ਕੈਟੇਗਰੀ

ਤੁਹਾਡੀ ਰਾਇ



ਹਰਜੀਤ ਕੌਰ ਆਨੰਦਪੁਰ ਸਾਹਿਬ
ਨਸ਼ਿਆਂ ਵਿੱਚ ਰੁੜਦੀ ਜਵਾਨੀ ਨੂੰ ਬਚਾਉਣ ਦੀ ਲੋੜ!
ਨਸ਼ਿਆਂ ਵਿੱਚ ਰੁੜਦੀ ਜਵਾਨੀ ਨੂੰ ਬਚਾਉਣ ਦੀ ਲੋੜ!
Page Visitors: 2837

 ਨਸ਼ਿਆਂ ਵਿੱਚ ਰੁੜਦੀ ਜਵਾਨੀ ਨੂੰ ਬਚਾਉਣ ਦੀ ਲੋੜ!
ਦੇਸ਼ ਕੌਮ ਤੇ ਭੀੜ ਪਈ ਤੋ, ਕੋਣ ਦੇਊ ਕੁਰਬਾਨੀ
ਦੇਸ਼ ਮੇਰੇ ਦੀ ਰੁੜਦੀ ਜਾਂਦੀ ਨਸ਼ਿਆਂ ਵਿਚ ਜਵਾਨੀ
ਕਦੇ ਪੀਰਾਂ ਪੈਗੰਬਰਾਂ ਦੀ ਧਰਤੀ,ਕਦੇ ਰਿਗ ਵੇਦ ਦੀ ਜਨਣਹਾਰੀ, ਕਦੇ ਸਭਿਅਤਾ ਦਾ ਪੰਗੂੜਾ, ਕਦੇ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਣ ਵਾਲਾ ਪੰਜਾਬ ਅੱਜ ਨਸ਼ਿਆਂ ਦਾ ਦਰਿਆ ਬਣ ਕੇ ਰਹਿ ਗਿਆ ਹੈ। ਅੱਜ ਇਥੇ ਰਿਸ਼ੀਆਂ ਮੁਨੀਆਂ, ਗੁਰੂਆਂ, ਪੀਰਾਂ ਅਤੇ ਸਿਦਕੀ ਜਿਊੜਿਆਂ ਦੀ ਸਰਜਮੀਂ ਹਰ ਰੋਜ ਸ਼ਰਮਸ਼ਾਰ ਹੁੰਦੀ ਹੈ। ਅੱਜ ਮੈਂ ਉਸੇ ਮਹਾਨ ਧਰਤੀ ਤੇ ਵਿਆਪ ਰਹੀ ਅਤਿਅੰਤ ਨੀਚਤਾ ਦਾ ਜ਼ਿਕਰ ਕਰਨ ਲੱਗੀ ਹਾਂ। ਪੰਜਾਬ ਵਾਸੀਆਂ ਨੂੰ ਇਹ ਜਾਣਕੇ ਅੱਤ ਹੈਰਾਨੀ ਹੋਵੇਗੀ ਕਿ ਸਾਲ 2008-9 ਵਿਚ ਸਰਕਾਰੀ ਅੰਕੜਿਆਂ ਮੁਤਾਬਿਕ 19 ਕਰੋੜ ਸ਼ਰਾਬ ਦੀਆਂ ਬੋਤਲਾਂ ਦੀ ਖਪਤ ਹੋਈ ਜਿਹੜੀ 2009-10 ਵਿਚ ਵਧ ਕੇ 29 ਕਰੋੜ ਬੋਤਲਾਂ ਤੇ ਪਹੁੰਚ ਗਈ ਤੇ ਹੁਣ ਨਵੀਂ ਆਬਕਾਰੀ ਨੀਤੀ 2011-2012 ਦੇ ਤਹਿਤ ਵੱਧ ਕੇ 60 ਕਰੋੜ ਹੋ ਗਈ ਹੈ। ਸਰਕਾਰ ਨੂੰ 728 ਕਰੋੜ ਦੀ ਵੱਧ ਆਮਦਨ ਹੋਣ ਦੇ ਨਾਲ ਹੀ ਸ਼ਰਾਬ ਦਾ ਕੋਟਾ ਵੀ 1290 ਲੱਖ ਪਰੂਫ ਲੀਟਰ ਕਰ ਦਿਤਾ ਗਿਆ ਹੈ। ਅੱਜ ਦੇ ਹਾਲਾਤ ਦੇਖ ਕੇ ਕਿਸੇ ਕਵੀ ਦੀਆਂ ਇਹ ਸਤਰਾਂ ਆਪ ਮੁਹਾਰੇ ਸਾਹਮਣੇ ਆ ਜਾਂਦੀਆਂ ਹਨ
ਦੇਖ ਦੇਖ ਕੇ ਆਉਂਦੇ ਚੱਕਰ, ਮਨ ਪਿਆ ਗੋਤੇ ਖਾਦਾਂ।
ਕੋਈ ਚਿਲਮਾਂ, ਸ਼ੀਸ਼ੀ, ਸਿਗਰਟਾਂ ਕੋਈ ਪੈਗ ਟਕਰਾਉਂਦਾ।
ਗਲੀਆਂ, ਟੋਭੇ ਰੁਲਦੀ ਫਿਰਦੀ ਚੋਬਰਾਂ ਦੀ ਭਲਵਾਨੀ,
ਦੇਸ਼ ਮੇਰੇ ਦੀ ਰੁੜਦੀ ਜਾਂਦੀ ਨਸ਼ਿਆਂ ਵਿਚ ਜਵਾਨੀ

ਸ਼ਰਾਬ ਦੀ ਵਿਕਰੀ ਤੋ ਕਰੋੜਾਂ ਦੀ ਆਮਦਨ ਪ੍ਰਾਪਤ ਕਰਨ ਵਾਲੀ ਸਰਕਾਰ ਕਿਸ ਨੈਤਿਕਤਾ, ਉਚੱਤਾ ਅਤੇ ਇਮਾਨਦਾਰੀ ਦਾ ਪ੍ਰਚਾਰ ਕਰ ਰਹੀ ਹੈ ਇਹ ਜਮਾਨੇ ਤੋਂ ਲੁਕਿਆ ਹੋਇਆ ਨਹੀ ਹੈ। ਪੰਜਾਬ ਨੂੰ ਤੰਮਾਕੂ ਰਹਿਤ ਕਰਨਾ ਪੰਜਾਬ ਸਰਕਾਰ ਵਲੋ ਚੁਕਿਆ ਗਿਆ ਕਦਮ ਸ਼ਲਾਘਾਯੋਗ ਹੈ ਪਰ ਪੰਜਾਬ ਵਿਚ ਸ਼ਰਾਬ ਦੀ ਵਿਕਰੀ ਵੀ ਜੋਰਾਂ ਤੇ ਹੈ ਫਿਰ ਸਰਕਾਰ ਸ਼ਰਾਬ ਦੀ ਵਿਕਰੀ ਉਤੇ ਰੋਕ ਕਿਉਂ ਨਹੀ ਲਗਾ ਰਹੀ !! ਪੰਜਾਬ ਦੀ ਇਹ ਬਦਕਿਸਮਤੀ ਹੀ ਕਹੀ ਜਾ ਸਕਦੀ ਹੈ ਕਿ ਪੰਜਾਬ ਵਿਚ ਉਨੇ ਸਕੂਲ ਨਹੀ ਜਿੰਨੇ ਸ਼ਰਾਬ ਦੇ ਠੇਕੇ ਹਨ।
ਹਰ ਪਿੰਡ ਮੋੜ ਤੇ ਖੁਲਿਆ ਠੇਕਾ, ਸ਼ਰੇਆਮ ਨਸ਼ੇ ਦੁਕਾਨਾਂ,
ਦੇਖ ਦੁਹੱਥੜੇ ਪਿੱਟਣ ਖੜੀਆਂ, ਮਾਈਆਂ ਤੇ ਰਕਾਨਾਂ

ਸ਼ਰਾਬ ਦੇ ਇਸ ਨਵੇਂ ਸ਼ੋਂਕ ਵਿਚ ਵਾਧਾ ਹੋਣ ਦਾ ਇਕ ਕਾਰਨ ਹੋਟਲਾਂ ਅਤੇ ਪੈਲੇਸਾਂ ਵਿਚ ਵਿਆਹ ਕਰਨੇ ਵੀ ਮੰਨਿਆ ਜਾ ਰਿਹਾ ਹੈ। ਬਿਨਾਂ ਸ਼ਰਾਬ ਦੇ ਕਿਸੇ ਵੀ ਵਰਗ ਦਾ ਵਿਆਹ ਸਿਰੇ ਨਹੀ ਚੜਦਾ,ਉਹ ਚਾਹੇ ਬਿਆਸ ਜਾਦਾਂ ਹੋਵੇ ਜਾਂ ਸਿਰਸੇ,ਬੇਸ਼ੱਕ ਕਿਸੇ ਵੀ ਧਰਮ ਨਾਲ ਜੁੜਿਆ ਹੋਵੇ। ਇਕਾ-ਦੁਕਾ ਪਰਿਵਾਰਾਂ ਨੂੰ ਛੱਡ ਕੇ ਹਰ ਕੋਈ ਵਿਆਹ ਵਿਚ ਸ਼ਰਾਬ ਦੇ ਸਟਾਲ ਲਾਉਣ ਨੂੰ ਪਹਿਲ ਦਿੰਦਾ ਹੈ। ਵਿਆਹਾਂ ਵਿਚ ਸ਼ਰਾਬ ਵਰਤਾਉਣ ਲਈ ਕੁੜੀਆਂ ਦਾ ਵਿਸ਼ੇਸ਼ ਪ੍ਰਬੰਧ ਹੋਣ ਲੱਗ ਪਿਆ ਹੈ। ਜਿਸ ਕਰਕੇ ਸ਼ਰਾਬ ਪੀਣ ਦਾ ਸ਼ੋਂਕ ਵਧਦਾ ਜਾ ਰਿਹਾ ਹੈ। ਪੰਥਕ ਸਰਕਾਰ ਹੋਣ ਦਾ ਦਿਖਾਵਾ ਕਰਨ ਵਾਲੇ ਸਾਡੇ ਆਹਲਾ ਆਗੁੂ ਅਤੇ ਧਾਰਮਿਕ ਜਥੇਬੰਦੀਆਂ ਦੇ ਮੈਂਬਰ ਜਦੋ ਵੋਟਾਂ ਦੀ ਖਾਤਰ ਸ਼ਰਾਬ ਦਾ ਸਹਾਰਾ ਲੈਂਦੇ ਹੋਏੇ ਦਿਖਾਈ ਦਿੰਦੇ ਹਨ ਤਾਂ ਭਵਿਖੀ ਸਰਕਾਰ ਦੇ ਨਕਸ਼ ਆਪ ਮੁਹਾਰੇ ਉਜਾਗਰ ਹੋ ਉਠਦੇ ਹਨ। ਧਰਮ ਦੇ ਮੁਖੋਟਿਆਂ ਹੇਠ ਵੀ ਅਧਰਮ ਅਤੇ ਕੁਕਰਮ ਦਾ ਬੋਲਬਾਲਾ ਦਿਖਾਈ ਦਿੰਦਾ ਹੈ।
ਪੰਜਾਬ ਵਿਚ ਸ਼ਰਾਬ ਪੀਣ ਵਾਲੇ ਵਿਅਕਤੀ ਦੀ ਉਮਰ 18 ਸਾਲ ਤੋ ਘੱਟ ਨਹੀ ਸੀ ਪਰ ਹੁਣ 12-13 ਸਾਲਾਂ ਦੇ ਬੱਚੇ ਵੀ ਬੀਅਰ ਪੀਣ ਦੇ ਨਾਂ ਤੇ ਸਭ ਕੁਛ ਕਰ ਰਹੇ ਹਨ। ਇਥੇ ਇਹ ਵੀ ਕਾਬਿਲੇ ਗੌਰ ਹੈ ਕਿ ਸਾਲ 2010-11 ਦੋਰਾਨ ਹੋਈ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਤੋ ਬਾਅਦ ਪੰਜਾਬ ਵਿਚ ਨਵੀਂ ਕਿਸਮ ਦੀ ਲਹਿਰ ਪੈਦਾ ਹੋਈ ਜਿਸ ਦੋਰਾਨ ਕਈ ਪੰਚਾਇਤਾਂ ਵਲੋ ਆਪਣੇ ਪਿੰਡ ਵਿਚ ਸ਼ਰਾਬ ਦਾ ਠੇਕਾ ਨਾ ਖੋਲਣ ਬਾਰੇ ਕਰ ਅਤੇ ਆਬਕਾਰੀ ਵਿਭਾਗ ਨੂੰ ਬੇਨਤੀ ਪੱਤਰ ਦਿਤੇ ਗਏ। ਦਰਜਨਾਂ ਹੀ ਪਿੰਡਾਂ ਵਿਚ ਔਰਤਾਂ ਨੇ ਇਕੱਠੀਆਂ ਹੋ ਕੇ ਸ਼ਰਾਬ ਦੀ ਇਸ ਨੀਤੀ ਦਾ ਵਿਰੋਧ ਵੀ ਕੀਤਾ।
ਬਰਨਾਲਾ ਨੇੜੇ ਪੈਂਦੇ ਪਿੰਡ ਸੇਖਾਂ ਵਿਚ ਔਰਤਾਂ ਵਲੋ ਸ਼ਰਾਬ ਦਾ ਠੇਕਾ ਖੋਲੇ ਜਾਣ ਦਾ ਵਿਰੋਧ ਕਰਨ ਦੇ ਬਾਵਜੂਦ ਵੀ ਜਦੋ ਐਕਸਾਈਜ ਵਿਭਾਗ ਦੇ ਅਧਿਕਾਰੀਆਂ ਨੇ ਧੱਕੇ ਨਾਲ ਠੇਕਾ ਖੋਲਣਾ ਚਾਹਿਆ ਤਾਂ ਇਕੱਠੀਆਂ ਹੋਈਆਂ ਔਰਤਾਂ ਨੇ ਸ਼ਰਾਬ ਵਾਲਾ ਖੋਖਾ ਪਲਟਾ ਕੇ ਮਾਰਦੇ ਹੋਏ ਇਸ ਗੱਲ ਦਾ ਸਬੂਤ ਦਿਤਾ ਕਿ ਹੁਣ ਸਰਕਾਰਾਂ ਨੂੰ ਕਰੋੜਾਂ ਰੁਪਏ ਦੀ ਆਮਦਨ ਦੇਣ ਵਾਲੇ ਇਹ ਨਸ਼ੇ ਦੇ ਕਾਰੋਬਾਰ ਜਿਆਦਾ ਦੇਰ ਨਹੀ ਚੱਲਣਗੇ। ਆਰ ਟੀ ਆਈ ਤਹਿਤ ਲਈ ਜਾਣਕਾਰੀ ਮੁਤਾਬਕ ਪੰਜਾਬ ਐਕਸਾਈਜ ਐਕਟ 1914 ਤਹਿਤ ਧਾਰਾ 29 ਅਧੀਨ 8 ਸਾਲਾਂ ਵਿਚ ਸਿਰਫ 16 ਮਾਮਲੇ ਦਰਜ ਕਰਕੇ ਠੇਕੇਦਾਰਾਂ ਨੂੰ ਜੁਰਮਾਨਾ ਕੀਤਾ ਗਿਆ ਹੈ। ਸ਼ਰਾਬ ਦੇ ਠੇਕੇ ਅੱਗੇ ਹੱਥ ਵਿਚ ਬੋਤਲਾਂ ਜਾਂ ਸ਼ਰਾਬ ਦੇ ਪੈਗ ਫੜਾ ਕੇ ਲਾਈਆਂ ਜਾਂਦੀਆਂ ਤਸਵੀਰਾਂ ਦਾ ਪੰਜਾਬ ਦੀ ਸਾਬਕਾ ਸਿਹਤ ਮੰਤਰੀ ਲਕਸ਼ਮੀ ਕਾਤਾਂ ਚਾਵਲਾ ਨੇ ਵਿਧਾਨ ਸਭਾ ਸ਼ੈਸ਼ਨ ਦੋਰਾਨ ਕਈ ਵਾਰ ਵਿਰੋਧ ਕਰਕੇ ਪਬੰਦੀ ਲਾਉਣ ਦੀ ਮੰਗ ਕੀਤੀ ਪਰ ਕਰ ਅਤੇ ਆਬਕਾਰੀ ਵਿਭਾਗ ਇਸ ਮਾਮਲੇ ਵਿਰੁਧ ਕੁਛ ਕਰਨ ਨੂੰ ਤਿਆਰ ਹੀ ਨਹੀ ਹੈ। ਸ਼ਰਾਬ ਪੀਦੀਆਂ ਜਾਂ ਜਾਮ ਖੜਕਾਉਂਦੀਆਂ ਔਰਤਾਂ ਦੀਆਂ ਜਿਆਦਾਤਰ ਤਸਵੀਰਾਂ ਛੋਟੇ ਕਸਬੇ,ਪਿੰਡਾਂ ਆਦਿ ਦੇ ਠੇਕਿਆਂ ਅੱਗੇ ਦੇਖਣ ਨੂੰ ਮਿਲਦੀਆਂ ਹਨ। ਠੇਕੇਦਾਰਾਂ ਵਲੋ ਸਾਰੇ ਨਿਯਮ ਇਕ ਪਾਸੇ ਕਰਕੇ ਜਨਤਕ ਥਾਵਾਂ,ਵਿਦਿਅਕ ਅਦਾਰੇ,ਧਾਰਮਿਕ ਅਸਥਾਨਾਂ ਆਦਿ ਨੇੜੇ ਵੀ ਠੇਕੇ ਖੋਲ ਦਿਤੇ ਜਾਂਦੇ ਹਨ। ਜਦੋ ਕਿ ਕਰ ਅਤੇ ਆਬਕਾਰੀ ਵਿਭਾਗ ਦੇ ਅਫਸਰ ਕਾਰਵਾਈ ਕਰਨ ਦੀ ਜਗਾ ਮਹੀਨਾ ਲੈ ਕੇ ਚਲੇ ਜਾਂਦੇ ਹਨ।
ਉਂਝ ਹੁਣ ਸਾਡੀਆਂ ਮੁਟਿਆਰਾਂ ਤੇ ਮਾਡਰਨ ਨਾਰਾਂ ਵੀ ਕਿਸੇ ਦੀ ਨੂੰਹ ਧੀ ਤੋ ਪਿਛੇ ਨਹੀ ਰਹੀਆਂ। ਨਸ਼ੇ ਦੀ ਲਤ ਨੇ ਉਨਾਂ ਤੇ ਵੀ ਜਾਦੂ ਕਰ ਦਿਤਾ ਹੈ। ਦੇਸ਼ ਦੇ ਵੱਖ ਵੱਖ ਨਗਰਾਂ,ਮਹਾਂ ਨਗਰਾਂ,ਪਾਰਟੀਆਂ ਅਤੇ ਹੋਰਨਾਂ ਜਸ਼ਨਾਂ ਦੇ ਮੋਕੇ ਸਾਡੀਆਂ ਭੈਣਾਂ ਵਲੋ ਨਸ਼ਈ ਹੋ ਕੇ ਸ਼ੁਧ ਬੁਧ ਗਵਾਉਣ ਦੀਆਂ ਘਟਨਾਵਾਂ ਅਕਸਰ ਹੀ ਅਸੀ ਮੀਡੀਏ ਦੀ ਬਦੋਲਤ ਪੜਦੇ ਸੁਣਦੇ ਰਹਿੰਦੇ ਹਾਂ। ਘਰੋਗੀ ਹਿੰਸਾ,ਆਪਸੀ ਲੜਾਈ ਝਗੜੇਜੀਵਨ ਸਾਥਨਾਂ ਦੇ ਦਿਨ ਦਿਹਾੜੇ ਕਤਲ,ਧੀਆਂ ਦੀਆਂ ਹੱਤਿਆਵਾਂ,ਭੈਣਾਂ ਵਲੋ ਸ਼ਰੇਆਮ ਕੀਤੀ ਜਾ ਰਹੀ ਜਿਸਮਾਂ ਦੀ ਨੁਮਾਇਸ਼ ਅਤੇ ਅਨੇਕਾਂ ਹੋਰ ਦੁਰਾਚਾਰਾਂ ਪਿਛੇ ਸਭ ਤੋ ਵੱਡਾ ਕਾਰਨ ਸ਼ਰਾਬ ਅਤੇ ਹੋਰਨਾਂ ਨਸ਼ਿਆਂ ਦੀ ਵਰਤੋ ਮੰਨਿਆ ਜਾ ਰਿਹਾ ਹੈ।
ਸ਼ਰਾਬ ਦੀ ਲਤ ਨੇ ਸਾਡੇ ਪੰਜਾਬੀਆਂ ਦਾ ਜੀਵਨ ਰੰਗੀਲਾ,ਰੋਣਕੀਲਾ ਤੇ ਰਸੀਲਾ ਨਹੀ ਬਣਾਇਆ ਸਗੋ ਸੋਗੀਲਾ,ਮੰਦਹਾਲਾ ਤੇ ਮਰਣੀਲਾ ਬਣਾ ਦਿਤਾ ਹੈ। ਅੰਤ ਵਿਚ ਮੈ ਅਪੀਲ ਕਰਦੀ ਹਾਂ
ਧਰਤ ਮਾਤਾ ਨੂੰ ਟੇਕੋ ਮੱਥਾ, ਮਾਂ ਪੰਜਾਬੀ ਨੂੰ ਸਤਿਕਾਰੋ।
ਨਸ਼ਿਆਂ ਦੀ ਜਿਹੜੇ ਕਰਨ ਤਸਕਰੀ,ਦੁਸ਼ਟਾਂ ਨੂੰ ਦੁਰਕਾਰੋ।
ਰੁੜ ਪੁੜ ਕਿਧਰੇ ਵਿਸਰ ਨਾ ਜਾਏ, ਲਾਲਾਂ ਦੀ ਨਿਸ਼ਾਨੀ।
ਦੇਸ਼ ਮੇਰੇ ਦੀ ਰੁੜਦੀ ਜਾਂਦੀ ਨਸ਼ਿਆਂ ਵਿਚ ਜਵਾਨੀ

-ਹਰਜੀਤ ਕੋਰ (ਅਨੰਦਪੁਰ ਸਾਹਿਬ)
(ਮੈਗਜ਼ੀਨ ਵਿਰਾਸਤ ਵਿੱਚੋਂ ਧੰਨਵਾਦ ਸਹਿਤ)

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.