ਕੈਟੇਗਰੀ

ਤੁਹਾਡੀ ਰਾਇ



ਜਗਤਾਰ ਸਿੰਘ ਜਾਚਕ
(ਰੰਘਰੇਟੇ) ਸਿੱਖ ਆਗੂ ਸ੍ਰ. ਬੀਰੂ ਸਿੰਘ ਦਾ ਕਿਰਦਾਰ ਤੇ ਪੰਥਕ ਵਿਹਾਰ ਤੇ ਸਤਿਕਾਰ
(ਰੰਘਰੇਟੇ) ਸਿੱਖ ਆਗੂ ਸ੍ਰ. ਬੀਰੂ ਸਿੰਘ ਦਾ ਕਿਰਦਾਰ ਤੇ ਪੰਥਕ ਵਿਹਾਰ ਤੇ ਸਤਿਕਾਰ
Page Visitors: 2596

(ਰੰਘਰੇਟੇ) ਸਿੱਖ ਆਗੂ ਸ੍ਰ. ਬੀਰੂ ਸਿੰਘ ਦਾ ਕਿਰਦਾਰ ਤੇ ਪੰਥਕ ਵਿਹਾਰ ਤੇ ਸਤਿਕਾਰ
 ਜਗਤਾਰ ਸਿੰਘ ਜਾਚਕ, ਨਿਊਯਾਰਕ
ਗੁਰਬਾਣੀ ਤੇ ਗੁਰਇਤਿਹਾਸ ਦੀ ਰੌਸ਼ਨੀ ਵਿੱਚ ਵੈਸੇ ਤਾਂ ਹਰੇਕ ‘ਗੁਰਸਿੱਖ’ ਗੁਰੂ ਕਾ ਬੇਟਾ ਹੈ। ਕਿਉਂਕਿ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਸਮੂਹ ਗੁਰਸਿੱਖਾਂ ਨੂੰ ਗੁਰੂ ਨਾਨਕ ਸਾਹਿਬ ਦੇ ‘ਗੁਰਸਿੱਖ ਪੁੱਤਰੋ’ ਕਹਿ ਕੇ ਸੰਬੋਧਨ ਕੀਤਾ ਹੈ। ਜਿਵੇਂ ਗੁਰਵਾਕ ਹੈ
ਜਨ ਨਾਨਕ ਕੇ ਗੁਰਸਿਖ ਪੁਤਹਹੁ ਹਰਿ ਜਪਿਅਹੁ ਹਰਿ ਨਿਸਤਾਰਿਆ ॥” {ਗੁ.ਗ੍ਰੰ.-ਪੰ.312}
 ਪਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਉਪਰੰਤ ਦਿੱਲੀ ਦਾ ਇੱਕ ਗੁਰਸਿੱਖ ਭਾਈ ਜੈਤਾ ਉਨ੍ਹਾਂ ਦਾ ਲਹੂ-ਲੁਹਾਨ ਪਾਵਨ ਸੀਸ ਲੈ ਕੇ ਸ੍ਰੀ ਕੀਰਤਪੁਰ ਸਾਹਿਬ ਪਹੁੰਚਾ ਤਾਂ ਪ੍ਰੰਪਰਾਗਤ ਇਤਿਹਾਸ ਮੁਤਾਬਿਕ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਜੀ ਮਹਾਰਾਜ ਨੇ ਭਾਈ ਜੀ ਨੂੰ ਗਲ਼ੇ ਲਗਾਇਆ ਅਤੇ ਨਿਵਾਜ਼ਿਸ਼ ਭਰਿਆ ਵਿਸ਼ੇਸ਼ ਬਚਨ ਕੀਤਾ ‘ਰੰਘਰੇਟਾ, ਗਰੂ ਕਾ ਬੇਟਾ’
ਸਭ ਤੋਂ ਪਹਿਲਾਂ ਮਾਨਵ ਦਰਦੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਪਿੰਡ ਦੇ ਮਿਰਾਸੀ ਮਰਦਾਨੇ ਨੂੰ ‘ਭਾਈ’ ਕਹਿ ਕੇ ਨਿਵਾਜਿਆ। ਉਸ ਦੀ ਰਬਾਬ ਦੇ ਸੰਗੀਤਕ ਸਹਿਯੋਗ ਸਦਕਾ ਗੁਰਬਾਣੀ ਵਿੱਚ ਜੋ
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥
 ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥
 ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ
॥” –{ਗੁ.ਗ੍ਰੰ.-ਪੰ.15}
ਦਾ ਦੈਵੀ ਐਲਾਨ ਕੀਤਾ; ਉਸ ਵਿੱਚ ਭਾਰਤੀ ਮੂਲ ਦੇ ਜਿਨ੍ਹਾਂ ਗ਼ਰੀਬਾਂ ਨੂੰ ਬ੍ਰਾਹਮਣ ਨੇ ‘ਨੀਚੀ ਹੂ ਅਤਿ ਨੀਚੁ’ ਕਹਿ ਕੇ ਦੁਰਕਾਰਿਆ ਤੇ ਪੈਰਾਂ ਹੇਠ ਲਿਤਾੜਿਆ ਸੀ, ਉਹ ਬਿਪਰਵਾਦੀ ਜਾਤੀਆਂ ਹਨ ਚੂਹੜੇ, ਚਮਾਰ, ਚੰਡਾਲ ਤੇ ਰੰਘੜ।
ਮਨੂ-ਸਿਮ੍ਰਤੀ ਆਦਿਕ ਹਿੰਦੂ ਸ਼ਾਸਤਰਾਂ ਦੀ ਵਰਣਵੰਡ ਮੁਤਾਬਿਕ ਚੂਹੜਿਆਂ ਦਾ ਕੰਮ ਸੀ ਬਾਕੀ ਸਾਰੇ ਵਰਗਾਂ ਦੀ ਗੰਦਗੀ ਨੂੰ ਸਾਫ਼ ਕਰਨਾ, ਚਮਾਰਾਂ ਦਾ ਕੰਮ ਸੀ ਮਰੇ ਪਸ਼ੂ ਢੋਣਾ ਅਤੇ ਉਨ੍ਹਾਂ ਦੇ ਚੰਮੜੇ ਨੂੰ ਉਤਾਰਨਾ ਤੇ ਸੰਭਾਲਣਾ। ‘ਚੰਡਾਲ’ ਉਨ੍ਹਾਂ ਲੋਕਾਂ ਨੂੰ ਆਖਿਆ ਗਿਆ ਹੈ, ਜਿਹੜੇ ਬ੍ਰਾਹਮਣੀ ਦੀ ਕੁੱਖੋਂ ਕਿਸੇ ਸ਼ੂਦਰ ਦੀ ਸੰਤਾਨ ਹੋਣ (ਵੇਖੋ- ਔਸ਼ਨਸੀ ਸਿਮ੍ਰਤੀ ਸ਼ਃ8) ਅਤੇ ਰੰਘੜ ਉਨ੍ਹਾਂ ਨੂੰ, ਜਿਹੜੇ ਹਿੰਦੂ ਰਾਜਪੂਤ ਇਸਲਾਮ ਮਜ਼ਹਬ ਧਾਰਨ ਕਰਕੇ ਮੁਸਲਮਾਨ ਬਣ ਜਾਂਦੇ ਸਨ । ਜਿਵੇਂ ਅਠਾਰਵੀਂ ਸਦੀ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਬੇਅਦਬੀ ਕਰਨ ਵਾਲਾ ਮੰਡਿਆਲਾ ਨਿਵਾਸੀ ਸ੍ਰੀ ਅੰਮ੍ਰਿਤਸਰ ਪਰਗਣੇ ਦਾ ਚੌਧਰੀ ‘ਮੱਸਾ ਰੰਘੜ’; ਜਿਸ ਦਾ ਸਿਰ ਵੱਡਿਆ ਸੀ ਭਾਈ ਮਹਿਤਾਬ ਸਿੰਘ ‘ਮੀਰਾਂਕੋਟ’ ਅਤੇ ਭਾਈ ਸੁੱਖਾ ਸਿੰਘ ‘ਮਾੜੀ ਕੰਬੋ’ ਨੇ।
ਪ੍ਰੰਤੂ ਜਦੋਂ ਤੋਂ ਖ਼ਾਲਸੇ ਦੇ ਸੁਆਮੀ ਦਸਵੇਂ ਪਾਤਸ਼ਾਹ ਨੇ ਪਿਆਰ ਤੇ ਸਤਿਕਾਰ ਸਹਿਤ ਭਾਈ ਜੈਤਾ ਜੀ ਨੂੰ ‘ਰੰਘਰੇਟਾ, ਗੁਰੂ ਕਾ ਬੇਟਾ’ ਕਹਿ ਕੇ ਨਿਵਾਜਿਆ ; ਤਦੋਂ ਤੋਂ ਗੁਰੂ ਕੇ ਸਿੱਖਾਂ ਨੇ ਉਪਰੋਕਤ ਸ਼੍ਰੇਣੀ ਦੇ ਸਾਰੇ ਗੁਰਸਿੱਖ ਭਰਾਵਾਂ ਦੀ ਵਿਸ਼ੇਸ਼ ਪਹਿਚਾਣ ਕਰਵਾਉਣ ਦੀ ਮਜ਼ਬੂਰੀ ਵੱਸੋਂ ‘ਰੰਘਰੇਟੇ’ ਨਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ। ਭਾਵੇਂ ਕਿ ਪਿਛੋਂ ਜਾ ਕੇ ‘ਚੂਹੜਾ’ ਬਿਰਾਦਰੀ ਦੇ ਪਿਛੋਕੜ ਵਾਲੇ ਗੁਰਸਿੱਖ ਭਰਾਵਾਂ ਨੇ ਰੰਘਰੇਟੇ ਲਫ਼ਜ਼ ਦੀ ਥਾਂ ‘ਮਜ਼ਹਬੀ’ ਕਹਿਲਾਉਣ ਅਤੇ ਚਮਾਰ ਪਿਛੋਕੜ ਵਾਲਿਆਂ ਨੇ ਆਪਣੇ ਆਪ ਨੂੰ ਰਵਿਦਾਸੀਏ ਅਖਵਾਉਣ ਵਿੱਚ ਮਾਣ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਇਹ ਸਮਝਣ ਲੱਗ ਪਏ ਸਨ ਕਿ ਇਸ ਢੰਗ ਨਾਲ ਅਸੀਂ ਆਪਣੇ ਤੋਂ ਵੀ ਨੀਚ ਮੰਨੇ ਜਾਂਦੇ ਮੁਸਲਮਾਨ ਪਿਛੋਕੜ ਵਾਲੇ ਰੰਘੜਾਂ ਤੇ ਚੰਡਾਲਾਂ ਤੋਂ ਵੱਖਰੇ ਹੋ ਜਾਂਦੇ ਹਾਂ।
ਇਹੀ ਕਾਰਣ ਹੈ ਕਿ ਮਿਸਲਾਂ ਦਾ ਰਾਜ-ਕਾਲ ਸਮੇਂ ਜਦੋਂ ਮਿਸਲਦਾਰ ਸਰਦਾਰਾਂ ਤੇ ਹੋਰ ਵੱਖ ਵੱਖ ਇਲਾਕਾ ਨਿਵਾਸੀਆਂ ਨੇ ਸ੍ਰੀ ਦਰਬਾਰ ਸਾਹਿਬ ਦੇ ਆਸ ਪਾਸ ਰਹਾਇਸ਼ੀ ਬੁੰਗੇ ਬਣਾਏ ਤਾਂ ਗੰਘਰੇਟੇ ਆਗੂਆਂ ਨੂੰ ਆਪਣੀ ਵਖਰੀ ਹੋਂਦ ਪ੍ਰਗਟਾਉਣ ਲਈ ਜੋ ਬੰਗਾ ਉਸਾਰਿਆ, ਉਸ ਦਾ ਨਾਂ ਰੱਖਿਆ ‘ਬੁੰਗਾ ਮਜ਼ਹਬੀ ਸਿੱਖਾਂ’ਭਾਵੇਂ ਕਿ ਇਹ ਦੋਵੇਂ ਨਾਂ ਵੀ ਪੰਜਾਬ ਵਿੱਚ ਖ਼ਾਲਸੇ ਦਾ ਦਬਦਬਾ ਕਾਇਮ ਹੋਣ ਉਪਰੰਤ ਜਾਤ ਅਭਿਮਾਨੀ ਲੋਕਾਂ ਦੇ ਓਵੇਂ ਹੀ ਦਿੱਤੇ ਹੋਏ ਹਨ। ਜਿਵੇਂ ਕਿ ਗਾਂਧੀ ਭਗਤ ਕਾਂਗਰਸੀਆਂ ਨੇ ਵੋਟਾਂ ਦੀ ਖ਼ਾਤਰ ਉਪਰੋਕਤ ਬਿਰਾਦਰੀਆਂ ਨੂੰ ਆਪਣੇ ਨਾਲ ਜੋੜੀ ਰੱਖਣ ਲਈ ‘ਹਰੀਜਨ’ ਕਹਿਣਾ ਸ਼ੁਰੂ ਕਰ ਦਿੱਤਾ ਸੀ। ‘ਮਜ਼ਹਬੀ’ ਪਦ ਦਾ ਅਰਥ ਹੈ – (ਖ਼ਾਲਸਾ) ਮਜ਼ਹਬ ਨੂੰ ਧਾਰਨ ਕਰਨ ਵਾਲਾ ਅਤੇ ‘ਰਵਿਦਾਸੀਏ’ ਦਾ ਅਰਥ ਹੈ –ਭਗਤ ਰਵਿਦਾਸ ਜੀ ਦੀ ਕੁਲ ਦਾ।
ਇਸੇ ਲਈ ਸੂਝਵਾਨ ਗੁਰਸਿੱਖ ਕਿਸੇ ਐਸੇ ਭਰਾ ਦੇ ਪਿਛੋਕੜ ਦੀ ਪਹਿਚਾਣ ਕਰਵਾਉਣ ਵਾਸਤੇ ਮਜ਼ਬੂਰੀ ਵੱਸ ਵੀ ‘ਚੂਹੜਾ’ ਜਾਂ ‘ਮਜ਼ਹਬੀ’ ਕਹਿਣ ਦੀ ਥਾਂ ਹੁਣ ਤਕ "ਰੰਘਰੇਟਾ ਸਿੰਘ" ਕਹਿਣਾ ਹੀ ਯੋਗ ਸਮਝਦੇ ਹਨ। ਕਿਉਂਕਿ, ਇਸ ਪ੍ਰਕਾਰ ਰੰਘਰੇਟੇ ਗੁਰੂ ਕੇ ਬੇਟੇ ਜਾਣਦਿਆਂ ਉਸ ਅੰਦਰ ਭਰਾਤ੍ਰੀ ਭਾਵ ਵੀ ਵਧਦਾ ਹੈ। ਇਹੀ ਕਾਰਣ ਕਿ 19ਵੀਂ ਸਦੀ ਦੇ ਪੰਜਵੇਂ ਦਾਹਕੇ ਵਿੱਚ ਸੰਨ 1841 ਵਿਖੇ ਲਿਖੇ ਰਤਨ ਸਿੰਘ ਭੰਗੂ ਦੇ ਪੰਥ ਪ੍ਰਕਾਸ਼ ਵਿੱਚ ਇਤਹਿਾਸਕ ਦ੍ਰਿਸ਼ਟੀਕੋਨ ਤੋਂ ਸਿੱਖ ਜਰਨੈਲ ਸ੍ਰ. ਬੀਰੂ ਸਿੰਘ (ਬੀਰ ਸਿੰਘ) ਦੀ ਵਿਸ਼ੇਸ਼ ਪਹਿਚਾਣ ਕਰਵਾਉਣ ਲਈ ‘ਰੰਘਰੇਟਾ’ ਵਿਸ਼ੇਸ਼ਣ ਵਰਤਿਆ ਹੈ, ਨਾ ਕਿ ‘ਚੂਹੜਾ’ ਜਾਂ ‘ਮਜ਼ਹਬੀ’। ਹਾਂ ਇਹ ਜਾਣਕਾਰੀ ਜ਼ਰੂਰ ਦਿੱਤੀ ਹੈ ਅਨਮਤੀ ਲੋਕ (ਗੈਰ ਸਿੱਖ) ਉਸ ਨੂੰ ‘ਚੂਹੜਾ’ ਕਹਿੰਦੇ ਸਨ। ਉਸ ਪਾਸ 1300 ਘੋੜ ਸਵਾਰ ਸਿੰਘਾਂ ਦਾ ਜਥਾ ਸੀ ਅਤੇ ਉਹ ਆਪਣੇ ਜਥੇ ਨਿਸ਼ਾਨ ਤੇ ਨਗਾਰਾ ਵਖਰਾ ਰੱਖਦਾ ਸੀ। ਭਾਈ ਵੀਰ ਸਿੰਘ ਸਾਹਿਤ ਸਦਨ ਵੱਲੋਂ ਪ੍ਰਕਾਸ਼ਤ ਸੰਨ 1993 ਦੀ ਨਵੀਂ ਐਡੀਸ਼ਨ ਦੀ ਲਿਖਤ ਹੈ :
ਹੁਤ ਰੰਘਰੇਟੋ ਚੂਹੜੋ ਕਹਿਂ ਬੀਰੂ ਸਿੰਘ ਜਵਾਨ ।
ਸੰਗ ਤੇਰਾਂ ਸੌ ਘੋੜਾ ਚੜ੍ਹੈ ਹੁਤ ਨਗਾਰੋ ਜੁਦੋ ਨਿਸ਼ਾਨ
। {ਪੰ.469}
ਇਹ ਵੀ ਜ਼ਿਕਰ ਹੈ ਕਿ ਕਿਸੇ ਵੇਲੇ ਤੁਰਕਾਂ ਦੀ ਚਾਲ ਵਿੱਚ ਫਸ ਕੇ ਜਥੇ ਸਮੇਤ ਉਹ ਤੁਰਕਾਂ ਨਾਲ ਜਾ ਰਲਿਆ ਤੇ ਉਨ੍ਹਾਂ ਦੀ ਨੌਕਰੀ ਕਬੂਲ ਕੇ ਆਪਣੇ ਪੰਥਕ ਭਰਾਵਾਂ ਨਾਲ ਟਕਰਨ ਲਈ ਤਿਆਰ ਹੋ ਗਿਆ। ਭਾਵੇਂ ਕਿ ਪੰਥਕ ਆਗੂਆਂ ਵੱਲੋਂ ਪਤ੍ਰਕਾ ਰਾਹੀਂ ਸਮਝਾਉਣ ਉਪਰੰਤ ਉਹ ਜੱਸਾ ਸਿੰਘ ਰਾਮਗੜੀਏ ਵਾਂਗ ਛੇਤੀ ਹੀ ਸੰਭਲ ਗਿਆ ਅਤੇ ਖ਼ਾਲਸਈ ਸਨੇਹ ਪ੍ਰਗਟਾਉਂਦਾ ਹੋਇਆ ਵਾਪਸ ਆ ਗਿਆ :
ਏਕ ਸਮੇਂ ਬੀਰੂ ਸਿੰਘ ਭੀ, ਜਾਇ ਰਲਯੋ ਤੁਰਕਨ ਕੇ ਨਾਲ।
ਤੇਰਾਂ ਸੌ ਘੋੜ ਉਨੈਂ, ਰਖਯੋ ਚਾਕਰ ਤਤਕਾਲ
। {ਪੰ.469}
ਪਰ, ਅਜਿਹਾ ਹੋਣ ਦੇ ਬਾਵਜੂਦ ਵੀ ਉਸ ਦਾ ਖ਼ਾਲਸਾ ਪੰਥ ਵਿੱਚ ਕਿੰਨਾ ਸਤਿਕਾਰ ਸੀ, ਇਸ ਸਬੰਧ ਵਿੱਚ ਇੱਕ ਬੜੀ ਮਹਤਵ ਪੂਰਨ ਘਟਨਾ ਦਾ ਵਰਨਣ ਹੈ ‘ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ। ਲਿਖਿਆ ਹੈ ਜਦੋਂ ਕਿਤੇ ਪੰਥ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿੱਖ ਰਾਜੇ ਰਾਜੇ ਆਲਾ ਸਿੰਘ ਪਟਿਆਲੇ ਵਾਲੇ ਨੂੰ ਕਿਸੇ ਰਾਜਨੀਤਕ ਭੁੱਲ ਕਾਰਨ ਬਖ਼ਸ਼ਿਆ ਤਾਂ ਉਸ ਨੇ ਪੰਥਕ ਖੁਸ਼ੀ ਲਈ ਸਿੱਖ ਜਰਨੈਲਾਂ ਨੂੰ ਵਧੀਆ ਘੋੜੇ ਵੰਡੇ। ਅਜਿਹੀ ਵੰਡ ਸਮੇਂ ਜੱਸਾ ਸਿੰਘ ਆਹਲੂਵਾਲੀਆ ਵਰਗੇ ਮੋਢੀ ਤੇ ਮੁੱਖੀ ਸਰਦਾਰਾਂ ਨੂੰ ਛੱਡ ਕੇ ਸਭ ਤੋਂ ਪਹਿਲਾ ਘੋੜਾ ਸ੍ਰ. ਬੀਰੂ ਸਿੰਘ ਰੰਘਰੇਟੇ ਦੇ ਹੱਥ ਫੜਾਇਆ ਅਤੇ ਬਾਕੀਆਂ ਨੂੰ ਉਸ ਤੋਂ ਪਿੱਛੋਂ ਵੰਡੇ ਗਏ। ਉਨ੍ਹਾਂ ਦਾ ਅਜਿਹਾ ਸਤਿਕਾਰ ਸਦਾ ਇਸ ਲਈ ਕੀਤਾ ਜਾਂਦਾ ਸੀ। ਕਿਉਂਕਿ ਇਹ ਤੁਰਕਾਂ ਨਾਲ ਹੋਣ ਵਾਲੇ ਜੁੱਧਾਂ ਵਿੱਚ ਸਭ ਤੋਂ ਮੂਹਰੇ ਹੋ ਕੇ ਲੜਦਾ ਸੀ। ਉਨ੍ਹਾਂ ਦੀ ਇਸ ਦਲੇਰੀ ਨੂੰ ਪੰਥ ਕਦੇ ਵੀ ਭੁੱਲਦਾ ਨਹੀਂ ਸੀ। ਭੰਗੂ ਜੀ ਦੇ ਲਫ਼ਜ਼ ਹਨ:
ਪਹਿਲੋਂ ਘੋੜੋ ਉਸੈ ਫੜਵਾਯੋ । ਪਾਛੈ ਔਰ ਸੁ ਪੰਥ ਬਰਤਾਯੋ ।
ਸੋ ਜੰਗ ਦੌੜ ਮਧ ਮੁਹਰੇ ਰਹੇ । ਉਸ ਯਾਦ ਕਰ ਪੰਥ ਪਹਿਲੋਂ ਦਏ
। {ਪੰ.469}
ਪਰ ਅਤਿਅੰਤ ਦੁੱਖ ਦੀ ਗੱਲ ਹੈ ਕਿ ਆਪਣੇ ਆਪ ਨੂੰ ਸ਼ਹੀਦ ਬਾਬਾ ਜੀਵਨ ਸਿੰਘ ਤੇ ਸ੍ਰ ਬੀਰੂ ਸਿੰਘ ਉਰਫ਼ ਬੀਰ ਸਿੰਘ ਬੰਗਸ਼ੀ ਦੇ ਵਾਰਸ ਸਦਾਉਣ ਵਾਲੇ ਕੁਝ ਲੋਕ ਧੜੇਬੰਦੀ ਤੇ ਸੁਆਰਥ ਵੱਸ ਦਲਿਤ-ਵਿਰੋਧੀ ਤੇ ਪੰਥ-ਵਿਰੋਧੀ ਸਾਜਿਸ਼ਾਂ ਦਾ ਸ਼ਿਕਾਰ ਹੋ ਰਹੇ ਹਨ। ਅਜਿਹਾ ਖ਼ਤਰਨਾਕ ਪ੍ਰਚਾਰ ਕਰ ਰਹੇ ਹਨ ਕਿ ਪੰਜਾਬ ਦੇ ਅਜੋਕੇ ਮੁਖ ਮੰਤਰੀ ਕੈਪਟਨ ਅਰਮਿੰਦਰ ਸਿੰਘ ਦੇ ਪੜਦਾਦਾ ਤੇ ਪਟਿਆਲਾ ਰਿਆਸਤ ਦੇ ਬਾਨੀ ਸ੍ਰ. ਆਲਾ ਸਿੰਘ ਅਤੇ ਸ਼ੇਰਿ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਸ੍ਰ ਚੜ੍ਹਤ ਸਿੰਘ ਸ਼ੁਕਰਚਕੀਏ ਨੇ 2 ਸਤੰਬਰ 1764 ਨੂੰ ਸ੍ਰੀ ਅਕਾਲ ਤਖ਼ਤ ਅੰਮ੍ਰਿਤਸਰ ਵਿਖੇ ਧੋਖੇ ਨਾਲ ਜਥੇਦਾਰ ਬੀਰ ਸਿੰਘ ਬੰਗਸ਼ੀ ਸਮੇਤ 500 ਰੰਘਰੇਟੇ ਸਿੱਖਾਂ ਦਾ ਕਤਲ ਕਰ ਦਿੱਤਾ ਗਿਆ ਸੀ, ਜੋ ਕਿ ਬਿਲਕੁਲ ਕੋਰਾ ਤੇ ਕਲਪਤ ਝੂਠ ਹੈ। ਇਹ ਵੀ ਲਿਖਿਆ ਹੈ ਕਿ ਇਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਂ ਦੀ ਦੁਰਵਰਤੋਂ ਕਰਦਿਆਂ ਨਕਲੀ ਚਿੱਠੀ ਲਿਖ ਕੇ ਬੁਲਾਇਆ ਸੀ ਬੀਰ ਸਿੰਘ ਨੂੰ ਸ੍ਰੀ ਅੰਮ੍ਰਿਤਸਰ। ਪ੍ਰਸਿੱਧ ਇਤਿਹਾਸਕਾਰ ਡਾ. ਦਿਲਗੀਰ ਨੇ ਲਿਖਿਆ ਹੈ ਕਿ ਇਹ ਫੁੱਟ-ਪਾਊ ਗੱਪ ਕਿਸੇ ਗੁਰਨਾਮ ਸਿੰਘ ਮੁਕਤਸਰ ਨਾਂ ਦੇ ਲੇਖਕ ਨੇ ‘ਬ੍ਰੀਫ਼ ਹਿਸਟਰੀ ਆਫ਼ ਮਜ਼ਹਬੀ ਸਿਖਜ਼’ (ਮਜ਼ਹਬੀ ਸਿੱਖਾਂ ਦਾ ਇਤਿਹਾਸ) ਨਾਂ ਦੀ ਪੁਸਤਕ ਵਿੱਚ ਲਿਖੀ ਹੈ। ਸੱਚ ਤਾਂ ਇਹ ਹੈ ਕਿ ਉਸ ਨੇ ਪ੍ਰਾਚੀਨ ਪੰਥ ਪ੍ਰਕਾਸ਼ ਦੇ ਜਿਹੜੇ ਅੰਤਲੇ ਦੋ ਪੰਨਿਆ ਦੀ ਲਿਖਤ ਨੂੰ ਅਧਾਰ ਬਣਾਇਆ ਹੈ, ਉਥੇ ਉਪਰੋਕਤ ਕਿਸਮ ਦਾ ਕੋਈ ਵਰਨਣ ਨਹੀਂ ਹੈ। ਨਾ ਸਥਾਨ ਦਾ, ਨਾ ਹੀ ਸ੍ਰ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕਿਸੇ ਆਗੂ ਵੱਲੋਂ ਬਲਾਉਣ ਦਾ ਅਤੇ ਨਾ ਹੀ ਬੀਰ ਸਿੰਘ ਸਮੇਤ ਕਤਲ ਹੋਣ ਵਾਲੇ 500 ਸਿੰਘਾਂ ਦੀ ਗਿਣਤੀ ਦਾ।
ਇਸ ਪੱਖੋਂ ਸਭ ਤੋਂ ਪਹਿਲਾਂ ਤੇ ਸਭ ਤੋਂ ਅਹਿਮ ਸੁਆਲ ਇਹ ਖੜ੍ਹਾ ਹੁੰਦਾ ਹੈ ਕਿ ਫਰਵਰੀ 1762 ਵਿੱਚ ਜਾਂ ਇਉਂ ਕਹੀਏ ਕਿ ਉਪਰੋਕਤ ਘਟਨਾ ਦੇ ਦਿੱਤੇ ਹੋਏ ਨਕਲੀ ਸੰਨ ਤੋਂ ਅਜੇ ਦੋ ਸਾਲ ਪਹਿਲਾਂ 30000 ਤੋਂ ਵੱਧ ਲਗਭਗ ਅੱਧੀ ਸਿੱਖ ਕੌਮ ਦੁਸ਼ਮਣਾਂ ਵੱਲੋਂ ਸ਼ਹੀਦ ਕਰ ਦਿੱਤੀ ਗਈ ਹੋਵੇ, ਉਸ ਵੇਲੇ ਕਿਹੜਾ ਸ੍ਰ. ਚੜ੍ਹਤ ਸਿੰਘ ਵਰਗਾ ਮੁਖੀ ਸਿੱਖ ਆਗੂ ਅਜਿਹਾ ਮੂਰਖਤਾ ਭਰਿਆ ਨਿਰਦਈ ਕਾਰਾ ਕਰ ਸਕਦਾ ਹੈ? ਫਿਰ 500 ਸੂਰਬੀਰ ਵੀ ਉਹ ਜਿਹੜੇ ਸਭ ਤੋਂ ਮੂਹਰੇ ਹੋ ਕੇ ਜੂਝਣ ਵਾਲੇ ਹੋਣ ਅਤੇ ਜਿਨ੍ਹਾਂ ਦੀ ਸੂਰਮਗਤਤੀ ਪੱਖੋਂ ਰਾਜਾ ਆਲਾ ਸਿੰਘ ਸਮੇਤ ਸਾਰਾ ਪੰਥ ਸਤਿਕਾਰ ਕਰਦਾ ਹੋਵੇ। ਫਿਰ ਅਸਥਾਨ ਵੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਰਗਾ, ਜਿਥੇ ਸਾਰੇ ਸਿੱਖ ਜਰਨੈਲ ਇੱਕ ਦੂਜੇ ਨਾਲ ਸਿਰ ਵੱਢਵੇਂ ਵੈਰ ਹੋਣ ਦੇ ਬਾਵਜੂਦ ਵੀ ਇਤਨਾ ਵਿਸ਼ਵਾਸ਼ ਕਰਦੇ ਹੋਣ ਕਿ ਇਥੇ ਕੋਈ ਵੀ ਗੁਰਸਿੱਖ ਭਰਾ ਕਿਸੇ ਦੂਜੇ ਭਰਾ ’ਤੇ ਮਾਰੂ ਵਾਰ ਨਹੀਂ ਕਰਦਾ।
ਉਪਰੋਕਤ ਕਿਸਮ ਦੀਆਂ ਪੰਥ ਵਿਰੋਧੀ ਤੇ ਦਲਿਤ ਵਿਰੋਧੀ ਬਿਪਰਵਾਦੀ ਸਰਕਾਰੀ ਸਾਜ਼ਸ਼ਾਂ ਦਾ ਸ਼ਿਕਾਰ ਹੋਣ ਵਾਲੇ ਰੰਘਰੇਟੇ ਵੀਰਾਂ ਨੂੰ ਗ਼ਰੀਬ ਨਿਵਾਜ਼ ਸਤਿਗੁਰੂ ਸਾਹਿਬਾਨ ਅਤੇ ਖ਼ਾਲਸਾ ਪੰਥ ਵੱਲੋਂ ਮਿਲੇ ਪਿਆਰ, ਸਤਿਕਾਰ ਅਤੇ ਆਪਣੇ ਪ੍ਰਤੀ ਖ਼ਾਲਸਈ ਉਪਕਾਰਾਂ ਨੂੰ ਚੇਤੇ ਕਰਕੇ ਜ਼ਰਾ ਬਿਬੇਕ ਬੁਧੀ ਨਾਲ ਵਿਚਾਰਨ ਦੀ ਲੋੜ ਹੈ ਕਿ ਉਹ ਵੇਲਾ ਸਾਰੇ ਮਿਸਲਦਾਰ ਸਰਦਾਰਾਂ ਦਾ ਆਪਸੀ ਇਲਾਕਿਆਂ ਦੇ ਕਬਜ਼ਿਆਂ ਦੀ ਖਹਿਬਾਜ਼ੀ ਤੇ ਧੜੇਬੰਦਕ ਵੈਰ-ਭਾਵ ਤਿਆਗ ਕੇ ਇਕੱਠੇ ਹੋ ਕੇ ਦੁਸ਼ਮਣਾਂ ਨੂੰ ਮੂੰਹ ਭੰਨਵਾਂ ਜਵਾਬ ਦੇਣ ਦਾ ਸੀ ਜਾਂ ਆਪਣੇ ਸੂਰਬੀਰ ਭਰਾਵਾਂ ਨੂੰ ਧੋਖੇ ਨਾਲ ਮਾਰਨ ਦਾ, ਜਿਨ੍ਹੇ ਦੇ ਹਾਕਮਾਂ ਵੱਲੋਂ ਪਹਿਲਾਂ ਹੀ ਸਿਰਾਂ ਦੇ ਇਨਾਮ ਰੱਖ ਕੇ ਜਾਨਵਰਾਂ ਵਾਂਗ ਸ਼ਿਕਾਰ ਖੇਲਿਆ ਜਾ ਰਿਹਾ ਸੀ। ਦੂਜੀ ਗੱਲ ਵਿਚਾਰਨ ਵਾਲੀ ਇਹ ਹੈ ਕਿ ਹੈ ਐਸੀ ਕੋਈ ਕੌਮ, ਜਿਸ ਦੇ ਆਗੂਆਂ ਵਿੱਚ ਮੁੱਢ ਤੋਂ ਹੀ ਰਾਜਨੀਤਕ ਸੱਤਾ ਦੀ ਲਾਲਸਾ ਅਤੇ ਨਿੱਜੀ ਜਾਂ ਜਾਤੀ ਹਉਮੈ ਵੱਸ ਖਹਿਬਾਜ਼ੀ ਦੀਆਂ ਆਪਸੀ ਲੜਾਈਆਂ ਸਦਾ ਤੋਂ ਨਾ ਚੱਲਦੀਆਂ ਆ ਰਹੀਆਂ ਹੋਣ ? ਇਹ ਝਗੜੇ ਸਾਡੇ ਮੁੱਢਲੇ ਪੰਥਪ੍ਰਸਤ ਬਜ਼ੁਰਗ ਆਗੂਆਂ ਵਿੱਚ ਵੀ ਸਨ ਤੇ ਅਜੋਕਿਆਂ ਵਿੱਚ ਵੀ। ਐਸਾ ਵੀ ਨਹੀਂ ਕਿ ਜੱਟਾਂ ਦੀ ਈਰਖਾ ਕੇਵਲ ਦਲਿਤਾਂ ਤੇ ਭਾਪਿਆਂ ਨਾਲ ਹੀ ਹੋਵੇ ਅਤੇ ਇਨ੍ਹਾਂ ਦੋਵਾਂ ਦੀ ਜੱਟਾਂ ਨਾਲ। ਪੰਜਾਬੀ ਲਕੋਕਤੀ ਮੁਤਾਬਿਕ ਸੱਚ ਤਾਂ ਇਹ ਹੈ ‘ਰਾਜ ਪਿਆਰੇ ਰਾਜਿਆਂ, ਵੀਰ ਦੁਪਰਆਰੇ’। ਜੇ ਹੁਣ ਦੀ ਕਾਂਗਰਸ ਪਾਰਟੀ ਵੱਲ ਝਾਕੀਏ ਤਾਂ ਗਿਆਨੀ ਜ਼ੈਲ ਸਿੰਘ, ਸ੍ਰ. ਦਰਬਾਰਾ ਸਿੰਘ ਤੇ ਸ੍ਰ. ਬੂਟਾ ਸਿੰਘ ਵਰਗੇ ਅਤੇ ਜੇ ਅਕਾਲੀਆਂ ਵੱਲ ਤੱਕੀਏ ਤਾਂ ਬਾਦਲ, ਬਰਨਾਲਾ, ਟੋਹੜਾ ਤੇ ਤਲਵੰਡੀ ਆਦਿਕ ਸਾਰੇ ਹੀ ਇੱਕ ਦੂਜੇ ਦੀਆਂ ਲੱਤਾਂ ਹੀ ਖਿਚਦੇ ਆ ਰਹੇ ਹਨ। ਇਸ ਲਈ ਅਜਿਹੇ ਝਗੜਿਆਂ ਨੂੰ ਮਜ਼ਹਬ ਨਾਲ ਜੋੜ ਕੇ ਵਿਵਾਦ ਨਹੀਂ ਖੜੇ ਕਰਨੇ ਚਾਹੀਦੇ।
ਅਠਾਰਵੀਂ ਸਦੀ ਦੇ ਇਤਿਹਾਸ ਨੂੰ ਨਿਰਪੱਖ ਹੋ ਕੇ ਜੇ ਗਹੁ ਨਾਲ ਵੀਚਾਰੀਏ ਤਾਂ ਸਪਸ਼ਟ ਹੁੰਦਾ ਹੈ ਕਿ ਰੰਗਰੇਟਾ ਬੀਰੂ ਸਿੰਘ ਹਮੇਸ਼ਾ ਯਤਨਸ਼ੀਲ ਰਿਹਾ ਕਿ ਮਜ਼ਹਬੀ ਸਿੱਖਾਂ ਦਾ ਜਥਾ ਵਖਰੀ ਹੋਂਦ ਵਿੱਚ ਕਾਇਮ ਰਹੇ। ਪਰ ਗੁਰਮਤਿ ਦੀ ਗਹਿਰੀ ਸੂਝ ਰੱਖਣ ਵਾਲੇ ਤੇ ਸਰਬ-ਪ੍ਰਵਾਨਤ ਆਗੂ ਨਵਾਬ ਕਪੂਰ ਸਿੰਘ ਤੇ ਸ੍ਰ. ਜੱਸਾ ਸਿੰਘ ਆਹਲੂਵਾਲੀਆ ਇਸ ਹੱਕ ਵਿੱਚ ਨਹੀਂ ਸਨ। ਕਿਉਂਕਿ ਅਜਿਹਾ ਕਰਨ ਨਾਲ ਸਿੱਖੀ ਵਿੱਚ ਬਿਰਾਦਰੀਵਾਦ ਮੁੜ ਉਭਰੇਗਾ। ਇਹ
 “ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ॥” {ਗੁ.ਗ੍ਰੰ.-ਪੰ.1127}
 ਵਰਗੇ ਤਾੜਣਾ ਭਰੇ ਗੁਰਵਾਕਾਂ ਦੀ ਉਲੰਘਣਾ ਅਤੇ ਇੱਕ ਬਾਟੇ ਵਿੱਚ ਅੰਮ੍ਰਿਤ ਛਕਾਉਣ ਦੇ ਮਨੋਰਥ ਤੋਂ ਉੱਲਟ ਹੈ। ਇਸ ਕ੍ਰਿਆ ਦਾ ਇੱਕੋ-ਇੱਕ ਸੰਦੇਸ਼ ਸੀ ਕਿ ਅੱਜ ਤੋਂ ਸਿੱਖ ਆਪਸ ਵਿੱਚ ਊਚ-ਨੀਚ ਤੇ ਜਾਤ-ਪਾਤ ਦੇ ਭਿੰਨ-ਭੇਦ ਮਿਟਾ ਕੇ ਮਾਂ ਜਾਏ ਭਰਾਵਾਂ ਵਾਗ ਮਿਲ ਕੇ ਰਹਿਣਗੇ। ਮਿਸਲਾਂ ਕਾਇਮ ਹੋਣ ਵੇਲੇ ਵਧੇਰੇ ਰੰਘਰੇਟੇ ਸਿੰਘ ਨਿਸ਼ਾਨਵਾਲੀਆ ਮਿਸਲ ਵਿੱਚ ਸਮਿਲਤ ਹੋ ਗਏ, ਪ੍ਰੰਤੂ ਸ੍ਰ. ਬੀਰੂ ਸਿੰਘ ਰੰਘਰੇਟੇ ਨੇ ਆਪਣਾ ਨਿਸ਼ਾਨ ਤੇ ਨਗਾਰਾ ਵੱਖਰਾ ਰੱਖਿਆ। ਅਜਿਹਾ ਵਿਚਾਰਧਾਰਕ ਤੇ ਜਥੇਬੰਦਕ ਵਖਰੇਵਾਂ ਹੋਣ ਦੇ ਬਾਵਜੂਦ ਇੱਕ ਵੀ ਅਜਿਹੀ ਉਦਾਹਰਣ ਨਹੀਂ ਮਿਲਦੀ, ਜਦੋਂ ਬਾਕੀ ਦੇ ਮਿਸਲਦਾਰ ਸਰਦਾਰਾਂ ਨੇ ਇਨ੍ਹਾਂ ਦਾ ਸਤਿਕਾਰ ਨਾ ਕੀਤਾ ਹੋਵੇ ਅਤੇ ਸਿੱਖੀ ਤੇ ਕੌਮੀ ਅਜ਼ਾਦੀ ਦੇ ਸਾਂਝੇ ਦੁਸ਼ਮਣਾਂ ਖ਼ਿਲਾਫ਼ ਇੱਕ ਦੂਜੇ ਨਾਲ ਮਿਲ ਕੇ ਮੂਹਰੇ ਹੋ ਕੇ ਨਾ ਲੜੇ ਹੋਣ।
ਹਾਂ ਫਿਰ ਵੀ ਜੇ ਕਿਸੇ ਵੇਲੇ ਸਿੰਘਾਂ ਦੀ ਭਾਸ਼ਾ ਵਿੱਚ ਮਾਰਾ-ਬਿਕਾਰਾ ਹੋ ਗਿਆ ਹੋਵੇ ਤਾਂ ਉਸ ਘਟਨਾ ਨੂੰ ਓਵੇਂ ਹੀ ਲੈਣ ਦੀ ਲੋੜ ਹੈ, ਜਿਵੇਂ ਦੋ ਸਕੇ ਭਰਾ ਕਿਸੇ ਪ੍ਰਕਾਰ ਦੀ ਹਉਮੈ ਵੱਸ ਆਪਸ ਵਿੱਚ ਖਹਿ ਪਏ ਹੋਣ ਜਾਂ ਸੰਪਤੀ ਤੇ ਰਾਜ-ਸੱਤਾ ਲਈ ਝਗੜੇ ਹੋਣ। ਐਸੀਆਂ ਲੜਾਈਆਂ ਬਾਬਾ ਬੰਦਾ ਸਿੰਘ ਦੇ ਰਾਜ ਵੇਲੇ ਵੀ ਹੋਈਆਂ, ਮਿਸਲਾਂ ਵੇਲੇ ਵੀ ਹੋਈਆਂ ਅਤੇ ਹੋਏ ਮਹਾਰਾਜਾ ਰਣਜੀਤ ਸਿੰਘ ਦਾ ਰਾਜ-ਭਾਗ ਦਾ ਸੂਰਜ ਵੀ ਇਨ੍ਹਾਂ ਲੜਾਈਆਂ ਕਰਣ ਹੀ ਛਿਪਿਆ। ਐਸਾ ਵੀ ਨਹੀਂ ਕੇਵਲ ਜੱਟਾਂ ਦੀਆਂ ਰੰਘਰੇਟਿਆਂ ਜਾਂ ਰਾਮਗੜੀਆਂ ਨਾਲ ਹੀ ਹੋਈਆਂ, ਸਗੋਂ ਵਧੇਰੇ ਕਰਕੇ ਜੱਟਾਂ ਦੀਆਂ ਜੱਟਾਂ ਨਾਲ ਹੀ ਹੋਈਆਂ। ਇਸ ਲਈ ਦੱਬੇ ਹੋਏ ਮੁਰਦੇ ਪੁੱਟਦਿਆਂ ‘ਰਾਈ ਦਾ ਪਹਾੜ ਬਣਾ ਕੇ ਕਿਸੇ ਐਸੇ ਛੋਟੇ-ਮੋਟੇ ਝਗੜੇ ਨੂੰ ‘ਰੰਘਰੇਟਾ ਕਤਲਿਆਮ’ ਦੱਸਣਾ ਤੇ ਪੰਥ ਵਿੱਚ ਦੁਫੇੜ ਪੈਦਾ ਕਰਨੀ ਕਿਥੋਂ ਦੀ ਸਿਆਣਪ ਹੈ ? ਇਹ ਪੰਥ-ਦਰਦੀ ਗੁਰਸਿੱਖਾਂ ਦਾ ਵਰਤਾਰਾ ਨਹੀਂ। ਹੋ ਸਕਦਾ ਹੈ ਕਿ ਕਿਸੇ ਪੰਥ-ਵਿਰੋਧੀ ਸਾਜਸ਼ੀ ਨੇ ਇਤਿਹਾਸ ਵਿੱਚ ਐਸਾ ਕੋਈ ਫੁੱਟ-ਪਾਊ ਬੀਜ ਬੀਜਿਆ ਹੋਵੇ। ਭਾਈ ਵੀਰ ਸਿੰਘ ਜੀ ਨੇ ‘ਪ੍ਰਾਚੀਨ ਪੰਥ ਪ੍ਰਕਾਸ਼’ ਦੀ ਭੂਮਿਕਾ ਵਿੱਚ ਮੰਨਿਆ ਹੈ ਕਿ ਇਹ ਪੋਥੀ ਵੀ ਰਲੇ ਤੋਂ ਬਚ ਨਹੀਂ ਸਕੀ।
ਮੁਕਦੀ ਗੱਲ! ਹੁਣ ਜਦੋਂ ਭਾਜਪਾ ਦੀ ਹਿੰਦੂਤਵੀ ਕੇਂਦਰੀ ਹਕੂਮਤ ਹਿੰਦੂ-ਰਾਸ਼ਟਰ ਦੇ ਏਜੰਡੇ ਤਹਿਤ ਭਾਰਤ ਨੂੰ ਹਿੰਦੋਸਤਾਨ ਵਿੱਚ ਬਦਲਣ ਲਈ ਪੱਬਾਂ ਭਾਰ ਹੋਈ ਪਈ ਹੈ ਅਤੇ ਭਾਰਤੀ ਘਟ-ਗਿਣਤੀਆਂ ਨੂੰ ਆਪਸ ਵਿੱਚ ਉਲਝਾਉਂਦਿਆਂ ਕਮਜ਼ੋਰ ਕਰਕੇ ਆਪਣਾ ਮਨੋਰਥ ਪੂਰਾ ਕਰਨਾ ਚਹੁੰਦੀ ਹੈ। ਤਾਂ ਲੋੜ ਤਾਂ ਸੀ ਕਿ ਅਸੀਂ ਸਾਰੇ ਇੱਕ-ਮੁੱਠ ਹੋ ਕੇ ਉਸ ਔਰੰਗਜ਼ੇਬੀ ਸੰਕੀਰਨ ਸੋਚ ਦਾ ਮੁਕਾਬਲਾ ਕਰੀਏ। ਖ਼ਾਲਸਾ ਪੰਥ ਇਸ ਦੀ ਅਗਵਾਈ ਕਰੇ। ਪਰ, ਜਦੋਂ ਤੋਂ ਘਟ ਗਿਣਤੀਆਂ ਦੇ ਆਗੂ ਇਕੱਠੇ ਹੋਣ ਲਈ ਯਤਨਸ਼ੀਲ ਹੋਏ ਹਨ, ਉਦੋਂ ਤੋਂ ਸਰਕਾਰੀ ਏਜੰਸੀਆਂ ਵੀ ਉਨਾਂ ਨੂੰ ਰੋਕਣ ਲਈ ਸਰਗਰਮ ਹੋ ਗਈਆਂ ਹਨ। 2 ਸਤੰਬਰ ਨੂੰ ਚਾਟੀਵਿੰਡ ਸ੍ਰੀ ਅੰਮ੍ਰਿਤਸਰ ਵਿੱਚ ਹੋਇਆ ਇਕੱਠ ਵੀ ਉਨ੍ਹਾਂ ਸਰਕਾਰੀ ਸਾਜਸ਼ਾਂ ਦੀ ਇੱਕ ਖ਼ਤਰਨਾਕ ਕੜੀ ਹੈ। ਇਸ ਪ੍ਰਤੀ ਖ਼ਾਲਸਾ ਪੰਥ ਸਮੇਤ ਸਾਰੇ ਮਾਨਵ-ਦਰਦੀ ਤੇ ਸਰਬੱਤ ਦੇ ਭਲੇ ਦੀ ਸੋਚ ਵਾਲੇ ਸੱਜਣਾਂ ਨੂੰ ਸੁਚੇਤ ਹੋਣ ਦੀ ਲੋੜ ਹੈ, ਤਾਂ ਕਿ ਉਰੋਕਤ ਕਿਸਮ ਦੇ ਸਾਜਸ਼ੀ ਲੋਕ ਆਪਣੇ ਭੈੜੇ ਮਨਸੂਬਿਆਂ ਵਿੱਚ ਕਾਮਯਾਬ ਨਾ ਹੋ ਸਕਣ।
ਭੁੱਲ-ਚੁੱਕ ਮੁਆਫ਼।
ਗੁਰੂ ਤੇ ਪੰਥ ਦਾ ਦਾਸ :
 ਜਗਤਾਰ ਸਿੰਘ ਜਾਚਕ, ਨਿਊਯਾਰਕ
ਮੁਬਾਈਲ: 1-516 323 9188
 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.