ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
‘ਆਪ’ ਵੀ ਹੋਈ ਧੜੇਬੰਦੀ ਦਾ ਸ਼ਿਕਾਰ
‘ਆਪ’ ਵੀ ਹੋਈ ਧੜੇਬੰਦੀ ਦਾ ਸ਼ਿਕਾਰ
Page Visitors: 2589

‘ਆਪ’ ਵੀ ਹੋਈ ਧੜੇਬੰਦੀ ਦਾ ਸ਼ਿਕਾਰ
Posted On 31 Aug 2016
By : Punjab Mail USA
ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਪੰਜਾਬ ਅੰਦਰ ਇਕ ਮਜ਼ਬੂਤ ਤੀਜੀ ਧਿਰ ਵਜੋਂ ਉੱਭਰੀ ਆਮ ਆਦਮੀ ਪਾਰਟੀ ਕੁਝ ਸਮੇਂ ਵਿਚ ਹੀ ਆਪਸੀ ਧੜੇਬੰਦੀ ਦਾ ਸ਼ਿਕਾਰ ਹੋ ਗਈ ਹੈ ਅਤੇ ਇਕ ਵਾਰ ਆਮ ਆਦਮੀ ਪਾਰਟੀ ਦੇ ਭਵਿੱਖ ਉਪਰ ਸਵਾਲੀਆ ਚਿੰਨ੍ਹ ਲੱਗ ਗਿਆ ਨਜ਼ਰ ਆ ਰਿਹਾ ਹੈ। 3 ਕੁ ਸਾਲ ਪਹਿਲਾਂ ਪੰਜਾਬ ਦੀ ਰਾਜਸੀ ਫਿਜ਼ਾ ਵਿਚ ਸਾਹਮਣੇ ਆਈ ਆਮ ਆਦਮੀ ਪਾਰਟੀ ਨੇ ਰਾਜ ਅੰਦਰ ਵੱਡੇ ਮਾਅਰਕੇ ਵਾਲੀ ਸਿਆਸਤ ਖੇਡੀ। ਪਹਿਲੀ ਵਾਰ ਚੋਣ ਅਖਾੜੇ ਵਿਚ ਕੁੱਦੀ ਆਮ ਆਦਮੀ ਪਾਰਟੀ ਨੇ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਨਾ ਸਿਰਫ 4 ਲੋਕ ਸਭਾ ਮੈਂਬਰ ਹੀ ਜਿਤਾ ਕੇ ਪਾਰਲੀਮੈਂਟ ਵਿਚ ਭੇਜੇ, ਸਗੋਂ ਪੰਜਾਬ ਦੀਆਂ ਬਾਕੀ 9 ਸੀਟਾਂ ਉਪਰ ਵੀ ਭਰਵੀਂ ਵੋਟ ਹਾਸਲ ਕਰਕੇ ਪੰਜਾਬ ਦੇ ਵੋਟਰਾਂ ਦੀਆਂ ਸਾਢੇ 24 ਫੀਸਦੀ ਵੋਟਾਂ ਹਾਸਲ ਕਰਕੇ ਸਿਆਸਤ ਅੰਦਰ ਤਹਿਲਕਾ ਮਚਾ ਦਿੱਤਾ ਸੀ। ਇਨ੍ਹਾਂ ਲੋਕ ਸਭਾ ਚੋਣਾਂ ਵਿਚ ਸਾਰੇ ਹਲਕਿਆਂ ਤੋਂ ਆਪ ਦੇ ਉਮੀਦਵਾਰਾਂ ਨੂੰ ਕੁੱਲ 35 ਲੱਖ ਦੇ ਕਰੀਬ ਵੋਟ ਪਈ ਸੀ। ਇਸ ਤਰ੍ਹਾਂ ਇਨ੍ਹਾਂ ਚੋਣਾਂ ਵਿਚ 40 ਦੇ ਕਰੀਬ ਵਿਧਾਨ ਸਭਾ ਹਲਕਿਆਂ ਵਿਚ ਲੀਡ ਹਾਸਲ ਕਰਕੇ ਆਮ ਆਦਮੀ ਪਾਰਟੀ ਵਿਧਾਨ ਸਭਾ ਚੋਣਾਂ ਵੱਲ ਜੇਤੂ ਕੂਚ ਦੇ ਰਾਹ ਪੈ ਗਈ ਸੀ।
    ਉਸ ਤੋਂ ਬਾਅਦ ਇਸ ਵਰ੍ਹੇ ਦੇ ਸ਼ੁਰੂ ਵਿਚ ਮਾਘੀ ਦੇ ਮੇਲੇ ‘ਤੇ ਹੋਏ ਇਕੱਠੇ ਨੇ ਆਮ ਆਦਮੀ ਪਾਰਟੀ ਦੀ ਚੜ੍ਹਤ ਦਾ ਅਜਿਹਾ ਡੰਕਾ ਵਜਾਇਆ ਸੀ ਕਿ ਵਿਦੇਸ਼ਾਂ ਵਿਚ ਵਸਦੇ ਪ੍ਰਵਾਸੀ ਪੰਜਾਬੀ ਵੀ ਬਹੁਤਾ ਕਰਕੇ ਆਮ ਆਦਮੀ ਪਾਰਟੀ ਦੇ ਕਾਇਲ ਹੋਣ ਲੱਗੇ ਸਨ। ਦਰਅਸਲ ਆਮ ਆਦਮੀ ਪਾਰਟੀ ਪੰਜਾਬ ਦੀ ਸਿਆਸਤ ਵਿਚ ਇਕ ਮਜ਼ਬੂਤ ਬਦਲ ਵਜੋਂ ਉੱਭਰ ਰਹੀ ਸੀ। ਲੋਕਾਂ ਨੂੰ ਆਮ ਆਦਮੀ ਪਾਰਟੀ ਵਿਚੋਂ ਰਾਜਸੀ ਤਬਦੀਲੀ ਦੀ ਝਲਕ ਦਿਖਾਈ ਦੇਣ ਲੱਗੀ ਸੀ।
 ਪੰਜਾਬ ਅੰਦਰ ਲੰਬੇ ਸਮੇਂ ਤੋਂ ਕਾਂਗਰਸ ਅਤੇ ਅਕਾਲੀ-ਭਾਜਪਾ ਗਠਜੋੜ ਰਾਜ ਕਰਦੇ ਆ ਰਹੇ ਹਨ। ਇਨ੍ਹਾਂ ਦੇ ਰਾਜ ਵਿਚ ਪੰਜਾਬ ਲਗਾਤਾਰ ਪਿੱਛੇ ਧੱਕਿਆ ਗਿਆ ਹੈ। ਪੰਜਾਬ ਅੱਜ 3 ਲੱਖ ਕਰੋੜ ਰੁਪਏ ਤੋਂ ਵੱਧ ਦੇ ਕਰਜ਼ੇ ਹੇਠ ਦੱਬਿਆ ਪਿਆ ਹੈ। ਇਸ ਵਿਚੋਂ 1 ਲੱਖ ਕਰੋੜ ਦੇ ਕਰੀਬ ਕਰਜ਼ਾ ਤਾਂ ਸਿਰਫ ਕਿਸਾਨਾਂ ਸਿਰ ਹੈ। ਕਰਜ਼ੇ ਦੇ ਬੋਝ ਹੇਠ ਦੱਬਿਆ ਪੰਜਾਬ ਦਾ ਅੰਨਦਾਤਾ ਇਸ ਵੇਲੇ ਖੁਦਕੁਸ਼ੀਆਂ ਦੇ ਰਾਹ ਪਿਆ ਹੋਇਆ ਹੈ। ਪੰਜਾਬ ਹਰ ਪੱਖੋਂ ਬੇਹੱਦ ਪਛੜ ਗਿਆ ਹੈ। ਇਸ ਹਾਲਤ ‘ਚੋਂ ਨਿਕਲਣ ਲਈ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਰਾਹੀਂ ਇਕ ਰੌਸ਼ਨੀ ਦੀ ਚਿਣਗ ਦਿਖਾਈ ਦੇਣ ਲੱਗੀ ਸੀ।
     ਪਰ ਆਪ ਅੰਦਰ ਪੈਦਾ ਹੋਈ ਧੜੇਬੰਦੀ ਨੇ ਕਾਫੀ ਹੱਦ ਤੱਕ ਲੋਕਾਂ ਅੰਦਰ ਨਿਰਾਸ਼ਤਾ ਪੈਦਾ ਕੀਤੀ ਹੈ। ‘ਆਪ’ ਦੇ ਪੰਜਾਬ ਦੇ ਕਨਵੀਨਰ ਸ. ਸੁੱਚਾ ਸਿੰਘ ਛੋਟੇਪੁਰ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਅਹੁਦੇ ਤੋਂ ਬਰਖਾਸਤ ਕਰਨ ਦੇ ਫੈਸਲੇ ਨੇ ਪਾਰਟੀ ਅੰਦਰ ਤਰੇੜਾਂ ਪੈਦਾ ਕਰ ਦਿੱਤੀਆਂ ਹਨ। ਸ. ਛੋਟੇਪੁਰ ਨੂੰ ਬਰਖਾਸਤ ਕੀਤੇ ਜਾਣ ਨਾਲ ਦਿੱਲੀ ਆਗੂਆਂ ਵੱਲੋਂ ਪੰਜਾਬ ਦੀ ਪਾਰਟੀ ਉਪਰ ਜੱਫਾ ਮਾਰਨ ਦੀ ਗੱਲ ਵਧੇਰੇ ਉਭਰ ਕੇ ਸਾਹਮਣੇ ਆਈ ਹੈ। ਉਂਝ ਤਾਂ ਦਿੱਲੀ ਆਗੂਆਂ ਦੇ ਵਧੇਰੇ ਦਖਲ ਦਾ ਮਾਮਲਾ ਪਹਿਲਾਂ ਵੀ ਉਠਦਾ ਆਇਆ ਹੈ। ‘ਆਪ’ ਦੇ ਐੱਮ.ਪੀ. ਡਾ. ਧਰਮਵੀਰ ਗਾਂਧੀ ਅਤੇ ਹਰਿੰਦਰ ਸਿੰਘ ਖਾਲਸਾ ਨੇ ਵੀ ਡੇਢ-ਦੋ ਸਾਲ ਪਹਿਲਾਂ ਇਹ ਮੁੱਦਾ ਉਠਾਇਆ ਸੀ ਕਿ ਪੰਜਾਬ ਵਿਚ ਸਮੁੱਚੇ ਜਥੇਬੰਦਕ ਢਾਂਚੇ ਉਪਰ ਦਿੱਲੀ ਆਗੂ ਕਬਜ਼ਾ ਜਮਾਈ ਬੈਠੇ ਹਨ ਅਤੇ ਪੰਜਾਬੀ ਆਗੂਆਂ ਦੀ ਕੋਈ ਸੱਦ-ਪੁੱਛ ਨਹੀਂ ਹੈ। ਉਸ ਤੋਂ ਬਾਅਦ ਹੋਰ ਵੀ ਕਈ ਆਗੂ ਇਹ ਮੁੱਦਾ ਉਠਾਉਂਦੇ ਰਹੇ ਹਨ। ਪਰ ਹੁਣ ਸ. ਛੋਟੇਪੁਰ ਅਤੇ ਉਨ੍ਹਾਂ ਦੇ ਹਮਾਇਤੀਆਂ ਵੱਲੋਂ ਇਸ ਮੁੱਦੇ ਨੂੰ ਕੇਂਦਰੀ ਮੁੱਦੇ ਵਜੋਂ ਉਭਾਰਿਆ ਜਾ ਰਿਹਾ ਹੈ ਅਤੇ ਦਿੱਲੀ ਲੀਡਰਸ਼ਿਪ ਖਿਲਾਫ ਵਰਤਿਆ ਜਾ ਰਿਹਾ ਹੈ।
    ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਲੋਕ ਤਬਦੀਲੀ ਲਈ ਚੱਲੀ ਹਰ ਲਹਿਰ ਵਿਚ ਮੂਹਰਲੀ ਕਤਾਰ ਵਿਚ ਹੋ ਕੇ ਯੋਗਦਾਨ ਪਾਉਂਦੇ ਰਹੇ ਹਨ। ਪਰ ਇਹ ਪਹਿਲੀ ਵਾਰ ਹੋਇਆ ਹੈ ਕਿ ਆਮ ਆਦਮੀ ਪਾਰਟੀ ਦੀ ਇਸ ਲਹਿਰ ਵਿਚ ਪੰਜਾਬ ਅੰਦਰ ਕੰਮ ਕਰਨ ਲਈ ਦਿੱਲੀ ਦੀ ਟੀਮ ਉਨ੍ਹਾਂ ਉਪਰ ਠੋਸੀ ਗਈ ਹੈ। ਇਹ ਆਮ ਦੋਸ਼ ਲੱਗ ਰਹੇ ਹਨ ਕਿ ‘ਆਪ’ ਦੀ ਪੰਜਾਬ ਲੀਡਰਸ਼ਿਪ ਨਾ ਕੋਈ ਫੈਸਲਾ ਲੈ ਸਕਦੀ ਹੈ ਅਤੇ ਨਾ ਹੀ ਕਿਸੇ ਕਿਸਮ ਦੀ ਸਰਗਰਮੀ ਕਰ ਸਕਦੀ ਹੈ। ਹਰ ਮਾਮਲੇ ਲਈ ਹੁਕਮ ਦਿੱਲੀ ਵਾਲੀ ਟੀਮ ਤੋਂ ਹੀ ਕੀਤੇ ਜਾਂਦੇ ਹਨ। ਅਜਿਹੀ ਨੀਤੀ ਖਿਲਾਫ ਪਾਰਟੀ ਅੰਦਰ ਵੱਡੇ ਪੱਧਰ ‘ਤੇ ਰੋਸ ਚੱਲਦਾ ਰਿਹਾ ਹੈ। ਪਿਛਲੇ ਸਮੇਂ ਦੌਰਾਨ ਯੂਥ ਮੈਨੀਫੈਸਟੋ ਦੇ ਕਵਰ ਪੰਨੇ ਉਪਰ ਪਾਰਟੀ ਦੇ ਚੋਣ ਨਿਸ਼ਾਨ ਝਾੜੂ ਦੇ ਉਪਰ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਛਾਪੇ ਜਾਣ ਵੇਲੇ ਖੜ੍ਹੇ ਹੋਏ ਵਾਦ-ਵਿਵਾਦ ਵੇਲੇ ਵੀ ਇਹ ਮਾਮਲਾ ਉੱਠਿਆ ਸੀ ਕਿ ਅਜਿਹੀਆਂ ਗਲਤੀਆਂ ਦਿੱਲੀ ਦੀ ਟੀਮ ਦੇ ਪੰਜਾਬ ਦੇ ਸੱਭਿਆਚਾਰ ਅਤੇ ਵਿਰਾਸਤ ਬਾਰੇ ਅਣਜਾਣ ਹੋਣ ਕਾਰਨ ਵਾਪਰ ਰਹੀਆਂ ਹਨ। ਇਸ ਮੁੱਦੇ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਵੀ ਖੂਬ ‘ਆਪ’ ਲੀਡਰਸ਼ਿਪ ਨੂੰ ਰਗੜੇ ਲਾਏ ਸਨ।
 ਹੁਣ ਵੀ ਵਿਰੋਧੀ ਪਾਰਟੀਆਂ ‘ਆਪ’ ਦੀ ਇਸ ਗੱਲੋਂ ਨੁਕਤਾਚੀਨੀ ਕਰ ਰਹੀਆਂ ਹਨ ਕਿ ਉਹ ਪੰਜਾਬ ਲੀਡਰਸ਼ਿਪ ਨੂੰ ਭਰੋਸੇ ਵਿਚ ਲੈ ਕੇ ਕੰਮ ਨਹੀਂ ਕਰ ਰਹੀ। ‘ਆਪ’ ਦੇ ਅੰਦਰੋਂ ਵੀ ਛੋਟੇਪੁਰ ਅਤੇ ਹੋਰ ਬਹੁਤ ਸਾਰੇ ਆਗੂ ਇਹ ਕਹਿ ਰਹੇ ਹਨ ਕਿ ‘ਆਪ’ ਦੀ ਲੀਡਰਸ਼ਿਪ ਪੰਜਾਬੀਆਂ ਉਪਰ ਭਰੋਸਾ ਕਰਨ ਨੂੰ ਤਿਆਰ ਨਹੀਂ। ਇਸੇ ਕਾਰਨ ਬਹੁਤ ਸਾਰੀਆਂ ਗਲਤੀਆਂ ਸਾਹਮਣੇ ਆ ਰਹੀਆਂ ਹਨ। ‘ਆਪ’ ਦੀ ਦਿੱਲੀ ਲੀਡਰਸ਼ਿਪ ਵੱਲੋਂ ਪੰਜਾਬ ਦੀ ਲੀਡਰਸ਼ਿਪ ਨੂੰ ਖੁੱਲ੍ਹ ਕੇ ਕੰਮ ਨਾ ਕਰਨ ਦੇ ਮਾਮਲੇ ਉਪਰ ਵਿਦੇਸ਼ੀ ਵੱਸਦੇ ਸਿੱਖਾਂ ਅੰਦਰ ਵੀ ਭਾਰੀ ਰੰਜ਼ਿਸ਼ ਹੈ। ਉਹ ਵੀ ਇਹ ਮੰਗ ਕਰ ਰਹੇ ਹਨ ਕਿ ਪੰਜਾਬ ਦੇ ਮਾਮਲਿਆਂ ਬਾਰੇ ਫੈਸਲੇ ਲੈਣ ਵਿਚ ਪੰਜਾਬ ਲੀਡਰਸ਼ਿਪ ਨੂੰ ਪੂਰੀ ਖੁੱਲ੍ਹ ਮਿਲਣੀ ਚਾਹੀਦੀ ਹੈ। ਨਵੀਂ ਉੱਭਰੀ ਧੜੇਬੰਦੀ ਵਿਚ ਪ੍ਰਵਾਸੀ ਪੰਜਾਬੀਆਂ ਦਾ ਵੱਡਾ ਹਿੱਸਾ ਦਿੱਲੀ ਲੀਡਰਸ਼ਿਪ ਦਾ ਸਖ਼ਤ ਨੁਕਤਾਚੀਨ ਹੋਇਆ ਨਜ਼ਰ ਆ ਰਿਹਾ ਹੈ। ਇਸੇ ਤਰ੍ਹਾਂ ਪੰਜਾਬ ਅੰਦਰ ਵੀ ਅਨੇਕ ਥਾਂਵਾਂ ਤੋਂ ਵਿਰੋਧੀ ਸੁਰਾਂ ਉਭਰ ਰਹੀਆਂ ਹਨ। ਨਵੀਂ ਪੈਦਾ ਹੋਈ ਧੜੇਬੰਦੀ ਅਤੇ ਖਾਸਕਰ ਸ. ਸੁੱਚਾ ਸਿੰਘ ਛੋਟੇਪੁਰ ਨੂੰ ਅਹੁਦੇ ਤੋਂ ਬਰਖਾਸਤ ਕਰਨ ਦੇ ਫੈਸਲੇ ਕਾਰਨ ਵਿਦੇਸ਼ਾਂ ਵਿਚ ਵਸੇ ਖਾੜਕੂ ਲਹਿਰ ਦੇ ਪ੍ਰਭਾਵ ਹੇਠਲੇ ਲੋਕਾਂ ਦਾ ਮਨ ਬੇਹੱਦ ਖੱਟਾ ਪੈ ਗਿਆ ਨਜ਼ਰ ਆ ਰਿਹਾ ਹੈ। ਅਜਿਹੇ ਲੋਕਾਂ ਨੂੰ ਆਸ ਸੀ ਕਿ ਪੰਜਾਬ ਅੰਦਰ ਗਰਮਖਿਆਲੀ ਵਾਲੀ ਸਿੱਖ ਸੋਚ ਨੂੰ ਬਲ ਮਿਲੇਗਾ।   
     ਪਰ ਸ. ਛੋਟੇਪੁਰ ਦੀ ਬਰਖਾਸਤਗੀ ਨੇ ਉਨ੍ਹਾਂ ਦੀ ਸੋਚ ਨੂੰ ਵੱਡੀ ਪੱਧਰ ‘ਤੇ ਢਾਅ ਲਗਾਈ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਦੇ ਮਨਾਂ ਵਿਚ ਵਸਿਆ ਸਾਰਾ ਕੁੱਝ ਢਹਿ-ਢੇਰੀ ਹੋਇਆ ਨਜ਼ਰ ਆ ਰਿਹਾ ਹੈ। ਪੰਜਾਬ ਅੰਦਰ ਹਾਲਾਤ ਇਸ ਤੋਂ ਵੱਖਰੇ ਨਜ਼ਰ ਆ ਰਹੇ ਹਨ। ਉਥੇ ਲੋਕਾਂ ਦੀ ਹਾਲਤ ਬੇਹੱਦ ਮੰਦੀ ਹੈ। ਅਕਾਲੀ ਤੇ ਕਾਂਗਰਸ ਉਨ੍ਹਾਂ ਨੇ ਪਰਖ ਕੇ ਵੇਖ ਲਏ ਹਨ ਅਤੇ ਕੇਜਰੀਵਾਲ ਇਕ ਤਬਦੀਲੀ ਦੀ ਲਹਿਰ ਵਜੋਂ ਇਕ ਨਾਇਕ ਵਾਂਗ ਉਨ੍ਹਾਂ ਦੇ ਮਨਾਂ ਵਿਚ ਉਕਰੇ ਗਏ ਹਨ। ਨਵੇਂ ਪੈਦਾ ਹੋਈ ਧੜੇਬੰਦੀ ਨੇ ਲੋਕਾਂ ਅੰਦਰ ਇਕ ਹੱਦ ਤੱਕ ਭੰਬਲਭੂਸਾ ਅਤੇ ਨਿਰਾਸ਼ਤਾ ਤਾਂ ਪੈਦਾ ਕੀਤੀ ਹੈ, ਪਰ ਸ਼੍ਰੀ ਕੇਜਰੀਵਾਲ ਵੱਲੋਂ ਜਗਾਈ ਤਬਦੀਲੀ ਦੀ ਚਿਣਗ ਉਨ੍ਹਾਂ ਦੇ ਮਨਾਂ ਵਿਚ ਅਜੇ ਵੀ ਮਘਦੀ ਨਜ਼ਰ ਆ ਰਹੀ ਹੈ। ਪੰਜਾਬ ਦੇ ਲੋਕ ਤੀਜੇ ਬਦਲ ਲਈ ਮਨ ਬਣਾਈ ਬੈਠੇ ਹਨ। ਤਬਦੀਲੀ ਦੇ ਹੱਕ ਵਿਚ ਪੂਰੇ ਰਾਜ ਅੰਦਰ ਇਕ ਲਹਿਰ ਵੱਗ ਰਹੀ ਹੈ। ਇਸ ਕਰਕੇ ‘ਆਪ’ ਅੰਦਰ ਪੈਦਾ ਹੋਈ ਇਹ ਧੜੇਬੰਦੀ ਦਾ ਅਸਰ ਥੋੜਚਿਰਾ ਅਤੇ ਵਕਤੀ ਹੀ ਹੋਣ ਦੀ ਸੰਭਾਵਨਾ ਹੈ।
       ‘ਆਪ’ ਦੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ 9, 10 ਅਤੇ 11 ਸਤੰਬਰ ਨੂੰ ਪੰਜਾਬ ਆ ਰਹੇ ਹਨ। 11 ਸਤੰਬਰ ਨੂੰ ਉਹ ਕਿਸਾਨਾਂ ਦੇ ਇਕ ਵੱਡੇ ਇਕੱਠ ਵਿਚ ਦਾਣਾ ਮੰਡੀ ਮੋਗਾ ਵਿਖੇ ਕਿਸਾਨ ਮੈਨੀਫੈਸਟੋ ਜਾਰੀ ਕਰਨਗੇ। ਕੇਜਰੀਵਾਲ ਦੀ ਇਸ ਪੰਜਾਬ ਫੇਰੀ ਨੂੰ ਜੇਕਰ ਭਰਵਾਂ ਹੁੰਗਾਰਾ ਮਿਲ ਜਾਂਦਾ ਹੈ, ਤਾਂ ਧੜੇਬੰਦੀ ਨਾਲ ਪੈਦਾ ਹੋਈ ਨਿਰਾਸ਼ਤਾ ਅਤੇ ਭੰਬਲਭੂਸਤਾ ਨੂੰ ‘ਆਪ’ ਦੀ ਇਹ ਚੜ੍ਹਤ ਧੋ ਸੁੱਟੇਗੀ। ਪੰਜਾਬ ਅੰਦਰ ਪਾਰਟੀ ਦੇ ਅੰਦਰ ਅਤੇ ਆਮ ਲੋਕਾਂ ਵਿਚ ਨਾਇਕ ਦਾ ਦਰਜਾ ਸ਼੍ਰੀ ਕੇਜਰੀਵਾਲ ਨੂੰ ਮਿਲ ਰਿਹਾ ਹੈ। ਸ. ਸੁੱਚਾ ਸਿੰਘ ਛੋਟੇਪੁਰ ਨੇ ਆਮ ਆਦਮੀ ਪਾਰਟੀ ਦੀ ਜਾਗ ਪੰਜਾਬ ਵਿਚ ਲਾਉਣ ਲਈ ਅਹਿਮ ਭੂਮਿਕਾ ਨਿਭਾਈ ਹੈ। ਹੁਣ ਜੇਕਰ ਉਹ ਕੇਜਰੀਵਾਲ ਨਾਲ ਹੀ ਮੱਥਾ ਡਾਹੇਗਾ, ਤਾਂ ਤਬਦੀਲੀ ਦੀ ਲਹਿਰ ਨੂੰ ਅੱਗੇ ਵਧਾਉਣ ਦੀ ਥਾਂ ਰੋਕਣ ਵਿਚ ਸਹਾਈ ਹੋਣ ਦਾ ਫਤਵਾ ਹਾਸਲ ਕਰ ਲਵੇਗਾ।
ਇਸ ਵੇਲੇ ਪੰਜਾਬ ਵਿਚ ਤਬਦੀਲੀ ਦੀ ਲਹਿਰ ਬਣ ਕੇ ਉਭਰੀ ਆਮ ਆਦਮੀ ਪਾਰਟੀ ਖਿਲਾਫ ਆਵਾਜ਼ ਉਠਾਉਣ ਵਾਲਿਆਂ ਨੂੰ ਇਸ ਤਬਦੀਲੀ ਦੀ ਲਹਿਰ ਦਾ ਵਿਰੋਧ ਕਰਨ ਵਾਲਿਆਂ ਵਜੋਂ ਹੀ ਸਮਝਿਆ ਜਾਣਾ ਹੈ। ਇਹੀ ਹਕੀਕਤ ਹੈ। ਪਰ ਫਿਰ ਵੀ ਇਸ ਸੰਕਟ ਨੂੰ ਹੱਲ ਕਰਨ ਲਈ ‘ਆਪ’ ਦੀ ਲੀਡਰਸ਼ਿਪ ਕਿਸ ਤਰ੍ਹਾਂ ਦੇ ਦਾਅਪੇਚ ਅਤੇ ਰਣਨੀਤੀ ਅਪਣਾਉਂਦੀ ਹੈ, ਇਸ ਗੱਲ ਉਪਰ ਵੀ ਕਾਫੀ ਕੁਝ ਨਿਰਭਰ ਕਰੇਗਾ। ਜੇ ਉਹ ਸੁਚੱਜੇ ਢੰਗ ਨਾਲ ਸਾਰਿਆਂ ਦੀ ਰਾਇ ਲੈ ਕੇ ਮੌਜੂਦਾ ਸੰਕਟ ਨੂੰ ਹੱਲ ਕਰਨ ਦੇ ਰਾਹ ਪੈ ਗਈ, ਤਾਂ ਇਸ ਦਾ ਸਾਰਥਕ ਹੱਲ ਨਿਕਲ ਸਕਦਾ ਹੈ।
……………………………………………
ਟਿੱਪਣੀ :-  ਪੰਜਾਬ ਨੂੰ ਭਾਰਤ ਨਾਲੋਂ ਵੱਖ ਕਰ ਕੇ ਨਹੀਂ ਵੇਖਿਆ ਜਾ ਸਕਦਾ, ਪੰਜਾਬ ਵਿਚ ਵੀ ਭਾਰਤ ਦੇ ਹੀ ਕਾਨੂਨ ਲਾਗੂ ਹੁੰਦੇ ਹਨ, ਕੋਈ ਵੱਖਰੇ ਨਹੀਂ। ਜਿਨ੍ਹਾਂ ਲੋਕਾਂ ਨੇ 32 ਸਾਲ ਖਾਲਿਸਤਾਨ ਦੇ ਨਾਮ ਤੇ ਸਿੱਖਾਂ ਨੂੰ ਲੁਟਿਆ ਅਤੇ ਉਨ੍ਹਾਂ ਦੀ ਪੱਤ ਰੋਲੀ ਹੈ, ਉਹ ਤਾਂ ਅੱਜ ਤਕ ਇਹ ਵੀ ਨਹੀਂ ਦੱਸ ਸਕੇ ਕਿ ਖਾਲਿਸਤਾਨ ਕਿਵੇਂ ਬਣੇਗਾ ? ਜੇ ਵੋਟਾਂ ਨਾਲ ਹੀ ਨਿਪਟਾਰੇ ਹੋ ਜਾਂਦੇ ਤਾਂ ਕਿਸੇ ਵੇਲੇ ਕਸ਼ਮੀਰ ਲਈ ਵੀ ਰਾਇ-ਸ਼ੁਮਾਰੀ ਦਾ ਪ੍ਰਸਤਾਵ ਯੂ, ਐਨ. ਓ. ਵਿਚ ਪਾਸ ਹੋਇਆ ਸੀ, ਫਿਰ ਉਸ ਦਾ ਕੀ ਹੋਇਆ ? ਪੰਜਾਬ ਦੇ ਸਿੱਖ ਲੀਡਰਾਂ ਨੇ ਵੀ ਆਪਣੀ ਸੌੜੀ ਸੋਚ ਮੁਤਾਬਕ, ਪੰਜਾਬ ਨੂੰ, ਭਾਰਤ ਦੇ ਲੋਕਾਂ ਨਾਲੋਂ ਅਲੱਗ ਕਰ ਕੇ, ਜੋ ਨੁਕਸਾਨ ਸਿੱਖਾਂ ਦਾ ਕੀਤਾ ਹੈ, ਉਸ ਦੀ ਭਰਪਾਈ, ਅਜੇ ਤਾਂ ਅਸੰਭਵ ਹੀ ਜਾਪਦੀ ਹੈ । ਗੁਰੂ ਸਾਹਿਬ ਨੇ ਕਿਤੇ ਵੀ ਬੰਦੇ ਨਾਲੋਂ ਬੰਦੇ ਦੇ ਅਲੱਗ ਹੋਣ ਦੀ ਗੱਲ ਨਹੀਂ ਕੀਤੀ, ਸੋਚ ਅਲੱਗ ਹੋਣ ਦੀ ਗੱਲ ਕੀਤੀ ਹੈ ।
   ਜੇ ਇਕ ਗੈਰ ਸਿੱਖ, ਗੁਰਮਤਿ ਦੀ ਸੋਚ ਦਾ ਧਾਰਨੀ ਹੋਵੇ, ਅਤੇ ਇਕ ਸਿੱਖ ਦਿੱਖ ਵਾਲਾ, ਸਿੱਖੀ ਦੇ ਖਾਤਮੇ ਦੀ ਸੋਚ ਵਾਲਾ ਹੋਵੇ, ਤਾਂ ਕੀ ਸੋਚ ਨੂੰ ਦਿੱਖ ਤੇ ਕੁਰਬਾਨ ਕਰਨਾ ਜਾਇਜ਼ ਹੈ ?  
  ਫਿਲਹਾਲ ਸਿੱਖਾਂ ਦੇ ਸਥਾਪਤ ਲੀਡਰ, ਸਿੱਖਾਂ ਦਾ ਨੁਕਸਾਨ ਕਰਨ ਵਾਲੇ ਹੀ ਸਾਬਤ ਹੋਏ ਹਨ, ਉਨ੍ਹਾਂ ਦੇ ਹੱਥ ਵਿਚ ਮੁੜ ਪੰਜਾਬ ਦਾ ਭਵਿੱਖ ਨਹੀਂ ਸੌਂਪਿਆ ਜਾ ਸਕਦਾ। ਦੂਸਰੀਆਂ ਪਾਰਟੀਆਂ ਵਿਚੋਂ ਆਏ ਲੋਕਾਂ ਦੀ ਸਕਰੀਨਿੰਗ ਹੋਣੀ ਜ਼ਰੂਰੀ ਹੈ, ਜੋ ਪਰਖ ਤੇ ਪੂਰਾ ਉਤਰਦਾ ਹੈ, ਉਸ ਤੇ ਹੀ ਭਰੋਸਾ ਕੀਤਾ ਜਾ ਸਕਦਾ ਹੈ। ਨਵੇਂ ਇਮਾਨਦਾਰ ਲੀਡਰਾਂ ਦੀ ਭਾਲ ਕਰਨ ਦੀ ਲੋੜ ਹੈ, ਕੇਜਰੀਵਾਲ ਓਹੋ ਕੁਝ ਹੀ ਕਰ ਰਿਹਾ ਹੈ, ਉਹ ਕਿਤਿਉਂ ਬਾਹਰੋਂ ਲਿਆ ਕੈ ਬੰਦੇ ਨਹੀਂ ਠੋਸ ਰਿਹਾ, ਪੰਜਾਬ ਵਿਚੋਂ ਹੀ ਚੰਗੇ ਬੰਦੇ ਛਾਂਟ ਰਿਹਾ ਹੈ। ਉਸ ਦੇ ਬਰਖਿਲਾਫ ਰੌਲਾ ਪਾਉਣ ਵਾਲੇ, ਹੁਣ ਤੱਕ ਤਾਂ ਸਵਾਰਥੀ ਹੀ ਨਜ਼ਰ ਆਏ ਹਨ, ਉਨ੍ਹਾਂ ਵਿਚੋਂ ਬਹੁਤੇ ਤਾਂ ਪੰਜਾਬ ਦੇ ਮੁੱਖ-ਮੰਤ੍ਰੀ ਦੀ ਆਸ ਲੈ ਕੇ ਹੀ ਆਪ ਵਿਚ ਸ਼ਾਮਲ ਹੋਏ ਸੀ, ਜਾਂ ਹੋਣ ਵਾਲੇ ਸੀ । ਪਾਰਟੀ ਦੇ ਵੱਡੇ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ, ਅਜਿਹਿਆਂ ਨੂੰ ਬਾਹਰ ਦਾ ਰਾਹ ਵਿਖਾਉਣਾ ਹੀ ਠੀਕ ਹੈ।
   ਰਹੀ ਗੱਲ ਪਰਵਾਸੀ-ਪੰਜਾਬੀਆਂ ਦੀ, ਪੰਜਾਬ ਦੇ ਕਿਸਾਨਾਂ ਦੀ, ਪੰਜਾਬ ਦੇ ਟੀਚਰਾਂ ਦੀ, ਪੰਜਾਬ ਦੇ ਆਮ ਲੋਕਾਂ ਦੀ, ਉਨ੍ਹਾਂ ਨੇ 70 ਸਾਲ ਪੰਜਾਬ ਵਿਚਲੇ ਸਥਾਪਤ ਲੀਡਰਾਂ (ਭਾਵੇਂ ਉਹ ਕਿਸੇ ਵੀ ਪਾਰਟੀ ਦੇ ਹੋਣ) ਦੀ ਪਰਖ ਕੀਤੀ ਹੈ, ਉਨ੍ਹਾਂ ਲੀਡਰਾਂ ਨੇ ਪੰਜਾਬ ਨੂੰ , ਪੰਜਾਬ ਵਾਸੀਆਂ ਅਤੇ ਪਰਵਾਸਆਂਿ ਨੂੰ ਕਿਸੇ ਪਾਸੇ ਜੋਗਾ ਨਹੀਂ ਛੱਡਿਆ, ਕੀ ਇਹ ਆਸ ਕੀਤੀ ਜਾ ਸਕਦੀ ਹੈ ਕਿ ਇਸ ਚੋਣ ਮਗਰੋਂ ਉਹ ਅਕਲਮੰਦ ਹੋ ਜਾਣਗੇ ? ਜੇ ਉਹ ਅਜਿਹਾ ਸੋਚਦੇ ਹਨ ਤਾਂ ਪਹਿਲਾਂ ਉਹ ਆਪਣੀ ਢਾਈ-ਪਾਅ ਦੀ ਅਲੱਗ ਖਿਚੜੀ ਪਕਾਅ ਕੇ ਵੇਖ ਲੈਣ, ਇਨ੍ਹਾਂ ਚੋਣਾਂ ਵਿਚ ਹੀ ਉਨ੍ਹਾਂ ਨੂੰ ਆਪਣੀ ਔਕਾਤ ਦਾ ਵੀ ਪਤਾ ਲੱਗ ਜਾਵੇਗਾ।
  ਕਹੇ ਜਾਂਦੇ ਬੁੱਧੀ ਜੀਵੀਆਂ ਨੂੰ ਵਾਸਤਾ ਏ ਰੱਬ ਦਾ, ਹੁਣ ਪੰਜਾਬ ਦੇ ਲੋਕਾਂ ਨੂੰ ਆਪਣੀ ਕਿਸਮਤ ਦਾ ਫੈਸਲਾ ਆਪ ਕਰ ਲੈਣ ਦਿਉ, ਆਪਣੇ ਸੌੜੇ-ਸਵਾਰਥੀ ਹਿੱਤਾਂ ਲਈ ਲੋਕਾਂ ਨੂੰ ਨਾ ਭਟਕਾਉ। ਜੇ ਇਸ ਚੋਣ ਵਿਚ ਵੀ ਬੁੱਧੀ-ਜੀਵੀਆਂ ਨੇ ਆਪਣੀਆਂ ਚਲਾਕੀਆਂ ਨਾਲ ਆਮ ਲੋਕਾਂ ਨੂੰ ਭਟਕਾਅ ਦਿੱਤਾ, ਤਾਂ ਪੰਜਾਬ ਦਾ ਬੇੜਾ ਗਰਕ ਕਰਨ ਅਤੇ ਸਿੱਖੀ ਦਾ ਨੁਕਸਾਨ ਕਰਨ ਦੀ ਜ਼ਿੱਮੇਵਾਰੀ ਲੀਡਰਾਂ ਦੀ ਨਾਂ ਹੋ ਕੇ, ਸਿੱਧੀ ਸਵਾਰਥੀ ਬੁੱਧੀ-ਜੀਵੀਆਂ ਦੀ ਹੋਵੇਗੀ, ਜਿਸ ਨੂੰ ਇਤਿਹਾਸ ਕਿਸੇ ਤਰ੍ਹਾਂ ਵੀ ਲੁਕੋ ਨਹੀਂ ਸਕੇਗਾ ।
                ਅਮਰ ਜੀਤ ਸਿੰਘ ਚੰਦੀ
                  1-9-16         
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.