ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਪ੍ਰਵਾਸੀ ਪੰਜਾਬੀਆਂ ਦੀਆਂ ਨਿਗਾਹਾਂ ਹੁਣ ਅਮਰੀਕੀ ਰਾਸ਼ਟਰਪਤੀ ਚੋਣ ‘ਤੇ
ਪ੍ਰਵਾਸੀ ਪੰਜਾਬੀਆਂ ਦੀਆਂ ਨਿਗਾਹਾਂ ਹੁਣ ਅਮਰੀਕੀ ਰਾਸ਼ਟਰਪਤੀ ਚੋਣ ‘ਤੇ
Page Visitors: 2590

ਪ੍ਰਵਾਸੀ ਪੰਜਾਬੀਆਂ ਦੀਆਂ ਨਿਗਾਹਾਂ ਹੁਣ ਅਮਰੀਕੀ ਰਾਸ਼ਟਰਪਤੀ ਚੋਣ ‘ਤੇ

Posted On 29 Jun 2016
ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444

trump-hillaryਪ੍ਰਵਾਸੀ ਪੰਜਾਬੀਆਂ ਦੀਆਂ ਨਿਗਾਹਾਂ ਹੁਣ ਤੱਕ ਬਹੁਤਾ ਕਰਕੇ 7 ਕੁ ਮਹੀਨੇ ਬਾਅਦ ਪੰਜਾਬ ਵਿਧਾਨ ਸਭਾ ਦੀਆਂ ਹੋਣ ਵਾਲੀਆਂ ਚੋਣਾਂ ਉਪਰ ਹੀ ਕੇਂਦਰਿਤ ਰਹੀਆਂ ਹਨ। ਪਰ ਹੁਣ ਅਮਰੀਕੀ ਰਾਸ਼ਟਰਪਤੀ ਦੀ ਚੋਣ ਲਈ ਵੀ ਅਖਾੜਾ ਮਘਣਾ ਸ਼ੁਰੂ ਹੋ ਗਿਆ ਹੈ ਅਤੇ ਰਿਪਬਲਿਕਨ ਪਾਰਟੀ ਵੱਲੋਂ ਡੋਨਾਲਡ ਟਰੰਪ ਵਰਗੇ ਸੱਜੇ-ਪੱਖੀ ਕੱਟੜ ਵਿਚਾਰਾਂ ਵਾਲੇ ਆਗੂ ਨੂੰ ਅੱਗੇ ਲਿਆਉਣ ਕਾਰਨ ਪ੍ਰਵਾਸੀ ਪੰਜਾਬੀਆਂ ਦੀਆਂ ਨਿਗਾਹਾਂ ਹੁਣ ਇਸ ਚੋਣ ਵੱਲ ਵੀ ਵਧੇਰੇ ਕੇਂਦਰਿਤ ਹੋਣੀਆਂ ਸ਼ੁਰੂ ਹੋ ਗਈਆਂ ਹਨ। ਡੋਨਾਲਡ ਟਰੰਪ ਅਮਰੀਕਾ ਵਿਚ ਆਮ ਕਰਕੇ ਇੰਮੀਗਰਾਂਟਸ ਦੇ ਖਿਲਾਫ ਹੀ ਮੰਨੇ ਜਾਂਦੇ ਹਨ। ਉਹ ਇਸ ਵਿਚਾਰਧਾਰਾ ਦੇ ਕੱਟੜ ਹਮਾਇਤੀ ਹਨ ਕਿ ਅਮਰੀਕਾ ਦੇ ਬਾਰਡਰ ਪੂਰੀ ਤਰ੍ਹਾਂ ਮਜ਼ਬੂਤ ਹੋਣੇ ਚਾਹੀਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੇ ਗੈਰ-ਕਾਨੂੰਨੀ ਪ੍ਰਵਾਸ ਨੂੰ ਇਜਾਜ਼ਤ ਨਹੀਂ ਮਿਲਣੀ ਚਾਹੀਦੀ। ਉਹ ਇਹ ਗੱਲ ਵੀ ਸ਼ਰੇਆਮ ਕਹਿੰਦੇ ਹਨ ਕਿ ਅਮਰੀਕਾ ਵਿਚ ਵਧ ਰਹੇ ਅਪਰਾਧਾਂ ਦਾ ਵੱਡਾ ਕਾਰਨ ਇੰਮੀਗਰਾਂਟਸ ਹੀ ਬਣਦੇ ਹਨ। ਉਨ੍ਹਾਂ ਦੇ ਅਜਿਹੇ ਵਿਚਾਰਾਂ ਕਾਰਨ ਆਮ ਕਰਕੇ ਇਹ ਗੱਲ ਸਮਝੀ ਜਾਂਦੀ ਹੈ ਕਿ ਜੇਕਰ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਬਣਦੇ ਹਨ, ਤਾਂ ਇੰਮੀਗਰਾਂਟਸ ਦੇ ਵਿਰੁੱਧ ਸਖਤੀਆਂ ਅਤੇ ਪਾਬੰਦੀਆਂ ਦਾ ਦੌਰ ਵਧੇਗਾ। ਹੋਰਨਾਂ ਮੁਲਕਾਂ ਦੇ ਪ੍ਰਵਾਸੀਆਂ ਵਾਂਗ ਭਾਰਤੀ ਪ੍ਰਵਾਸੀ ਵੀ ਅਜਿਹੇ ਖਦਸ਼ੇ ਮਨਾਂ ਵਿਚ ਲਈ ਬੈਠੇ ਹਨ ਕਿ ਟਰੰਪ ਦੇ ਅੱਗੇ ਆਉਣ ਨਾਲ ਅਮਰੀਕਾ ਵਿਚ ਹਾਲਾਤ ਬਹੁਤਾ ਕਰਕੇ ਉਨ੍ਹਾਂ ਲਈ ਸਾਵੇਂ ਨਹੀਂ ਰਹਿਣੇ ਅਤੇ ਨਸਲਵਾਦ ਨੂੰ ਮੁੜ ਹੁਲਾਰਾ ਮਿਲ ਸਕਦਾ ਹੈ। ਬਰਤਾਨੀਆ ਦੇ ਯੂਰਪੀਅਨ ਯੂਨੀਅਨ ਨਾਲੋਂ ਵੱਖ ਹੋਣ ਬਾਅਦ ਉਥੇ ਮੂਲਵਾਦੀ ਕੱਟੜਤਾ ‘ਚ ਆ ਰਹੇ ਉਭਾਰ ਅਤੇ ਨਸਲਵਾਦ ਨੂੰ ਮਿਲ ਰਹੇ ਹੁੰਗਾਰੇ ਤੋਂ ਵੀ ਅਮਰੀਕਾ ਦੇ ਪ੍ਰਵਾਸੀਆਂ ਵਿਚ ਚਿੰਤਾ ਅਤੇ ਫਿਕਰ ਜ਼ਾਹਿਰ ਕੀਤਾ ਜਾ ਰਿਹਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਦੁਨੀਆਂ ਭਰ ਦੇ ਸਾਰੇ ਮੁਲਕ ਇਸ ਵੇਲੇ ਗੰਭੀਰ ਆਰਥਿਕ ਸੰਕਟ ਵਿਚੋਂ ਲੰਘ ਰਹੇ ਹਨ। ਦੁਨੀਆਂ ਭਰ ਵਿਚ ਫੈਲੇ ਇਸ ਆਰਥਿਕ ਮੰਦੀ ਦੇ ਦੌਰ ਦਾ ਸਾਹਮਣਾ ਕਰਨ ਲਈ ਕੋਈ ਨਵੀਂ ਆਰਥਿਕ ਯੋਜਨਾਬੰਦੀ ਦੀ ਬਜਾਏ, ਸਗੋਂ ਅਜਿਹੇ ਯਤਨ ਹੋ ਰਹੇ ਹਨ, ਜੋ ਇਸ ਆਰਥਿਕ ਮੰਦਹਾਲੀ ਨੂੰ ਹੋਰ ਵਧਾ ਸਕਦੇ ਹਨ। ਜਿਸ ਤਰ੍ਹਾਂ ਇੰਗਲੈਂਡ ਨੇ ਆਪਣੇ ਆਰਥਿਕ ਸੰਕਟ ਨੂੰ ਹੱਲ ਕਰਨ ਲਈ ਯੂਰਪੀਅਨ ਯੂਨੀਅਨ ਤੋਂ ਦਰਵਾਜ਼ੇ ਬੰਦ ਕਰ ਲਏ ਹਨ, ਇਸੇ ਤਰ੍ਹਾਂ ਡੋਨਾਲਡ ਟਰੰਪ ਵੀ ਅਮਰੀਕਾ ਨੂੰ ਬਾਕੀ ਦੁਨੀਆਂ ਤੋਂ ਬੰਦ ਕਰਨ ਵਾਲੇ ਪਾਸੇ ਤੁਰ ਰਿਹਾ ਹੈ। ਅਮਰੀਕਾ ਵਿਚ ਵੀ ਜੇਕਰ ਟਰੰਪ ਵਰਗੇ ਕੱਟੜਪੰਥੀ ਵਿਚਾਰਾਂ ਨੂੰ ਅੱਗੇ ਲਿਆਂਦਾ ਜਾਵੇਗਾ, ਤਾਂ ਇਹ ਆਰਥਿਕ ਸੰਕਟ ਹੱਲ ਕਰਨ ਦੀ ਬਜਾਏ, ਸਗੋਂ ਅਮਰੀਕਾ ਲਈ ਹੋਰ ਵੱਡੀਆਂ ਮੁਸ਼ਕਲਾਂ ਖੜ੍ਹੀਆਂ ਕਰ ਸਕਦਾ ਹੈ। ਅੱਜ ਦੁਨੀਆਂ ਇਕ ਪਿੰਡ ਬਣ ਚੁੱਕਾ ਹੈ। ਕੋਈ ਵੀ ਇਕ ਦੇਸ਼ ਦੂਜਿਆਂ ਨਾਲ ਟੁੱਟ ਕੇ ਆਪਣੀ ਆਰਥਿਕ ਯੋਜਨਾਬੰਦੀ ਸਿਰੇ ਨਹੀਂ ਚੜ੍ਹਾ ਸਕਦਾ। ਇਕ ਦੂਜੇ ਦੇਸ਼ ਵੱਲ ਨੂੰ ਹੋ ਰਿਹਾ ਪ੍ਰਵਾਸ ਅੱਜ ਪੂਰੀ ਦੁਨੀਆਂ ਵਿਚ ਇਕ ਵੱਡੀ ਸਮੱਸਿਆ ਬਣਿਆ ਹੋਇਆ ਹੈ। ਪਰ ਇਹ ਸਮੱਸਿਆ ਇਕ ਦੂਜੇ ਵੱਲੋਂ ਮੂੰਹ ਮੋੜ ਕੇ ਹੱਲ ਨਹੀਂ ਕੀਤੀ ਜਾ ਸਕਦੀ। ਸੰਸਾਰ ਪੱਧਰ ‘ਤੇ ਵੱਖ-ਵੱਖ ਮੁਲਕਾਂ ਨੂੰ ਅਨੇਕ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਸਾਰੀਆਂ ਸਮੱਸਿਆਵਾਂ ਸੰਸਾਰ ਪੱਧਰ ‘ਤੇ ਵੱਖ-ਵੱਖ ਮੁਲਕਾਂ ਦੇ ਬਣੇ ਗਰੁੱਪਾਂ ਅਤੇ ਅਦਾਰਿਆਂ ਵੱਲੋਂ ਆਪਸੀ ਵਿਚਾਰ-ਵਟਾਂਦਰੇ ਅਤੇ ਸਾਂਝੇ ਯਤਨਾਂ ਨਾਲ ਹੱਲ ਕਰਨੀਆਂ ਚਾਹੀਦੀਆਂ ਹਨ। ਜੇਕਰ ਦੁਨੀਆਂ ਵਿਚ ਸਭ ਤੋਂ ਮਜ਼ਬੂਤ ਸ਼ਕਤੀ ਵਜੋਂ ਜਾਣੇ ਜਾਂਦੇ ਦੇਸ਼ ਦਾ ਰਾਸ਼ਟਰਪਤੀ ਇਕ ਕਾਹਲਪੁਣੇ ਦਾ ਸ਼ਿਕਾਰ ਅਤੇ ਸਮੱਸਿਆਵਾਂ ਵੱਲੋਂ ਮੂੰਹ ਮੋੜ ਕੇ ਦਰਵਾਜ਼ੇ ਬੰਦ ਕਰਨ ਦੀ ਨੀਤੀ ਅਖਤਿਆਰ ਕਰਨ ਵਾਲੇ ਨੂੰ ਬਣਾ ਦਿੱਤਾ ਜਾਵੇ, ਤਾਂ ਫਿਰ ਪੂਰੀ ਦੁਨੀਆਂ ਲਈ ਕੋਈ ਸ਼ੁਭ ਸ਼ਗਨ ਨਹੀਂ ਹੋਵੇਗਾ, ਖਾਸਕਰ ਮਣਾਂਮੂੰਹੀਂ ਐਟਮੀ ਅਤੇ ਹੋਰ ਮਾਰੂ ਹਥਿਆਰਾਂ ਦੇ ਜ਼ਖੀਰੇ ਦੀਆਂ ਚਾਬੀਆਂ ਰਾਸ਼ਟਰਪਤੀ ਦੇ ਕਬਜ਼ੇ ਵਿਚ ਹੀ ਹੁੰਦੀਆਂ ਹਨ। ਖੁਦਾ-ਨ-ਖਾਸਤਾ ਜੇਕਰ ਇਹੀ ਮਾਨਸਿਕਤਾ ਦੇ ਵਿਅਕਤੀ ਹੱਥ ਇਹ ਚਾਬੀਆਂ ਆ ਗਈਆਂ, ਤਾਂ ਉਹ ਆਪਣੇ ਖ਼ਬਤੀ ਦਿਮਾਗ ਵਿਚੋਂ ਕਿਹੋ ਜਿਹੇ ਰਾਹ ਤੁਰ ਪਵੇ, ਇਸ ਗੱਲ ਨੂੰ ਸੋਚਣ ਲੱਗਿਆਂ ਵੀ ਹਰ ਇਕ ਦਾ ਦਿਲ ਕੰਬ ਜਾਵੇਗਾ। ਅਮਰੀਕਾ ਵਿਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਨੂੰ ਬਹੁਤਾ ਕਰਕੇ ਸੱਜੇ-ਪੱਖੀ ਕੱਟੜਪੰਥੀ ਵਿਚਾਰਾਂ ਵਾਲੇ ਲੋਕਾਂ ਵੱਲੋਂ ਹੀ ਹੁੰਗਾਰਾ ਮਿਲ ਰਿਹਾ ਹੈ। ਜਦਕਿ ਉਦਾਰ ਅਤੇ ਸੂਝਵਾਨ ਤਬਕੇ ਵੱਲੋਂ ਉਨ੍ਹਾਂ ਨੂੰ ਰੱਦ ਕੀਤਾ ਜਾ ਰਿਹਾ ਹੈ। ਪ੍ਰਵਾਸੀ ਪੰਜਾਬੀਆਂ ਅੰਦਰ ਖਾਸ ਤੌਰ ‘ਤੇ ਇਹ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਜੇਕਰ ਟਰੰਪ ਵਰਗੇ ਸੱਜ ਪਿਛਾਖੜੀ ਦੇ ਹੱਥ ਤਾਕਤ ਆ ਜਾਂਦੀ ਹੈ, ਤਾਂ ਅਮਰੀਕਾ ਅੰਦਰ ਨਸਲਪ੍ਰਸਤੀ ਨੂੰ ਮੁੜ ਹੁਲਾਰਾ ਮਿਲ ਸਕਦਾ ਹੈ। ਅਜਿਹਾ ਰੁਝਾਨ ਜਿਥੇ ਅਮਰੀਕਾ ਵਿਚ ਵਸਦੇ ਸਾਰੇ ਘੱਟ ਗਿਣਤੀ ਭਾਈਚਾਰਿਆਂ ਲਈ ਬੇਹੱਦ ਖਤਰਨਾਕ ਹੋ ਸਕਦਾ ਹੈ, ਉਥੇ ਖੁਦ ਆਰਥਿਕ ਸੰਕਟ ਵਿਚ ਫਸੇ ਅਮਰੀਕਾ ਨੂੰ ਹੋਰ ਵਧੇਰੇ ਨੂੰ ਨਿਵਾਣਾਂ ਵੱਲ ਧੱਕ ਸਕਦਾ ਹੈ।
ਦੁਨੀਆਂ ਇਸ ਵੇਲੇ ਉਦਾਰ, ਸੂਝਵਾਨ ਅਤੇ ਵਿਕਾਸ ਪੱਖੀ ਨੇਤਾਵਾਂ ਦੀ ਮੰਗ ਕਰਦੀ ਹੈ। ਇਹ ਨੇਤਾ ਅਜਿਹੇ ਹੋਣੇ ਚਾਹੀਦੇ ਹਨ, ਜਿਹੜੇ ਪੂਰੀ ਦੁਨੀਆਂ ਦੇ ਹਿੱਤਾਂ ਨੂੰ ਸਾਹਮਣੇ ਰੱਖ ਕੇ ਚੱਲ ਸਕਦੇ ਹੋਣ। ਅੱਜ ਕੋਈ ਵੀ ਮੁਲਕ ਇਹ ਗੱਲ ਨਹੀਂ ਸਹਾਰ ਸਕਦਾ ਕਿ ਉਹ ਬਾਹਰਲੇ ਮੁਲਕਾਂ ਵਿਚੋਂ ਆਉਣ ਵਾਲੇ ਲੋਕਾਂ ਦੇ ਰੁਝਾਨ ਨੂੰ ਪੂਰੀ ਤਰ੍ਹਾਂ ਠੱਪ ਕਰ ਦੇਵੇ। ਅਮਰੀਕਾ ਦੇ ਗੁਆਂਢੀ ਮੁਲਕ ਕੈਨੇਡਾ ਵਿਚ ਕੰਜ਼ਰਵੇਟਿਵ ਪਾਰਟੀ ਦੇ ਰਾਜ ਦੌਰਾਨ ਇੰਮੀਗਰਾਂਟਸ ਉਪਰ ਸ਼ਿਕੰਜਾ ਕੱਸਿਆ ਗਿਆ। ਇੰਮੀਗ੍ਰੇਸ਼ਨ ਉਪਰ ਅਨੇਕ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਦਿੱਤੀਆਂ। ਨਤੀਜਾ ਇਹ ਹੋਇਆ ਕਿ ਕੈਨੇਡਾ ਵੱਸਦਾ ਸਮੁੱਚਾ ਇੰਮੀਗਰਾਂਟਸ ਭਾਈਚਾਰਾ ਕੰਜ਼ਰਵੇਟਿਵ ਦੇ ਖਿਲਾਫ ਉੱਠ ਖੜ੍ਹਾ ਹੋਇਆ। ਹੁਣ ਜਦ ਕੈਨੇਡਾ ਵਿਚ ਉਦਾਰਵਾਦੀ ਵਿਚਾਰਾਂ ਦੇ ਲਿਬਰਲ ਪਾਰਟੀ ਦੇ ਆਗੂ ਜਸਟਿਨ ਟਰੂਡੋ ਪ੍ਰਧਾਨ ਮੰਤਰੀ ਬਣੇ ਹਨ, ਤਾਂ ਦੇਸ਼ ਵਿਚ ਵੱਸ ਰਹੀਆਂ ਘੱਟ ਗਿਣਤੀਆਂ ਦਾ ਭਰੋਸਾ ਬੇਹੱਦ ਵਧਿਆ ਹੈ। ਖਾਸ ਤੌਰ ‘ਤੇ ਸਿੱਖ ਭਾਈਚਾਰੇ ਨੂੰ ਇਨ੍ਹਾਂ ਚੋਣਾਂ ਵਿਚ ਮਿਲੀ ਸਫਲਤਾ ਅਤੇ ਜਸਟਿਨ ਟਰੂਡੋ ਵੱਲੋਂ ਦਿੱਤੀ ਪ੍ਰਤੀਨਿਧਤਾ ਨੇ ਪੂਰੇ ਕੈਨੇਡਾ ਵਿਚ ਪ੍ਰਵਾਸੀ ਭਾਰਤੀਆਂ, ਖਾਸਕਰ ਸਿੱਖਾਂ ਨੂੰ ਅਜਿਹਾ ਸਕੂਨ ਪਹੁੰਚਾਇਆ ਹੈ ਕਿ ਉਹ ਕੈਨੇਡਾ ਤੋਂ ਆਪਣੀ ਜਾਨ ਵਾਰਨ ਲਈ ਵੀ ਤਿਆਰ ਹੋਣਗੇ। ਜਸਟਿਨ ਟਰੂਡੋ ਦੀ ਇਹ ਭਾਵਨਾ ਹੈ, ਜਿਸ ਨੇ ਕੈਨੇਡਾ ਦੀ ਸਮੁੱਚੀ ਵਸੋਂ ਵਿਚ ਇਕਸੁਰਤਾ ਪੈਦਾ ਕੀਤੀ ਹੈ ਅਤੇ ਸਮੁੱਚੇ ਲੋਕਾਂ ਨੂੰ ਕੈਨੇਡਾ ਹੁਣ ਆਪਣਾ-ਆਪਣਾ ਲੱਗਣ ਲੱਗਿਆ ਹੈ। ਪਰ ਜੇਕਰ ਨਸਲਵਾਦੀ ਅਤੇ ਇੰਮੀਗਰਾਂਟਸ ਦੇ ਵਿਰੁੱਧ ਤਾਕਤਾਂ ਉਭਰਨਗੀਆਂ, ਤਾਂ ਕੁਦਰਤੀ ਹੀ ਅਮਰੀਕਾ ਅੰਦਰ ਵੀ ਇਥੇ ਵਸਣ ਵਾਲੇ ਇੰਮੀਗਰਾਂਟਸ ਵਿਚ ਬੇਭਰੋਸਗੀ ਵਧੇਗੀ ਅਤੇ ਨਸਲੀ ਵਿਤਕਰੇ ਅਤੇ ਹਮਲਿਆਂ ਦਾ ਖਦਸ਼ਾ ਵੀ ਲਗਾਤਾਰ ਬਣਿਆ ਰਹੇਗਾ। ਅਜਿਹੀ ਹਾਲਤ ਵਿਚ ਕੋਈ ਵੀ ਦੇਸ਼ ਨਾ ਤਾਂ ਇਕਜੁੱਟਤਾ ਬਣਾਈ ਰੱਖ ਸਕਦਾ ਹੈ ਅਤੇ ਨਾ ਹੀ ਮਜ਼ਬੂਤੀ ਨਾਲ ਅੱਗੇ ਵਧ ਸਕਦਾ ਹੈ। ਡੈਮੋਕ੍ਰੇਟ ਪਾਰਟੀ ਵੱਲੋਂ ਅਮਰੀਕਾ ਦੀ ਮੌਜੂਦਾ ਵਿਦੇਸ਼ ਸੈਕਟਰੀ ਹਿਲੇਰੀ ਕਲਿੰਟਨ ਰਾਸ਼ਟਰਪਤੀ ਚੋਣਾਂ ‘ਚ ਮੁੱਖ ਦਾਅਵੇਦਾਰ ਹੈ। ਉਸ ਦੇ ਮੁਕਾਬਲੇ ਬਰਨੀ ਸੈਂਡਰਸ ਪ੍ਰਾਇਮਰੀ ਹਾਰਨ ਤੋਂ ਬਾਅਦ ਹਾਲੇ ਵੀ ਚੋਣ ਮੈਦਾਨ ਵਿਚ ਡਟਿਆ ਹੋਇਆ ਹੈ। ਪਰ ਡੈਮੋਕ੍ਰੇਟ ਪਾਰਟੀ, ਬਰਾਕ ਓਬਾਮਾ ਸਮੇਤ ਹੋਰ ਵੀ ਬਹੁਤ ਸਾਰੇ ਉੱਚ ਕੋਟੀ ਦੇ ਆਗੂਆਂ ਨੇ ਹਿਲੇਰੀ ਕਲਿੰਟਨ ਨੂੰ ਆਪਣੀ ਹਮਾਇਤ ਦਾ ਪਹਿਲਾਂ ਹੀ ਐਲਾਨ ਕਰ ਦਿੱਤਾ ਹੈ। ਜਿਸ ਨਾਲ ਹਿਲੇਰੀ ਕਲਿੰਟਨ ਹੀ ਡੈਮੋਕ੍ਰੇਟ ਪਾਰਟੀ ਲਈ ਰਾਸ਼ਟਰਪਤੀ ਦੀ ਉਮੀਦਵਾਰ ਹੋਵੇਗੀ। ਹਿਲੇਰੀ ਕਲਿੰਟਨ ਇਕ ਮੰਝੀ ਹੋਈ ਅਮਰੀਕੀ ਆਗੂ ਹੈ। ਉਸ ਦੇ ਪਤੀ ਬਿਲ ਕਲਿੰਟਨ ਨੇ ਅਮਰੀਕਾ ਦੀ ਰਾਜਨੀਤੀ ਵਿਚ ਇਕ ਅਹਿਮ ਯੋਗਦਾਨ ਪਾਇਆ ਸੀ। ਪਿਛਲੀ ਵਾਰ ਬਰਾਕ ਓਬਾਮਾ ਤੋਂ ਪ੍ਰਾਇਮਰੀ ਚੋਣਾਂ ਹਾਰਨ ਤੋਂ ਬਾਅਦ ਓਬਾਮਾ ਨੇ ਹਿਲੇਰੀ ਦੀ ਆਪਣੀ ਵਜ਼ਾਰਤ ਵਿਚ ਸੈਕਟਰੀ ਦੇ ਤੌਰ ‘ਤੇ ਨਿਯੁਕਤੀ ਕੀਤੀ ਸੀ। ਜਿਸ ਨੂੰ ਇਸ ਨੇ ਬਾਖੂਬੀ ਨਿਭਾਇਆ ਅਤੇ ਵਿਸ਼ਵ ਪੱਧਰ ‘ਤੇ ਆਪਣੀ ਛਾਪ ਛੱਡੀ। ਇਸ ਵਾਰ ਪ੍ਰਾਇਮਰੀ ਚੋਣਾਂ ਵਿਚ ਬਹੁਤ ਸਾਰੇ ਧੁਰੰਧਰਾਂ ਨੂੰ ਹਰਾ ਕੇ ਹਿਲੇਰੀ ਪਹਿਲੇ ਸਥਾਨ ‘ਤੇ ਪੁੱਜੀ ਹੈ। ਬਹੁਤੇ ਅਮਰੀਕੀ ਨਾਗਰਿਕ ਟਰੰਪ ਦੀ ਵਿਦੇਸ਼ ਅਤੇ ਇੰਮੀਗ੍ਰੇਸ਼ਨ ਨੀਤੀ ਦੇ ਖਿਲਾਫ ਹਨ, ਜਿਸ ਦਾ ਸਿੱਧਾ ਫਾਇਦਾ ਹਿਲੇਰੀ ਕਲਿੰਟਨ ਨੂੰ ਹੋਵੇਗਾ।
ਸਾਡੇ ਖਿਆਲ ਮੁਤਾਬਕ ਅਮਰੀਕਨ ਲੋਕਾਂ ਨੂੰ ਅਜਿਹੇ ਰਾਸ਼ਟਰਪਤੀ ਦੀ ਚੋਣ ਕਰਨੀ ਚਾਹੀਦੀ ਹੈ, ਜੋ ਉਦਾਰ ਵਿਚਾਰਾਂ ਦਾ ਧਾਰਨੀ ਹੋਵੇ, ਅਮਰੀਕਾ ਸਮੇਤ ਪੂਰੀ ਦੁਨੀਆਂ ਦੀਆਂ ਸਮੱਸਿਆਵਾਂ ਨੂੰ ਸਮਝਣ ਅਤੇ ਹੱਲ ਕਰਨ ਵਿਚ ਅਗਵਾਈ ਦੇਣ ਵਾਲਾ ਹੋਵੇ। ਖਾਸ ਕਰ ਅਮਰੀਕਾ ਵਿਚ ਵਸਦੇ ਵੱਖ-ਵੱਖ ਘੱਟ ਗਿਣਤੀ ਭਾਈਚਾਰਿਆਂ ਅਤੇ ਲੋਕਾਂ ਦੇ ਮਨਾਂ ਨੂੰ ਜਿੱਤ ਕੇ ਦੇਸ਼ ਅੰਦਰ ਇਕਜੁੱਟਤਾ ਦੀ ਭਾਵਨਾ ਪੈਦਾ ਕਰਨ ਵਾਲਾ ਹੋਵੇ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.