ਕੈਟੇਗਰੀ

ਤੁਹਾਡੀ ਰਾਇ



ਕੁਲਵੰਤ ਸਿੰਘ ਢੇਸੀ
ਮੋਦੀ ਦੇ ਵਿਕਾਸ ਅਤੇ ਦੇਸ਼ ਭਗਤੀ ਦਾ ਭਾਂਡਾ ਚੌਰਾਹੇ ਟੁੱਟ ਗਿਆ
ਮੋਦੀ ਦੇ ਵਿਕਾਸ ਅਤੇ ਦੇਸ਼ ਭਗਤੀ ਦਾ ਭਾਂਡਾ ਚੌਰਾਹੇ ਟੁੱਟ ਗਿਆ
Page Visitors: 2770

 ਮੋਦੀ ਦੇ ਵਿਕਾਸ ਅਤੇ ਦੇਸ਼ ਭਗਤੀ ਦਾ ਭਾਂਡਾ ਚੌਰਾਹੇ ਟੁੱਟ ਗਿਆ
 ਵੇਖਣਗੇ ਉਹ ਬਾਜ਼ ਦੀ ਕਿੱਦਾਂ ਝਪਟ ਨਕਾਰਾ ਕਰਨੀ ਹੈ,ਤਲੀਆਂ ਤੇ ਚਿੜੀਆਂ ਦੇ ਮਾਸ ਦਾ ਚੋਗ ਚੁਗਾ ਕੇ ਵੇਖਣਗੇ।
           ਮਾਰੂਥਲ ਜਿਹੇ ਪਿੰਡੇ ਸਾਡੇ ਕਿੰਨੇ ਕੰਡੇ ਜਰਦੇ ਨੇ, ਸਾਡੇ ਘਰ ਦੇ ਬੂਹੇ ਅੱਗੇ ਥੋਹਰਾਂ ਲਾ ਕੇ ਵੇਖਣਗੇ।

 ਜਾਗ ਮਨ ਜਾਗਣ ਦਾ ਵੇਲਾ
ਮੋਦੀ ਦੇ ਵਿਕਾਸ ਅਤੇ ਦੇਸ਼ ਭਗਤੀ ਦਾ ਭਾਂਡਾ ਚੌਰਾਹੇ ਟੁੱਟ ਗਿਆ
ਭਾਰਤ ਮਾਤਾ ਦੇ ਥਣਾਂ ਨੂੰ ਚੂੰਡ ਲਿਆ ਇਹਨਾ ਜੋਕਾਂ ਨੇ
    ਹੁਣ ਨਿਜਾਤ ਦਾ ਫੈਸਲਾ ਕਰਨਾ ਹੈ ਲੋਕਾਂ ਨੇ

ਕੁਲਵੰਤ ਸਿੰਘ ਢੇਸੀ
kulwantsinghdhesi@hotmail.com
ਭਾਜਪਾ ਦੇ ਵੱਡੇ ਹਿਮਾਇਤੀ ਬਾਬਾ ਰਾਮ ਦੇਵ ਅਤੇ ਉਸ ਦੀ ਸੰਤ ਮੰਡਲੀ ਪਿਛਲੇ ਲੰਬੇ ਸਮੇਂ ਤੋਂ ਇਹ ਅੰਧਾ ਧੁੰਦ ਪ੍ਰਚਾਰ ਕਰ ਰਹੀ ਹੈ ਕਿ ਪਿਛਲੇ 60 ਸਾਲ ਦੇ ਲੰਬੇ ਸਮੇਂ ਵਿਚ ਕਾਂਗਰਸ ਦੇ ਭ੍ਰਿਸ਼ਟਾਚਾਰ ਨੇ ਦੇਸ਼ ਨੂੰ ਖਾ ਲਿਆ ਹੈ ਅਤੇ ਹੁਣ ਵੇਲਾ ਹੈ ਕਿ ਨਰਿੰਦਰ ਮੋਦੀ ਵਰਗੇ ਬੰਦੇ ਨੂੰ ਦੇਸ਼ ਦਾ ਰਾਜ ਸੰਘਾਸਨ ਸੌਂਪ ਕੇ ਭਗਵੀਂ ਬ੍ਰਿਗੇਡ ਦੇ ਸੁਪਨਿਆਂ ਨੂੰ ਅੰਤਮ ਰੂਪ ਦਿੱਤਾ ਜਾਵੇ। ਇਸ ਕਾਰਜ ਵਿਚ ਬਾਬਾ ਰਾਮ ਦੇਵ ਨੇ ਸਵਿਟਜ਼ਰਲੈਂਡ ਦੀਆਂ ਬੈਂਕਾਂ ਵਿਚ ਭਾਰਤੀ ਸਿਆਸਤਦਾਨਾਂ ਅਤੇ ਡੌਨਾਂ ਦੇ ਦੱਬ ਹੋਏ ਧਨ ਦੇ ਅੰਕੜਿਆਂ ਨੂੰ ਵਾਰ ਵਾਰ ਦੁਹਰਾਇਆ ਹੈ। ਉਸ ਵਲੋਂ ਕੇਵਲ ਅਤੇ ਕੇਵਲ ਭਾਜਪਾ ਨੂੰ ਹੀ ਦੇਸ਼ ਭਗਤ ਅਤੇ ਇਮਾਨਦਾਰ ਪਾਰਟੀ ਵਜੋਂ ਪ੍ਰਚਾਰਿਆ ਜਾਂਦਾ ਹੈ ਹਾਲਾਂ ਕਿ ਭਿ੍ਸ਼ਟਾਚਾਰ ਵਿਰੋਧੀ   " ਲੋਕ ਪਾਲ ਬਿੱਲ "  ਦਾ ਵਿਰੋਧ ਕਰਨ ਲਈ ਭਾਜਪਾ ਨੇ ਕਾਂਗਰਸ ਦਾ ਸਾਥ ਦਿੱਤਾ ਜਿਸ ਕਾਰਨ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਹਕੂਮਤ ਵੀ ਡਿੱਗ ਪਈ ਕਿਓਂਕਿ ਦਿੱਲੀ ਵਿਚ ਸ਼੍ਰੀ ਕੇਜਰੀਵਾਲ ਕਾਂਗਰਸ ਦੀ ਰਾਜਨੀਤਕ ਹਿਮਾਇਤ ਤੇ ਖੜ੍ਹੇ ਸਨ। ਹੁਣੇ ਹੁਣੇ ਸ਼੍ਰੀ ਕੇਜਰੀਵਾਲ ਨੇ ਜਿਥੇ ਨਰਿੰਦਰ ਮੋਦੀ ਦੇ ਜਾਅਲੀ ਵਿਕਾਸ ਦਾ ਭਾਂਡਾ ਸਰੇ ਬਜ਼ਾਰ ਤੋੜਿਆ ਹੈ ਉਥੇ ਉਸ ਨੇ ਭਾਜਪਾਈ ਆਗੂਆਂ ਦੇ ਸਰਮਾਏਦਾਰ ਡੌਨਾਂ ਨਾਲ ਜੁੜੇ ਤਾਰਾਂ ਦਾ ਖੁਲਾਸਾ ਕਰਕੇ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਕਿਸ ਹੱਦ ਤਕ ਭ੍ਰਿਸ਼ਟ ਅਤੇ ਧੋਖਾਦੇਹੀ ਵਾਲੇ ਫਿਰਕਾ ਪ੍ਰਸਤ ਲੋਕ ਹਨ।
ਨਵੇਂ ਇੰਕਸ਼ਾਫਾਂ ਵਿਚ ਸ਼੍ਰੀ ਕੇਜਰੀਵਾਲ ਨੇ ਦੋਸ਼ ਲਾਇਆ ਹੈ ਕਿ ਨਰਿੰਦਰ ਮੋਦੀ ਤਾਂ ਕਾਰਪੋਰੇਟ ਜਗਤ ਦੇ ਸਰਬੋ ਸਰਬਾ ਮੁਕੇਸ਼ ਅੰਬਾਨੀ ਅਤੇ ਅਦਾਨੀ ਵਰਗੀਆਂ ਕੰਪਨੀਆਂ ਦੇ ਦਲਾਲ ਹਨ। ਮੋਦੀ ਦੇ ਪ੍ਰਚਾਰ ਦੌਰਿਆਂ ਵਿਚ ਹੈਲੀਕਾਪਟਰ ਤੋਂ ਲਾ ਕੇ ਸਾਰੇ ਖਰਚੇ ਇਹ ਸ਼ਕਤੀਆ ਹੀ ਕਰ ਰਹੀਆ ਹਨ। ਅੱਜ ਆਮ ਲੋਕ ਇਹ ਨਹੀਂ ਸਮਝਦੇ ਕਿ ਗੁਜਰਾਤ ਵਿਚੋਂ ਸਿੱਖ ਕਿਸਾਨਾਂ ਨੂੰ ਕਿਓਂ ਉਜਾੜਿਆ ਜਾ ਰਿਹਾ ਹੈ ਅਤੇ ਉਹਨਾਂ ਦੀਆਂ ਜ਼ਮੀਨਾਂ ਹੜੱਪਣ ਪਿਛੇ ਮੋਦੀ ਦੀ ਜਾਂ ਭਾਜਪਾ ਦੀ ਕੀ ਸਾਜਸ਼ ਹੈ। ਜਿਹਨਾਂ 5000 ਸਿੱਖ ਕਿਸਾਨਾਂ ਨੂੰ ਉਜਾੜ ਕੇ ਇੱਕ ਲੱਖ ਦੇ ਕਰੀਬ ਏਕੜ ਜ਼ਮੀਨ ਨੂੰ ਹੜੱਪਣ ਦੀ ਮੋਦੀ ਦੀ ਸਾਜਸ਼ ਹੈ ਉਹ ਅਸਲ ਵਿਚ ਭਵਿੱਖ ਵਿਚ ਗੁਜਰਾਤ ਦੀ ਸਭ ਤੋਂ ਮਹਿੰਗੀ ਬਣਨ ਵਾਲੀ ਜ਼ਮੀਨ ਹੈ ਜਿਸ ਦੇ ਲਿੰਕ ਸੀ ਪੋਰਟ ਨਾਲ ਬਣਾਕੇ ਉਸ ਨੂੰ ਕਾਰਪੋਰੇਟ ਜਗਤ ਦੇ ਮੁਨਾਫੇ ਲਈ ਇੱਕ ਹੌਲੀਡੇ ਰੀਸੋਰਟ ਵਜੋਂ ਉਭਾਰਨ ਦੀਆਂ ਲੰਬੀਆਂ ਸਕੀਮਾਂ ਹਨ। ਕਾਰਪੋਰੇਟ  ਜਗਤ ਦੇ ਅੰਬਾਨੀਆਂ ਅਤੇ ਅਦਾਨੀਆਂ ਵਲੋਂ ਦੇਸ਼ ਵਿਚ ਗੈਸ ਸਪਲਾਈ ਦੇ ਏਕਾਅਧਿਕਾਰ ਦਾ ਖੁਲਾਸਾ ਵੀ ਪਹਿਲਾਂ ਹੋ ਚੁੱਕਾ ਹੈ ਅਤੇ ਹੁਣ ਉਹਨਾਂ ਦੇ ਰਾਹ ਦਾ ਅੜਿੱਕਾ ਛੋਟੇ ਉਦਯੋਗ ਵੀ ਤੇਜੀ ਨਾਲ ਹਟਾਏ ਜਾ ਰਹੇ ਹਨ।
ਅਸਲ ਵਿਚ ਭਾਰਤ ਦੀ ਦੋ ਸੀਟਾਂ ਦੀ ਭਾਜਪਾ ਦੀ ਰਾਜਨੀਤੀ ਨੂੰ ਹੁਣ ਜਦੋਂ ਰਾਮ ਮੰਦਰ ਵਰਗਾ ਮੁੱਦਾ ਟਿਕਦਾ ਨਜ਼ਰ ਨਾਂ ਆਇਆ ਤਾਂ ਉਹਨਾਂ ਨੇ ਜਨਤਾ ਵਿਰੋਧੀ ਦੋ ਮੁੱਦਿਆਂ ਤੇ ਤੇਜੀ ਨਾਲ ਕੰਮ ਕਰਕੇ ਦੇਸ਼ ਦੀ ਵਾਗ ਡੋਰ ਸੰਭਾਲਣ ਲਈ ਟਿੱਲ ਲਾ ਦਿੱਤਾ ਹੈ। ਇਸ ਵਾਰ ਭਾਜਪਾ ਨੇ ਸਿੱਧੇ ਸਿੱਧੇ ਰਾਮ ਮੰਦਰ ਨੂੰ ਨਾਂ ਉਭਾਰ ਕੇ ਮੁਸਲਮਾਨਾਂ ਅਤੇ ਘੱਟਗਿਣਤੀਆਂ ਦੇ ਵਿਰੋਧੀ ਨਰਿੰਦਰ ਮੋਦੀ ਦੇ ਅਕਸ ਨੂੰ ਉਭਾਰ ਕੇ ਦੇਸ਼ ਦੀ ਹਿੰਦੂ ਵੋਟ ਨੂੰ ਕੈਸ਼ ਕਰਨ ਦੀ ਕੋਸ਼ਿਸ਼ ਕਰਨੀ ਸ਼ੁਰੂ ਕੀਤੀ ਹੋਈ ਹੈ। ਇਸ ਮਕਸਦ ਲਈ ਭਾਰਤ ਦੇ ਕਾਰਪੋਰੇਟ ਅਸਰ ਹੇਠ ਸਾਰਾ ਹੀ ਮੀਡੀਆ ਕੋਰੇ ਝੂਠ ਦਾ ਸਹਾਰਾ ਵੀ ਲੈ ਰਿਹਾ ਹੈ। ਇਹ ਮੀਡੀਆ ਮੋਦੀ ਨੂੰ ਵਿਕਾਸ ਦੇ ਮਸੀਹੇ ਵਜੋਂ ਉਭਾਰ ਰਿਹਾ ਹੈ ਜਦ ਕਿ ਸੱਚ ਤਾਂ ਇਹ ਹੈ ਕਿ ਵਿਕਾਸ ਦੇ ਇਸ ਗਰਾਫ ਸਬੰਧੀ ਦੇਸ਼ ਦੇ ਵੱਡੇ ਰਾਜਾਂ ਵਿਚ ਗੁਜਰਾਤ ਦਾ ਸਤਾਰਵਾਂ ਨੰਬਰ ਹੈ। ਇਸ ਦੇ ਨਾਲ ਨਾਲ ਸਾਖਰਤਾ ਦੇ ਮਾਮਲੇ ਵਿਚ ਕਿਹਾ ਜਾਂਦਾ ਹੈ ਕਿ ਸੱਤਰ ਫੀ ਸਦੀ ਦਲਿਤ ਗੁਜਰਾਤੀ ਲੜਕੀਆਂ ਤਾਂ ਮਿਡਲ ਤੱਕ ਵੀ ਨਹੀਂ ਪਹੁੰਚ ਪਾਉਂਦੀਆਂ ਇਸੇ ਤਰਾਂ ਬੱਚਿਆਂ ਦੇ ਕੁਪੋਸ਼ਣ, ਔਰਤਾਂ ਦੀ ਯੌਨ ਹਿੰਸਾ ਅਤੇ ਬਲਾਤਕਾਰ ਆਦਿ ਦੇ ਗੁਜਰਾਤੀ ਅੰਕੜੇ ਸ਼ਰਮਨਾਕ ਹਨ ਪਰ ਤਾਂ ਵੀ ਭਾਰਤ ਦਾ ਮੀਡੀਆ ਤਾਂ ਇੰਦਰਾਂ ਵਾਂਗ ਹੀ ਮੋਦੀ ਨੂੰ ਵੀ ‘ਮੋਦੀ ਇਜ਼ ਇੰਡੀਆਂ ਅਤੇ ਇੰਡੀਆ ਇਜ਼ ਮੋਦੀ’ ਪ੍ਰਚਾਰਨ ਲਈ ਦਿਨ ਰਾਤ ਇੱਕ ਕਰ ਰਿਹਾ ਹੈ।
ਗੁਜਰਾਤ ਵਿਚ ਮੁਸਲਮਾਨਾਂ ਦੇ ਕਤਲਾਂ ਅਤੇ ਸਿੱਖ ਕਿਸਾਨਾਂ ਦੇ ਉਜਾੜੇ ਨੂੰ ਲੈ ਕੇ ਮੋਦੀ ਦੀ ਜੋ ਛਵੀ ਮੁਸਲਮਾਨ ਅਤੇ ਘੱਟ ਗਿਣਤੀਆਂ ਵਿਰੋਧੀ ਬਣੀ ਹੋਈ ਹੈ ਕੇਵਲ ਅਤੇ ਕੇਵਲ ਇਸੇ ਅਧਾਰ ਤੇ ਉਹਨੂੰ ਹਿੰਦੂ ਜਨਤਾ ਦੇ ਆਗੂ ਵਜੋਂ ਉਭਾਰ ਕੇ ਭਾਜਪਾ ਅੱਜ ਵੀ ਰਾਮ ਮੰਦਰ ਵਾਂਗ ਫਿਰਕੂ ਪੱਤਾ ਖੇਡ ਰਹੀ ਹੈ। ਇਸ ਦੇ ਨਾਲ ਨਾਲ ਭਾਜਪਾ ਨੂੰ ਕਾਰਪੋਰੇਟ ਦੇ ਉਹਨਾਂ ਮਹਾਂਰਥੀਆਂ ਦੀ ਹਿਮਾਇਤ ਪ੍ਰਾਪਤ ਹੈ ਜੋ ਕਿ ਭਾਰਤੀ ਵੋਟਰ ਨੂੰ ਖ੍ਰੀਦਣ ਤਕ ਟਿੱਲ ਲਾਉਣਗੇ। ਹੁਣ ਇਹ ਸਮਝਣਾ ਵੀ ਅਸਾਨ ਹੋ ਜਾਵੇਗਾ ਕਿ ਪੰਜਾਬ ਦੇ ਕੁਨਬਾ ਪਰਵਰ ਅਤੇ ਧਨਾਡ ਆਗੂ ਸ: ਬਾਦਲ ਦੀ ਮੋਦੀ ਨੂੰ ਬੇਸ਼ਰਤ ਹਿਮਾਇਤ ਕਿਓਂ ਹੈ। ਬਾਦਲ ਦੇ ਆਪਣੇ ਘਰੇਲੂ ਮੰਤਰੀਆਂ ਦੀਆਂ ਤਾਰਾਂ ਡਰੱਗ ਰੈਕਟਾਂ ਨਾਲ ਜੁੜੀਆਂ ਹੋਈਆ ਹਨ ਅਤੇ ਬਾਦਲ ਦਾ ਦਲ ਵੀ ਲੈਂਡ ਗਰੈਬਰ ਅਤੇ ਮਨੀ ਗਰੈਬਰ ਅਨਸਰਾਂ ਦੀ ਪੁਸ਼ਤ ਪਨਾਹੀ ਕਰਕੇ ਕਾਰਪੋਰੇਟ ਜਗਤ ਦੀਆ ਅਸੀਸਾਂ ਹਾਸਲ ਕਰਨ ਵਾਲਾ ਗਰੋਹ ਬਣ ਕੇ ਰਹਿ ਗਿਆ ਹੈ। ਅੱਜ ਪੰਜਾਬ ਵਿਚ ਸਿੱਖਾਂ ਦੀਆ ਸ਼ਰੇਆਮ ਦਸਤਾਰਾਂ ਉਤਾਰੀਆ ਜਾ ਰਹੀਆਂ ਹਨ ਅਤੇ ਸੂਬੇ ਦਾ ਬੱਚਾ ਬੱਚਾ ਡਰੱਗ ਅਤੇ ਨਾਨਾ ਪ੍ਰਕਾਰ ਦੇ ਨਸ਼ਿਆਂ ਵਿਚ ਗਰਕ ਹੋ ਰਿਹਾ ਹੈ ਪਰ ਪੰਜਾਬ ਦੇ ਇਹ ਨੀਰੋ ਸੂਬੇ ਨੂੰ ਕੈਲੇਫੋਰਨੀਆਂ ਬਣਾਉਣ ਦੀ ਤਰਜ਼ ਦੀ ਬੰਸਰੀ ਵਜਾ ਕੇ ਲੋਕਾਂ ਨੂੰ ਮੂਰਖ ਬਣਾ ਰਹੇ ਹਨ।
ਅੱਜ ਲੋੜ ਹੈ ਕਿ ਨਾਂ ਕੇਵਲ ਪੰਜਾਬ ਸਗੋਂ ਸਮੁੱਚੇ ਦੇਸ਼ ਨੂੰ ਫਿਰਕਾ ਪ੍ਰਸਤ, ਕੁਨਬਾ ਪਰਵਰ, ਕਾਲੇ ਧਨ ਵਾਲੇ ਅਤੇ ਭ੍ਰਿਸ਼ਟ ਧਿਰਾਂ ਤੋਂ  ਬਚਾਅ ਕੇ ਸਾਫ ਸੁਥਰੀ ਛਵੀ ਵਾਲੇ ਆਗੂਆਂ ਨੂੰ ਅੱਗੇ ਲਿਆਂਦਾ ਜਾਵੇ। ਸ਼੍ਰੀ ਅਰਵਿੰਦ ਕੇਜਰੀਵਾਲ ਆਸ ਦੀ ਇਕ ਨਵੀਂ ਕਿਰਨ ਵਜੋਂ ਉਭਰ ਤਾਂ ਰਹੇ ਹਨ ਪਰ ਦੇਖਣਾਂ ਇਹ ਹੈ ਕਿ ਦੇਸ਼ ਦੇ ਵੋਟਰ ਧਨਕੁਬੇਰਾਂ ਅਤੇ ਫਿਰਕਾਪ੍ਰਸਤਾਂ ਦੇ ਗੇੜ ਤੋਂ ਬਚਦੇ ਵੀ ਹਨ ਜਾਂ ਨਹੀਂ। ਪੰਜਾਬ ਵਿਚ ਰਾਜ ਭਾਗ ਦੀ ਦੂਸਰੀ ਟਰਮ ਹੰਢਾ ਰਹੇ ਬਾਦਲ ਦਲ ਨੂੰ ਤਾਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਵੀ ਨਸ਼ੇ ਅਤੇ ਕੈਸ਼ ਵੰਡ ਕੇ ਲੋਕਾਂ ਦੀਆ ਵੋਟਾਂ ਉਗਰਾਉਣ ਦਾ ਚਿਰਾਂ ਤੋਂ ਢੰਗ ਹੈ ਅਤੇ ਇਹ ਹੀ ਸੰਦ ਉਹ ਹੁਣ ਪਾਰਲੀਮਾਨੀ ਚੋਣ ਮੁਕਾਬਲੇ ਵਿਚ ਵੀ ਕਰੇਗਾ। ਇਹ ਤਾਂ ਹੁਣ ਵੋਟਰਾਂ ਤੇ ਹੈ ਨਿਰਭਰ ਹੈ ਕਿ ਕੀ ਉਹਨਾਂ ਨੇ ਆਪਣੇ ਬੱਚਿਆਂ ਲਈ ਭ੍ਰਿਸ਼ਟ, ਡਰੱਗੀ ਅਤੇ ਫਿਰਕੂ ਵਾਤਾਵਰਣ ਦੀ ਉਸਾਰੀ ਕਰਨੀ ਹੈ ਜਾਂ ਫਿਰ ਇਸ ਨੂੰ ਸਾਫ ਕਰਕੇ ਸਾਫ ਸੁਥਰੀ ਦੁਮੇਲ ਵਲ ਨੂੰ ਵਧਣਾਂ ਹੈ।

...............................................................੦.....................................................

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.