ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਪੰਜਾਬ ‘ਚ ਸਿਆਸੀ ਜੋੜ-ਤੋੜ ਦਾ ਬਾਜ਼ਾਰ ਗਰਮ
ਪੰਜਾਬ ‘ਚ ਸਿਆਸੀ ਜੋੜ-ਤੋੜ ਦਾ ਬਾਜ਼ਾਰ ਗਰਮ
Page Visitors: 2624

ਪੰਜਾਬ ‘ਚ ਸਿਆਸੀ ਜੋੜ-ਤੋੜ ਦਾ ਬਾਜ਼ਾਰ ਗਰਮ

Posted On 23 Nov 2016
ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਜਿਉਂ-ਜਿਉਂ ਨੇੜੇ ਆ ਰਹੀਆਂ ਹਨ, ਤਾਂ ਵੱਖ-ਵੱਖ ਸਿਆਸੀ ਪਾਰਟੀਆਂ ਅੰਦਰ ਜੋੜਾਂ-ਤੋੜਾਂ ਦੀਆਂ ਸਰਗਰਮੀਆਂ ਬੇਹੱਦ ਤੇਜ਼ ਹੋ ਗਈਆਂ ਹਨ। ਇਕ ਦੂਜੀ ਪਾਰਟੀ ਤੋਂ ਸਿਆਸੀ ਨੇਤਾ ਪਾਲਾ ਬਦਲ ਕੇ ਦੂਜੇ ਪਾਸੇ ਛਲਾਂਗਾਂ ਲਗਾ ਰਹੇ ਹਨ। ਦਿਲਚਸਪ ਗੱਲ ਇਹ ਹੈ ਕਿ ਸਿਆਸੀ ਆਗੂਆਂ ਵਿਚਕਾਰ ਮੌਕਾਪ੍ਰਸਤੀ ਦੀ ਦੌੜ ਵਿਚ ਇਸ ਵੇਲੇ ਕੋਈ ਵੀ ਪਿੱਛੇ ਨਹੀਂ ਰਹਿ ਰਿਹਾ। ਇੱਥੋਂ ਤੱਕ ਕਿ ਪੰਜਾਬ ਅੰਦਰ ਨਵੀਂ ਉਭਰ ਰਹੀ ਤੀਜੀ ਧਿਰ ਆਮ ਆਦਮੀ ਪਾਰਟੀ ਵੀ ਅਜਿਹੇ ਰੁਝਾਨਾਂ ਤੋਂ ਮੁਕਤ ਨਹੀਂ ਹੈ। ਪਿਛਲੇ ਦਿਨਾਂ ਵਿਚ ਅਕਾਲੀ ਦਲ ਵੱਲੋਂ ਉਮੀਦਵਾਰਾਂ ਦੀ ਜਾਰੀ ਕੀਤੀ ਗਈ ਪਹਿਲੀ ਸੂਚੀ ਤੋਂ ਤੁਰੰਤ ਬਾਅਦ ਪਾਰਟੀ ਅੰਦਰ ਵੱਡੀ ਪੱਧਰ ‘ਤੇ ਰੋਸ ਅਤੇ ਬਿਖੇੜੇ ਖੜ੍ਹੇ ਹੋਏ ਹਨ। ਪਾਰਟੀ ਦੇ ਦੋ ਵਿਧਾਇਕ ਸ. ਸਰਵਣ ਸਿੰਘ ਫਿਲੌਰ ਅਤੇ ਅਵਿਨਾਸ਼ ਚੰਦਰ ਪਾਰਟੀ ਟਿਕਟ ਨਾ ਮਿਲਣ ਕਾਰਨ ਅਕਾਲੀ ਦਲ ਤੋਂ ਅਸਤੀਫਾ ਦੇ ਗਏ ਹਨ ਅਤੇ ਸ. ਫਿਲੌਰ ਤਾਂ ਕਾਂਗਰਸ ਵਿਚ ਵੀ ਸ਼ਾਮਲ ਹੋ ਗਏ ਹਨ। ਇਸੇ ਤਰ੍ਹਾਂ ਅਕਾਲੀ ਦਲ ਤੋਂ ਨਾਰਾਜ਼ ਚਲੇ ਆ ਰਹੇ ਹਲਕਾ ਜਲੰਧਰ ਛਾਉਣੀ ਦੇ ਅਕਾਲੀ ਵਿਧਾਇਕ ਪਰਗਟ ਸਿੰਘ ਪਾਰਟੀ ਤੋਂ ਵੱਖ ਹੋ ਕੇ ਕਿਸੇ ਨਵੇਂ ਥਾਂ ਦੀ ਤਲਾਸ਼ ਵਿਚ ਹਨ। ਅਕਾਲੀ ਦਲ ਨੇ ਵਿਧਾਨ ਸਭਾ ਦੇ ਰਾਖਵੇਂ ਹਲਕਿਆਂ ਵਿਚ ਵੱਡੀ ਪੱਧਰ ‘ਤੇ ਤਬਦੀਲੀਆਂ ਕੀਤੀਆਂ ਹਨ, ਜਿਸ ਕਾਰਨ ਪੁਰਾਣੇ ਵਿਧਾਇਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਅਕਾਲੀ ਵਿਧਾਇਕ ਮਹਿੰਦਰ ਕੌਰ ਜੋਸ਼, ਰਾਜਵਿੰਦਰ ਕੌਰ ਭਾਗੀਕੇ ਸਮੇਤ ਅੱਧੀ ਦਰਜਨ ਦੇ ਕਰੀਬ ਅਕਾਲੀ ਵਿਧਾਇਕ ਆਪਣੇ ਹਲਕੇ ਖੁੱਸਣ ਜਾਂ ਖੁੱਸ ਜਾਣ ਦੇ ਸੰਕੇਤ ਮਿਲਣ ਕਾਰਨ ਸਖ਼ਤ ਨਾਰਾਜ਼ਗੀ ਪ੍ਰਗਟਾ ਰਹੇ ਹਨ। ਬੀਬੀ ਮਹਿੰਦਰ ਕੌਰ ਜੋਸ਼ ਅਤੇ ਰਾਜਵਿੰਦਰ ਕੌਰ ਭਾਗੀਕੇ ਨੇ ਤਾਂ ਆਪੋ-ਆਪਣੇ ਹਲਕੇ ਵਿਚ ਵੱਡੇ-ਵੱਡੇ ਇਕੱਠ ਕਰਕੇ ਅਕਾਲੀ ਲੀਡਰਸ਼ਿਪ ਨੂੰ ਆਪਣੇ ਗੁੱਸੇ ਦਾ ਇਜ਼ਹਾਰ ਵੀ ਕਰ ਦਿੱਤਾ ਹੈ। ਲੱਗਦਾ ਹੈ ਕਿ ਅਕਾਲੀ ਦਲ ਦਾ ਸਾਰਾ ਦਾਰੋਮਦਾਰ ਇਸ ਵੇਲੇ ਪੰਜਾਬ ਦੀਆਂ ਰਾਖਵੀਆਂ 34 ਸੀਟਾਂ ਉਪਰ ਧਿਆਨ ਕੇਂਦਰਿਤ ਕਰਨ ਉਪਰ ਲੱਗਿਆ ਹੋਇਆ ਹੈ। ਵਰਣਨਯੋਗ ਹੈ ਕਿ 34 ਰਾਖਵੀਆਂ ਸੀਟਾਂ ਉਪਰ 23 ਉਪਰ ਅਕਾਲੀ ਦਲ ਉਮੀਦਵਾਰ ਖੜ੍ਹੇ ਕਰਦੇ ਹੈ, ਜਦਕਿ 11 ਹਲਕੇ ਭਾਜਪਾ ਦੇ ਖਾਤੇ ਵਿਚ ਹਨ। ਅਕਾਲੀ ਦਲ ਵੱਲੋਂ ਜਿਸ ਤਰ੍ਹਾਂ ਰਾਖਵੇਂ ਹਲਕਿਆਂ ਵਿਚ ਅਦਲਾ-ਬਦਲੀ ਕੀਤੀ ਜਾ ਰਹੀ ਹੈ, ਉਹ ਇਸ ਗੱਲ ਦਾ ਸੰਕੇਤ ਹੈ ਕਿ ਅਕਾਲੀ ਲੀਡਰਸ਼ਿਪ ਰਾਖਵੇਂ ਹਲਕਿਆਂ ਵਿਚ ਆਪਣੀ ਚੰਗੀ ਕਾਰਗੁਜ਼ਾਰੀ ਦੇ ਸਿਰ ‘ਤੇ ਮੁੜ ਸੱਤਾ ਹਾਸਲ ਕਰਨ ਵੱਲ ਵਧਣਾ ਚਾਹੁੰਦੀ ਹੈ। ਦੂਜੇ ਪਾਸੇ ਇਸ ਅਦਲਾ-ਬਦਲੀ ਕਾਰਨ ਭਾਵੇਂ ਕਈ ਦੂਸਰੀਆਂ ਪਾਰਟੀਆਂ ਦੇ ਆਗੂ ਕਾਂਗਰਸ ਵਿਚ ਚਲੇ ਗਏ ਹਨ। ਪਰ ਕਾਂਗਰਸ ਵਿਚ ਵੀ ‘ਸਭ ਅੱਛਾ ਨਹੀਂ’ ਦਿਖਾਈ ਦੇ ਰਿਹਾ ਹੈ। ਸ. ਸਰਵਣ ਸਿੰਘ ਫਿਲੌਰ ਦੇ ਕਾਂਗਰਸ ਵਿਚ ਜਾ ਰਲਣ ਕਾਰਨ ਦੁਆਬੇ ਦੇ ਪੁਰਾਣੇ ਕਾਂਗਰਸੀ ਦਲਿਤ ਚੌਧਰੀ ਪਰਿਵਾਰ ਦਾ ਮਨ ਕਾਫੀ ਖੱਟਾ ਹੋਇਆ ਨਜ਼ਰ ਆ ਰਿਹਾ ਹੈ। ਆਮ ਇਹ ਚਰਚਾ ਹੈ ਕਿ ਪੰਜ ਵਾਰ ਫਿਲੌਰ ਹਲਕੇ ਤੋਂ ਜੇਤੂ ਰਹੇ ਸ. ਸਰਵਣ ਸਿੰਘ ਫਿਲੌਰ ਹੁਣ ਵੀ ਫਿਲੌਰ ਹਲਕੇ ਤੋਂ ਕਾਂਗਰਸੀ ਟਿਕਟ ਦੇ ਦਾਅਵੇਦਾਰ ਬਣ ਰਹੇ ਹਨ। ਜਦਕਿ ਲੋਕ ਸਭਾ ਮੈਂਬਰ ਸ਼੍ਰੀ ਸੰਤੋਖ ਚੌਧਰੀ ਦਾ ਪੁੱਤਰ ਬਿਕਰਮਜੀਤ ਸਿੰਘ ਚੌਧਰੀ ਪਿਛਲੇ ਕਈ ਮਹੀਨੇ ਤੋਂ ਫਿਲੌਰ ਹਲਕੇ ਵਿਚ ਚੋਣ ਲੜਨ ਲਈ ਸਰਗਰਮੀ ਨਾਲ ਕੁੱਦੇ ਹੋਏ ਹਨ। ਇਸੇ ਤਰ੍ਹਾਂ ਕਰਤਾਰਪੁਰ ਹਲਕੇ ਵਿਚ ਮਰਹੂਮ ਕਾਂਗਰਸ ਆਗੂ ਚੌਧਰੀ ਜਗਜੀਤ ਸਿੰਘ ਦੇ ਪੁੱਤਰ ਸੁਰਿੰਦਰ ਚੌਧਰੀ ਟਿਕਟ ਲਈ ਦਾਅਵੇਦਾਰੀ ਕਰ ਰਹੇ ਹਨ। ਇਸੇ ਤਰ੍ਹਾਂ ਮਾਲਵਾ ਖੇਤਰ ਵਿਚ ਵੀ ਹੋਰਨਾਂ ਪਾਰਟੀਆਂ ਦੇ ਕਈ ਆਗੂਆਂ ਵੱਲੋਂ ਕਾਂਗਰਸ ਵਿਚ ਸ਼ਾਮਲ ਹੋਣ ਨਾਲ ਪੁਰਾਣੇ ਕਾਂਗਰਸੀਆਂ ਅੰਦਰ ਵੱਡੀ ਪੱਧਰ ‘ਤੇ ਹਿਲਜੁੱਲ ਮਚੀ ਹੋਈ ਹੈ।

ਆਮ ਆਦਮੀ ਪਾਰਟੀ ਨੂੰ ਵੀ ਟੁੱਟ-ਭੱਜ ਦਾ ਵੱਡੀ ਪੱਧਰ ‘ਤੇ ਸਾਹਮਣਾ ਕਰਨਾ ਪੈ ਰਿਹਾ ਹੈ। ਪਾਰਟੀ ਦੇ ਕਨਵੀਨਰ ਸ. ਸੁੱਚਾ ਸਿੰਘ ਛੋਟੇਪੁਰ ਨੂੰ ਬਰਖਾਸਤ ਕੀਤੇ ਜਾਣ ਬਾਅਦ ਬਹੁਤ ਸਾਰੇ ਆਗੂ ਆਪ ਨੂੰ ਛੱਡ ਕੇ ਸ. ਛੋਟੇਪੁਰ ਦੀ ਅਗਵਾਈ ਵਿਚ ਬਣੀ ਆਪਣਾ ਪੰਜਾਬ ਪਾਰਟੀ ਨਾਲ ਜਾ ਜੁੜੇ ਸਨ। ਪਰ ਉਸ ਤੋਂ ਬਾਅਦ ਪਾਰਟੀ ਵੱਲੋਂ ਹੁਣ ਤੱਕ ਐਲਾਨੇ ਉਮੀਦਵਾਰਾਂ ਕਾਰਨ ਪਾਰਟੀ ਅੰਦਰ ਵੱਡੀ ਪੱਧਰ ‘ਤੇ ਬਦਜਨੀ ਫੈਲੀ ਹੈ ਅਤੇ ਬਹੁਤ ਸਾਰੇ ਆਗੂ ਖੁੱਲ੍ਹੇਆਮ ਪਾਰਟੀ ਖਿਲਾਫ ਬਗਾਵਤ ਉਪਰ ਉਤਰ ਆਏ ਹਨ। ਖਾਸਕਰ ਮਾਝਾ ਤੇ ਦੁਆਬਾ ਖੇਤਰ ਵਿਚ ਆਪ ਅੰਦਰ ਬਗਾਵਤ ਦੇ ਅਜਿਹੇ ਭਾਂਬੜ ਵਧੇਰੇ ਮਚਦੇ ਨਜ਼ਰ ਆ ਰਹੇ ਹਨ। ਮਾਝਾ ਖੇਤਰ ਦੇ ਹਲਕਾ ਖੇਮਕਰਨ, ਖਡੂਰ ਸਾਹਿਬ, ਦੀਨਾਨਗਰ, ਗੁਰਦਾਸਪੁਰ ਅਤੇ ਹੋਰ ਕਈ ਹਲਕਿਆਂ ਵਿਚ ਪਾਰਟੀ ਦੇ ਸਥਾਨਕ ਆਗੂ ਉਮੀਦਵਾਰਾਂ ਦੀ ਗਲਤ ਚੋਣ ਕਾਰਨ ਪਾਰਟੀ ਤੋਂ ਵੱਖ ਹੋ ਗਏ ਹਨ। ਇਸ ਤਰ੍ਹਾਂ ਦੁਆਬਾ ਖੇਤਰ ਵਿਚ ਮੁਕੇਰੀਆਂ, ਦਸੂਹਾ, ਕਰਤਾਰਪੁਰ, ਆਦਮਪੁਰ, ਸੁਲਤਾਨਪੁਰ ਲੋਧੀ ਆਦਿ ਖੇਤਰਾਂ ਵਿਚ ਪਾਰਟੀ ਨੂੰ ਵੱਡੇ ਪੱਧਰ ‘ਤੇ ਬਗਾਵਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਪ ਦੇ ਕਈ ਆਗੂ, ਵਰਕਰ ਕਾਂਗਰਸ ਵਿਚ ਵੀ ਜਾ ਸ਼ਾਮਲ ਹੋਏ ਹਨ। ਸਭ ਤੋਂ ਵੱਡੀ ਗੱਲ ਇਹ ਹੋਈ ਹੈ ਕਿ ਹੁਣ ਤੱਕ ਪੰਜਾਬ ਅੰਦਰ 117 ਸੀਟਾਂ ਉਪਰ ਜਿੱਤ ਦਾ ਦਾਅਵਾ ਕਰਦੀ ਆ ਰਹੀ ਆਮ ਆਦਮੀ ਪਾਰਟੀ ਹੁਣ ਹੋਰਨਾਂ ਗਰੁੱਪਾਂ ਨਾਲ ਸਮਝੌਤੇ ਦੇ ਰਾਹ ਪੈ ਗਈ ਹੈ। ਆਮ ਆਦਮੀ ਪਾਰਟੀ ਦਾ ਐਲਾਨ ਸੀ ਕਿ ਉਹ ਕਿਸੇ ਹੋਰ ਰਾਜਸੀ ਗਰੁੱਪ ਨੂੰ ਪਾਰਟੀ ਅੰਦਰ ਸ਼ਾਮਲ ਤਾਂ ਕਰ ਸਕਦੀ ਹੈ, ਪਰ ਕਿਸੇ ਹੋਰ ਗਰੁੱਪ ਨਾਲ ਰਾਜਸੀ ਸਮਝੌਤੇਬਾਜ਼ੀ ਦੇ ਰਾਹ ਨਹੀਂ ਪਵੇਗੀ। ਪਰ ਹੁਣ ਆਮ ਆਦਮੀ ਪਾਰਟੀ ਲੀਡਰਸ਼ਿਪ ਨੇ ਬੈਂਸ ਭਰਾਵਾਂ ਦੀ ਅਗਵਾਈ ਵਿਚ ਬਣੀ ਲੋਕ ਇਨਸਾਫ ਪਾਰਟੀ ਨਾਲ ਰਾਜਸੀ ਗਠਜੋੜ ਕਰ ਲਿਆ ਹੈ ਅਤੇ ਬੈਂਸ ਭਰਾਵਾਂ ਲਈ ਗਠਜੋੜ ਦੀ ਨੀਤੀ ਅਧੀਨ 5 ਸੀਟਾਂ ਛੱਡੀਆਂ ਗਈਆਂ ਹਨ। ਇਸ ਤੋਂ ਇਹ ਸੰਕੇਤ ਮਿਲ ਰਿਹਾ ਹੈ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਅੰਦਰ ਆਪਣੇ ਡਿੱਗ ਰਹੇ ਗਰਾਫ ਦਾ ਅੰਦਾਜ਼ਾ ਲਗਾ ਲਿਆ ਹੈ। ਇਸੇ ਕਾਰਨ ਹੀ ਇਨ੍ਹਾਂ ਨੇ ਹੋਰਨਾਂ ਰਾਜਸੀ ਗਰੁੱਪਾਂ ਨਾਲ ਸਮਝੌਤਾ ਕਰਕੇ ਆਪਣੀ ਸ਼ਕਤੀ ਮਜ਼ਬੂਤ ਕਰਨ ਦਾ ਰਾਹ ਅਪਣਾਇਆ ਹੈ।
ਆਮ ਆਦਮੀ ਪਾਰਟੀ ਨੇ ਵੀ ਕਈ ਅਜਿਹੇ ਆਗੂਆਂ ਨੂੰ ਟਿਕਟ ਦਿੱਤੀ ਹੈ, ਜਿਨ੍ਹਾਂ ਵਿਚ ਕਾਂਗਰਸ ਤੇ ਅਕਾਲੀ ਦਲ ਤੋਂ ਆਏ ਆਗੂਆਂ ਦੇ ਨਾਂ ਸ਼ਾਮਲ ਹਨ। ਸਵ. ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਪੁੱਤਰੀ ਬੀਬੀ ਕੁਲਦੀਪ ਕੌਰ ਟੌਹੜਾ ਨੂੰ ਸਨੌਰ ਤੋਂ, ਸਵ. ਅਕਾਲੀ ਆਗੂ ਕੈਪਟਨ ਕੰਵਲਜੀਤ ਸਿੰਘ ਦੀ ਧਰਮ ਪਤਨੀ ਬੀਬੀ ਸਰਬਜੀਤ ਕੌਰ ਨੂੰ ਡੇਰਾਬੱਸੀ ਤੋਂ, ਅਕਾਲੀ ਦਲ ਤੋਂ ਆਏ ਬਿਕਰਮਜੀਤ ਸਿੰਘ ਪਹੁਵਿੰਡੀਆ ਹਲਕਾ ਖੇਮਕਰਨ ਤੋਂ, ਕਾਂਗਰਸ ‘ਚੋਂ ਆਏ ਭੁਪਿੰਦਰ ਸਿੰਘ ਬਿੱਟੂ ਨੂੰ ਹਲਕਾ ਤਰਨਤਾਰਨ ਤੋਂ ਅਤੇ ਅਕਾਲੀ ਹਮਾਇਤੀ ਚੰਦਨ ਗਰੇਵਾਲ ਨੂੰ ਕਰਤਾਰਪੁਰ ਤੋਂ ਟਿਕਟ ਦਿੱਤੀ ਗਈ ਹੈ। ਇਸ ਤਰ੍ਹਾਂ ਆਪ ਵੱਲੋਂ ਪਹਿਲਾਂ ਜੋ ਇਹ ਪ੍ਰਭਾਵ ਦਿੱਤਾ ਜਾਂਦਾ ਸੀ ਕਿ ਉਹ ਸਥਾਪਤ ਪਾਰਟੀਆਂ ਦੇ ਆਗੂਆਂ ਨੂੰ ਟਿਕਟ ਨਹੀਂ ਦੇਵੇਗੀ, ਦੇ ਉਲਟ ਅਜਿਹੇ ਆਗੂਆਂ ਨੂੰ ਟਿਕਟ ਦਿੱਤੇ ਜਾਣ ਕਾਰਨ ਨਾ ਸਿਰਫ ਆਮ ਆਦਮੀ ਪਾਰਟੀ ਦੇ ਅੰਦਰ, ਸਗੋਂ ਆਮ ਆਦਮੀ ਪਾਰਟੀ ਤੋਂ ਬਾਹਰਲੇ ਹਲਕਿਆਂ ਵਿਚ ਵੀ ਇਹ ਪ੍ਰਭਾਵ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਵੀ ਹੋਰਨਾ ਰਵਾਇਤੀ ਪਾਰਟੀਆਂ ਵਾਂਗ ਹੀ ਟਿਕਟਾਂ ਵੰਡ ਰਹੀ ਹੈ।
ਪੰਜਾਬ ਅੰਦਰ 31 ਜਨਵਰੀ ਦੇ ਆਸ-ਪਾਸ ਵਿਧਾਨ ਸਭਾ ਚੋਣਾਂ ਹੋਣ ਦੀ ਸੰਭਾਵਨਾ ਹੈ। ਇਸ ਹਿਸਾਬ ਨਾਲ ਹੁਣ ਚੋਣਾਂ ਲਈ 2 ਮਹੀਨੇ ਦੇ ਕਰੀਬ ਹੀ ਸਮਾਂ ਬਚਿਆ ਨਜ਼ਰ ਆ ਰਿਹਾ ਹੈ। ਆਉਣ ਵਾਲੇ ਦਿਨਾਂ ਵਿਚ ਰਾਜਸੀ ਪਾਰਟੀਆਂ ਅੰਦਰ ਜੋੜ-ਤੋੜ ਦੀ ਰਾਜਨੀਤੀ ਹੋਰ ਤੇਜ਼ ਹੋ ਸਕਦੀ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.