ਕੈਟੇਗਰੀ

ਤੁਹਾਡੀ ਰਾਇ



ਤਤ ਗੁਰਮਤਿ ਪਰਿਵਾਰ
ਸਿੱਖ ਫਿਰਕੇ ਵਿਚਲੇ ਟਕਰਾਵ ਦੀਆਂ ਤਾਜ਼ਾ ਘਟਨਾਵਾਂ ਬਨਾਮ ਗੁਰਮਤਿ ਇਨਕਲਾਬ
ਸਿੱਖ ਫਿਰਕੇ ਵਿਚਲੇ ਟਕਰਾਵ ਦੀਆਂ ਤਾਜ਼ਾ ਘਟਨਾਵਾਂ ਬਨਾਮ ਗੁਰਮਤਿ ਇਨਕਲਾਬ
Page Visitors: 2471

ਸਿੱਖ ਫਿਰਕੇ ਵਿਚਲੇ ਟਕਰਾਵ ਦੀਆਂ ਤਾਜ਼ਾ ਘਟਨਾਵਾਂ ਬਨਾਮ ਗੁਰਮਤਿ ਇਨਕਲਾਬ
ਸਿੱਖ ਫਿਰਕੇ ਵਿਚਲੇ ਸੁਧਾਰਕ ਤਬਕੇ ਅਤੇ ਸੰਪਰਦਾਈ (ਰੂੜੀਵਾਦੀ) ਤਬਕੇ ਵਿਚ ਸ਼ਬਦੀ-ਜੰਗ (ਖਾਸਕਰ ਸ਼ੋਸ਼ਲ ਮੀਡੀਆ ਤੇ) ਜੋਰਾਂ ਤੇ ਹੈ। ਪਹਿਲੀ ਘਟਨਾ ਨਿਉਜ਼ੀਲੈਂਡ ਵਿਚਲੀ ਟੀਮ ਰੇਡਿਉ ਵਿਰਸਾ (ਵੀਰ ਹਰਨੇਕ ਸਿੰਘ) ਦੇ ਪ੍ਰਬੰਧ ਹੇਠਲੇ ਗੁਰਦੁਆਰੇ ਵਿਚੋਂ ਸੰਪਰਦਾਈਂ ਸੱਜਣਾਂ ਵਲੋਂ ‘ਸ਼ਬਦ ਗੁਰੂ ਗ੍ਰੰਥ ਜੀ’ ਦੇ ਸਰੂਪ ਜ਼ਬਰਦਸਤੀ ਚੁੱਕ ਕੇ ਲੈ ਜਾਣਾ ਹੈ। ਦੁਜੀ ਘਟਨਾ ਪ੍ਰਚਾਰਕ ਅਮਰੀਕ ਸਿੰਘ ਜੀ ਚੰਡੀਗੜ ਦੀ ਇੰਗਲੈਂਡ ਦੇ ਇਕ ਗੁਰਦੁਆਰੇ ਵਿਚ ਕਥਾ ਦੌਰਾਨ ਸੰਪਰਦਾਈ ਸਿੱਖਾਂ ਵਲੋਂ ਕੀਤੀ ਗਈ ਧੱਕਾ-ਮੁੱਕੀ ਅਤੇ ਲਾਹੀ ਪੱਗ ਵਾਲੀ ਹੈ।
ਸੁਧਾਰਕਾਂ ਅਤੇ ਰੂੜੀਵਾਦੀਆਂ ਦਾ ਇਹ ਟਕਰਾਵ ਕੋਈ ਨਵੀਂ ਗੱਲ ਨਹੀਂ ਹੈ। ਮਨੁੱਖੀ ਸਭਿਅਤਾ ਦਾ ਇਤਿਹਾਸ ਐਸੀਆਂ ਘਟਨਾਵਾਂ ਨਾਲ ਭਰਿਆ ਪਿਆ ਹੈ। ਸੁਕਰਾਤ ਜਾਂ ਉਸ ਤੋਂ ਪਹਿਲਾਂ ਦੀਆਂ ਗੱਲਾਂ ਤਾਂ ਇਤਿਹਾਸ ਵਿਚ ਬਕਾਇਦਾ ਦਰਜ ਹਨ। ਜੇ ਸਿੱਖ ਫਿਰਕੇ ਦੀ ਗੱਲ ਕਰੀਏ ਤਾਂ ਸੁਧਾਰ ਦਾ ਇਹ ਦੌਰ ਜ਼ਾਹਰਾ ਤੌਰ ਤੇ ਬਾਬਾ ਦਿਆਲ ਜੀ ਦੀਆਂ ਕੋਸ਼ਿਸ਼ਾਂ ਨਾਲ ਸ਼ੁਰੂ ਮੰਨਿਆ ਜਾ ਸਕਦਾ ਹੈ। ਵਿਰੋਧ ਉਨ੍ਹਾਂ ਦਾ ਵੀ ਹੋਇਆ। ਉਸ ਉਪਰੰਤ ਸਿੰਘ ਸਭਾ ਲਹਿਰ ਨਾਲ ਜੁੜੇ ਵਿਦਵਾਨਾਂ ਨੇ ਸੁਧਾਰ ਦੀ ਗੱਲ ਕੀਤੀ ਤਾਂ ਉਨ੍ਹਾਂ ਨੂੰ ਵੀ ਵਿਰੋਧ ਸਹਿਣਾ ਪਿਆ। ਇਸੇ ਸਿੱਖ ਫਿਰਕੇ ਵਿਚ ਇਕ ਪਾਸੇ ‘ਹਮ ਹਿੰਦੂ ਨਹੀਂ’ ਜਿਹੀ ਪੁਸਤਕ ਲਿਖਣ ਵਾਲੇ ਜਾਗਰੂਕ ਵਿਦਵਾਨ ਸਨ ਤਾਂ ਵਿਰੋਧ ਵਿਚ ‘ਹਮ ਹਿੰਦੂ ਹੀ ਹੈਂ’ ਜਿਹੀ ਸੋਚ ਵਾਲੇ ਸੰਪਰਦਾਈ ਲੇਖਕ ਵੀ ਸਮਕਾਲੀ ਹੀ ਸਨ।
    ਸੁਧਾਰ ਦਾ ਇਹ ਸਫਰ ਮਿਸ਼ਨਰੀ ਲਹਿਰ ਦੇ ਰੂਪ ਵਿਚ ਅੱਗੇ ਵਧਿਆ। ਜਦੋਂ ਮਿਸ਼ਨਰੀ ਲਹਿਰ ਵਿਚ ‘ਸਿੱਖ ਰਹਿਤ ਮਰਿਯਾਦਾ’ ਦੇ ਬੋਝ ਹੇਠ ਮਨਮੱਤੀਂ ਖੜੋਤ ਆ ਗਈ ਤਾਂ ਜਾਗਰੂਕ ਕਹਾਉਂਦੇ ਸੱਜਣਾਂ ਨੇ ਅਗਾਂਹ ਦੀ ਗੱਲ ਤੋਰੀ। ਇਸ ਜਾਗਰੂਕ ਲਹਿਰ ਦੀ ਸ਼ੁਰੂਆਤ ਪ੍ਰਚਾਰਕ ਵਜੋਂ ਬੇਸ਼ਕ ਗਿਆਨੀ ਭਾਗ ਸਿੰਘ ਜੀ ਅੰਬਾਲਾ ਦੇ (ਅਖੌਤੀ) ਦਸਮ ਗ੍ਰੰਥ ਦੇ ਵਿਰੋਧ ਨਾਲ ਮੰਨੀ ਜਾਂਦੀ ਹੈ। ਪਰ ਇਸ ਜਾਗਰੂਕਤਾ ਲਹਿਰ ਦਾ ਥੰਮ ਗੁਰਬਖਸ਼ ਸਿੰਘ ਕਾਲਾ ਅਫਗਾਨਾ ਜੀ ਦੀਆਂ ਅਕਾਦਮਿਕ ਪੱਧਰ ਤੇ ਰਚੀਆਂ ਇਨਕਲਾਬੀ ਲਿਖਤਾਂ ਹਨ। ਉਨ੍ਹਾਂ ਨੇ ਦਸਮ ਗ੍ਰੰਥ ਦੇ ਵਿਰੋਧ ਤੋਂ ਅੱਗੇ ਜਾਂ ਕੇ, ਸਿੱਖ ਸਮਾਜ ਵਿਚ ਧਰਮ ਦੇ ਨਾਂ ਤੇ ਪ੍ਰਚਲਿਤ ਜ਼ਿਆਦਾਤਰ ਮਨੌਤਾਂ ਦਾ ਗੁਰਬਾਣੀ ਦੀ ਕਸਵੱਟੀ ਤੇ ਗੰਭੀਰ ਵਿਸ਼ਲੇਸ਼ਨ/ਪਰਖ ਕੀਤੀ ਅਤੇ ਇਨ੍ਹਾਂ ਬਹੁਤੀਆਂ ਗਲਤ ਮਨੌਤਾਂ ਨੂੰ ਡੰਕੇ ਦੀ ਚੋਟ ਤੇ ਨਕਾਰ ਦਿਤਾ। ਜਾਗਰੂਕਤਾ ਲਹਿਰ ਦੇ ਇਸ ਸਫਰ ਦੀ ਠੋਸ ਅਵਾਜ਼ ਬਣਿਆ ‘ਸਪੋਕਸਮੈਨ ਮਾਸਿਕ ਰਸਾਲਾ’ ਜਿਸ ਨੇ ਕਾਲਾ ਅਫਗਾਨਾ ਜੀ ਦੀਆਂ ਲਿਖਤਾਂ ਨੂੰ ਲੋਕਾਂ ਤੱਕ ਪਹੁੰਚਾਉਣ ਵਿਚ ਯੋਗਦਾਨ ਦਿਤਾ। ਪੁਜਾਰੀਵਾਦੀ ਧਿਰਾਂ ਦਾ ਵਿਰੋਧ ਨਾਲ ਨਾਲ ਚਲਦਾ ਰਿਹਾ ਜਿਨ੍ਹਾਂ ਵਲੋਂ ‘ਪੰਥ ਚੋਂ ਛੇਕਨ’ ਦਾ ਹਥਿਆਰ ਆਖਰੀ ਹੀਲੇ ਵਜੋਂ ਵਰਤਿਆ ਜਾਂਦਾ ਰਿਹਾ। ਸੁਧਾਰ ਦੀ ਇਸੇ ਸਫਰ ਦੇ ਅਗਲੇ ਦੌਰ ਦੌਰਾਣ ਕੁਝ ਸਮੇਂ ਤੋਂ ਚਰਚਾ ਅਤੇ ਵਿਵਾਦ ਦਾ ਤਾਜ਼ਾ ਕੇਂਦਰ-ਬਿੰਦੂ ਅਪਗ੍ਰੇਡ ਕਹਾਉਂਦਾ ਤਬਕਾ ਹੈ। ਇਸ ਤਬਕੇ ਦਾ ਸੂਤਰਧਾਰ ਟੀਮ ਰੇਡਿਉ ਵਿਰਸਾ ਨਿਉਜ਼ੀਲੈਂਡ ਹੈ। ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵੀ ਇਸੇ ਘੇਰੇ ਦੇ ਪ੍ਰਚਾਰਕ ਵਜੋਂ ਆਮ ਸੰਗਤ ਵਿਚ ਵਿਚਰਦੇ ਜਾਪਦੇ ਹਨ।
   ਸੁਧਾਰ ਦੇ ਇਸ ਸਫਰ ਦੌਰਾਣ ਸੰਪਰਦਾਈਂ ਧਿਰਾਂ ਵਲੋਂ ਵਿਰੋਧ ਵਿਚ ਸ਼ਬਦੀ ਗਾਲੀ ਗਲੌਚ ਤੋਂ ਇਲਾਵਾ ਪ੍ਰਚਾਰਕਾਂ ਨੂੰ ਸ਼ਰੀਰਕ ਹਮਲਿਆਂ ਜਿਵੇਂ ਧਮਕੀਆਂ, ਮਾਰ-ਕੁੱਟ, ਜਾਨਲੇਵਾਂ ਹਮਲੇ, ਮੁੱਕਾ-ਧੁਸੀ, ਪੱਗਾਂ ਲਾਹੁਣੀਆਂ ਜਾਂ ਚਲਦੇ ਦੀਵਾਨ ਅੰਦਰ ‘ਸਤਿਨਾਮ ਵਾਹਿਗੁਰੂ ਦਾ ਮਨਮੱਤੀਂ ਰੱਟਣ’ ਆਦਿ ਹੀਲੇ ਵੀ ਵਰਤੇ ਜਾਂਦੇ ਰਹੇ। ਸੁਧਾਰ ਦਾ ਇਹ ਵਿਰੋਧ ਹਮੇਸ਼ਾਂ ਤੋਂ ਹੁੰਦਾ ਰਿਹਾ ਹੈ ਅਤੇ ਨਿਉਜ਼ੀਲੈਂਡ ਅਤੇ ਇੰਗਲੈਂਡ ਵਿਚਲੀਆਂ ਤਾਜ਼ਾ ਘਟਨਾਵਾਂ ਇਸੇ ਕੜੀ ਦਾ ਇਕ ਹਿੱਸਾ ਹਨ।
   ਪਰ ਸਿੱਖ ਫਿਰਕੇ ਵਿਚਲੇ ਸੁਚੇਤ ਤਬਕੇ ਵਲੋਂ ਸੁਧਾਰ ਦੇ ਇਸ ਸਫਰ ਦੌਰਾਣ ਕੁੱਝ ਧਿਰਾਂ ਐਸੀਆਂ ਵੀ ਨਿਕਲ ਰਹੀਆਂ ਹਨ ਜਿਨ੍ਹਾਂ ਨੇ ਇਹ ਪੱਖ ਮਜ਼ਬੂਤੀ ਨਾਲ ਪੇਸ਼ ਕਰਨ ਦਾ ਯਤਨ ਕੀਤਾ ਕਿ ਸਿੱਖ ਫਿਰਕੇ ਦੀ ਮੌਜੂਦਾ ਹੋਂਦ ਹੀ ਬਾਬਾ ਨਾਨਕ ਦੇ ਆਰੰਭੇ ਗੁਰਮਤਿ ਇਨਕਲਾਬ ਦਾ ਖੁੱਲਮ-ਖੁੱਲ੍ਹਾ ਵਿਰੋਧ ਹੈ। ਇਹ ਨਜ਼ਰੀਆ ਪਹਿਲੀ ਵਾਰ ਸਾਡੀ ਜਾਣਕਾਰੀ ਅਨੁਸਾਰ ਲੇਖਕ ਇਕਬਾਲ ਸਿੰਘ ਢਿਲੋਂ (ਚੰਡੀਗੜ) ਨੇ ਪੇਸ਼ ਕੀਤਾ। ਉਨ੍ਹਾਂ ਨੇ ‘ਨਾਨਕ ਮਿਸ਼ਨ’ ਦੇ ਨਾਂ ਹੇਠ ਇਸ ਵਿਚਾਰ ਨੂੰ ਅੱਗੇ ਤੋਰਨ ਦੀ ਕੋਸ਼ਿਸ਼ ਵੀ ਕੀਤੀ। ਬਾਬਾ ਨਾਨਕ ਦੇ ਆਰੰਭੇ ਗੁਰਮਤਿ ਇਨਕਲਾਬ ਦੇ ਮੂਲ ਵੱਲ ਵਾਪਸੀ ਦੇ ਸਫਰ ਤੇ ਇਹ ਅਵਾਜ਼ ਜਨਤਕ ਤੌਰ ਤੇ ਮਜ਼ਬੂਤੀ ਨਾਲ ਉਠਾਉਣ ਵਾਲਾ ਦੂਜਾ ਮੰਚ ‘ਤੱਤ ਗੁਰਮਤਿ ਪਰਿਵਾਰ’ ਹੀ ਰਿਹਾ। ਆਪਣੀ ਇਸ ਸੋਚ ਨੂੰ ਵਿਵਹਾਰਿਕ ਰੂਪ ਵਿਚ ਅੱਗੇ ਵਧਾਉਂਦਿਆਂ ਅਪ੍ਰੈਲ 2017 ਵਿਚ ‘ਤੱਤ ਗੁਰਮਤਿ ਪਰਿਵਾਰ’ ਨੇ ਇਕ ‘ਐਲਾਨ-ਨਾਮੇ’ ਰਾਹੀਂ ਫਿਰਕੂ ਵਲਗੱਣਾਂ ਤੋਂ ਆਜ਼ਾਦ ਹੋਣ ਦਾ ਐਲਾਣ ਕਰਦਿਆਂ ਬਾਬਾ ਨਾਨਕ ਦੇ ਆਰੰਭੇ ‘ਗੁਰਮਤਿ ਇਨਕਲਾਬ’ ਦੇ ਮੂਲ ਵੱਲ ਵੱਧਣ ਦੇ ਯਤਨਾਂ ਬਾਰੇ ਪ੍ਰਤੀਬੱਧਤਾ ਜ਼ਾਹਿਰ ਕੀਤੀ। ਅੱਜ ਇਹ ਸੱਚਾਈ ਪੇਸ਼ ਕਰਨ ਵਿਚ ਸਾਨੂੰ ਕੋਈ ਹਿਚਕਿਚਾਹਟ ਨਹੀਂ ਕਿ ਬੇਸ਼ਕ ਸਿੱਖ ਸਮਾਜ ਵਿਚ ਸੁਧਾਰ ਦੀ ਗੱਲ ਕਰਨ ਵਾਲੇ ਅਨੇਕਾਂ ਧਿਰਾਂ ਅਤੇ ਪ੍ਰਚਾਰਕ ਹਨ। ਪਰ ਬਾਬਾ ਨਾਨਕ ਜੀ ਦੇ ਮਿਸ਼ਨ/ਇਨਕਲਾਬ ਨੂੰ ਮੂਲ ਸਹੀ ਰੂਪ ਵਿਚ ਸਮਝਣ ਅਤੇ ਉਸ ਨੂੰ ਵਿਵਹਾਰਿਕ ਤੌਰ ਤੇ ਅਪਨਾ ਕੇ ਜਨਤਕ ਤੌਰ ਤੇ ਪ੍ਰਚਾਰਨ ਵਾਲੀਆਂ ਧਿਰਾਂ ਸਿਰਫ ਦੋ ਕੁ ਹੀ ਹਨ। ਅਪਗ੍ਰੇਡ ਕਹਾਉਂਦੀ ਤਾਜ਼ਾ ਧਿਰ ਵੀ ਉਸ ਮੂਲ ਵਿਗਾੜ ਦੀ ਸੂਖਮ ਪਕੜ ਤੋਂ ਹਾਲੀਂ ਤੱਕ ਸੱਖਣੀ ਹੀ ਨਜ਼ਰ ਆਉਂਦੀ ਹੈ। ਉਹ ਵੀ ਬਾਕੀ ਸੁਧਾਰਕ ਧਿਰਾਂ ਵਾਂਗੂ ਸਿੱਖ ਕੌਮ/ਫਿਰਕੇ ਦੀ ਵਲੱਗਣ ਤੋਂ ਮਾਨਸਿਕ ਤੌਰ ਤੇ ਆਜ਼ਾਦ ਨਹੀਂ ਜਾਪਦੀ। ਬਲਕਿ ਇਹ ਤਾਂ ਪੁਜਾਰੀਵਾਦੀ ਤਾਕਤਾਂ (ਅਕਾਲ ਤਖਤ ਆਦਿ) ਸਾਹਮਣੇ ਗੋਡੇ ਟੇਕਣ ਦੀ ਆਪਣੀ ‘ਨੀਤੀ  ਨੂੰ ਸਹੀ ਸਟਰੈਟਜੀ ਮੰਨਦੀ ਹੈ।
   ਰੂੜੀਵਾਦੀ ਧਿਰਾਂ ਵਲੋਂ ਵਿਰੋਧ ਅਤੇ ਟਕਰਾਅ ਦੀਆਂ ਇਨ੍ਹਾਂ ਤਾਜ਼ਾ ਘਟਨਾਵਾਂ ਨੇ ਸਾਨੂੰ ਇਕ ਵਾਰ ਫੇਰ ਬਾਬਾ ਨਾਨਕ ਦੇ ਆਰੰਭੇ ਇਨਕਲਾਬ ਦੇ ਮੂਲ ਬਾਰੇ ਵਿਸ਼ਲੇਸ਼ਨ ਕਰਨ ਦਾ ਮੌਕਾ ਦਿਤਾ ਹੈ। ਸਾਨੂੰ ਇਹ ਸੱਚਾਈ ਮੰਨਣ ਵਿਚ ਕੋਈ ਹਰਜ ਨਹੀਂ ਕਿ ਪਹਿਲਾਂ ਪ੍ਰਚਲਿਤ ਫਿਰਕਿਆਂ (ਹਿੰਦੂ, ਇਸਲਾਮ, ਇਸਾਈ, ਯਹੂਦੀ, ਬੁੱਧ ਆਦਿ) ਵਾਂਗੂ ਸਿੱਖ ਫਿਰਕਾ ਵੀ ਸਥਾਪਿਤ ਹੋ ਚੁੱਕਾ ਹੈ। ਬਹੁਤੇ ਜਾਗਰੂਕ/ਅਪਗ੍ਰੇਡ ਕਹਾਉਂਦੇ ਪ੍ਰਚਾਰਕ ਤਾਂ ਇਨ੍ਹਾਂ ਫਿਰਕਿਆਂ ਦੀਆਂ ਮਨੌਤਾਂ ਨੂੰ ਹੀ ‘ਧਰਮ’ (ਹਿੰਦੂ ਧਰਮ, ਸਿੱਖ ਧਰਮ, ਇਸਲਾਮ ਧਰਮ ਆਦਿ) ਮੰਨਣ ਦੇ ਭੁਲੇਖੇ ਤੋਂ ਹੀ ਹਾਲੀਂ ਬਾਹਰ ਨਹੀਂ ਨਿਕਲ ਸਕੇ। ਸਾਡੀ ਸਮਝ ਅਨੁਸਾਰ ਇਨ੍ਹਾਂ ਸਾਰੇ ਫਿਰਕਿਆਂ ਨੂੰ ਆਪਣੀਆਂ ਮਨੌਤਾਂ ਨੂੰ ਗਲਤ ਤੌਰ ਤੇ ‘ਧਰਮ’ ਮੰਨ ਕੇ ਅਪਨਾਉਣ ਦਾ ਮੁੱਢਲਾ ਮਨੁੱਖੀ ਹੱਕ ਹੈ। ਬਾਬਾ ਨਾਨਕ ਜੀ ਨੇ ਵੀ ਇਸ ਹੱਕ ਦੀ (ਇਨ੍ਹਾਂ ਮਨੌਤਾਂ ਨੂੰ ਗਲਤ ਮੰਨਦੇ ਹੋਏ ਵੀ) ਪ੍ਰੋੜਤਾ ਕੀਤੀ ਅਤੇ ਜਬਰਨ ਕਿਸੇ ਨੂੰ ਵੀ ਐਸੀਆਂ ਮਾਨਤਾਵਾਂ ਤੋਂ ਰੋਕਣ ਦੇ ਯਤਨ ਦਾ ਵਿਰੋਧ ਕੀਤਾ। ਪਰ ਉਨ੍ਹਾਂ ਨੇ ਪ੍ਰਚਾਰ/ਸੰਵਾਦ ਰਾਹੀਂ ਇਨ੍ਹਾਂ ਗਲਤ ਮਨੌਤਾਂ ਦਾ ਖੰਡਨ ਕੀਤਾ ਅਤੇ ਇਨ੍ਹਾਂ ਦੇ ‘ਧਰਮ’ ਹੋਣ ਦੀ ਖੋਖਲੀ ਅਤੇ ਭਟਕੀ ਸੋਚ ਨੂੰ ਗੁਰਬਾਣੀ ਅਤੇ ਵਿਵਹਾਰ ਰਾਹੀਂ ਜਗ-ਜ਼ਾਹਿਰ ਵੀ ਕੀਤਾ।
      ਅੱਜ ਸਾਨੂੰ ਇਹ ਪੜਚੋਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕੀ ਬਾਬਾ ਨਾਨਕ ਦਾ ਮਿਸ਼ਨ ਕਿਸੇ ਸਥਾਪਿਤ ਫਿਰਕੇ ਦੀਆਂ ਚੰਦ ਮਨੌਤਾਂ ਦਾ ਸੁਧਾਰ ਮਾਤਰ ਸੀ? ਕੀ ਬਾਬਾ ਨਾਨਕ ਇਨ੍ਹਾਂ ਫਿਰਕਿਆਂ ਦੀਆਂ ਮਨੌਤਾਂ ਨੂੰ ਹੀ ‘ਧਰਮ’ ਮੰਨਦੇ ਸਨ? ਕੀ ਉਹ ਪਹਿਲਾਂ ਪ੍ਰਚਲਿਤ ਫਿਰਕਿਆਂ ਦੀਆਂ ਕੁੱਝ ਮਨੌਤਾਂ ਦੇ ਸੁਧਾਰ ਕਰਕੇ ਇਕ ਹੋਰ ਸੁਧਰਿਆ ਹੋਇਆ ਫਿਰਕਾ ਸਥਾਪਿਤ ਕਰਨਾ ਚਾਹੁੰਦੇ ਸਨ?  ਸਾਡੀ ਸਮਝ ਅਨੁਸਾਰ ਬਿਲਕੁਲ ਨਹੀਂ। ਬਾਬਾ ਨਾਨਕ ਤਾਂ ਅਸਲ ਨੁਕਤਾ ਸਮਝਾਉਣਾ ਚਾਹੁੰਦੇ ਸਨ ਕਿ  ਸਾਰੇ ਫਿਰਕੇ ਪੁਜਾਰੀਵਾਦੀ ਸੋਚ ਦੀ ਉਪਜ ਹਨ। ਇਨ੍ਹਾਂ ਫਿਰਕਿਆਂ ਦੀਆਂ ਮਨੌਤਾਂ ‘ਧਰਮ’ ਨਹੀਂ, ਪੁਜਾਰੀ ਕਰਮ-ਕਾਂਡ ਹਨ। ਬਾਬਾ ਨਾਨਕ ਤਾਂ ਇਹ ਇਨਕਲਾਬੀ ਸੰਦੇਸ਼ ਦੇਂਦੇ ਸਨ ਕਿ ਸਾਰੀ ਕੁਦਰਤ ਦਾ ਕਰਤਾ ਇਕ ਰੱਬ ਹੈ ਅਤੇ ਇਸ ਕੁਦਰਤ ਨੂੰ ਚਲਾਉਣ ਲਈ ਉਸ ਵਲੋਂ ਬਣਾਏ ਅਟੱਲ ਨਿਯਮ ਹੀ ਅਸਲ ਤੇ ਇਕੋ  ਇਕ ਸਰਬ-ਸਾਂਝਾ ‘ਧਰਮ’ ਹਨ। ਇਨ੍ਹਾਂ ਨਿਯਮਾਂ ਨੂੰ ਸਮਝ ਕੇ ਉਨ੍ਹਾਂ ਅਨੁਸਾਰ ਜੀਵਨ ਬਣਾਉਣਾ ਹੀ ਅਸਲ ਵਿਚ ‘ਧਰਮੀ’ ਹੋਣਾ ਹੈ।
   ‘ਤੱਤ ਗੁਰਮਤਿ ਪਰਿਵਾਰ’ ਨੂੰ ਇਕ ਵਾਰ ਫੇਰ ਡੰਕੇ ਦੀ ਚੋਟ ਤੇ ਇਹ ਹਕੀਕਤ ਕਹਿਣ ਵਿਚ ਕੋਈ ਝਿਝਕ ਨਹੀਂ ਕਿ ‘ਸਿੱਖ ਫਿਰਕੇ’ ਵਜੋਂ ਸਥਾਪਿਤ ਹੋ ਜਾਣਾ ਹੀ ਬਾਬਾ ਨਾਨਕ ਦੇ ਆਰੰਭੇ ‘ਗੁਰਮਤਿ ਇਨਕਲਾਬ’ ਨਾਲੋਂ ਤੋੜ-ਵਿਛੋੜਾ ਕਰਨ ਦੀ ਦੁਰ-ਘਟਨਾ ਸੀ।
    ਇਤਿਹਾਸ ਗਵਾਹ ਹੈ ਕਿ ਬਾਬਾ ਨਾਨਕ ਜੀ ਨੇ ਕਿਸੇ ਖਾਸ ਫਿਰਕੇ (ਹਿੰਦੂ-ਇਸਲਾਮ ਆਦਿ) ਦੇ ਸੁਧਾਰ ਦੀ ਕੋਸ਼ਿਸ਼ ਨਹੀਂ ਕੀਤੀ। ਬਲਕਿ ਉਨ੍ਹਾਂ ਨੇ ‘ਨ ਹਮ ਹਿੰਦੂ ਨ ਮੁਸਲਮਾਨ’ ਦਾ ਐਲਾਣ ਕਰਦਿਆਂ ਇਨ੍ਹਾਂ ਫਿਰਕੂ  ਵਲਗਣਾਂ ਤੋਂ ਆਜ਼ਾਦ ਹੋਕੇ ਇਕੋ ਇਕ ਅਸਲ ਧਰਮ (ਕੁਦਰਤੀ ਨਿਯਮਾਂ) ਨਾਲ ਜੁੜਣ ਦਾ ਹੋਕਾ ਦਿਤਾ। ਇਤਿਹਾਸ ਵਿਚ ਕਿਧਰੇ ਜ਼ਿਕਰ ਨਹੀਂ ਮਿਲਦਾ ਕਿ ਬਾਬਾ ਨਾਨਕ (ਜਾਂ ਉਨ੍ਹਾਂ ਦੇ ਮਗਰਲੇ ਰਹਿਬਰਾਂ ਨੇ) ਕਿਸੇ ਪ੍ਰਚਲਿਤ ਫਿਰਕੇ ਦੇ ਅਖੌਤੀ ਧਰਮ ਸਥਾਨ (ਮੰਦਿਰ, ਮਸਜਿਦ ਆਦਿ) ਦਾ ਹਿੱਸਾ ਬਣਦੇ ਹੋਏ, ਉਸ ਫਿਰਕੇ ਦੇ ਪ੍ਰਚਾਰਕ ਵਜੋਂ ਸੁਧਾਰ ਦੀ ਕੋਸ਼ਿਸ਼ ਕੀਤੀ। ਬੇਸ਼ਕ ਨਾਨਕ ਪਾਤਸ਼ਾਹ ਇਨ੍ਹਾਂ ਫਿਰਕਿਆਂ ਦੇ ਪ੍ਰਚਲਿਤ ਸਥਾਨਾਂ ਤੇ ਆਪਣੀ ਗੱਲ ਸੰਵਾਦ ਜਾਂ ਨਾਟਕੀ ਤਰੀਕੇ ਨਾਲ ਪੇਸ਼ ਕਰਨ ਗਏ, ਪਰ ਕਦੇ ਵੀ ਉਨ੍ਹਾਂ ਦੀ ਕਰਮ-ਕਾਂਡੀ ਪੱਧਤੀ ਦਾ ਹਿੱਸਾ ਨਹੀਂ ਬਣੇ।
   ਅੱਜ ਬਾਬਾ ਨਾਨਕ ਨੂੰ ਮੂਲੋਂ ਸਮਝਣ ਦੇ ਚਾਹਵਾਣ ਸੱਜਣਾਂ ਨੂੰ ਇਹ ਪੜਚੋਲ ਕਰਨੀ ਚਾਹੀਦੀ ਹੈ  ਕੀ ਅਜੌਕੇ ਸਿੱਖ ਫਿਰਕੇ ਦੀਆਂ ਸਥਾਪਿਤ ਹੋ ਚੁੱਕੀਆਂ ਮਨੌਤਾਂ ਬਾਬਾ ਨਾਨਕ ਦੇ ਇਨਕਲਾਬੀ ਮਿਸ਼ਨ ਨਾਲ ਧ੍ਰੋਹ ਨਹੀਂ? ‘ਨਾਨਕ ਇਨਕਲਾਬ’ ਤੋਂ ਟੁੱਟ ਕੇ ‘ਸਿੱਖ ਫਿਰਕੇ’ (ਹਿੰਦੂ, ਇਸਲਾਮ ਆਦਿ ਵਾਂਗ) ਦੇ ਰੂਪ ਵਿਚ ਸਥਾਪਿਤ ਹੋ ਜਾਣਾ ਭਟਕਾਅ ਦਾ ਅੰਤਿਮ ਪੜਾਅ ਸੀ। ਸੋ ਇਸ ਫਿਰਕੇ (ਅਤੇ ਇਸ ਦੀਆਂ ਮਨੌਤਾਂ) ਦੇ ਸੁਧਾਰ ਦੀਆਂ ਗੱਲਾਂ ਕੁੱਝ ਇਸ ਤਰਾਂ ਹੈ ਜਿਵੇਂ ਅਸੀਂ ਬਾਬਾ ਨਾਨਕ ਹਿੰਦੂ ਜਾਂ ਇਸਲਾਮ ਫਿਰਕੇ ਦੇ ਸੁਧਾਰਕ ਮੰਨ ਰਹੇ ਹੋਈਏ। ਇਨ੍ਹਾਂ ਫਿਰਕੂ ਵਲਗਣਾਂ ਤੋਂ ਆਜ਼ਾਦ ਹੋਏ ਬਿਨਾਂ ‘ਬਾਬਾ ਨਾਨਕ’ ਦੇ ਮੂਲ ਮਿਸ਼ਨ ਨਾਲ ਜੁੜਣ ਦੀ ਸੋਚ ਹੀ ਬੇ-ਮਾਅਣੀ ਅਤੇ ਖੋਖਲੀ ਹੈ।
  ਇਸ ਵਿਚ ਕੋਈ ਦੋ ਰਾਇ ਨਹੀਂ ਕਿ ਸਮੁੱਚੀ ਮਨੁੱਖਤਾ ਨੂੰ ਕਲਿਆਣਕਾਰੀ ਕਲਾਵੇ ਵਿਚ ਲੈਣ ਦੀ (ਅੱਜ ਤੱਕ) ਗੱਲ ਕਰਦੀ ਇਕੋ ਇਕ ਵਿਚਾਰਧਾਰਾ ‘ਗੁਰਮਤਿ ਇਨਕਲਾਬ’ ਹੀ ਹੈ। ਪਰ ਉਸ ਸਰਬ-ਸਾਂਝੇ ਇਨਕਲਾਬ ਨਾਲ ਸਹੀ ਮਾਇਨੇ ਵਿਚ ਜੁੜਣ ਦਾ ਇਕੋ ਇਕ ਰਾਹ ਆਪਣੇ ਆਪ ਨੂੰ ਮਾਨਸਿਕ ਅਤੇ ਜ਼ਾਹਰਾ ਤੌਰ ਤੇ ਕਿਸੇ ਵੀ ਸਥਾਪਿਤ ਫਿਰਕੇ ਦੀਆਂ ਵਲਗਣਾਂ ਤੋਂ ਆਜ਼ਾਦ ਕਰਨਾ ਹੈ। ਸਾਨੂੰ ਕਿਸੇ ਵੀ ਸਥਾਪਿਤ ਫਿਰਕੇ ਦੀਆਂ ਮਨੌਤਾਂ ਨੂੰ ਉਸ ਫਿਰਕੇ ਦਾ ਹਿੱਸਾ ਬਣੇ ਰਹਿ ਕੇ ਵਿਰੋਧ ਕਰਨ ਦਾ ਕੋਈ ਇਖਲਾਕੀ ਹੱਕ ਨਹੀਂ ਬਣਦਾ। ਇਹ ਨਿਹਾਇਤ ਦੋਗਲਾ-ਪਨ ਹੈ ਜਿਸ ਦੀ ਝਲਕ ਮਿਸ਼ਨਰੀ ਕਾਲਜਾਂ ਤੋਂ ਲੈ ਕੇ ਤਾਜ਼ਾ ਅਪਗ੍ਰੇਡ ਕਹਾਉਂਦੇ ਧੜੇ ਵਿਚ ਵੀ ਸਪਸ਼ਟ ਨਜ਼ਰ ਆਉਂਦੀ ਹੈ। ਇਕ ਪਾਸੇ ਆਪਣੇ ਪ੍ਰਚਾਰ ਵਿਚ ਕਿਸੇ ਗੱਲ ਦਾ ਖੰਡਨ ਕਰੀ ਜਾਣਾ ਅਤੇ ਦੁਜੇ ਪਾਸੇ ਆਪਣੇ ਕੰਟਰੋਲ ਹੇਠਲੀ ਸੰਸਥਾ (ਗੁਰਦੁਆਰਾ ਆਦਿ) ਵਿਚ ਉਨ੍ਹਾਂ ਮਨੌਤਾਂ ਨੂੰ ਅਪਨਾਈ ਜਾਣਾ ਦੋਗਲਾਪਨ ਨਹੀਂ ਤਾਂ ਹੋਰ ਕੀ ਹੈ? ਸਿੱਖ ਫਿਰਕੇ ਦੀਆਂ ਬਹੁਤੀਆਂ ਮਨੌਤਾਂ ‘ਬਾਬਾ ਨਾਨਕ’ ਦੀ ਸੋਚ ਤੋਂ ਉਲਟ ਹਨ। ਜੇ ਸਿਰਫ ਕੁਝ ਚੰਗੀਆਂ ਗੱਲਾਂ ਹੋਣ ਦੀ ਕੋਈ ਦਲੀਲ ਦੇਵੇ ਤਾਂ ਕੁੱਝ ਚੰਗੀਆਂ ਗੱਲਾਂ ਤਾਂ ਹਿੰਦੂ, ਇਸਲਾਮ ਫਿਰਕੇ ਆਦਿ ਵਿਚ ਵੀ ਮਿਲ ਜਾਣਗੀਆਂ।
    ਜਦੋਂ ਅਸੀਂ ਕਿਸੇ ਸਥਾਪਿਤ ਫਿਰਕੇ ਦੇ ਅਖੌਤੀ ਧਾਰਮਿਕ ਸਥਾਨਾਂ ਦੀਆਂ ਸਟੇਜਾਂ ਤੇ ਜਾ ਕੇ, ਉਨ੍ਹਾਂ ਦੇ ਸਿਸਟਮ ਦਾ ਹਿੱਸਾ ਬਣ ਕੇ, ਉਨਾਂ ਦੀਆਂ ਮਨੌਤਾਂ ਦੇ ਖੰਡਨ ਦੀਆਂ ਕੋਸ਼ਿਸ਼ਾਂ ਕਰਾਂਗੇ ਤਾਂ ਨਿਉਜ਼ੀਲੈਂਡ ਜਾਂ ਇੰਗਲੈਂਡ ਵਰਗੀਆਂ ਦੁਰ-ਘਟਨਾਵਾਂ ਹੁੰਦੀਆਂ ਹੀ ਰਹਿਣਗੀਆਂ।
   ਬਾਬਾ ਨਾਨਕ ਨੇ ਕਿਸੇ ਇਕ ਖਾਸ ਫਿਰਕੇ ਦੇ ਸੁਧਾਰ ਨੂੰ ਆਪਣਾ ਮਿਸ਼ਨ ਨਹੀਂ ਬਣਾਇਆ। ਉਨ੍ਹਾਂ ਨੇ ਤਾਂ ਇਸ ਫਿਰਕਾ-ਪ੍ਰਸਤੀ ਦੀ ਸੋਚ ਨੂੰ ਨਕਾਰ ਕੇ ਹੀ ਇਨਕਲਾਬ ਦੀ ਸ਼ੁਰੂਆਤ ਕੀਤੀ ਅਤੇ ਸਮਾਜ ਦੇ ਦਬੇ-ਕੁਚਲੇ ਲੋਕਾਂ ਦਾ ਸਾਥ ਦੇ ਕੇ, ਫਿਰਕਾ-ਪ੍ਰਸਤੀ ਤੋਂ ਆਜ਼ਾਦ, ਇਕ ਮਜ਼ਬੂਤ ਲੋਕ-ਲਹਿਰ ਖੜੀ ਕੀਤੀ। ਬਾਬਾ ਨਾਨਕ ਦੇ ਉਸ ਸਰਬ-ਕਲਿਆਣਕਾਰੀ ‘ਗੁਰਮਤਿ ਇਨਕਲਾਬ’ ਦੀ ਪੁਨਰ-ਸੁਰਜੀਤੀ ਦੀ ਗੱਲ ਵੀ ਇਨ੍ਹਾਂ ਸਥਾਪਤ ਫਿਰਕਿਆਂ ਨੂੰ ਨਕਾਰ ਕੇ ਹੀ ਕੀਤੀ ਜਾ ਸਕਦੀ ਹੈ।
   ਸਾਨੂੰ ਅੱਜ ਫਿਰਕਾ-ਪ੍ਰਸਤੀ ਦੇ ਚਕਰ-ਵਿਊਹ ਤੋਂ ਆਜ਼ਾਦ ਹੋਣ ਦੀ ਲਕੀਰ ਖਿੱਚਣ ਦੀ ਹਿੰਮਤ ਅਤੇ ਵਿਸ਼ਵ ਭਰ ਦੇ ਸਹਿਮਤ ਲੋਕਾਂ ਨੂੰ ਨਾਲ ਲੈ ਕੇ ਇਕ ਲੋਕ-ਲਹਿਰ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇ ਅਸੀਂ ਹੁਣ ਵੀ ਕਿਸੇ ਇਕ ਖਾਸ ਫਿਰਕੇ ਦੇ ਸੁਧਾਰ ਮਾਤਰ ਦੇ ਛੁਣ-ਛੁਣਿਆਂ ਰਾਹੀਂ ਜਾਗਰੂਕ/ਅਪਗ੍ਰੇਡ ਹੋਣ ਦਾ ਭਰਮ ਪਾਲੀ ਰੱਖਣਾ ਚਾਹੁੰਦੇ ਹਾਂ ਤਾਂ ਸਿਰਫ ਆਪਣੀ ਹਉਮੈ ਨੂੰ ਪੱਠੇ ਪਾਉਂਦੇ ਹੋਏ ਜਾਣ-ਬੁਝ ਕੇ ਕਿਸੇ ਫਿਰਕੇ ਵਿਸ਼ੇਸ਼ ਨਾਲ ਟਕਰਾਵ ਲੈਣ ਦੀ ਮੂਰਖਤਾ ਹੀ ਮੰਨੀ ਜਾਵੇਗੀ। ਅੱਜ ਪ੍ਰਚਾਰ ਖੇਤਰ ਵਿਚ ਤਕਨੀਕ ਦੇ ਆਉਣ ਨਾਲ ਫਾਇਦੇ ਦੀ ਗੱਲ ਇਹ ਹੈ ਕਿ ਸਾਨੂੰ ਕਿਸੇ ਵੀ ਫਿਰਕੇ ਦੀ ਸਥਾਪਤ ਸਟੇਜਾਂ ਦੀ ਲੋੜ ਨਹੀਂ ਰਹੀ। ਅਸੀਂ ਆਪਣੀ ਗੱਲ ਨਵੇਂ ਸਿਰੇ ਤੋਂ ਸ਼ੁਰੂ ਕਰ ਸਕਦੇ ਹਾਂ।
    ਆਸ ਹੈ ਕਿ ਹੁਣ ਸੁਹਿਰਦ ਸੱਜਣ ਬਾਬਾ ਨਾਨਕ ਦੀ ਸੇਧ ਵਿਚ, ਫਿਰਕੂ ਵਲਗਣਾਂ ਤੋਂ ਆਜ਼ਾਦ, ਲੋਕ-ਲਹਿਰ ਤਿਆਰ ਕਰਨ ਦੀ ਕੋਸ਼ਿਸ਼ ਜ਼ਰੂਰ ਕਰਨਗੇ। ਬਾਕੀ ਜਾਨ-ਬੁਝ ਕੇ ਕਿਸੇ ਫਿਰਕੇ ਵਿਸ਼ੇਸ਼ ਦੀਆਂ ਸਟੇਜਾਂ ਤੇ ਜਾ ਕੇ (ਉਸ ਸਿਸਟਮ ਦਾ ਹਿੱਸਾ ਬਣ ਕੇ) ਉਨ੍ਹਾਂ ਦੀਆਂ ਮਨੌਤਾਂ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਰਾਹੀਂ ਟਕਰਾਵ ਪੈਦਾ ਕਰਦਿਆਂ ‘ਪੱਗਾਂ ਲਾਹੁਣ’ ਦੇ ਗਿਲੇ-ਸ਼ਿਕਵੇ  ਨਾ-ਸਮਝੀ ਹੀ ਹੈ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
13 ਮਈ 2018
....................
ਟਿੱਪਣੀ:-ਕਿਸੇ ਵੀ ਸਿਧਾਂਤ ਨੂੰ ਪੂਰੀ ਤਰ੍ਹਾਂ ਕਬੂਲ ਕਰਨ ਨਾਲ ਜਾਂ ਪੂਰੀ ਤਰ੍ਹਾਂ ਰੱਦ ਕਰਨ ਨਾਲ ਹੀ ਕਿਸੇ ਪਾਸੇ ਲੱਗਿਆ ਜਾ ਸਕਦਾ ਹੈ। ਕਿਸੇ ਦੇ ਸਿਧਾਂਤ ਦੀਆਂ ਦੋ-ਚਾਰ ਗੱਲਾਂ ਲੈ ਕੇ ਉਸ ਵਿਚ ਆਪਣੀ ਮਨਮਤਿ ਸ਼ਾਮਲ ਕਰਨ ਨਾਲ ਖੁਆਰੀ ਹੀ ਹੁੰਦੀ ਹੈ।           ਅਮਰ ਜੀਤ ਸਿੰਘ ਚੰਦੀ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.