ਕੈਟੇਗਰੀ

ਤੁਹਾਡੀ ਰਾਇ



ਕੁਲਵੰਤ ਸਿੰਘ ਢੇਸੀ
ਤਾਲਿਬਾਨਾਂ ਵਾਂਗ ਹੀ ਮੋਦੀ ਲਈ ਵੀ ਖਤਰਾ ਬਣ ਰਹੇ ਕੱਟੜ-ਪੰਥੀ ਹਿੰਦੂ
ਤਾਲਿਬਾਨਾਂ ਵਾਂਗ ਹੀ ਮੋਦੀ ਲਈ ਵੀ ਖਤਰਾ ਬਣ ਰਹੇ ਕੱਟੜ-ਪੰਥੀ ਹਿੰਦੂ
Page Visitors: 2670

ਤਾਲਿਬਾਨਾਂ ਵਾਂਗ ਹੀ ਮੋਦੀ ਲਈ ਵੀ ਖਤਰਾ ਬਣ ਰਹੇ ਕੱਟੜ-ਪੰਥੀ ਹਿੰਦੂ
ਕੁਲਵੰਤ ਸਿੰਘ ਢੇਸੀ
ਜਦੋਂ ਤੋਂ ਅਮਰੀਕਾ ਵਿਚ ਅਲਕਾਇਦਾ ਵਲੋਂ ਟਵਿਨ ਟਾਵਰ ਡੇਗੇ ਗਏ ਉਦੋਂ ਤੋਂ ਕਈ ਇਸਲਾਮੀ ਦੇਸ਼ਾਂ ਦੀਆਂ ਮੁਸ਼ਕਲਾਂ ਵਿਚ ਤੇਜੀ ਨਾਲ ਵਾਧਾ ਹੋਇਆ ਹੈ ਅਤੇ ਇਹ ਗੱਲ ਕਿਥੇ ਜਾ ਕੇ ਰੁਕਣੀ ਹੈ ਇਸ ਬਾਰੇ ਫਿਲਹਾਲ ਕੁਝ ਵੀ ਨਹੀਂ ਕਿਹਾ ਜਾ ਸਕਦਾ ਪਰ ਇੱਕ ਗੱਲ ਨਿਸ਼ਚਿਤ ਹੈ ਕਿ ਇਸਾਈ ਧਰਮ ਅਤੇ ਇਸਲਾਮ ਦਰਮਿਆਨ ਗੁੱਝੇ ਰੂਪ ਵਿਚ ਇੱਕ ਆਲਮੀ ਜੰਗ ਛਿੜੀ ਹੋਈ ਹੈ ਜਿਸ ਦੀ ਕਿ ਆਉਣ ਵਾਲੇ ਦਿਨਾਂ ਵਿਚ ਤੇਜ ਹੋਣ ਦੀ ਸੰਭਾਵਨਾ ਹੈ। ਜਿਥੇ ਤਾਲਿਬਾਨੀ ਸੰਗਠਨ ਆਏ ਦਿਨ ਕੋਈ ਨਾਂ ਕੋਈ ਵਿਸਫੋਟ ਪੱਛਮੀ ਇਸਾਈ ਦੇਸ਼ਾਂ ਦੇ ਖਿਲਾਫ ਕਰਦੇ ਹਨ ਉਥੇ ਉਹ ਮੁਸਲਮਾਨਾਂ ਨੂੰ ਵੀ ਨਹੀਂ ਬਖਸ਼ਦੇ। ਤਾਲਿਬਾਨਾਂ ਨੇ ਪਾਕਿਸਤਾਨ (ਪਿਸ਼ਾਵਰ) ਦੇ ਆਰਮੀ ਸਕੂਲ ਵਿਚ ਜੋ ਧਮਾਕੇ ਕਰਕੇ ਮਾਸੂਮ ਮਾਰੇ ਹਨ ਉਹਨਾਂ ਤੋਂ ਇਹ ਸਿੱਧ ਹੁੰਦਾ ਹੈ ਕਿ ਉਹ ਆਪਣੀ ਸੋਚ ਤੋਂ ਬਾਹਰੇ ਹਰ ਇਨਸਾਨ ਨੂੰ ਕਾਫਰ ਸਮਝ ਕੇ ਮਾਰਨਾਂ ਜ਼ਰੂਰੀ ਸਮਝਦੇ ਹਨ ਅਤੇ ਦੁਨੀਆਂ ਵਿਚ ਤਾਲਿਬਾਨਾਂ ਦੀ ਸੋਚ ਤੇ ਫੁੱਲ ਚੜ੍ਹਾਉਣ ਵਾਲੇ ਮੁਸਲਮਾਨਾਂ ਦੀ ਕਮੀ ਨਹੀਂ ਹੈ ਜਦ ਕਿ ਅਗਾਂਹਵਧੂ ਸੋਚ ਰੱਖਣ ਵਾਲਾ ਹਰ ਮੁਸਲਮਾਨ ਉਹਨਾਂ ਨੂੰ ਸਿਰ ਫਿਰੇ ਅਤੇ ਜ਼ਾਲਮ ਵੀ ਕਹਿੰਦਾ ਹੈ। ਇਹਨਾ ਕੱਟੜਪੰਥੀਆਂ ਵਾਂਗ ਹੀ ਭਾਰਤ ਵਿਚ ਆਰ ਐਸ ਐਸ ਅਤੇ ਬੀ ਜੇ ਪੀ ਨਾਮੀ ਪਾਰਟੀਆਂ ਵਿਚ ਘੁਸੇ ਅਨੇਕਾਂ ਕੱਟੜਪੰਥੀ ਹੁਣ ਇਹ ਗੱਲ ਸ਼ਰੇਆਮ ਕਹਿਣ ਲੱਗ ਪਏ ਹਨ ਕਿ ਭਾਰਤ ਵਿਚ ਗੈਰ ਹਿੰਦੂ ਨੇ ਅਗਰ ਵਸਣਾਂ ਹੈ ਤਾਂ ਉਸ ਨੂੰ ਹਿੰਦੂ ਧਰਮ ਅਪਨਾਉਣਾਂ ਹੋਏਗਾ। ਐਸੇ ਆਗੂਆਂ ਖਿਲਾਫ ਅੱਜ ਦੀ ਤਾਰੀਖ ਵਿਚ ਭਾਰਤ ਵਿਚ ਕੋਈ ਵੀ ਅਪੀਲ ਜਾਂ ਵਕੀਲ ਨਹੀਂ ਹੈ ਅਤੇ ਉਹ ਜੋ ਮੂੰਹ ਆਇਆ ਉਹ ਬੋਲਦੇ ਹਨ।
ਜਦੋਂ ਮਨੁੱਖ ਧਰਮ ਦੇ ਨਾਮ ਤੇ ਹਲਕਦਾ ਹੈ ਤਾਂ ਇਹ ਪਹਿਲਾਂ ਦੂਜਿਆਂ ਨੂੰ ਕੱਟਦਾ ਹੈ ਅਤੇ ਫਿਰ ਆਪਣਿਆਂ ਨੂੰ ਵੀ ਵੱਢਣਾਂ ਸ਼ੁਰੂ ਕਰ ਦਿੰਦਾ ਹੈ। ਤਾਲਿਬਾਨਾਂ ਅਤੇ ਸੁੰਨੀ ਸ਼ੀਆ ਮੁਸਲਮਾਨਾਂ ਦਰਮਿਆਨ ਫਿਰਕੂ ਟਕਰਾਓ ਅਤੇ ਕਤਲੇਆਮ ਇਸ ਦੀਆਂ ਸਪੱਸ਼ਟ ਮਿਸਾਲਾਂ ਹਨ।  ਹੁਣ ਤਾਂ ਕੱਟੜਪੰਥੀ ਮੁਸਲਮਾਨਾਂ ਲਈ ਗੈਰ ਮੁਸਲਮਾਨ ਨੂੰ ਬਰਦਾਸ਼ਤ ਕਰਨਾਂ ਦਿਨੋ ਦਿਨ ਮੁਸ਼ਕਲ ਹੁੰਦਾ ਜਾ ਰਿਹਾ ਹੈ। ਇਹ ਟਕਰਾਓ ਹੁਣ ਹੋਰ ਤੇਜ ਹੋਣ ਵਾਲਾ ਹੈ ਕਿਓਂਕਿ ਮੁਕਾਬਲੇ ਦੀ ਧਿਰ ਵੀ ਮੁਸਲਮਾਨਾਂ ਨੂੰ ਸ਼ਰੇਆਮ ਲਲਕਾਰਨ ਲੱਗ ਪਈ ਹੈ। ਫਰਾਂਸ ਵਿਚ ਮੁਸਲਮਾਨਾਂ ਵਲੋਂ ਹੋਏ ਵਿਸਫੋਟ ਮਗਰੋਂ ‘ਚਾਰਲੀ ਹੈਬਡੋ’ ਨਾਮ ਦੀ ਪੱਤਰਕਾ ਦੇ ਦਫਤਰ ਤੇ ਹੋਏ ਹਮਲੇ ਨੇ ਜਦੋਂ 12 ਵਿਅਕਤੀ ਕਤਲ ਕਰ ਦਿੱਤੇ ਤਾਂ ਜਿਥੇ 40 ਦੇ ਕਰੀਬ ਇਸਾਈ ਮੁਲਕਾਂ ਦੇ ਰਾਜਸੀ ਅਤੇ ਧਾਰਮਕ ਮੁਖੀ ਪੈਰਸ ਵਲ ਦੌੜ ਪਏ। ਚੇਤੇ ਰਹੇ ਕਿ ਫਰਾਂਸ ਦਾ ਹਫਤਾਵਾਰੀ ਵਿਅੰਗ ਰਸਾਲਾ ਹੈਬਡ ਸ਼ਾਰਲੀ ਹਜ਼ਰਤ ਮੁਹੰਮਦ ਸਾਹਿਬ ਤੇ ਕਾਰਟੂਨ ਛਾਪਣ ਕਰਕੇ ਚਰਚਾ ਵਿਚ ਰਿਹਾ ਹੈ ਅਤੇ ਇਸ ਤੋਂ ਪਹਿਲਾਂ ਸੰਨ 2011 ਵਿਚ ਵੀ ਇਸ ਤੇ ਹਮਲਾ ਹੋ ਚੁੱਕਾ ਹੈ। ਇਹ ਪਰਚਾ ਖੱਬੇ ਪੱਖੀ ਸੁਰ ਦਾ ਹੋਣ ਕਾਰਨ ਸੱਜੇ ਪੱਖੀ ਉਲਾਰਾਂ ਭਾਵ ਕਿ ਕੈਥੋਲਿਕ, ਇਸਲਾਮ ਅਤੇ ਜੁਦਿਜ਼ਮ ‘ਤੇ ਆਪਣੇ ਚੁਟਕਲਿਆਂ, ਕਵਿਤਾਵਾਂ ਅਤੇ ਵਿਅੰਗਾਂ ਰਾਹੀਂ ਕਰਾਰੀ ਚੋਟ ਮਾਰਦਾ ਹੈ। ਆਪਣੇ ਕਵਰ ਤੇ ਜਦੋਂ ਇਸ ਨੇ ਵਿਵਾਦਤ ਨਵਾਲਕਾਰ ‘ਮਿਸ਼ੇਲ ਵਿਵੇਕ’ ਦੇ ਨਵੇਂ ਨਾਵਲ ਤੇ ਅਧਾਰਤ ਸੰਨ 2022 ਵਿਚ ਫਰਾਂਸ ਵਿਚ ਸੰਭਾਵੀ ਇਸਲਾਮੀ ਪਾਰਟੀ ਦੇ ਹੋ ਰਹੇ ਰਾਜ ਨੂੰ ਮੁਖ ਰੱਖਕੇ ਕਾਰਟੂਨ ਪੇਸ਼ ਕੀਤੇ ਤਾਂ ਕੱਟੜਪੰਥੀ ਮੁਸਲਮਾਨ ਮਰਨ ਮਾਰਨ ਤੇ ਹੋ ਗਏ। ਮੁਸਲਮਾਨ ਸ਼ਾਸ਼ਨ ਵਿਚ ਔਰਤਾਂ ਦੇ ਬੁਰਕਾ ਪਹਿਨਣ, ਆਦਮੀਆਂ ਦੇ ਇੱਕ ਤੋਂ ਵੱਧ ਵਿਆਹ ਅਤੇ ਵਿਦਿਆਲਿਆਂ ਵਿਚ ਕੁਰਾਨ ਪੜ੍ਹਾਉਣ ਦੇ ਮੁੱਦੇ ਤੇ ਵਿਅੰਗ ਕੱਸੇ ਗਏ ਸਨ। 3 ਨਵੰਬਰ 2011 ਦੇ ਆਪਣੇ ਕਵਰ ਤੇ ਚਾਰਲੀ ਹੈਬਡੋ ਨਾਮ ਦਾ ਇਹ ਰਸਾਲਾ ਆਪਣੇ ਨਾਮ ਨੂੰ ਵਿਗਾੜ ਕੇ ਸ਼ਰੀਆ ਹੈਬਡੋ ਲਿਖ ਕੇ ਭਕਾਨੇ ਦੀ ਸੁਰਖੀ ਲਾਉਂਦਾ ਹੋਇਆ ਲਿਖਦਾ ਹੈ ਕਿ, ‘ਹੰਡਰਡ ਲੈਸ਼ਜ਼ ਇਫ ਯੂ ਡੋਂਟ ਡਾਈ ਆਫ ਲੈਫਟਰ’ ! (100 lashes if you don't die of laughter)
ਤਿੰਨ ਨਵੰਬਰ ਦੀ ਤਰਜ਼ ਤੇ ਹੀ ੧੪ ਜਨਵਰੀ ਦੇ ਕਵਰ ਤੇ ‘ਆਈ ਐਮ ਚਾਰਲੀ’ ਦੇ ਨਾਅਰੇ ਨੂੰ ਮਿਡੀਏ ਅਤੇ ਬੋਲਣ ਦੀ ਅਜ਼ਾਦੀ ਵਜੋਂ ਪੇਸ਼ ਕਰਦਾ ਹੈ। ਆਉਣ ਵਾਲੇ ਦਿਨਾਂ ਵਿਚ ਇਸ ਮੁੱਦ ਤੇ ਕੀ ਹੋਣ ਵਾਲਾ ਹੈ ਇਸ ਲਈ ਹਰ ਦਾਨਸ਼ਮੰਦ ਫਿਰਕਮੰਦ ਹੈ।
ਆਓ ਹੁਣ ਦੇਖੀਏ ਕਿ ਜਦੋਂ ਭਾਜਪਾ ਦੇ ਪ੍ਰਧਾਨ ਨਰਿੰਦਰ ਮੋਦੀ ਨੇ ਭਾਰਤ ਵਿਚੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਅਤੇ ਕਾਲਾ ਧਨ ਵਾਪਸ ਲਿਆਉਣ ਦੇ ਨਾਅਰੇ ਲਾ ਕੇ ਪਾਰਲੀਮਾਨੀ ਚੋਣਾਂ ਜਿੱਤ ਲਈਆਂ ਤਾਂ ਉਸ ਜਿੱਤ ਨੇ ਆਰ ਐਸ ਐਸ ਅਤੇ ਭਾਜਪਾਈ ਨੇਤਾਵਾਂ ਤੇ ਕੀ ਅਸਰ ਕੀਤਾ। ਸਭ ਤੋਂ ਪਹਿਲਾਂ ਰਾਸ਼ਟਰੀਆ ਸੋਵਿਮ ਸੇਵਕ ਸੰਘ ਦੇ ਨੇਤਾ ਮੋਹਨ ਮਧੁਕਰ ਭਾਗਵਤ ਨੇ ਇਹ ਕਹਿਣਾਂ ਸ਼ੁਰੂ ਕੀਤਾ ਕਿ ਹਿੰਦੋਸਤਾਨ ਵਿਚ ਰਹਿਣ ਵਾਲਾ ਹਰ ਵਿਅਕਤੀ ਹਿੰਦੂ ਹੈ ਅਤੇ ਜਿਸ ਨੇ ਵੀ ਭਾਰਤ ਵਿਚ ਰਹਿਣਾਂ ਹੈ ਉਸ ਨੂੰ ਹਿੰਦੂ ਬਣ ਕੇ ਰਹਿਣਾਂ ਪਏਗਾ। ਮੋਹਨ ਭਾਗਵਤ ਦੀ ਮੁਰਾਦ ਹੈ ਭਾਰਤ ਦੇ ਹਰ ਸ਼ਹਿਰੀ ਨੂੰ ਹਿੰਦੂ ਧਰਮ ਦੀ ਪਨਾਹ ਵਿਚ ਆਉਣਾਂ ਪਏਗਾ। ਅਗਰ ਕੋਈ ਮੁਸਲਮਾਨ ਏਹੋ ਹੀ ਨਾਅਰਾ ਲਾ ਦਿੰਦਾ ਤਾਂ ਭਾਰਤ ਵਿਚ ਕਿਆਮਤ ਆ ਜਾਣੀ ਸੀ ਅਤੇ ਮੁਸਲਮਾਨਾਂ ਦੀ ਨਸਲਕੁਸ਼ੀ ਨਿਸ਼ਚਤ ਸੀ ਪਰ ਮੋਹਨ ਭਾਗਵਤ ਤੇ ਕਿਸੇ ਨੂੰ ਉਂਗਲ ਕਰਨ ਦੀ ਜੁਰਅਤ ਨਾ ਪਈ ਕਿਓਂਕਿ ਹਰ ਇਕ ਜਾਣਦਾ ਹੈ ਕਿ ਭਾਰਤੀ ਅਦਾਲਤੀ ਢਾਂਚਾ ਅਤੇ ਬਹੁਮਤ ਵਾਲਾ ਪ੍ਰਸ਼ਾਸਨ ਅੰਧਾਧੁੰਦ ਪੱਖਪਾਤੀ ਹੈ ਅਤੇ ਧਰਮ ਦੇ ਮੁੱਦੇ ਤੇ ਅੰਨ੍ਹਾ ਅਤੇ ਬੋਲਾ ਵੀ ਹੈ ।
ਮੋਹਨ ਭਾਗਵਤ ਦੇ ਬਿਆਨਾਂ ਦੇ ਨਾਲ ਹੀ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਵੀ ਗੋਲਾ ਦਾਗ ਦਿੱਤਾ ਕਿ ਭਾਰਤ ਵਿਚ ‘ਭਗਵਤ ਗੀਤਾ’ ਨੂੰ ਕੌਮੀ ਗ੍ਰੰਥ ਐਲਾਨਿਆਂ ਜਾਵੇ । ਇਸ ਦਾ ਸਿੱਧਾ-ਸਿੱਧਾ ਅਰਥ ਇਹ ਬਣਦਾ ਹੈ ਕਿ ਜਿਸ ਦੇਸ਼ ਦਾ ਕੌਮੀ ਗ੍ਰੰਥ ਇਕ ਵਿਸ਼ੇਸ਼ ਮਜ਼ਹਬ ਨਾਲ ਸਬੰਧ ਰੱਖਦਾ ਹੋਵੇ ਤਾਂ ਉਸ ਦੇਸ਼ ਦੇ ਵਾਸੀਆਂ ਲਈ ਵੀ ਉਹ ਧਾਰਮਕ ਗ੍ਰੰਥ ਹੋ ਨਿਬੜਦਾ ਹੈ ਜਦ ਕਿ ਸੱਚ ਇਹ ਹੈ ਕਿ ਜਿਵੇਂ ਹਿੰਦੂਆਂ ਲਈ ਗੀਤਾ ਜਾਂ ਰਮਾਇਣ ਧਾਰਮਕ ਗ੍ਰੰਥ ਹਨ ਤਿਵੇਂ ਹੀ ਇਸਾਈਆਂ ਲਈ ਬਾਈਬਲ, ਮੁਸਲਮਾਨਾਂ ਲਈ ਕੁਰਾਨ, ਸਿੱਖਾਂ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਇਵੇਂ ਹਰ ਧਰਮ ਨੂੰ ਆਪਣਾ ਗ੍ਰੰਥ ਪਿਆਰਾ ਹੈ। ਪਿਛਲੇ ਦਿਨੀ ਲਖਨਊ ਤੋਂ ਸਵਾਮੀ ਸਾਖਸ਼ੀ ਨੰਦ ਨਾਮ ਦੇ ਇੱਕ ਸਾਂਸਦ ਨੇ ਬਿਆਨ ਦੇ ਕੇ ਅੱਤ ਹੀ ਕਰ ਦਿਤੀ ਜਦ ਉਸ ਇਹ ਕਿਹਾ ਕਿ ‘ਹੁਣ ਇਸ ਦੇਸ਼ ਵਿਚ ਚਾਰ ਬੀਵੀਆਂ ਅੋਰ ਚਾਲੀ ਬੱਚੇ ਨਹੀਂ ਚਲੇਂਗੇ । ਗੱਦਾਰੋਂ ਕੋ ਇਸ ਦੇਸ਼ ਮੇਂ ਨਹੀਂ ਰਹਿਨੇ ਦੇਂਗੇ। ਗੌਵੰਸ਼ ਵਧ ਕਰਨੇ ਵਾਲੋਂ ਕੋ ਫਾਂਸੀ ਹੋਗੀ ।’  ਧਰਮ ਪਰੀਵਰਤਨ ਦੇ ਮੁੱਦੇ ਤੇ ਵੀ ਉਸ ਦੇ ਬਿਆਨ ਪੜ੍ਹਨ ਵਾਲੇ ਸਨ ਜਦ ਉਹ ਇਹ ਕਹਿੰਦਾ ਹੈ ਕਿ, ‘ਧਰਮ ਪਰੀਵਰਤਨ ਕੇ ਪੱਖ ਵਿਚ ਨਾਂ ਮੈਂ ਹੂੰ ਨਾਂ ਪਾਰਟੀ । ਇਸਕੇ ਖਿਲਾਫ ਕਠੋਰ ਕਾਨੂੰਨ ਆਉਣਾਂ ਚਾਹੀਏ। ਪਰ ਜਹਾਂ ਤਕ ਘਰ ਵਾਪਸੀ ਕਾ ਸਵਾਲ ਹੈ ਇਸ ਮੇਂ ਕਿਆ ਬੁਰਾਈ ਹੈ। ਯੇ ਤੋ ਅੱਛਾ ਕਾਮ ਹੈ। ਮਹਾਂਰਿਸ਼ੀ ਸਰਸਵਤੀ ਨੇ ਸਭਸੇ ਪਹਿਲੇ ਘਰ ਵਾਪਸੀ ਕਰਵਾਈ ਥੀ। ਘਰ ਵਾਪਸੀ ਅਥਵਾ ਸ਼ੁੱਧੀ ਕਰਨ ਤੋ ਪਹਿਲੇ ਵੀ ਚਲਤਾ ਆ ਰਹਾ ਹੈ ਅਤੇ ਆਗੇ ਵੀ ਚੱਲੇਗਾ ‘
ਸਾਖਸੀ ਨੰਦ ਦੇ ਇਸ ‘ਸੁਆਮੀ’ ਮੁਤਾਬਕ ਹਿੰਦੂਆਂ ਨੂੰ ਇਹ ਹੱਕ ਹੈ ਕਿ ਉਹ ਜਿਸ ਦਾ ਮਰਜ਼ੀ ਧਰਮ ਪਰੀਵਰਤਨ ਕਰ ਦੇਣ ਪਰ ਹੋਰ ਕਿਸੇ ਨੂੰ ਵੀ ਹੱਕ ਨਹੀਂ ਹੈ ਕਿ ਉਹ ਕਿਸੇ ਹਿੰਦੂ ਦਾ ਧਰਮ ਪਰੀਵਰਤਨ ਕਰਨ। ਘਰ ਵਾਪਸੀ ਤੋਂ ਉਸ ਦਾ ਭਾਵ ਇਹ ਹੈ ਕਿ ਸੱਤ ਸਦੀਆਂ ਦੀ ਗੁਲਾਮੀ ਦੋਰਾਨ ਜੋ ਹਿੰਦੂ ਮੁਸਲਮਾਨ ਜਾਂ ਇਸਾਈ ਬਣ ਗਏ ਉਹਨਾਂ ਦੀ ਔਲਾਦ ਨੂੰ ਹੁਣ ਘਰ ਵਾਪਸ ਆਉਣਾਂ ਪਏਗਾ ਭਾਵ ਕਿ ਹਿੰਦੂ ਧਰਮ ਵਿਚ ਲਿਆਉਣਾਂ ਹੋਏਗਾ। ਸਿੱਖਾਂ, ਬੋਧੀਆਂ ਅਤੇ ਜੈਨੀਆਂ ਨੂੰ ਤਾਂ ਪਹਿਲਾਂ ਹੀ ਭਾਰਤੀ ਸੰਵਿਧਾਨ ਹਿੰਦੂ ਧਰਮ ਦਾ ਅੰਗ ਮੰਨਦਾ ਹੈ ਇਸ ਕਰਕੇ ਇਹਨਾਂ ਦੀ ਵੱਖਰੀ ਹੋਂਦ ਤੇ ਵੀ ਭਾਜਪਾ ਸ਼ਾਸਨ ਕਾਲ ਵਿਚ ਭਾਰੀ ਪ੍ਰਸ਼ਨ ਚਿੰਨ੍ਹ ਲੱਗਣਗੇ। ਇਹ ਸੁਆਮੀ ਤਾਂ ਮੁਸਲਮਾਨਾਂ ਦੇ ਲਵ ਜਿਹਾਦ ਦਾ ਮੁਕਾਬਲਾ ਮੰਜੇ ਤੇ ਕਰਦਾ ਹੋਇਆ ਹਿੰਦੂਆਂ ਨੂੰ ਇਹ ਅਪੀਲ ਵੀ ਕਰਦਾ ਹੈ ਕਿ ਹਰ ਹਿੰਦੂ ਚਾਰ ਚਾਰ ਬੱਚੇ ਪੈਦਾ ਕਰੇ। ਮਹਾਤਮਾਂ ਗਾਂਧੀ ਦੇ ਕਾਤਲ ਨੱਥੂ ਰਾਮ ਗੌਡਸੇ ਨੂੰ ਇਹ ਦੇਸ਼ ਭਗਤ ਮੰਨਦਾ ਹੈ।
ਅੱਜ ਤਕ ਇਸ ਅਖੌਤੀ ਸੁਆਮੀ ਦੀ ਨਾਂ ਤਾਂ ਕੋਈ ਗ੍ਰਿਫਤਾਰੀ ਹੋਈ ਹੈ ਅਤੇ ਨਾ ਇਸ ਤੇ ਕੋਈ ਕੇਸ ਚੱਲਿਆ ਹੈ। ਲੋਕਾਂ ਦਾ ਮੂੰਹ ਪੂੰਝਣ ਲਈ ਭਾਜਪਾ ਨੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ ਜਿਸ ‘ਤੇ ਚਾਂਭਲ ਕੇ ਇਹ ਸੁਆਮੀ ਕਹਿੰਦਾ ਹੈ ਕਿ ਮੈਂ ਤਾਂ ਪੜ੍ਹਿਆ ਲਿਖਿਆ ਹਾਂ ਠੋਕ ਕੇ ਜਵਾਬ ਦਿਆਂਗਾ। ਇਸ ਸੁਆਮੀ ਦੀ ਪਿੱਠ ਠੋਕਣ ਲਈ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਲੀਡਰ ਸਾਧਵੀ ਪਰਾਚੀ ਨੇ ਵੀ ਬਿਆਨ ਦਾਗਿਆ ਹੈ ਕਿ ਸ਼ੇਰ ਦਾ ਬੱਚਾ ਇੱਕ ਨਹੀਂ ਸਗੋਂ ਸਾਨੂੰ ਚਾਰ ਚਾਰ ਬੱਚੇ ਪੈਦਾ ਕਰਕੇ ਇਕ ਸੀਮਾਂ ਤੇ ਭੇਜ ਦਿੱਤਾ ਜਾਵੇ, ਇੱਕ ਸੰਤਾਂ ਨੂੰ ਦੇ ਦਿੱਤਾ ਜਾਵੇ, ਇਕ  ਵਿਸ਼ਵ ਹਿੰਦੂ ਪ੍ਰੀਸ਼ਦ ਨੂ ਦੇ ਦਿੱਤਾ ਜਾਵੇ ਅਤੇ ਇੱਕ ਮਾਂ ਬਾਪ ਦੀ ਸੇਵਾ ਕਰੇ। ਇਸੇ ਤਰਾਂ ਹੀ ਬੀ ਜੇ ਪੀ ਆਗੂ ਸਾਧਵੀ ਨਿਰੰਜਨਾ ਜੋਤੀ ਦੇ ਬਿਆਨ ਵੀ ਸੁਰਖੀਆਂ ਵਿਚ ਰਹੇ ਹਨ। ਇਹਨਾ ਬਿਆਨਾਂ ਤੇ ਕਾਂਗਰਸ ਦੀ ਆਗੂ ਸ਼੍ਰੀ ਮਤੀ ਸ਼ੋਭਾ ਅੋਝਾ ਨੇ ਕਿਹਾ ਹੈ ਕਿ ਕੁਰਸੀ ਤੇ ਬੈਠਣ ਤੋਂ ਬਾਅਦ ਭਾਜਪਾ ਕੁਝ ਨਹੀਂ ਕਰ ਸਕੀ ਇਸ ਕਰਕੇ ਲੋਕਾਂ ਦਾ ਧਿਆਨ ਹੋਰ ਹੋਰ ਪਾਸੇ ਪਾਉਣ ਲਈ ਇਹ ਨੇਤਾ ਇਸ ਤਰਾਂ ਦੇ ਬਿਆਨ ਦੇ ਰਹੇ ਹਨ।
ਇੱਕ ਗੱਲ ਨਿਸ਼ਚਤ ਹੈ ਕਿ ਸਿਆਸੀ ਤਾਕਤ ਦਾ ਨਸ਼ਾ ਆਰ ਐਸ ਐਸ, ਵਿਸ਼ਵ ਹਿੰਦੂ ਪ੍ਰੀਸ਼ਦ, ਭਾਜਪਾ ਅਤੇ ਹੋਰ ਹਿੰਦੂ ਸੰਗਠਨਾ ਦੇ ਸਿਰ ਚੜ੍ਹ ਕੇ ਬੋਲਣ ਲੱਗ ਪਿਆ ਹੈ। ਇਸ ਤਰਾਂ ਦਾ ਨਸ਼ਾ ਕਿਸ ਸਮੇਂ ਹਲਕਾ ਦੀ ਸ਼ਕਲ ਇਖਤਿਆਰ ਕਰ ਲਵੇ ਇਸ ਬਾਰੇ ਅਜੇ ਕੁਝ ਕਿਹਾ ਤਾਂ ਨਹੀਂ ਜਾ ਸਕਦਾ ਪਰ ਇੱਕ ਗੱਲ ਪੱਕੀ ਹੈ ਕਿ ਇਹ ਲੋਕ ਭਾਰਤ ਵਿਚ ਧਾਰਮਕ ਇੱਕਸੁਰਤਾ ਲਈ ਬਹੁਤ ਵੱਡਾ ਖਤਰਾ ਹਨ। ਅਲਕਾਇਦਾ ਵਾਲੇ ਕੱਟੜਪੰਥੀ ਸੰਗਠਨ ਜੇਕਰ ਪਾਕਿਸਤਾਨ ਨੂੰ ਨਹੀਂ ਬਖਸ਼ਦੇ ਤਾਂ ਹਿੰਦੂ ਸੰਗਠਨਾਂ ਦੀ ਚੱਕੀ ਹੋਈ ਅੱਤ ਦਾ ਉਹ ਕਿਸੇ ਸਮੇਂ ਵੀ ਜਵਾਬ ਦੇ ਸਕਦੇ ਹਨ ਅਤੇ ਐਸੇ ਜਵਾਬ ਮਗਰੋਂ ਜੋ ਦੰਗੇ ਛਿੜਨੇ ਹਨ ਉਹਨਾ ਵਿਚ ਗਰੀਬ ਮੁਸਲਮਾਨ ਮਾਰਿਆ ਜਾਵੇਗਾ। ਚੰਗਾ ਤਾਂ ਇਹ ਹੀ ਹੋਏਗਾ ਕਿ ਇਸ ਚੰਗਿਆੜੀ ਦੇ ਭਾਂਬੜ ਬਣਨ ਤੋਂ ਪਹਿਲਾਂ ਭਾਰਤ ਦੀਆਂ ਸਾਰੀਆਂ ਘੱਟ ਗਿਣਤੀਆਂ ਇੱਕਮੁੱਠ ਹੋ ਕੇ ਇਸ ਦਾ ਮੁਕਾਬਲਾ ਕਰਨ। ਭਾਰਤ ਦੀ ਅਜ਼ਾਦੀ ਵਿਚ ਭਾਰਤ ਦੀਆਂ ਸਾਰੀਆਂ ਹੀ ਕੌਮਾਂ ਨੇ ਬਣਦਾ ਹਿੱਸਾ ਪਾਇਆ ਹੈ। ਸਿੱਖਾਂ ਦੀ ਖਾੜਕੂ ਕੌਮ ਨੇ ਭਾਵੇਂ ਆਪਣੇ ਵਿੱਤੋਂ ਵੱਧ ਕਿਤੇ ਹਿੱਸਾ ਪਾਇਆ ਹੈ ਅਤੇ ਸਿੱਖ ਪ੍ਰਤੀਨਿਧ ਅਕਾਲੀ ਦਲ ਦੀ ਬਾਜਪਾ ਨਾਲ ਸਾਂਝ ਵੀ ਹੈ ਪਰ ਪੰਜਾਬ ਦੇ ਵਿਕਾਸ ਤੇ ਭਾਜਪਾ ਤਾਂ ਕਾਂਗਰਸ ਨਾਲੋਂ ਕਿਤੇ ਵੱਧ ਕਮਜ਼ੋਰ ਸਾਬਤ ਹੋ ਰਹੀ ਹੈ ਜਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿਨ ਰਾਤ ਵਿਕਾਸ ਵਿਕਾਸ ਵਿਕਾਸ ਦਾ ਇਕ ਹੀ ਰਾਗ ਦਿਨ ਰਾਤ ਅਲਾਪ ਰਹੇ ਹਨ। ਅੱਜ ਸਿੱਖ ਕੈਦੀਆਂ ਦੇ ਮੁੱਦੇ ਤੇ ਵੀ ਸਿੱਖ ਬੇਤਹਾਸ਼ਾ ਖੱਜਲ ਖਵਾਰ ਹੋ ਰਹੇ ਹਨ ਜਦ ਕਿ ਮੋਦੀ ਅਤੇ ਬਾਦਲ ਦੇ ਕੰਨਾਂ ਤੇ ਜੂੰ ਤਕ ਨਹੀਂ ਸਰਕ ਰਹੀ।
ਹਿੰਦੂ ਸੰਗਠਨਾਂ ਦੇ ਹਲਕਾਊ ਤੇਵਰਾਂ ਤੋਂ ਜਾਪਦਾ ਹੈ ਕਿ ਉਹ ਭਾਜਪਾ ਨੂੰ ਗੱਦੀਓਂ ਲਾਹ ਕੇ ਹੀ ਦਮ ਲੈਣਗੇ ਪਰ ਚਿੰਤਾ ਵਾਲੀ ਗੱਲ ਹੈ ਕਿ ਇਹਨਾ ਦੇ ਮੁਕਾਬਲੇ ਤੇ ਵਿਰੋਧੀ ਸ਼ਕਤੀ ਬਿਖਰੀ ਹੋਈ ਹੈ।
ਸਾਡੀ ਤਾਂ ਖੂਬ ਬਣਨੀ ਸੀ ਖੁਦਾ ਕਰਕੇ ਦੁਆ ਕਰਕੇ, ਮਜ਼ਹਬ ਹੋ ਗਿਆ ਖਤਰਾ ਹੈ ਟੇਢੀ ਜਈ ਨਿਗ੍ਹਾ ਕਰਕੇ ।
ਸਿਫਾਰਸ਼ ਰਿਸ਼ਵਤਾਂ ਖੋਰੇ ਨੇ ਭਾਵੇਂ ਭਾਰਤੀ ਸਾਰੇ, ਦੀਵਾ ਬਾਲਕੇ ਕਰਦੇ ਨੇ ਤੌਬਾ ਹਰ ਖਤ਼ਾ ਕਰਕੇ।
ਪਤਾ ਹੋਵੇ ਕਿ ਮੁਨਸਿਫ ਨੇ ਸਹੀ ਨਹੀਂ ਫੈਸਲਾ ਕਰਨਾ, ਕਰੂ ਕੋਈ ਕੀ ਜਿਰ੍ਹਾ ਕਰਕੇ ਜਾਂ ਮੌਕੇ ਦੇ ਗਵਾਹ ਕਰਕੇ।
‘ਢੇਸੀ’ ਤੇ ਦੋਸ਼ ਹੈ ਮਿਲਦਾ ਹੈ ਨਿੱਤ ਕਾਫਰ ਮਲੇਸ਼ਾਂ ਨੂੰ, ਮਸੋਸੇ ਦਾਦ ਵੀ ਦਿੰਦੇ, ਸਭਾ ਦੇ ਵਿਚ ਜਦੋਂ ਕੜਕੇ।

http://www.jagran.com/news/state-every-hindu-create-five-children-11952277.html?src=p1

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.