ਕੈਟੇਗਰੀ

ਤੁਹਾਡੀ ਰਾਇ



ਜਗਤਾਰ ਸਿੰਘ ਜਾਚਕ
ਬਾਬਾ ਬੀਰ ਸਿੰਘ ਸ਼ਹੀਦੀ ਦਿਹਾੜੇ ਦੇ ਨਾਂ ਹੇਠ ਰੰਘਰੇਟੇ ਸਿੱਖਾਂ ਨੂੰ ਖ਼ਾਲਸਾ ਪੰਥ ਨਾਲੋਂ ਤੋੜਣ ਦੀ ਖ਼ਤਰਨਾਕ ਸਾਜਿਸ਼
ਬਾਬਾ ਬੀਰ ਸਿੰਘ ਸ਼ਹੀਦੀ ਦਿਹਾੜੇ ਦੇ ਨਾਂ ਹੇਠ ਰੰਘਰੇਟੇ ਸਿੱਖਾਂ ਨੂੰ ਖ਼ਾਲਸਾ ਪੰਥ ਨਾਲੋਂ ਤੋੜਣ ਦੀ ਖ਼ਤਰਨਾਕ ਸਾਜਿਸ਼
Page Visitors: 2698

ਬਾਬਾ ਬੀਰ ਸਿੰਘ ਸ਼ਹੀਦੀ ਦਿਹਾੜੇ ਦੇ ਨਾਂ ਹੇਠ ਰੰਘਰੇਟੇ ਸਿੱਖਾਂ ਨੂੰ ਖ਼ਾਲਸਾ ਪੰਥ ਨਾਲੋਂ ਤੋੜਣ ਦੀ ਖ਼ਤਰਨਾਕ ਸਾਜਿਸ਼
ਗਿਆਨੀ ਜਗਤਾਰ ਸਿੰਘ ਜਾਚਕ
  ਨਿਊਯਾਰਕ, 24 ਅਗਸਤ 2018: ਖ਼ਾਲਸੇ ਦੇ ਸੁਆਮੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ‘ਰੰਘਰੇਟੇ ਗੁਰੂ ਕੇ ਬੇਟੇ’ ਕਹਿ ਕੇ ਸਨਮਾਨੇ ਅਤੇ ਖ਼ਾਲਸਾ ਪੰਥ ਦੀਆਂ ਮੋਹਰੀਆਂ ਸਫਾਂ ਵਿੱਚ ਜੂਝ ਕੇ ਵੱਡੀਆਂ ਮੁਹਿੰਮਾ ਸਰ ਕਰਨ ਵਾਲੇ ਰੰਘਰੇਟੇ ਵੀਰਾਂ ਦੇ ਨਾਮ ਹੇਠਾਂ 2 ਸਤੰਬਰ 2018 ਨੂੰ ਚਾਟੀਵਿੰਡ ਲੇਹਲ, ਡੱਡੂਆਣਾ (ਸ੍ਰੀ ਅੰਮ੍ਰਿਤਸਰ) ਵਿਖੇ ਬਾਬਾ ਬੀਰ ਸਿੰਘ ਰੰਘਰੇਟਾ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ । ਪਿਛਲੇ ਸਾਲ ਇਸ ਸਮਾਗਮ ਨੂੰ ‘ਰੰਘਰੇਟਾ ਕਤਲਿਆਮ ਦਿਵਸ’ ਦਾ ਭਿਆਨਕ ਨਾਂ ਦਿੱਤਾ ਗਿਆ ਸੀ ।
  ਇਸ ਝੂਠੇ ਪ੍ਰਾਪੇਗੰਡੇ ਦਾ ਮੁਖ ਮਨੋਰਥ ਹੈ ਸਾਡੇ ਰੰਘਰੇਟੇ ਭਰਾਵਾਂ ਨੂੰ ਖ਼ਾਲਸਾ ਪੰਥ ਨਾਲੋਂ ਤੋੜਣਾ ਤੇ ਉਨ੍ਹਾਂ ਅੰਦਰ ਦੁਸ਼ਮਣੀ ਭਾਵ ਪੈਦਾ ਕਰਕੇ ਪੰਥ ਦੇ ਟਾਕਰੇ ’ਤੇ ਖੜਾ ਕਰਕੇ ਲੜਾਉਣਾ । ਇਹ ਇੱਕ ਅਤਿਅੰਤ ਖ਼ਤਰਨਾਕ ਸਰਕਾਰੀ ਸਾਜਿਸ਼ ਹੈ, ਜਿਸ ਦਾ ਸਿੱਟਾ ਸੀ ਪਿਛਲੇ ਦਿਨੀ ਦਸ਼ਮੇਸ਼ ਤਰਨਾ ਦਲ ਤੇ ਸਤਿਕਾਰ ਕਮੇਟੀ ਦੇ ਸਿੰਘਾਂ 'ਚ ਹੋਈ ਲੜਾਈ । ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ ਸਮੂਹ ਸਿੱਖ ਜਥੇਬੰਦੀਆਂ ਨੂੰ ਇਸ ਪੱਖੋਂ ਸੁਚੇਤ ਹੋਣ ਤੇ ਯਤਨ ਕਰਨ ਦੀ ਲੋੜ ਹੈ, ਤਾਂ ਕਿ ਦਲਿਤ ਵਿਰੋਧੀ ਤੇ ਪੰਥ ਵਿਰੋਧੀ ਸਤਾਧਾਰੀ ਤਾਕਤਾਂ ਆਪਣੇ ਖੋਟੇ ਮਨਸੂਬਿਆਂ ਵਿੱਚ ਸਫਲ ਨਾ ਹੋ ਸਕਣ । ਇਹ ਲਫ਼ਜ਼ ਹਨ ਅੰਤਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਦੇ, ਜੋ ਉਨ੍ਹਾਂ ਨਿਊਯਾਰਕ ਤੋਂ ਭੇਜੇ ਪ੍ਰੈਸਨੋਟ ਰਾਹੀਂ ਕਹੇ ।
    ਉਨ੍ਹਾਂ ਕਿਹਾ ਕਿ ਮੈਂ ਆਪਣੀ ਜ਼ਿੰਦਗੀ ਦੇ 64 ਸਾਲਾਂ ਵਿੱਚ ਹੁਣ ਤੱਕ ਕਿਸੇ ਵੀ ਪੁਸਤਕ ਵਿੱਚ ਪੰਥਕ ਇਤਿਹਾਸ ਨੂੰ ਕਲੰਕਤ ਕਰਨ ਵਾਲਾ ਉਹ ਝੂਠਾ ਪੱਖ ਨਹੀਂ ਪੜ੍ਹਿਆ, ਜਿਹੜਾ ‘ਫੋਰਸਵੰਨ’ ਨਾਂ ਦੀ ਰੰਘਰੇਟਾ ਸਿੱਖ ਜਥੇਬੰਦੀ ਵੱਲੋਂ ਪ੍ਰਚਾਰਿਆ ਜਾ ਰਿਹਾ ਹੈ । ਬਾਬਾ ਬੀਰ ਸਿੰਘ ਦੇ ਸ਼ਹੀਦੀ ਦਿਹਾੜੇ ਦੇ ਗੁੰਮਰਾਹਕੁੰਨ ਪਰਦੇ ਹੇਠ ਲਿਖਿਆ ਹੈ ਕਿ “ 2 ਸਤੰਬਰ 1764 ਨੂੰ ਤੇਰਵੀਂ ਮਿਸਲ ਦੇ ਮੁਖੀ ਰੰਘਰੇਟੇ ਬਾਬਾ ਬੀਰ ਸਿੰਘ ਬੰਗਸ਼ੀ ਜੀ ਨੂੰ 500 ਘੋੜ ਸਵਾਰ ਮਜ਼ਹਬੀ ਸਿੰਘਾਂ ਸਮੇਤ ਸਿੱਖ ਧਰਮੀ ਭਰਾਵਾਂ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਪੰਜ ਪੰਜ ਸਿੰਘਾਂ ਦੇ ਰੂਪ ਵਿੱਚ ਧੋਖੇ ਨਾਲ ਬੁਲਾ ਕੇ ਕਤਲ ਕਰ ਦਿੱਤਾ ਸੀ ।” ਅਜਿਹੀ ਫੁੱਟ ਪਾਊ ਤੇ ਨਾ ਮੰਨਣਯੋਗ ਝੂਠੀ ਘਟਨਾ ਉਸ ਭਿਆਨਕ ਸਮੇਂ ਨਾਲ ਜੋੜੀ ਜਾ ਰਹੀ ਹੈ, ਜਦੋਂ ਫਰਵਰੀ 1762 ਵਿੱਚ ਅਬਦਾਲੀ ਦੀ ਕਮਾਂਡ ਹੇਠ ਵਾਪਰੇ ਵੱਡੇ ਘਲੂਘਾਰੇ ਅਤੇ ਅਪ੍ਰੈਲ 1762 ਨੂੰ ਸ੍ਰੀ ਦਰਬਾਰ ’ਤੇ ਹੋਏ ਹਮਲੇ ਤੋਂ ਬਚੇ ਖੁਚੇ ਪੰਥਕ ਆਗੂ ਆਪਣੇ ਛੋਟੇ-ਮੋਟੇ ਧੜੇਬੰਦਕ ਮਤਭੇਦ ਭੁਲਾ ਕੇ ਮੁੜ ਗਲਵਕੜੀਆਂ ਪਾ ਰਹੇ ਹਨ, ਤਾਂ ਕਿ ਲਾਲ ਕਿਲੇ ’ਤੇ ਖ਼ਾਲਸਈ ਨਿਸ਼ਾਨ ਝੁਲਾਇਆ ਜਾ ਸਕੇ ।
    ਜਾਚਕ ਜੀ ਨੇ ਪੁਖਤਾ ਜਾਣਕਾਰੀ ਦਿੱਤੀ ਹੈ ਕਿ ਉਪਰੋਕਤ ਝੂਠਾ ਪ੍ਰਾਪੇਗੰਡਾ ਕਰਨ ਵਾਲੀ ‘ਫੋਰਸ ਵੰਨ’ਜਥੇਬੰਦੀ ਦੇ ਸੰਸਥਾਪਕ ਹਨ ਸਾਬਕਾ ਆਈ.ਏ.ਐਸ. ਅਫ਼ਸਰ ਡਾ. ਸਵਰਨ ਸਿੰਘ, ਜੋ ਕਾਂਗਰਸ ਦੇ ਸਾਬਕਾ ਕੇਂਦਰੀ ਮੰਤ੍ਰੀ ਰਹੇ ਸ੍ਰ. ਬੂਟਾ ਸਿੰਘ ਦੇ ਨਿਕਟਵਰਤੀ ਸਬੰਧੀ ਹਨ । ਆਪਣਾ ਰਾਜਨੀਤਕ ਪ੍ਰਭਾਵ ਬਨਾਉਣ ਲਈ ਇਸ ਨੇ ‘ਆਪਣਾ ਸਮਾਜ ਪਾਰਟੀ’ ਵੀ ਭਾਰਤੀ ਚੋਣ ਕਮਿਸ਼ਨ ਕੋਲ ਰਜਿਸਟਰ ਕਰਵਾਈ ਹੋਈ ਹੈ । ਦੁਖਦਾਈ ਖ਼ਬਰ ਇਹ ਹੈ ਕਿ ਇਸ ਸਰਕਾਰੀ ਟੋਲੇ ਨੇ ਦਸ਼ਮੇਸ਼ ਤਰਨਾ ਦਲ ਦੇ ਮੁਖੀ ਸਤਿਕਾਰਯੋਗ ਬਾਬਾ ਮੇਜਰ ਸਿੰਘ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਹੈ । ਬਾਦਲ ਦਲ ਵੱਲੋਂ ਦਲਿਤ ਭਾਈਚਾਰੇ ਦੇ ਮੁਖੀਆਂ ਵਜੋਂ ਪੰਜਾਬ ਤੇ ਕੇਂਦਰ ਵਿੱਚ ਮੰਤਰੀ ਰਹਿ ਚੁੱਕੇ ਦੋ ਸਿੱਖ ਆਗੂਆਂ ਦਾ ਵੀ ਇਸ ਟੋਲੇ ਨੂੰ ਥਾਪੜਾ ਮਿਲ ਚੁੱਕਾ ਹੈ । ਇਸ ਲਈ ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਚਾਹੀਦਾ ਹੈ ਕਿ ਸਿੱਖ ਇਤਿਹਾਸਕਾਰਾਂ ਨੂੰ ਬੁਲਾ ਕੇ ਇਸ ਵਿਸ਼ੇ ’ਤੇ ਜਲਦੀ ਸੈਮੀਨਾਰ ਕਰਵਾਏ ਜਾਣ । ਆਪਣੇ ਰਸੂਖ ਵਰਤੇ ਕੇ ਉਪਰੋਕਤ ਟੋਲੇ ਦੇ ਆਗੂਆਂ ਨਾਲ ਗਲਬਾਤ ਕੀਤੀ ਜਾਵੇ । ਜੇ ਨਹੀਂ ਮੰਨਦੇ ਤਾਂ ਅਜਿਹੇ ਗੁੰਮਰਾਹਕੁਨ ਪ੍ਰਚਾਰ ਪ੍ਰਤੀ ਅਦਾਲਤੀ ਕਾਰਵਾਈ ਕੀਤੀ ਜਾਏ । ਆਸ ਹੈ ਕਿ ਪੰਥ-ਦਰਦੀ ਰੰਘਰੇਟੇ ਸਿੰਘ ਤੇ ਹੋਰ ਸੂਝਵਾਨ ਪੰਥਕ ਆਗੂ ਉਪਰੋਕਤ ਜਥੇਬੰਦੀ ਨੂੰ ਆਪਣੇ ਘਨਾਉਣੇ ਮਨਸੂਬਿਆਂ ਵਿਚ ਸਫਲ ਨਹੀਂ ਹੋਣ ਦੇਣਗੇ ਤੇ ਉਪਰੋਕਤ ਸਮਾਗਮ ਰੁਕਵਾਉਣ ਦਾ ਯਤਨ ਕਰਨਗੇ, ਤਾਂ ਕਿ ਮਾਣਯੋਗ ਰੰਘਰੇਟੇ ਵੀਰਾਂ ਨੂੰ ਨੀਵਾ ਦਿਖਾ ਕੇ ਪੰਥ ਤੋਂ ਨਿਖੇੜਣ ਤੇ ਸਿੱਖੀ ਨੂੰ ਬਦਨਾਮ ਕਰਨ ਦੀ ਸਰਕਾਰੀ ਸਾਜਿਸ਼ ਕਾਮਯਾਬ ਨਾ ਹੋ ਸਕੇ ।
    ਨੋਟ : ਇਸ ਪ੍ਰੋਗਰਾਮ ਸਬੰਧੀ ਵੇਰਵੇ ਸਹਿਤ ਹੋਰ ਜਾਣਕਾਰੀ ਲਈ ਕਿ ਕਿਹੜੇ ਕਿਹੜੇ ਲੀਡਰ ਆਦਿਕ ਉਥੇ ਪਹੁੰਚ ਰਹੇ ਹਨ, ਦਸ਼ਮੇਸ਼ ਤਰਨਾ ਦਲ ਅਤੇ ਫੋਰਸ ਵੰਨ ਦੇ ਹੇਠ ਲਿਖੇ ਮੁਬਾਈਲ ਨੰਬਰਾਂ ਤੋਂ ਜਾਣਕਾਰੀ ਪ੍ਰਾਪਤ ਕੀਤੀ ਕਾ ਸਕਦੀ ਹੈ :
    - ਤਰਨਾ ਦਲ ਦੇ ਬਲਵਿੰਦਰ ਸਿੰਘ ਗੋਲਡੀ 96533-57104, 78144-11113
    - ਫੋਰਸ ਵੰਨ ਤੇ ਆਪਣਾ ਸਮਾਜ ਪਾਰਟੀ : 75890-00918, 91693-72000
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.