1984 Sikh Genocide
• ਸ੍ਰੀ ਅਕਾਲ ਤਖਤ ਨੂੰ ਕਿਲੇ ਦਾ ਰੂਪ ਕਿਓਂ ਦਿੱਤਾ ਗਿਆ ?
• ਸਿਆਸੀ ਧਰਮ ਯੁੱਧ ਗਰਮ ਯੁੱਧ ਵਿਚ ਕਿਵੇਂ ਬਦਲਿਆ ??
• ਕੀ ਹੈ ਭਾਰਤੀ ਫੌਜ ਅਤੇ ਹੁਕਮਰਾਨਾਂ ਦਾ ਅਸਲ ਚਿਹਰਾ ???
• ਕੀ ਹੈ ਅੱਜ ਦੇ ਖਾਲਿਸਤਾਨੀਆਂ ਦਾ ਅਸਲ ਚਿਹਰਾ ????
ਸੰਨ 1984 ਦੇ ਦਰਬਾਰ ਸਾਹਿਬ ਦੇ ਘੱਲੂਘਾਰੇ ਬਾਰੇ ਸਭ ਤੋਂ ਵੱਧ ਸੰਵੇਦਨਸ਼ੀਲ ਮੁੱਦੇ ਤੇ ਸਿੱਖ ਚਿੰਤਕਾਂ ਬਹੁਤ ਘੱਟ ਲਿਖਿਆ ਹੈ ਅਤੇ ਜਿੰਨਾਂ ਕੁ ਲਿਖਿਆ ਹੈ ਉਹ ਵੀ ਮਨ ਦੇ ਵਲਵਲੇ ਨਾਲ ਹੀ ਲਿਖਿਆ ਹੈ ਨਾਂ ਕਿ ਤਰਕ ਵਿਤਰਕ ਅਤੇ ਵਿਵੇਕ ਦੀ ਕਸੌਟੀ ਤੋਂ ਪਰਖ ਕੇ । ਦਰਬਾਰ ਸਾਹਿਬ ਦੇ ਘੱਲੂਘਾਰੇ ਸਬੰਧੀ ਸਿੱਖ ਨਜ਼ਰੀਏ ਨੂੰ ਤਿੰਨਾਂ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ। ਪਹਿਲਾ ਵੱਡਾ ਵਰਗ ਉਹਨਾਂ ਸਿੱਖਾ ਦਾ ਹੈ ਜੋ ਕਿ ਸਰਕਾਰ ਨੂੰ ਦੋਸ਼ੀ ਮੰਨਦਾ ਹੈ ਜਿਸ ਨੇ ਕਿ ਸਿੱਖਾਂ ਦੀਆਂ ਹੱਕੀ ਮੰਗਾਂ ਤੋਂ ਇਨਕਾਰ ਕਰ ਕੇ ਹਾਲਾਤਾਂ ਨੂੰ ਇਸ ਹੱਦ ਤੇ ਆਉਣ ਦਿੱਤਾ। ਸਿੱਖਾਂ ਦਾ ਇਹ ਵਰਗ ਸੰਤ ਜਰਨੈਲ ਸਿੰਘ ਦੇ ਪੈਂਤੜੇ ਨੂੰ ਜਾਇਜ਼ ਕਰਾਰ ਦਿੰਦਾ ਹੈ।
ਦੂਜਾ ਵਰਗ ਚੁਰਾਸੀ ਦੇ ਦੁਖਾਂਤ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਨਾਮ ਮੜ੍ਹਦਾ ਹੈ ਕਿ ਜੇਕਰ ਉਹ ਦਰਬਾਰ ਸਾਹਿਬ ਸਮੂਹ ਨੂੰ ਕਿਲੇ ਦਾ ਰੂਪ ਨਾਂ ਦੇ ਕੇ ਜੇਕਰ ਪੰਜਾਬ ਦੇ ਨੌ ਜਵਾਨਾਂ ਨੂੰ ਹਥਿਆਰ ਚੁੱਕਣ ਲਈ ਨਾਂ ਲਲਕਾਰਦੇ ਤਾਂ ਚੁਰਾਸੀ ਦਾ ਭਾਣਾਂ ਨਹੀਂ ਸੀ ਵਾਪਰਨਾਂ । ਇਹ ਵਰਗ ਸੰਤਾਂ ਦੇ ਨਾਮ ਨੂੰ ਕਾਂਗਰਸ ਨਾਲ ਵੀ ਜੋੜਦਾ ਹੈ। ਸਿੱਖਾਂ ਦਾ ਇੱਕ ਐਸਾ ਤੀਸਰਾ ਵਰਗ ਵੀ ਹੈ ਜੋ ਕਿ ਦਬਵੀਂ ਸੁਰ ਵਿਚ ਸੰਤਾਂ ਦੇ ਪੈਂਤੜੇ ਦੀ ਅਲੋਚਨਾਂ ਕਰਦਾ ਹੈ ਅਤੇ ਨਾਲ ਦੀ ਨਾਲ ਸਰਕਾਰ ਨੂੰ ਵੀ ਭੰਡਦਾ ਹੈ। ਇਹ ਵਰਗ ਚੁਰਾਸੀ ਦੇ ਦੁਖਾਂਤ ਨੂੰ ਪੰਜਾਬ ਅਤੇ ਸੈਂਟਰ ਦੇ ਆਗੂਆਂ ਦੀ ਤੰਗ ਨਜ਼ਰੀ ਅਤੇ ਖੁਦਗਰਜ਼ ਰਾਜਨੀਤੀ ਦੇ ਨਾਮ ਵੀ ਮੜ੍ਹਦਾ ਹੈ।
ਹੁਣ ਸਵਾਲ ਉੱਠਦਾ ਹੈ ਕਿ ਇਸ ਮਾਮਲੇ ਦੀ ਅਸਲ ਸੱਚਾਈ ਕੀ ਹੈ ?
ਚੁਰਾਸੀ ਦੇ ਦਰਬਾਰ ਸਾਹਿਬ ਦੇ ਘੱਲੂਘਾਰੇ ਸਬੰਧੀ ਅਤੇ ਦਿੱਲੀ ਦੇ ਸਿੱਖ ਕਤਲੇਆਮ ਸਬੰਧੀ ਕੌਮਾਂਤਰੀ ਚੇਤਨਾ ਹਮੇਸ਼ਾਂ ਚੁੱਪ ਰਹੀ ਹੈ। ਅਸੀਂ ਇਹ ਅੰਦਾਜ਼ਾ ਤਾਂ ਲਾ ਹੀ ਸਕਦੇ ਹਾਂ ਕਿ ਦਰਬਾਰ ਸਾਹਿਬ ਅਤੇ ਦਿੱਲੀ ਦੇ ਸਾਕਿਆਂ ਸਬੰਧੀ ਕੌਮਾਂਤਰੀ ਚੇਤਨਾਂ ਸਿੱਖਾਂ ਨੂੰ ਸਤਵਾਦੀ ੱ ਮੰਨਦੀ ਹੈ ਜਾਂ ਅੱਤਵਾਦੀ ?
ਵੈਸੇ ਤਾਂ ਅਜ਼ਾਦੀ ਪਸੰਦ ਸਾਰੇ ਹੀ ਬਾਗੀ ਲੋਕ ਮੌਕੇ ਦੀਆਂ ਸਰਕਾਰਾਂ ਦੀ ਨਜ਼ਰ ਵਿਚ ਅੱਤਵਾਦੀ ਹੀ ਹੋਇਆ ਕਰਦੇ ਹਨ ਪਰ ਧਰਮ ਯੁੱਧ ਮੋਰਚਾ ਪੰਜਾਬ ਜਾਂ ਸਿੱਖਾਂ ਦੀ ਅਜ਼ਾਂਦੀ ਲਈ ਨਹੀਂ ਸਗੋਂ ਪੰਜਾਬ ਵਿਚ ਰਹਿ ਰਹੇ ਸਿੱਖਾਂ ਅਤੇ ਪੰਜਾਬੀਆਂ ਦੇ ਹੱਕਾਂ ਲਈ ਲਾਇਆ ਗਿਆ ਸੀ । ਸ਼ਾਇਦ ਭਾਰਤ ਦਾ ਕੌਮੀ ਚਿੰਤਨ ਅਤੇ ਦੁਨੀਆਂ ਦੀ ਕੌਮਾਂਤਰੀ ਚੇਤਨਾ ਇਸ ਮੁੱਦੇ ਤੇ ਇੱਕ ਸੁਰ ਹੀ ਹੋਵੇ ਕਿ ਕਿਓਂਕਿ ਸਿੱਖ ਨੌਜਵਾਨਾਂ ਨੇਆਪਣੇ ਆਗੂ ਸੰਤ ਭਿੰਡਰਾਂਵਾਲਿਆਂ ਦੇਆਦੇਸ਼ਾਂ ਤੇ ਸਰਕਾਰ ਵਿਰੁਧ ਬਗਾਵਤ ਕੀਤੀ ਤਾਂ ਇਸ ਕਾਰਨ ਹੀ ਦਰਬਾਰ ਸਾਹਿਬ ਦਾ ਸਾਕਾ ਵਰਤਿਆ ਅਤੇ ਇਸੇ ਦੇ ਪ੍ਰਤੀਕਰਮ ਵਿਚ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾਂ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਵਿਚ ਸਿੱਖਾਂ ਦਾ ਵਹਿਸ਼ੀ ਕਤਲੇਆਮ ਵੀ ਹੋਇਆ ! ਪਰ ਕੀ ਇਸ ਕਿਸਮ ਦੀ ਸੋਚ ਮੁਨਾਸਿਬ ਹੈ ਜਾਂ ਗੈਰ
ਮੁਨਾਸਿਬ ? ਕਿ ਸਚਾਈ ਇਸ ਤੋਂ ਬਿਨਾਂ ਕੁਝ ਹੋਰ ਵੀ ਹੈ ?
ਬੇਸ਼ੱਕ ਭਾਰਤ ਦੀ ਅਜ਼ਾਦੀ ਤੋਂ ਬਾਅਦ ਭਾਰਤ ਦੇ ਆਗੂਆਂ ਦਾ ਵਰਤਾਵਾ ਸਿੱਖਾਂ ਪ੍ਰਤੀ ਅਕ੍ਰਿਤਘਣਤਾ ਦਾ ਹੀ ਸੀ ਪਰ ਸਿੱਖਾਂ ਦੀ ਵਫਾਦਾਰੀ ਭਾਰਤ ਪ੍ਰਤੀ ਫਿਰ ਵੀ ਬਣੀ ਰਹੀ । ਸਿੱਖਾਂ ਉੱਤੇ ਨਾਮਨਜ਼ੂਰ ਭਾਰਤੀ ਸੰਵਿਧਾਨ ਜਬਰੀ ਲੱਦਿਆ ਗਿਆ; ਭਾਰਤੀ ਸੰਵਿਧਾਨ ਵਿਚ ਸਿੱਖਾਂ ਨੂੰ ਜੈਨੀਆਂ ਅਤੇ ਬੋਧੀਆਂ ਵਾਂਗ ਹੀ ਹਿੰਦੂ ਧਰਮ ਦੀ ਇੱਕ ਅੰਗ ਮੰਨਿਆਂ ਗਿਆ ; ਬਾਕੀ ਦੇਸ਼ ਵਾਂਗ ਪੰਜਾਬ ਦਾ ਬੋਲੀ ਦੇ ਅਧਾਰ ਤੇ ਗਠਨ ਕਰਨ ਤੋਂ ਇਨਕਾਰ ਕੀਤਾ ਗਿਆ ; ਪੰਜਾਬ ਨੂੰ ਰਾਜਧਾਨੀ ਵੀ ਨਾਂ ਦਿੱਤੀ ਗਈ ; ਪੰਜਾਬ ਦੇ ਪਾਣੀਆਂ ਨੂੰ ਬਿਨਾਂ ਮੁਆਵਜ਼ੇ ਗਵਾਂਢੀ ਰਾਜਾਂ ਨੂੰ ਜਬਰੀ ਦੇ ਦਿੱਤਾ ਗਿਆ ; ਸਿੱਖਾਂ ਦਾ ਅਧਾਰ ਕਮਜ਼ੋਰ ਕਰਨ ਲਈ ਦੇ ਹਧਾਰੀ ਗੁਰੂ-ਡੰਮ ਨੂੰ ਅੰਧਾਧੁੰਦ ਉਤਸ਼ਾਹਤ ਕੀਤਾ ਗਿਆ ਅਤੇ ਭਾਰਤ ਦਾ ਵੋਟ ਬੈਂਕ ਲੈਣ ਲਈ ਘੱਟ ਗਿਣਤੀ ਸਿੱਖਾਂ ਨੂੰ ਦਾਅ ਤੇ ਲਾਅ ਦਿਤਾ ਗਿਆ ਪਰ ਸਿੱਖ ਸਮੂਹ ਦੀ ਭਾਰਤ ਨਾਲੋਂ ਵਫਾਦਾਰੀ ਨਾਂ ਟੁੱਟੀ । ਪਾਕਿਸਤਾਨ ਨਾਲ ਕਸ਼ਮੀਰ
ਅਤੇ ਬੰਗਲਾ ਦੇਸ਼ ਵਰਗੀਆਂ ਜੰਗਾਂ ਵਿਚ ਸਿੱਖਾਂ ਦੀ ਵਫਾਦਾਰੀ ਭਾਰਤ ਨਾਲ ਬਣੀ ਰਹੀ ਅਤੇ ਇਹਨਾ ਜੰਗਾਂ ਨੂੰ ਜਿੱਤਣ ਦਾ ਸਿਹਰਾ ਵੀ ਸਿੱਖਾਂ ਸਿਰ ਰਿਹਾ । ਇਹ ਇੱਕ ਦਰਬਾਰ ਸਾਹਿਬ ਤੇ ਹਮਲਾ ਹੀ ਸੀ ਕਿ ਸਿੱਖਾਂ ਦਾ ਇੱਕ ਵਰਗ ਹਮੇਸ਼ਾਂ ਹਮੇਸ਼ਾਂ ਵਾਸਤੇ ਭਾਰਤ ਤੋਂ ਨਿਰਾਸ਼ ਹੋ ਗਿਆ । ਹੁਣ ਸਵਾਲਾਂ ਦਾ ਸਵਾਲ ਹੈ ਕਿ ਕਿਹਨਾਂ ਹਾਲਾਤਾਂ ਕਾਰਨ ਦਰਬਾਰ ਸਾਹਿਬ ਤੇ ਹਮਲਾ ਹੋਇਆ ਅਤੇ ਇਸ ਸਬੰਧੀ ਜਿੰਮੇਵਾਰ ਕੌਣ ਸੀ ?
ਦਰਬਾਰ ਸਾਹਿਬ ਦੇ ਹਮਲੇ ਦਾ ਮੁਖ ਦੋਸ਼ ਕੀ ਇੰਦਰਾਂ ਗਾਂਧੀ ਦੇ ਸਿਰ ਜਾਂਦਾ ਹੈ ਜੋਕਿ ਇੱਕ ਪਾਸੇ ਤਾਂ ਦੁਨੀਆਂ ਨੂੰ ਇਹ ਯਕੀਨ ਦੇ ਰਹੀ ਸੀ ਕਿ ਦਰਬਾਰ ਸਾਹਿਬ ਤੇ ਹਮਲਾ ਨਹੀਂ ਕਰੇਗੀ ਅਤੇ ਦੂਜੇ ਪਾਸੇ ਦੂਨ ਵੈਲੀ ਵਿਚ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਫੌਜੀ ਮਸ਼ਕਾਂ ਵੀ ਕਰਵਾ ਰਹੀ ਸੀ ਅਤੇ ਜਨਰਲ ਸਿਨਹਾ ਅਤੇ ਹੋਰ ਕਈ ਜ਼ਿੰਮੇਵਾਰ ਸ਼ਖਸੀਅਤਾਂ ਅਨੁਸਾਰ ਇਹ ਸਭ ਕੁਝ ਹਮਲੇ ਤੋਂ ਡੇੜ ਸਾਲ ਪਹਿਲਾ ਹੀ ਹੋ ਰਿਹਾ ਸੀ ।
ਦਰਬਾਰ ਸਾਹਿਬ ਦੇ ਹਮਲੇ ਦਾ ਦੋਸ਼ ਕੀ ਅਕਾਲੀਆਂ ਸਿਰ ਜਾਂਦਾ ਹੈ ਜਿਹਨਾਂ ਨੇ ਕਿ ਉਹਨਾਂ ਨਾਜ਼ੁਕ ਦਿਨਾਂ ਵਿਚ ਆਪਣੀ ਜ਼ਿੰਮੇਵਾਰੀ ਨੂੰ ਠੀਕ ਤਰਾਂ ਨਹੀਂ ਨਿਭਾਇਆ ਅਤੇ ਧਰਮ ਯੁੱਧ ਦਾ ਅਪਹਰਣ ਹੋ ਲੈਣ ਦਿੱਤਾ ਜਾਂ ਫਿਰ ਕੀ ਇਸ ਹਮਲੇ ਦੇ ਦੋਸ਼ੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਹਨ ਜਿਹਨਾਂ ਨੇ ਕਿ ਨੌਜਵਾਨਾਂ ਨੂੰ ਕਾਨੂੰਨ ਹੱਥ ਵਿਚ ਲੈਣ ਲਈ ਪ੍ਰੇਰਿਆ ਅਤੇ ਜਨਰਲ ਸੁਬੇਗ ਸਿੰਘ ਦੀ ਅਗਵਾਈ ਵਿਚ ਸ੍ਰੀ ਅਕਾਲ ਤਖਤ ਨੂੰ ਇੱਕ ਕਿਲੇ ਦਾ ਰੂਪ ਦੇ ਦਿੱਤਾ ਤਾਂਕਿ ਇੰਦਰਾਂ ਨੂੰ ਹਮਲਾ ਕਰਨ ਦਾ ਕਾਰਨ ਮਿਲ ਜਾਵੇ ? ਕੀ ਹੈ ਸੱਚਾਈ ਦਰਬਾਰ ਸਾਹਿਬ ਦੇ ਹਮਲੇ ਦੀ
ਕੁਲਵੰਤ ਸਿੰਘ ਢੇਸੀ
ਸੰਨ 1984 ਦੇ ਦਰਬਾਰ ਸਾਹਿਬ ਦੇ ਘੱਲੂਘਾਰੇ ਬਾਰੇ
Page Visitors: 2908