ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਸਿੱਖ ਪਛਾਣ ਬਾਰੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਗੰਭੀਰ ਹੋਣ
ਸਿੱਖ ਪਛਾਣ ਬਾਰੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਗੰਭੀਰ ਹੋਣ
Page Visitors: 2511

ਸਿੱਖ ਪਛਾਣ ਬਾਰੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਗੰਭੀਰ ਹੋਣ
Posted On 19 Oct 2016
By : Punjab Mail USA
ਗੁਰਜਤਿੰਦਰ ਸਿੰਘ ਰੰਧਾਵਾ,
 ਸੈਕਰਾਮੈਂਟੋ, ਕੈਲੀਫੋਰਨੀਆ,
 916-320-9444
ਅਮਰੀਕਾ ਵਿਚ ਸਿੱਖ ਪਛਾਣ ਬਾਰੇ ਪੈਦਾ ਹੋਈ ਗਲਤਫਹਿਮੀ ਤੋਂ ਬਾਅਦ ਸਿੱਖਾਂ ਉਪਰ ਹਮਲਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਭਾਵੇਂ ਡੇਢ ਦਹਾਕੇ ਤੋਂ ਸਿੱਖ ਸੰਸਥਾਵਾਂ, ਧਾਰਮਿਕ ਅਦਾਰੇ ਅਤੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਵਲੋਂ ਸਿੱਖਾਂ ਦੀ ਪਛਾਣ ਬਾਰੇ ਪੈਦਾ ਹੋਈ ਗਲਤਫਹਿਮੀ ਨੂੰ ਦੂਰ ਕਰਨ ਲਈ ਬੜੇ ਯਤਨ ਕੀਤੇ ਜਾ ਰਹੇ ਹਨ। ਪਰ ਆਏ ਦਿਨ ਕਿਤੇ ਨਾ ਕਿਤੇ ਸਿੱਖਾਂ ਉਪਰ ਨਫਰਤੀ ਨਸਲੀ ਹਮਲੇ ਹੋਣ ਦੀਆਂ ਘਟਨਾਵਾਂ ਵਾਪਰਨ ਦੀਆਂ ਖ਼ਬਰਾਂ ਆਉਂਦੀਆਂ ਹੀ ਰਹਿੰਦੀਆਂ ਹਨ। ਪਿਛਲੇ ਹਫਤੇ ਬੇਕਰਸਫੀਲਡ ਵਿਖੇ ਇਕ ਸਿੱਖ ਨੌਜਵਾਨ ਬਲਮੀਤ ਸਿੰਘ ਉਪਰ ਨਫਰਤੀ ਹਮਲਾ ਹੋਇਆ। ਇਸ ਤੋਂ ਬਾਅਦ ਬੇ ਏਰੀਆ ਵਿਚ ਮਾਨ ਸਿੰਘ ਖਾਲਸਾ ਨਾਂ ਦੇ ਨੌਜਵਾਨ ਦੀ ਦਸਤਾਰ ਅਤੇ ਕੇਸਾਂ ਦੀ ਬੇਅਦਬੀ ਕਰਨ ਦੀ ਘਟਨਾ ਵਾਪਰੀ ਹੈ।
 ਅਜਿਹੀਆਂ ਘਟਨਾਵਾਂ ਕਾਰਨ ਸਿੱਖਾਂ ਅੰਦਰ ਅਸੁਰੱਖਿਅਤਾ ਅਤੇ ਰੋਸ ਦੀ ਭਾਵਨਾ ਪੈਦਾ ਹੁੰਦੀ ਹੈ। ਇਕ ਘੱਟ ਗਿਣਤੀ ਵਜੋਂ ਸਿੱਖਾਂ ਉਪਰ ਅਜਿਹੇ ਹਮਲੇ ਸਾਡੇ ਮਾਣ-ਸਤਿਕਾਰ ਅਤੇ ਗੌਰਵ ਨੂੰ ਠੇਸ ਪਹੁੰਚਾਉਂਦੇ ਹਨ। ਹਾਲਾਂਕਿ ਅਜਿਹੇ ਹਮਲਿਆਂ ਲਈ ਸਿੱਖ ਭਾਈਚਾਰਾ ਸਿੱਧੇ ਤੌਰ ‘ਤੇ ਕਿਸੇ ਵੀ ਤਰ੍ਹਾਂ ਜ਼ਿੰਮੇਵਾਰ ਨਹੀਂ। ਅਸਲ ਵਿਚ 9/11 ਦੇ ਵਰਲਡ ਟਰੇਡ ਸੈਂਟਰ ਉਪਰ ਹੋਏ ਹਮਲੇ ਤੋਂ ਬਾਅਦ ਅਮਰੀਕੀ ਲੋਕਾਂ ਨੂੰ ਲਾਦੇਨ ਦੇ ਪਗੜੀਧਾਰੀ ਹਮਾਇਤੀਆਂ ਕਾਰਨ ਸਾਰੇ ਸਿੱਖ ਵੀ ਉਨ੍ਹਾਂ ਦੇ ਹੀ ਹਮਾਇਤੀ ਲੱਗਦੇ ਹਨ। ਜਿਸ ਕਾਰਨ ਸਿੱਖਾਂ ਵਿਰੁੱਧ ਹਮਲਿਆਂ ਦੀ ਇਹ ਲੜੀ ਸ਼ੁਰੂ ਹੋਈ ਸੀ। ਪਿਛਲੇ ਡੇਢ ਕੁ ਦਹਾਕੇ ਦੌਰਾਨ ਦਰਜਨਾਂ ਸਿੱਖਾਂ ਦੇ ਕਤਲ ਹੋ ਚੁੱਕੇ ਹਨ।  ਅਨੇਕਾਂ ਉਪਰ ਨਸਲੀ ਹਮਲੇ ਅਤੇ ਬਦਸਲੂਕੀ ਕੀਤੇ ਜਾਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹੀਆਂ ਹਨ। ਇਸ ਸਾਰੇ ਵਰਤਾਰੇ ਕਾਰਨ ਸਿੱਖ ਭਾਈਚਾਰੇ ਅੰਦਰ ਫਿਕਰਮੰਦੀ ਅਤੇ ਚਿੰਤਾ ਦਾ ਮਾਹੌਲ ਬਣਿਆ ਰਹਿੰਦਾ ਹੈ। ਸਾਨੂੰ ਅਜਿਹੇ ਮਾਮਲੇ ਨੂੰ ਬੜੀ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਅਤੇ ਸਿੱਖ ਪਹਿਚਾਣ ਬਾਰੇ ਗਲਤਫਹਿਮੀ ਨੂੰ ਦੂਰ ਕਰਨ ਲਈ ਹੋਰ ਵਧੇਰੇ ਸਰਗਰਮ ਹੋਣਾ ਪੈਣਾ ਹੈ। ਇਸ ਮਾਮਲੇ ਵਿਚ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਬਹੁਤ ਹੀ ਅਹਿਮ ਰੋਲ ਅਦਾ ਕਰ ਸਕਦੀਆਂ ਹਨ। ਸਿੱਖ ਪਹਿਚਾਣ ਬਾਰੇ ਭਰਮ-ਭੁਲੇਖੇ ਦੂਰ ਕਰਨ ਲਈ ਜਿੱਥੇ ਸਾਡੇ ਧਾਰਮਿਕ ਅਸਥਾਨ ਹਰ ਸਾਲ ਨਗਰ ਕੀਰਤਨ (ਸਿੱਖ ਪਰੇਡ) ਕੱਢਦੇ ਹਨ, ਉਥੇ ਲੰਗਰ ਆਦਿ ਲਗਾ ਕੇ ਹਰ ਧਰਮ ਅਤੇ ਵਰਗ ਦੇ ਲੋਕਾਂ ਤੱਕ ਆਪਣੇ ਧਾਰਮਿਕ ਤੇ ਸਮਾਜਿਕ ਅਕੀਦੇ ਬਾਰੇ ਵੀ ਸਹੀ ਤਸਵੀਰ ਪੇਸ਼ ਕਰਨ ਦਾ ਯਤਨ ਕੀਤਾ ਜਾਂਦਾ ਹੈ।
  ਪਰ ਸਾਨੂੰ ਇਸ ਤੋਂ ਵੀ ਵੱਧ ਯਤਨ ਕਰਨੇ ਚਾਹੀਦੇ ਹਨ। ਸਾਡੇ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਸਾਡੀ ਅਪੀਲ ਹੈ ਕਿ ਜਿੱਥੇ ਵੀ ਸਿੱਖ ਵਸੋਂ ਰਹਿੰਦੀ ਹੈ, ਉਨ੍ਹਾਂ ਥਾਂਵਾਂ ‘ਤੇ ਵੱਡੇ ਹੋਰਡਿੰਗ ਲਗਾ ਕੇ ਸਿੱਖ ਪਹਿਚਾਣ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇ। ਇਸੇ ਤਰ੍ਹਾਂ ਸਾਡੇ ਧਾਰਮਿਕ ਸਮਾਗਮਾਂ ਵਿਚ ਅਸੀਂ ਅਮਰੀਕੀ ਰਾਜਸੀ ਪਾਰਟੀਆਂ ਅਤੇ ਹੋਰ ਸੰਸਥਾਵਾਂ ਦੇ ਆਗੂਆਂ ਨੂੰ ਤਾਂ ਸੱਦਦੇ ਰਹਿੰਦੇ ਹਾਂ, ਪਰ ਆਮ ਅਮਰੀਕੀ ਸਮਾਜ ਦੇ ਲੋਕਾਂ ਦੀ ਸ਼ਮੂਲੀਅਤ ਸਾਡੇ ਧਾਰਮਿਕ ਸਮਾਗਮਾਂ ਵਿਚ ਬਹੁਤ ਹੀ ਘੱਟ ਹੁੰਦੀ ਹੈ। ਜੇਕਰ ਅਸੀਂ ਸਾਰੇ ਆਪੋ-ਆਪਣੇ ਪੱਧਰ ‘ਤੇ ਇਹ ਯਤਨ ਕਰੀਏ ਕਿ ਅਜਿਹੇ ਧਾਰਮਿਕ ਸਮਾਗਮਾਂ ਵਿਚ ਆਮ ਅਮਰੀਕੀ ਸਮਾਜ ਦੇ ਲੋਕਾਂ ਦੀ ਸ਼ਮੂਲੀਅਤ ਕਰਵਾਈ ਜਾਵੇ। ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਚਾਹੀਦਾ ਹੈ ਕਿ ਉਹ ਗੁਰੂ ਘਰਾਂ ਵਿਚ ਕਰਵਾਏ ਜਾਂਦੇ ਸਮਾਗਮਾਂ ਲਈ ਹਰ ਤਰ੍ਹਾਂ ਦੀਆਂ ਸਭਾ, ਸੁਸਾਇਟੀਆਂ ਅਤੇ ਹੋਰਨਾਂ ਵਰਗਾਂ ਦੇ ਸੰਗਠਨਾਂ ਨੂੰ ਸ਼ਾਮਲ ਹੋਣ ਲਈ ਬਾਕਾਇਦਾ ਸੱਦਾ ਪੱਤਰ ਭੇਜਣ ਅਤੇ ਉਨ੍ਹਾਂ ਦੇ ਨੁਮਾਇੰਦਿਆਂ ਨਾਲ ਮਿਲ ਕੇ ਉਨ੍ਹਾਂ ਨੂੰ ਅਜਿਹੇ ਸਮਾਗਮਾਂ ਵਿਚ ਸ਼ਮੂਲੀਅਤ ਲਈ ਪ੍ਰੇਰਿਤ ਕਰਨ। ਅਜਿਹਾ ਹੋਣ ਨਾਲ ਆਮ ਅਮਰੀਕੀ ਸਮਾਜ ਵਿਚ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ, ਪੱਗੜੀ ਅਤੇ ਸਾਡੇ ਧਾਰਮਿਕ ਵਿਸ਼ਵਾਸਾਂ ਪ੍ਰਤੀ ਜਾਣਕਾਰੀ ਵੀ ਵਧੇਗੀ ਅਤੇ ਸਾਡੇ ਲੋਕਾਂ ਨਾਲ ਉਨ੍ਹਾਂ ਦਾ ਸਨੇਹ ਅਤੇ ਨੇੜਤਾ ਵੀ ਬਣੇਗੀ। ਪ੍ਰਚਾਰ ਸਾਧਨਾਂ ਵਿਚ ਵੀ ਸਾਨੂੰ ਅਜਿਹੇ ਢੰਗ-ਤਰੀਕੇ ਅਪਣਾਉਣ ਵੱਲ ਯਤਨ ਕਰਨੇ ਚਾਹੀਦੇ ਹਨ, ਜਿਹੜੇ ਲੰਮੇ ਸਮੇਂ ਲਈ ਫਾਇਦੇਮੰਦ ਹੋਣ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਆਕਰਸ਼ਿਤ ਕਰਨ ਦੀ ਸਮਰੱਥਾ ਰੱਖਦੇ ਹੋਣ। ਸਾਡੇ ਨੋਟਿਸ ਵਿਚ ਆਇਆ ਹੈ ਕਿ ਕੁਝ ਇਕ ਲੋਕ ਅਮਰੀਕਾ ਦੇ ਨੈਸ਼ਨਲ ਟੀ.ਵੀ. ਉਪਰ ਇਸ਼ਤਿਹਾਰ ਦੇਣ ਲਈ ਪੈਸੇ ਇਕੱਤਰ ਕਰਨ ਦੀਆਂ ਗੱਲਾਂ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਨੈਸ਼ਨਲ ਟੀ.ਵੀ. ਉਪਰ ਇਸ਼ਤਿਹਾਰ ਦੇਣ ਨਾਲ ਅਮਰੀਕਾ ਭਰ ਵਿਚ ਸਿੱਖਾਂ ਦੀ ਪਛਾਣ ਬਾਰੇ ਜਾਗ੍ਰਿਤੀ ਪੈਦਾ ਹੋਵੇਗੀ।
 ਪਰ ਇਹ ਨਿਰੋਲ ਭੁਲੇਖਾ ਹੈ। ਨੈਸ਼ਨਲ ਟੀ.ਵੀ. ਚੈਨਲਾਂ ਉਪਰ ਇਸ਼ਤਿਹਾਰ ਬੇਹੱਦ ਮਹਿੰਗੇ ਹੁੰਦੇ ਹਨ ਅਤੇ ਕੁੱਝ ਦਿਨਾਂ ਦੀ ਅਜਿਹੀ ਇਸ਼ਤਿਹਾਰਬਾਜ਼ੀ ਸਿੱਖ ਪਛਾਣ ਬਾਰੇ ਜਾਗ੍ਰਿਤੀ ਪੈਦਾ ਕਰਨ ਬਾਰੇ ਕਿਸੇ ਤਰ੍ਹਾਂ ਦਾ ਕੋਈ ਯੋਗਦਾਨ ਨਹੀਂ ਪਾ ਸਕੇਗੀ। ਇਸ ਦੇ ਨਾਲ ਹੀ ਅਸੀਂ ਦੇਖਿਆ ਹੈ ਕਿ ਸਿੱਖਾਂ ਉਪਰ ਹਮਲੇ ਕਰਨ ਜਾਂ ਸਾਡੇ ਧਾਰਮਿਕ ਵਿਸ਼ਵਾਸਾਂ ਦੀ ਬੇਅਦਬੀ ਕਰਨ ਲਈ (ਹੋਮਲੈਸ) ਬੇਘਰੇ, ਜਾਂ ਆਵਾਰਾ ਕਿਸਮ ਦੇ ਲੋਕਾਂ ਦਾ ਵਧੇਰੇ ਰੋਲ ਹੁੰਦਾ ਹੈ। ਇਸ ਦੇ ਨਾਲ ਹੀ ਨਸ਼ੇੜੀ ਕਿਸਮ ਦੇ ਲੋਕ ਵੀ ਅਕਸਰ ਅਜਿਹੇ ਕਾਰਨਾਮਿਆਂ ਵਿਚ ਸ਼ਾਮਲ ਹੁੰਦੇ ਵੇਖੇ ਗਏ ਹਨ।
 ਗੁਰੂ ਘਰਾਂ ਦੇ ਪ੍ਰਬੰਧਕਾਂ ਨੂੰ ਸਾਡੀ ਅਪੀਲ ਹੈ ਕਿ ਉਹ ਬੇਘਰੇ ਅਤੇ ਨਿਆਸਰੇ ਰਹਿ ਰਹੇ ਲੋਕਾਂ ਪ੍ਰਤੀ ਹਮਦਰਦੀ ਵਾਲਾ ਵਤੀਰਾ ਅਪਣਾਉਂਦਿਆਂ ਅਜਿਹੇ ਲੋਕਾਂ ਨੂੰ ਗੁਰੂ ਘਰਾਂ ਵਿਚ ਸੱਦ ਕੇ ਉਨ੍ਹਾਂ ਨੂੰ ਲੋੜੀਂਦੇ ਕੱਪੜੇ ਵੀ ਮੁਹੱਈਆ ਕਰਵਾਉਣ ਅਤੇ ਲੰਗਰ ਛਕਾਉਣ ਦੇ ਯਤਨ ਕਰਨ। ਅਜਿਹਾ ਕਰਨ ਨਾਲ ਅਜਿਹੇ ਨਿਆਸਰੇ ਵਰਗਾਂ ਵਿਚ ਸਿੱਖਾਂ ਪ੍ਰਤੀ ਇਕ ਨਿਆਰੀ ਕਿਸਮ ਦੀ ਜਾਗ੍ਰਿਤੀ ਪੈਦਾ ਹੋਵੇਗੀ। ਸਿੱਖ ਧਰਮ ਦਾ ਮੁੱਢ ਹੀ ਨਿਆਸਰੇ ਅਤੇ ਲੋੜਵੰਦਾਂ ਦੀ ਸੇਵਾ ਕਰਨਾ ਹੈ। ਅਜਿਹਾ ਕੰਮ ਕਰਕੇ ਸਾਡੇ ਗੁਰੂ ਘਰਾਂ ਦੇ ਪ੍ਰਬੰਧਕ ਅਜਿਹੇ ਲੋਕਾਂ ਦੇ ਮਨਾਂ ਵਿਚ ਸਿੱਖ ਭਾਈਚਾਰੇ ਪ੍ਰਤੀ ਹਮਦਰਦੀ ਅਤੇ ਉਤਸ਼ਾਹ ਪੈਦਾ ਕਰਨ ‘ਚ ਕਾਮਯਾਬ ਹੋ ਸਕਦੇ ਹਨ।
ਅਮਰੀਕੀ ਸਮਾਜ ਦੀ ਰਾਜਸੀ ਸਰਗਰਮੀ ਵਿਚ ਸ਼ਾਮਲ ਹੋਣਾ ਅਤੇ ਯੋਗਦਾਨ ਪਾਉਣਾ ਵੀ ਸਾਡੇ ਲਈ ਬੇਹੱਦ ਜ਼ਰੂਰੀ ਹੈ। ਇਸ ਗੱਲ ਵਿਚ ਹੁਣ ਕੋਈ ਸ਼ੱਕ ਨਹੀਂ ਕਿ 5 ਲੱਖ ਦੇ ਕਰੀਬ ਵਸਦੇ ਸਿੱਖ ਸਮਾਜ ਦੀਆਂ ਜੜ੍ਹਾਂ ਹੁਣ ਇਥੇ ਹੀ ਲੱਗ ਚੁੱਕੀਆਂ ਹਨ ਅਤੇ ਅਸੀਂ ਇਥੋਂ ਦੇ ਹਰ ਖੇਤਰ ਵਿਚ ਅਹਿਮ ਭੂਮਿਕਾ ਨਿਭਾਅ ਰਹੇ ਹਾਂ। ਸਿੱਖਾਂ ਦੀ ਪਛਾਣ ਬਾਰੇ ਪੈਦਾ ਹੋਈ ਗਲਤਫਹਿਮੀ ਦੂਰ ਕਰਨ ਦਾ ਇਕ ਹੋਰ ਬੇਹੱਦ ਕਾਰਗਰ ਅਤੇ ਸੌਖਾ ਤਰੀਕਾ ਇਹ ਹੈ ਕਿ ਅਸੀਂ ਅਮਰੀਕੀ ਰਾਜਸੀ ਸਰਗਰਮੀ ਵਿਚ ਹਿੱਸਾ ਲਈਏ। ਪਿੱਛੇ ਜਿਹੇ ਡੈਮੋਕ੍ਰੇਟਿਕ ਪਾਰਟੀ ਦੀ ਡੈਲੀਗੇਟ ਕਨਵੈਨਸ਼ਨ ਵਿਚ ਪਹਿਲੀ ਵਾਰ ਕੁੱਝ ਸਿੱਖ ਡੈਲੀਗੇਟ ਸ਼ਾਮਲ ਹੋਏ। ਅਮਰੀਕੀ ਮੀਡੀਆ, ਖਾਸਕਰ ਟੀ.ਵੀ. ਮੀਡੀਏ ਨੇ ਉਥੇ ਸ਼ਾਮਲ ਹੋਏ ਸਿੱਖਾਂ ਨੂੰ ਬੇਹੱਦ ਦਿਲਚਸਪੀ ਅਤੇ ਉਤਸ਼ਾਹ ਨਾਲ ਦਿਖਾਇਆ।
   ਇਸ ਤਰ੍ਹਾਂ ਸਿੱਖ ਡੈਲੀਗੇਟਾਂ ਦੇ ਕਨਵੈਨਸ਼ਨ ਵਿਚ ਸ਼ਾਮਲ ਹੋਣ ਨਾਲ ਸਿੱਖ ਭਾਈਚਾਰੇ ਨੂੰ ਮੁਫਤ ਵਿਚ ਹੀ ਵੱਡੀ ਪੱਧਰ ‘ਤੇ ਪਬਲੀਸਿਟੀ ਮਿਲ ਗਈ। ਰਾਜਸੀ ਸਰਗਰਮੀ ਵਿਚ ਸ਼ਾਮਲ ਹੋਣ ਨਾਲ ਰਾਜਸੀ ਪਾਰਟੀਆਂ ਅੰਦਰ ਵੀ ਸਿੱਖ ਭਾਈਚਾਰੇ ਪ੍ਰਤੀ ਪ੍ਰਤੀਬੱਧਤਾ ਦੀ ਜਾਗ੍ਰਿਤੀ ਪੈਦਾ ਹੁੰਦੀ ਹੈ। ਜਦੋਂ ਅਸੀਂ ਅਮਰੀਕਨ ਰਾਜਸੀ ਸਰਗਰਮੀਆਂ ਵਿਚ ਹਿੱਸਾ ਲਵਾਂਗੇ, ਤਾਂ ਉਥੋਂ ਦੇ ਲੋਕਾਂ ਨੂੰ ਵੀ ਸਾਡੇ ਸਮਾਜ ਨਾਲ ਲਗਾਅ ਪੈਦਾ ਹੋਣਾ ਕੁਦਰਤੀ ਹੈ। ਇਸ ਤਰ੍ਹਾਂ ਨਾਲ ਜਿਵੇਂ-ਜਿਵੇਂ ਸਿੱਖ ਭਾਈਚਾਰਾ ਰਾਜਸੀ ਸਰਗਰਮੀ ਵਿਚ ਸ਼ਾਮਲ ਹੋਵੇਗਾ, ਉਸੇ ਤਰ੍ਹਾਂ ਉਸ ਨੂੰ ਰਾਜਸੀ ਪੱਧਰ ‘ਤੇ ਨੁਮਾਇੰਦਗੀ ਮਿਲਣੀ ਆਰੰਭ ਹੋਵੇਗੀ।
 ਜੇਕਰ ਰਾਜਸੀ ਖੇਤਰ ਵਿਚ ਰਾਜਸੀ ਪਾਰਟੀਆਂ ਦੀ ਲੀਡਰਸ਼ਿਪ ਵਿਚ ਸਾਡੇ ਸਮਾਜ ਦੇ ਆਗੂ ਖੜ੍ਹੇ ਹੋਣਗੇ, ਤਾਂ ਖੁਦ-ਬ-ਖੁਦ ਇਸ ਨਾਲ ਸਾਡੇ ਪਹਿਚਾਣ ‘ਤੇ ਲੱਗਿਆ ਬਦਨੁਮਾ ਦਾਗ ਆਪਣੇ ਆਪ ਹੀ ਖਤਮ ਹੁੰਦਾ ਜਾਵੇਗਾ। ਸਾਡੇ ਗੁਆਂਢੀ ਦੇਸ਼ ਕੈਨੇਡਾ ਵਿਚ ਬਹੁਤ ਥੋੜ੍ਹੀ ਗਿਣਤੀ ਵਿਚ ਹੁੰਦਿਆਂ ਵੀ ਸਾਡੇ ਸਮਾਜ ਨੇ ਵੱਡੀਆਂ ਪ੍ਰਾਪਤੀਆਂ ਕਰ ਲਈਆਂ ਹਨ। ਉਥੋਂ ਦੀ ਫੈਡਰਲ ਸਰਕਾਰ ਵਿਚ ਸਾਡੇ 6 ਮੰਤਰੀਆਂ ਸਮੇਤ 18 ਮੈਂਬਰ ਪਾਰਲੀਮੈਂਟ ਹਨ। ਰਾਜਸੀ ਖੇਤਰ ਵਿਚ ਪੈਦਾ ਹੋਈ ਇਸ ਤਾਕਤ ਕਾਰਨ ਸਿੱਖਾਂ ਨੂੰ ਕੈਨੇਡਾ ਵਿਚ ਬੜੇ ਗੌਰਵ ਅਤੇ ਮਾਣ ਨਾਲ ਵੇਖਿਆ ਜਾਣ ਲੱਗਾ ਹੈ।
  ਜੇਕਰ ਅਸੀਂ ਅਮਰੀਕਾ ‘ਚ ਵਸਦੇ ਸਿੱਖ ਵੀ ਇਸੇ ਤਰ੍ਹਾਂ ਰਾਜਸੀ ਖੇਤਰ ਵਿਚ ਆਪਣਾ ਵਧੀਆ ਰੋਲ ਅਦਾ ਕਰੀਏ, ਤਾਂ ਸਾਡੇ ਲੋਕਾਂ ਨੂੰ ਵੀ ਨੁਮਾਇੰਦਗੀ ਮਿਲਣੀ ਕੋਈ ਮੁਸ਼ਕਿਲ ਕੰਮ ਨਹੀਂ। ਰਾਜਸੀ ਖੇਤਰ ਵਿਚ ਪੈਦਾ ਕੀਤੀ ਅਜਿਹੀ ਨੁਮਾਇੰਦਗੀ ਮੁੜ ਸਾਡੇ ਸਮਾਜ ਨੂੰ ਸੁਰੱਖਿਆ ਦੀ ਗਿਣਤੀ ਬਣਦੀ ਹੈ। ਸਰਕਾਰੀ ਤੰਤਰ ਵਿਚ ਬਹੁਤ ਵਾਰ ਜੇਕਰ ਉਥੇ ਸਾਡੇ ਨੁਮਾਇੰਦੇ ਹਾਜ਼ਰ ਨਹੀਂ ਹੁੰਦੇ, ਤਾਂ ਸਾਡੇ ਭਾਈਚਾਰੇ ਬਾਰੇ ਕਈ ਅਜਿਹੇ ਕਾਨੂੰਨ ਅਤੇ ਧਾਰਾਵਾਂ ਬਣ ਜਾਂਦੀਆਂ ਹਨ, ਜੋ ਸਾਡੇ ਭਾਈਚਾਰੇ ਦੇ ਲੋਕਾਂ ਲਈ ਮੁਸ਼ਕਲ ਦਾ ਕਾਰਨ ਬਣਦੀਆਂ ਹਨ। ਪਰ ਜੇਕਰ ਫੈਸਲੇ ਲੈਣ ਵਾਲੀਆਂ ਕਮੇਟੀਆਂ ਵਿਚ ਸਾਡੇ ਭਾਈਚਾਰੇ ਦੇ ਲੋਕਾਂ ਦੀ ਨੁਮਾਇੰਦਗੀ ਹੋਵੇ, ਤਾਂ ਅਜਿਹੀਆਂ ਗੱਲਾਂ ਵਾਪਰਨ ਨੂੰ ਬੜੀ ਚੰਗੀ ਤਰ੍ਹਾਂ ਰੋਕਿਆ ਜਾ ਸਕਦਾ ਹੈ।
 ਸੋ ਅਮਰੀਕਾ ਵਿਚ ਵਸਦੇ ਸਿੱਖ ਭਾਈਚਾਰੇ ਨੂੰ, ਖਾਸਕਰ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਬੜੀ ਹੀ ਗੰਭੀਰਤਾ ਨਾਲ ਇਨ੍ਹਾਂ ਸਾਰੇ ਮਾਮਲਿਆਂ ਉਪਰ ਸੋਚ-ਵਿਚਾਰ ਕਰਨ ਦੀ ਜ਼ਰੂਰਤ ਹੈ ਅਤੇ ਜੇਕਰ ਅਸੀਂ ਸਾਰੇ ਇਕੱਠੇ ਹੋ ਕੇ ਹੰਭਲਾ ਮਾਰੀਏ, ਤਾਂ ਸਿੱਖਾਂ ਦੀ ਪਛਾਣ ਬਾਰੇ ਪੈਦਾ ਹੋਈ ਗਲਤਫਹਿਮੀ ਵੀ ਜਲਦੀ ਹੀ ਦੂਰ ਕੀਤੀ ਜਾ ਸਕਦੀ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.