ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਅਮਰੀਕੀ ਸਿਆਸਤ ‘ਚ ਸਰਗਰਮ ਹੋਣ ਪ੍ਰਵਾਸੀ ਪੰਜਾਬੀ
ਅਮਰੀਕੀ ਸਿਆਸਤ ‘ਚ ਸਰਗਰਮ ਹੋਣ ਪ੍ਰਵਾਸੀ ਪੰਜਾਬੀ
Page Visitors: 2596

ਅਮਰੀਕੀ ਸਿਆਸਤ ‘ਚ ਸਰਗਰਮ ਹੋਣ ਪ੍ਰਵਾਸੀ ਪੰਜਾਬੀ

Posted On 27 Jul 2016
2

ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਅਮਰੀਕਾ ‘ਚ ਇਸ ਵੇਲੇ ਰਾਸ਼ਟਰਪਤੀ ਦੀ ਚੋਣ ਲਈ ਮੈਦਾਨ ਭੱਖ ਰਿਹਾ ਹੈ। ਡੈਮੋਕ੍ਰੇਟਿਕ ਤੇ ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਲਈ ਉਮੀਦਵਾਰ ਐਲਾਨੇ ਜਾਣ ਲਈ ਮੁਹਿੰਮ ਜ਼ੋਰਾਂ ਉਪਰ ਹੈ। ਰਾਸ਼ਟਰਪਤੀ ਦੀ ਚੋਣ ਅਮਰੀਕੀ ਰਾਜਨੀਤੀ ਵਿਚ ਸਭ ਤੋਂ ਵੱਧ ਰਾਜਸੀ ਸਰਗਰਮੀ ਵਾਲੀ ਚੋਣ ਸਮਝੀ ਜਾਂਦੀ ਹੈ ਅਤੇ ਇਸ ਚੋਣ ਵਿਚ ਪੂਰੇ ਅਮਰੀਕਾ ਦੇ ਵਾਸੀ ਬੜੇ ਜੋਸ਼-ਖਰੋਸ਼ ਨਾਲ ਹਿੱਸਾ ਲੈਂਦੇ ਹਨ। ਅਮਰੀਕਾ ਵਿਚ ਵਸਦੇ ਪੰਜਾਬੀਆਂ, ਖਾਸ ਕਰ ਸਿੱਖਾਂ ਲਈ ਇਹ ਸਰਗਰਮੀ ਬੜੀ ਮਹੱਤਤਾ ਵਾਲੀ ਹੈ। ਕਿਉਂਕਿ ਅਮਰੀਕਾ ਵਿਚ ਸਿੱਖਾਂ ਦੀ ਪਛਾਣ ਬਾਰੇ ਪੂਰੀ ਤਰ੍ਹਾਂ ਜਾਣਕਾਰੀ ਨਾ ਹੋਣ ਅਤੇ ਕਈ ਤਰ੍ਹਾਂ ਦੀਆਂ ਗਲਤਫਹਿਮੀਆਂ ਹੋਣ ਕਾਰਨ ਸਿੱਖਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
  ਰਾਸ਼ਟਰਪਤੀ ਚੋਣ ਦੀ ਸਰਗਰਮੀ ਵਿਚ ਜੇਕਰ ਸਿੱਖ, ਖਾਸਕਰ ਸਾਬਤ ਸੂਰਤ ਪਗੜੀਧਾਰੀ ਵੱਧ ਤੋਂ ਵੱਧ ਗਿਣਤੀ ਵਿਚ ਸ਼ਮੂਲੀਅਤ ਕਰਦੇ ਹਨ, ਤਾਂ ਇਸ ਨਾਲ ਸਿੱਖਾਂ ਦੀ ਪਛਾਣ ਬਾਰੇ ਅਮਰੀਕੀ ਲੋਕ ਵਧੇਰੇ ਜਾਗ੍ਰਿਤ ਹੁੰਦੇ ਹਨ ਅਤੇ ਸਿੱਖਾਂ ਦੀ ਵੱਖਰੀ ਪਛਾਣ ਬਾਰੇ ਉਨ੍ਹਾਂ ਨੂੰ ਜਾਣਕਾਰੀ ਮਿਲਦੀ ਹੈ।
ਪਿਛਲੇ ਦਿਨਾਂ ਵਿਚ ਅਸੀਂ ਵੇਖਿਆ ਕਿ ਦੋਵਾਂ ਪਾਰਟੀਆਂ ਦੇ ਡੈਲੀਗੇਟ ਇਜਲਾਸਾਂ ਵਿਚ ਸਾਬਤ-ਸੂਰਤ ਪਗੜੀਧਾਰੀ ਸਿੱਖਾਂ ਦੀ ਸ਼ਮੂਲੀਅਤ ਨੂੰ ਅਮਰੀਕੀ ਮੀਡੀਆ, ਖਾਸਕਰ ਟੀ.ਵੀ. ਚੈਨਲਾਂ ਨੇ ਬੜੀ ਮਹੱਤਤਾ ਦਿੱਤੀ। ਇਸ ਤੋਂ ਪਹਿਲਾਂ ਵੀ ਪੰਜਾਬੀ ਅਮਰੀਕੀ ਰਾਜਨੀਤੀ ਵਿਚ ਕਾਫੀ ਸਰਗਰਮੀ ਕਰਦੇ ਆਏ ਹਨ ਅਤੇ ਦਲੀਪ ਸਿੰਘ ਸੌਂਧ ਵਰਗੇ ਕਾਂਗਰਸਮੈਨ ਬਣਨ ਵਿਚ ਵੀ ਕਾਮਯਾਬ ਹੁੰਦੇ ਰਹੇ ਹਨ। ਪਰ ਅਮਰੀਕੀ ਸਿਆਸਤ ਵਿਚ ਮੁਕਾਮ ਹਾਸਲ ਕਰਨ ਵਾਲੇ ਇਹ ਲੋਕ ਆਮ ਕਰਕੇ ਗੈਰ ਪਗੜੀਧਾਰੀ ਪੰਜਾਬੀ ਹੀ ਅੱਗੇ ਆਉਂਦੇ ਰਹੇ ਹਨ, ਜਿਸ ਕਰਕੇ ਸਿੱਖਾਂ ਦੀ ਪਛਾਣ ਬਣਾਉਣ ਵਿਚ ਉਨ੍ਹਾਂ ਦਾ ਕੋਈ ਅਹਿਮ ਯੋਗਦਾਨ ਨਹੀਂ ਬਣ ਸਕਿਆ।
  ਇਸ ਦੇ ਉਲਟ ਜੇਕਰ ਅਸੀਂ ਕੈਨੇਡਾ ਦੀ ਸਿਆਸਤ ਉਪਰ ਨਜ਼ਰ ਮਾਰੀਏ, ਤਾਂ ਉਥੇ ਸਾਨੂੰ ਸ਼ੁਰੂ ਤੋਂ ਹੀ ਵੱਖ-ਵੱਖ ਰਾਜਾਂ ਦੀਆਂ ਵਿਧਾਨ ਸਭਾਵਾਂ ਅਤੇ ਫੈਡਰਲ ਸਰਕਾਰ ਵਿਚ ਬਣਦੇ ਪਾਰਲੀਮੈਂਟ ਮੈਂਬਰਾਂ ਵਿਚ ਸਾਬਤ-ਸੂਰਤ ਪਗੜੀਧਾਰੀ ਸਿੱਖਾਂ ਦੀ ਗਿਣਤੀ ਕਾਫੀ ਨਜ਼ਰ ਆਉਂਦੀ ਹੈ। ਇਸ ਵੇਲੇ ਫੈਡਰਲ ਸਰਕਾਰ ਵਿਚ ਸ਼ਾਮਲ ਸ. ਹਰਜੀਤ ਸਿੰਘ ਸੱਜਣ ਅਤੇ ਸ. ਨਵਦੀਪ ਸਿੰਘ ਬੈਂਸ ਸਾਬਤ ਸੂਰਤ ਪਗੜੀਧਾਰੀ ਸਿੱਖ ਹੋਣ ਕਾਰਨ ਸਿੱਖਾਂ ਦੀ ਮਕਬੂਲੀਅਤ ਉਥੇ ਵਧੇਰੇ ਬਣੀ ਹੋਈ ਹੈ। ਅਮਰੀਕਾ ਵਿਚ ਇਸ ਵੇਲੇ ਵੱਖ-ਵੱਖ ਨਗਰ ਕੌਂਸਲਾਂ ‘ਚ ਬਹੁਤ ਸਾਰੇ ਪੰਜਾਬੀ ਕੌਂਸਲਰ ਹਨ। ਕਈ ਥਾਈਂ ਕੌਂਸਲਰਾਂ ਦੇ ਮੇਅਰ ਵੀ ਪੰਜਾਬੀ ਬਣੇ ਹੋਏ ਹਨ। ਪਰ ਪਗੜੀਧਾਰੀ ਨਾ ਹੋਣ ਕਾਰਨ ਉਹ ਸਿੱਖਾਂ ਦੀ ਪਛਾਣ ਸਥਾਪਿਤ ਕਰਨ ਵਿਚ ਬਹੁਤੇ ਕਾਮਯਾਬ ਨਹੀਂ ਹਨ।
  ਅਮਰੀਕੀ ਸਿੱਖਾਂ ਨੂੰ ਇਨ੍ਹਾਂ ਸਾਰੇ ਅਦਾਰਿਆਂ ਅਤੇ ਰਾਜਸੀ ਪਾਰਟੀਆਂ ਨਾਲ ਲਗਾਅ ਰੱਖਣਾ ਚਾਹੀਦਾ ਹੈ ਅਤੇ ਸਰਗਰਮ ਹੋਣਾ ਚਾਹੀਦਾ ਹੈ, ਕਿਉਂਕਿ ਸਾਡੇ ਭਾਈਚਾਰੇ ਦੇ ਲੋਕ ਜਦ ਅਮਰੀਕੀ ਲੋਕਾਂ ਦੇ ਅਜਿਹੇ ਪ੍ਰਬੰਧਕੀ ਅਤੇ ਰਾਜਸੀ ਅਦਾਰਿਆਂ ਵਿਚ ਸਰਗਰਮ ਹੋਣਗੇ, ਤਾਂ ਕੁਦਰਤੀ ਹੀ ਸਾਡੇ ਲੋਕਾਂ ਪ੍ਰਤੀ ਉਨ੍ਹਾਂ ਦਾ ਸਨੇਹ ਵੀ ਵਧੇਗਾ ਅਤੇ ਸਾਡੇ ਬਾਰੇ ਉਹ ਜਾਣਕਾਰੀ ਵੀ ਹਾਸਲ ਕਰਨਗੇ। ਇਸ ਨਾਲ ਅਮਰੀਕਾ ਵਿਚ ਸਾਡੇ ਲੋਕਾਂ ਉੱਪਰ ਬੇਲੋੜੀ ਸ਼ੱਕ ਦੀ ਉੱਠਣ ਵਾਲੀ ਉਂਗਲ ਖਤਮ ਹੋਵੇਗੀ ਅਤੇ ਆਮ ਅਮਰੀਕੀਆਂ ਨੂੰ ਸਾਡੇ ਭਾਈਚਾਰੇ ਦੇ ਲੋਕਾਂ ਉੱਪਰ ਭਰੋਸਾ ਬੱਝੇਗਾ। ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਦੁਨੀਆਂ ਭਰ ਵਿਚ ਇਹ ਗੱਲ ਆਮ ਪ੍ਰਵਾਨ ਕੀਤੀ ਜਾਂਦੀ ਹੈ ਕਿ ਰਾਜਸੀ ਸਰਗਰਮੀ ਵੀ ਵੱਖ-ਵੱਖ ਵਰਗਾਂ ਅਤੇ ਕੌਮਾਂ ਦੇ ਲੋਕਾਂ ਨੂੰ ਇਕ ਪਲੇਟਫਾਰਮ ਉਪਰ ਆਉਣ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ। ਅਮਰੀਕਾ ਵਿਚ ਵੀ ਇਹ ਗੱਲ ਸੱਚ ਹੈ। ਜੇਕਰ ਅਸੀਂ ਅਮਰੀਕਾ ਦੇ ਵੱਖ-ਵੱਖ ਅਦਾਰਿਆਂ ਦੀਆਂ ਚੋਣਾਂ ਵਿਚ ਸਰਗਰਮ ਭੂਮਿਕਾ ਨਿਭਾਵਾਂਗੇ ਅਤੇ ਰਾਸ਼ਟਰਪਤੀ ਦੀ ਚੋਣ ਦੇ ਮਹਾਂਕੁੰਭ ਵਿਚ ਹਿੱਸਾ ਪਾਵਾਂਗੇ, ਤਾਂ ਲਾਜ਼ਮੀ ਹੀ ਸਿੱਖਾਂ ਬਾਰੇ ਬਣੇ ਗਲਤ ਪ੍ਰਭਾਵ ਖੁਦ-ਬ-ਖੁਦ ਦੂਰ ਹੁੰਦੇ ਜਾਣਗੇ।
  ਸੋ ਪੰਜਾਬੀਆਂ ਨੂੰ ਇਹ ਗੱਲ ਸੁਚੇਤ ਰੂਪ ਵਿਚ ਸਮਝਣੀ ਚਾਹੀਦੀ ਹੈ ਕਿ ਹੁਣ ਜਦ ਸਾਡੀ ਹੋਣੀ ਅਮਰੀਕਾ ਦੀ ਧਰਤੀ ਨਾਲ ਜੁੜ ਗਈ ਹੈ, ਤਾਂ ਸਾਨੂੰ ਇਥੋਂ ਦੇ ਲੋਕਾਂ ਨਾਲ ਡੂੰਘੀ ਸਾਂਝ ਪਾਉਂਣ ਲਈ ਲਗਾਤਾਰ ਯਤਨਸ਼ੀਲ ਰਹਿਣਾ ਪਵੇਗਾ। ਅਜਿਹਾ ਕਰਕੇ ਹੀ ਅਸੀਂ ਅਮਰੀਕਾ ਦੀ ਬੇਗਾਨੀ ਧਰਤੀ ਨੂੰ ਮਾਨਸਿਕ ਤੌਰ ‘ਤੇ ਆਪਣੀ ਧਰਤੀ ਵਜੋਂ ਸਵਿਕਾਰ ਕਰ ਸਕਾਂਗੇ ਅਤੇ ਅਮਰੀਕੀ ਲੋਕਾਂ ਵਿਚ ਵੀ ਇਹ ਅਹਿਸਾਸ ਜਗਾ ਸਕਾਂਗੇ ਕਿ ਅਸੀਂ ਵੀ ਉਨ੍ਹਾਂ ਲੋਕਾਂ ਦੇ ਹੀ ਅੰਗੀ-ਸੰਗੀ ਹਾਂ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.