ਕੈਟੇਗਰੀ

ਤੁਹਾਡੀ ਰਾਇ



ਕੁਲਵੰਤ ਸਿੰਘ ਢੇਸੀ
ਜਾਗ ਮਨ ਜਾਗਣ ਦਾ ਵੇਲਾ
ਜਾਗ ਮਨ ਜਾਗਣ ਦਾ ਵੇਲਾ
Page Visitors: 2817

ਜਾਗ ਮਨ ਜਾਗਣ ਦਾ ਵੇਲਾ
ਨਾਂ ਰੱਬ ਕਾਂਸ਼ੀ ਨਾਂ ਰੱਬ ਮੱਕੇ, ਰੱਬ ਨੂੰ ਪੈਂਦੇ ਹਰ ਥਾਂ ਧੱਕੇ ਜਾਂ ਪੈਂਦੇ ਨੇ ਅੰਨ੍ਹੇ ਜੱਫੇ
ਪੈਸੇ ਤੇ ਭਗਵਾਨ ਨੂੰ ਜੱਫਾ ਮਾਰਨੇ ਵਾਲੇ, ਗਰੀਬਾਂ ਦਾ ਰੱਬ ਤਾਂ ਜਾਗਣਾਂ ਹੈ ਹਾਲੇ

ਤਦੇ ਰੁਕਣਗੇ ਇਹ ਕਾਰਨਾਮੇਂ ਕਾਲੇ

ਕੁਲਵੰਤ ਸਿੰਘ ਢੇਸੀ
ਗੁਜਰਾਤ ਦੇ ਮੁਖ ਮੰਤ੍ਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਰੌਲਾ ਰੱਪਾ ਸੁਣਦੇ ਆ ਰਹੇ ਸਾਂ ਅਤੇ ਕਿਹਾ ਜਾ ਰਿਹਾ ਸੀ ਕਿ ਇਹ ਦਸ ਲੱਖੀ ਰੈਲੀ ਆਪਣੇ ਆਪ ਵਿਚ ਨਾਂ ਕੇਵਲ ਪੰਜਾਬ ਸਗੋਂ ਸਮੁੱਚੇ ਭਾਰਤ ਦਾ ਰਿਕਾਰਡ ਹੋਏਗੀ। ਇਸ ਰੈਲੀ ਦਾ ਨਾਮ ਵੀ ਫਤਹਿ ਰੈਲੀ ਰੱਖਿਆ ਗਿਆ ਜਿਵੇਂ ਕਿ ਸਰਕਾਰੀ ਬਲ ਅਤੇ ਪੈਸੇ ਦੇ ਜੋਰ ਨਾਲ ਲੋਕਾਂ ਦੀਆਂ ਹੇੜਾਂ ਇਕੱਠੀਆਂ ਕਰਨ ਨਾਲ ਹੀ ਲੋਕ ਸਭਾ ਚੋਣਾਂ ਦਾ ਮੋਰਚਾ ਫਤਹਿ ਹੋ ਜਾਣਾਂ ਹੋਵੇ। ਬਾਦਲਕਿਆਂ ਦੇ ਫਤਹਿ ਭੁਕਾਨੇ ਵਿਚੋਂ ਫੂਕ ਉਸ ਵੇਲੇ ਨਿਕਲ ਗਈ ਜਦੋਂ ਇਹ ਰੈਲੀ ਇੱਕ ਲੱਖ ਦੇ ਨੇੜੇ ਤੇੜੇ ਵੀ ਨਾਂ ਪੁੱਝ ਸਕੀ। ਮੀਡੀਏ ਵਿਚ ਇਸ ਦੀ ਗਿਣਤੀ ਪੰਜਾਹ ਸੱਠ ਹਜ਼ਾਰ ਦੀ ਕਹੀ ਗਈ ਹੈ ਜਦ ਕਿ ਕਿਸੇ ਮਜ਼ਬੂਰੀ ਵਿਚ ਚਲ ਕੇ ਆਏ ਲੋਕ ਇਹਨਾਂ ਆਗੂਆਂ ਦੀਆਂ ਤਕਰੀਰਾਂ ਵਿਚੇ ਛੱਡ ਕੇ ਖਿਸਕਣੇ ਸ਼ੁਰੂ ਗਏ। ਹੁਣ ਸਮਝਣ ਵਾਲੀ ਗੱਲ ਇਹ ਹੈ ਕਿ ਭਾਰਤ ਦਾ ਅਗਾਊਂ ਐਲਾਨਿਆਂ ਗਿਆ ਪ੍ਰਧਾਨ ਮੰਤ੍ਰੀ ਨਰਿੰਦਰ ਮੋਦੀ ਅਤੇ ਪੰਜਾਬ ਦਾ ਪੰਥ ਰਤਨ/ ਫਖਰੇ ਕੌਮ ਬਾਦਲ ਜੋ ਰਾਜਨੀਤੀ ਖੇਡ ਰਹੇ ਹਨ ਉਹ ਕਿਸ ਕਿਸਮ ਦੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਇਹ ਰਾਜਨੀਤੀ ਪੰਜਾਬ ਅਤੇ ਭਾਰਤ ਨੂੰ ਕਿਸ ਪਾਸੇ ਵਲ ਲੈ ਕੇ ਜਾ ਸਕਦੀ ਹੈ? ਇਹ ਵੀ ਦੇਖਣ ਵਾਲੀ ਗੱਲ ਹੈ ਭ੍ਰਿਸ਼ਟਾਚਾਰ ਦੇ ਪਤਾਲ ਵਿਚ ਗਰਕ ਗਈ ਕਾਂਗਰਸ ਦਾ ਹੁਣ ਕੀ ਹੋਏਗਾ?
ਭਾਰਤੀ ਜਨਤਾ ਪਾਰਟੀ ਜੋ ਕਦੀ ਕੇਵਲ ਦੋ ਪਾਰਲੀਮਾਨੀ ਸੀਟਾਂ ਤਕ ਸੀਮਤ ਸੀ ਉਹ ਕੇਵਲ ਰਾਮ ਮੰਦਰ ਦਾ ਮੁੱਦਾ ਉਠਾ ਕੇ ਬਹੁਮਤ ਪ੍ਰਾਪਤ ਕਰਕੇ ਭਾਰਤੀ ਰਾਜ ਭਾਗ ਦੀ ਮਾਲਕ ਬਣ ਗਈ ਸੀ।ਸੰਨ ੧੯੯੮ ਵਿਚ ਭਾਰਤੀ ਜਨਤਾ ਪਾਰਟੀ ਦੀ ਤੇਰਾਂ ਖੇਤਰੀ ਪਾਰਟੀਆਂ ਦੀ ਮੱਦਤ ਨਾਲ ਐਨ ਡੀ ਏ ( ਨੈਸ਼ਨਲ ਡੈਮੋਕਰੇਟਿਕ ਅਲਾਇੰਸ) ਬੈਨਰ ਹੇਠ ਬਣੀ ਸਰਕਾਰ ਦੇ ਪੰਜ ਸਾਲ ਪੂਰੇ ਕੀਤੇ। ਸੰਨ ੨੦੦੪ ਵਿਚ ਡਾਕਟਰ ਮਨਮੋਹਨ ਸਿੰਘ ਦੀ ਅਗਵਾਈ ਵਿਚ ਭਾਰਤੀ ਕਾਂਗਰਸ ਨੇ ਖੱਬੀਆਂ ਪਾਰਟੀਆਂ ਅਤੇ ਭਾਜਪਾ ਵਿਰੋਧੀ ਪਾਰਟੀਆਂ ਦੇ ਸਹਿਯੋਗ ਨਾਲ ਯੂ ਪੀ ਏ (ਯੂਨਾਈਟਿਡ ਪ੍ਰੋਗ੍ਰੈਸ਼ਿਵ ਅਲਾਇਂਸ) ਬੈਨਰ ਹੇਠ ਸਰਕਾਰ ਬਣਾਈ ਜੋ ਅੱਜ ਤਕ ਰਾਜ ਕਰ ਰਹੀ ਹੈ। ਆਪਣੇ ਰਾਜਕਾਲ ਵਿਚ ਕਾਂਗਰਸ ਦੇ ਇੱਕ ਤੋਂ ਬਾਅਦ ਇੱਕ ਭ੍ਰਿਸ਼ਟਾਚਾਰ ਦੇ ਸਕੈਂਡਲ ਨੰਗੇ ਹੁੰਦੇ ਚਲੇ ਗਏ ਜਿਨ੍ਹਾਂ ਨੇ ਪ੍ਰਧਾਨ ਮੰਤ੍ਰੀ ਦੀ ਛਵੀ ਨੂੰ ਵੱਡੀ ਸੱਟ ਮਾਰੀ। ਇਹਨਾਂ ਸਕੈਂਡਲਾਂ ਵਿਚ ਖੁਰਾਕ, ਤੇਲ, ਲੁੱਕ, ਖਾਦ, ਹਵਾਲਾ, ਬੰਬੇ ਸਟਾਕ ਐਕਸਚੇਂਜ , ਵੋਟ ਤੇ ਨੋਟ , ਅਕਿਓਰਿਟੀ , ਸੀ ਆਰ ਬੀ , ਸਬਮੈਰਿਨਜ਼ ਅਤੇ ਨਰੇਗਾ ਸਕੈਂਡਲ ਵਰਗੇ ਕਰੀਬ ਚਾਲੀ ਘਪਲੇ ਤਾਂ ਖਾਸ ਹਨ ਅਤੇ ਆਮ ਕਿੰਨੇ ਘਪਲੇ ਹਨ ਉਹ ਗਿਣਤੀ ਤੋਂ ਬਾਹਰ ਹੈ। ਆਮ ਆਦਮੀ ਪਾਰਟੀ ਨੇ ਭਾਰਤ ਦੇ ਲੋਕਾਂ ਲਈ ਇੱਕ ਸੰਭਾਵੀ ਬਦਲ ਤਾਂ ਪੇਸ਼ ਕਰ ਦਿੱਤਾ ਹੈ ਪਰ ਇਹ ਲੋਕਾਂ ਤੇ ਮੁਨੱਸਰ ਹੈ ਕੀ ਉਹ ਕਿਥੇ ਖੜ੍ਹਦੇ ਹਨ।
ਹੁਣ ਜੇਕਰ ਦੇਸ਼ ਦੇ ਪਿੰਡੇ ਤੋਂ ਕਾਂਗਰਸ ਦੀ ਜੋਕ ਲਹਿੰਦੀ ਹੈ ਤਾਂ ਉਸ ਦੀ ਬਜਾਏ ਭਾਜਪਾ ਦੀ ਸਰਾਲ ਆ ਚਿੰਬੜਦੀ ਹੈ ਤਾਂ ਇਹ ਖੂਹ ਵਿਚੋਂ ਨਿਕਲ ਕੇ ਖਾਤੇ ਵਿਚ ਡਿੱਗਣ ਵਾਲੀ ਗੱਲ ਹੀ ਹੋਏਗੀ। ਵੈਸੇ ਕਰਨਾਟਕਾ ਵਿਚ ਜੋ ਹੋਇਆ ਹੈ ਉਸ ਨੂੰ ਦੇਖ ਕੇ ਤਾਂ ਲੱਗਦਾ ਹੈ ਕਿ ਭਾਰਤੀ ਰਾਜਨੀਤੀ ਬਾਰੇ ਕੋਈ ਭਵਿੱਖਬਾਣੀ ਕਰਨੀ ਏਨੀ ਅਸਾਨ ਨਹੀਂ। ਹਾਂ ਇੱਕ ਗੱਲ ਨਿਸ਼ਚਤ ਹੈ ਕਿ ਪਹਿਲਾਂ ਵਾਂਗ ਹੀ ਇਸ ਬਾਰ ਵੀ ਕਿਸੇ ਇੱਕ ਪਾਰਟੀ ਨੂੰ ਬਹੁਮਤ ਨਹੀਂ ਮਿਲਣਾਂ ਅਤੇ ਖੇਤਰੀ ਪਾਰਟੀਆਂ ਹੀ ਕਿਸੇ ਰਾਜਨੀਤਕ ਪਾਰਟੀ ਦੀ ਕਿਸਮਤ ਤਹਿ ਕਰਨਗੀਆਂ। ਭ੍ਰਿਸ਼ਟਚਾਰ ਅਤੇ ਪੁਲਸ ਪ੍ਰਸ਼ਾਂਸਨ ਦੀ ਦਾਦਾਗਿਰੀ ਵਿਚ ਪਿਸ ਰਹੇ ਭਾਰਤੀ ਲੋਕ ਜੇਕਰ ਹਾਲੇ ਵੀ ਨਾਂ ਜਾਗੇ ਤਾਂ ਇਸ ਦੇਸ਼ ਦਾ ਰੱਬ ਹੀ ਰਾਖਾ ਹੈ।
ਇਸ ਵੇਲੇ ਭਾਜਪਾ ਦਾ ਨਰਿੰਦਰ ਮੋਦੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਥੋਪਣ ਲਈ ਸਾਰਾ ਹੀ ਜ਼ੋਰ ਲੱਗਾ ਹੋਇਆ ਹੈ। ਰਾਮ ਦੇਵ ਵਰਗੇ ਧਾਰਮਕ ਵਿਅਕਤੀ ਵੀ ਮੋਦੀ ਦੇ ਹੱਕ ਵਿਚ ਹਿੰਦੂ ਪੱਤਾ ਖੇਡਣ ਵਿਚ ਦਿਨ ਰਾਤ ਇੱਕ ਕਰ ਰਹੇ ਹਨ। ਪਰ ਨਰਿੰਦਰ ਮੋਦੀ ਆਪਣੀ ਹੀ ਕਿਸਮ ਦਾ ਇੱਕ ਅਜੀਬ ਸਿਆਸਤਦਾਨ ਹੈ ਜੋ ਕਿ ਦੇਸ਼ ਦੇ ਗਲੋਂ ਭਿ੍ਸ਼ਟਾਚਾਰ ਦੀ ਜੋਕ ਲਾਹ ਕੇ ਵਿਕਾਸ ਕਰਨ ਦੀਆਂ ਡੀਂਗਾਂ  ਤਾਂ ਉੱਚੀ ਸੁਰ ਵਿਚ ਮਾਰਦਾ ਹੈ ਪਰ ਇਸ ਦੇ ਮੂੰਹੋਂ ਸੰਨ ੨੦੦੨ ਦੌਰਾਨ ਗੁਜਰਾਤ ਵਿਚ ਕੀਤੇ ਗਏ ਮੁਸਲਮਾਨਾਂ ਦੇ ਕਤਲੇਆਮ ਸਬੰਧੀ ਇੱਕ ਵਾਰੀ ਵੀ ਹਮਦਰਦੀ ਜਾਂ ਅਫਸੋਸ ਦੇ ਲਫਜ਼ ਨਹੀਂ ਨਿਕਲੇ। ਅੱਜ ਦੀ ਤਾਰੀਖ ਵਿਚ ਬਾਦਲਕਿਆਂ ਦਾ ਇਸ ਵਿਅਕਤੀ ਨੂੰ ਹਵਾ ਦੇਣ ਲਈ ਭਾਵੇਂ ਸਾਰਾ ਜ਼ੋਰ ਲੱਗਾ ਹੋਇਆ ਹੈ ਪਰ ਸੰਗਰੂਰ ਵਿਚ ਮੋਦੀ ਨੇ ਗੁਜਰਾਤ ਵਿਚੋਂ ਉਜਾੜੇ ਜਾ ਰਹੇ ਸਿੱਖਾਂ ਦਾ ਸੁਪਰੀਮ ਕੋਰਟ ਵਿਚ ਕੇਸ ਵਾਪਸ ਲੈਣ ਦੀ ਕੋਈ ਗੱਲ ਨਹੀਂ ਕੀਤੀ ਅਤੇ ਨਾਂ ਹੀ ਉਸ ਨੇ ਸੰਨ ਚੁਰਾਸੀ ਵਿਚ ਦਰਬਾਰ ਸਾਹਿਬ ਤੇ ਹੋਏ ਹਮਲੇ ਜਾਂ ਭਾਰਤ ਭਰ ਵਿਚ ਕੀਤੀ ਗਈ ਸਿੱਖ ਨਸਲਕੁਸ਼ੀ ਬਾਰੇ ਮੂੰਹ ਖੋਹਲਿਆ। ਬਾਦਲਕਿਆਂ ਨੇ ਮੋਦੀ ਦੇ ਸਿਰ ਤੇ ਪੱਗ ਤਾਂ ਭਾਵੇਂ ਰੱਖ ਦਿੱਤੀ ਪਰ ਬੋਲੇ ਸੋ ਕਹਿ ਕੇ ਬਾਕੀ ਦਾ ਜੈਕਾਰਾ ਵੀ ਮੋਦੀ ਦੇ ਸੰਘ ਵਿਚ ਅੜ ਗਿਆ। ਕਹਿੰਦੇ ਹਨ ਕਿ ਘਰ ਦੇ ਭਾਗ ਵਿਹੜੇ ਬਨੇਰੇ ਤੋਂ ਦਿਸ ਪੈਂਦੇ ਹਨ। ਮੋਦੀ ਅਤੇ ਅਡਵਾਨੀ ਵਰਗੇ ਭਗਵੀਂ ਰਾਜਨੀਤੀ ਕਰਨ ਵਾਲੇ ਰਾਜਨੇਤਾ ਇੱਕ ਗੱਲ ਤੇ ਦ੍ਰਿੜ ਹਨ ਕਿ ਗੈਰ ਹਿੰਦੂਆਂ ਨੇ ਜੇਕਰ ਭਾਰਤ ਵਿਚ ਵਸਣਾਂ ਹੈ ਤਾਂ ਉਹਨਾਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਬਣ ਕੇ ਰਹਿਣਾਂ ਪਵੇਗਾ। ਭਾਰਤੀ ਘੱਟ ਗਿਣਤੀਆਂ ਜੇਕਰ ਭਗਵੀਂ ਰਾਜਨੀਤੀ ਦੇ ਖਤਰੇ ਨੂੰ ਨਹੀਂ ਸਮਝਦੀਆਂ ਤਾਂ ਇਸ ਤੋਂ ਵੱਡੀ ਉਹਨਾਂ ਦੀ ਬਦਕਿਸਮਤੀ ਕੀ ਹੋ ਸਕਦੀ ਹੈ।
ਭਾਰਤੀ ਰਾਜਨੀਤੀ ਵਿਚ ਸਭ ਤੋਂ ਖਤਰਨਾਕ ਉਹ ਸਿਆਸਤਦਾਨ ਹਨ ਜਿਹਨਾਂ ਨੇ ਕਿ ਸਿੱਧੇ ਜਾਂ ਅਸਿੱਧੇ ਤੌਰ ਤੇ ਪੈਸੇ ਅਤੇ ਭਗਵਾਨ ਨੂੰ ਜੱਫਾ ਮਾਰਿਆ ਹੋਇਆ ਹੈ। ਨਾਂ ਕੇਵਲ ਬਾਬਾ ਰਾਮ ਦੇਵ ਸਗੋਂ ਪੂਰੀ ਦੀ ਪੂਰੀ ਭਗਵੀਂ ਭ੍ਰਿਗੇਡ ਮੋਦੀ ਦੀ ਪਿੱਠ ਤੇ ਖੜ੍ਹੀ ਹੈ। ਮੁਕੇਸ਼ ਅੰਬਾਨੀ ਵਰਗੇ ਧਨ ਕੁਬੇਰਾਂ ਦਾ ਵੀ ਇਹਨਾਂ ਲੋਕਾਂ ਨੂੰ ਥਾਪੜਾ ਹੈ। ਦੂਸਰੇ ਪਾਸੇ ਡਾ: ਮਨਮੋਹਣ ਸਿੰਘ ਵਰਗੇ ਨਿਹਾਇਤ ਹੀ ਸ਼ਰੀਫ ਸਮਝਿਆ ਜਾਂਦਾ ਵਿਅਕਤੀ ਆਪਣੀ ਹੀ ਪਾਰਟੀ ਵਿਚ ਅਣਗਿਣਤ ਲੋਕਾਂ ਵਲੋਂ ਭ੍ਰਿਸ਼ਟਾਚਾਰ ਦੀ ਲੁੱਟ ਨੂੰ ਰੋਕਣੋ ਅਸਮਰਥ ਹੈ ਅਤੇ ਸਿੱਖਾਂ ਦੇ ਕਾਤਲ ਕਾਂਗਰਸੀ ਆਗੂਆਂ ਖਿਲਾਫ ਉਹ ਕੁਝ ਨਾ ਕਰ ਸਕਿਆ। ਰਹੀ ਗੱਲ ਪ੍ਰਕਾਸ਼ ਸਿੰਘ ਬਾਦਲ ਦੀ ਉਸ ਦੇ ਆਪਣੇ ਮਨਿਸਟਰਾਂ ਤੇ ਡਰੱਗ ਅਤੇ ਭ੍ਰਿਸ਼ਟਾਚਾਰ ਦੇ ਸੰਗੀਨ ਦੋਸ਼ ਹਨ। ਸੂਬੇ ਵਿਚ ਕੈਂਸਰ, ਦਮਾਂ, ਨਸ਼ਾ, ਪੀਲੀਆ,ਏਡਜ਼, ਬੇਰੁਜ਼ਗਾਰੀ ਅਤੇ ਪੁਲਿਸ ਦੇ ਜ਼ੁਰਮ ਸਿੱਖਰ ਤੇ ਹਨ। ਸ: ਬਾਦਲ ਇਹ ਕਹਿ ਰਹੇ ਹਨ ਕਿ ਉਹ ਪੰਜਾਬ ਨੂੰ ਕੈਲੇਫੋਰਨੀਆਂ ਬਣਾ ਦੇਣਗੇ ਜਦ ਕਿ ਦੇਸ਼ ਭਰ ਵਿਚੋਂ ਅੱਵਲ ਆਉਣ ਵਾਲਾ ਪੰਜਾਬ ਹੁਣ ਤਰੱਕੀ ਦੇ ਅਖੀਰਲੇ ਡੰਡੇ ਤੇ ਆ ਡਿੱਗਿਆ ਹੈ। ਮੰਤਰੀਆਂ ਅਤੇ ਸੰਤਰੀਆਂ ਤੇ ਭ੍ਰਿਸ਼ਟਚਾਰ ਅਤੇ ਡਰੱਗ ਤਸਕਰੀ ਦੇ ਦੋਸ਼ ਆਮ ਹਨ। ਹੋਰ ਤਾਂ ਹੋਰ ਸੁਖਬੀਰ ਬਾਦਲ ਦੇ ਸਾਲੇ ਪੰਜਾਬ ਦੇ ਮਾਲ ਮੰਤ੍ਰੀ ਦਾ ਨਾਮ ਡਰੱਗ ਤਸਕਰੀ ਵਿਚ ਆ ਰਿਹਾ ਹੈ। ਆਏ ਦਿਨ ਪੰਜਾਬ ਪੁਲਸ ਦੀ ਬੁਰਛਾਗਰਦੀ ਦੀਆਂ ਘਟਨਾਵਾਂ ਵੀ  ਹੁੰਦੀਆਂ ਰਹਿੰਦੀਆਂ ਹਨ ਅਤੇ ਹੁਣੇ ਹੁਣੇ ਪੁਲਸ ਦੇ ਤਸ਼ੱਦਦ ਦੀ ਝਾਲ ਨਾਂ ਝਲਦਾ ਇੱਕ ਕਿਸਾਨ ਦਮ ਤੋੜ ਗਿਆ ਹੈ। ਸਰਕਾਰ ਵਲੋਂ ਧਰਮੀ ਫੋਜੀਆਂ, ਕਿਸਾਨਾਂ ਅਤੇ ਹੱਕ ਮੰਗਦੇ ਮੁਲਾਜ਼ਮਾਂ ਨੂੰ ਧੱਕੇ ਮਾਰੇ ਜਾ ਰਹੇ ਹਨ ਜਦ ਕਿ ਚੋਰਾਂ ਯਾਰਾਂ ਦੇ ਲੱਲੂ ਲੱਗੇ ਹੋਏ ਹਨ।
ਆਪਣੇ ਜੱਦੀ ਪੁਸ਼ਤੀ ਸੁਭਾ ਵਾਂਗ ਬਾਦਲਕਿਆਂ ਨੇ ਮੋਦੀ ਦੀ ਰੈਲੀ ਸਮੇਂ ਠੇਕਿਆਂ ਤੇ ਸਪੀਕਰਾਂ ਰਾਹੀਂ ਹੋਕੇ ਦੇ ਕੇ ਸ਼ਰਾਬ ਵਰਤਾਈ ਅਤੇ ਪੰਡਾਲ ਚੋਂ ਪਾਣੀ ਕੱਢਣ ਲਈ ਬਾਲ ਮਜ਼ਦੂਰੀ ਕਰਵਾਈ। ਸੂਬੇ ਵਿਚ ਮੁਲਾਜ਼ਮ ਆਏ ਦਿਨ ਸੜਕਾਂ ਤੇ ਆ ਕੇ ਸਰਕਾਰ ਦਾ ਪਿੱਟ ਸਿਆਪਾ ਕਰਦੇ ਹਨ ਜਦ ਕਿ ਅਜੇਹੀਆਂ ਰੈਲੀਆਂ ਤੇ ਪਾਣੀ ਵਾਂਗ ਪੈਸਾ ਰੋੜ੍ਹਿਆ ਜਾਂਦਾ ਹੈ ਅਤੇ ਸਰਕਾਰੀ ਵਾਹਨਾਂ ਦੀ ਨਜਾਇਜ਼ ਵਰਤੋਂ ਕੀਤੀ ਜਾਂਦੀ ਹੈ। ਸਭ ਤੋਂ ਸੰਗੀਨ ਦੋਸ਼ ਹੈ ਸ਼੍ਰੋਮਣੀ ਕਮੇਟੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਵਰਗੀਆਂ ਅਹਿਮ ਸਿੱਖ ਸੰਸਥਾਵਾਂ ਨੂੰ ਭ੍ਰਿਸ਼ਟ ਰਾਜਨੀਤੀ ਦੀਆਂ ਦੁਬੇਲ ਬਣਾ ਲੈਣਾਂ। ਲਿਫਾਫਿਆਂ ਚੋਂ ਨਿਕਲੇ ਜਥੇਦਾਰ ਇਸ ਨੀਵੀਂ ਤੋਂ ਨੀਵੀਂ ਗਰਕ ਰਹੀ ਰਾਜਨੀਤੀ ਦੀ ਅੰਨ੍ਹੇ ਵਾਹ ਖੁਸ਼ਾਮਦ ਕਰਕੇ ਅਤੇ ਤਲ ਚੱਟ ਕਰਕੇ ਆਪਣੀ ਦਿਨ ਕਟੀ ਕਰ ਰਹੇ ਹਨ। ਪੰਜਾਬ ਦਾ ਅਖੋਤੀ ਸੰਤ ਸਮਾਜ ਵੀ ਰਾਜਨੀਤੀ ਦੀ ਲਾਰ ਚੱਟਣ ਤਕ ਸੀਮਤ ਹੋ ਕੇ ਰਹਿ ਗਿਆ ਹੈ।

         ਅਮੀਰ ਆਦਮੀ ਦੇ ਦਰ ਦਾ, ਅਜੇ ਮੁਹਤਾਜ ਹੈ ਮਜ਼ਹਬ

 

         ਅਜੇ ਮੁੱਲਾਂ ਦੇ ਫਤਵੇ ਵਿਚ, ਸ਼ਰੀਅਤ ਰੋਜ਼ ਵਿਕਦੀ ਏ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.