ਗੁਰੂ ਨਾਨਕ ਸਾਹਿਬ ਦੀ ਓਅੰਕਾਰੇਸ਼੍ਵਰ ਗੋਸ਼ਟੀ ਤੇ ਪ੍ਰਚਾਰ ਜੁਗਤਿ
(ਜਗਤਾਰ ਸਿੰਘ ਜਾਚਕ ਸਾਬਕਾ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ)
(ਭਾਗ ਪਹਲਾ)
ਸ਼੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਆਗਮਨ ਸਮੇਂ ਤਕ ਦੇਵ-ਪੂਜਾ ਦਾ ਪ੍ਰਭਾਵ ਇਤਨਾ ਵਧ ਗਿਆ ਸੀ ਕਿ ਸ਼ਿਵ-ਲਿੰਗ ਦੀ ਮੂਰਤੀ ਵੀ 'ਓਅੰਕਾਰ' ਮਿਥ ਕੇ ਪੂਜੀ ਜਾਣ ਲਗੀ । ਗੁਰਬਾਣੀ ਤੇ ਗੁਰਇਤਹਾਸ ਨਾਲ ਸਬੰਧਤ ਅਗੇ ਲਿਖਿਆ ਜਾਣ ਵਾਲਾ ਪ੍ਰਸੰਗ ਇਸ ਹਕੀਕਤ ਦਾ ਅਕੱਟ ਪ੍ਰਮਾਣ ਹੈ। ਭਾਰਤ ਦੇ ਦੱਖਣ ਵਿਚ, ਇੰਦੌਰ ਤੋਂ ਲਗਭਗ ੭੦ ਕੁ ਮੀਲ ਦੀ ਦੂਰੀ ਤੇ ਨਰਬਦਾ ਨਦੀ ਦੇ ਕਿਨਾਰੇ 'ਓਅੰਕਾਰੇਸ਼੍ਵਰ' ਨਾਮੀ ਇਕ ਬਹੁ ਪ੍ਰਾਚੀਨ ਤੇ ਪ੍ਰਸਿਧ ਹਿੰਦੂ ਮੰਦਰ ਹੈ । ਇਕ ਪਥਰੀਲੇ ਪਹਾੜ ਨੂੰ ਖੋਦ ਕੇ ਬਣਾਇਆ ਗਿਆ ਇਹ ਮੰਦਰ, ਭਾਰਤੀ ਸ਼ਿਲਪ-ਕਲਾ ਦਾ ਇਕ ਅਤਿ ਸੁੰਦਰ ਨਮੂਨਾ ਹੈ। ਇਸ ਦੇ ਨਾਲ ਹੀ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਇਥੇ ਪਹੁੰਚਣ ਅਤੇ ਮੰਦਰ ਦੇ ਪੰਡਿਆਂ ਨਾਲ ਗੋਸ਼ਿਟ ਕਰਨ ਦੀ ਯਾਦ ਵਿਚ ਗੁਰਦੁਆਰਾ ਵੀ ਸਥਾਪਿਤ ਹੈ। ਉਸ ਸਮੇਂ 'ਓਅੰਕਾਰ' ਸ਼ਬਦ ਦੀ ਹੋ ਰਹੀ ਗਲਤ ਵਰਤੋਂ ਨੂੰ ਪ੍ਰਗਟਾਉਣ ਅਤੇ 'ਓਅੰਕਾਰ' ਬਾਰੇ ਗੁਰੂ-ਨਾਨਕ ਦ੍ਰਿਸ਼ਟੀਕੋਨ ਨੂੰ ਦਰਸਾਉਣ ਹਿਤ, ਇਸ ਵਿਚਾਰ ਗੋਸ਼ਟੀ ਦਾ ਕੁਝ ਭਾਗ ਪਾਠਕਾਂ ਨਾਲ ਸਾਂਝਾ ਕਰਨਾ ਅਤਿਅੰਤ ਜ਼ਰੂਰੀ ਹੈ ।
ਕਥਾ ਹੈ ਕਿ ਗੁਰਦੇਵ ਜੀ ਮਹਾਰਾਜ, ਜਦ ਸੰਗਲਾਦੀਪ ਤੋਂ ਵਾਪਸ ਪਰਤਦੇ, ਸੋਮਨਾਥ ਤੇ ਦੁਆਰਕਾ ਪੁਰੀ ਹੁੰਦੇ ਹੋਏ ਸੰਨ ੧੫੧੪ ਵਿਚ ਇਥੇ ਪਹੁੰਚੇ ਤਾਂ ਉਹਨਾਂ ਦੇਖਿਆ ਕਿ ਲੋਕ ਮੰਦਰ ਵਿਚ ਸਥਾਪਿਤ ਸ਼ਿਵਲਿੰਗ ਦੀ ਮੂਰਤੀ ਨੂੰ ਹੀ 'ਓਅੰਕਾਰ' ਮਿਥ ਕੇ ਪੂਜਾ ਕਰ ਰਹੇ ਹਨ। ਮੰਦਰ ਦੀ ਪਾਠਸ਼ਾਲਾ ਦੇ ਵਿਦਿਆਰਥੀ, ਭਾਵੇਂ, ਪਟੀਆਂ ਉਪਰ 'ਓਅੰ-ਨਮਹ' ਲਿਖਦੇ ਲਿਖਾਂਦੇ ਹਨ, ਪਰ ਉਹ ਭੀ ਸ਼ਿਵ ਮੂਰਤੀ ਨੂੰ ਹੀ 'ਓਅੰ' (ਪਰਮਾਤਮਾਂ) ਸਮਝ ਰਹੇ ਹਨ । ਜਦ ਕਿ 'ਓਅੰ ਨਮਹ' ਦਾ ਅਰਥ ਹੈ: ਓਅੰ ਨੂੰ ਨਮਸ਼ਕਾਰ; ਪਰਮਾਤਮਾਂ ਨੂੰ ਨਮਸ਼ਕਾਰ। ਕਿਉਂਕਿ, ਸੰਸਕ੍ਰਿਤ ਦੇ ਧਾਤੂ 'ਅਵ' ਦੇ ਅੰਤ ਵਿਚ 'ਮਨ' ਪ੍ਰਤਯ ਆਵਣ ਨਾਲ ਸ਼ਬਦ 'ਓਅੰ' ਹੋਂਦ ਵਿਚ ਆਇਆ ਹੈ । ਧਾਤੂ 'ਅਵ' ਦਾ ਅਰਥ ਹੈ 'ਰਖਿਆ ਕਰਨਾ', ਬਚਾਉਣਾ, ਤ੍ਰਿਪਤ ਹੋਣਾ ਅਤੇ ਫੈਲਣਾ ਆਦਿ । ਇਸ ਪ੍ਰਕਾਰ 'ਓਅੰ' ਪਦ ਸਭ ਦੀ ਰਖਿਆ ਕਰਨ ਵਾਲੇ ਕਰਤਾਰ ਦਾ ਬੋਧਕ ਬਣਦਾ ਹੈ।
ਸਤਿਗੁਰੂ ਜੀ ਨੇ ਇਸ ਅਸਥਾਨ ਉੱਤੇ ਪੰਡੇ ਪੁਜਾਰੀਆਂ ਵਲੋਂ 'ਓਅੰਕਾਰ' ਪਦ ਦੀ ਗਲਤ ਵਿਆਖਿਆ ਕਰਕੇ ਪਾਏ ਜਾ ਰਹੇ ਭੁਲੇਖੇ ਨੂੰ ਦੂਰ ਕਰਨ ਅਤੇ ਵਿਦਿਆ ਪ੍ਰਾਪਤੀ ਦਾ ਮਨੋਰਥ ਸਮਝਾਉਣ ਲਈ ਉਪਦੇਸ਼ ਦਿੰਦਿਆਂ 'ਓਅੰਕਾਰੁ' ਦੇ ਸਿਰਲੇਖ ਹੇਠ ਇਕ ਵਿਸ਼ੇਸ਼ ਬਾਣੀ ਭੀ ਉਚਾਰਨ ਕੀਤੀ । ਸਾਡੇ ਚੰਗੇ ਭਾਗਾਂ ਨੂੰ ਇਹ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿਖੇ ਰਾਮਕਲੀ ਰਾਗ ਵਿਚ ਅੰਕਤ ਹੈ । ਇਸ ਇਲਾਹੀ ਰਚਨਾ ਦੇ ਕੁਲ ਚੁਰੰਜਾ (੫੪) ਪਦੇ ਹਨ, ਜਿਨ੍ਹਾਂ ਨੂੰ ਧਿਆਨ ਪੂਰਵਕ ਵਿਚਾਰਿਆਂ ਨਿਸ਼ਚੇ ਹੁੰਦਾ ਹੈ ਕਿ ਹਜ਼ੂਰ ਨੇ ਪਹਿਲਾਂ ਧੀਰਜ ਸਹਿਤ ਪੰਡਿਆਂ ਦੀ ਗਲਬਾਤ ਸੁਣੀ ਅਤੇ ਫਿਰ ਆਪਣੀ ਨੀਯਤ ਪ੍ਰਚਾਰ-ਜੁਗਤਿ ਅਨੁਸਾਰ ਉਹਨਾਂ ਦੇ ਹੀ ਵਿਸ਼ਵਾਸ਼ ਨੂੰ ਅਧਾਰ ਬਣਾ ਕੇ ਨਿਰੰਕਾਰ ਨੂੰ ਵਡਿਆਉਣ ਦੀ ਸੁਚੱਜੀ ਜੁਗਤਿ ਨੂੰ ਅਪਨਾਇਆ ਹੈ।
ਕਹਿੰਦੇ ਹਨ ਕਿ ਜਦ ਗੋਸ਼ਟ ਸ਼ੁਰੂ ਹੋਈ ਤਾਂ ਝੂਠ ਰੂਪ ਮੁਲੰਮੇ ਨੂੰ ਭੀ ਸੋਨੇ ਦੇ ਅਸਲੀ ਗਹਿਣਿਆਂ ਵਾਂਗ ਚਮਕਾਅ ਕੇ ਪੇਸ਼ ਕਰਨ ਦੀ ਕਲਾ ਵਿਚ ਪ੍ਰਬੀਨ ਪੰਡਿਆਂ ਨੂੰ ਗੁਰਦੇਵ ਜੀ ਪੁਛਿਆ ਕਿ ਭਾਈ ! ਮੰਦਰ ਦੇ ਬਾਹਰ ਨਾਮ ਲਿਖਿਆ ਹੈ 'ਓਅੰਕਾਰੇਸ਼੍ਵਰ'। ਜਿਸ ਦਾ ਅਰਥ ਹੈ, 'ਓਅੰਕਾਰ ਈਸ਼ਵਰ'। ਮੰਦਰ ਦੇ ਅੰਦਰ ਪੂਜਾ ਹੋ ਰਹੀ ਹੈ ਸ਼ਿਵਲਿੰਗ ਦੀ । ਇਸ ਤੋਂ ਇਹੀ ਸਮਝ ਪੈਂਦੀ ਹੈ ਕਿ ਤੁਸੀ ਇਸ ਸ਼ਿਵ-ਮੂਰਤੀ ਨੂੰ ਹੀ 'ਓਅੰਕਾਰ' ਮਿਥ ਰਹੇ ਹੋ । ਭਾਵ, ਤੁਹਾਡੇ ਲਈ ਸ਼ਿਵਲਿੰਗ ਹੀ ਈਸ਼ਵਰ ਹ ੈ। ਕੀ, 'ਓਅੰਕਾਰ' ਸ਼ਬਦ ਦੀ ਇਸ ਪ੍ਰਕਾਰ ਵਰਤੋਂ ਕਰਨੀ ਵੇਦਿਕ ਮਤ ਦੇ ਅਨਕੂਲ ਹੈ ? ਕੀ ਤੁਸੀਂ ਇਸ ਸਬੰਧੀ ਕੋਈ ਵੇਦ-ਵਾਕ ਪ੍ਰਮਾਣ ਵਜੋਂ ਦੇ ਸਕਦੇ ਹੋ ? ਕਿਉਂਕਿ, ਤੁਹਾਡੇ ਵਿਸ਼ਵਾਸ਼ ਮੁਤਾਬਿਕ ਵੇਦ-ਵਾਕ ਹੀ ਨਿਰਣਾਇਕ ਪ੍ਰਮਾਣ ਮੰਨਿਆਂ ਜਾਂਦਾ ਹੈ।
ਗੁਰਦੇਵ ਜੀ ਮਹਾਰਾਜ ਵਲੋਂ ਕੀਤੇ ਸੁਆਲਾਂ ਦੇ ਉਤਰ ਵਿਚ ਜਦ ਪੰਡਿਆਂ ਨੂੰ ਪ੍ਰਮਾਣ ਲਈ ਕੋਈ ਵੇਦ-ਵਾਕ ਜਾਂ ਉਪਨਿਸ਼ਦ-ਵਾਕ ਨਾ ਸੁਝਿਆ ਤਾਂ ਉਹਨਾਂ 'ਸ਼ਿਵ ਪੁਰਾਣ' ਦੀ ਕਥਾ ਨੂੰ ਅਧਾਰ ਬਣਾਇਆ । ਕਿਉਂਕਿ 'ਸ਼ਿਵ ਪੁਰਾਣ'' ਦੇ ਉਤਰਾਰਧ ਵਿਚਲੇ ਸਤਵੇਂ ਖੰਡ ਦੇ ਅਧਿਆਇ ੫੮ ਵਿਚ ਸ਼ਿਵ ਜੀ ਦੇ ਦ੍ਵਾਦਸ਼ (੧੨ ) ਜਯੋਤੀ ਲਿੰਗਾਂ ਦਾ ਵਿਸਥਾਰ ਪੂਰਵਕ ਵਰਨਣ ਹੈ, ਜਿਨਾਂ ਵਿਚੋਂ ਇੱਕ 'ਓਅੰਕਾਰੇਸ਼੍ਵਰ' ਹੈ। ਉਹਨਾਂ ਦਸਿਆ 'ਓਅੰਕਾਰ' ਸ਼ਿਵ ਜੀ ਭਗਵਾਨ ਦੇ ਚੌਥੇ ਅਵਤਾਰ ਸਨ, ਜੋ 'ਵਿੰਧ' ਦਾ ਉਧਾਰ ਕਰਨ ਉਪਰੰਤ ਇਸ ਅਸਥਾਨ ਤੇ ਜਯੋਤੀ ਲਿੰਗ ਦੇ ਰੂਪ ਵਿਚ ਸਥਿਤ ਹੋ ਗਏ । ਇਸ ਕਰਕੇ ਹੀ ਇਸ ਮੰਦਰ ਦਾ ਨਾਮ 'ਓਅੰਕਾਰੇਸ਼੍ਵਰ' ਹੈ ਅਤੇ ਇਥੇ ਸ਼ਿਵ-ਲਿੰਗ ਨੂੰ 'ਓਅੰਕਾਰ' ਮਿਥ ਕੇ ਪੂਜਿਆ ਜਾ ਰਿਹਾ ਹੈ । ਪੰਡਤਾਂ ਨੇ ਇਹ ਭੀ ਦਸਿਆ ਕਿ ਸ਼ਿਵ-ਪੁਰਾਣ ਦੀ ਇਹ ਕਥਾ 'ਬ੍ਰਹਮਾ' ਜੀ ਨੇ ਆਪਣੇ ਸਪੁਤਰ 'ਨਾਰਦ' ਮੁਨੀ ਨੂੰ ਸੁਣਾਈ ਸੀ ।
ਗੁਰਦੇਵ ਜੀ ਸਮਝ ਗਏ ਕਿ 'ਸ਼ਿਵ ਪੁਰਾਣ' ਵਿਚਲੀ ਉਪਰੋਕਤ ਕਥਾ, ਸ਼ਿਵ ਜੀ ਦੇ ਕਿਸੇ ਉਪਾਸ਼ਕ ਦੀ ਕਪੋਲ ਕਲਪਨਾ ਹੈ ਅਤੇ ਉਹਨੇ ਆਪਣੇ ਇਸ਼ਟ ਸ਼ਿਵ ਜੀ ਨੂੰ ਸਿਰਮੌਰ ਦਰਸਾਉਣ ਅਤੇ ਤੀਰਥ ਦਾ ਮਹਤਵ ਬਨਾਉਣ ਲਈ 'ਓਅੰਕਾਰ' ਸ਼ਬਦ ਦੀ ਵਰਤੋਂ ਕਰਕੇ ਅਜਿਹੀ ਘਾੜਤ ਘੜ ਲਈ ਹੈ । ਇਸ ਲਈ ਉਹਨਾਂ ਨੇ ਪੰਡਿਆਂ ਦਾ ਉੱਤਰ ਸੁਣ ਕੇ ਆਖਿਆ ਕਿ ਇਹ ਗੱਲ ਭਲੀਭਾਂਤ ਸਪਸ਼ਟ ਹੋ ਗਈ ਹੈ ਕਿ ਤੁਹਾਡੇ ਇਸ ਵਿਸ਼ਵਾਸ਼ ਦਾ ਅਧਾਰ ਪੁਰਾਣਕ ਕਥਾ ਹੈ, ਨਾ ਕਿ ਕੋਈ ਵੇਦ ਵਾਕ । ਪਰ ਹੁਣ ਇਹ ਦਸੋ ਕਿ ਜਿਹੜਾ ਮੰਗਲਮਈ ਵੇਦ-ਵਾਕ 'ਓਅੰ ਨਮਹ', ਤੁਸੀਂ ਵਿਦਿਆਰਥੀਆਂ ਦੀਆਂ ਪੱਟੀਆਂ ਤੇ ਲਿਖਦੇ ਲਿਖਾਂਦੇ ਹੋ, ਕੀ ਇਸ ਵਿਚਲਾ ਅਖਰ 'ਓਅੰ' ਭੀ ਸ਼ਿਵਲਿੰਗ ਦਾ ਪ੍ਰਤੀਕ ਹੈ ? ਕੀ, ਵੇਦਾਂ ਤੇ ਉਪਨਿਸ਼ਦਾਂ ਵਿਚ ਇਹ ਅਖਰ ਕਿਸੇ ਦੇਵੀ ਦੇਵਤੇ ਲਈ ਵਰਤਿਆ ਗਿਆ ਹੈ ?
ਪੰਡਤਾਂ ਪਾਸ ਇਸ ਸੁਆਲ ਦਾ ਕੋਈ ਉਤਰ ਨਹੀ ਸੀ । ਨਿਰੁਤਰ ਤੇ ਕੁਝ ਸ਼ਰਮਸ਼ਾਰ ਹੁੰਦੇ ਦੇਖ ਕੇ ਗੁਰਦੇਵ ਜੀ ਬੋਲੇ, ''ਲਉ ! ਹੁਣ ਸੁਣੋ, 'ਓਅੰ-ਨਮਹ' ਅਖਰ ਦੀ ਵੀਚਾਰ । ਭਾਵ, ਉਸ ਮਹਾਨ ਹਸਤੀ ਦੀ ਗਲ ਸੁਣੋ, ਜਿਸ ਵਾਸਤੇ ਇਹ ਲਫ਼ਜ਼ ਲਿਖੇ ਜਾਂਦੇ ਹਨ । 'ਓਅੰ-ਨਮਹ' ਉਸ ਮਹਾਨ ਅਕਾਲਪੁਰਖ ਵਾਸਤੇ ਹਨ, ਜੋ ਤ੍ਰਿਭਵਣਾਂ ਦਾ ਸਾਰ ਤੱਤ ਹੈ । ਜੋ ਸਾਰੀ ਸ੍ਰਿਸ਼ਟੀ ਦਾ ਮੂਲ ਹੈ । ਭਾਵ, ਇਹਨਾਂ ਲਫ਼ਜ਼ਾਂ ਰਾਹੀ ਉਸ ਪਰਮਾਤਮਾ ਨੂੰ ਨਮਸ਼ਕਾਰ ਕੀਤੀ ਜਾ ਰਹੀ ਹੈ, ਜੋ ਸਾਰੇ ਜਗਤ ਦਾ ਕਰਤਾ ਹ ੈ। ਗੁਰਵਾਕ ਹੈ : ਓਨਮ ਅਖਰ ਸੁਣਹੁ ਬੀਚਾਰੁ ।। ਓਨਮ ਅਖਰੁ ਤ੍ਰਿਭਵਣ ਸਾਰੁ ।। (੯੨੯)
ਹੇ ਪੰਡਤ ਜਨੋ ! ਆਪ ਇਹ ਵੀ ਆਖਦੇ ਹੋ ਕਿ 'ਓਅੰ' ਤੇ 'ਓਅੰਕਾਰ' ਦੋਨੋ ਪਦ ਸਮਾਨਰਥਕ ਹਨ, ਕੇਵਲ ਉਚਾਰਣਾਤਮਕ ਭੇਦ ਹੈ । ਇਸ ਲਈ ਆਪ ਨੂੰ ਇਹ ਵੀ ਮੰਨਣਾ ਪਵੇਗਾ ਕਿ 'ਓਅੰਕਾਰੇਸ਼੍ਵਰ' ਸ਼ਿਵ ਜੀ ਦਾ ਅਵਤਾਰ ਜਾਂ ਸ਼ਿਵ-ਮੂਰਤੀ ਨਹੀ, ਸਗੋਂ ਉਹ ਪਰਮਾਤਮਾ ਹੈ, ਜੋ ਸਾਰੇ ਸੰਸਾਰ ਦਾ ਮੂਲ ਹੈ । ਕਿਹਾ ਜਾਂਦਾ ਹੈ ਕਿ ਸਤਿਗੁਰੂ ਜੀ ਦੇ ਇਹ ਬਚਨ ਸੁਣ ਕੇ ਮੁਖੀ-ਪਾਂਡੇ ਨੇ ਆਖਿਆ, ਮਹਾਰਾਜ ! ਆਪ ਦੇ ਵਾਕ ਸਤÎ ਹਨ । 'ਮਾਂਡੂਕ' ਤੇ 'ਤੈਤਸ਼੍ਰੀਯਪਨਿਸ਼ਦ' ਵਿਚ 'ਓਅੰਕਾਰ' ਦੀ ਬਿਲਕੁਲ ਇਹੀ ਵਿਆਖਿਆ ਹੈ, ਜੋ ਆਪ ਨੇ ਕੀਤੀ ਹੈ । 'ਓਅੰ' ਬ੍ਰਹਮ ਵਾਚਕ ਸ਼ਬਦ ਹੈ ਅਤੇ ਸਾਰਾ ਵਿਸ਼ਵ ਇਸੇ ਵਿਚ ਹੀ ਮਿਥਿਆ ਗਿਆ ਹੈ । 'ਪ੍ਰਸ਼ਨ ਉਪਨਿਸ਼ਦ' ਵਿਚ 'ਸਤਕਾਮ' ਨਾਮੀ ਸ਼ਿਸ਼ ਨੂੰ ਸਮਝਾਂਦਿਆਂ ਰਿਸ਼ੀ ਕਹਿੰਦਾ ਹੈ ; 'ਪਾਰਬ੍ਰਹਮ ਤੇ ਪੂਰਨ ਬ੍ਰਹਮ ਓਅੰਕਾਰ ਹੀ ਹੈ'।
ਗੁਰਦੇਵ ਜੀ ਬੋਲੇ, ਪੰਡਤ ਜੀ ! ਫਿਰ ਤਾਂ ਗੱਲ ਸਿੱਧੀ ਸਾਫ ਹੈ ਕਿ 'ਓਅੰਕਾਰ' ਲਫ਼ਜ਼ ਸ਼ਿਵ ਆਦਿਕ ਦਾ ਪ੍ਰਤੀਕ ਨਹੀ, ਸਗੋਂ, ਉਸ ਪਰਮਾਤਮਾ ਦਾ ਪ੍ਰਤੀਕ ਹੈ, ਜੋ ਸਰਬ-ਵਿਆਪਕ ਤੇ ਵਿਸ਼ਵ ਦਾ ਮੂਲ ਹੈ । ਬ੍ਰਹਮਾਦਿਕ ਦੇਵਤੇ, ਜਿਨਾਂ ਨੂੰ ਤੁਸੀਂ ਸ੍ਰਿਸ਼ਟੀ ਦੇ ਕਰਤਾ' ਧਰਤਾ ਤੇ ਹਰਤਾ ਮੰਨਦੇ ਹੋ ਅਤੇ ਮੰਦਰ ਵਿਚ ਸਥਾਪਿਤ ਸ਼ਿਵ-ਮੂਰਤੀ ਨੂੰ 'ਓਅੰਕਾਰ' ਮਿਥੀ ਬੈਠੇ ਹੋ, ਅਜਿਹੀ ਸੋਚ 'ਓਅੰਕਾਰ' ਦੇ ਮੂਲਿਕ ਅਰਥਾਂ ਦੇ ਵਿਪਰੀਤ ਹੈ । ਤੁਹਾਡੇ ਵਲੋਂ ਸੁਣਾਏ ਗਏ ਉਪਰੋਕਤ ਉਪਨਿਸ਼ਦੀ ਕਥਨ ਮੁਤਾਬਿਕ ਤਾਂ ਇਉਂ ਸੋਚਣਾ ਚਾਹੀਦਾ ਹੈ ਕਿ 'ਓਅੰਕਾਰ' ਉਹ ਸਰਬ ਵਿਆਪਕ ਬ੍ਰਹਮ ਹੈ, ਜਿਸ ਤੋਂ ਬ੍ਰਹਮਾਦਿਕ ਦਾ ਭੀ ਜਨਮ ਹੋਇਆ ਹੈ ਅਤੇ ਬ੍ਰਹਮਾ ਵੀ ਉਸ ਨੂੰ ਹੀ ਚਿੱਤ ਵਿਚ ਅਰਾਧਦਾ ਰਿਹਾ ਹੈ । ਇਹ ਸਾਰੇ ਪਹਾੜ ਆਦਿਕ ਭਾਵ ਸਾਰੀ ਸ੍ਰਿਸ਼ਟੀ, ਸਮੇਂ ਦੀ ਵੰਡ ਅਤੇ ਵੇਦ, ਓਅੰਕਾਰ ਵਿਚੋਂ ਹੀ ਪੈਦਾ ਹੋਏ ਹਨ । ਇਸ ਲਈ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਜੀਵ ਗੁਰਸ਼ਬਦ ਵਿਚ ਜੁੜ ਕੇ ਉਸ ਸਰਬ ਵਿਆਪਕ ਪਰਮਾਤਮਾ (ਓਅੰਕਾਰ) ਦੀ ਸਹਾਇਤਾ ਨਾਲ ਹੀ ਵਿਕਾਰਾਂ ਤੋਂ ਬਚ ਸਕਦੇ ਹਨ ਤੇ ਗੁਰ ਦਰਸਾਏ ਮਾਰਗ ਤੇ ਤੁਰ ਕੇ ਸੰਸਾਰ ਸਮੁੰਦਰ ਤੋਂ ਪਾਰ ਉਤਰ ਸਕਦੇ ਹਨ । ਹੋਰ ਕਿਸੇ ਢੰਗ ਨਾਲ ਨਹੀਂ । ਗੁਰਵਾਕ ਹਨ :
ਓਅੰਕਾਰਿ ਬ੍ਰਹਮਾ ਉਤਪਤਿ ।। ਓਅੰਕਾਰੁ ਕੀਆ ਜਿਨਿ ਚਿਤਿ ।।
ਓਅੰਕਾਰਿ ਸੈਲ ਜੁਗ ਭਏ ।। ਓਅੰਕਾਰਿ ਬੇਦ ਨਿਰਮਏ ।।
ਓਅੰਕਾਰਿ ਸਬਦਿ ਉਧਰੇ ।। ਓਅੰਕਾਰਿ ਗੁਰਮੁਖਿ ਤਰੇ ।। (੯੨੯)
ਇਥੋਂ ਤਕ ਗੱਲਬਾਤ ਕਰਨ ਉਪਰੰਤ ਸਤਿਗੁਰੂ ਜੀ ਨੇ ਆਪਣੇ ਕੰਧੇ ਤੇ ਲਟਕਾਏ ਹੋਏ ਥੈਲੇ ਵਿਚੋਂ ਇੱਕ ਪੋਥੀ ਕੱਢੀ ਤੇ ਆਖਿਆ, ਭਾਈ ! ਆਹ ਦੇਖੋ, ਮੈਂ ਪੰਜਾਬ ਤੋਂ ਇਧਰ ਨੂੰ ਆਉਂਦਿਆਂ ਦੇਸ਼ ਦੇ ਉਤਰੀ ਇਲਾਕੇ ਦੀ ਪ੍ਰਸਿਧ ਨਗਰੀ 'ਕਾਂਸ਼ੀ' ਤੋਂ, ਜਿਸ ਨੂੰ ਆਪ ਸ਼ਿਵ ਨਗਰੀ ਵੀ ਆਖਦੇ ਹੋ, ਪਰਮੇਸ਼ਰ ਦੇ ਇੱਕ ਬਹੁਤ ਹੀ ਪਿਆਰੇ ਭਗਤ ਕਬੀਰ ਜੀ ਦੇ ਕੁਝ ਸ਼ਬਦ ਲਿਖ ਕੇ ਲਿਆਇਆਂ ਹਾਂ । ਉਸ ਨੇ ਕੁਝ ਸੁਆਲ ਖੜ੍ਹੇ ਕੀਤੇ ਹਨ, ਜਿਨ੍ਹਾਂ ਵਿਚੋਂ ਦੋ ਕੁ ਮੈਂ ਤੁਹਾਡੇ ਨਾਲ ਸਾਂਝੇ ਕਰਨਾ ਚਹੁੰਦਾ ਹਾਂ । ਤੁਹਾਡੀ ਬੁੱਧੀ ਬੜ੍ਹੀ ਤੀਖਣ ਹੈ ।
ਜਿਵੇਂ; ਕੀ ਬ੍ਰਹਮਾ ਆਦਿਕ ਕੋਈ ਦੇਵਤਾ ਵੱਡਾ ਹੈ ਜਾਂ ਉਹ ਸ਼੍ਰਿਸ਼ਟੀ ਦਾ ਮੂਲ ਪ੍ਰਭੂ, ਜਿਸ ਤੋਂ ਬ੍ਰਹਮਾ ਪੈਦਾ ਹੋਇਆ ?
ਕੀ ਵੇਦ ਆਦਿਕ ਧਰਮ ਪੁਸਤਕਾਂ ਦਾ ਗਿਆਨ ਸਿਰ ਨਿਵਾਉਣ-ਜੋਗ ਹੈ ਜਾਂ ਉਹ ਹਸਤੀ ਜਿਸ ਤੋਂ ਇਹ ਗਿਆਨ ਮਿਲਿਆ ?
ਲਉ ਹੁਣ ! ਸੁਣਹੁ ਉਹਨਾਂ ਦੇ ਬਚਨ :
ਬ੍ਰਹਮਾ ਬਡਾ ਕਿ ਜਾਸੁ ਉਪਾਇਆ ।।
ਬੇਦੁ ਬਡਾ ਕਿ ਜਹਾਂ ਤੇ ਆਇਆ ।। (੩੩੧)
ਹੁਣ ਮੁਖੀ ਪੰਡਤ ਕੁੱਝ ਮੁਸਕ੍ਰਾਇਆ ਤੇ ਬੋਲਿਆ, ਮਹਾਰਾਜ ! ਇਹਨਾਂ ਦੇ ਉਤਰ ਤਾਂ ਪ੍ਰਸ਼ਨਾਂ ਵਿਚ ਹੀ ਛੁਪੇ ਹੋਏ ਹਨ । ਜਿਵੇਂ, ਪਹਿਲਾ ਪ੍ਰਸ਼ਨ ਹੈ, 'ਬ੍ਰਹਮਾ ਬਡਾ ਕਿ ਜਾਸੁ ਉਪਾਇਆ' ? ਉਤਰ ਹੈ, ਨਹੀ ! ਜਾਸੁ ਉਪਾਇਆ । ਭਾਵ, ਭਾਵ, ਵੱਡਾ ਉਹ ਹੈ, ਜਿਸ ਨੇ ਬ੍ਰਹਮਾ ਨੂੰ ਪੈਦਾ ਕੀਤਾ। ਦੂਜਾ ਪ੍ਰਸ਼ਨ ਹੈ, 'ਬੇਦੁ ਬਡਾ ਕਿ ਜਹਾਂ ਤੇ ਆਇਆ' ? ਉਤਰ ਹੈ, ਨਹੀ ! ਜਹਾਂ ਤੇ ਆਇਆ । ਭਾਵ, ਵੱਡਾ ਉਹ ਹੈ, ਜਿਥੋਂ ਵੇਦ ਆਇਆ, ਅ੍ਰਥਾਤ ਜਿਥੋਂ ਬੇਦ-ਬਾਣੀ ਮੂਲਿਕ ਰੂਪ ਵਿਚ ਪ੍ਰਗਟ ਹੋਈ।
ਗੁਰਦੇਵ ਜੀ ਸਮੇਤ ਸਾਰੀ ਸਭਾ ਦੇ ਮੂੰਹੋਂ ਸ਼ਬਦ ਨਿਕਲੇ । ਵਾਹ ! ਵਾਹ! ਕੈਸੀ ਕਲਾ ਹੈ ਪ੍ਰਸ਼ਨ ਕਰਤਾ ਦੀ ਅਤੇ ਕੈਸਾ ਅਚਰਜ ਢੰਗ ਹੈ, ਉਤਰ ਲਭਣ ਦਾ ।
(ਚਲਦਾ)