ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਰਾਜਸੀ ਪਾਰਟੀਆਂ ਦੇ ਦਾਅਵਿਆਂ ਬਾਰੇ ਪ੍ਰਵਾਸੀ ਪੰਜਾਬੀ ਸੁਚੇਤ ਹੋਣ
ਰਾਜਸੀ ਪਾਰਟੀਆਂ ਦੇ ਦਾਅਵਿਆਂ ਬਾਰੇ ਪ੍ਰਵਾਸੀ ਪੰਜਾਬੀ ਸੁਚੇਤ ਹੋਣ
Page Visitors: 2810

ਰਾਜਸੀ ਪਾਰਟੀਆਂ ਦੇ ਦਾਅਵਿਆਂ ਬਾਰੇ ਪ੍ਰਵਾਸੀ ਪੰਜਾਬੀ ਸੁਚੇਤ ਹੋਣ

Posted On 13 Jul 2016
5

ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਪੰਜਾਬ ਵਿਚ ਵਿਧਾਨ ਸਭਾ ‘ਚ ਹੁਣ ਜਦ ਕੁਝ ਮਹੀਨੇ ਹੀ ਬਾਕੀ ਰਹਿ ਗਏ ਹਨ, ਤਾਂ ਪੰਜਾਬ ਵਾਸੀਆਂ ਵਾਂਗ ਹੀ ਵਿਦੇਸ਼ਾਂ ਵਿਚ ਵਸਦੇ ਪ੍ਰਵਾਸੀ ਪੰਜਾਬੀਆਂ ਦੀਆਂ ਨਿਗਾਹਾਂ ਵੀ ਇਨ੍ਹਾਂ ਚੋਣਾਂ ਉਪਰ ਲੱਗੀਆਂ ਹੋਈਆਂ ਹਨ। ਪ੍ਰਵਾਸੀ ਪੰਜਾਬੀ ਇਨ੍ਹਾਂ ਚੋਣਾਂ ਨੂੰ ਬੜੀ ਨੀਝ ਨਾਲ ਦੇਖ ਰਹੇ ਹਨ। ਸਭ ਤੋਂ ਵਧੇਰੇ ਦਿਲਚਸਪ ਗੱਲ ਇਹ ਹੈ ਕਿ ਹਰ ਪ੍ਰਵਾਸੀ ਪੰਜਾਬੀ ਦੇ ਮਨ ਵਿਚ ਇਹ ਗੱਲ ਹੈ ਕਿ ਪੰਜਾਬ ਵਿਚ ਨਵੀਂ ਬਣਨ ਵਾਲੀ ਸਰਕਾਰ ਕੀ ਉਨ੍ਹਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਦੇਵੇਗੀ? ਵੱਖ-ਵੱਖ ਰਾਜਸੀ ਪਾਰਟੀਆਂ ਕਿਤੇ ਪਿਛਲੀਆਂ ਚੋਣਾਂ ਦੌਰਾਨ ਕੀਤੇ ਜਾਂਦੇ ਵਾਅਦਿਆਂ ਅਤੇ ਲਾਰਿਆਂ ਵਾਂਗ ਸਿਰਫ ਮੁੜ ਫਿਰ ਗੱਲੀਂਬਾਤੀਂ ਹੀ ਤਾਂ ਨਹੀਂ ਸਾਰ ਦੇਣਗੀਆਂ। ਇਕੱਲੇ ਅਮਰੀਕਾ ਅੰਦਰ ਹੀ ਇਸ ਵੇਲੇ 1 ਮਿਲੀਅਨ ਦੇ ਕਰੀਬ ਸਿੱਖ ਵਸੋਂ ਰਹਿੰਦੀ ਹੈ। ਇਹ ਸਾਰੇ ਲੋਕ ਪੰਜਾਬ ਦੇ ਪਿੰਡਾਂ ਵਿਚੋਂ ਆਏ ਹਨ। ਬਾਹਰਲੇ ਮੁਲਕਾਂ ਵਿਚ ਆ ਵਸੇ ਲੋਕਾਂ ਦਾ ਉਨ੍ਹਾਂ ਦੇ ਪੰਜਾਬ ਵਿਚ ਵਸਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਵਿਚ ਰੁਤਬਾ ਆਗੂ ਪਰਿਵਾਰਕ ਮੈਂਬਰ ਵਾਲਾ ਹੈ। ਇਸ ਕਰਕੇ ਵਿਦੇਸ਼ਾਂ ਵਿਚ ਰਹਿੰਦੀ ਪ੍ਰਵਾਸੀ ਪੰਜਾਬੀ ਵਸੋਂ ਦਾ ਪੰਜਾਬ ਦੀਆਂ ਚੋਣਾਂ ਵਿਚ ਹਮੇਸ਼ਾ ਅਹਿਮ ਰੋਲ ਰਹਿੰਦਾ ਆਇਆ ਹੈ ਅਤੇ ਇਸ ਵਾਰ ਇਹ ਭੂਮਿਕਾ ਹੋਰ ਵਧੇਰੇ ਰਹਿਣ ਦੀ ਉਮੀਦ ਲਗਾਈ ਜਾ ਰਹੀ ਹੈ। ਇਸ ਦਾ ਕਾਰਨ ਇਹ ਹੈ ਕਿ ਇਕ ਤਾਂ ਹੁਣ ਪ੍ਰਵਾਸੀ ਪੰਜਾਬੀ ਪੰਜਾਬ ਵਿਚ ਵਾਪਰਦੀਆਂ ਘਟਨਾਵਾਂ ਬਾਰੇ ਵਧੇਰੇ ਸੁਚੇਤ ਹੋ ਗਏ ਹਨ। ਦੂਜਾ, ਸੋਸ਼ਲ ਮੀਡੀਆ ਦੇ ਪ੍ਰਚਲਿਤ ਹੋਣ ਨਾਲ ਹੁਣ ਹਜ਼ਾਰਾਂ ਮੀਲਾਂ ਦੀਆਂ ਦੂਰਾਂ ਖਤਮ ਹੋ ਗਈਆਂ ਹਨ। ਘਟਨਾਵਾਂ, ਜਾਣਕਾਰੀਆਂ ਅਤੇ ਸੂਚਨਾਵਾਂ ਦਾ ਆਦਾਨ-ਪ੍ਰਦਾਨ ਇੰਨਾ ਤੇਜ਼ ਹੋ ਗਿਆ ਹੈ ਕਿ ਘਟਨਾ ਵਾਪਰਦਿਆਂ ਹੀ ਪੂਰੀ ਦੁਨੀਆ ਵਿਚ ਉਸ ਬਾਰੇ ਜਾਣਕਾਰੀ ਪਹੁੰਚ ਜਾਂਦੀ ਹੈ।
ਪ੍ਰਵਾਸੀ ਪੰਜਾਬੀਆਂ ਦੀਆਂ ਬੜੇ ਲੰਬੇ ਸਮੇਂ ਤੋਂ ਕਾਫੀ ਅਹਿਮ ਸਮੱਸਿਆਵਾਂ ਚਲੀਆਂ ਆ ਰਹੀਆਂ ਹਨ। ਪਰ ਕਿਸੇ ਵੀ ਸਰਕਾਰ ਨੇ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਪੂਰੀ ਲਗਨ ਨਾਲ ਨਾ ਤਾਂ ਨੀਤੀਆਂ ਘੜੀਆਂ ਅਤੇ ਨਾ ਹੀ ਉਨ੍ਹਾਂ ਨੂੰ ਸੰਜੀਦਗੀ ਨਾਲ ਲਾਗੂ ਕੀਤਾ ਗਿਆ। ਬੱਸ ਸਰਕਾਰਾਂ ਵੱਲੋਂ ਐਲਾਨ ਹੀ ਕੀਤੇ ਜਾਂਦੇ ਰਹੇ ਹਨ।
ਪੰਜਾਬ ਵਿਚ ਪ੍ਰਵਾਸੀ ਪੰਜਾਬੀਆਂ ਦੀਆਂ ਜ਼ਮੀਨ-ਜਾਇਦਾਦਾਂ ਉਪਰ ਨਾਜਾਇਜ਼ ਕਬਜ਼ੇ ਸਭ ਤੋਂ ਵੱਡੀ ਸਮੱਸਿਆ ਰਹੀ ਹੈ। ਇਹ ਸਮੱਸਿਆ ਦੋ ਦਹਾਕੇ ਲੰਘ ਜਾਣ ਦੇ ਬਾਵਜੂਦ ਅਜੇ ਵੀ ਉਸੇ ਹੀ ਤਰ੍ਹਾਂ ਕਾਇਮ ਹੈ। ਬਹੁਤ ਸਾਰੇ ਪ੍ਰਵਾਸੀ ਪੰਜਾਬੀ ਜਦ ਪੰਜਾਬ ਵਿਚ ਆਪਣੀਆਂ ਜ਼ਮੀਨ-ਜਾਇਦਾਦਾਂ ਦੇ ਕੇਸਾਂ ਦੀ ਪੈਰਵਾਈ ਕਰਨ ਆਉਂਦੇ ਹਨ ਜਾਂ ਇਨ੍ਹਾਂ ਜ਼ਮੀਨਾਂ ਨੂੰ ਕਬਜ਼ੇ ਤੋਂ ਮੁਕਤ ਕਰਵਾਉਣ ਲਈ ਚਾਰਾਜੋਈ ਕਰਦੇ ਹਨ, ਤਾਂ ਉਲਟਾ ਸਿਆਸਤਦਾਨਾਂ ਅਤੇ ਪੁਲਿਸ ਦੀ ਮਿਲੀਭੁਗਤ ਨਾਲ ਬਹੁਤ ਸਾਰੇ ਕੇਸਾਂ ਵਿਚ ਪ੍ਰਵਾਸੀ ਪੰਜਾਬੀਆਂ ਨੂੰ ਹੀ ਹੋਰ ਝੂਠੇ ਕੇਸਾਂ ਵਿਚ ਫਸਾ ਦਿੱਤਾ ਜਾਂਦਾ ਹੈ।
  ਇਸ ਵੇਲੇ ਇਕੱਲੇ ਦੁਆਬਾ ਖੇਤਰ ਵਿਚ 1400 ਅਜਿਹੇ ਪ੍ਰਵਾਸੀ ਹਨ, ਜਿਨ੍ਹਾਂ ਨੂੰ ਛੋਟੇ-ਮੋਟੇ ਕੇਸਾਂ ਵਿਚ ਉਲਝਾਇਆ ਗਿਆ ਅਤੇ ਫਿਰ ਅਜਿਹੇ ਪ੍ਰਵਾਸੀ ਪੰਜਾਬੀ ਪੰਜਾਬ ਅੰਦਰ ਅਦਾਲਤਾਂ ‘ਚ ਹਾਜ਼ਰ ਨਾ ਹੋ ਸਕੇ, ਜਿਸ ਕਾਰਨ ਉਨ੍ਹਾਂ ਨੂੰ ਅਦਾਲਤਾਂ ਨੇ ਭਗੌੜੇ ਕਰਾਰ ਦੇ ਰੱਖਿਆ ਹੈ। ਇਸੇ ਤਰ੍ਹਾਂ ਵਿਦੇਸ਼ਾਂ ਵਿਚ ਵਸੇ ਪ੍ਰਵਾਸੀ ਪੰਜਾਬੀ ਇਸ ਵੇਲੇ ਭਾਰਤੀ ਪਾਸਪੋਰਟ ਅਤੇ ਵੀਜ਼ਾ ਲੈਣ ਤੋਂ ਵਾਂਝੇ ਕੀਤੇ ਹੋਏ ਹਨ।
 
ਇਹ ਗੱਲ ਜੱਗ ਜ਼ਾਹਿਰ ਹੈ ਕਿ ਪੰਜਾਬ ਵਿਚ ਖਾੜਕੂਵਾਦ ਦੇ ਦੌਰ ਦੌਰਾਨ ਲੱਖਾਂ ਪੰਜਾਬੀ ਰੋਟੀ-ਰੋਜ਼ੀ ਲਈ ਵਿਦੇਸ਼ਾਂ ਨੂੰ ਨਿਕਲ ਤੁਰੇ। ਬਾਹਰਲੇ ਮੁਲਕਾਂ ਵਿਚ ਰਿਹਾਇਸ਼ ਪੱਕੀ ਕਰਨ ਲਈ ਉਨ੍ਹਾਂ ਨੇ ਰਾਜਸੀ ਸ਼ਰਨ ਦਾ ਸਹਾਰਾ ਲਿਆ। ਅਜਿਹੇ ਪ੍ਰਵਾਸੀ ਪੰਜਾਬੀ ਲੰਮੇ ਸਮੇਂ ਤੋਂ ਇਨ੍ਹਾਂ ਮੁਲਕਾਂ ਵਿਚ ਸ਼ਾਂਤਮਈ ਢੰਗ ਨਾਲ ਰਹਿ ਰਹੇ ਹਨ ਅਤੇ ਦਿਨ-ਰਾਤ ਮਿਹਨਤ ਕਰਕੇ ਆਪਣੇ ਚੰਗੇ ਕਾਰੋਬਾਰ ਸਥਾਪਤ ਕਰ ਚੁੱਕੇ ਹਨ। ਹੁਣ ਅਜਿਹੇ ਲੋਕਾਂ ਵੱਲੋਂ ਰਾਜਸੀ ਸ਼ਰਨ ਲਏ ਜਾਣ ਕਾਰਨ ਨਾ ਤਾਂ ਪਾਸਪੋਰਟ ਜਾਰੀ ਕੀਤੇ ਜਾ ਰਹੇ ਹਨ ਅਤੇ ਨਾ ਹੀ ਉਨ੍ਹਾਂ ਨੂੰ ਭਾਰਤ ਜਾਣ ਲਈ ਵੀਜ਼ੇ ਦਿੱਤੇ ਜਾ ਰਹੇ ਹਨ।
  ਹਾਲਾਂਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਫੇਰੀ ਦੌਰਾਨ ਸਿੱਖਾਂ ਦੇ ਇਕ ਵਫਦ ਨੂੰ ਭਰੋਸਾ ਦਿੱਤਾ ਸੀ ਕਿ ਉਹ ਉਨ੍ਹਾਂ ਦੀ ਇਸ ਸਮੱਸਿਆ ਨੂੰ ਹੱਲ ਕਰਨਗੇ। ਪਰ ਅਜੇ ਤੱਕ ਇਸ ਮਾਮਲੇ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਰਾਹਤ ਨਹੀਂ ਮਿਲੀ ਹੈ। ਤੀਜੀ ਵੱਡੀ ਗੱਲ ਇਹ ਹੈ ਕਿ ਪੰਜਾਬ ਤੋਂ ਵਿਦੇਸ਼ਾਂ ਨੂੰ ਆਉਣ-ਜਾਣ ਲਈ ਸਿੱਧੀਆਂ ਕੌਮਾਂਤਰੀ ਹਵਾਈ ਉਡਾਣਾਂ ਚਾਲੂ ਨਹੀਂ ਕੀਤੀਆਂ ਜਾ ਰਹੀਆਂ। ਪੰਜਾਬ ਵਿਚ ਇਸ ਵੇਲੇ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ, ਅੰਮ੍ਰਿਤਸਰ ਅਤੇ ਕੌਮਾਂਤਰੀ ਹਵਾਈ ਅੱਡਾ, ਮੋਹਾਲੀ ਬਣ ਚੁੱਕਾ ਹੈ। ਅੰਮ੍ਰਿਤਸਰ ਦਾ ਹਵਾਈ ਅੱਡਾ ਬਣੇ ਨੂੰ ਤਾਂ ਚਾਰ ਦਹਾਕੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ, ਪਰ ਇਨ੍ਹਾਂ ਦੋਹਾਂ ਹਵਾਈ ਅੱਡਿਆਂ ਤੋਂ ਸਿੱਧੀਆਂ ਹਵਾਈ ਉਡਾਣਾਂ ਚਾਲੂ ਨਹੀਂ ਕੀਤੀਆਂ ਜਾ ਰਹੀਆਂ। ਸਿੱਧੀਆਂ ਕੌਮਾਂਤਰੀ ਹਵਾਈ ਉਡਾਣਾਂ ਨਾ ਹੋਣ ਕਾਰਨ ਪ੍ਰਵਾਸੀ ਪੰਜਾਬੀਆਂ ਨੂੰ ਬੜੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ।
  ਪਹਿਲੀ ਗੱਲ ਤਾਂ ਦਿੱਲੀ ਤੋਂ ਪੰਜਾਬ ਆਉਣ ਲਈ ਮੁੜ 8-10 ਘੰਟੇ ਦਾ ਸਮਾਂ ਬਰਬਾਦ ਹੁੰਦਾ ਹੈ, ਦੂਜਾ ਪਿਛਲੇ ਸਾਲ ਜਾਟ ਅੰਦੋਲਨ ਦੌਰਾਨ ਹਰਿਆਣਾ ਵਿਚ ਪ੍ਰਵਾਸੀ ਪੰਜਾਬੀਆਂ ਨੂੰ ਜਿਸ ਤਰ੍ਹਾਂ ਨਿਸ਼ਾਨਾ ਬਣਾਇਆ ਗਿਆ, ਉਸ ਤੋਂ ਪ੍ਰਵਾਸੀ ਪੰਜਾਬੀਆਂ ਅੰਦਰ ਜਾਨ-ਮਾਲ ਲਈ ਵੱਡੇ ਖਦਸ਼ੇ ਪੈਦਾ ਹੋ ਗਏ। ਕੋਈ ਵੀ ਪ੍ਰਵਾਸੀ ਪੰਜਾਬੀ ਦਿੱਲੀ ਤੋਂ ਹਰਿਆਣਾ ਰਾਹੀਂ ਸੜਕ ਰਸਤੇ ਜਾਣ ਨੂੰ ਸੁਰੱਖਿਅਤ ਨਹੀਂ ਸਮਝ ਰਿਹਾ। ਇਸ ਕਰਕੇ ਪੰਜਾਬ ਲਈ ਸਿੱਧੀਆਂ ਹਵਾਈ ਉਡਾਣਾਂ ਪ੍ਰਵਾਸੀ ਪੰਜਾਬੀਆਂ ਦੀ ਬੜੀ ਵੱਡੀ ਤੇ ਅਹਿਮ ਮੰਗ ਹੈ।
ਇਸ ਤੋਂ ਇਲਾਵਾ ਪ੍ਰਵਾਸੀ ਪੰਜਾਬੀ ਆਪੋ-ਆਪਣੇ ਪਿੰਡਾਂ ਵਿਚ ਵਿਕਾਸ ਕਾਰਜਾਂ ਵਿਚ ਵੱਧ-ਚੜ੍ਹ ਕੇ ਹਿੱਸਾ ਪਾਉਂਦੇ ਹਨ, ਖਾਸ ਕਰਕੇ ਖੇਡਾਂ, ਸਿਹਤ ਅਤੇ ਧਾਰਮਿਕ ਕੰਮਾਂ ਵਿਚ ਉਨ੍ਹਾਂ ਦੀ ਵੱਡੀ ਸੇਵਾ ਹੈ। ਪਰ ਪ੍ਰਵਾਸੀ ਪੰਜਾਬੀਆਂ ਲਈ ਪੰਜਾਬ ਅੰਦਰ ਵਿਕਾਸ ਕਾਰਜਾਂ ਵਿਚ ਹਿੱਸਾ ਪਾਉਣ ਲਈ ਢੁੱਕਵਾਂ ਮਾਹੌਲ ਨਾ ਹੋਣ ਕਾਰਨ ਦਿਲੋਂ ਚਾਹੁੰਦੇ ਹੋਏ ਵੀ ਪ੍ਰਵਾਸੀ ਪੰਜਾਬੀਆਂ ਦਾ ਵੱਡਾ ਹਿੱਸਾ ਪੂੰਜੀ ਨਿਵੇਸ਼ ਕਰਨ ਤੋਂ ਕੰਨੀਂ ਕਤਰਾਉਣ ਲੱਗ ਪਿਆ ਹੈ। ਪ੍ਰਵਾਸੀ ਪੰਜਾਬੀਆਂ ਅੰਦਰ ਇਹ ਤਾਂਘ ਹੈ ਕਿ ਉਹ ਆਪਣੀ ਜਨਮ ਭੂਮੀ ਨਾਲ ਜੁੜੇ ਰਹਿਣ ਅਤੇ ਆਪਣੀ ਅਗਲੀ ਪੀੜ੍ਹੀ ਨੂੰ ਵੀ ਪੰਜਾਬ ਨਾਲ ਜੋੜੀ ਰੱਖਣ।
  ਇਸ ਵਾਸਤੇ ਸਭ ਤੋਂ ਪਹਿਲੀ ਸ਼ਰਤ ਇਹ ਹੈ ਕਿ ਪੰਜਾਬ ਨੂੰ ਅਮਨ-ਕਾਨੂੰਨ ਪੱਖੋਂ ਸੁਰੱਖਿਅਤ ਬਣਾਇਆ ਜਾਵੇ। ਇਸ ਵੇਲੇ ਗੈਂਗਸਟਰ ਗਰੁੱਪਾਂ ਦੀ ਮਾਰ-ਧਾੜ ਦਾ ਸ਼ਿਕਾਰ ਹੈ। ਥਾਂ-ਥਾਂ ਅਜਿਹੇ ਲੁਟੇਰਿਆਂ ਵੱਲੋਂ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨਿੱਤ ਦਾ ਕੰਮ ਬਣਿਆ ਹੋਇਆ ਹੈ। ਪੰਜਾਬ ਸਰਕਾਰ ਖੁਦ ਮੰਨਦੀ ਹੈ ਕਿ ਇਸ ਵੇਲੇ ਸੈਂਕੜੇ ਗੈਂਗਵਾਰ ਗਰੁੱਪ ਪੰਜਾਬ ਵਿਚ ਕੰਮ ਕਰ ਰਹੇ ਹਨ, ਜਿਨ੍ਹਾਂ ਦਾ ਕੰਮ ਲੋਕਾਂ ਦੀਆਂ ਜ਼ਮੀਨ-ਜਾਇਦਾਦਾਂ ਉਪਰ ਕਬਜ਼ੇ ਕਰਨੇ, ਲੁੱਟਾਂ-ਖੋਹਾਂ ਕਰਨੀਆਂ ਅਤੇ ਲੋਕਾਂ ਨੂੰ ਦਹਿਸ਼ਤਜ਼ਦਾ ਕਰਨ ਲਈ ਅਗਵਾ ਅਤੇ ਕੁੱਟਮਾਰ ਦੀਆਂ ਘਟਨਾਵਾਂ ਕਰਨੀਆਂ। ਅਜਿਹੇ ਮਾਹੌਲ ਵਿਚ ਪ੍ਰਵਾਸੀ ਪੰਜਾਬੀ ਕਦੇ ਵੀ ਪੰਜਾਬ ਵੱਲ ਮੂੰਹ ਨਹੀਂ ਕਰਨਗੇ। ਪੰਜਾਬ ਵਿਚ ਇਸ ਵੇਲੇ ਅਮਨ-ਕਾਨੂੰਨ ਦੀ ਹਾਲਤ ਨੂੰ ਕੰਟਰੋਲ ਕਰਨਾ ਸਭ ਤੋਂ ਅਹਿਮ ਤੇ ਵੱਡੀ ਗੱਲ ਹੈ। ਜੇਕਰ ਕੋਈ ਸਰਕਾਰ ਜਾਨ-ਮਾਲ ਦੀ ਰਾਖੀ ਹੀ ਨਹੀਂ ਕਰ ਸਕੇਗੀ, ਤਾਂ ਉਸ ਕੋਲੋਂ ਹੋਰ ਵੱਡੇ ਵਿਕਾਸ ਕਾਰਜਾਂ ਦੀ ਕੀ ਤਵੱਕੋ ਰੱਖੀ ਜਾ ਸਕਦੀ ਹੈ। ਇਸ ਕਰਕੇ ਪ੍ਰਵਾਸੀ ਪੰਜਾਬੀ ਚਾਹੁੰਦੇ ਹਨ ਕਿ ਹਰ ਰਾਜਸੀ ਪਾਰਟੀ ਆਪਣੇ ਚੋਣ ਮੈਨੀਫੈਸਟੋ ਵਿਚ ਉਨ੍ਹਾਂ ਦੇ ਇਹ ਮਸਲੇ ਉਭਾਰੇ ਅਤੇ ਉਨ੍ਹਾਂ ਦੇ ਹੱਲ ਲਈ ਯੋਜਨਾਵਾਂ ਪੇਸ਼ ਕਰੇ।
  ਵੱਖ-ਵੱਖ ਰਾਜਸੀ ਪਾਰਟੀਆਂ ਇਸ ਵੇਲੇ ਆਪਣੇ ਮੈਨੀਫੈਸਟੋ ਤਿਆਰ ਕਰ ਰਹੀਆਂ ਹਨ। ਉਨ੍ਹਾਂ ਵੱਲੋਂ ਹੋਰਨਾਂ ਵਰਗਾਂ ਵਾਂਗ ਹੀ ਪ੍ਰਵਾਸੀ ਪੰਜਾਬੀਆਂ ਦੀਆਂ ਉਮੰਗਾਂ ਅਤੇ ਸਮੱਸਿਆਵਾਂ ਨੂੰ ਹੱਲ ਕਰਨ ਦਾ ਭਰੋਸਾ ਵੀ ਮੈਨੀਫੈਸਟੋ ਵਿਚ ਦਿੱਤਾ ਜਾਣਾ ਹੈ। ਪ੍ਰਵਾਸੀ ਪੰਜਾਬੀ ਹੁਣ ਬੇਹੱਦ ਸੁਚੇਤ ਹੋ ਗਏ ਹਨ। ਉਹ ਪਿਛਲੇ ਸਮੇਂ ਵਿਚ ਲਾਰੇ ਲਾਉਂਦੇ ਲੋਕਾਂ ਉਪਰ ਭਰੋਸਾ ਕਰਨ ਲਈ ਤਿਆਰ ਨਹੀਂ। ਪ੍ਰਵਾਸੀ ਪੰਜਾਬੀਆਂ ਵਿਚ ਬਦਲ ਦੀ ਭਾਵਨਾ ਬੜੀ ਤੇਜ਼ ਨਜ਼ਰ ਆ ਰਹੀ ਹੈ। ਸੋ ਪ੍ਰਵਾਸੀ ਪੰਜਾਬੀਆਂ ਦੀ ਸੋਚ ਅਨੁਸਾਰ ਉਕਤ ਸਾਰੇ ਮਸਲਿਆਂ ਬਾਰੇ ਰਾਜਸੀ ਪਾਰਟੀਆਂ ਨੂੰ ਆਪੋ-ਆਪਣੀ ਵਿਚਾਰਧਾਰਾ ਅਤੇ ਸੋਚ ਮੈਨੀਫੈਸਟੋ ਵਿਚ ਸ਼ਾਮਲ ਕਰਨੀ ਚਾਹੀਦੀ ਹੈ।
  ਪ੍ਰਵਾਸੀ ਪੰਜਾਬੀ ਵੀ ਮਹਿਜ਼ ਲਕੀਰ ਦੇ ਫਕੀਰ ਨਾ ਬਣਨ, ਸਗੋਂ ਪਿਛਲੇ ਸਮਿਆਂ ਦੌਰਾਨ ਵੱਖ-ਵੱਖ ਰਾਜਸੀ ਪਾਰਟੀਆਂ ਦੇ ਅਮਲਾਂ ਨੂੰ ਵੀ ਧਿਆਨ ਵਿਚ ਰੱਖਣ ਅਤੇ ਉਸੇ ਆਧਾਰ ‘ਤੇ ਹੁਣ ਕੀਤੇ ਜਾ ਰਹੇ ਵਾਅਦਿਆਂ ਦੀ ਨਿਰਖ-ਪਰਖ ਕਰਨ। ਪ੍ਰਵਾਸੀ ਪੰਜਾਬੀਆਂ ਲਈ ਇਹ ਬਹੁਤ ਹੀ ਨਾਜ਼ੁਕ ਮੌਕਾ ਹੈ। ਜੇਕਰ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਵਿਕਾਸ ਵਿਚ ਕੁਝ ਹਿੱਸਾ ਪਾਉਣਾ ਹੈ ਅਤੇ ਆਪਣੀਆਂ ਜੜ੍ਹਾਂ ਪੰਜਾਬ ਨਾਲ ਜੁੜੇ ਰਹਿਣਾ ਹੈ, ਤਾਂ ਸਾਨੂੰ ਲਾਜ਼ਮੀ ਹੀ ਸੁਚੇਤ ਹੋ ਕੇ ਉਸ ਰਾਜਸੀ ਧਿਰ ਦੀ ਬਾਂਹ ਫੜਨੀ ਹੋਵੇਗੀ, ਜੋ ਨੇਕ ਨੀਤੀ ਅਤੇ ਇਮਾਨਦਾਰੀ ਨਾਲ ਸਾਡੀਆਂ ਸਮੱਸਿਆਵਾਂ ਸੁਲਝਾਉਣ ਲਈ ਅੱਗੇ ਆਉਣ ਦਾ ਦਾਅਵਾ ਕਰਦੀ ਹੋਵੇ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.