ਕੈਟੇਗਰੀ

ਤੁਹਾਡੀ ਰਾਇ



ਅਤਿੰਦਰ ਪਾਲ ਸਿੰਘ ਖਾਲਸਤਾਨੀ
"ਅੰਧੇ ਜੀਵਨਾ ਵੀਚਾਰਿ ਦੇਖਿ ਕੇਤੇ ਕੇ ਦਿਨਾ" (ਭਾਗ ੧)
"ਅੰਧੇ ਜੀਵਨਾ ਵੀਚਾਰਿ ਦੇਖਿ ਕੇਤੇ ਕੇ ਦਿਨਾ" (ਭਾਗ ੧)
Page Visitors: 2752

"ਅੰਧੇ ਜੀਵਨਾ ਵੀਚਾਰਿ ਦੇਖਿ ਕੇਤੇ ਕੇ ਦਿਨਾ" (ਭਾਗ ੧)
ਆਖੇ ਸਰਕਾਰ, ਅਖੌਤੀ ਪੰਥ ਤੇ ਸਿੱਖ "ਨਾਨਕਸ਼ਾਹੀ ਖ਼ਾਲਸਤਾਨੀਆਂ” ਐਤਕੀਂ ਤੈਨੂੰ ਤੁਰਨ ਨਹੀਂ ਦੇਣਾ
ਸਰਕਾਰਾਂ ਨੇ ਆਪਣਾ ਪੂਰਾ ਤਾਨ ਲਾਇਆ ਸਿੱਖਾਂ ਨੇ ਪਾਸਾ ਵੱਟ ਦਿਖਾਇਆ

ਦਾਸ ਨੇ ਆਪਣੇ ਸਾਥੀਆਂ ਨਾਲ ਪੰਜਾਬ ਦੇ ਹਰ ਪਿੰਡ, ਸ਼ਹਿਰ ਵਿਚ ਘਰ ਘਰ ਜਾ ਕੇ 5 ਦਸੰਬਰ 2010 ਤੋਂ, ਸਿੱਖ ਕੌਮ ਦੀ ਰਾਜਨੀਤਕ ਮੰਜ਼ਿਲ ਅਤੇ ਪੰਥ ਦੀ ਜ਼ਮੀਰ ਦੀ ਆਵਾਜ਼ "ਨਾਨਕਸ਼ਾਹੀ ਖ਼ਾਲਸਤਾਨੀ ਪ੍ਰਣਾਲੀ ਦੀ ਸਰਕਾਰ” ਦੀ ਭਾਰਤ ਅੰਦਰ ਲੋਕਤੰਤਰੀ ਢੰਗ ਨਾਲ ਪ੍ਰਾਪਤੀ ਲਈ ਲੋਕ ਲਹਿਰ ਖੜੀ ਕਰਨ ਵਾਸਤੇ "ਨਾਨਕਸ਼ਾਹੀ ਖ਼ਾਲਸਤਾਨੀ ਉਦਾਸੀ” ਫੇਰੀ ਦੀ ਪੰਜਾਬ ਦੇ ਪਿੰਡਾਂ ਸ਼ਹਿਰਾਂ ਅਤੇ ਕਸਬਿਆਂ ਵਿਚ ਅਰੰਭਤਾ ਕੀਤੀ ਸੀ। ਕੁੱਝ ਸਮੇਂ ਤਕ ਗੁਰਮਤਿ ਚੇਤਨਾ ਸੇਵਾ ਲਹਿਰ ਤੋਂ ਸਿਵਾ, ਪੰਥ ਵਿਚੋਂ ਕਿਸੇ ਵੀ ਹੋਰ ਪੰਥ ਦਰਦੀ ਨੇ, ਸਾਡੀ ਇਸ ਨਿਰੋਲ ਨਿਰਪੱਖ ਪੰਥਕ ਹਿਤਕਾਰੀ ਅਤੇ ਲੋਕ ਕਲਿਆਣਕਾਰੀ "ਨਾਨਕਸ਼ਾਹੀ ਖ਼ਾਲਸਤਾਨੀ ਉਦਾਸੀ” ਫੇਰੀ ਦਾ ਸਾਥ ਨਹੀਂ ਦਿੱਤਾ। ਸਾਧਨ ਜਾਂ ਮਾਇਕ ਸਹਾਇਤਾ ਕਰਨ ਜਾਂ ਦੇਣ ਦੀ ਤਾਂ ਬੜੀ ਦੂਰ ਦੀ ਗੱਲ ਹੈ, ਹਮਾਇਤ ਤਕ ਨਹੀਂ ਕੀਤੀ। ਅਸੀਂ ਹੁਣ ਤੱਕ 980 ਤੋਂ ਵੱਧ ਪਿੰਡ, 20 ਤਹਿਸੀਲਾਂ- ਸਮਾਣਾ, ਅਨੰਦਪੁਰ ਸਾਹਿਬ, ਨਵਾਂ ਸ਼ਹਿਰ, ਰੂਪ ਨਗਰ, ਜਲੰਧਰ, ਮੋਗਾ, ਭੋਗਪੁਰ, ਧਰਮ ਕੋਟ, ਮੁਕਤਸਰ, ਲੰਬੀ, ਬਠਿੰਡਾ, ਅੰਮ੍ਰਿਤਸਰ, ਰਾਮਪੁਰਾ ਫੂਲ, ਫ਼ਤਿਹਗੜ੍ਹ ਸਾਹਿਬ, ਜਲੰਧਰ-1, ਜਲੰਧਰ-2, ਨਕੋਦਰ, ਸ਼ਾਹਕੋਟ, ਸੁਲਤਾਨਪੁਰ ਲੋਦੀ, ਨੰਗਲ,  7 ਸਬ ਤਹਿਸੀਲਾਂ- ਨੂਰ ਪੁਰ ਬੇਦੀ, ਆਦਮਪੁਰ, ਭੋਗਪੁਰ, ਕਰਤਾਰਪੁਰ, ਲੋਹੀਆਂ, ਸਿਧਵਾਂ ਬੇਟ, ਕੋਟ ਈਸੇਂ ਖਾਂ; ਵਿਚ ਆਪਣੀ ਨਾਨਕਸ਼ਾਹੀ ਖ਼ਾਲਸਤਾਨੀ ਉਦਾਸੀ ਫੇਰੀ ਰਾਹੀਂ ਘਰ-ਘਰ ਜਾ ਕੇ ਲੋਕ ਸੰਪਰਕ ਕਰ ਚੁੱਕੇ ਹਾਂ। ਇਸ ਲੋਕ ਸੰਪਰਕ ਮੁਹਿੰਮ ਵਿਚ ਪਹਿਲਾਂ ਘਰ-ਘਰ ਜਾ ਕੇ ਅਤੇ ਸ਼ਹਿਰਾਂ ਵਿਚ ਬਾਜ਼ਾਰਾਂ ਵਿਚ ਨਿੱਤਰ ਕੇ ਲੋਕਾਂ ਨੂੰ "ਇੰਜ ਦਾ ਹੋਵੇਗਾ ਨਾਨਕਸ਼ਾਹੀ ਖ਼ਾਲਸਤਾਨ” ਅਤੇ "ਕੀ ਨਾਨਕਸ਼ਾਹੀ ਖ਼ਾਲਸਤਾਨ ਕੋਈ ਗੈਰ ਕਾਨੂੰਨੀ ਅਤੇ ਅਸੰਵਿਧਾਨਿਕ ਜਾਂ ਅਤਿਵਾਦ ਵੱਖਵਾਦੀ ਕਾਰਵਾਈ ਹੈ ਜਾਂ ਨਹੀਂ ?” ਕਿਤਾਬਚਾ ਅਤੇ ਦੁ ਵਰਕਾ ਵੰਡਦੇ ਹਾਂ। ਉਪਰੰਤ ਪ੍ਰੋਗਰਾਮ ਦੱਸਣ ਹਿਤ ਲਿਖਤ ਇਸ਼ਤਿਹਾਰ ਦਿੰਦੇ ਹਾਂ ਜਿਸ ਵਿਚ ਸੱਦਾ ਪੱਤਰ ਹੁੰਦਾ ਹੈ ਕਿ ਆਓ ਸਾਡੇ ਨਾਲ ਸਾਂਝੀਆਂ ਥਾਵਾਂ ਤੇ ਬੈਠ ਕੇ ਸੰਵਾਦ ਰਚਾਓ ਤੇ ਸਵਾਲ ਜਵਾਬ ਕਰੋ । ਜਦ ਤਕ ਅਸੀਂ ਤੁਹਾਡੇ ਸਵਾਲਾਂ ਦੇ ਸਹੀ ਅਤੇ ਤੁਹਾਡੀ ਸੰਤੁਸ਼ਟੀਜਨਕ ਜਵਾਬ ਨਹੀਂ ਦਿਆਂਗੇ ਓਦੋਂ ਤਕ ਉੱਠ ਕੇ ਨਹੀਂ ਜਾਵਾਂਗੇ ਦੀ ਗਰੰਟੀ ਨਾਲ ਸੱਥਾਂ ਵਿਚ ਬੈਠ ਕੇ ਸੰਵਾਦ ਰਚਾਉਂਦੇ ਹਾਂ। ਸ਼ਾਮ ਨੂੰ ਗੁਰਦੁਆਰਾ ਸਾਹਿਬ ਵਿਚ ਧਾਰਮਿਕ ਫ਼ਿਲਮ ਦਿਖਾ ਕੇ ਜੂਨ 84 ਵਿਚ ਕੀ ਹੋਇਆ ਬਾਰ ਜਾਣਕਾਰੀ ਦਿੰਦੇ ਹਾਂ। ਸ਼ਾਇਦ ਪਾਠਕਾਂ ਨੂੰ ਹੈਰਾਨੀ ਹੋਵੇ ਕਿ ਪੰਜਾਬ ਦੀ ਨਵੀਂ ਜੰਮੀ ਜੂਨ 84 ਤੋਂ ਬਾਅਦ ਦੀ ਪੀੜ੍ਹੀ ਨੂੰ ਪਤਾ ਹੀ ਨਹੀਂ ਕਿ ਸਿੱਖਾਂ ਨਾਲ ਆਜ਼ਾਦ ਭਾਰਤ ਵਿਚ ਕੀ ਕੁਛ ਹੋਇਆ ਹੈ। ਸਵੇਰੇ ਫਿਰ ਗੁਰਦੁਆਰਾ ਸਾਹਿਬ ਵਿਚ ਦੀਵਾਨ ਸਜਾਉਂਦੇ ਹਾਂ ਤੇ ਨਿਰੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਚੋਣਵੇਂ ਸ਼ਬਦ ਤੇ ਦਾਸ ਵੱਲੋਂ ਕਥਾ ਕੀਤੀ ਜਾਂਦੀ ਹੈ। ਸਾਡੇ ਵੱਲੋਂ ਚਲਾਏ ਗਏ ਇਸ ਅਸਲ ਹਕੀਕੀ ਪ੍ਰਾਪਤੀ ਕਰ ਦਿਖਾਉਣ ਵਾਲੇ ਪ੍ਰੋਗਰਾਮ ਨੂੰ ਓਦੋਂ ਤੋਂ ਹੀ ਫ਼ੇਲ੍ਹ ਕਰ ਦੇਣ ਹਿਤ ਸਰਕਾਰ, ਸੱਤਾਧਾਰੀ ਅਕਾਲੀ ਧੜਾ, ਭਾਜਪਾ, ਕਾਂਗਰਸ, ਖੱਬੇ ਪੱਖੀ,  ਅਤੇ ਅਖੌਤੀ ‘ਖ਼ਾਲਿਸਤਾਨੀ’ ਧਿਰਾਂ ਦੇ ਅਕਾਲੀ ਦਲ ਅੰਮ੍ਰਿਤਸਰ, ਦਮਦਮੀ ਟਕਸਾਲ ਤੇ ਇਸ ਨਾਲ ਸਬੰਧਿਤ ਧੜੇ ਪੱਬਾਂ ਭਾਰ ਹੋ ਕੇ ਸਰਗਰਮ ਹਨ। ਪਿੰਡਾਂ ਵਿਚ ਇਨ੍ਹਾਂ ਵੱਲੋਂ ਆਪੋ ਆਪਣੇ ਮੈਂਬਰਾਂ ਤੇ ਸਮਰਥਕਾਂ ਨੂੰ ਸਾਡੇ ਸਮਾਗਮਾਂ ਵਿਚ ਨਾ ਆਉਣ ਦੇ ਹੁਕਮ ਤਕ ਜਾਰੀ ਕੀਤੇ ਗਏ ਹਨ। ਕਈ ਪਿੰਡਾਂ ਵਿਚ ਇਨ੍ਹਾਂ ਸਭਨਾਂ ਨੇ ਸਾਡਾ ਸਾਂਝੇ ਹੋ ਕੇ ਪਿੰਡ ਵਿਚ ਵੜਨ ਤੋਂ ਰੋਕਣ ਲਈ ਡਟਵਾਂ ਵਿਰੋਧ ਕੀਤਾ ਹੈ। ਲਠੈਤਾਂ ਨਾਲ ਪਰਿਵਾਰ ਵਿਛੋੜਾ ਪਿੰਡ ਵਿਚ ਸਾਨੂੰ ਵੜਨ ਤੋਂ ਰੋਕਿਆਂ ਗਿਆ, ਉਪਰੰਤ ਨਵਾਂ ਸ਼ਹਿਰ, ਨੰਗਲ, ਨੂਰ ਪੁਰ ਬੇਦੀ, ਲੋਹੀਆਂ, ਗੱਟੀ ਰਾਏਪੁਰ, ਸੋਹੀਂਆਂ, ਜਲੰਧਰ-1 ਅਤੇ ਜਲੰਧਰ-2 ਵਿਚ ਵੀ ਪਹਿਲਾਂ ਵਿਰੋਧ ਕੀਤਾ ਗਿਆ ਪਰ ਇਨ੍ਹਾਂ ਸਭਨਾਂ ਥਾਵਾਂ ਤੇ ਅਸੀਂ ਵਿਰੋਧੀਆਂ ਸਮੇਤ ਸੰਗਤਾਂ ਅਤੇ ਹਰ ਫ਼ਿਰਕੇ ਦੇ ਲੋਕਾਂ ਦਾ ਮੰਨ ਜਿੱਤਿਆ ਹੈ। ਸਾਡੀ ਅਜਿਹੀ ਕਾਮਯਾਬੀ ਨੂੰ ਵੇਖ ਕੇ ਸਾਨੂੰ ਮੇਰੀ ਪਤਨੀ ਕਮਲਜੀਤ ਕੌਰ ਸਮੇਤ ਕੈਪਟਨ ਜਗਤਾਰ ਸਿੰਘ, ਸ. ਵਰਿਆਮ ਸਿੰਘ ਅਤੇ ਜਲੰਧਰ ਜ਼ਿਲ੍ਹਾ ਪ੍ਰਧਾਨ ਸ. ਅਮਨਦੀਪ ਸਿੰਘ ਪ੍ਰਿੰਸ ਨੂੰ ਬਿਨਾਂ ਕਿਸੇ ਦੋਸ਼ ਤੋਂ ਦੇਸ਼ ਧ੍ਰੋਹੀ, ਅਤਿਵਾਦੀ ਵੱਖਵਾਦੀ ਕਾਰਵਾਈਆਂ ਦਾ ਦੋਸ਼ ਲਾ ਕੇ ਬਿਨਾਂ ਸੁਣਵਾਈ ਲੰਮੀ ਅਵਧੀ ਤਕ ਜੇਲ੍ਹ ਵਿਚ ਡੱਕ ਦਿੱਤਾ ਗਿਆ। ਸੰਸਾਰ ਭਰ ਦੀ ਕਿਸੇ ਵੀ ਸਿੱਖ ਸੰਸਥਾ ਨੇ ਸਾਡੀ ਬਾਂਹ ਫੜਨਾ ਤਾਂ ਬੜੀ ਦੂਰ ਦੀ ਗੱਲ ਸਾਡੇ ਹੱਕ ਵਿਚ ਇੱਕ ਬਿਆਨ ਤਕ ਨਹੀਂ ਲਵਾਇਆ। ਦਾਸ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਰਿੱਟ ਦਾਖਲ ਕਰ ਕੇ ਪੰਜਾਬ ਸਰਕਾਰ ਖ਼ਿਲਾਫ਼ ਕੇਸ ਜਿੱਤ ਲਿਆ ਤੇ ਜਲੰਧਰ ਤੋਂ ਹੀ ਦੁਬਾਰਾ ਫਿਰ ਆਪਣੀ ਨਾਨਕਸ਼ਾਹੀ ਖ਼ਾਲਸਤਾਨੀ ਫੇਰੀ ਆਰੰਭ ਕਰ ਦਿੱਤੀ। ਇਸ ਤੋਂ ਬਾਅਦ ਜੋ ਲੋਕ ਸਾਨੂੰ ਥੋੜ੍ਹਾ ਬਹੁਤ ਸਹਿਯੋਗ ਦਿੰਦੇ ਸਨ ਉਹ ਵੀ ਪਿਛਾਂਹ ਹੱਟ ਗਏ। ਪਰ ਅਸੀਂ ਆਪਣੀ ਫੇਰੀ ਜਾਰੀ ਰੱਖੀ ਹੋਈ ਹੈ। ਸਰਕਾਰ ਦੀ ਅਤੇ ਖ਼ਾਲਸਤਾਨ ਦੇ ਵਿਰੋਧੀਆਂ ਦੀ ਨੀਂਦਰ ਹਰਾਮ ਹੋਈ ਪਈ ਹੈ। ਪੂਰਾ ਤਾਨ ਲਾਇਆ ਜਾ ਰਿਹਾ ਹੈ ਕਿ ਸਾਨੂੰ ਦਬਾਇਆ ਤੇ ਘਰੇ ਬਹਾਇਆ ਜਾਵੇ। ਇਸ ਹਿਤ ਅਖੌਤੀ ਖ਼ਾਲਿਸਤਾਨੀ ਧਿਰਾਂ ਸਰਕਾਰ ਅਤੇ ਕਾਂਗਰਸ, ਭਾਜਪਾ ਤੇ ਖੱਬੇ ਪੱਖੀ ਧਿਰਾਂ ਨਾਲ ਇੱਕ ਮਿਕ ਹਨ।
ਸਭ ਤੋਂ ਪਹਿਲਾਂ ਪੰਜਾਬ ਅਤੇ ਕੇਂਦਰ ਦੀ ਸਰਕਾਰ ਨੇ ਸਾਡੀਆਂ ਖ਼ਬਰਾਂ ਪ੍ਰਕਾਸ਼ਿਤ ਕਰਨ ਤੇ ਜ਼ਬਾਨੀ ਰੋਕ ਲਾ ਦਿੱਤੀ। ਇਸ ਦਾ ਸਾਨੂੰ ਓਦੋਂ ਪਤਾ ਲੱਗਾ ਜਦੋਂ ਅਸੀਂ ਸਪੋਕਸਮੈਨ, ਪੰਜਾਬੀ ਅਤੇ ਇੰਗਲਿਸ਼ ਟ੍ਰਿਬਿਊਨ ਵਿਚ ਅਤੇ ਜਲੰਧਰ ਅਜੀਤ ਤੇ ਜਗ ਬਾਨੀ ਰੋਜ਼ਾਨਾ ਅਖ਼ਬਾਰਾਂ ਵਿਚ "ਨਾਨਕਸ਼ਾਹੀ ਖ਼ਾਲਸਤਾਨੀ ਉਦਾਸੀ ਫੇਰੀ ਦਾ ਪ੍ਰੋਗਰਾਮ ਅਤੇ ਇਸ ਦੇ ਆਸ਼ੇ ਅਤੇ ਨਿਸ਼ਾਨੇ” ਦਾ ਇਸ਼ਤਿਹਾਰ ਲਗਾਉਣਾ ਚਾਹਿਆ। ਇਨ੍ਹਾਂ ਸਾਰੀਆਂ ਹੀ ਅਖ਼ਬਾਰਾਂ ਨੇ "ਵਿਗਿਆਪਨ” ਵੀ ਛਾਪਣ ਤੋਂ ਮਨਾ ਕਰ ਦਿੱਤਾ। ਮੈਂ ਜਾਤੀ ਤੌਰ ਤੇ ਇਨ੍ਹਾਂ ਸਾਰਿਆਂ ਹੀ ਅਖ਼ਬਾਰਾਂ ਦੇ ਸੰਪਾਦਕਾਂ ਨੂੰ ਮਿਲਿਆ ਅਤੇ ਇਸ ਪਾਬੰਦੀ ਦਾ ਵਿਰੋਧ ਕੀਤਾ। ਉਨ੍ਹਾਂ ਵਿਚੋਂ ਕਿਸੇ ਨੇ ਵੀ ਇਹ ਨਹੀਂ ਕਿਹਾ ਕਿ ਅਸੀਂ ਇਸ਼ਤਿਹਾਰ ਲਗਾ ਦਿਆਂਗੇ।
ਇਹ ਮੇਰੇ ਭਾਰਤ ਵਿਚ ਅਤੇ ਪੰਜਾਬ ਸੂਬੇ ਵਿਚਲੀ ‘ਪੈੱ੍ਰਸ ਦੀ ਆਜ਼ਾਦੀ’ ਹੈ। ਜਿੱਥੇ ਮੈਨੂੰ ਆਮ ਕਰ ਕੇ ਸਿੱਖ ਇਹ ਸਿੱਖਿਆ ਦਿੰਦੇ ਹਨ ਕਿ ਬਾਕੀ ਸਭ ਦੀਆਂ ਤਾਂ 'ਖ਼ਾਲਿਸਤਾਨੀ' ਖ਼ਬਰਾਂ ਵੀ ਲੱਗ ਜਾਂਦੀਆਂ ਹਨ, ਫਿਰ ਤੁਹਾਡੀਆਂ ਕਿਉਂ ਨਹੀਂ ਲੱਗਦੀਆਂ ? ਮੇਰੀ ਆਪਣੀ ਜਥੇਬੰਦੀ ਵਿਚ ਵੀ ਅਜਿਹਾ ਹੀ ਭੁਲੇਖਾ ਪੈਦਾ ਕਰ ਦਿੱਤਾ ਗਿਆ ਸੀ। ਇਸ ਲਈ ਮੈਂ ਆਪਣੀ ਜਥੇਬੰਦੀ ਦੇ ਸਭ ਜ਼ਿਲ੍ਹਾ ਪ੍ਰਧਾਨਾਂ ਨੂੰ ਸਚਾਈ ਤੋਂ ਜਾਣੂ ਕਰਵਾਉਣ ਵਾਸਤੇ ਉਨ੍ਹਾਂ ਨੂੰ ਹੀ ਇਸ਼ਤਿਹਾਰ ਤੇ ਪੈਸੇ ਦੇ ਕੇ ਵਾਰੋ ਵਾਰੀ ਅਖ਼ਬਾਰਾਂ ਵਾਲਿਆਂ ਕੋਲ ਭੇਜਿਆ। ਜਦ ਉਹ ਖ਼ੁਦ ਉਨ੍ਹਾਂ ਨਾਲ ਦੋ ਚਾਰ ਹੋਏ ਤਾਂ ਉਸ ਤੋਂ ਬਾਅਦ ਉਨ੍ਹਾਂ ਦਾ ਵੀ ਵਿਸ਼ਵਾਸ ਬੱਝਾ ਕਿ ਪੰਜਾਬ ਅਤੇ ਭਾਰਤ ਵਿਚ "ਲੋਕਤੰਤਰੀ ਪ੍ਰਣਾਲੀ ਅਧੀਨ ਸਾਡੇ ਵੱਲੋਂ ਕੀਤੀਆਂ ਜਾ ਚੁੱਕਿਆਂ ਪ੍ਰਾਪਤੀਆਂ ਨੂੰ ਪ੍ਰਚਾਰਨ ਨਾ ਦੇਣ ਹਿਤ ਸਰਕਾਰ ਅਤੇ ਮੀਡੀਆ ਪੂਰੀ ਤਰ੍ਹਾਂ ਇੱਕ ਮੱਤ” ਹੈ। ਭਾਰਤ-ਪੰਜਾਬ ਸਰਕਾਰ ਅਤੇ ਮੀਡੀਆ ਖ਼ਾਲਸਤਾਨ ਦੀ ਸਹੀ, ਹਾਂ ਪੱਖੀ, ਸੰਵਿਧਾਨਿਕ, ਲੋਕਤੰਤਰੀ ਪ੍ਰਾਪਤੀਆਂ ਕਰ ਚੁੱਕੀ ਲੀਡਰਸ਼ਿਪ ਨੂੰ ਤਾਂ ਦਬਾਉਣਾ ਚਾਹੁੰਦਾ ਹੈ ਪਰ ਦੂਜੇ ਬੰਨੇ "ਖ਼ਾਲਿ ਸਤਾਨੀ” ਬਣ ਕੇ ਵਿਚਰਦੇ ਧੜਿਆਂ ਅਤੇ ਉਨ੍ਹਾਂ ਦੀਆਂ ਖ਼ਾਲਸਤਾਨ ਵਿਰੋਧੀ ਅਤੇ ਨਿਰੋਧੀ ਕਾਰਵਾਈਆਂ ਨੂੰ ਪ੍ਰਚਾਰਦੀ ਅਤੇ ਪ੍ਰਸਾਰ ਦੀ ਪਈ ਹੈ। ਸਿੱਖ ਸੰਗਤਾਂ ਅਤੇ ਖ਼ਾਲਸਤਾਨ ਪੱਖੀ ਸਮਰਥਕਾਂ ਨੂੰ ਵੀ ਇਹ ਗੱਲ ਸਮਝ ਨਹੀਂ ਆ ਰਹੀ ਹੈ ਕਿ ਸਰਕਾਰ ਤੇ ਮੀਡੀਆ ਕਿਉਂ ਕਰ "ਖਾਲਿ ਸਤਾਨੀ” ਲੋਕਾਂ ਨੂੰ ਉਭਾਰਦਾ ਹੈ ? ਸਪਸ਼ਟ ਹੀ ਹੈ ਕਿ ਇਹੋ ਉਹ ਲੋਕ ਅਤੇ ਧੜੇ ਹਨ ਜਿਨ੍ਹਾਂ ਜੂਨ 84 ਤੋਂ ਵਰਤਮਾਨ ਤਕ "ਹਾਸਲ ਕੀਤੇ ਜਾ ਸਕਣ ਵਾਲੇ ਲੋਕਤੰਤਰੀ ਸੰਵਿਧਾਨਿਕ ਅਤੇ ਵੋਟ ਆਧਾਰਤ ਖ਼ਾਲਸਤਾਨ” ਦਾ ਹਮੇਸ਼ਾ ਵਿਰੋਧ ਹੀ ਨਹੀਂ ਕੀਤਾ ਸਗੋਂ ਇਸ ਦੇ ਖ਼ਿਲਾਫ਼ ਸਿੱਖ ਜਨਮਤ ਵੀ ਤਿਆਰ ਕੀਤਾ ਹੈ। ਇੰਜ ਅਜਿਹੀਆਂ "ਖ਼ਾਲਿਸਤਾਨੀ” ਧਿਰਾਂ ਅਤੇ ਸਰਕਾਰ ਤੇ ਮੀਡੀਏ ਦਾ ਤਾਂ ਏਜੰਡਾ ਇੱਕੋ ਹੀ ਹੋ ਗਿਆ ਨਾ ! ਇਸੇ ਲਈ ਇਨ੍ਹਾਂ ਨੂੰ ਇੱਕ ਮਾਤਰ ਅਤੇ ਅਸਲ "ਖ਼ਾਲਿਸਤਾਨੀ ਭਾਵ ਖ਼ਾਲਿ ਸਤਾਨੀ” ਵਰਤ ਕੇ ਸੁੱਟੇ ਜਾ ਚੁੱਕੇ ਖਾਲੀ ਡੱਬੇ ਵਜੋਂ ਕਬਾੜ ਮੁੱਲ ਤੇ ਖ਼ਾਲਿਸਤਾਨੀ ਬਣਾਏ ਰੱਖਿਆ ਜਾ ਰਿਹਾ ਹੈ।
ਸੰਗਤਾਂ ਲਈ ਵੀ ਮੇਰੀ ਇਹ ਆਫ਼ਰ ਹੈ ਕਿ ਜਿਹੜਾ ਵੀ ਭਾਰਤੀ ਅਖ਼ਬਾਰਾਂ ਵਿਚ ਸਾਡਾ ਇਸ਼ਤਿਹਾਰ ਦੇਣ ਲਈ ਉਪਰਾਲਾ ਕਰਨਾ ਚਾਹੇ ਅਤੇ ਆਪਣਾ ਭਰਮ ਦੂਰ ਕਰਨਾ ਚਾਹੇ ਉਹ ਸਾਡੇ ਤੋਂ "ਹਰ ਪਿੰਡ ਸ਼ਹਿਰ ਦੇ ਡੋਰ ਟੂ ਡੋਰ ਨਾਨਕਸ਼ਾਹੀ ਖ਼ਾਲਸਤਾਨੀ ਫੇਰੀ ਦੇ ਪ੍ਰੋਗਰਾਮ, ਆਸ਼ੇ ਨਿਸ਼ਾਨੇ ਅਤੇ ਕੀਤੀਆਂ ਜਾ ਚੁੱਕੀਆਂ ਪ੍ਰਾਪਤੀਆਂ” ਦਾ ਇਸ਼ਤਿਹਾਰ ਆਪਣੇ ਖ਼ਰਚੇ ਤੇ ਲਵਾਉਣ ਦਾ ਦਾਅਵਾ ਕਰ ਆਪਣਾ ਭਰਮ ਅਤੇ ਭੁਲੇਖਾ ਦੂਰ ਕਰ ਸੱਚ ਨੂੰ ਜਾਣਨਾ ਤੇ ਉਸ ਨਾਲ ਤੁਰਨਾ ਵਾਹੁੰਦਾ ਹੈ ਉਹ ਮਜ਼ਮੂਨ ਲੈ ਲਵੇ ਤੇ ਜਾ ਕੇ  "ਮੀਡੀਏ ਵਿਚ ਇਸ਼ਤਿਹਾਰ” ਲਵਾਉਣ ਦੀ ਸੇਵਾ ਕਰੇ; ਤਾਂ ਜੋ ਉਸ ਦਾ ਵੀ ਭੁਲੇਖਾ ਦੂਰ ਹੋ ਸਕੇ। ਸੱਚ ਤੇ ਯਕੀਨ ਕਰਨਾ ਸਿੱਖ ਭੁੱਲ ਹੀ ਚੁੱਕੇ ਹਨ। ਝੂਠ ਨੂੰ ਸੱਚ ਬਣਾ ਕੇ ਜਿਨ੍ਹਾਂ ਮਰਜ਼ੀ ਇਨ੍ਹਾਂ ਨੂੰ ਰੌਲ਼ੀ ਜਾਓ, ਬੜੇ ਖ਼ੁਸ਼ ਰਹਿੰਦੇ ਹਨ…
ਮੈਂ ਇਨ੍ਹਾਂ ਸਭਨਾਂ ਨੂੰ ਇੱਕੋ ਗੱਲ ਕਹਿੰਦਾ ਹੁੰਦਾ ਹਾਂ ਕਿ ਬਾਕੀ ਸਭ ਪੰਥਕ ਧਿਰਾਂ ਜੋ ਮੈਨੂੰ ‘ਸਰਕਾਰੀਆ ਅਤੇ ਏਜੈਂਟ ਤੇ ਭਾਰਤ ਅੰਦਰ ਖ਼ਾਲਸਤਾਨ ਮੰਗਣ ਵਾਲਾ ਭਾਰਤੀ ਕੁੱਤਾ’ ਕਹਿੰਦੀਆਂ ਹਨ। ਮੈਨੂੰ ਅਜਿਹਾ ਕਹਿਣ ਵਾਲੇ ‘ਅਖੌਤੀ ਕੌਮ ਪ੍ਰਸਤਾਂ’ ਦੀਆਂ ਸਾਰੀਆਂ ਖ਼ਬਰਾਂ ਭਾਰਤ ਅੰਦਰ ਚਮਕ ਦਮਕ ਨਾਲ ਸੁਰਖ਼ੀ ਲਾ ਕੇ ਕਿਉਂ ਲੱਗਦੀਆਂ ਹਨ। ਫਿਰ ਚਾਹੇ ਉਹ ਭਾਰਤ ਤੋਂ ਵੱਖਰਾ ਅਤੇ ਸੱਤ ਮੁਲਕਾਂ ਦੀ ਧਰਤੀ ਨੂੰ ਖੋਹ ਕੇ ‘ਖ਼ਾਲਿਸਤਾਨ’ ਬਣਾਉਣ ਦਾ ਐਲਾਨ ਹੀ ਕਿਉਂ ਨਾ ਕਰਦੀਆਂ ਹੋਣ।ਇਸ ਲਈ ਇਨ੍ਹਾਂ ਦੀ ਸੁਰਖ਼ੀ ਨਿੱਕੀ ਤੋਂ ਨਿੱਕੀ ਗੱਲ ਦੀ ਵੀ ਲਵਾਈ ਜਾਂਦੀ ਹੈ। ਇੰਜ ਇਸ ਲਈ ਇਨ੍ਹਾਂ ਨੂੰ ਸਾਧਨ ਅਤੇ ਮੀਡੀਆ ਦਿੱਤਾ ਜਾਂਦਾ ਹੈ ਤਾਂ ਕਿ ਭਾਰਤ ਸਰਕਾਰ ਦੇ ਨਿਸ਼ਾਨੇ ਪੂਰੇ ਹੁੰਦੇ ਰਹਿਣ ਅਤੇ ਸਿੱਖ ਕੌਮ, ਪੰਥ ਅਤੇ ਪੰਥਕ ਸੰਘਰਸ਼ ਖ਼ਾਲਸਤਾਨ ਦੇ ਵਿਰੋਧ ਵਿਚ ਅਜਿਹੇ ‘ਖ਼ਾਲਿ ਸਤਾਨੀ’ ਭੌਂਪੂ ਲੀਡਰਾਂ ਨੂੰ ਵਰਤਿਆ ਜਾਂਦਾ ਰਹੇ । ਇਨ੍ਹਾਂ ਰਾਹੀਂ ਸਿੱਖ ਕੌਮ ਨੂੰ "ਨਾਨਕਸ਼ਾਹੀ ਖ਼ਾਲਸਤਾਨੀ ਰੋਲ ਮਾਡਲ” ਤੋਂ ਹਮੇਸ਼ਾ ਲਈ ਨਾਂਹ ਪੱਖੀ ਬਣਾ ਦਿੱਤਾ ਜਾਵੇ। ਸਰਕਾਰ ਅਜਿਹੇ ਧੜਿਆਂ ਰਾਹੀਂ ਆਪਣੀਆਂ ਕਾਰਵਾਈਆਂ ਕਰਵਾ ਕੇ ਹੁਣ ਤਕ ਸਫਲ ਹੁੰਦੀ ਆ ਰਹੀ ਹੈ ਤੇ ਜੂਨ 84 ਤੋਂ ਬਾਅਦ ‘ਖ਼ਾਲਿ ਸਤਾਨੀ’ ਧਿਰਾਂ ਅਤੇ ਧੜੇ ਤੇ ‘ਖ਼ਾਲਿ ਸਤਾਨੀ’ ਸਮਰਥਕ ਇਹ ਮੰਨੀ ਬੈਠੇ ਹਨ ਕਿ ਉਨ੍ਹਾਂ ਤੋਂ ਵੱਡਾ ਕਾਮਯਾਬ ਸੰਘਰਸ਼ ਹੋਰ ਕੋਈ ਚਲਾ ਹੀ ਨਹੀਂ ਸਕਿਆ ਹੈ ?! ਕੀ ਇਹ ਸੱਚ ਨਹੀਂ ਹੈ ? ਹੁਣ ਤਕ ਦੀਆਂ ਅਜਿਹੇ ਲੋਕਾਂ ਅਤੇ ਧੜਿਆਂ ਦੇ ਲੀਡਰਾਂ ਦੀਆਂ ਕੁੱਲ ਮਿਲਾ ਕੇ ਕੀਤੀਆਂ ਕਾਰਵਾਈਆਂ ਸਦਕਾ ਪੰਜਾਬ ਦੇ ਲੋਕ  "ਨਾਨਕਸ਼ਾਹੀ ਖ਼ਾਲਸਤਾਨ” ਤੋਂ ਮੁਨਕਰ ਨਹੀਂ ਬਣਾ ਦਿੱਤੇ ਗਏ ਹਨ ? ਸੰਸਾਰ ਭਰ ਦੇ ਸਿੱਖਾਂ ਵਿਚ "ਨਾਨਕਸ਼ਾਹੀ ਖ਼ਾਲਸਤਾਨ” ਦੇ ਸਮਰਥਕਾਂ ਦੀ ਗਿਣਤੀ ਗੁਣਾਤਮਿਕ ਪੱਧਰ ਤੇ ਘਟੀ ਨਹੀਂ ਹੈ ? ਪਰ ਦੂਜੇ ਬੰਨੇ ਸਰਕਾਰ ਪ੍ਰਸਤ ਏਜੰਡੇ ਅਨੁਸਾਰ ਸੱਤ ਮੁਲਕਾਂ ਦੀ ਧਰਤੀ ਦੇ ਦਾਅਵੇਦਾਰੀ ਪੇਸ਼ ਕਰਦੀ ਪੰਥ ਵਿਰੋਧੀ ਅਤੇ ਸਿੱਖ ਰਾਜ ਵਿਰੋਧੀ ‘ਖ਼ਾਲਿ ਸਤਾਨੀ’ ਉਨ੍ਹਾਂ ਸਮਰਥਕਾਂ ਦੀ ਟੀਮ ਉੱਥੇ ਦੀ ਉੱਥੇ ਹੀ ਕਿਵੇਂ ਖੜੀ ਹੈ ? ਜੋ ਲੋਕ "ਨਾਨਕਸ਼ਾਹੀ ਖ਼ਾਲਸਤਾਨ ਦੇ ਸੰਕਲਪ ਨੂੰ ਰਾਜ ਕਰੇਗਾ ਖ਼ਾਲਸਾ ਦੇ ਮਨੋਰਥ” ਨਾਲ ਪੂਰਾ ਹੁੰਦਾ ਵੇਖਣਾ ਚਾਹੁੰਦੇ ਹਨ ਉਨ੍ਹਾਂ ਨੂੰ ਇਸ ਵਿਸ਼ੇ ਤੇ ਸਿੱਖ ਕੌਮ ਅੰਦਰ ਸਾਕਾਰਾਤਮਕ ਅਤੇ ਨਤੀਜੇ ਕੱਢ ਸੰਵਾਦ, ਬਹਿਸ ਅਤੇ ਵਿਚਾਰ ਚਰਚਾਵਾਂ, ਗੋਸ਼ਟੀਆਂ ਅਰੰਭਣੀਆਂ ਚਾਹੀਦੀਆਂ ਹਨ। ਨਹੀਂ ਤਾਂ ਸਿੱਖ ਕੌਮ ਵੱਲੋਂ ਬਾਰ ਬਾਰ ਏਕਤਾ ਦੇ ਨਾਮ ਥੱਲੇ ‘ਖ਼ਾਲਿ ਸਤਾਨੀਆਂ’ ਦੇ ਧੜੇ ਬਾਜ਼ ਲੋਕਾਂ ਰਾਹੀਂ, ਪੰਥਕ ਸੁਰ "ਨਾਨਕਸ਼ਾਹੀ ਖ਼ਾਲਸਤਾਨੀ” ਸੰਕਲਪ ਨੂੰ ਹਿੰਦੁਤਵਾ ਤਾਬੂਤ ਵਿਚ ਪੈਕ ਕਾਕੇ ‘ਅੰਮ੍ਰਿਤਸਰੀ ਅਕਾਲੀਆਂ ਅਤੇ 20-20 ਦੀ ਟੀਮ’ ਰਾਹੀਂ  ਦਫ਼ਨ ਕਰ ਦਿੱਤਾ ਜਾਵੇਗਾ । ਬਾਕੀ ਦੀਆਂ ਧਿਰਾਂ ਚਲਾਕ ਲੂੰਬੜੀ ਬਣ ‘ਅਸੀਂ ਇਨ੍ਹਾਂ ਨਾਲ ਸਹਿਮਤ ਨਹੀਂ ਹਾਂ ਪਰ ਸੰਗਤ ਰੂਪ ਵਿਚ ਇਨ੍ਹਾਂ ਦੀਆਂ ਸਾਰੀਆਂ ਕਾਰਵਾਈਆਂ ਵਿਚ ਸ਼ਾਮਲ ਹੋਵਾਂਗੀਆਂ’ ਵਰਗੀ ਮਾਰੂ, ਭੋਗ ਪਾਊ ਅਤੇ ਖੁਰਾ ਖੋਜ ਮਿਟਾਊ ਨੀਤੀ ਤਹਿਤ ‘ਸਭ ਕੁੱਝ ਕਰਵਾ ਕੇ ਵੀ ਦੁੱਧ ਧੋਤੀਆਂ’ ਬਣ ‘ਅੱਗ ਲਾ ਚਿੜਾਂ ਫਲ਼ਾ ਤੇ’ ਵਰਗੀਆਂ ਕੌਮ ਘਾਤੀ ਕਾਰਵਾਈਆਂ ਵਿਚ ਮਸ਼ਗੂਲ ਰਹਿ ਕੇ ਆਪਣੀ ਵਾਰੀ ਦੀ ਉਡੀਕ ਕਰਨਗੀਆਂ।
ਮੈਂ ਤੇ ਮੇਰੀ ਜਥੇਬੰਦੀ ਜਿਹੜੀ ਸ਼ਾਂਤਮਈ ਢੰਗ ਨਾਲ ਲੋਕਤੰਤਰੀ ਪੱਧਤੀ ਰਾਹੀਂ, ਜਿਸ ਨੂੰ ਵਿਦੇਸ਼ੀ ਸਿੱਖ ‘ਸੈੱਲਫ਼ ਡਿਟਰਮੀਨੇਸ਼ਨ ਦਾ ਅਧਿਕਾਰ’ ਵੀ ਕਹਿੰਦੇ ਹਨ ਵਾਲੀ ਵੋਟ ਪੱਧਤੀ ਰਾਹੀਂ ਪੰਜਾਬ ਵਿਧਾਨ ਸਭਾ ਦੇ ਖ਼ਿੱਤੇ ਅੰਦਰਲੇ ਭੂਗੋਲਿਕ ਖੇਤਰ ਤੇ ਸਰਕਾਰ-ਏ-ਖ਼ਾਲਸਤਾਨ ਬਣਾਉਣਾ ਚਾਹੁੰਦਾ ਹਾਂ। ਜਿਸ ਦਾ ਮੈਂ ਪੰਥ ਨੂੰ ਕਾਨੂੰਨੀ ਅਤੇ ਵਿਧਾਨਿਕ ਹੱਕ ਫਰਵਰੀ 2007 ਦੀਆਂ ਵਿਧਾਨ ਸਭਾ ਚੋਣਾਂ ਵਿਚ ਲੈ ਕੇ ਵੀ ਦੇ ਦਿੱਤਾ ਹੈ। ਤਾਂ ਸਿੱਖਾਂ ਨੂੰ ਹੁਣ ਇਹ ਸਮਝ ਨਹੀਂ ਲੈਣਾ ਚਾਹੀਦਾ ਕਿ ਕਿਸ ਦਾ ਪ੍ਰੋਗਰਾਮ ਅਤੇ ਚੁਣਿਆਂ ਮਾਰਗ ਪੰਥ ਦੇ ਹਿਤ ਵਿਚ ਹੈ ?
ਇਨ੍ਹਾਂ ਅਖੌਤੀ ਪੰਥਕਾਂ ਵੱਲੋਂ ਕਹੇ ਜਾਂਦੇ ਮੇਰੇ ਵਰਗੇ ‘ਭਾਰਤੀ ਅਜੈਂਟ ਅਤੇ ਕੁੱਤੇ’ ਦੀਆਂ ਖ਼ਬਰਾਂ ਨੂੰ ਹੀ ਸਰਕਾਰ ਕਿਉਂ ਰੋਕਣ ਲਈ ਮੌਖਿਕ ਆਦੇਸ਼ ਦਿੰਦੀ ਹੈ ? ਤੇ ਜੋ ਸ਼ਰੇਆਮ ਭਾਰਤ ਦੇ ਵਿਰੁੱਧ ਪੰਥ ਦੇ ਵੀ ਵਿਰੁੱਧ ਅਤੇ ਕੌਮ ਨੂੰ ਕੁਰਾਹੇ ਪਾਉਣ ਵਾਲੇ ਦੇ ਨਾਲ ਹੀ ਨਾਲ ਸਿੱਖਾਂ ਦਾ ਸੱਤ ਮੁਲਕਾਂ ਨਾਲ ਵੈਰ ਖੜ੍ਹਾ ਕਰ ਦੇਣ ਵਾਲੇ ਸਿੱਧੇ ਬਿਆਨ ਦਿੰਦੇ ਹਨ ਤੇ ਸੱਤ ਮੁਲਕਾਂ ਦੀ ਧਰਤੀ ਨੂੰ ਖੋਹ ਕੇ ਖ਼ਾਲਿਸਤਾਨ ਬਣਾਉਣ ਦੀਆਂ ਗੱਲਾਂ ਪਿਛਲੇ 31 ਸਾਲਾਂ ਤੋਂ ਕਰਦੇ ਆ ਰਹੇ ਹਨ ਉਨ੍ਹਾਂ ਦੇ ਸਭ ਬਿਆਨ ਮੀਡੀਏ ਵਿਚ ਲਵਾਏ ਜਾਂਦੇ ਹਨ । ਹੁਣ ਇਸ ਰਮਜ਼ ਨੂੰ ਸਮਝਣ ਵਿਚ ਬਾਕੀ ਕੀ ਕੋਈ ਕਸਰ ਰਹਿ ਜਾਂਦੀ ਹੈ ? ਅਖ਼ਬਾਰਾਂ ਸੱਤ ਦੇਸ਼ਾਂ ਦੀ ਧਰਤੀ ਨੂੰ ਵੰਡ ਕੇ ਅਤੇ ਭਾਰਤ ਨੂੰ ਤੋੜ ਕੇ ‘ਖ਼ਾਲਿਸਤਾਨ’ ਲੈਣ ਵਾਲਿਆਂ ਦੀਆਂ ਖ਼ਬਰਾਂ ਤਾਂ ਲਾਉਂਦੀਆਂ ਹਨ। ਜਿਹੜਾ ਕਿ ਕਦੇ ਵਰਤਮਾਨ ਲੋਕਤੰਤਰੀ ਸੰਸਾਰ ਵਿਚ ਹੁਣ ਕਦੇ ਸਿੱਖਾਂ ਨੂੰ ਮਿਲ ਹੀ ਨਹੀਂ ਸਕਦਾ। ਪਰ ਕਾਨੂੰਨ ਤੇ ਵਿਧਾਨ ਮੁਤਾਬਿਕ ਸੈੱਲਫ਼ ਡਿਟਰਮੀਨੇਸ਼ਨ ਰਾਹੀਂ ਸਰਕਾਰ-ਏ-ਖ਼ਾਲਸਤਾਨ ਬਣਾਉਣ ਦਾ ਸਿਧਾਂਤ ਦੇਣ ਵਾਲੇ ਅਤਿੰਦਰ ਪਾਲ ਸਿੰਘ ਖ਼ਾਲਸਤਾਨੀ ਦੀਆਂ ਹੀ ਖ਼ਬਰਾਂ ਨਹੀਂ ਲਾਉਂਦੀਆਂ, ਜਿਹੜਾ ਖ਼ਾਲਸਤਾਨ ਸਿੱਖ ਕੌਮ ਅਤੇ ਪੰਥ ਨੂੰ, ਪੰਜਾਬ ਨੂੰ ਮਿਲ ਸਕਦਾ ਹੈ । ਕੀ ਸਪਸ਼ਟ ਨਹੀਂ ਹੋ ਜਾਂਦਾ ਕਿ ਅਸਲ ਭਾਰਤ ਲਈ ਘਾਤਕ ਅਤਿੰਦਰ ਪਾਲ ਸਿੰਘ ਖ਼ਾਲਸਤਾਨੀ ਹੈ ਤੇ ਬਾਕੀ ਸਭ ਭਾਰਤ ਲਈ ਫ਼ਾਇਦੇਮੰਦ ਹਨ ? ਬੜੀ ਅਫ਼ਸੋਸਨਾਕ ਗੱਲ ਹੈ ਕਿ ਮੇਰੀ ਕੌਮ ਨੂੰ ਪਿਛਲੇ 31 ਸਾਲਾਂ ਵਿਚ ਜਥੇਬੰਦੀਆਂ ਤੇ ਕਾਬਜ਼ ਲੀਡਰਾਂ ਨੇ, ਡਰ ਤੇ ਭੈ ਨੇ, ਰਾਜਨੀਤਕ ਅਸੂਝ ਨੇ, ਆਪੋ ਆਪਣਾ ਬੁੱਤਾ ਸਾਰਨ ਦੀ ਨੀਅਤ ਨੇ, ਆਪਣੇ ਖ਼ੁਦ ਦੇ ਵਿਚਲੇ ਬੇ ਭਰੋਸੇ ਨੇ, ਇਸ ਕਦਰ ਘਸਿਆਰੀ ਅਤੇ ਲਾਲਚੀ ਪ੍ਰਵਿਰਤੀ ਦੀ ਵਿਕਾਊ ਮਾਲ ਬਣਾ ਛੱਡੀ ਹੈ ਕਿ ਹੁਣ ਸਿੱਖ ਕੌਮ, ਕੰਧ ਤੇ ਸਪਸ਼ਟ ਲਿਖੀ ਅਤੇ ਵਿਆਖਿਅਤ ਕੀਤੀ ਇਬਾਰਤ ਵੀ ਪੜ੍ਹਨ ਤੇ ਸਮਝਣ ਜੋਗੀ ਨਹੀਂ ਰਹੀ ਹੈ। ਇਹ ਪਿਛਲੇ 31 ਸਾਲਾਂ ਵਿਚ ਵੀ ਲਗਾਤਾਰ ਮਰ ਕੇ, ਸ਼ਹੀਦ ਹੋ ਕੇ, ਤਬਾਹ ਹੋ ਕੇ; ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਰੇਆਮ ਸੜਕਾਂ ਤੇ ਸ਼ਹੀਦ ਕਰਵਾ ਕੇ ਅਤੇ ਇਸ ਰੋਹ ਵਿਚ ਮੁੜ ਜਾਗੀ ਕੌਮ ਦਾ ਸਰਬੱਤ ਖ਼ਾਲਸਾ ਰਾਹੀਂ ਇੱਕ ਵਾਰ ਫਿਰ ਭੋਗ ਪਵਾ ਕੇ; ਬਰਬਾਦ ਹੋ ਕੇ ਵੀ ਆਪਣੇ 31 ਸਾਲਾਂ ਵਿਚ ਇੰਜ ਕਰਵਾਉਣ ਵਾਲੇ ਲੀਡਰਾਂ ਦੀ ਪਹਿਚਾਣ ਅਤੇ ਤਾਸੀਰ ਨੂੰ ਸਮਝ ਹੀ ਨਹੀਂ ਸਕੀ ਹੈ। ਇਸ ਲਈ ਮੈਨੂੰ ਕੋਈ ਅਚੰਭਾ ਨਹੀਂ ਹੁੰਦਾ ਜਦ ਵਿਦੇਸ਼ਾਂ ਵਿਚਲੇ ਵੀ ਕੁੱਝ ਪੰਜਾਬੀ ਮੰਨੇ ਪਰ ਮੰਨੇ ਅਖ਼ਬਾਰ ਇਸ਼ਤਿਹਾਰ ਲਵਾ ਕੇ ਵੀ ਮੇਰੀ "ਖ਼ਾਲਸਤਾਨ : ਉਸਦਾ ਸੰਕਲਪ ਅਤੇ ਪ੍ਰਣਾਲੀ” ਕਿਤਾਬ ਨੂੰ ਛਾਪਣ ਤੋਂ ਮਨਾ ਕਰ ਦਿੰਦੇ ਹਨ। ਜਦ ਕਿ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਸਟਾਫ਼ ਨੂੰ ਸਮਝਿਆ ਹੀ ‘ਖ਼ਾਲਿਸਤਾਨੀ’ ਜਾਂਦਾ ਹੈ। ਇਹ ਕੁਲ ਮਿਲਾ ਕੇ ਮੇਰੀ ਕੌਮ ਦਾ ਅੱਜ ਦਾ ਪ੍ਰਤੀਬਿੰਬ ਹੈ, ਜੋ ਕੁਲ ਮਿਲਾ ਕੇ ਮੇਰਾ ਵਰਤਮਾਨ ਹੈ । ਮੇਰਾ ਅੱਜ ਹੈ । ਜੇ ਪੰਥ ਨੇ ਖ਼ਾਲਸਤਾਨ ਬਣਾਉਣਾ ਹੈ ਤਾਂ ਉਸ ਨੂੰ ਆਪਣੀ ਇਸ ਦਸ਼ਾ ਵਿਚੋਂ ਬਾਹਰ ਕੱਢਣ ਵਾਲੇ ਲੀਡਰ ਨੂੰ ਸਥਾਪਤ ਕਰਨ ਲਈ ਖ਼ੁਦ ਉਸ ਦੇ ਸਾਧਨ, ਸ਼ਕਤੀ, ਸਰੋਤ, ਜਥੇਬੰਦੀ ਅਤੇ ਹਮਾਇਤੀ ਬਣਨਾ ਹੀ ਪੈਣਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਹੈ "ਮ੍ਰਿਗ ਤ੍ਰਿਸਨਾ ਜਿਉ ਝੂਠੋ ਇਹੁ ਜਗੁ’ ਅਤੇ ਹੁਕਮ ਹੈ "ਹਰਿਹਾਂ ਹਰਿਚੰਦਉਰੀ ਪੇਖਿ ਕਾਹੇ ਸਚੁ ਮਾਨਈ ॥”
ਮੇਰੀ ਆਵਾਜ਼ ਨੂੰ ਬੰਦ ਕਰਾਉਣ ਦਾ ਦੂਜਾ ਅਮਲ ਓਦੋਂ ਸ਼ੁਰੂ ਹੁੰਦਾ ਹੈ ਜਦੋਂ,  ਸਾਡੀ ਇਸ ਸ਼ਾਂਤ ਮਈ ਲੋਕ ਲਹਿਰ ਨੂੰ ਖ਼ਤਮ ਕਰਵਾਉਣ ਲਈ ਪਹਿਲਾਂ ਇਨ੍ਹਾਂ ਸਾਡੇ ਤੇ ਨੰਗਲ ਵਿਖੇ ‘ਹਿੰਦੂ ਸਮੁਦਾਏ’ ਦੇ ਅਸਮਾਜਿਕ ਤੱਤਾਂ ਅਤੇ ਹਿੰਦੂ ਸ਼ਿਵ ਸੈਨਾ ਆਦਿ ਤੋਂ ਹਮਲਾ ਕਰਵਾਇਆ। ਸਾਡੀ ਗੱਡੀ ਨੂੰ ਇਹ ਪੁਲਿਸ ਦੀ ਮੌਜੂਦਗੀ ਵਿਚ ਅੱਗ ਲਾ ਕੇ ਸਾੜਨ ਤੱਕ ਗਏ ਅਤੇ ਭੰਨ-ਤੋੜ ਕੀਤੀ। ਮੈਂ, ਮੇਰੀ ਸਿੰਘਣੀ, ਕੈਪਟਨ ਜਗਤਾਰ ਸਿੰਘ, ਸ. ਵਰਿਆਮ ਸਿੰਘ ਅਤੇ ਗਗਨਦੀਪ ਸਿੰਘ ਸਕੱਤਰ ਜ਼ਿਲ੍ਹਾ ਜਲੰਧਰ ਅਸੀਂ ਸਾਰੇ ਅਡੋਲ ਰਹੇ। ਇਨ੍ਹਾਂ ਅਟੈਕ ਕਰਨ ਵਾਲਿਆਂ ਦੀ ਬਾਈ ਨੇਮ ਸ਼ਿਕਾਇਤ ਕਰਨ, ਫ਼ੋਟੋਆਂ ਦੇਣ ਦੇ ਬਾਵਜੂਦ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਉਨ੍ਹਾਂ ਤੇ ਕੋਈ ਕੇਸ ਦਰਜ ਨਹੀਂ ਕਰਦੀ । ਸਗੋਂ ਸਾਡਾ ਸਾਰਾ ਸਾਮਾਨ ਜ਼ਬਤ ਕਰ ਲਿਆ ਜਾਂਦਾ ਹੈ ਤੇ ਉਹ ਅੱਜ ਤੱਕ ਸਾਨੂੰ ਵਾਪਸ ਨਹੀਂ ਕੀਤਾ ਗਿਆ ਹੈ। ਪਟਿਆਲਾ ਵਿਖੇ ਹਿੰਦੂ ਸ਼ਿਵ ਸੈਨਾ ਅਤੇ ਬਜਰੰਗ ਦਲ ਨੇ ਮਿਲ ਕੇ ਬਿਆਨ ਦਿੱਤਾ ਕਿ ਉਹ ਅਤਿੰਦਰ ਪਾਲ ਸਿੰਘ ਖ਼ਾਲਸਤਾਨੀ, ਸਾਬਕਾ ਐਮ.ਪੀ. ਦਾ ਘਰ ਸਾੜ ਦੇਣਗੇ । ਅਜਿਹੇ ਬਿਆਨ ਤੋਂ ਬਾਅਦ ਵੀ ਮੇਰੀ ਇਨ੍ਹਾਂ ਖ਼ਿਲਾਫ਼ ਕੋਈ ਐਫ.ਆਰ.ਆਈ. ਦਰਜ ਨਹੀਂ ਕੀਤੀ ਗਈ। ਸੋਹੀਂਆਂ ਪਿੰਡ ਵਿਚ ਸ਼ਹੀਦੀ ਲਾਟ ਬਣਾਉਣ ਵਾਲੇ ਮਿਸਤਰੀ ਸਮੇਤ ਦਲ ਦੇ ਸਮਰਥਕਾਂ ਅਤੇ ਦਾਸ ਦੇ ਖ਼ਿਲਾਫ਼ ਦੇਸ਼ ਧ੍ਰੋਹੀ ਦਾ ਕੇਸ ਦਰਜ ਕਰ ਲਿਆ ਗਿਆ। ਸਮਾਣਾ ਵਿਖੇ ਮੇਰੇ ਅਤੇ ਮੇਰੇ ਸਮੁੱਚੇ ਪਰਿਵਾਰ ਦੇ ਖ਼ਿਲਾਫ਼ ਦੇਸ਼ ਧ੍ਰੋਹੀ, ਅਤਿਵਾਦੀ ਵੱਖਵਾਦੀ ਅਤੇ ਹੋਰ ਫ਼ਿਰਕਿਆਂ ਖ਼ਿਲਾਫ਼ ਭੜਕਾਹਟ ਪੈਦਾ ਕਰਨ ਜਿਹੇ ਜ਼ੁਲਮਾਂ ਅਧੀਨ ਕੇਸ ਦਰਜ ਕਰ ਲਿਆ ਗਿਆ ਜਿਸ ਵਿਚ ਮੇਰੀਆਂ 17 ਸਾਲਾਂ ਬੇਟੀ ਗੁਰਾਂਜਲ ਕੌਰ ਅਤੇ 14 ਸਾਲਾਂ ਬੇਟੀ ਰਾਕਿੰਦ ਕੌਰ ਨੂੰ ਵੀ ਨਾਮਜ਼ਦ ਕਰ ਲਿਆ ਗਿਆ। ਲੁਧਿਆਣਾ ਡਵੀਜ਼ਨ ਨੰਬਰ ਇੱਕ ਵਿਚ ਦਾਸ ਅਤੇ ਦਾਸ ਦੀ ਪਤਨੀ ਦੇ ਖ਼ਿਲਾਫ਼ ਦੇਸ਼ ਧ੍ਰੋਹੀ, ਅਤਿਵਾਦੀ ਵੱਖਵਾਦੀ ਅਤੇ ਹੋਰ ਫ਼ਿਰਕਿਆਂ ਖ਼ਿਲਾਫ਼ ਭੜਕਾਹਟ ਪੈਦਾ ਕਰਨ  ਅਤੇ ਖ਼ਾਲਸਤਾਨ ਦਾ ਪ੍ਰਚਾਰ ਕਰਨ ਦਾ ਕੇਸ ਦਰਜ ਕਰ ਲਿਆ ਗਿਆ, ਪਟਿਆਲਾ ਕੋਤਵਾਲੀ ਠਾਣੇ ਵਿਚ ਵੀ ਦੇਸ਼ ਧ੍ਰੋਹੀ, ਅਤਿਵਾਦੀ ਵੱਖਵਾਦੀ ਅਤੇ ਹੋਰ ਫ਼ਿਰਕਿਆਂ ਖ਼ਿਲਾਫ਼ ਭੜਕਾਹਟ ਪੈਦਾ ਕਰਨ  ਅਤੇ ਖ਼ਾਲਸਤਾਨ ਦਾ ਪ੍ਰਚਾਰ ਕਰਨ ਭਾਸ਼ਣ ਦੇਣ ਅਤੇ ਇਸ ਹਿਤ ਲੋਕਾਂ ਵਿਚ ਬਾਜ਼ਾਰਾਂ ਵਿਚ ਜਲਸੇ ਕਰ ਕੇ ਭੜਕਾਹਟ ਪੈਦਾ ਕਰਨ ਦਾ ਕੇਸ ਦਰਜ ਕੀਤਾ ਗਿਆ......ਲਿਸਟ ਬਹੁਤ ਲੰਮੀ ਹੈ। ਅਫ਼ਸੋਸ ਦੀ ਗੱਲ ਕੇਵਲ ਇਹੋ ਹੈ ਕਿ ਜਿਨ੍ਹਾਂ ਨੂੰ ਸਿੱਖ "ਖ਼ਾਲਿ ਸਤਾਨੀ” ਮੰਨਦੇ ਅਤੇ ਹਰ ਤਰ੍ਹਾਂ ਦੀ ਹਿਮਾਇਤ ਕਰਦੇ ਹਨ ਉਨ੍ਹਾਂ ਵਿਚੋਂ ਕਿਸੇ ਵੀ ਇੱਕ ਧੜੇ ਜਾਂ ਆਗੂ ਨੇ "ਨਾਨਕਸ਼ਾਹੀ ਖ਼ਾਲਸਤਾਨ” ਖ਼ਿਲਾਫ਼ ਪੰਜਾਬ ਵਿਚ ਸਰਕਾਰ ਰਾਹੀਂ ਵਰਤੀ ਜਾ ਰਹੀ ਦਮਨਕਾਰੀ ਅਤੇ ਖੁਰਾ ਖੋਜ ਮਿਟਾ ਦੇਣ ਵਾਲੀ ਇਸ ਜ਼ਾਲਮਾਨਾ ਕਾਰਵਾਈ ਦੇ ਖ਼ਿਲਾਫ਼ ਕੋਈ ਵੀ ਬਿਆਨ ਤਕ ਦੇਣ ਦੀ ਲੋੜ ਨਹੀਂ ਸਮਝੀ। ਪੰਜਾਬ ਦੀਆਂ ਸਿੱਖ ਮਨੁੱਖੀ ਅਧਿਕਾਰ ਜਥੇਬੰਦੀਆਂ ਦੇ ਵੀ ਮੂੰਹ ਪੂਰੀ ਤਰ੍ਹਾਂ ਸੀਤੇ ਗਏ!
ਅਤਿੰਦਰ ਪਾਲ ਸਿੰਘ ਖ਼ਾਲਸਤਾਨੀ, ਸਾਬਕਾ ਐਮ.ਪੀ.
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.