ਕੈਟੇਗਰੀ

ਤੁਹਾਡੀ ਰਾਇ



ਪਰਮਜੀਤ ਕੌਰ
ਗੁਰਬਾਣੀ ਵਿਚਾਰ ਕਹਾ ਸੁ ਖੇਲ ਤਬੇਲਾ ਘੋੜੇ ਕਹਾ ਭੇਰੀ ਸਹਨਾਈ ॥
ਗੁਰਬਾਣੀ ਵਿਚਾਰ ਕਹਾ ਸੁ ਖੇਲ ਤਬੇਲਾ ਘੋੜੇ ਕਹਾ ਭੇਰੀ ਸਹਨਾਈ ॥
Page Visitors: 3125

 

ਗੁਰਬਾਣੀ ਵਿਚਾਰ       ਕਹਾ ਸੁ ਖੇਲ ਤਬੇਲਾ ਘੋੜੇ ਕਹਾ ਭੇਰੀ ਸਹਨਾਈ ॥
ਸਾ ਮਹਲਾ ੧
ਕਹਾ ਸੁ ਖੇਲ ਤਬੇਲਾ ਘੋੜੇ ਕਹਾ ਭੇਰੀ ਸਹਨਾਈ ॥ 
ਕਹਾ ਸੁ ਤੇਗਬੰਦ ਗਾਡੇਰੜਿ ਕਹਾ ਸੁ ਲਾਲ ਕਵਾਈ
ਕਹਾ ਸੁ ਆਰਸੀਆ ਮੁਹ ਬੰਕੇ ਐਥੈ ਦਿਸਹਿ ਨਾਹੀ
ਇਹੁ ਜਗੁ ਤੇਰਾ ਤੂ ਗੋਸਾਈ ਏਕ ਘੜੀ ਮਹਿ ਥਾਪਿ ਉਥਾਪੇ ਜਰੁ ਵੰਡਿ ਦੇਵੈ ਭਾਂਈ ਰਹਾਉ
ਕਹਾਂ ਸੁ ਘਰ ਦਰ ਮੰਡਪ ਮਹਲਾ ਕਹਾ ਸੁ ਬੰਕ ਸਰਾਈ
ਕਹਾਂ ਸੁ ਸੇਜ ਸੁਖਾਲੀ ਕਾਮਣਿ ਜਿਸੁ ਵੇਖਿ ਨੀਦ ਨ ਪਾਈ
ਕਹਾ ਸੁ ਪਾਨ ਤੰਬੋਲੀ ਹਰਮਾ ਹੋਈਆ ਛਾਈ ਮਾਈ
ਇਸੁ ਜਰ ਕਾਰਣਿ ਘਣੀ ਵਿਗੁਤੀ ਇਨਿ ਜਰ ਘਣੀ ਖੁਆਈ
ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ
ਜਿਸ ਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ
ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ
ਥਾਨ ਮੁਕਾਮ ਜਲੇ ਬਿਜ ਮੰਦਰ ਮੁਛਿ ਮੁਛਿ ਕੁਇਰ ਰੁਲਾਇਆ
ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ
ਮੁਗਲ ਪਠਾਣਾ ਭਈ ਲੜਾਈ ਰਣ ਮਹਿ ਤੇਗ ਵਗਾਈ
ਓਨ੍ਹ੍ਹੀ ਤੁਪਕ ਤਾਣਿ ਚਲਾਈ ਓਨ੍ਹ੍ਹੀ ਹਸਤਿ ਚਿੜਾਈ
ਜਿਨ੍ਹ੍ਹ ਕੀ ਚੀਰੀ ਦਰਗਹ ਪਾਟੀ ਤਿਨ੍ਹ੍ਹਾ ਮਰਣਾ ਭਾਈ
ਇਕ ਹਿੰਦਵਾਣੀ ਅਵਰ ਤੁਰਕਾਣੀ ਭਟਿਆਣੀ ਠਕੁਰਾਣੀ
ਇਕਨ੍ਹ੍ਹਾ ਪੇਰਣ ਸਿਰ ਖੁਰ ਪਾਟੇ ਇਕਨ੍ਹ੍ਹਾ ਵਾਸੁ ਮਸਾਣੀ
ਜਿਨ੍ਹ੍ਹ ਕੇ ਬੰਕੇ ਘਰੀ ਨ ਆਇਆ ਤਿਨ੍ਹ੍ਹ ਕਿਉ ਰੈਣਿ ਵਿਹਾਣੀ
ਆਪੇ ਕਰੇ ਕਰਾਏ ਕਰਤਾ ਕਿਸ ਨੋ ਆਖਿ ਸੁਣਾਈਐ
ਦੁਖੁ ਸੁਖੁ ਤੇਰੈ ਭਾਣੈ ਹੋਵੈ ਕਿਸ ਥੈ ਜਾਇ ਰੂਆਈਐ
ਹੁਕਮੀ ਹੁਕਮਿ ਚਲਾਏ ਵਿਗਸੈ ਨਾਨਕ ਲਿਖਿਆ ਪਾਈਐ
੧੨{ਪੰਨਾ 417-418}
ਅਰਥ:- ਹੇ ਪ੍ਰਭੂ! ਇਹ ਜਗਤ ਤੇਰਾ (ਬਣਾਇਆ ਹੋਇਆ) ਹੈ, ਤੂੰ ਇਸ ਜਗਤ ਦਾ ਮਾਲਕ ਹੈਂ । (ਉਸ ਮਾਲਕ ਦੀ ਅਚਰਜ ਖੇਡ ਹੈ) ਜਗਤ ਰਚ ਕੇ ਇਕ ਘੜੀ ਵਿਚ ਹੀ ਤਬਾਹ ਭੀ ਕਰ ਦੇਂਦਾ ਹੈ, ਤੇ ਧਨ ਦੌਲਤ ਵੰਡ ਕੇ ਹੋਰਨਾਂ ਨੂੰ ਦੇ ਦੇਂਦਾ ਹੈ 1ਰਹਾਉ
(ਅਜੇ ਕੱਲ ਦੀ ਗੱਲ ਹੈ ਕਿ ਸੈਦਪੁਰ ਵਿਚ ਰੌਣਕ ਹੀ ਰੌਣਕ ਸੀ, ਪਰ ਹੁਣ) ਕਿੱਥੇ ਹਨ (ਫ਼ੌਜੀਆਂ ਦੇ) ਖੇਡ ਤਮਾਸ਼ੇ? ਕਿੱਥੇ ਹਨ ਘੋੜੇ ਤੇ (ਘੋੜਿਆਂ ਦੇ) ਤਬੇਲੇ? ਕਿੱਥੇ ਗਏ ਨਗਾਰੇ ਤੇ ਤੂਤੀਆਂ? ਕਿੱਥੇ ਹਨ ਪਸ਼ਮੀਨੇ ਦੇ ਗਾਤਰੇ? ਤੇ ਕਿੱਥੇ ਹਨ ਉਹ (ਫ਼ੌਜੀਆਂ ਦੀਆਂ) ਲਾਲ ਬਰਦੀਆਂ? ਕਿੱਥੇ ਹਨ ਸ਼ੀਸ਼ੇ? ਤੇ (ਸ਼ੀਸ਼ਿਆਂ ਵਿਚੋਂ ਵੇਖੇ ਜਾਣ ਵਾਲੇ) ਸੋਹਣੇ ਮੂੰਹ? (ਅੱਜ) ਇਥੇ (ਸੈਦਪੁਰ ਵਿਚ ਕਿਤੇ) ਨਹੀਂ ਦਿੱਸਦੇ 1
ਕਿੱਥੇ ਹਨ ਉਹ ਸੋਹਣੇ ਘਰ ਮਹਲ-ਮਾੜੀਆਂ ਤੇ ਸੋਹਣੀਆਂ ਸਰਾਵਾਂ? ਕਿੱਥੇ ਹੈ ਉਹ ਸੁਖ ਦੇਣ ਵਾਲੀ ਇਸਤ੍ਰੀ ਤੇ ਉਸ ਦੀ ਸੇਜ, ਜਿਸ ਨੂੰ ਵੇਖ ਕੇ (ਅੱਖਾਂ ਵਿਚੋਂ) ਨੀਂਦ ਮੁੱਕ ਜਾਂਦੀ ਸੀ? ਕਿੱਥੇ ਹਨ ਉਹ ਪਾਨ ਤੇ ਪਾਨ ਵੇਚਣ ਵਾਲੀਆਂ, ਤੇ ਕਿੱਥੇ ਉਹ ਪਰਦੇਦਾਰ ਜ਼ਨਾਨੀਆਂ? ਸਭ ਗੁੰਮ ਹੋ ਚੁਕੀਆਂ ਹਨ 2
ਇਸ ਧਨ ਦੀ ਖ਼ਾਤਰ ਬਹੁਤ ਲੋਕਾਈ ਖ਼ੁਆਰ ਹੁੰਦੀ ਹੈ ਇਸ ਧਨ ਨੇ ਬਹੁਤ ਦੁਨੀਆ ਨੂੰ ਖ਼ੁਆਰ ਕੀਤਾ ਹੈ ਪਾਪ ਜ਼ੁਲਮ ਕਰਨ ਤੋਂ ਬਿਨਾ, ਇਹ ਦੌਲਤ ਇਕੱਠੀ ਨਹੀਂ ਹੋ ਸਕਦੀ, ਤੇ ਮਰਨ ਵੇਲੇ ਇਹ (ਇਕੱਠੀ ਕਰਨ ਵਾਲੇ ਦੇ) ਨਾਲ ਨਹੀਂ ਜਾਂਦੀ । (ਪਰ ਜੀਵ ਦੇ ਕੀਹ ਵੱਸ?) ਪਰਮਾਤਮਾ ਜਿਸ ਨੂੰ ਆਪ ਕੁਰਾਹੇ ਪਾਂਦਾ ਹੈ (ਪਹਿਲਾਂ ਉਸ ਪਾਸੋਂ ਉਸ ਦੀ) ਚੰਗਿਆਈ ਖੋਹ ਲੈਂਦਾ ਹੈ 3
ਜਦੋਂ ਪਠਾਣ ਹਾਕਮਾਂ ਨੇ ਸੁਣਿਆ ਕਿ ਮੀਰ ਬਾਬਰ ਹੱਲਾ ਕਰ ਕੇ (ਵਗਾ ਤਗ) ਆ ਰਿਹਾ ਹੈ, ਤਾਂ ਉਹਨਾਂ ਅਨੇਕਾਂ ਹੀ ਪੀਰਾਂ ਨੂੰ (ਜਾਦੂ ਟੂਣੇ ਕਰਨ ਲਈ) ਰੋਕ ਰੱਖਿਆ । (ਪਰ ਉਹਨਾਂ ਦੀਆਂ ਤਸਬੀਆਂ ਫਿਰਨ ਤੇ ਭੀ) ਪੱਕੇ ਥਾਂ ਮੁਕਾਮ ਪੱਕੇ ਮਹਲ (ਮੁਗ਼ਲਾਂ ਦੀ ਲਾਈ ਅੱਗ ਨਾਲ) ਸੜ (ਕੇ ਸੁਆਹ ਹੋ) ਗਏ ਉਹਨਾਂ ਨੇ ਪਠਾਣ ਸ਼ਾਹਜ਼ਾਦਿਆਂ ਨੂੰ ਟੋਟੇ ਕਰ ਕਰ ਕੇ (ਮਿੱਟੀ ਵਿਚ) ਰੋਲ ਦਿੱਤਾ । (ਪੀਰਾਂ ਦੀਆਂ ਤਸਬੀਆਂ ਨਾਲ) ਕੋਈ ਇੱਕ ਭੀ ਮੁਗ਼ਲ ਅੰਨ੍ਹਾ ਨਾ ਹੋਇਆ, ਕਿਸੇ ਭੀ ਪੀਰ ਨੇ ਕੋਈ ਕਰਾਮਾਤ ਕਰ ਨਾ ਵਿਖਾਈ 4
ਜਦੋਂ ਮੁਗ਼ਲਾਂ ਤੇ ਪਠਾਣਾਂ ਦੀ ਲੜਾਈ ਹੋਈ, ਲੜਾਈ ਦੇ ਮੈਦਾਨ ਵਿਚ (ਦੋਹਾਂ ਧਿਰਾਂ ਨੇ) ਤਲਵਾਰ ਚਲਾਈ ਉਹਨਾਂ ਮੁਗ਼ਲਾਂ ਨੇ ਬੰਦੂਕਾਂ ਦੇ ਨਿਸ਼ਾਨੇ ਬੰਨ੍ਹ ਬੰਨ੍ਹ ਕੇ ਗੋਲੀਆਂ ਚਲਾਈਆਂ, ਪਰ ਪਠਾਣਾਂ ਦੇ ਹੱਥ ਵਿਚ ਹੀ ਚਿੜ ਚਿੜ ਕਰ ਗਈਆਂ ਪਰ ਹੇ ਭਾਈ! ਧੁਰੋ ਹੀ ਜਿਨ੍ਹਾਂ ਦੀ ਉਮਰ ਦੀ ਚਿੱਠੀ ਪਾਟ ਜਾਂਦੀ ਹੈ, ਉਹਨਾਂ ਮਰਨਾ ਹੀ ਹੁੰਦਾ ਹੈ 5
ਕੀਹ ਹਿੰਦੂ-ਇਸਤ੍ਰੀਆਂ, ਕੀਹ ਮੁਸਲਮਾਨ ਔਰਤਾਂ ਤੇ ਕੀਹ ਭੱਟਾਂ ਤੇ ਠਾਕੁਰਾਂ ਦੀਆਂ ਜ਼ਨਾਨੀਆਂ-ਕਈਆਂ ਦੇ ਬੁਰਕੇ ਸਿਰ ਤੋਂ ਲੈ ਕੇ ਪੈਰਾਂ ਤਕ ਲੀਰ ਲੀਰ ਹੋ ਗਏ, ਤੇ ਕਈਆਂ ਦਾ (ਮਰ ਕੇ) ਮਸਾਣਾਂ ਵਿਚ ਜਾ ਵਾਸਾ ਹੋਇਆ । (ਜੇਹੜੀਆਂ ਬਚ ਰਹੀਆਂ, ਉਹ ਭੀ ਵਿਚਾਰੀਆਂ ਕੀਹ ਬਚੀਆਂ?) ਜਿਨ੍ਹਾਂ ਦੇ ਸੋਹਣੇ ਖਸਮ ਘਰਾਂ ਵਿਚ ਨਾਹ ਆਏ, ਉਹਨਾਂ (ਉਹ ਬਿਪਤਾ ਦੀ) ਰਾਤ ਕਿਵੇਂ ਕੱਟੀ ਹੋਵੇਗੀ? 6
ਪਰ ਇਹ ਦਰਦ-ਭਰੀ ਕਹਾਣੀ ਕਿਸ ਨੂੰ ਆਖ ਕੇ ਸੁਣਾਈ ਜਾਏ? ਕਰਤਾਰ ਆਪ ਹੀ ਸਭ ਕੁਝ ਕਰਦਾ ਹੈ ਤੇ ਜੀਵਾਂ ਤੋਂ ਕਰਾਂਦਾ ਹੈ
 ਹੇ ਕਰਤਾਰ! ਦੁਖ ਹੋਵੇ ਚਾਹੇ ਸੁਖ ਹੋਵੇ ਤੇਰੀ ਰਜ਼ਾ ਵਿਚ ਹੀ ਵਾਪਰਦਾ ਹੈ ਤੈਥੋਂ ਬਿਨਾ ਹੋਰ ਕਿਸ ਪਾਸ ਜਾ ਕੇ ਦੁੱਖ ਫਰੋਲੀਏ?
 ਹੇ ਨਾਨਕ! ਰਜ਼ਾ ਦਾ ਮਾਲਕ ਪ੍ਰਭੂ ਆਪਣੀ ਰਜ਼ਾ ਵਿਚ ਹੀ ਜਗਤ ਦੀ ਕਾਰ ਚਲਾ ਰਿਹਾ ਹੈ ਤੇ (ਵੇਖ ਵੇਖ ਕੇ) ਸੰਤੁਸ਼ਟ ਹੋ ਰਿਹਾ ਹੈ । (ਆਪੋ ਆਪਣੇ ਕੀਤੇ ਕਰਮਾਂ ਅਨੁਸਾਰ) ਲਿਖਿਆ ਲੇਖ ਭੋਗੀਦਾ ਹੈ 712

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.