ਕੈਟੇਗਰੀ

ਤੁਹਾਡੀ ਰਾਇ



ਤਤ ਗੁਰਮਤਿ ਪਰਿਵਾਰ
ਸ੍ਰ. ਜੋਗਿੰਦਰ ਸਿੰਘ- ਪ੍ਰੋ. ਦਰਸ਼ਨ ਸਿੰਘ ਮਿਲਣੀ ਪੰਥ ਦੇ ਸੁਚੇਤ ਤਬਕੇ ਲਈ ਇਕ ਹਾਂ-ਪੱਖੀ ਸੰਕੇਤ
ਸ੍ਰ. ਜੋਗਿੰਦਰ ਸਿੰਘ- ਪ੍ਰੋ. ਦਰਸ਼ਨ ਸਿੰਘ ਮਿਲਣੀ ਪੰਥ ਦੇ ਸੁਚੇਤ ਤਬਕੇ ਲਈ ਇਕ ਹਾਂ-ਪੱਖੀ ਸੰਕੇਤ
Page Visitors: 2982

   ਸ੍ਰ. ਜੋਗਿੰਦਰ ਸਿੰਘ- ਪ੍ਰੋ. ਦਰਸ਼ਨ ਸਿੰਘ ਮਿਲਣੀ ਪੰਥ ਦੇ ਸੁਚੇਤ ਤਬਕੇ ਲਈ ਇਕ ਹਾਂ-ਪੱਖੀ ਸੰਕੇਤ                  ਭਵਿੱਖ ਵਿਚ ਇਮਾਨਦਾਰੀ ਅਤੇ ਸਾਫ ਨੀਅਤ ਨਾਲ ਅੱਗੇ ਵੱਧਣਾ ਹੀ ਹੈ ਸਫਲਤਾ ਦੀ ਕੁੰਜੀ
ਤੱਤ ਗੁਰਮਤਿ ਪਰਿਵਾਰ ਆਪਣੀ ਕਾਇਮੀ ਦੇ ਸਮੇਂ ਤੋਂ ਹੀ ਪੰਥ ਦੇ ਸੁਚੇਤ ਤਬਕੇ ਨੂੰ ਆਪਸੀ ਸਹਿਮਤੀ ਦੇ ਮੁੱਦਿਆਂ ਨੂੰ ਆਧਾਰ ਬਣਾ ਕੇ, ਇਮਾਨਦਾਰੀ ਅਤੇ ਸਾਫ ਨੀਅਤ ਨਾਲ, ਸਾਂਝੇ ਤੌਰ ਤੇ ਅੱਗੇ ਵੱਧਣ ਦਾ ਹੋਕਾ ਦਿੰਦਾ ਰਿਹਾ ਹੈ। ਇਸ ਸੰਦਰਭ ਵਿਚ ਪਰਿਵਾਰ ਵਲੋਂ ਸੁਚੇਤ ਪੰਥ ਨੂੰ ਹਲੂਣਾ ਦੇਣ ਦਾਅ ਯਤਨ ਕਰਦੇ ਹੋਏ ਸੰਪਾਦਕੀ ਲਿਖੇ ਗਏ। ਇਨ੍ਹਾਂ ਸੰਪਾਦਕੀਆਂ ਵਿਚ ਸ੍ਰ. ਜੋਗਿੰਦਰ ਸਿੰਘ (ਸਪੋਕਸਮੈਨ) ਅਤੇ ਪ੍ਰੋ. ਦਰਸ਼ਨ ਸਿੰਘ ਸਮੇਤ ਪੰਥ ਦੇ ਸਮੁੱਚੇ ਸੁਚੇਤ ਤਬਕੇ ਨੂੰ ਸਾਂਝੇ ਸਿਧਾਂਤਕ ਆਧਾਰਾਂ ਤੇ ਏਕਤਾ ਕਰਨ ਦੇ ਸੁਝਾਅ ਦਿਤੇ ਗਏ। ਪਰ ਹੇਠ ਲਿਖੇ ਕੁਝ ਮੁੱਖ ਕਾਰਨਾਂ ਕਰਕੇ ਇਹ ਯਤਨ ਸਿਰੇ ਨਹੀਂ ਚੜ ਪਾਏ।
1. ਆਗੂਆਂ ਦੀ ਹਉਮੈ
2.  ਸ਼ਖਸੀਅਤ-ਪ੍ਰਸਤ ਹਮਦਰਦਾਂ ਦੀ ਚਾਪਲੂਸੀ ਕਾਰਨ ਆਗੂਆਂ ਦੇ ਗੁੰਮਰਾਹ ਹੋ ਜਾਣ ਦੀ ਪ੍ਰਵਿਰਤੀ
3. ਕੁਝ ਮੁੱਦਿਆਂ ਤੇ ਅਸਹਿਮਤੀ ਨੂੰ ਨਿੱਜੀ ਵਿਰੋਧ ਅਤੇ ਨਫਰਤ ਬਣਾ ਕੇ ਫਤਵੇਬਾਜ਼ੀ ਦਾ ਨਾਂਹ-ਪੱਖੀ ਰੁਝਾਣ
4. ਸੱਚ ਸਮਝਣ ਤੋਂ ਬਾਅਦ ਵੀ ਸੱਚ ਅਪਨਾਉਣ ਤੋਂ ਘੇਸਲ ਵੱਟਣ ਦੀ ਸਮਝੌਤਾਵਾਦੀ ਪਹੁੰਚ।
5. ਪ੍ਰਚਲਿਤ ਮਾਨਤਾਵਾਂ ਦੇ ਟੁੱਟ ਜਾਣ ਦਾ ਮਾਨਸਿਕ ਡਰ ।
 ਹੁਣ ਜਦੋਂ ਸ. ਜੋਗਿੰਦਰ ਸਿੰਘ ਸਪੋਕਸਮੈਨ ਅਤੇ ਪ੍ਰੋ. ਦਰਸ਼ਨ ਸਿੰਘ ਜੀ ਆਪਸ ਵਿਚ ਮਿਲ ਹੀ ਗਏ ਹਨ ਤਾਂ ਉਨ੍ਹਾਂ ਦੀ ਇਹ ਮਿਲਣੀ ਇਕ ਸੁਆਗਤ-ਯੋਗ ਕਦਮ ਹੈ। ਪਰ ਇਹ ਮਿਲਣੀ ਤਾਂ ਹੀ ਸਵਾਗਤ ਯੋਗ ਹੋ ਸਕਦੀ ਹੈ , ਜੇ ਇਸ ਨੂੰ ਇਮਾਨਦਾਰੀ ਨਾਲ ਅੱਗੇ ਤੋਰਿਆ ਜਾਵੇ , ਵਰਨਾ ਇਹ ਮਿਲਣੀ ਵੀ ਆਮ ਰਾਜਨੀਤਕਾਂ ਦੇ ਗਠਬੰਧਨ ਵਰਗੀ ਰਸਮੀ ਮੌਕਾਪ੍ਰਸਤੀ ਹੀ ਹੈ, ਜੋ ਗੁਰਮਤਿ ਇਨਕਲਾਬ ਦੇ ਸਫਰ ਵਿਚ ਕਦਾਚਿਤ ਸਹਾਇਕ ਨਹੀਂ ਹੋ ਸਕਦੀ।
ਪੰਥਿਕ ਭਲਾ ਤਦ ਹੀ ਸੰਭਵ ਹੈ ਜੇ ਸੁਚੇਤ ਸਹਿਯੋਗੀ ਆਪਣੇ ਰਹਿਬਰ ਨੂੰ ਵੀ ਸਿਧਾਂਤਕ ਗਲਤੀ ਕਰਦੇ ਜਾਪਣ ਤੇ ਟੋਕਣ ਦੀ ਆਤਮਿਕ ਦਲੇਰੀ ਰੱਖਣ , ਤਾਂ ਹੀ ਉਨ੍ਹਾਂ ਨੂੰ ਗੁਰਮਤਿ ਆਸ਼ਕਾਂ ਵਾਲੇ ਇਨਕਲਾਬ ਦੇ ਕਾਫਲੇ ਦੇ ਸੱਚੇ ਪਾਂਧੀ ਕਿਹਾ ਜਾ ਸਕਦਾ ਹੈ , ਨਹੀਂ ਤਾਂ ਉਨ੍ਹਾਂ ਨੂੰ ਸ਼ਖਸੀਅਤ-ਪ੍ਰਸਤ ਹੀ ਕਿਹਾ ਜਾ ਸਕਦਾ ਹੈ ।
ਪ੍ਰੋ. ਦਰਸ਼ਨ ਸਿੰਘ- ਸ੍ਰ. ਜੋਗਿੰਦਰ ਸਿੰਘ ਸਪੋਕਸਮੈਨ ਦੀ ਇਸ ਮਿਲਣੀ ਦਾ ਹਾਰਦਿਕ ਸੁਆਗਤ ਕਰਦੇ ਹੋਏ ਅਸੀਂ ਸਭ ਤੋਂ ਵੱਧ ਵਧਾਈ ਡਾ. ਅਰਵਿੰਦਰ ਸਿੰਘ ਲੁਧਿਆਣਾ ਨੂੰ ਦੇਣਾ ਚਾਹੁੰਦੇ ਹਾਂ ਜਿਨ੍ਹਾਂ ਨੇ ਇਸ ਮਿਲਣੀ ਨੂੰ ਸੰਭਵ ਬਣਾਉਣ ਲਈ ਠੋਸ ਯਤਨ ਕੀਤੇ।
ਕਾਲਾ ਅਫਗਾਨਾ ਜੀ - ਦਰਸ਼ਨ ਸਿੰਘ ਜੀ ਮਿਲਣੀ ਉਪਰੰਤ ਜੋਗਿੰਦਰ ਸਿੰਘ- ਦਰਸ਼ਨ ਸਿੰਘ ਦੀ ਇਹ ਮਿਲਣੀ ਪੰਥ ਦੇ ਸੁਚੇਤ ਤਬਕੇ ਲਈ ਹਾਂ-ਪੱਖੀ ਸੰਕੇਤ ਹਨ, ਜਿਨ੍ਹਾਂ ਦਾ ਹਰ ਸੁਹਿਰਦ ਸੁਚੇਤ ਧਿਰ ਵਲੋਂ ਹਾਰਦਿਕ ਸੁਆਗਤ ਕਰਨਾ ਬਣਦਾ ਹੈ। ਆਸ ਕਰਦੇ ਹਾਂ ਕਿ ਇਹ ਮਿਲਣੀਆਂ ਰੂਪੀ ਯਤਨ ਇਮਾਨਦਾਰੀ ਦੀ ਬੁਨਿਆਦ ਤੇ ਖੜੇ ਰਹਿਣਗੇ ਅਤੇ ਇਨ੍ਹਾਂ ਵਿਚ ਆਮ ਰਾਜਨੀਤਕਾਂ ਵਾਲੀ ਮੌਕਾਪ੍ਰਸਤੀ ਅਤੇ ਸਵਾਰਥੀ ਪਹੁੰਚ ਨਹੀਂ ਆਏਗੀ। ਪੰਥ ਦੇ ਸੁਚੇਤ ਤਬਕੇ ਨੂੰ ਇਕ ਸਾਂਝੇ ਮੰਚ ਤੇ ਇਕੱਠਾ ਕਰਨ ਦੇ ਨਿਸ਼ਕਾਮ ਯਤਨ ਅੱਗੇ ਵੀ ਹੁੰਦੇ ਰਹਿਣੇ ਚਾਹੀਦੇ ਹਨ। ਜੋਗਿੰਦਰ ਸਿੰਘ ਜੀ ਸਪੋਕਸਮੈਨ ਵਲੋਂ ਇਸ ਸੰਬੰਧੀ ਖੁੱਲੇ ਸੱਦੇ ਬਾਰੇ ਸਾਰਿਆਂ ਨੂੰ ਸੁਹਿਰਦਤਾ ਨਾਲ ਵਿਚਾਰ ਕਰਨੀ ਚਾਹੀਦੀ ਹੈ।
 ਅਪ੍ਰੈਲ 2013 ਵਿਚ ਵੀ ਇਕ ਸਾਂਝਾ ਸਮਾਗਮ ਕਰਨ ਦੀ ਯੋਜਨਾ ਹੈ। ਸਾਰਿਆਂ ਨੂੰ ਬੇਨਤੀ ਰੂਪੀ ਸਲਾਹ ਹੈ ਕਿ ਇਸ ਨਵੀਂ ਏਕਤਾ ਕੋਸ਼ਿਸ਼ ਦੇ ਮੱਦੇ-ਨਜ਼ਰ, ਇਸ ਸਮਾਗਮ ਵਿਚ ਸਾਰੀਆਂ ਧਿਰਾਂ ਇਕ ਸਾਂਝੇ ਮੰਚ ਤੇ ਇਕੱਠੀਆਂ ਹੋਣ। ਅਕਤੂਬਰ 2003 ਦੀ ਮੋਹਾਲੀ ਕਾਨਫਰਾਂਸ ਦੀ ਤਰਜ਼ ਤੇ ਨਿਕੱਟ ਭਵਿੱਖ ਵਿਚ ਪੰਥ ਦੇ ਸੁਚੇਤ ਤਬਕੇ ਦੀ ਸਾਂਝੀ ਕਾਨਫਰਾਂਸ ਬੁਲਾਉਣ ਲਈ ਠੋਸ ਯਤਨ ਹੁਣੇ ਹੀ ਸ਼ੁਰੂ ਕਰਨੇ ਚਾਹੀਦੇ ਹਨ। ਸਮੁੱਚੀਆਂ ਸੁਚੇਤ ਧਿਰਾਂ ਦਾ ਇਕ ਸਾਂਝਾ ਮੰਚ ਬਣਾਉਣ ਦਾ ਰਾਹ ਪੱਧਰਾ ਕਰਨ ਲਈ ਇਕ ਕਮੇਟੀ ਦਾ ਗਠਨ ਫੌਰੀ ਕਰਨਾ ਬਣਦਾ ਹੈ। ਇਸ ਕਮੇਟੀ ਦੇ ਮੈਂਬਰ ਚੁਣਦੇ ਸਮੇਂ, ਧੜੇਬਾਜ਼ੀ ਨੂੰ ਅਹਿਮੀਅਤ ਦੇਣ ਦੀ ਥਾਂ, ਉਨ੍ਹਾਂ ਸੱਜਣਾਂ ਨੂੰ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ, ਜੋ ਉਪਰ ਦਿਤੀਆਂ ਕਮਜ਼ੋਰੀਆਂ ਤੋਂ ਆਜ਼ਾਦ ਹੋਣ ਅਤੇ ਪੰਥ ਦੀਆਂ ਸੁਚੇਤ ਧਿਰਾਂ ਦਾ ਉਨ੍ਹਾਂ ਦੀ ਇਮਾਨਦਾਰੀ ਅਤੇ ਕਾਬਲੀਅਤ ਤੇ ਵਿਸ਼ਵਾਸ ਹੋਵੇ।
ਜੇ ਸਪੋਕਸਮੈਨ ਕਾਨਫਰਾਂਸ ਦੇ ਸੂਤਰਧਾਰ (ਸੰਯੋਜਕ) ਦਾ ਰੋਲ ਅਪਨਾ ਲਵੇ ਤਾਂ ਇਸ ਵਿਚ ਜਲਦ ਕਾਮਯਾਬੀ ਮਿਲਣ ਦੇ ਆਸਾਰ ਹਨ। ਏਕਤਾ ਯਤਨਾਂ ਲਈ ਨਿਰਧਾਰਿਤ ਕਮੇਟੀ ਹੀ ਕਾਨਫਰਾਂਸ ਦਾ ਏਜੰਡਾ, ਗੁਰਮਤਿ ਦੀ ਰੋਸ਼ਨੀ ਵਿਚ, ਹੋਰਨਾਂ ਦੀ ਸਲਾਹ ਨਾਲ ਤੈਅ ਕਰੇ। ਤੱਤ ਗੁਰਮਤਿ ਪਰਿਵਾਰ ਐਸੇ ਇਮਾਨਦਾਰਨਾਂ ਯਤਨਾਂ ਵਿਚ, ਆਪਣੇ ਵਲੋਂ ਹਰ ਸੰਭਵ ਸਹਿਯੋਗ ਲਈ ਵਚਨਬੱਧ ਹੈ।
ਗੁਰਮਤਿ ਦਾ ਸੰਦੇਸ਼ ਸਮੁੱਚੀ ਮਨੁੱਖਤਾ ਤੱਕ ਪਹੁੰਚਾਉਣ ਦੀ ਕਾਮਨਾ ਨਾਲ ਗੁਰਮਤਿ ਇਨਕਲਾਬ ਨੂੰ ਸਮਰਪਤ ਕਾਫਲੇ ਦੇ ਇਨ੍ਹਾਂ ਏਕਤਾ ਯਤਨਾਂ ਵੱਲ ਵੱਧਦਿਆਂ, ਪਿਛਲੀਆਂ ਗਲਤੀਆਂ ਤੋਂ ਸਬਕ ਸਿੱਖਦੇ ਹੋਏ, ਹੇਠ ਲਿਖੀਆਂ ਕੁਝ ਗੱਲਾਂ ਦਾ ਧਿਆਨ ਰੱਖਿਆ ਜਾਵੇ ਤਾਂ ਨਤੀਜੇ ਬੇਸ਼ਕ ਹਾਂ-ਪੱਖੀ ਹੀ ਨਿਕਲਣਗੇ।
1. ਅਸੀਂ ਸਾਰੇ ਗੁਰਮਤਿ ਨੂੰ ਆਪਣੇ ਵਿਵਹਾਰਿਕ ਰੂਪ ਵਿਚ ਅਪਨਾਉਂਦੇ ਹੋਏੇ ਹਉਮੈ, ਈਗੋ, ਨਫਰਤ ਆਦਿ ਕਮਜ਼ੋਰੀਆਂ ਤੋਂ ਆਜ਼ਾਦ ਹੋਈਏ।
2. ਸਾਡੇ ਲਈ ਕਸਵੱਟੀ ਗੁਰਮਤਿ ਹੀ ਹੋਣੀ ਚਾਹੀਦੀ ਹੈ। ਆਪਣੀ ਧਿਰ ਜਾਂ ਆਗੂ ਦੀ ਨੀਤੀ ਨੂੰ ਅਸੀਂ ਗੁਰਮਤਿ ਤੋਂ ਵੱਧ ਮੰਨ ਕੇ ਨਾ ਤੁਰੀਏ। ਸ਼ਖਸੀਅਤ-ਪ੍ਰਸਤੀ ਤੋਂ ਪਰਹੇਜ਼ ਕੀਤਾ ਜਾਵੇ।
3. ਕੁਝ ਨੁਕਤਿਆਂ ਤੇ ਆਪਸੀ ਵਿਚਾਰਕ ਅਸਹਿਮਤੀ ਨੂੰ ਨਿੱਜੀ ਵਿਰੋਧ ਦਾ ਕਾਰਨ ਨਾ ਬਣਨ ਦੇਈਏ । ਅਤੇ ਨਾ ਹੀ ਕਿਸੇ ਦਾ ਬਾਈਕਾਟ ਕਰਨ ਦੀ ਪੁਜਾਰੀਵਾਦੀ ਨੀਤੀ ਅਪਨਾਈਏ।
4. ਜਿਨ੍ਹਾਂ ਨੁਕਤਿਆਂ ਦੇ ਸਹੀ ਹੋਣ ਤੇ ਲਗਭਗ ਸਾਰੀਆਂ ਧਿਰਾਂ ਸਹਿਮਤ ਹਨ, ਉਨ੍ਹਾਂ ਨੂੰ ਏਜੰਡੇ ਦਾ ਵਿਸ਼ਾ ਬਣਾਇਆ ਜਾਵੇ । ਆਪਸੀ ਅਸਹਿਮਤੀ ਦੇ ਮੁੱਦਿਆਂ ਨੂੰ ਸਾਂਝੇ ਏਜੰਡੇ ਦਾ ਹਿੱਸਾ ਨਾ ਬਣਾਇਆ ਜਾਵੇ। ਏਜੰਡਾ ਤਿਆਰ ਕਰਨ ਵੇਲੇ ਠੋਸ ਫੈਸਲੇ ਲਏ ਜਾਣ। ਪੰਥ ਪ੍ਰਵਾਨਿਕਤਾ, . ਪ੍ਰਚਲਿਤ ਮਾਨਤਾਵਾਂ . ਸੰਗਤ ਹਾਲੇ ਤਿਆਰ ਨਹੀਂ ਆਦਿ ਕੱਚੀਆਂ ਦਲੀਲਾਂ ਦੇ ਆਧਾਰ ਤੇ ਸੱਚ ਨੂੰ ਜਾਣਦੇ ਬੁਝਦੇ ਅੱਖੋਂ ਪਰੋਖੇ ਨਾ ਕੀਤਾ ਜਾਵੇ।
5. ਲਹਿਰ ਦੇ ਆਗੂ ਫੋਕੀ ਚਾਪਲੂਸੀ ਦੀ ਭੁੱਖ ਤੋਂ ਆਜ਼ਾਦ ਹੋ ਕੇ ਵਿਚਰਨ ਅਤੇ ਗੁੰਮਰਾਹ ਹੋਣ ਦੀ ਥਾਂ ਆਪਣੇ ਸਮਰਥਕਾਂ ਨੂੰ ਹੋੜਣ ਦੀ ਹਿੰਮਤ ਰੱਖਣ।
6. ਵਿਰੋਧੀ ਗੱਲ ਨੂੰ ਸਹਿਜ ਨਾਲ ਸੁਣਨ ਦਾ ਮਾਦਾ ਪਾਲਿਆ ਜਾਵੇ।
7. ਇਹ ਗੱਲ ਚੇਤੇ ਰੱਖਣ ਵਾਲੀ ਹੈ ਕਿ ਲਿਖਣ ਕਲਾ ਇਕ ਬਹੁਤ ਜਿੰਮੇਵਾਰੀ ਵਾਲਾ ਫਰਜ਼ ਹੈ। ਬੇਸ਼ਕ ਲਿਖਣ ਦਾ ਹੱਕ ਹਰ ਕਿਸੇ ਨੂੰ ਹੈ। ਪਰ ਬੌਖਲਾਹਟ ਅਤੇ ਭੜਕਾਹਟ ਵਿਚ ਆਕੇ ਫਤਵੇਬਾਜ਼ੀ ਕਰਨ ਵਾਲਾ ਲੇਖਕ ਗੁਰਮਤਿ ਨਾਲ ਕਦਾਚਿਤ ਇੰਸਾਫ ਨਹੀਂ ਕਰ ਸਕਦਾ। ਗੁਰਮਤਿ ਇਨਕਲਾਬ ਦੇ ਸਫਰ ਵਿਚ ਲੇਖਣ ਤੋਂ ਇਲਾਵਾ ਹੋਰ ਵੀ ਬਹੁਤ ਸੇਵਾਵਾਂ ਨਿਭਾਹੁਣ ਵਾਲੀਆਂ ਹਨ। ਇਸ ਲਈ ਬੌਖਲਾਹਟ ਵਿਚ ਆ ਕੇ ਕਲਮ ਚੁੱਕ ਲੈਣ ਤੋਂ ਪਰਹੇਜ਼ ਕੀਤਾ ਜਾਵੇ।
ਤੱਤ ਗੁਰਮਤਿ ਪਰਿਵਾਰ ਨੇ ਹਮੇਸ਼ਾਂ ਗੁਰਮਤਿ ਨੂੰ ਆਪਣੇ ਵਿਵਹਾਰ ਅਤੇ ਪ੍ਰਚਾਰ ਦਾ ਹਿੱਸਾ ਬਣਾਉਣ ਦਾ ਯਤਨ ਕੀਤਾ ਹੈ , ਅਤੇ ਸਾਰਿਆਂ ਨੂੰ ਵਿਚਾਰ ਚਰਚਾ ਲਈ ਖੁੱਲਾ ਸੱਦਾ ਦਿਤਾ ਹੈ। ਇਸ ਮੌੜ ਤੇ ਵੀ, ਅਸੀਂ ਸਾਰੀਆਂ ਪੁਰਾਣੀਆਂ ਗੱਲਾਂ ਨੂੰ ਅੱਖੋਂ -ਪਰੋਖੇ ਕਰਕੇ, ਇਸ ਮਿਲਨੀ ਦਾ ਹਾਰਿਦਕ ਸੁਆਗਤ ਕਰਦੇ ਹੋਏ ਆਪਣੇ ਵਲੋਂ ਏਕਤਾ ਯਤਨਾਂ ਵਿਚ ਇਮਾਨਦਾਰਾਨਾ ਸਹਿਯੋਗ ਦਾ ਵਿਸ਼ਵਾਸ ਦੁਆਉਂਦੇ ਹਾਂ। ਸਾਨੂੰ ਸਾਰਿਆਂ ਨੂੰ ਇਨ੍ਹਾਂ ਏਕਤਾਂ ਯਤਨਾਂ ਵਿਚ ਹਾਂ-ਪੱਖੀ ਯੋਗਦਾਨ ਪਾਉਣ ਦਾ ਅਗਲਾ ਸਫਰ ਸ਼ੁਰੂ ਕਰਨ ਵੇਲੇ, ਪਿਛਲੇ ਗਿਲੇ ਸ਼ਿਕਵੇ ਭੁਲਾ ਕੇ, ਇਮਾਨਦਾਰੀ ਨਾਲ ਅੱਗੇ ਵੱਧਦੇ ਹੋਏ ਫੌਰੀ ਤੌਰ ਤੇ ਇਕ ਕਮੇਟੀ ਦਾ ਗਠਨ ਕਰਦਿਆਂ, ਆਗਾਮੀ ਪੰਥਕ ਕਾਨਫਰਾਂਸ ਦੀ ਤਿਆਰੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਐਸੇ ਮਾਹੌਲ ਵਿਚ ਹੇਠ ਲਿਖਿਆ ਗੁਰਮਤਿ ਸੰਦੇਸ਼ ਚੇਤੇ ਰੱਖਿਆ ਜਾ ਸਕਦਾ ਹੈ।
ਆਗਾਹ ਕੂ ਤ੍ਰਾਘਿ ਪਿਛਾ ਫੇਰਿ ਨਾ ਮੁਹਡੜਾ ॥ (ਪੰਨਾ 1096)
ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
27/03/13

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.