ਕੈਟੇਗਰੀ

ਤੁਹਾਡੀ ਰਾਇ



ਰਘਬੀਰ ਸਿੰਘ ਮਾਨਾਂਵਾਲੀ
ਜਦੋਂ ਮੇਰੀ ਭੈਣ ਦੀ ਧਾਰਮਿਕ ਸ਼ਰਧਾ ਤਾਰ-ਤਾਰ ਹੋਈ ।
ਜਦੋਂ ਮੇਰੀ ਭੈਣ ਦੀ ਧਾਰਮਿਕ ਸ਼ਰਧਾ ਤਾਰ-ਤਾਰ ਹੋਈ ।
Page Visitors: 2651

ਜਦੋਂ ਮੇਰੀ ਭੈਣ ਦੀ ਧਾਰਮਿਕ ਸ਼ਰਧਾ ਤਾਰ-ਤਾਰ ਹੋਈ ।
ਮੇਰੀ ਛੋਟੀ ਭੈਣ ਪ੍ਰਭਜੋਤ ਕੌਰ ਢਿਲੋਂ ਮੁਹਾਲੀ ਵਿੱਚ ਰਹਿੰਦੀ ਹੈ। ਜਦੋਂ ਬੱਚਿਆਂ ਨੂੰ ਸਕੂਲੋਂ ਕੁਝ ਛੁੱਟੀਆਂ ਹੁੰਦੀਆਂ ਹਨ ਤਾਂ ਉਹ ਅਕਸਰ ਬੱਚਿਆਂ ਨੂੰ ਨਾਲ ਲੈ ਕੇ ਕਿਸੇ ਇਤਿਹਾਸਕ ਧਾਰਮਿਕ ਸਥਾਨ ‘ਤੇ ਘੁੰਮਣ ਚਲੇ ਜਾਂਦੀ ਹੈ। ਉਸ ਦਾ ਕਹਿਣਾ ਹੈ ਕਿ ‘ਬiੱਚਆਂ ਨੂੰ ਧਾਰਮਿਕ ਵਿਰਸੇ ਨਾਲ ਜੋੜੀ ਰੱਖਣ ਦਾ ਉਪਰਾਲਾ ਕਰ ਰਹੀ ਆਂ…।’
ਐਤਕੀਂ ਵੀ ਗਰਮੀਆਂ ਦੀਆਂ ਛੁੱਟੀਆਂ ਹੋਣ ਕਰਕੇ ਉਹ ਮੋਹਾਲੀ ਤੋਂ ਸਿੱਧੀ ਅੰਮ੍ਰਿਤਸਰ ਤੇ ਅੰਮ੍ਰਿਤਸਰ ਤੋਂ ਫਗਵਾੜੇ ਨਜ਼ਦੀਕ ਮੇਰੇ ਪਿੰਡ ਦੁਪਹਿਰ ਤਿੰਨ ਕੁ ਵਜੇ ਪਹੁੰਚ ਗਈ ਸੀ। ਮੈਂ ਉਸ ਵੇਲੇL ਆਪਣੇ ਖੂਹ ‘ਤੇ ਖੇਤੀਵਾੜੀ ਦੇ ਕੰਮ-ਕਾਰ ਵਿੱਚ ਰੁਝਾ ਹੋਇਆ ਸੀ। ਉਸ ਦੀ ਆਮਦ ਬਾਰੇ ਬੱਚਿਆਂ ਨੇ ਮੈਨੂੰ ਫੋਨ ‘ਤੇ ਦੱਸ ਦਿਤਾ ਸੀ। ਮੈਂ ਸ਼ਾਮੀ ਪੰਜ ਕੁ ਵਜੇ ਘਰ ਪੁੱਜਾ ਸੀ।
“ਹਾਂ…ਪ੍ਰਭਜੋਤ ਕਿਵੇਂ ਰਿਹੈ …ਤੇਰਾ ਇਸ ਵਾਰ ਅੰਬਰਸਰ ਦਾ ਟੂਰ…?” ਮੈਂ ਰਸਮੀਂ ਸਤਿ ਸ੍ਰੀ ਅਕਾਲ ਤੋਂ ਬਾਅਦ ਉਸਨੂੰ ਕਲLਾਵੇ ਵਿੱਚ ਲੈ, ਸਿਰ ‘ਤੇ ਪਿਆਰ ਦੇ, ਮੋਹ ਨਾਲ ਪੁੱਛਿਆ ਸੀ।
“ਬੱਸ… ਭਾਜੀ ਠੀਕ ਈ… ਈ…ਰਿਹਾ।” ਉਸ ਨੇ ਮੋਏ ਜਿਹੇ ਤਰਾਣ ਕਿਹਾ ਤਾਂ ਮੈਨੂੰ ਹੈਰਾਨੀ ਹੋਈ। “ਐਤਕਾਂ ਇਕ ਕੌੜਾ ਜਿਹਾ ਐਕਸਪੀਰੀਐਂਸ ਲੈ ਕੇ ਘਰ ਪਰਤੀ ਆਂ…।” ਪ੍ਰਭਜੋਤ ਨੇ ਦੋਵੇਂ ਹੱਥ ਜੋੜ ਮੱਥਾ ਟੇਕਣ ਦੀ ਮੁਦਰਾ ਵਿੱਚ ਅੱਖਾਂ ਮੀਚ ਪੂਰੀ ਸੰਜੀਦਗੀ ਨਾਲ ਮੈਨੂੰ ਐਂ ਕਿਹਾ ਜਿਵੇਂ ਕੋਈ ਕਿਸੇ ਤੋਂ ਪਿੱਛਾ ਛਡਾਅ ਚੁੱਕਣ ਤੋਂ ਬਾਅਦ ਐਕਸ਼ਨ ਜਿਹਾ ਕਰਦਾ ਹੈ।
“ਕੀ ਗੱਲ! ਪਰਸ ਗੁੰਮ ਗਿਆ ਜਾਂ ਕੱਢਿਆ ਗਿਆ। ਜਾਂ ਕੁਝ ਹੋਰ ਅਣਸੁਖਾਵਾਂ ਵਾਪਰ ਗਿਆ…?” ਮੈਂ ਹੈਰਾਨੀ ਵਿੱਚ ਪੁਛਿਆ, “ਹਾਂ ਦੱਸ ਫੇਅ, ਕਿਹੋ ਜਿਹਾ ਐਕਸਪੀਰੀਐਂਸ ਲੈ ਕੇ ਆਂਈ ਏ…?” ਉਹਦੇ ਕੌੜੇ ਐਸਪੀਰੀਐਂਸ ਨੂੰ ਜਾਨਣ ਲਈ ਮੇਰੀ ਉਤਸੁਕਤਾ ਵੱਧ ਰਹੀ ਸੀ।
“ਤੁਸੀਂ ਭੈਣ ਜੀ ਖੁਲ੍ਹ ਕੇ ਦੱਸੋ ਕਿ ਟੂਰ ਚੰਗਾ ਰਿਹਾ ਜਾਂ ਮਾੜਾ…?” ਮੇਰੀ ਪਤਨੀ ਹਰਵਿੰਦਰ ਨੇ ਵਿਚੋਂ ਬੋਲਦੀ ਨੇ ਸਿੱਧਾ ਸਵਾਲ ਕੀਤਾ।
“ਭਾਬੀ ਮੈਂ ਦੱਸਦੀ ਆਂ…।” ਪ੍ਰਭਜੋਤ ਨੇ ਸੁਖਾਵਾਂ ਜਿਹਾ ਸਾਹ ਲੈਂਦਿਆਂ ਕਿਹਾ। “ਭਾਜੀ ਅੱਜ ਗਰਮੀ ਬਹੁਤ ਸੀ।” ਪ੍ਰਭਜੋਤ ਨੇ ਗੱਲ ਸ਼ੁਰੂ ਕੀਤੀ। “ਅਸੀਂ ਮੂੰਹ ‘ਨੇਰੇ ਈ ਮੋਹਾਲੀ ਤੋਂ ਬੱਸ ਫੜ੍ਹ ਲਈ ਸੀ, ਤਾਂਕਿ ਸੂਰਜ ਭੱਖਣ ਤੋਂ ਪਹਿਲਾਂ ਈ ਅੰਬਰਸਰ ਪੁੱਜ ਸਕੀਏ। ਦਰਬਾਰ ਸਾਹਿਬ ਵਿੱਚ ਬਹੁਤ ਭੀੜ ਸੀ। ਸ਼ੈਦ ਛੁੱਟੀਆਂ ਕਰਕੇ ਹਊ…। ਪਰ ਮੈਨੂੰ ਭੀੜ ਤੋਂ ਬਹੁਤ ਡਰ ਆਉਂਦਾ…।”
“ਭੀੜ ਤਾਂ ਉਥੇ ਹਮੇਸ਼ਾ ਰਹਿੰਦੀ ਆ…।” ਮੈਂ ਵਿੱਚੋਂ ਟੋਕਿਆ ਸੀ।
“ਮੱਥਾ ਤਾਂ ਟੇਕਣਾ ਈ ਸੀ…ਫੇਅ ਬੱਚਿਆਂ ਨਾਲ ਲੈਨ ‘ਚ ਲੱਗ, ਸੁਰਤੀ ਚੱਲ ਰਹੇ ਰਸ-ਭਿੰਨੇ ਕੀਰਤਨ ‘ਚ ਜੋੜ ਲਈ…ਤਾਂਕਿ ਭੀੜ ਦੀ ਪ੍ਰੇਸ਼ਾਨੀ ਮਹਿਸੂਸ ਨਾ ਹੋਵੇ। ਦਰਸ਼ਨ ਕੀਤੇ…ਕੁਝ ਚਿਰ ਬੈਠੇ ਤੇ ਬਾਹਰ ਆ ਪ੍ਰਸ਼ਾਦ ਲਿਆ। ਪ੍ਰਕਰਮਾ ਵਿੱਚ ਸਰੋਵਰ ਦੇ ਨਾਲ-ਨਾਲ ਲੰਗਰ ਹਾਲ ਵੱਲ ਨੂੰ ਅਸੀਂ ਤੁਰੇ ਜਾ ਰਹੇ ਸੀ। ਬੱਚੇ ਕਾਫੀ ਅੱਗੇ ਚਲੇ ਗਏ ਸੀ। ਉਥੇ ਅੱਜ ਹਵਾ ਬਹੁਤ ਤੇਜ਼ ਚੱਲ ਰਹੀ ਸੀ…। ਭਾਜੀ…ਮੇਰੇ ਸਿਰ ਤੋਂ ਤੇਜ਼ ਹਵਾ ਨਾਲ ਚੁੰਨੀ ਲੱਥ ਗਈ…ਮੇਰੇ ਇਕ ਹੱਥ ਵਿੱਚ ਪ੍ਰਸ਼ਾਦ ਸੀ ਤੇ ਦੂਸਰਾ ਹੱਥ ਮੈਂ ਚੁੰਨੀ ਸਿਰ ‘ਤੇ ਲੈਣ ਲਈ ਉਤਾਂਹ ਚੁਕਿਆ ਹੀ ਸੀ ਕਿ ਇਕ ਬੁਰਛਾ ਗਰਦ ਸੇਵਾਦਾਰ ਬਾਬਾ ਲੰਮੀ ਡਾਂਗ ‘ਤੇ ਲੱਗਾ ਬਰਛਾ ਮੇਰੇ ਸਾਹਮਣੇ ਗੱਡ, ਆਕੜ ਕੇ ਖਲੋਅ, ਉਖੜ ਕੇ ਬੋਲਿਆ…।
ਬੀਬੀ…ਪਹਿਲਾਂ ਝਾਟੇ ਨੂੰ ਤਾਂ ਫੂਕ ਲਾ…।” ਮੇਰਾ ਚੁੰਨੀ ਨੂੰ ਪਾਇਆ ਹੱਥ ਥਾਂਏ ਅਟਕ ਗਿਆ । ਉਸ ਪਲ ਮੇਰੇ ਪੈਰਾਂ ਥੱਲਿਓ ਜ਼ਮੀਨ ਖਿਸਕ ਗਈ। ਮੈਨੂੰ ਜਾਪਿਆ ਜਿਵੇਂ ਕਿਸੇ ਮੇਰੇ ਸਿਰ ‘ਤੇ ਭਾਰੀ ਪੱਥਰ ਮਾਰ ਦਿਤਾ ਹੋਏ…। ਮੈਂ ਸੁੰਨ ਜਹੀ ਹੋ ਗਈ। ਮੇਰੀ ਸਾਰੀ ਦੇਹ ਝੂਠੀ ਜਹੀ ਹੋ ਗਈ। ਮੇਰੇ ਮੂੰਹ ਵਿੱਚ ਪਾਏ ਪ੍ਰਸ਼ਾਦ ਦਾ ਸਵਾਦ ਕੁਸੈਲਾ ਹੋ ਗਿਆ। ਮੈਂ ਗੁੱਸੇ ਵਿੱਚ ਮੱਚਦੀ ਬੋਲੀ, “ਬਾਬਾ ਜੀ…ਜੇ ਮੈਂ ਝਾਟਾ ਈ ਫੂਕਣਾ ਸੀ ਤਾਂ ਮੈਂ ਘਰੇ ਰਹਿਣਾ ਸੀ…।” ਮੇਰੇ ਚਿਹਰੇ ਦਾ ਗੁੱਸਾ ਵੇਖਦਾ, ਉਹ ਸੇਵਾਦਾਰ ਬਾਬਾ, ਇਕਦਮ ਅਗਾਂਹ ਲੰਘ ਗਿਆ।” ਪ੍ਰਭਜੋਤ ਅਜੇ ਵੀ ਕਿਸੇ ਤਲਖ਼ੀ ਵਿੱਚ ਬੋਲ ਰਹੀ ਸੀ। ਸੁਣਦਿਆਂ ਮੈਂ ਇਕਦਮ ਹੱਸ ਪਿਆ। ਹਰਵਿੰਦਰ ਦਾ ਮੂੰਹ ਵੀ ਅੱਡਿਆ ਗਿਆ…ਅੱਖਾਂ ਹੈਰਾਨੀ ਵਿੱਚ ਫੈਲ ਗਈਆਂ। ਉਸ ਆਪਣਾ ਇਕ ਹੱਥ ਮੂੰਹ ਅੱਗੇ ਕਰ ਲਿਆ ਸੀ।
“ਭਾਜੀ…ਮੇਰੇ ਪੈਰ ਮਣ-ਮਣ ਭਾਰੀ ਹੋ ਗਏ…ਮੈਂ ਗੁੱਸੇ ਵਿੱਚ ਰਿੱਝਦੀ ਐਨੀ ਅਪਸੈਟ ਹੋ ਗਈ ਕਿ ਜੀਅ ਕਰੇ ਉੱਡ ਕੇ ਘਰੇ ਆ ਜਾਂ…।” ਪ੍ਰਭਜੋਤ ਦੀਆਂ ਅੱਖਾਂ ਛੱਲਕ ਪਈਆਂ ਸਨ। “ਘਰੋਂ ਤੁਰਦਿਆਂ ਮਨ ਵਿੱਚ ਬਹੁਤ ਸ਼ਰਧਾ ਸੀ… ਉਸ ਬੁਰਛਾ ਗਰਦ ਸੇਵਾਦਾਰ ਨੇ ਮੇਰੀ ਸ਼ਰਧਾ ਨੂੰ ਤਾਰ-ਤਾਰ ਕਰਕੇ ਰੱਖ ਦਿਤਾ ਸੀ ।” ਕੂਝ ਗਵਾਚ ਜਾਣ ਤੋਂ ਬਾਅਦ ਜਿਵੇਂ ਕੋਈ ਆਖ ਰਿਹਾ ਹੋਵੇ।
“ਪ੍ਰਭਜੋਤ …ਤੇਰਾ ਸੇਵਾਦਾਰ ਨੂੰ ਦਿਤਾ ਜਵਾਬ ਠੀਕ ਨਹੀਂ ਸੀ…।” ਮੈਂ ਸੰਜੀਦਗੀ ਨਾਲ ਉਸ ਨੂੰ ਕਿਹਾ, “ਤੈਨੂੰ ਨਿਮਰਤਾ ਭਰੇ ਲਹਿਜ਼ੇ ਵਿੱਚ ਕਹਿਣਾ ਚਾਹੀਦਾ ਸੀ ਕਿ ‘ਬਾਬਾ ਜੀ…ਜਿਥੇ ਗੁਰੂਬਾਣੀ ਮੋਹ,ਮਿਠਾਸ ਤੇ ਨਿਮਰਤਾ ਦੀਆਂ ਫੁਹਾਰਾਂ ਵਰਸਾ ਰਹੀ ਹੋਵੇ, ਉਥੇ ਰਹਿੰਦਿਆਂ, ਤੁਹਾਡੀ ਬੋਲ-ਬਾਣੀ ਐਨੀ ਕੌੜੀ, ਖਰLਵੀ ਤੇ ਅੱਖੜ ਕਿਉਂ …?’ ਮੇਰਾ ਖਿਆਲ ਐ ਉਹ ਜਰੂਰ ਆਪਣੀ ਬੋਲ-ਬਾਣੀ ਬਾਰੇ ਸੋਚਦਾ…।” ਮੈਂ ਅਕਸਰ ਪ੍ਰਭਜੋਤ ਨਾਲ ਐਹੋ ਜਿਹੇ ਵਿਸ਼ਿਆਂ ‘ਤੇ ਲੰਬਾ ਵਿਚਾਰ-ਵਟਾਂਦਰਾ ਕਰਦਾ ਰਹਿੰਦਾ ਸੀ।
“ਪਰ ਭਾਜੀ…ਧਾਰਮਿਕ ਸਥਾਨ ‘ਤੇ ਰਹਿਣ ਵਾਲਿਆਂ ਵਿੱਚ ਨਿਮਰਤਾ ਕਿਉਂ ਨਹੀਂ ਹੁੰਦੀ…?” ਕਿਸੇ ਹਰਖ਼ ਨਾਲ ਉਸ ਨੇ ਮੱਚਦਿਆਂ ਮੈਨੂੰ ਪੁੱਛਿਆ ।
“ਪ੍ਰਭਜੋਤ ਤੂੰ ਇਥੇ ਗਲਤ ਐਂ…। ਤੂੰ ਸਿਰਫ਼ ਧਾਰਮਿਕ ਪਹਿਰਾਵੇ ਜਾਂ ਧਾਰਮਿਕ ਸਥਾਨ ‘ਤੇ ਰਹਿਣ ਵਾਲਿਆਂ ਤੋਂ ਹੀ ਨਿਮਰਤਾ ਦੀ ਆਸ ਕਿਉਂ ਰੱਖਦੀ ਐਂ…? ਨਿਮਰਤਾ ਦਾ ਉੱਤਮ ਗੁਣ ਤਾਂ ਹਰੇਕ ਮਨੁੱਖ ਵਿੱਚ ਹੋਣਾ ਚਾਹੀਦੈ…। ਭਾਂਵੇਂ ਉਹ ਕਿਤੇ ਵੀ ਹੋਵੇ।” ਮੈਂ ਉਸ ਨੂੰ ਸਮਝਾਉਣ ਅਤੇ ਉਸ ਦੇ ਮਨ ‘ਤੇ ਪਏ ਬੋਝ ਨੂੰ ਹਲਕਾ ਕਰਨ ਵਾਂਗ ਕਿਹਾ । “ਤੈਨੂੰ ਭੁੱਲਣਾ ਨਹੀਂ ਚਾਹੀਦਾ ਕਿ ਉਹ ਸੇਵਾਦਾਰ, ਇਕ ਤਨਖ਼ਾਹਦਾਰ ਮੁਲਾਜ਼ਮ ਐ…ਸਿਰਫ਼ ਡਿਊਟੀ ਨਿਭਾਅ ਰਿਹਾ…ਹੋਰ ਕੁਝ ਨਹੀਂ। ਤੇਰੀ ਇਕ ਗੱਲ ਮੈਨੂੰ ਠੀਕ ਵੀ ਲੱਗ ਰਹੀ ਐ ਕਿ ਧਾਰਮਿਕ ਸਥਾਨ ‘ਤੇ ਜਾਣ ਆਲLੇ ਜਾਂ ਉਥੇ ਰਹਿਣ ਆਲਿLਆਂ ‘ਚ ਨਿਮਰਤਾ ਦਾ ਗੁਣ ਹੋਣਾ ਲਾਜ਼ਮੀ ਐ…।” ਪ੍ਰਭਜੋਤ ਨੀਝ ਨਾਲ ਮੇਰੇ ਵੱਲ ਤੱਕ ਰਹੀ ਸੀ। “ਤੈਨੂੰ ਆਪਣੀ ਧਾਰਮਿਕ ਸ਼ਰਧਾ ‘ਤੇ ਪ੍ਰਸ਼ਨ ਚਿੰਨ੍ਹ ਨਹੀਂ ਲਾਉਣਾ ਚਾਹੀਦਾ। ਤੇਰਾ ਸਬੰਧ ਚੰਗੇ ਗੁਣਾਂ ਨੂੰ ਗ੍ਰਹਿਣ ਕਰਨ ਨਾਲ ਐ…ਕਿਸੇ ਵਿਅਕਤੀ ਦੇ ਮਾੜੇ ਵਿਵਹਾਰ ਨਾਲ ਨਹੀਂ…। ਤੈਨੂੰ ਇਹ ਘਟਨਾ ਬਹੁਤ ਕੁਝ ਸਿਖਾਅ ਰਹੀ ਐ…।” ਆਪਣੀ ਭੈਣ ਤੋਂ ਅੰਬਰਸਰ ਦੇ ਟੂਰ ਦਾ ਹਾਲ ਸੁਣਦਿਆਂ ਮੈਨੂੰ ਇਕ ਪੁਰਾਣੀ ਘਟਨਾ ਦਾ ਚੇਤਾ ਆਇਆ, “ ਪ੍ਰਭਜੋਤ! ਕਾਫੀ ਦੇਰ ਦੀ ਗੱਲ ਐ…ਸ਼ਾਇਦ ਵੀਹ ਸਾਲ ਪੁਰਾਣੀ ਹਉ…ਇਕ ਵਾਰ ਮੈਂ ਤੇ ਪ੍ਰੋਫੈਸਰ ਤਰਸੇਮ ਰਾਣਾ ਦਰਬਾਰ ਸਾਹਿਬ ਗਏ । ਅਸੀਂ ਮੱਥਾ ਟੇਕ ਕੇ ਅਰਾਮ ਨਾਲ ਸਰੋਵਰ ਦੀਆਂ ਪੌੜੀਆਂ ‘ਤੇ ਬੈਠ ਗਏ ‘ਤੇ ਉਸ ਅਸਥਾਨ ਦੀ ਮਹਾਨਤਾ ਬਾਰੇ ਗੱਲ ਕਰ ਰਹੇ ਸਾਂ। ਸਾਡੇ ਪੈਰ, ਥੱਲੇ ਦੀ ਪੌੜੀ ‘ਤੇ ਪਾਣੀ ਵਿੱਚ ਰੱਖੇ ਹੋਏ ਸਨ। ਏਸੇ ਤਰਾਂ੍ਹ ਦਾ ਇਕ ਬਾਬਾ ਆਇਆ ‘ਤੇ ਸਾਨੂੰ ਕਹਿਣ ਲੱਗਾ, ‘ਇਹ ਕੋਈ ਛੱਪੜ ਨੀ… ਜਿਥੇ ਪੈਰ ਲਮਕਾਅ ਕੇ ਬੈਠੇ ਓ…।” ਅਚਾਨਕ ਉਸ ਦੀ ਖਰ੍ਹਵੀ ਤੇ ਰੁੱਖੀ ਅਵਾਜ਼ ਨਾਲ ਮੈਂ ਕੰਬ ਗਿਆ। ਅਸੀਂ ਦੋਵੇਂ ਚੁੱਪ-ਚਾਪ ਉਠ ਪਏ । ਉਹ ਬਾਬਾ ਚਲੇ ਗਿਆ ਸੀ। ਅਸੀਂ ਆਪਣੇ ਆਪ ਵਿੱਚ ਨਿਮੋਝੂਣੇ ਹੋਏ ਪਏ ਸਾਂ। ‘ ਦੇਖ ਲਾ ਬਈ…ਆਪਾਂ ਤਾਂ ਬੜੀ੍ਹ ਸ਼ਰਧਾ ਨਾਲ ਬੈਠੇ ਸੀ, ਅਸੀਂ ਛੱਪੜ ਸਮਝ ਕੇ ਥੋੜਾ ਬੈਠੇ ਸੀ…। ਏਸ ਬਾਬੇ ਨੂੰ ਸ਼ੈਦ ਇਹ ਛੱਪੜ ਜਾਪਦਾ ਹੋਏ…।’ ਰਾਣੇ ਨੇ ਕਲਪਦਿਆਂ ਮੈਨੂੰ ਰਿਹਾ ਸੀ। ਮੈਂ ਚੁੱਪ ਸੀ, ਜਿਵੇਂ ਮੇਰੀ ਅਵਾਜ਼ ਖੂਹ ਵਿੱਚ ਡਿੱਗ ਗਈ ਹੋਵੇ। ਮੈਂ ਆਪਣਾ ਬਹੁਤ ਜ਼ਿਆਦਾ ਘਟਾਅ ਮਹਿਸੂਸ ਕਰ ਰਿਹਾ ਸੀ।”
“ਭਾਜੀ…ਮੈਂ ਵੀ ਐਨਾ ਅੱਪਸੈਟ ਹੋ ਗਈ ਸੀ ਕਿ ਮੇਰੇ ਚੇਤੇ ਵਿਚੋਂ ਸਾਰੀ ਭੁੱਖ ਵਿਸਰ ਗਈ ਸੀ। ਲੰਗਰ ਖਾਂਦਿਆਂ ਬੁਰਕੀ ਮੇਰੇ ਮੂੰਹ ਵਿੱਚ ਫੁਲ ਰਹੀ ਸੀ। ਮੈਂ ਅਜੀਬ ਤਨਾਓ ਵਿੱਚ ਸੀ।” ਪ੍ਰਭਜੋਤ ਨੇ ਬੜੇ੍ਹ ਰੁਆਂਸੇ ਜਿਹੇ ਚਿੱਤ ਕਿਹਾ।
“ਤੈਨੂੰ ਟੈਨਸ਼ਨ ਨਹੀਂ ਲੈਣੀ ਚਾਹੀਦੀ। ਚਿੱਤ ਛੋਟਾ ਨਾ ਕਰ …? ਗੁੱਸੇ ਨਾਲ ਭਰੇ ਕਿਸੇ ਦੂਸਰੇ ਵਿਅਕਤੀ ਨੂੰ ਤੁਹਾਡੇ ਮਿੱਠੇ ਅਤੇ ਨਿਮਰਤਾ ਭਰੇ ਦੋ ਬੋਲ ਸ਼ਰਮਿੰਦਾ ਕਰ ਸਕਦੇ ਆ…। ਮੇਰੇ ਨਾਲ ਵਾਪਰੀ ਘਟਨਾ ਅਤੇ ਤੇਰੇ ਨਾਲ ਵਾਪਰੀ ਘਟਨਾ ਵਿਚ ਵੀਹ ਸਾਲ ਦਾ ਅੰਤਰ ਐ…। ਐਨੇ ਲੰਮੇ ਸਮੇਂ ਬਾਅਦ ਵੀ ਕੋਈ ਤਬਦੀਲੀ ਨਈ…? ਗੱਲ ਉਥੋਂ ਦੀ ਉਥੇ ਈ ਐ… ਕਿਤੇ ਤਾਂ ਕੋਈ ਕਮੀ ਆ…। ਇਹ ਸੋਚ ਵਿਚਾਰ ਵਾਲੀ ਗੱਲ ਐ…। ਇਸ ਲਈ ਬਹੁਤ ਜਰੂਰੀ ਐ ਪਈ ਸਾਨੂੰ ਨਿਮਰਤਾ ਵਰਗੇ ਗੁਣ ਤੋਂ ਕਦੀ ਵਾਂਝੇ ਨਹੀਂ ਹੋਣਾ ਚਾਹੀਦਾ। ਨਿਮਰਤਾ ਨੂੰ ਆਪਣੇ ਚੋਂ ਕਦੀ ਵੀ ਮਨਫ਼ੀ ਨਾ ਹੋਣ ਦਿਓ…। ਫੇਰ ਈ ਤੁਸੀਂ ਸਹੀ ਅਰਥਾਂ ਵਿੱਚ ਇਨਸਾਨ ਅਖਵਾ ਸਕਦੇ ਆਂ।” ਆਖਦਿਆਂ ਮੈਂ ਟੇਬਲ ‘ਤੇ ਪਈ ਅੱਜ ਦੀ ਅਖਬਾਰ ਵੇਖਣ ਲੱਗ ਗਿਆ ਸੀ।
*****
ਰਘਬੀਰ ਸਿੰਘ ਮਾਨਾਂਵਾਲੀ
ਸੰਪਰਕ:88728-54500
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.