾਜਾਂ ਦੇ ਸੰਭਾਵੀ ਫੌਜੀ ਕਰਨ ਸਬੰਧੀ ਅਤੇ ਹਥਿਆਰਾਂ ਦੀ ਖ੍ਰੀਦੋ ਫਰੋਖਤ ਸਬੰਧੀ ਅਨੇਕਾਂ ਪਾਬੰਦੀਆਂ ਲਾਈਆਂ ਗਈਆਂ। ਸੰਨ 2013 ਵਿਚ ਤੀਜੇ ਤਜਰਬੇ ਮਗਰੋਂ ਪਹਿਲੀਆਂ ਪਾਬੰਦੀਆਂ ਨੂੰ ਵਧੇਰੇ ਸਖਤ ਕਰਨ ਦੇ ਨਾਲ ਨਾਲ ਨੋਰਥ ਕੋਰੀਆ ਨੂੰ ਕੌਮਾਤਰੀ ਆਰਥਿਕਤਾ ਵਿਚੋਂ ਬਾਹਰ ਕੱਢਣ ਲਈ ਮਾਇਕ ਤਬਾਦਲੇ ਸਬੰਧੀ ਹੋਰ ਰੋਕਾਂ ਲਾ ਦਿੱਤੀਆਂ ਗਈਆਂ। ਸੰਨ 2016 ਵਿਚ ਚੌਥੇ ਤਜਰਬੇ ਮਗਰੋਂ ਤਾਂ ਸੋਨੇ, ਟਿਟੇਨੀਅਮ ਅਤੇ ਹੋਰ ਅਨੇਕਾਂ ਧਾਤਾਂ ਦੇ ਨਿਰਯਾਤ ਤੇ ਪਾਬੰਦੀਆਂ ਲਾਉਣ ਦੇ ਨਾਲ ਨਾਲ ਕੋਲੇ ਅਤੇ ਲੋਹੇ ਦੇ ਨਿਰਯਾਤ ਤੇ ਵੀ ਪਾਬੰਦੀ ਲਾ ਦਿੱਤੀ ਗਈ। ਕੁਝ ਹੋਰ ਮਾਇਕ ਰੋਕਾਂ ਦਾ ਸਿੱਧਾ ਅਸਰ ਨੋਰਥ ਕੋਰੀਆ ਦੀ ਜੀਵਨ ਰੇਖਾ ਤੇ ਵੀ ਪੈਣਾ ਸੀ। ਫਰਵਰੀ 2017 ਵਿਚ ਯੁਨਾਇਟਿਡ ਨੇਸ਼ਨ ਦੇ ਪੈਨਲ ਨੇ ਐਲਾਨ ਕੀਤਾ ਕਿ ਯੂ ਐਨ ਦੇ 196 ਮੈਂਬਰ ਦੇਸ਼ਾਂ ਵਿਚੋਂ 116 ਨੇ ਲਾਗੂ ਰੋਕਾਂ ਸਬੰਧੀ ਆਪਣੀਆਂ ਰਿਪੋਰਟਾਂ ਜਾਰੀ ਨਹੀਂ ਕੀਤੀਆਂ ਜਦ ਕਿ ਚੀਨ ਨੇ ਫਰਵਰੀ 2017 ਵਿਚ ਐਲਾਨ ਕੀਤਾ ਕਿ ਉਹ ਬਾਕੀ ਸਾਲ ਵਿਚ ਕੋਲੇ ਦਾ ਨਿਰਯਾਤ ਬੰਦ ਕਰ ਦੇਵੇਗਾ। ਅਗਸਤ 2017 ਵਿਚ ਯੂਨਾਈਟਿਡ ਨੇਸ਼ਨ ਨੇ ਕੋਲੇ, ਸਿੱਕੇ,ਲੋਹੇ ਅਤੇ ਸੀ ਫੂਡ ਦਾ ਨਿਰਯਾਤ ਬੰਦ ਕਰਨ ਦੇ ਨਾਲ ਨਾਲ ‘ਨੋਰਥ ਕੋਰੀਆ ਫਾਰੇਨ ਟਰੇਡ ਬੈਂਕ’ ਅਤੇ ਨੋਰਥ ਕੋਰੀਅਨਾ ਦੇ ਬਦੇਸ਼ਾਂ ਵਿਚ ਕੰਮ ਕਰਨ ਦੀਆਂ ਬੰਦਸ਼ਾਂ ਹੋਰ ਸਖਤ ਕਰ ਦਿੱਤੀਆ ਹਨ। ਯੂਰਪੀ ਯੂਨੀਅਨ ਅਤੇ ਜਪਾਨ ਨੇ ਵੀ ਉੱਤਰੀ ਕੋਰੀਆਂ ਤੇ ਬਹੁਤ ਸਾਰੀਆਂ ਪਾਬੰਦੀਆਂ ਲਾਈਆਂ ਹਨ।
  ਹੁਣ ਜਦੋਂ ਕਿ ਡੋਨਲਡ ਟਰੰਪ ਨੂੰ ਉਹਨਾ ਕੰਪਨੀਆਂ ਅਤੇ ਸੰਸਥਾਵਾਂ ਤੇ ਕਾਰਵਾਈ ਕਰਨ ਦੀ ਖੁਲ੍ਹ ਮਿਲ ਗਈ ਹੈ ਜਿਹਨਾ ਦੇ ਕਿ ਉੱਤਰੀ ਕੋਰੀਆ ਨਾਲ ਵਿਓਪਾਰਕ ਰਿਸ਼ਤੇ ਹਨ ਤਾਂ ਨੋਰਥ ਕੋਰੀਆ ਦੇ ਹੋਰ ਵੀ ਨਮਦੇ ਕੱਸ ਦਿੱਤੇ ਗਏ ਹਨ। ਟਰੰਪ ਨੇ ਇਹ ਵੀ ਕਿਹਾ ਹੈ ਕਿ ਚੀਨੀ ਸੈਂਟਰਲ ਬੈਂਕ ਅਤੇ ਹੋਰ ਚੀਨੀ ਬੈਂਕਾਂ ਨੂੰ ਪਿਯੋਂਗਯਾਂਗ (ਰਾਜਧਾਨੀ) ਨਾਲ ਕਾਰੋਬਾਰ ਕਰਨ ਤੋਂ ਰੋਕਣ ਲਈ ਕਿਹਾ ਗਿਆ ਹੈ ਜਦ ਕਿ ਚੀਨ ਨਾਲ ਹੀ ਉਤਰੀ ਕੋਰੀਆ ਦਾ 80% ਕਾਰੋਬਾਰ ਹੈ।ਅਮਰੀਕਾ ਦੀ ਪੂਰੀ ਕੋਸ਼ਿਸ਼ ਹੈ ਕਿ ਉਤਰੀ ਕੋਰੀਆ ਦੇ ਕਪੜਾ ਅਤੇ ਆਈ ਟੀ ਵਰਗੇ ਉਤਪਾਦ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇ ਤਾਂ ਕਿ ਪ੍ਰਮਾਣੂ ਲਹਿਰ ਨੂੰ ਮਿਲਦੇ ਅਰਥ ਨੂੰ ਤਹਿਸ ਨਹਿਸ ਕੀਤਾ ਜਾ ਸਕੇ। ਇਹਨਾ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਉੱਤਰੀ ਕੋਰੀਆ ਨੇ ਪ੍ਰਮਾਣੂ ਪਿੜ ਵਿਚ ਈਨ ਨਹੀਂ ਮੰਨੀ ਤੇ ਉਸਦੇ ਪ੍ਰਮਾਣੂ ਪ੍ਰਯੋਗ ਲਗਾਤਾਰ ਜਾਰੀ ਹਨ। ਇਹਨਾ ਪਾਬੰਦੀਆਂ ਨਾਲ ਉਸ ਦੇ ਨਿਊਕਲਿਆਈ ਪ੍ਰਯੌਗਾਂ ਵਿਚ ਸਗੋਂ ਹੋਰ ਤੇਜੀ ਆਈ ਹੈ। ਅਸਲ ਵਿਚ ਉੱਤਰੀ ਕੋਰੀਆ ਜਪਾਨ ਅਤੇ ਚੀਨ ਵਰਗੀਆਂ ਦੋ ਮਹਾਂਸ਼ਕਤੀਆਂ ਵਿਚ ਘਿਰਿਆ ਹੋਇਆ ਹੈ ਜਦ ਕਿ ਜਪਾਨ ਅਤੇ ਦੱਖਣੀ ਕੋਰੀਆ ਵਿਚ ਅਮਰੀਕਾ ਵੀ ਬੈਠਾ ਹੈ ਇਸ ਕਰਕੇ ਉੱਤਰੀ ਕੋਰੀਆ ਆਪਣੇ ਆਪ ਨੂੰ ਅਸੁਰੱਖਿਅਤ ਸਮਝਦਾ ਹੈ।ਉੱਤਰੀ ਕੋਰੀਆ ਦੇ ਭਾਰਤ ਅਤੇ ਪਾਕਿਸਤਾਨ ਨਾਲ ਵਧੀਆ ਸਬੰਧ ਰਹੇ ਹਨ। ਕਿਹਾ ਜਾਂਦਾ ਹੈ ਕਿ ਪ੍ਰਮਾਣੂ ਵਿਕਾਸ ਵਿਚ ਉੱਤਰੀ ਕੋਰੀਆ ਅਤੇ ਪਾਕਿਸਤਾਨ ਦਾ ਆਪਸੀ ਸਹਿਯੋਗ ਰਿਹਾ ਹੈ। ਜਦੋਂ ਚੀਨ ਨਿਉਕਲੀਅਰ ਸ਼ਕਤੀ ਬਣ ਗਿਆ ਤਾਂ ਉੱਤਰੀ ਕੋਰੀਆ ਨੇ ਭਾਰਤ ਦੇ ਪ੍ਰਮਾਣੂ ਸ਼ਕਤੀ ਬਣਨ ਦੀ ਹਿਮਾਇਤ ਸੀ। ਪਾਕਿਸਤਾਨ ਦੀ ਗੌਰੀ ਮਿਜਾਈਲ ਦੇ ਨਿਰਮਾਣ ਵਿਚ ਵੀ ਉੱਤਰੀ ਕੋਰੀਆ ਦਾ ਯੋਗਦਾਨ ਸੀ। ਉੱਤਰੀ ਕੋਰੀਆ ਦਾ ਪੱਖ ਹੈ ਕਿ ਪ੍ਰਮਾਣੂ ਸ਼ਕਤੀ ਬਣਨ ਦਾ ਹੱਕ ਦੁਨੀਆਂ ਦੇ ਕੇਵਲ 5 ਦੇਸ਼ਾਂ (ਬ੍ਰਿਟੇਨ,ਫਰਾਂਸ, ਅਮਰੀਕਾ, ਚੀਨ ਅਤੇ ਰੂਸ) ਕੋਲ ਰਾਖਵਾਂ ਨਹੀਂ ਹੋ ਸਕਦਾ। ਕਿਹਾ ਜਾਂਦਾ ਹੈ ਕਿ ਲੀਬੀਆ ਅਤੇ ਇਰਾਕ ਵਾਂਗ ਅਮਰੀਕਾ ਉੱਤਰੀ ਕੋਰੀਆ ਨੂੰ ਏਨੀ ਅਸਾਨੀ ਨਾਲ ਸਮੇਟ ਨਹੀਂ ਸਕੇਗਾ।
ਅੰਦਰੂਨੀ ਹਾਲਾਤ
ਸੰਨ 1980 ਤਕ ਉੱਤਰੀ ਅਤੇ ਦੱਖਣੀ ਕੋਰੀਆ ਖੁਸ਼ਹਾਲੀ ਦੀ ਦੌੜ ਵਿਚ ਬਰਾਬਰ ਬਰਾਬਰ ਸਨ ਪਰ ਸੋਸ਼ਲਿਸਟ ਰੂਸ ਦੇ ਟੁੱਟਣ ਮਗਰੋਂ ਹਾਲਾਤ ਬਦਲ ਗਏ। ਜਲ ਸੇਵਾਵਾਂ ਰਾਹੀਂ ਕਮਿਊਨਿਸਟ ਦੇਸ਼ਾਂ ਨਾਲ ਵਪਾਰ ਵਿਚ ਖੜੋਤ ਆ ਗਈ। ਅੱਜ ਜਦੋਂ ਕਿ ਦੁਨੀਆ ਇੱਕ ਆਲਮੀ ਪਿੰਡ (Global Village) ਬਣ ਗਈ ਹੈ ਤਾਂ ਏਨੀਆਂ ਸਖਤ ਪਾਬੰਦੀਆਂ ਦਾ ਉੱਤਰੀ ਕੋਰੀਆ ਤੇ ਅਸਰ ਪੈਣਾ ਸੁਭਾਵਕ ਹੈ ਪਰ ਦੇਸ਼ ਦੀ ਅੰਦਰੂਨੀ ਹਾਲਤ ਤੇ ਝਾਕਣਾ ਕਰੀਬ ਕਰੀਬ ਅਸੰਭਵ ਹੈ ਕਿਓਂਕਿ ਸਟੇਟ ਦਾ ਕੰਟਰੋਲ ਹੀ ਏਨਾ ਹੈ। ਬਹੁਤੀ ਜਾਣਕਾਰੀ ਪ੍ਰਾਪੇਗੰਡੇ ਨਾਲ ਓਤ ਪੋਤ ਵੀ ਹੁੰਦੀ ਹੈ। ਉਤਰ ਕੋਰੀਆ ਕੋਲ 10 ਖਰਬ ਡਾਲਰ ਤੋਂ ਵੱਧ ਕੀਮਤ ਦੇ ਮਿਨਰਲ ਹਨ ਅਤੇ ਅਗਰ ਦੇਸ਼ ਵਿਚ ਸ਼ਾਂਤੀ ਹੋ ਜਾਂਦੀ ਹੈ ਤਾਂ ਇਸ ਦੀ ਤਰੱਕੀ ਦੇ ਬਹੁਤ ਮੌਕੇ ਹਨ। ਇਸ ਦਾ ਸ਼ੁਮਾਰ ਦੁਨੀਆਂ ਦੇ ਖੂਬਸੂਰਤ ਦੇਸ਼ਾਂ ਵਿਚ ਹੈ ਅਤੇ ਲੋਕ ਬੜੇ ਸੰਜਮੀ ਹਨ।ਦੇਸ਼ ਦੇ 50% ਲੋਕ ਨਾਸਤਕ , 25% ਬੋਧੀ ਅਤੇ 25% ਇਸਾਈ ਹਨ। ਕਮਿਉਨਿਸਟ ਦੇਸ਼ ਹੋਣ ਕਾਰਨ ਧਰਮ ਨਿਰਪੇਖ ਹੈ ਪਰ ਬੋਧੀ ਮੰਦਰ ਦੇਖਣ ਨੂੰ ਮਿਲਦੇ ਹਨ। ਕੋਰੀਅਨ ਲੋਕ ਬੜੇ ਹੀ ਮਿਹਨਤੀ ਅਤੇ ਆਤਮ ਨਿਰਭਰ ਲੋਕ ਹਨ। ਉਤਰੀ ਕੋਰੀਆ ਬੜਾ ਠੰਢਾ ਦੇਸ਼ ਹੈ ਜਿਥੇ ਤਾਪਮਾਨ ਮਾਈਨਸ 20 ਡਿਗਰੀ ਤਕ ਡਿੱਗ ਪੈਂਦਾ ਹੈ ਅਤੇ ਦੇਸ਼ ਨੂੰ ਆਪਣੇ ਸ਼ਹਿਰੀ ਵਿਕਾਸ ਲਈ ਵੀ ਪ੍ਰਮਾਣੂ ਪ੍ਰੋਗ੍ਰਾਮ ਵਿਕਸਤ ਕਰਨ ਦੀ ਲੋੜ ਹੈ।
  ਇਸ ਦੇਸ਼ ਵਿਚ ਹਥਿਆਰ ਬਨਾਉਣ ਦੀਆਂ ਫੈਕਟਰੀਆਂ ਜ਼ਮੀਨ ਦੋਜ਼ ਹੋਣ ਕਾਰਨ ਇਸ ਦਾ ਖੁਰਾ ਖੋਜ ਮਿਟਾਉਣਾ ਏਨਾ ਅਸਾਨ ਨਹੀਂ ਹੈ।ਜੇਕਰ ਅਮਰੀਕਾ ਉਤਰੀ ਕੋਰੀਆ ਤੇ ਹਮਲਾ ਕਰਦਾ ਹੈ ਤਾਂ ਇਹ ਦੇਸ਼ ਇਸ ਹਮਲੇ ਦਾ ਮੁਕਾਬਲਾ ਜੀਵਨ ਮੌਤ ਦੀ ਬਾਜੀ ਲਾ ਕੇ ਕਰੇਗਾ। ਕਿਮ ਜੋਂਗ ਉਨ ਕੋਰੀਆ ਦੀ ‘ਵਰਕਰਜ਼ ਪਾਰਟੀ ਆਫ ਕੋਰੀਆ ਦਾ ਚੇਅਰਮੈਨ ਅਤੇ ਨੋਰਥ ਕੋਰੀਆ ਦਾ ਸੁਪਰੀਮ ਲੀਡਰ ਹੈ। ਉਹ ਸੈਂਟਰਲ ਮਿਲਟਰੀ ਕਮਿਸ਼ਨ ਦਾ ਵੀ ਵਾਇਸ ਚੇਅਰਮੈਨ ਹੈ ਅਤੇ ਫੌਜੀ ਤੌਰ ਤੇ ੳਸ ਦਾ ਰੁਤਬਾ ਅਮਰੀਕਾ ਦੇ ਚਾਰ ਤਾਰਾ ਜਨਰਲ ਦਾ ਹੈ।   
    ਯੁਨਾਈਟਿਡ ਨੇਸ਼ਨ ਦੀ ਜਨਰਲ ਅਸੈਂਬਲੀ ਵਲੌਂ ਕਿਮ ਜੌਂਗ-ਉਨ ਦੇ ਪਿਤਾ ਕਿਮ ਜੌਂਗ –ਇਲ ਦੇ ਸਮੇਂ ਤੋਂ ਹੀ ਦੇਸ਼ ਵਿਚ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਘਾਣ ਦੀਆਂ ਰਿਪੋਰਟਾਂ ਜਾਰੀ ਰਹੀਆਂ ਹਨ ਜੋ ਕਿ ਹੁਣ ਵੀ ਜਾਰੀ ਹਨ। ਐਮਨੈਸਟੀ ਇੰਟਰਨੈਸ਼ਨਲ ਮੁਤਾਬਕ ਫੌਜ ਅਤੇ ਸਿਵਲ ਵਿਚ ਖਾਣ ਪੀਣ ਦੀਆਂ ਵਸਤਾਂ ਦੀ ਗੰਭੀਰ ਘਾਟ ਹੈ। ਸੰਨ 1990 ਵਿਚ ਦੇਸ਼ ਵਿਚ ਕਾਲ ਪੈ ਗਿਆ ਸੀ ਅਤੇ 10 ਲੱਖ ਲੋਕ ਮੌਤ ਦਾ ਸ਼ਿਕਾਰ ਹੋ ਗਏ ਸਨ। ਹੁਣ ਵੀ ਹਾਲਾਤ ਚਿੰਤਾ ਜਨਕ ਹਨ ਅਤੇ ਦੇਸ਼ ਵਿਚ ਸਵੀਟਾਂ, ਕੇਕ,ਪੇਸਟਰੀਆਂ ਜਾਂ ਪੀਜਾ ਵਗੈਰਾ ਬੈਨ ਹਨ। ਜਿਹਲਾਂ ਅਤੇ ਲੇਬਰ ਕੈਂਪਾਂ ਵਿਚ ਲੋਕਾਂ ਤੋਂ ਜਾਨ ਕੱਢ ਦੇਣ ਵਾਲੀ ਮੁਸ਼ੱਕਤ ਕਰਵਾਈ ਜਾਂਦੀ ਹੈ। ਮੀਡੀਏ ਦੀ ਅਜਾਦੀ ਨਾਮ ਦੀ ਕੋਈ ਚੀਜ਼ ਨਹੀਂ ਹੈ ਅਤੇ ਸਟੇਟ ਦੇ ਥੱਲੇ ਲੱਗੇ ਹੋਏ ਮੀਡੀਏ ਨੂੰ ਲਗਾਤਾਰ ਲੀਡਰ ਦਾ ਗੁਣਗਾਨ ਕਰਨਾ ਪੈਂਦਾ ਹੈ। ਮੌਜੂਦਾ ਆਰਥਕ ਪਾਬੰਦੀਆਂ ਸਰਕਾਰ ਦੇ ਨਾਲ ਨਾਲ ਉੱਤਰੀ ਕੋਰੀਆ ਦੇ ਲੋਕਾਂ ਦੀ ਹਾਲਤ ਬੁਰੇ ਤੋਂ ਬਦਤਰ ਕਰ ਦੇਣਗੀਆਂ। ਅਮਰੀਕਾ ਉੱਤਰੀ ਕੋਰੀਆ ਤੇ ਸੱਚੀਂ ਹੀ ਹਮਲਾ ਕਰਨ ਦਾ ਹੌਸ਼ਲਾ ਕਰ ਸਕੇਗਾ ਇਹ ਹੁਣ ਸਮਾਂ ਹੀ ਦੱਸੇਗਾ।
25th Sept 2017
 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.