ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਡੈਮੋਕ੍ਰੇਟਿਕ ਡੈਲੀਗੇਟ ਇਜਲਾਸ ਸਿੱਖਾਂ ਲਈ ਸਬਕ
ਡੈਮੋਕ੍ਰੇਟਿਕ ਡੈਲੀਗੇਟ ਇਜਲਾਸ ਸਿੱਖਾਂ ਲਈ ਸਬਕ
Page Visitors: 2622

ਡੈਮੋਕ੍ਰੇਟਿਕ ਡੈਲੀਗੇਟ ਇਜਲਾਸ ਸਿੱਖਾਂ ਲਈ ਸਬਕ

Posted On 03 Aug 2016
5

ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਪਿਛਲੇ ਹਫਤੇ ਅਮਰੀਕਾ ਦੇ ਰਾਸ਼ਟਰਪਤੀ ਦੀ ਨਵੰਬਰ ‘ਚ ਹੋਣ ਵਾਲੀ ਚੋਣ ਲਈ ਡੈਮੋਕ੍ਰੇਟਿਕ ਪਾਰਟੀ ਦੇ ਕੌਮੀ ਡੈਲੀਗੇਟਾਂ ਅਤੇ ਹੋਰ ਬਹੁਤ ਸਾਰੇ ਅਹਿਮ ਆਗੂਆਂ ਦਾ ਫਿਲਾਡਲਫੀਆ ਵਿਚ 4 ਦਿਨ ਹੋਇਆ ਡੈਲੀਗੇਟ ਇਜਲਾਸ ਸਿੱਖਾਂ ਲਈ ਬੜੇ ਅਹਿਮ ਸਬਕ ਛੱਡ ਗਿਆ ਹੈ। ਪੂਰੇ ਅਮਰੀਕਾ ਭਰ ਵਿਚੋਂ ਇਸ ਡੈਲੀਗੇਟ ਇਜਲਾਸ ਵਿਚ 50 ਹਜ਼ਾਰ ਦੇ ਕਰੀਬ ਡੈਲੀਗੇਟ ਤੇ ਹੋਰ ਅਹਿਮ ਆਗੂ ਸ਼ਾਮਲ ਸਨ। ਡੈਲੀਗੇਟ ਇਜਲਾਸ ਵਿਚ ਹਿਲੇਰੀ ਕਲਿੰਟਨ ਨੂੰ ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਵਜੋਂ ਚੁਣਿਆ ਗਿਆ ਹੈ। ਵਰਣਨਯੋਗ ਹੈ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿੱਲ ਕਲਿੰਟਨ ਦੀ ਪਤਨੀ ਹਿਲੇਰੀ ਕਲਿੰਟਨ ਇਸ ਤੋਂ ਪਹਿਲਾਂ ਅਮਰੀਕਾ ਦੇ ਉਪ ਰਾਸ਼ਟਰਪਤੀ ਅਤੇ ਵਿਦੇਸ਼ ਸਕੱਤਰ ਦੇ ਅਹਿਮ ਅਹੁਦਿਆਂ ਉਪਰ ਕੰਮ ਕਰ ਚੁੱਕੀ ਹੈ। ਫਿਲਾਡਲਫੀਆ ਵਿਖੇ ਹੋਏ ਇਸ ਚਾਰ ਰੋਜ਼ਾ ਡੈਲੀਗੇਟ ਇਜਲਾਸ ਵਿਚ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ, ਉਨ੍ਹਾਂ ਦੀ ਧਰਮ ਪਤਨੀ ਮਿਸ਼ੇਲ ਓਬਾਮਾ, ਉਪ ਰਾਸ਼ਟਰਪਤੀ ਜੋਅ ਬਿਡਨ, ਹਿਲੇਰੀ ਕਲਿੰਟਨ ਵਿਰੁੱਧ ਉਮੀਦਵਾਰ ਬਣਨ ਦੀ ਦੌੜ ‘ਚ ਸ਼ਾਮਲ ਬਰਨੀ ਸੈਂਡਰਸ, ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ, ਉਪ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਟਿਮ ਕੇਨੀ ਆਦਿ ਵਿਸ਼ੇਸ਼ ਹਸਤੀਆਂ ਇਸ ਮੌਕੇ ਹਾਜ਼ਰ ਸਨ। ਡੈਲੀਗੇਟ ਇਜਲਾਸ ਵਿਚ 25 ਸਾਲ ਦੇ ਕਰੀਬ ਕੌਮੀ ਡੈਲੀਗੇਟਾਂ ਤੋਂ ਇਲਾਵਾ ਡੈਮੋਕ੍ਰੇਟਿਕ ਪਾਰਟੀ ਦੇ ਸਾਰੇ ਕਾਂਗਰਸਮੈਨ, ਸੈਨੇਟਰ ਅਤੇ ਹੋਰ ਦੂਸਰੇ ਆਗੂ ਇਸ ਮੌਕੇ ਹਾਜ਼ਰ ਹੋਏ। ਚਾਰ ਦਿਨ ਦੀ ਲੰਬੀ ਵਿਚਾਰ-ਚਰਚਾ ਤੋਂ ਬਾਅਦ ਹਿਲੇਰੀ ਕਲਿੰਟਨ ਨੂੰ ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਬਣਾਏ ਜਾਣ ਦਾ ਐਲਾਨ ਕੀਤਾ ਗਿਆ। ਖਾਸ ਗੱਲ ਇਹ ਸੀ ਕਿ ਕਲਿੰਟਨ ਦੇ ਪੱਖ ਵਿਚ ਬਰਾਕ ਓਬਾਮਾ ਸਮੇਤ ਹੋਰ ਆਗੂ ਖੁੱਲ੍ਹ ਕੇ ਬੋਲੇ। ਉਨ੍ਹਾਂ ਕਿਹਾ ਕਿ ਹਿਲੇਰੀ ਕਲਿੰਟਨ ਇਕ ਤਜ਼ਰਬੇਕਾਰ ਅਤੇ ਦਮ ਰੱਖਣ ਵਾਲੀ ਆਗੂ ਔਰਤ ਹੈ। ਉਨ੍ਹਾਂ ਦੀ ਅਗਵਾਈ ਵਿਚ ਅਮਰੀਕਾ ਅਤੇ ਪੂਰੀ ਦੁਨੀਆਂ ਦੇ ਹਿੱਤ ਸੁਰੱਖਿਅਤ ਰਹਿ ਸਕਣਗੇ।
ਇਹ ਗੱਲ ਬੜੇ ਨੋਟ ਕਰਨ ਵਾਲੀ ਹੈ ਕਿ ਅਮਰੀਕਾ ਵਿਚ ਇਸ ਸਮੇਂ 1 ਮਿਲੀਅਨ ਦੇ ਕਰੀਬ ਸਿੱਖ ਵਸੋਂ ਹੈ। 5 ਲੱਖ ਤੋਂ ਵਧੇਰੇ ਸਿੱਖ ਇਸ ਵੇਲੇ ਅਮਰੀਕੀ ਨਾਗਰਿਕ ਹਨ। ਇਹ ਗੱਲ ਬੜੇ ਅਫਸੋਸ ਵਾਲੀ ਹੈ ਕਿ ਇੰਨੀ ਵੱਡੀ ਵਸੋਂ ਵਿਚੋਂ ਡੈਮੋਕ੍ਰੇਟਿਕ ਪਾਰਟੀ ਦੇ ਕੌਮੀ ਡੈਲੀਗੇਟ ਇਜਲਾਸ ਵਿਚ ਪੱਗੜੀਧਾਰੀ ਸਿੱਖ ਡੈਲੀਗੇਟਾਂ ਦੀ ਗਿਣਤੀ ਸਿਰਫ 5 ਸੀ। ਪਰ ਫਿਰ ਵੀ ਸਿੱਖ ਕੌਮ ਦੇ ਨਿਆਰੇਪਣ ਦਾ ਇਹ ਕ੍ਰਿਸ਼ਮਾ ਹੈ ਕਿ 50 ਹਜ਼ਾਰ ਲੋਕਾਂ ਦੀ ਗਿਣਤੀ ਵਿਚ ਪੱਗੜੀਧਾਰੀ 5 ਸਿੱਖਾਂ ਡੈਲੀਗੇਟ ਹੀ ਚਮਕਦੇ ਰਹੇ। ਇਸ ਮੌਕੇ ਕੌਮਾਂਤਰੀ ਪੱਧਰ ਤੋਂ ਟੀ.ਵੀ. ਚੈਨਲ ਅਤੇ ਅਖ਼ਬਾਰਾਂ ਦੇ ਨੁਮਾਇੰਦੇ ਪਹੁੰਚੇ ਹੋਏ ਸਨ। ਕੌਮਾਂਤਰੀ ਪੱਧਰ ‘ਤੇ ਚੱਲਣ ਵਾਲੇ ਟੀ.ਵੀ. ਚੈਨਲਾਂ ਵਿਚ ਸੀ.ਐੱਨ.ਐੱਨ., ਬੀ.ਬੀ.ਸੀ., ਏ.ਬੀ.ਸੀ., ਫੌਕਸ, ਕੇ.ਸੀ.ਆਰ.ਏ., ਐੱਮ.ਐੱਸ.ਬੀ.ਐੱਨ. ਸਮੇਤ ਸੈਂਕੜੇ ਟੀ.ਵੀ. ਚੈਨਲ ਇਸ ਸਾਰੇ ਪ੍ਰੋਗਰਾਮ ਦੀ ਲਾਈਵ ਕਵਰੇਜ ਦੇ ਰਹੇ ਸਨ। ਇਨ੍ਹਾਂ ਤੋਂ ਇਲਾਵਾ ਨਿਊਯਾਰਕ ਟਾਈਮਜ਼, ਸਨ, ਵਾਸ਼ਿੰਗਟਨ ਟਾਈਮਜ਼ ਵਰਗੇ ਵੱਡੇ ਅਖ਼ਬਾਰਾਂ ਨੇ ਭਰਵੀਂ ਕਵਰੇਜ ਕੀਤੀ। ਡੈਲੀਗੇਟ ਸਮਾਗਮ ਵਿਚ ਹਾਜ਼ਰ 5 ਸਿੱਖਾਂ ਦੀਆਂ ਲਗਾਤਾਰ ਟੀ.ਵੀ. ਚੈਨਲ ਅਤੇ ਅਖਬਾਰਾਂ ਵਾਲੇ ਇੰਟਰਵਿਊ ਲੈਂਦੇ ਰਹੇ। ਸਾਰੇ ਮੀਡੀਏ ਵਿਚ ਇਨ੍ਹਾਂ ਸਿੱਖਾਂ ਦੀਆਂ ਤਸਵੀਰਾਂ ਛਪੀਆਂ। ਇੱਥੋਂ ਤੱਕ ਕਿ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਬਣੀ ਹਿਲੇਰੀ ਕਲਿੰਟਨ, ਬਰਨੀ ਸੈਂਡਰਜ਼ ਅਤੇ ਜੋਅ ਬਿਡਨ ਨੇ ਤਾਂ ਆਪਣੇ ਭਾਸ਼ਣਾਂ ਵਿਚ ਸਿੱਖ ਭਾਈਚਾਰੇ ਦਾ ਉਚੇਚੇ ਤੌਰ ‘ਤੇ ਜ਼ਿਕਰ ਵੀ ਕੀਤਾ। ਡੈਮੋਕ੍ਰੇਟਿਕ ਆਗੂਆਂ ਵੱਲੋਂ ਆਪਣੇ ਭਾਸ਼ਣ ਵਿਚ ਸਿੱਖ ਭਾਈਚਾਰੇ ਦਾ ਜ਼ਿਕਰ ਆਉਣਾ ਹੀ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਅਮਰੀਕੀ ਸਿਆਸਤ ਵਿਚ ਸਿੱਖਾਂ ਦੀ ਭੂਮਿਕਾ ਦਾ ਦਖਲ ਹੋਣਾ ਪੂਰੀ ਤਰ੍ਹਾਂ ਬਣ ਚੁੱਕਾ ਹੈ। ਡੈਲੀਗੇਟ ਇਜਲਾਸ ਵਿਚ ਸਿੱਖ ਡੈਲੀਗੇਟਾਂ ਦੀ ਗਿਣਤੀ ਭਾਵੇਂ ਨਿਗੂਣੀ ਹੀ ਸੀ, ਪਰ ਫਿਰ ਵੀ ਜਿਸ ਤਰ੍ਹਾਂ ਮੀਡੀਆ ਅਤੇ ਅਮਰੀਕੀ ਸਿਆਸਤਦਾਨਾਂ ਵੱਲੋਂ ਉਨ੍ਹਾਂ ਦਾ ਨੋਟਿਸ ਲਿਆ ਗਿਆ, ਉਹ ਆਪਣੇ ਆਪ ਵਿਚ ਹੀ ਬੜਾ ਅਹਿਮ ਹੈ। ਡੈਲੀਗੇਟ ਇਜਲਾਸ ਦੀ ਸਟੇਜ ਉਪਰ ਸ਼ਾਨਦਾਰ ਸੇਵਾਵਾਂ ਨੂੰ ਫੌਜੀ ਅਫਸਰਾਂ ਦੇ ਇਕ ਗਰੁੱਪ ਨੂੰ ਜਦ ਸੱਦਿਆ ਗਿਆ, ਤਾਂ ਇਸ ਗਰੁੱਪ ਵਿਚ ਗੁਲਾਬੀ ਦਸਤਾਰ ਬੰਨ੍ਹ ਕੇ ਸ਼ਾਮਲ ਹੋਏ ਫੌਜੀ ਅਫਸਰ ਮੇਜਰ ਕਮਲਜੀਤ ਸਿੰਘ ਕਲਸੀ ਜਦੋਂ ਸਟੇਜ ਉਪਰ ਆਏ, ਤਾਂ ਇਹ ਸਿੱਖ ਭਾਈਚਾਰੇ ਲਈ ਬੇਹੱਦ ਮਾਣ ਵਾਲਾ ਮੌਕਾ ਸੀ। ਇਸ ਗੱਲ ਨਾਲ ਉਥੇ ਹਾਜ਼ਰ 50 ਹਜ਼ਾਰ ਦੇ ਕਰੀਬ ਡੈਲੀਗੇਟਾਂ ਵਿਚ ਹੀ ਨਹੀਂ, ਸਗੋਂ ਪੂਰੀ ਦੁਨੀਆਂ ਵਿਚ ਲਾਈਵ ਪ੍ਰਸਾਰਣਾਂ ਦੇਖ ਰਹੇ ਲੋਕਾਂ ਨੂੰ ਵੀ ਸਿੱਖਾਂ ਅਤੇ ਉਨ੍ਹਾਂ ਦੀ ਪਛਾਣ ਬਾਰੇ ਬੜਾ ਗਹਿਰਾ ਅਹਿਸਾਸ ਹੋਇਆ ਹੋਵੇਗਾ।
ਡੈਲੀਗੇਟ ਇਜਲਾਸ ਵਿਚ ਸਿੱਖ ਡੈਲੀਗੇਟਾਂ ਦੇ ਸ਼ਾਮਲ ਹੋਣ ਨਾਲ ਸਿੱਖਾਂ ਦੀ ਪਛਾਣ ਬਾਰੇ ਅਮਰੀਕਾ ਦੇ ਲੋਕਾਂ ਅੰਦਰ ਪੈਦਾ ਹੋਈ ਗਲਤਫਹਿਮੀ ਅਤੇ ਸਿੱਖਾਂ ਦੀ ਪਛਾਣ ਬਾਰੇ ਵਿਆਪਕ ਜਾਣਕਾਰੀ ਦੇਣ ਦਾ ਵੀ ਇਹ ਇਕ ਬੜਾ ਅਹਿਮ ਅਤੇ ਨਿਵੇਕਲਾ ਮੌਕਾ ਸੀ। 9/11 ਦੇ ਹਮਲੇ ਤੋਂ ਬਾਅਦ ਅਮਰੀਕਾ ਵਿਚ ਸਿੱਖ ਪਹਿਚਾਣ ਦਾ ਮੁੱਦਾ ਬੜੀ ਸ਼ਿੱਦਤ ਅਤੇ ਤੇਜ਼ੀ ਨਾਲ ਉਭਰਿਆ ਹੈ। ਪਿਛਲੇ 14-15 ਸਾਲਾਂ ਦੌਰਾਨ ਅਮਰੀਕਾ ਵਿਚ ਅਨੇਕਾਂ ਵਾਰ ਸਿੱਖਾਂ ਉਪਰ ਹਮਲੇ ਹੋਏ ਹਨ ਅਤੇ ਕਈਆਂ ਨੂੰ ਜਾਨ ਤੋਂ ਵੀ ਹੱਥ ਧੋਣੇਂ ਪਏ ਹਨ। ਅਜਿਹੇ ਵਿਚ ਸਿੱਖਾਂ ਵੱਲੋਂ ਅਮਰੀਕਾ ਭਰ ਵਿਚ ਆਪਣੀ ਪਛਾਣ ਬਾਰੇ ਪੈਦਾ ਹੋਏ ਸ਼ੰਕਿਆਂ ਅਤੇ ਭੁਲੇਖਿਆਂ ਨੂੰ ਦੂਰ ਕਰਨ ਲਈ ਬੜੇ ਯਤਨ ਕੀਤੇ ਗਏ ਹਨ। ਬਹੁਤ ਸਾਰੇ ਥਾਂਈਂ ਪੈਸੇ ਖਰਚ ਕਰਕੇ ਸਿੱਖ ਪਹਿਚਾਣ ਬਾਰੇ ਜਾਣਕਾਰੀ ਦੇਣ ਦੀ ਵੀ ਯਤਨ ਹੋਏ ਹਨ। ਪਰ ਸਿੱਖਾਂ ਦੀ ਪਹਿਚਾਣ ਬਾਰੇ ਜਿਸ ਤਰ੍ਹਾਂ ਸਿਆਸੀ ਸਰਗਰਮੀ ਰਾਹੀਂ ਅਮਰੀਕੀ ਲੋਕਾਂ ਦੀ ਗੱਲ ਪਹੁੰਚਾਈ ਜਾ ਸਕਦੀ ਹੈ, ਹੋਰ ਕਿਸੇ ਵੀ ਸਾਧਨ ਰਾਹੀਂ ਇੰਨੀ ਤੇਜ਼ੀ ਨਾਲ ਨਹੀਂ ਪਹੁੰਚਾਈ ਜਾ ਸਕਦੀ। ਫਿਲਾਡਲਫੀਆ ‘ਚ ਹੋਏ 4 ਰੋਜ਼ਾ ਡੈਲੀਗੇਟ ਇਜਲਾਸ ਦਾ ਇਹ ਬੜਾ ਵੱਡਾ ਸਬਕ ਹੈ ਕਿ ਸਿੱਖ ਭਾਈਚਾਰੇ ਨੂੰ ਇਥੋਂ ਦੀ ਸਿਆਸਤ ਵਿਚ ਸਰਗਰਮ ਹੋਣ ਦੀ ਵੱਡੀ ਜ਼ਰੂਰਤ ਹੈ ਅਤੇ ਕੈਨੇਡਾ ਦੇ ਸਿੱਖ ਭਾਈਚਾਰੇ ਵਾਂਗ ਅਮਰੀਕਾ ਵਿਚ ਵੀ ਸਾਨੂੰ ਅਮਰੀਕਾ ਦੀਆਂ ਰਾਜਸੀ ਪਾਰਟੀਆਂ ਦੇ ਸਿਖਰਲੇ ਸਮਾਗਮਾਂ ਤੱਕ ਪਹੁੰਚਣ ਲਈ ਯਤਨ ਕਰਨੇ ਚਾਹੀਦੇ ਹਨ। ਕਿਉਂਕਿ ਜੇਕਰ ਅਜਿਹੇ ਸਮਾਗਮਾਂ ਵਿਚ ਸਿੱਖਾਂ ਦੀ ਭਰਵੀਂ ਸ਼ਮੂਲੀਅਤ ਹੋਵੇਗੀ, ਤਾਂ ਇਨ੍ਹਾਂ ਸਮਾਗਮਾਂ ਵਿਚ ਸਿੱਖਾਂ ਦੀ ਸ਼ਮੂਲੀਅਤ ਆਪਣੇ ਆਪ ਹੀ ਸਿੱਖ ਸਮਾਜ ਦੀ ਪਹਿਚਾਣ ਬਾਰੇ ਭੁਲੇਖੇ ਦੂਰ ਕਰ ਦੇਵੇਗੀ। ਰਾਜਸੀ ਸਰਗਰਮੀ ‘ਚ ਸਿੱਖਾਂ ਦੀ ਸ਼ਮੂਲੀਅਤ ਸਿੱਖ ਪਹਿਚਾਣ ਨੂੰ ਜਦ ਰਾਜਸੀ ਪਾਰਟੀਆਂ ‘ਚ ਸਥਾਪਿਤ ਕਰੇਗੀ, ਤਾਂ ਇਸ ਦਾ ਪ੍ਰਭਾਵ ਆਪਣੇ ਤੌਰ ‘ਤੇ ਹੀ ਆਲੇ-ਦੁਆਲੇ ਤੱਕ ਫੈਲੇਗਾ।
ਦੂਜੀ ਵੱਡੀ ਗੱਲ ਇਹ ਹੈ ਕਿ ਅਜਿਹੇ ਸਮਾਗਮਾਂ ਨੂੰ ਸਾਰੇ ਅਮਰੀਕੀ ਲੋਕ ਟੀ.ਵੀ. ਚੈਨਲਾਂ ਰਾਹੀਂ ਬੜੀ ਗੰਭੀਰਤਾ ਨਾਲ ਦੇਖਦੇ ਹਨ। ਜਦ ਉਹ ਦੇਖਦੇ ਹਨ ਕਿ ਪੱਗੜੀਧਾਰੀ ਸਿੱਖ ਵੀ ਅਜਿਹੇ ਸਮਾਗਮਾਂ ਵਿਚ ਉਚੇਚੇ ਤੌਰ ‘ਤੇ ਸ਼ਾਮਲ ਹੁੰਦੇ ਹਨ, ਤਾਂ ਇਸ ਨਾਲ ਹਰ ਕਿਸੇ ਦੇ ਭੁਲੇਖੇ ਆਪਣੇ ਆਪ ਹੀ ਦੂਰ ਹੋਣ ਦਾ ਰਾਹ ਵੀ ਖੁੱਲ੍ਹਦਾ ਹੈ ਅਤੇ ਨਾਲ ਹੀ ਅਮਰੀਕੀ ਲੋਕਾਂ ਅੰਦਰ ਇਹ ਭਰੋਸਾ ਵੀ ਬੱਝਦਾ ਹੈ ਕਿ ਸਿੱਖ ਭਾਈਚਾਰੇ ਦੇ ਲੋਕ ਅਮਰੀਕਾ ਦੇ ਅੰਦਰੂਨੀ ਮਾਮਲਿਆਂ ਵਿਚ ਪੂਰੀ ਸ਼ਿੱਦਤ ਨਾਲ ਸਰਗਰਮ ਹਨ ਅਤੇ ਹੋਰਨਾਂ ਲੋਕਾਂ ਵਾਂਗ ਉਹ ਵੀ ਅਮਰੀਕਾ ਪ੍ਰਤੀ ਪੂਰੀ ਗੰਭੀਰਤਾ ਨਾਲ ਸੋਚਦੇ-ਵਿਚਾਰਦੇ ਹਨ।
ਸੋ ਸਾਨੂੰ ਇਸ ਸਮਾਗਮ ਤੋਂ ਇਹੀ ਸਬਕ ਮਿਲਦਾ ਹੈ ਕਿ ਅਸੀਂ ਅਮਰੀਕਾ ਦੀ ਰਾਜਸੀ ਸਰਗਰਮੀ ਵਿਚ ਹਰ ਪੱਧਰ ‘ਤੇ ਸਰਗਰਮ ਹੋਣ ਦਾ ਯਤਨ ਕਰੀਏ। ਅਜਿਹਾ ਕਰਨ ਨਾਲ ਜਿੱਥੇ ਸਾਡੇ ਭਾਈਚਾਰੇ ਦੇ ਲੋਕ ਸਿਆਸਤ ਦੀਆਂ ਉੱਚ ਪੌੜੀਆਂ ਚੜ੍ਹਨ ‘ਚ ਸਫਲ ਹੋ ਸਕਦੇ ਹਨ, ਉੱਥੇ ਸਾਡੇ ਭਾਈਚਾਰੇ ਲਈ ਵੀ ਇਹ ਵੱਡੇ ਮਾਣ ਵਾਲੀ ਗੱਲ ਹੋਵੇਗੀ। ਸਾਡੇ ਭਾਈਚਾਰੇ ਨੂੰ ਚਾਹੀਦਾ ਹੈ ਕਿ ਉਹ ਵੱਧ ਤੋਂ ਵੱਧ ਗਿਣਤੀ ਵਿਚ ਰਾਜਸੀ ਸਰਗਰਮੀ ਵਿਚ ਹਿੱਸਾ ਲੈਣ, ਤਾਂਕਿ ਅਸੀਂ ਅਮਰੀਕੀ ਸਿਆਸੀ ਮੁੱਖ ਧਾਰਾ ਵਿਚ ਵੀ ਆਪਣਾ ਦਖਲ ਅਤੇ ਸ਼ਮੂਲੀਅਤ ਕਾਇਮ ਕਰ ਸਕੀਏ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.