ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਅਮਰੀਕਾ ਦੇ ਰਾਸ਼ਟਰਪਤੀ ਦੀ ਹੋਣ ਵਾਲੀ ਚੋਣ ਵਿਚ ਹਿਲੇਰੀ ਨੇ ਟਰੰਪ ਨੂੰ ਭਾਰੀ ਅੰਕਾਂ ਨਾਲ ਪਛਾੜਿਆ
ਅਮਰੀਕਾ ਦੇ ਰਾਸ਼ਟਰਪਤੀ ਦੀ ਹੋਣ ਵਾਲੀ ਚੋਣ ਵਿਚ ਹਿਲੇਰੀ ਨੇ ਟਰੰਪ ਨੂੰ ਭਾਰੀ ਅੰਕਾਂ ਨਾਲ ਪਛਾੜਿਆ
Page Visitors: 2508

ਅਮਰੀਕਾ ਦੇ ਰਾਸ਼ਟਰਪਤੀ ਦੀ ਹੋਣ ਵਾਲੀ ਚੋਣ ਵਿਚ ਹਿਲੇਰੀ ਨੇ ਟਰੰਪ ਨੂੰ ਭਾਰੀ ਅੰਕਾਂ ਨਾਲ ਪਛਾੜਿਆ

Posted On 12 Oct 2016
4

ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਅਗਲੇ ਮਹੀਨੇ ਅਮਰੀਕਾ ਦੇ ਰਾਸ਼ਟਰਪਤੀ ਦੀ ਹੋਣ ਜਾ ਰਹੀ ਚੋਣ ਬੜੇ ਹੀ ਦਿਲਚਸਪ ਦੌਰ ਵਿਚ ਪਹੁੰਚ ਚੁੱਕੀ ਹੈ। ਪਹਿਲੀਆਂ ਹੋਈਆਂ ਦੋ ਜਨਤਕ ਬਹਿਸਾਂ ਵਿਚ ਡੈਮੋਕ੍ਰੇਟ ਪਾਰਟੀ ਦੀ ਉਮੀਦਵਾਰ ਹਿਲੇਰੀ ਕਲਿੰਟਨ ਅਤੇ ਰਿਪਬਲਕਿਨ ਦੇ ਉਮੀਦਵਾਰ ਡੋਨਲਡ ਟਰੰਪ ਵਿਚਕਾਰ ਹਿਲੇਰੀ ਕਲਿੰਟਨ ਦਾ ਹੱਥ ਹੋਰ ਉੱਚਾ ਹੋਇਆ ਨਜ਼ਰ ਆਇਆ ਹੈ। ਉਂਝ ਤਾਂ ਸ਼ੁਰੂ ਤੋਂ ਹੀ ਰਿਪਬਲਿਕਨ ਡੋਨਲਡ ਟਰੰਪ ਅਨੇਕ ਮੁੱਦਿਆਂ ਨੂੰ ਲੈ ਕੇ ਵਾਦ-ਵਿਵਾਦ ਵਿਚ ਫਸਦੇ ਰਹੇ ਹਨ। ਪਰ ਹੁਣ ਔਰਤਾਂ ਬਾਰੇ ਭੱਦੀ ਸ਼ਬਦਾਵਲੀ ਵਰਤਣ ਅਤੇ ਬਣਦਾ ਟੈਕਸ ਅਦਾ ਨਾ ਕਰਨ ਦੇ ਮਾਮਲਿਆਂ ਵਿਚ ਘਿਰਨ ਬਾਅਦ ਉਨ੍ਹਾਂ ਦਾ ਗ੍ਰਾਫ ਕਾਫੀ ਹੇਠਾਂ ਡਿੱਗਿਆ ਨਜ਼ਰ ਆ ਰਿਹਾ ਹੈ। ਡੋਨਲਡ ਟਰੰਪ ਸ਼ੁਰੂ ਤੋਂ ਹੀ ਪ੍ਰਵਾਸੀਆਂ ਦੇ ਖਿਲਾਫ ਬੜਬੋਲਾ ਰਿਹਾ ਹੈ, ਜਿਸ ਕਾਰਨ ਬਾਹਰੋਂ ਪ੍ਰਵਾਸ ਕਰਕੇ ਅਮਰੀਕਾ ਵਿਚ ਵਸੇ ਲੋਕਾਂ ਨੇ ਕਦੇ ਵੀ ਉਨ੍ਹਾਂ ਨੂੰ ਪ੍ਰਵਾਨ ਨਹੀਂ ਕੀਤਾ, ਸਗੋਂ ਇਸ ਤੋਂ ਉਲਟ ਟਰੰਪ ਬਾਰੇ ਪ੍ਰਵਾਸੀਆਂ ਤੋਂ ਇਲਾਵਾ ਸਹਿਜ ਸੁਭਾਅ ਅਮਰੀਕੀਆਂ ਨੂੰ ਵੀ ਟਰੰਪ ਦੀ ਪ੍ਰਵਾਸੀਆਂ ਖਿਲਾਫ ਸੋਚ ਕਦੇ ਪਸੰਦ ਨਹੀਂ ਹੋਈ। ਟਰੰਪ ਦੀ ਨਸਲਵਾਦੀ ਨੀਤੀ ਦਾ ਅਨੇਕ ਅਮਰੀਕੀਆਂ ਵੱਲੋਂ ਵੱਡੇ ਪੱਧਰ ‘ਤੇ ਵਿਰੋਧ ਹੁੰਦਾ ਰਿਹਾ ਹੈ। ਪਰ ਹੁਣ ਦੂਜੀ ਜਨਤਕ ਬਹਿਸ ਵਿਚ ਔਰਤਾਂ ਵਿਰੁੱਧ ਭੱਦੀ ਸ਼ਬਦਾਵਲੀ ਵਰਤਣ ਦੀਆਂ ਗੱਲਾਂ ਸਾਹਮਣੇ ਆਉਣ ਨੇ ਟਰੰਪ ਦੀ ਪਾਰਟੀ ਦੇ ਅੰਦਰ ਹੀ ਵੱਡਾ ਬਖੇੜਾ ਖੜ੍ਹਾ ਕਰ ਦਿੱਤਾ ਹੈ। ਰਿਪਬਲਿਕਨ ਪਾਰਟੀ ਦੇ ਅੰਦਰੋਂ ਹੀ ਕਾਫੀ ਵੱਡੇ ਪੱਧਰ ‘ਤੇ ਟਰੰਪ ਖਿਲਾਫ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਰਿਪਬਲਿਕਨ ਪਾਰਟੀ ਨਾਲ ਸੰਬੰਧਤ 35 ਦੇ ਕਰੀਬ ਸੈਨੇਟਰਾਂ ਅਤੇ ਗਵਰਨਰਾਂ ਨੇ ਉਨ੍ਹਾਂ ਦੀ ਚੋਣ ਮੁਹਿੰਮ ਤੋਂ ਪੈਰ ਪਿੱਛੇ ਖਿੱਚ ਲਏ ਹਨ। ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਵਿਚ ਰਾਸ਼ਟਰਪਤੀ ਉਮੀਦਵਾਰਾਂ ਦੀ ਆਹਮੋ-ਸਾਹਮਣੇ ਬੈਠ ਕੇ ਹੋਣ ਵਾਲੀ ਜਨਤਕ ਬਹਿਸ ਦਾ ਬੇਹੱਦ ਮਹੱਤਵ ਹੁੰਦਾ ਹੈ। ਇਸ ਜਨਤਕ ਬਹਿਸ ਵਿਚ ਰਾਸ਼ਟਰਪਤੀ ਅਹੁਦੇ ਦੇ ਦੋਵੇਂ ਉਮੀਦਵਾਰ ਆਪਣੀਆਂ ਨੀਤੀਆਂ ਪ੍ਰਤੀ ਅਮਰੀਕੀ ਲੋਕਾਂ ਦੇ ਸਨਮੁੱਖ ਹੁੰਦੇ ਹਨ। ਇਸ ਵਾਰ ਵੀ ਰਿਪਬਲਿਕਨ ਪਾਰਟੀ ਦੇ ਡੋਨਲਡ ਟਰੰਪ ਅਤੇ ਡੈਮੋਕ੍ਰੇਟ ਹਿਲੇਰੀ ਕਲਿੰਟਨ ਵਿਚਕਾਰ ਹੋਈਆਂ ਦੋ ਜਨਤਕ ਬਹਿਸਾਂ ਨੂੰ ਦੁਨੀਆਂ ਭਰ ਵਿਚ ਬੜੀ ਗੰਭੀਰਤਾ ਨਾਲ ਲੋਕਾਂ ਨੇ ਟੀ.ਵੀ. ਉਪਰ ਵੇਖਿਆ ਹੈ। ਪਹਿਲੀ ਜਨਤਕ ਬਹਿਸ ਵਿਚ ਵੀ ਜਿੱਥੇ ਹਿਲੇਰੀ ਆਪਣੀਆਂ ਨੀਤੀਆਂ ਬਾਰੇ ਬੜੇ ਸਹਿਜ-ਭਾਅ ਨਾਲ ਆਪਣਾ ਪੱਖ ਰੱਖਦੀ ਰਹੀ, ਉਥੇ ਟਰੰਪ ਦਾ ਰੁਖ ਬੜਾ ਹਮਲਾਵਰ ਸੀ, ਜੋ ਕਿ ਲੋਕਾਂ ਨੂੰ ਬਹੁਤਾ ਕਰਕੇ ਪਸੰਦ ਨਹੀਂ ਆਇਆ। ਇਸੇ ਤਰ੍ਹਾਂ ਟੀ.ਵੀ. ਉਪਰ ਹੋਈ ਦੂਜੀ ਜਨਤਕ ਬਹਿਸ ਤੋਂ ਪਹਿਲਾਂ ਔਰਤਾਂ ਪ੍ਰਤੀ ਭੱਦੀ ਸ਼ਬਦਾਵਲੀ ਵਰਤਣ ਦਾ ਮਾਮਲਾ ਉਠਣ ‘ਤੇ ਟਰੰਪ ਨੂੰ ਬੇਹੱਦ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ। ਭਾਵੇਂ ਟਰੰਪ ਨੇ ਇਸ ਗੱਲ ਲਈ ਮੁਆਫੀ ਮੰਗ ਲਈ ਹੈ ਅਤੇ ਕਿਹਾ ਹੈ ਕਿ ਉਸ ਵੱਲੋਂ ਇਹ ਗੱਲਾਂ ਬਹੁਤ ਸਮਾਂ ਪਹਿਲਾਂ ਇਕ ਨਿੱਜੀ ਮਾਹੌਲ ਵਿਚ ਕੀਤੀਆਂ ਗਈਆਂ ਸਨ। ਪਰ ਲੱਗਦਾ ਹੈ ਕਿ ਅਮਰੀਕੀ ਲੋਕਾਂ ਦੇ ਵੱਡੇ ਹਿੱਸੇ ਨੂੰ ਉਨ੍ਹਾਂ ਦੀ ਇਹ ਗੱਲ ਕਿਸੇ ਵੀ ਤਰ੍ਹਾਂ ਹਜ਼ਮ ਨਹੀਂ ਹੋਈ ਹੈ। ਪਰ ਇਸ ਦੇ ਨਾਲ ਹੀ ਕੁਝ ਅਮਰੀਕੀ ਅਖਬਾਰਾਂ ਵਿਚ ਟਰੰਪ ਵੱਲੋਂ ਬਣਦਾ ਇਨਕਮ ਟੈਕਸ ਜਮ੍ਹਾਂ ਨਾ ਕਰਵਾਏ ਜਾਣ ਦੀਆਂ ਛਪੀਆਂ ਰਿਪੋਰਟਾਂ ਨੇ ਵੀ ਉਨ੍ਹਾਂ ਦੇ ਰਾਸ਼ਟਰਪਤੀ ਬਣਨ ਉਪਰ ਸਵਾਲੀਆ ਚਿੰਨ੍ਹ ਖੜ੍ਹਾ ਕਰ ਦਿੱਤਾ ਹੈ। ਰਾਸ਼ਟਰਪਤੀ ਚੋਣਾਂ ਵਿਚ ਅਮਰੀਕੀ ਲੋਕਾਂ ਦਾ ਰੁਝਾਨ ਨਸਲਵਾਦੀ ਅਤੇ ਪ੍ਰਵਾਸੀਆਂ ਵਿਰੁੱਧ ਸਖ਼ਤ ਨੀਤੀਆਂ ਅਪਣਾਉਣ ਦੇ ਖਿਲਾਫ ਨਜ਼ਰ ਆ ਰਿਹਾ ਹੈ। ਇਹੀ ਕਾਰਨ ਹੈ ਕਿ ਡੈਮੋਕ੍ਰੇਟ ਹਿਲੇਰੀ ਵੱਲੋਂ ਪ੍ਰਵਾਸੀਆਂ ਪ੍ਰਤੀ ਨਰਮ ਵਤੀਰੇ ਦੀ ਕੀਤੀ ਜਾ ਰਹੀ ਵਜਾਹਤ ਅਤੇ ਨਸਲਪ੍ਰਸਤੀ ਵਿਰੋਧੀ ਲਏ ਜਾ ਰਹੇ ਪੈਂਤੜੇ ਨੂੰ ਅਮਰੀਕੀ ਲੋਕ ਵਧੇਰੇ ਪਸੰਦ ਕਰ ਰਹੇ ਹਨ।
ਡੈਮੋਕ੍ਰੇਟਿਕ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਹਿਲੇਰੀ ਕਲਿੰਟਨ ਨੇ ਆਪਣੇ ਰਿਪਬਲਿਕਨ ਵਿਰੋਧੀ ਡੋਨਲਡ ਟਰੰਪ ‘ਤੇ ਇਹ ਵੀ ਦੋਸ਼ ਲਾਇਆ ਹੈ ਕਿ ਉਸ ਨੇ 12 ਮੁਲਕਾਂ ‘ਚ ਨੌਕਰੀਆਂ ਆਊਟਸੋਰਸ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਉਹ ਰਾਸ਼ਟਰਪਤੀ ਬਣਦੀ ਹੈ ਤਾਂ ਉਹ ਅਮਰੀਕੀ ਕੰਪਨੀਆਂ ‘ਤੇ ਟੈਕਸ ਲਾਉਣਗੇ। ਉਧਰ ਰਾਸ਼ਟਰਪਤੀ ਬਰਾਕ ਓਬਾਮਾ ਦੀ ਪਤਨੀ ਅਤੇ ਦੇਸ਼ ਦੀ ਪ੍ਰਥਮ ਮਹਿਲਾ ਮਿਸ਼ੇਲ ਓਬਾਮਾ ਨੇ ਹਿਲੇਰੀ ਦੇ ਪੱਖ ‘ਚ ਆਉਂਦਿਆਂ ਟੈਕਸ ਦੇ ਮੁੱਦੇ ‘ਤੇ ਟਰੰਪ ਨੂੰ ਘੇਰਦਿਆਂ ਕਿਹਾ ਹੈ ਕਿ ਦੇਸ਼ ਨੂੰ ਅਜਿਹੇ ਰਾਸ਼ਟਰਪਤੀ ਦੀ ਲੋੜ ਹੈ, ਜੋ ਨਿਯਮਾਂ ਦਾ ਪਾਲਣ ਕਰੇ ਅਤੇ ਟੈਕਸ ਅਦਾ ਕਰੇ।
ਪੈਨਸਿਲਵੇਨੀਆ ‘ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਹਿਲੇਰੀ ਕਲਿੰਟਨ ਨੇ ਹੈਰਾਨੀ ਜਤਾਈ ਕਿ ਟਰੰਪ ਨੂੰ ਕੱਪੜੇ ਜਾਂ ਫਰਨੀਚਰ ਬਣਾਉਣ ਲਈ ਅਮਰੀਕਾ ‘ਚ ਕੋਈ ਨਹੀਂ ਮਿਲਿਆ। ਉਨ੍ਹਾਂ ਕਿਹਾ, ”ਤੁਸੀਂ ਅਮਰੀਕਾ ਨੂੰ ਮਹਾਨ ਬਣਾਉਣਾ ਚਾਹੁੰਦੇ ਹੋ ਪਰ ਇਹ ਨਹੀਂ ਸੋਚਦੇ ਕਿ ਅਮਰੀਕਾ ‘ਚ ਰੁਜ਼ਗਾਰ ਦੇ ਮੌਕੇ ਪੈਦਾ ਹੋਣ ਅਤੇ ਅਮਰੀਕੀ ਆਪਣਾ ਜੀਵਨ ਚੰਗੀ ਤਰ੍ਹਾਂ ਗੁਜ਼ਾਰ ਸਕਣ।”
ਨੌਰਥ ਕੈਰੋਲੀਨਾ ‘ਚ ਹਿਲੇਰੀ ਦੇ ਪੱਖ ‘ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮਿਸ਼ੇਲ ਓਬਾਮਾ ਨੇ ਕਿਹਾ ਕਿ ਦੇਸ਼ ਨੂੰ ਇਮਾਨਦਾਰ ਅਤੇ ਨਿਯਮਾਂ ਦਾ ਪਾਲਣ ਕਰਨ ਵਾਲੇ ਆਗੂ ਦੀ ਲੋੜ ਹੈ। ਅਮਰੀਕਾ ਦੀ ਸੁਰੱਖਿਆ ਪ੍ਰਣਾਲੀ ਬਾਰੇ ਗੱਲ ਕਰਦਿਆਂ ਮਿਸ਼ੇਲ ਨੇ ਟਰੰਪ ਦੇ ਰਾਸ਼ਟਰਪਤੀ ਬਣਨ ‘ਤੇ ਸ਼ੰਕਾ ਜ਼ਾਹਿਰ ਕਰਦਿਆਂ ਕਿਹਾ ਕਿ ਜਿਹੜਾ ਵਿਅਕਤੀ ਤੜਕੇ ਤਿੰਨ ਵਜੇ ਤੱਕ ਟਵੀਟ ਕਰਦਾ ਹੋਵੇ, ਉਸ ਦੀਆਂ ਉਂਗਲਾਂ ਪਰਮਾਣੂ ਫੋਨ ‘ਤੇ ਨਹੀਂ ਹੋਣੀਆਂ ਚਾਹੀਦੀਆਂ। ਇਸ ਤਰ੍ਹਾਂ ਇਨ੍ਹਾਂ ਚੋਣਾਂ ਦੌਰਾਨ ਇਹ ਸਵਾਲ ਵੀ ਉੱਠ ਰਿਹਾ ਹੈ ਕਿ ਕਿਸੇ ਸਖ਼ਤ ਮਿਜਾਜ਼ ਵਿਅਕਤੀ ਦੇ ਹੱਥਾਂ ਵਿਚ ਅਮਰੀਕਾ ਦੀ ਪਰਮਾਣੂ ਸ਼ਕਤੀ ਦੇਣਾ ਪੂਰੀ ਮਨੁੱਖਤਾ ਲਈ ਵੱਡਾ ਖਤਰਾ ਸਹੇੜਨ ਵਾਲੀ ਗੱਲ ਹੋ ਸਕਦੀ ਹੈ। ਕਿਉਂਕਿ ਟਰੰਪ ਦੇ ਸੁਭਾਅ ਬਾਰੇ ਇਹ ਗੱਲ ਆਮ ਕਹੀ ਜਾਂਦੀ ਹੈ ਕਿ ਉਹ ਜਦ ਗਰਮੀ ਵਿਚ ਆਉਂਦੇ ਹਨ, ਤਾਂ ਚੰਗਾ-ਮਾੜਾ ਘੱਟ ਹੀ ਸੋਚਦੇ ਹਨ ਅਤੇ ਹਰ ਕਿਸੇ ਪ੍ਰਤੀ ਹਮਲਾਵਰ ਰੁਖ ਅਪਣਾਉਣ ਲੱਗ ਪੈਂਦੇ ਹਨ। ਅਮਰੀਕਾ ਵਰਗੀ ਮਹਾਂਸ਼ਕਤੀ ਦੇ ਮੁਖੀ ਲਈ ਅਜਿਹੇ ਵਤੀਰੇ ਦਾ ਧਾਰਨੀ ਹੋਣਾ ਕਦੇ ਵੀ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਇਹੀ ਕਾਰਨ ਹੈ ਕਿ ਲੋਕ ਟਰੰਪ ਦੇ ਅਜਿਹੇ ਵਤੀਰੇ ਨੂੰ ਪਸੰਦ ਨਹੀਂ ਕਰਦੇ।
ਅਮਰੀਕੀ ਰਾਸ਼ਟਰਪਤੀ ਲਈ ਹੋਈ ਦੂਜੀ ਬਹਿਸ ਬਾਅਦ ਜੋ ਸਰਵੇਖਣ ਆ ਰਹੇ ਹਨ, ਉਹ ਡੈਮੇਕ੍ਰੈਟਿਕ ਉਮੀਦਵਾਰ ਹਿਲੇਰੀ ਦੇ ਹੱਕ ਵਿਚ ਦੱਸੇ ਜਾ ਰਹੇ ਹਨ। ਸਰਵੇਖਣਕਾਰਾਂ ਦਾ ਕਹਿਣਾ ਹੈ ਕਿ ਇਸ ਬਹਿਸ ਦੌਰਾਨ ਡੈਮੋਕ੍ਰੇਟਿਕ ਉਮੀਦਵਾਰ ਹਿਲੇਰੀ ‘ਸਪੱਸ਼ਟ ਜੇਤੂ’ ਬਣ ਕੇ ਉੱਭਰੀ ਹੈ। ਹਾਲਾਂਕਿ ਇਨ੍ਹਾਂ ਸਰਵੇਖਣਾਂ ਵਿਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਹਿਲੇਰੀ ਦੇ ਅੱਗੇ ਜਾਣ ਵਿਚ ਜ਼ਿਆਦਾ ਰੋਲ ਟਰੰਪ ਵੱਲੋਂ ਕੀਤੀਆਂ ਜਾ ਰਹੀਆਂ ਗੱਲਾਂ ਦਾ ਹੈ। ਬਹਿਸ ਦੇਖਣ ਵਾਲੇ ਲੋਕਾਂ ਦਰਮਿਆਨ ਕਰਾਏ ਗਏ ਸੀਐਨਐਨ/ਓਆਰਸੀ ਸਰਵੇਖਣ ਵਿਚ ਕਿਹਾ ਗਿਆ ਕਿ ਹਿਲੇਰੀ ਇਸ ਬਹਿਸ ਦੀ ਸਪੱਸ਼ਟ ਜੇਤੂ ਰਹੀ ਕਿਉਂਕਿ ਸਰਵੇਖਣ ਵਿੱਚ ਸ਼ਾਮਲ 57 ਫ਼ੀਸਦੀ ਲੋਕਾਂ ਨੇ ਹਿਲੇਰੀ ਦੇ ਜਿੱਤਣ ਦੀ ਗੱਲ ਕਹੀ ਹੈ ਜਦੋਂ ਕਿ 34 ਫ਼ੀਸਦੀ ਨੇ ਟਰੰਪ ਦਾ ਸਮਰਥਨ ਕੀਤਾ। ਸੀਐਨਐਨ ਨੇ ਕਿਹਾ ਕਿ ਹਿਲੇਰੀ ਨੂੰ ਇਸ ਸਰਵੇਖਣ ਨੇ ਮਜ਼ਬੂਤ ਸਥਿਤੀ ਵਿਚ ਦਿਖਾਇਆ ਹੈ ਪਰ ਉਸ ਦਾ ਪ੍ਰਦਰਸ਼ਨ ਪਹਿਲੀ ਬਹਿਸ ਜਿੰਨਾ ਚੰਗਾ ਨਹੀਂ ਰਿਹਾ ਜਦੋਂ ਬਹਿਸ ਦੇਖਣ ਵਾਲੇ 62 ਫ਼ੀਸਦੀ ਲੋਕਾਂ ਨੇ ਕਿਹਾ ਸੀ ਕਿ ਉਹ ਜਿੱਤੀ ਹੈ।
ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਲਈ ਚੱਲ ਰਹੀ ਚੋਣ ਮੁਹਿੰਮ ਇਸ ਪੱਖੋਂ ਵੀ ਬੇਹੱਦ ਅਹਿਮ ਹੈ ਕਿ ਯੂਰਪੀਅਨ ਮੁਲਕ ਇਸ ਵੇਲੇ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ। ਬਰਾਕ ਓਬਾਮਾ ਦਾ ਪ੍ਰਸ਼ਾਸਨ ਅਮਰੀਕਾ ਨੂੰ ਆਰਥਿਕ ਮੰਦੀ ਵਿਚੋਂ ਕੱਢਣ ‘ਚ ਸਫਲ ਹੋਇਆ ਹੈ। ਅਜਿਹੀ ਹਾਲਤ ਵਿਚ ਨਵੇਂ ਅਮਰੀਕੀ ਰਾਸ਼ਟਰਪਤੀ ਸਾਹਮਣੇ ਅਮਰੀਕਾ ਸਮੇਤ ਦੁਨੀਆਂ ਭਰ ਦੇ ਵਿਕਸਿਤ ਮੁਲਕਾਂ ‘ਚ ਆਏ ਮੰਦਵਾੜੇ ਨੂੰ ਹੱਲ ਕਰਨ ਦਾ ਵੱਡਾ ਚੁਣੌਤੀ ਭਰਿਆ ਕਦਮ ਖੜ੍ਹਾ ਹੈ। ਡੋਨਲਡ ਟਰੰਪ ਭਾਵੇਂ ਇਸ ਮਾਮਲੇ ਵਿਚ ਕੋਈ ਵੱਡੇ ਮਾਅਰਕੇ ਦੀ ਗੱਲ ਨਹੀਂ ਕਰ ਸਕਿਆ, ਪਰ ਅਮਰੀਕੀ ਲੋਕ ਇਸ ਮਾਮਲੇ ਵਿਚ ਵੀ ਹਿਲੇਰੀ ਕਲਿੰਟਨ ਤੋਂ ਕੁਝ ਆਸ ਭਰੇ ਕਦਮ ਚੁੱਕਣ ਦੀ ਉਮੀਦ ਰੱਖ ਰਹੇ ਹਨ। ਰਾਸ਼ਟਰਪਤੀ ਦੀ ਇਹ ਚੋਣ ਪ੍ਰਵਾਸੀਆਂ ਲਈ ਵੱਡਾ ਮਹੱਤਵ ਰੱਖਦੀ ਹੈ। ਕਿਉਂਕਿ ਟਰੰਪ ਵੱਲੋਂ ਸ਼ਰੇਆਮ ਪ੍ਰਵਾਸੀਆਂ ਖਿਲਾਫ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਨਸਲਪ੍ਰਸਤੀ ਦੀ ਭਾਵਨਾ ਫੈਲਾਈ ਜਾ ਰਹੀ ਹੈ। ਇਸ ਕਰਕੇ ਸਮੁੱਚਾ ਪ੍ਰਵਾਸੀ ਭਾਈਚਾਰਾ ਟਰੰਪ ਦੀ ਅਜਿਹੀ ਸੋਚ ਅਤੇ ਨੀਤੀਆਂ ਤੋਂ ਬੇਹੱਦ ਫਿਕਰਮੰਦ ਹੈ ਅਤੇ ਉਹ ਭਰਵੇਂ ਰੂਪ ਵਿਚ ਡੈਮੋਕ੍ਰੇਟਿਕ ਹਿਲੇਰੀ ਕਲਿੰਟਨ ਦੀ ਹਮਾਇਤ ਵਿਚ ਖੜ੍ਹਾ ਹੈ। ਆਖਰੀ ਦੌਰ ਵਿਚ ਪੁੱਜੀ ਚੋਣ ਮੁਹਿੰਮ ਤੋਂ ਸਪੱਸ਼ਟ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਡੋਮੋਕ੍ਰੇਟ ਹਿਲੇਰੀ ਕਲਿੰਟਨ ਇਕ ਵਾਰ ਪ੍ਰਥਮ ਮਹਿਲਾ ਤੋਂ ਰਾਸ਼ਟਰਪਤੀ ਬਣ ਕੇ ਵਾਈਟ ਹਾਊਸ ਵਿਚ ਪੁੱਜਣ ਲਈ ਪੂਰੀ ਤਰ੍ਹਾਂ ਤਿਆਰ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.