ਕੈਟੇਗਰੀ

ਤੁਹਾਡੀ ਰਾਇ



ਰਾਜਾ ਸਿੰਘ ਮਿਸ਼ਨਰੀ
ਕੋਈ ਹਰਿਆ ਬੂਟ ਰਹਿਓ ਰੀ
ਕੋਈ ਹਰਿਆ ਬੂਟ ਰਹਿਓ ਰੀ
Page Visitors: 3237

ਕੋਈ ਹਰਿਆ ਬੂਟ ਰਹਿਓ ਰੀ
ਖੁਸ਼ਹਾਲ ਮਨੁਖੀ ਜਿੰਦਗੀ ਲਈ ਦੋ ਖੇਤਰਾਂ ਵਿਚ ਉਨਤੀ ਜਰੂਰੀ ਹੈ ਇਕ ਸੰਸਾਰਕ ਜਾਂ ਸਰੀਰਕ ਤੇ ਦੂਸਰੀ ਅਧਿਆਤਮਕ |
ਸਦੀਵ ਕਾਲ ਤੋਂ ਗੁਰੂ ਪੀਰਾਂ ਮਹਾਂਪੁਰਖਾਂ ਨੇ ਐਸੇ ਉਪਦੇਸ਼ ਦਿਤੇ, ਪਰ ਗੁਰੂ ਨਾਨਕ ਸਾਹਿਬ ਜੀ ਨੇ ਤਾਂ ਧੁਰ ਕੀ ਬਾਣੀ ਕਲਮਬੰਦ ਕਰਕੇ ਮਨੁਖ ਦੇ ਹਰ ਫਰਜ਼ ਨੂੰ ਨਿਖਾਰ ਕੇ ਸਾਹਮਣੇ ਲੈ ਆਂਦਾ | ਗੁਰਬਾਣੀ ਮਨੁਖ ਦੇ ਅਧਿਆਤਮਕ ਜੀਵਨ ਤੇ ਸੰਸਾਰਕ ਜੀਵਨ ਦਾ ਇਕ ਸਹੀ ਸੁਮੇਲ ਪੇਦਾ ਕਰਦੀ ਹੈ ਜਿਸ ਨੂੰ ਅਪਣਾ ਕੇ ਬੇਹਤਰੀਨ ਜਿੰਦਗੀ ਜੀ ਸਕਦਾ ਹੈ | ਦੂਸਰੇ ਲਫਜਾਂ ਵਿਚ ਆਖ ਸਕਦੇ ਹਾਂ ਕਿ ਬਹੁਤ ਵਧੀਆ ਜਿੰਦਗੀ ਦਾ ਅਰਥ ਸੰਸਾਰਕ ਤੇ ਪ੍ਰਮਾਰਥਕ ਫਰਜਾਂ ਦਾ ਬਣਦਾ ਸਮਤੋਲ ਹੈ |
ਸਿਖ ਮਤ ਗ੍ਰਿਹਸਤ-ਪ੍ਰਧਾਨ ਹੈ, ਸੰਸਾਰ ਤਿਆਗਣ ਦੀ ਗਲ ਨਹੀਂ ਸਗੋਂ ਖੁਸ਼ਾਹਲ ਮੰਡਲ ਸਿਰਜਣ ਨੂੰ ਧਰਮ ਨਾਲ ਜੋੜਿਆ ਹੈ | ਗੁਰਬਾਣੀ ਵਿਚ ਐਸੀ ਜੀਵਨ ਜਾਚ ਦਸੀ ਹੈ ਜਿਸ ਵਿਚ ਨਫਰਤ, ਗੁਸੇ, ਈਰਖਾ, ਝਗੜੇ ਦੀ ਕੋਈ ਥਾਂ ਨਹੀਂ | ਹਰੇਕ ਮਨੁਖ ਨੂੰ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਦੀ ਹਦਾਇਤ ਹੈ |
ਸੰਸਾਰ ਵਿਚ ਮਾਇਆ ਦਾ ਬੜਾ ਪ੍ਰਬਲ ਪਸਾਰਾ ਹੈ | ਮਾਇਆ ਸਾਨੂੰ ਪ੍ਰਭੁ ਤੋਂ ਤੋੜ ਦਿੰਦੀ ਹੈ ਅਤੇ ਮਨੁਖ ਦੁਨਿਆਵੀ ਪਦਾਰਥਾਂ, ਰਿਸ਼ਤੇ ਅਤੇ ਸੁਖ ਆਰਾਮ ਵਿਚ ਹੀ ਗੁਆਚ ਜਾਂਦਾ ਹੈ | ਮਨੁਖ ਐਸ਼-ਪ੍ਰਸਤੀ ਤੇ ਆਰਾਮ ਪ੍ਰਸਤੀ ਵਿਚ ਫਸ ਜਾਂਦਾ ਹੈ ਪਰ ਰਜਦਾ ਨਹੀਂ ਤੇ ਹੋਰ ਆਰਾਮ , ਹੋਰ ਐਸ਼ ਦੀ ਦੋੜ ਵਿਚ ਅਸ਼ਾੰਤ ਹੋ ਜਾਂਦਾ ਹੈ
ਬਹੁਤ ਵਾਰੀ ਅਸ਼ਾੰਤ ਮਨੁਖ ਨਸ਼ਿਆਂ ਦੀ ਜਕੜ ਵਿਚ ਆ ਜਾਂਦਾ ਹੈ| ਅਜਿਹੇ ਮਨੁਖਾਂ ਦੇ ਦਿਮਾਗ ਵਿਚ ਇਕ ਖਤਰਨਾਕ ਧਾਰਨਾ ਬੈਠ ਜਾਂਦੀ ਹੈ ਕਿ ਨਸ਼ੇ ਦੇ ਲੋਰ ਵਿਚ ਚਿੰਤਾ ਭੁਲ ਜਾਂਦੀ ਹੈ | ਹਾਲਾਂ ਅਸਲੀਅਤ ਤਾਂ ਇਹ ਹੈ ਕਿ ਚਿੰਤਾ ਨਹੀਂ ਦੂਰ ਹੁੰਦੀ ਬਲਕਿ ਮਨੁਖ ਦੀ ਸੋਚਣੀ ਤੇ ਵਕਤੀ ਤੋਰ ਤੇ ਪੜਦਾ ਪੈ ਜਾਂਦਾ ਹੈ ਤੇ ਨਸ਼ਾ ਉਤਰਨ ਤੋਂ ਬਾਅਦ ਫਿਰ ਖੋਤੀ ਬੋਹੜ ਥਲੇ ਵਾਲੀ ਕਹਾਵਤ ਵਰਤ ਜਾਂਦੀ ਹੈ | ਗੁਰਬਾਣੀ ਵੀ ਨਸ਼ੇੜੀਆਂ ਨੂੰ ਸਮਝਾਂਦੀ ਹੈ ਕਿ ਨਸ਼ੇ ਕਰਨ ਵਾਲਾ ਆਪਣਾ ਸਭ ਕੁਝ ਗੁਆ ਬੇਠਦਾ ਹੈ |
ਪਰ ਇਹ ਐਸਾ ਮਕੜ-ਜਾਲ ਹੈ ਕਿ ਇਕ ਵਾਰੀ ਫਸ ਜਾਓ ਤਾਂ ਨਿਕਲਣਾ ਬੜਾ ਅਓਖਾ ਹੋ ਜਾਂਦਾ ਹੈ | ਇਕ ਕਵੀ ਨੇ ਇਕ ਵਾਰੀ ਇਸ ਨਾਮੁਰਾਦ ਸ਼ਰਾਬ ਬਾਰੇ ਕਵਿਤਾ ਲਿਖੀ ਜਿਸ ਉਸ ਨੇ ਦਸਿਆ "ਕਿ ਸ਼ੁਰੂ ਸ਼ੁਰੂ ਵਿਚ ਸ਼ਰਾਬੀ ਸ਼ਰਾਬ ਨੂੰ ਪੀਂਦਾ ਹੈ ਪਰ ਕੁਝ ਚਿਰ ਪਿਛੋਂ ਸ਼ਰਾਬ ਸ਼ਰਾਬੀ ਨੂੰ ਪੀਂਦੀ ਹੈ|" ਹੈ ਇਹ ਸੋਲਾਂ ਆਨੇ ਸਚ ਸਿਰਫ ਸ਼ਰਾਬੀ ਨੂੰ ਹੀ ਨਹੀਂ ਉਸਦੀ ਜਮੀਨ ਜਾਇਦਾਦ ਤੇ ਸਭ ਰਿਸ਼ਤੇ ਪੀ ਜਾਂਦੀ ਹੈ | ਦੇਖੋ ਕਿਤਨੀ ਹੇਰਾਨੀ ਦੀ ਗਲ ਹੈ ਕਿ ਕੋਈ ਇਸ ਨੂੰ ਮਜਬੂਰੀ ਦਸਦਾ ਹੈ ਤੇ ਕੋਈ ਪੀਣ ਪਿਆਨ ਨੂੰ ਅਪਨੀ ਟੋਹਰ ਸਮਝਦਾ ਹੈ |
ਸਾਡੀ ਬਦਕਿਸ੍ਮਤੀ ਹੈ ਕਿ ਪੰਜਾਬ ਦੇ ਬਹੁਤੇ ਨੋਜੁਆਨ ਨਸ਼ਿਆਂ ਦੇ ਦਰਿਆ ਵਿਚ ਰੁੜਦੇ ਜਾ ਰਹੇ ਹਨ | ਐਸੇ ਐਸੇ ਨਾਮੁਰਾਦ ਨਸ਼ੇ, ਜਿਹਨਾਂ ਦਾ ਕਦੇ ਨਾਂ ਤਕ ਵੀ ਨਹੀਂ ਸੀ ਸੁਣਿਆ, ਉਹ ਪੰਜਾਬ ਦੀ ਜਵਾਨੀ ਨੂੰ ਨਿਗ੍ਲਦੇ ਜਾ ਰਹੇ ਹਨ | ਕਲ ਦੀ ਖਬਰ ਹੈ ਕਿ ਪੰਜਾਬ ਦੇ ਇਕ ਸਰਕਾਰੀ ਹਸਪਤਾਲ ਵਿਚ ਨਸ਼ਾ ਛੁੜਾਉ ਕੇਂਦਰ ਸ਼ੁਰੂ ਹੋਇਆ ਤਾਂ ਦੋ ਦਿਨਾਂ ਵਿਚ ਹੀ ਤੀਹ ਨਸ਼ੇੜੀ ਦਾਖਲ ਹੋ ਗਏ , ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪੰਜਾਬ ਵਿਚ ਨਸ਼ੇ ਦਾ ਘੁਣ ਕਿਤਨਾ ਘਰ ਕਰ ਚੁਕਾ ਹੈ | ਹੁਣ ਤਾਂ ਥਾਂ ਥਾਂ ਨਸ਼ਾ ਛੁਡਾਊ ਕੇਂਦਰਾਂ ਦੇ ਬੋਰਡ ਮਿਲਦੇ ਹਨ | ਅਸੀ ਇਸ ਬਹਿਸ ਵਿਚ ਨਹੀਂ ਪੈਣਾਂ ਕਿ ਨਸ਼ਿਆਂ ਦਾ ਤਸ੍ਕਰ ਕੋਣ ਕੋਣ ਹੈ | ਨਸ਼ਾ ਕਰਨ ਵਾਲੇ ਨੂੰ ਆਪਣਾ ਬੁਰਾ ਭਲਾ ਸੋਚਣਾ ਚਾਹੀਦਾ ਹੈ |
ਸਾਡੇ ਲਈ ਸਭ ਤੋਂ ਪਹਿਲਾਂ ਪੰਜਾਬ ਦੀ ਚਿੰਤਾ ਹੈ | ਪਿਛਲੇ ਇਕ ਵਰ੍ਹੇ ਦੋਰਾਨ ਪਤਾ  ਨਹੀਂ ਕਿਤਨੇ ਕਰੋੜਾਂ ਦੇ ਨਸ਼ੇ ਪਕੜੇ ਗਏ ਤੇ ਖਬਰਾਂ ਅਨੁਸਾਰ ਵਡੀ ਗਿਣਤੀ ਵਿਚ ਇਸ ਧੰਦੇ ਵਿਚ ਲਗੇ ਧੰਦੇ ਬਾਜ਼ ਕਾਬੂ ਕੀਤੇ, ਨਤੀਜਾ ਕੁਝ ਪਤਾ ਨਹੀਂ | ਪੰਜਾਬ ਦੇ ਇਕ ਸਾਬਕਾ ਆਲਾਹ ਅਫਸਰ ਨੇ ਬੜੇ ਅਹਿਮ ਖੁਲਾਸੇ ਕੀਤੇ ਕਿ ਜੇਲਾਂ,  ਜਿਹਨਾਂ ਨੂੰ ਕਹਿਣ ਨੂੰ ਤਾਂ ਸੁਧਾਰ ਘਰ ਆਖਿਆ ਜਾਂਦਾ ਹੈ ਪਰ ਸਾਬਤ ਵਿਗਾੜ ਘਰ ਹੋ ਰਹੇ ਹਨ |
ਅਪਰਾਧੀ ਤਾਂ ਅਪਰਾਧੀ ਹੀ ਹੁੰਦਾ ਹੈ ਭਾਵੇਂ ਕਿਤਨਾ ਵੀ ਅਮੀਰ ਜਾਂ ਅਸਰ ਰਸੂਖ ਵਾਲਾ ਕਿਓਂ ਨਾ ਹੋਵੇ, ਜੇ ਉਸ ਨਾਲ ਕੇਦੀਆਂ ਵਾਲਾ ਵਰਤਾਰਾ  ਨਹੀਂ ਕੀਤਾ ਜਾਵੇਗਾ ਤਾਂ ਫਿਰ ਉਹਨਾਂ ਨੂੰ ਅੰਦਰ ਕਰਨ ਦਾ ਕੀ ਅਰਥ ਰਹਿ ਜਾਂਦਾ ਹੈ | ਇਹ ਗਲ ਲੁਕੀ ਨਹੀਂ ਕਿ ਕਈ ਤਾਂ ਜੇਲ ਵਿਚ ਬੇਠੇ ਵੀ ਪੂਰੀ ਠੁਕ ਨਾਲ ਰਹਿੰਦੇ ਹਨ ਜੋ ਕਿ ਬੜੀ ਚਿੰਤਾ ਦਾ ਵਿਸ਼ਾ ਹੈ |
ਇਸ ਲਈ ਹੁਣ ਇਕ ਵਡੀ ਮੁਹਿਮ ਦੀ ਲੋੜ ਹੈ | ਜਿਹੜਾ ਕਮ ਵੀ ਨੇਕ ਨੀਅਤ ਨਾਲ ਕੀਤਾ ਜਾਵੇ , ਹੋ ਸਕਦਾ ਹੈ ਪਰ ਸਾਡੀਆਂ ਸਮਾਜ ਸੇਵੀ ਸੰਸਥਾਂਵਾਂ, ਧਾਰਮਿਕ ਸੰਸਥਾਵਾਂ ਅਤੇ ਰਾਜ ਸਰਕਾਰਾਂ ਇਸ ਪ੍ਰਤੀ ਗੰਭੀਰ ਨਹੀਂ ਲਗਦੀਆਂ | ਜਿਥੇ ਕਿਧਰੇ ਕਿਸੇ ਨੇ ਨਿਸ਼ਕਾਮਤਾ ਨਾਲ ਕਮ ਕੀਤਾ ਉਥੇ ਨਤੀਜੇ ਵੀ ਦਿਸੇ ਹਨ | ਕੇਨੇਡਾ (ਟਰੋਂਟੋ) ਵਿਚ ਸ੍ਰ: ਧਰਮਪਾਲ ਸਿੰਘ ਸੰਧੂ , ਡ੍ਰਗ ਅਵੇਰਨੇੱਸ ਸੁਸਾਇਟੀ ਦੇ ਮੁਖੀ ਹਨ | ਪਿਛਲੇ ਕਾਫੀ ਸਮੇਂ ਤੋਂ ਉਪਰਾਲਾ ਕਰ ਰਹੇ ਹਨ ਕਿ ਨਸ਼ਿਆਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ | ਇਸ ਟੀਚੇ ਲਈ ਉਹ ਪਿਛੇ ਜਿਹੇ ਪੰਜਾਬ ਵੀ ਗਏ ਸਨ | ਉਹਨਾ ਇਕ ਮੁਲਕਾਤ ਵਿਚ ਦਸਿਆ ਕਿ ਜੇ ਇਹ ਕੰਮ ਦਿਆਨਤਦਾਰੀ ਨਾਲ ਕੀਤਾ ਜਾਵੇ ਤਾਂ ਨਤੀਜੇ ਵੀ ਜਰੁਰ ਆਓਂਦੇ ਹਨ | ਪੰਜਾਬ ਫੇਰੀ ਦੋਰਾਨ ਉਹ ਮੁਕਤਸਰ ਦੀ ਜੇਲ ਦੇ ਜੇਲਰ ਸਰਦਾਰ ਸ਼ਿਵਰਾਜ ਸਿੰਘ ਨੰਦਗੜ ਨੂੰ ਮਿਲੇ ਅਤੇ ਦੇਖਿਆ ਕਿ ਉਹਨਾਂ ਦੀ ਜੇਲ ਦਾ ਮਾਹੋਲ ਐਸਾ ਹੈ ਕਿ ਕੇਦੀਆਂ ਨੂੰ ਇਕ ਵਧੀਆ ਨਾਗਰਿਕ ਬਣਨ ਲਈ ਨਿਗਰ ਉਪਰਾਲੇ ਕੀਤੇ ਜਾ ਰਹੇ ਹਨ | ਜੇਲ ਵਿਚ ਕੋਈ ਵਸਤੂ ਬਿਨਾ ਛਾਣ ਬੀਣ ਦੇ ਵੜਨ ਨਹੀਂ ਦਿਤੀ ਜਾਂਦੀ, ਨਾ ਹੀ ਕੋਈ ਨਸ਼ਾ, ਤਮਾਕੂ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ | ਜੇਲ ਦੇ ਹਰ ਕੈਦੀ ਨੂੰ ਉਹ ਖਾਣਾ ਮਿਲਦਾ ਹੈ ਜੋ ਜੇਲ  ਵਿਚ ਬਣਦਾ ਹੈ , ਕਿਸੇ ਦਾ ਕੋਈ ਲਿਹਾਜ਼ ਨਹੀਂ, ਸਿਫਾਰਸ਼ ਨਹੀਂ, ਕੋਈ ਕੈਦੀ ਬਾਹਰੋਂ ਖਾਣ ਲਈ ਕੁਝ ਨਹੀਂ ਮੰਗਵਾ ਸਕਦਾ |
ਇਹ ਦੇਖਣ ਨੂੰ ਭਾਵੇਂ ਇਕ ਆਮ ਗਲ ਦਿਸੇ ਪਰ ਇਹ ਬੜੀ ਡੂੰਘੀ ਨੀਤੀ ਹੈ ਕਿਉਂਕਿ ਖਾਣ ਵਾਲੀਆਂ ਵਸਤੂਆਂ ਦੇ ਬਹਾਨੇ ਅੰਦਰ ਕੁਝ ਵੀ ਜਾ ਸਕਦਾ ਹੈ ਜੋ ਇਥੋਂ ਦੇ ਜੇਲਰ ਸਾਹਿਬ ਨੇ ਪੂਰੀ ਤਰਾਂ ਕੰਟ੍ਰੋਲ ਕੀਤਾ ਹੋਇਆ ਹੈ |
ਸ੍ਰ ਧਰਮਪਾਲ ਸਿੰਘ ਜਦੋਂ ਉਸ ਜੇਲ ਦੇ ਕੈਦੀਆਂ ਨੂੰ ਮਿਲੇ ਤਾਂ ਉਹਨਾ ਵੀ ਜੇਲ ਦੇ ਮਾਹੋਲ ਦੀ ਤਾਰੀਫ਼ ਕੀਤੀ |
ਜੇ ਇਕ ਆਦਮੀ ਦੇ ਉਦਮ ਅਤੇ ਤਨ ਦੇਹੀ ਨਾਲ ਡਿਊਟੀ ਕਰਨ ਤੇ ਪੂਰੀ ਜੇਲ ਦਾ ਵਾਤਾਵਰਨ    ਸੁਧਰ ਸਕਦਾ ਹੈ ਤਾਂ ਬਾਕੀ ਥਾਵਾਂ ਤੇ ਕਿਓਂ ਨਹੀਂ | ਲੋੜ ਹੈ ਅਜਿਹੀ ਸੋਚ ਨੂੰ ਵਧਾਇਆ ਜਾਵੇ | ਸਰਕਾਰਾਂ ਦਿਆਨਤਦਾਰੀ ਦਿਖਾਣ ਤਾਂ ਸਭ ਕੁਝ ਸੰਭਵ ਹੈ | ਦੂਸਰਾ ਮਨ ਨੂੰ ਇਹ ਸਕੂਨ ਮਿਲਿਆ ਕਿ ਜਿਹੋ ਜਿਹਾ ਵੀ ਮਾਹੋਲ ਹੋਵੇ ਸਰਦਾਰ ਸ਼ਿਵਰਾਜ ਸਿੰਘ ਵਰਗੇ ਰਬ ਦੀ ਭੈ ਭਾਵਨੀ ਵਾਲੇ ਇਨਸਾਨ ਵੀ ਮਿਲ ਜਾਂਦੇ ਹਨ | ਅਜ ਦੇ ਯੁਗ ਵਿਚ ਅਜਿਹੇ ਪੁਰਸ਼ਾਂ ਬਾਰੇ ਗੁਰਬਾਣੀ ਦੇ ਇਹ ਬੋਲ ਕਿਤਨੇ ਸਾਰਥਕ ਹਨ :
ਦਾਵਾ ਅਗਨਿ ਬਹੁਤੁ ਤ੍ਰਿਣ ਜਾਲੇ ਕੋਈ ਹਰਿਆ ਬੂਟੁ ਰਹਿਓ ਰੀ ॥
The forest fire has burnt down so much of the grass; how rare are the plants which have remained green.
-ਰਾਜਾ ਸਿੰਘ ਮਿਸ਼ਨਰੀ
rajasingh922@yahoo.com

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.