ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਸਿਆਸਤ ‘ਚ ਖੁੱਲ੍ਹਦਿਲੀ ਦਿਖਾਉਣ ਅਮਰੀਕੀ ਸਿੱਖ
ਸਿਆਸਤ ‘ਚ ਖੁੱਲ੍ਹਦਿਲੀ ਦਿਖਾਉਣ ਅਮਰੀਕੀ ਸਿੱਖ
Page Visitors: 2479

ਸਿਆਸਤ ‘ਚ ਖੁੱਲ੍ਹਦਿਲੀ ਦਿਖਾਉਣ ਅਮਰੀਕੀ ਸਿੱਖ

Posted On 28 Dec 2016
8

ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਅਮਰੀਕਾ ਦੇ ਕਈ ਸੂਬਿਆਂ ਖਾਸਕਰ ਕੈਲੀਫੋਰਨੀਆ, ਨਿਊਯਾਰਕ ਅਤੇ ਨਿਊਜਰਸੀ ਵਿਚ ਸਿੱਖਾਂ ਦੀ ਵਸੋਂ ਇੰਨੀ ਕੁ ਹੋ ਗਈ ਹੈ ਕਿ ਜੋ ਆਪਣੇ ਆਲੇ-ਦੁਆਲੇ ‘ਚ ਆਪਣੀ ਹੋਂਦ ਦਾ ਪ੍ਰਗਟਾਵਾ ਕਰਨ ਦੇ ਯੋਗ ਹੈ। ਬੇਹੱਦ ਉਦਮੀ, ਜ਼ੋਖਿਮ ਉਠਾਉਣ ਵਾਲੇ ਅਤੇ ਦੂਸਰਿਆਂ ਦੇ ਮਦਦਗਾਰ ਹੋਣ ‘ਚ ਹਮੇਸ਼ਾ ‘ਚ ਤੱਤਪਰ ਰਹਿਣ ਦੀਆਂ ਖੂਬੀਆਂ ਕਾਰਨ ਸਿੱਖ ਭਾਈਚਾਰਾ ਦੁਨੀਆਂ ਭਰ ‘ਚ ਆਪਣੀ ਵੱਖਰੀ ਪਛਾਣ ਤੇਜ਼ੀ ਨਾਲ ਸਥਾਪਿਤ ਕਰ ਰਿਹਾ ਹੈ। ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਚੈਰਿਟੀ ਅਤੇ ਲੋੜਵੰਦਾਂ ਦੀ ਮਦਦ ਦੇ ਹੋਰ ਅਨੇਕਾਂ ਕੰਮਾਂ ਕਾਰਨ ਵੀ ਸਿੱਖਾਂ ਦੀ ਪਹਿਚਾਣ ਲਗਾਤਾਰ ਬਣਦੀ ਆ ਰਹੀ ਹੈ। ਪਰ ਇਸ ਦੇ ਨਾਲ ਹੀ ਸਿੱਖਾਂ ਨੂੰ ਆਪਣੀ ਪਹਿਚਾਣ ਨੂੰ ਹੋਰ ਵਧੇਰੇ ਵਿਸ਼ਾਲ ਕਰਨ ਅਤੇ ਹੋਰਨਾਂ ਵਰਗਾਂ ਵਿਚ ਆਪਣੇ ਪ੍ਰਤੀ ਸਦਭਾਵਨਾ ਅਤੇ ਸਨੇਹ ਜਗਾਉਣ ਲਈ ਰਾਜਸੀ ਖੇਤਰ ਵਿਚ ਸ਼ਾਮਲ ਹੋਣਾ ਵੀ ਬੇਹੱਦ ਜ਼ਰੂਰੀ ਹੈ।
  ਰਾਜਨੀਤੀ ਖੇਤਰ ਇਕ ਅਜਿਹਾ ਖੇਤਰ ਹੈ, ਜੋ ਕਿਸੇ ਵੀ ਭਾਈਚਾਰੇ ਦੇ ਅੱਗੇ ਵਧਣ ਅਤੇ ਪ੍ਰਫੁਲਿਤ ਹੋਣ ‘ਚ ਬੜਾ ਅਹਿਮ ਰੋਲ ਅਦਾ ਕਰਦਾ ਹੈ। ਰਾਜਨੀਤਿਕ ਲੋਕਾਂ ਨੇ ਹੀ ਵੱਖ-ਵੱਖ ਦੇਸ਼ਾਂ ਦੀਆਂ ਨੀਤੀਆਂ ਘੜਨੀਆਂ ਹੁੰਦੀਆਂ ਹਨ। ਜੇਕਰ ਸਾਡੇ ਭਾਈਚਾਰੇ ਦੇ ਲੋਕ ਅਮਰੀਕੀ ਰਾਜਸੀ ਪਾਰਟੀਆਂ ਦੇ ਪ੍ਰਮੁੱਖ ਅਦਾਰਿਆਂ ਵਿਚ ਸ਼ਾਮਲ ਹੋਣਗੇ, ਤਾਂ ਉਥੇ ਵਿਚਰਦਿਆਂ ਸਿੱਖਾਂ ਦੀ ਪਛਾਣ ਬਾਰੇ ਪੈਦਾ ਹੁੰਦੇ ਭਰਮ-ਭੁਲੇਖੇ ਬਹੁਤ ਤੇਜ਼ੀ ਨਾਲ ਦੂਰ ਹੁੰਦੇ ਹਨ। ਦੂਜੀ ਅਹਿਮ ਗੱਲ ਇਹ ਕਿ ਜੇਕਰ ਸਾਡੇ ਥੋੜ੍ਹੇ-ਬਹੁਤ ਪ੍ਰਤੀਨਿੱਧ ਫੈਸਲੇ ਲੈਣ ਵਾਲੇ ਸਰਕਾਰੀ ਅਦਾਰਿਆਂ ਵਿਚ ਸ਼ਾਮਲ ਹੋਣਗੇ ਜਾਂ ਉਨ੍ਹਾਂ ਨਾਲ ਜੁੜੀਆਂ ਕਮੇਟੀਆਂ ਦੇ ਮੈਂਬਰ ਹੋਣਗੇ, ਤਾਂ ਇਨ੍ਹਾਂ ਦੇਸ਼ਾਂ ਵਿਚ ਪਾਸ ਹੁੰਦੇ ਫੈਸਲਿਆਂ ਅਤੇ ਘੜੀਆਂ ਜਾਣ ਵਾਲੀਆਂ ਨੀਤੀਆਂ ਦਾ ਸਾਡੇ ਭਾਈਚਾਰੇ ਦੇ ਲੋਕਾਂ ਉਪਰ ਕੀ ਪ੍ਰਭਾਵ ਪਵੇਗਾ, ਇਸ ਬਾਰੇ ਪਹਿਲੋਂ ਹੀ ਉਨ੍ਹਾਂ ਨੂੰ ਸੁਚੇਤ ਕੀਤਾ ਜਾ ਸਕਦਾ ਹੈ। ਕਈ ਵਾਰ ਅਜਿਹਾ ਹੁੰਦਾ ਹੈ ਕਿ ਕਿਸੇ ਵਰਗ ਦੇ ਸੱਭਿਆਚਾਰ ਅਤੇ ਧਾਰਮਿਕ ਵਿਸ਼ਵਾਸਾਂ ਬਾਰੇ ਪੂਰੀ ਜਾਣਕਾਰੀ ਨਾ ਹੋਣ ਕਾਰਨ ਕਈ ਅਜਿਹੇ ਫੈਸਲੇ ਹੋ ਜਾਂਦੇ ਹਨ, ਜੋ ਸੰਬੰਧਤ ਵਰਗ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹਨ। ਵੱਖ-ਵੱਖ ਮੁਲਕਾਂ ਵਿਚ ਹੋਣ ਵਾਲੇ ਫੈਸਲਿਆਂ ਨਾਲ ਸਿੱਖ ਭਾਈਚਾਰੇ ਨੂੰ ਵੀ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਦਾ ਰਿਹਾ ਹੈ। ਫਰਾਂਸ ਦੀ ਉਦਾਹਰਣ ਸਾਡੇ ਸਾਹਮਣੇ ਹੈ, ਜਿੱਥੇ ਸਿੱਖਾਂ ਦੇ ਧਾਰਮਿਕ, ਸੱਭਿਆਚਾਰਕ ਵਿਸ਼ਵਾਸਾਂ ਬਾਰੇ ਜਾਣਕਾਰੀ ਦੀ ਘਾਟ ਕਾਰਨ ਪਗੜੀ ਉਪਰ ਪਾਬੰਦੀ ਦਾ ਫੈਸਲਾ ਕੀਤਾ ਗਿਆ। ਇਸ ਫੈਸਲੇ ਵਿਰੁੱਧ ਸਿੱਖਾਂ ਨੂੰ ਦੁਨੀਆਂ ਭਰ ਵਿਚ ਆਵਾਜ਼ ਉਠਾਉਣੀ ਪੈ ਰਹੀ ਹੈ।
  ਇਸੇ ਤਰ੍ਹਾਂ ਅਮਰੀਕਾ ਵਿਚ ਵੀ ਕਈ ਵਾਰ ਅਜਿਹਾ ਵਾਪਰਿਆ ਹੈ, ਜਦ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਅਤੇ ਧਾਰਮਿਕ ਵਿਸ਼ਵਾਸਾਂ ਪ੍ਰਤੀ ਜਾਣਕਾਰੀ ਦੀ ਘਾਟ ਕਾਰਨ ਗਲਤ ਫੈਸਲੇ ਲਏ ਜਾਂਦੇ ਰਹੇ ਹਨ। ਇਸ ਵੇਲੇ ਡੈਮੋਕ੍ਰੇਟ ਪਾਰਟੀ ਦੇ ਸਟੇਟ ਡੈਲੀਗੇਟ ਚੁਣਨ ਦਾ ਦੌਰ ਚੱਲ ਰਿਹਾ ਹੈ। ਸਾਡੇ ਭਾਈਚਾਰੇ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਰਾਜਸੀ ਪਾਰਟੀ ਦੀ ਇਸ ਚੋਣ ਪ੍ਰਕਿਰਿਆ ਵਿਚ ਉਹ ਦੂਰ-ਅੰਦੇਸ਼ੀ ਅਤੇ ਖੁੱਲ੍ਹਦਿਲੀ ਨਾਲ ਸਾਡੇ ਭਾਈਚਾਰੇ ਨਾਲ ਸੰਬੰਧਤ ਵੱਧ ਤੋਂ ਵੱਧ ਡੈਲੀਗੇਟ ਅੱਗੇ ਲਿਆਉਣ ਲਈ ਕੰਮ ਕਰਨ।
   ਡੈਮੋਕ੍ਰੇਟ ਪਾਰਟੀ ਦੇ ਸਟੇਟ ਡੈਲੀਗੇਟ ਦੀ ਚੋਣ ਵਿਚ ਹਰ ਅਸੈਂਬਲੀ ਹਲਕੇ ਵਿਚੋਂ 7 ਮਰਦ ਅਤੇ 7 ਔਰਤਾਂ ਡੈਲੀਗੇਟਾਂ ਦੀ ਚੋਣ ਹੋਣੀ ਹੈ। ਡੈਮੋਕ੍ਰੇਟ ਪਾਰਟੀ ਦਾ ਰਜਿਸਟਰਡ ਹਰ ਨਾਗਰਿਕ ਇਨ੍ਹਾਂ ਚੋਣਾਂ ਵਿਚ ਹਿੱਸਾ ਲੈ ਸਕਦਾ ਹੈ। ਸਾਡੇ ਭਾਈਚਾਰੇ ਦੇ ਲੋਕਾਂ ਨੂੰ ਇਨ੍ਹਾਂ ਚੋਣਾਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ ਅਤੇ ਆਪਣੇ ਹੀ ਭਾਈਚਾਰੇ ਦੇ ਵਿਅਕਤੀਆਂ ਨਾਲ ਉਲਝਣ ਦੀ ਬਜਾਏ ਸਾਨੂੰ ਆਪਸ ਵਿਚ ਰਲ-ਮਿਲ ਕੇ ਇਨ੍ਹਾਂ ਚੋਣਾਂ ਵਿਚ ਇਕ ਦੂਜੇ ਦਾ ਸਾਥ ਦੇਣਾ ਚਾਹੀਦਾ ਹੈ, ਤਾਂ ਕਿ ਅਸੀਂ ਸਟੇਟ ਡੈਲੀਗੇਟ ਦੀ ਚੋਣ ਵਿਚ ਵੱਧ ਤੋਂ ਵੱਧ ਡੈਲੀਗੇਟ ਭੇਜਣ ਵਿਚ ਸਫਲ ਹੋ ਸਕੀਏ।
  ਰਾਸ਼ਟਰਪਤੀ ਦੀ ਚੋਣ ਤੋਂ ਪਹਿਲਾਂ ਡੈਮੋਕ੍ਰੇਟ ਦੀ ਫਿਲਾਡੇਲਫੀਆ ਵਿਖੇ ਡੈਲੀਗੇਟ ਕਾਨਫਰੰਸ ਹੋਈ ਸੀ। ਇਸ ਵਿਚ ਭਾਵੇਂ ਚੰਦ ਕੁ ਸਿੱਖ ਹੀ ਡੈਲੀਗੇਟ ਸਨ। ਪਰ ਉਨ੍ਹਾਂ ਦੀ ਸ਼ਮੂਲੀਅਤ ਬੜੀ ਉਘੜਵੀਂ ਰਹੀ। ਸਾਬਤ-ਸੂਰਤ ਅਤੇ ਪਗੜੀਧਾਰੀ ਹੋਣ ਕਾਰਨ ਉਹ ਚੰਦ ਕੁ ਡੈਲੀਗੇਟ ਪੂਰੀ ਕਾਨਫਰੰਸ ਵਿਚ ਸਿੱਖਾਂ ਦੀ ਵੱਖਰੀ ਪਛਾਣ ਦਾ ਪ੍ਰਤੱਖ ਕੇਂਦਰ ਬਣ ਕੇ ਉਭਰੇ ਰਹੇ। ਇਹ ਇਕ ਅਜਿਹੀ ਸਰਗਰਮੀ ਸੀ, ਜਿਸ ਨੂੰ ਪੂਰੀ ਅਮਰੀਕਾ ਦੇ ਹੀ ਨਹੀਂ, ਸਗੋਂ ਹੋਰਨਾਂ ਮੁਲਕਾਂ ਦੇ ਲੋਕ ਵੀ ਬੜੀ ਨੀਝ ਲਾ ਕੇ ਵੇਖ ਰਹੇ ਸਨ। ਅਜਿਹੇ ਮੌਕਿਆਂ ਉਪਰ ਸਿੱਖਾਂ ਦੀ ਮੌਜੂਦਗੀ ਆਪਣੇ ਆਪ ਵਿਚ ਹੀ ਵੱਖਰੀ ਸਿੱਖ ਪਛਾਣ ਸਥਾਪਿਤ ਕਰਨ ‘ਚ ਅਹਿਮ ਰੋਲ ਅਦਾ ਕਰਦੀ ਹੈ।
ਸਾਡੇ ਗੁਆਂਢੀ ਮੁਲਕ ਕੈਨੇਡਾ ਵਿਚ ਵੀ ਸਿੱਖ ਭਾਈਚਾਰੇ ਨੇ ਰਾਜਸੀ ਖੇਤਰ ਵਿਚ ਬੜੀਆਂ ਅਹਿਮ ਪ੍ਰਾਪਤੀਆਂ ਕੀਤੀਆਂ ਹਨ। ਹਾਲਾਂਕਿ ਉਥੇ ਵੀ ਸਿੱਖ ਵਸੋਂ ਕੋਈ ਵੱਡੀ ਗਿਣਤੀ ਵਿਚ ਨਹੀਂ ਹੈ। ਪਰ ਘੱਟ ਗਿਣਤੀ ਵਿਚ ਹੋਣ ਦੇ ਬਾਵਜੂਦ ਸਾਡੇ ਲੋਕਾਂ ਨੇ ਆਪਣੇ ਉੱਦਮ, ਲਿਆਕਤ ਅਤੇ ਇਕ ਦੂਜੇ ਦੇ ਸਹਿਯੋਗ ਨਾਲ ਉਥੇ ਵੱਡੀਆਂ ਮੱਲ੍ਹਾਂ ਮਾਰੀਆਂ ਹਨ। ਇਸ ਵੇਲੇ ਕੈਨੇਡਾ ਵਿਚ 18 ਮੈਂਬਰ ਪਾਰਲੀਮੈਂਟ ਪੰਜਾਬੀ ਮੂਲ ਦੇ ਹਨ, ਜਿਨ੍ਹਾਂ ਵਿਚੋਂ 6 ਫੈਡਰਲ ਕੈਬਨਿਟ ਵਿਚ ਮੰਤਰੀ ਵਜੋਂ ਸੁਸ਼ੋਭਿਤ ਹਨ। ਕੈਨੇਡਾ ਦੀ ਸਿਆਸਤ ਵਿਚ ਸਿੱਖਾਂ ਦੀ ਇਸ ਚੜ੍ਹਤ ਨਾਲ ਉੱਥੇ ਸਿੱਖਾਂ ਨੂੰ ਕਿਸੇ ਅਜਿਹੀ ਦਿੱਕਤ ਦਾ ਕੋਈ ਸਾਹਮਣਾ ਨਹੀਂ ਕਰਨਾ ਪੈ ਰਿਹਾ, ਜਿਹੜੀ ਉਨ੍ਹਾਂ ਦੇ ਧਾਰਮਿਕ ਅਤੇ ਸੱਭਿਆਚਾਰਕ ਵਿਸ਼ਵਾਸਾਂ ਨੂੰ ਢਾਅ ਲਾਉਣ ਵਾਲੀ ਹੋਵੇ। ਸਗੋਂ ਇਸ ਦੇ ਉਲਟ ਕੈਨੇਡਾ ਦੇ ਕਈ ਹਿੱਸਿਆਂ ਵਿਚ ਪੰਜਾਬੀ ਬੋਲੀ ਤੀਜੀ ਭਾਸ਼ਾ ਵਿਚ ਪ੍ਰਵਾਨ ਹੋ ਚੁੱਕੀ ਹੈ। ਇਸੇ ਤਰ੍ਹਾਂ ਧਾਰਮਿਕ ਖੇਤਰ ਵਿਚ ਵੀ ਕੈਨੇਡਾ ਸਮਾਜ ਵਿਚ ਸਿੱਖਾਂ ਦਾ ਬੇਹੱਦ ਸਤਿਕਾਰ ਅਤੇ ਮਾਣ ਸਥਾਪਿਤ ਹੋਇਆ ਹੈ।
ਅਮਰੀਕਾ ਵਿਚ ਵੀ ਅਸੀਂ ਅਜਿਹਾ ਕੁੱਝ ਕਰ ਸਕਦੇ ਹਾਂ। ਪਰ ਇਸ ਲਈ ਜ਼ਰੂਰੀ ਹੈ ਕਿ ਸਾਡੇ ਭਾਈਚਾਰੇ ਦੇ ਆਗੂ ਆਪਣੀ ਹਊਮੈ ਛੱਡਣ, ਛੋਟੀਆਂ-ਮੋਟੀਆਂ ਨਿੱਜੀ ਰੰਜਿਸ਼ਾਂ ਦੀ ਬਜਾਏ ਵੱਡੇ ਦਾਇਰੇ ‘ਚ ਦੇਖ ਕੇ ਚੱਲਣ ਦਾ ਯਤਨ ਕਰਨ ਅਤੇ ਸਭ ਤੋਂ ਵੱਧ, ਸਾਰੇ ਲੋਕ ਰਲ-ਮਿਲ ਕੇ ਕੰਮ ਕਰਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਕੈਲੀਫੋਰਨੀਆ ਵਿਚ ਵੀ ਭਾਵੇਂ ਸਿੱਖਾਂ ਦੀ ਵਸੋਂ ਕਾਫੀ ਹੈ। ਪਰ ਇਸ ਦੇ ਬਾਵਜੂਦ ਸਮੁੱਚੀ ਵਸੋਂ ਵਿਚ ਅਸੀਂ ਬਹੁਤ ਛੋਟੀ ਘੱਟ-ਗਿਣਤੀ ਹਾਂ। ਜੇਕਰ ਅਸੀਂ ਛੋਟੀ ਘੱਟ-ਗਿਣਤੀ ਹੁੰਦਿਆਂ ਵੀ ਰਾਜਸੀ ਖੇਤਰ ਵਿਚ ਆਪਣੀ ਹੋਂਦ ਅਤੇ ਦਿੱਖ ਬਣਾਉਣੀ ਹੈ, ਤਾਂ ਫਿਰ ਸਾਨੂੰ ਨਿੱਜੀ ਗਰਜਾਂ ਅਤੇ ਹਉਮੈਂ ਤੋਂ ਉਪਰ ਉੱਠ ਕੇ ਆਪਸੀ ਮੇਲਜੋਲ ਵਧਾਉਣਾ ਪਵੇਗਾ ਅਤੇ ਹੋਰਨਾਂ ਵਰਗਾਂ ਦੇ ਲੋਕਾਂ ਨਾਲ ਵੀ ਆਪਸੀ ਸਨੇਹ ਅਤੇ ਤਾਲਮੇਲ ਕਾਇਮ ਕਰਨਾ ਹੋਵੇਗਾ। ਅਮਰੀਕਾ ਵਿਚ ਹੋਰਨਾਂ ਵਰਗਾਂ ਦੇ ਭਾਰਤੀਆਂ ਦੇ ਕਈ ਪ੍ਰਤੀਨਿੱਧ ਸੂਬਾਈ ਅਸੈਂਬਲੀਆਂ ਵਿਚ ਪੁੱਜੇ ਹਨ। ਪਰ ਸਾਡੇ ਭਾਈਚਾਰੇ ਨੂੰ ਹਾਲੇ ਇਹ ਮਾਣ ਨਹੀਂ ਮਿਲਿਆ ਹੈ।
ਹਾਲਾਂਕਿ 1957 ਵਿਚ ਦਲੀਪ ਸਿੰਘ ਸੌਂਦ ਪਹਿਲੇ ਏਸ਼ੀਆਈ ਸਿੱਖ ਸਨ, ਜਿਨ੍ਹਾਂ ਨੂੰ ਕਾਂਗਰਸਮੈਨ ਬਣਨ ਦਾ ਮਾਣ ਮਿਲਿਆ ਸੀ। ਦਲੀਪ ਸਿੰਘ ਸੌਂਦ ਦੇ ਕਾਂਗਰਸਮੈਨ ਬਣਨ ਨਾਲ ਕੈਲੀਫੋਰਨੀਆ ‘ਚ ਸਿੱਖ ਭਾਈਚਾਰੇ ਦਾ ਮਾਣ ਬੇਹੱਦ ਵਧਿਆ ਸੀ। ਪਤਾ ਨਹੀਂ ਕਿਉਂ, ਉਸ ਤੋਂ ਬਾਅਦ ਰਾਜਸੀ ਖੇਤਰ ਵਿਚ ਸਾਡੇ ਭਾਈਚਾਰੇ ਦੀ ਸ਼ਮੂਲੀਅਤ ਬੇਹੱਦ ਨਿਗੂਣੀ ਬਣ ਗਈ। ਚਾਹੀਦਾ ਤਾਂ ਇਹ ਸੀ ਕਿ ਦਲੀਪ ਸਿੰਘ ਸੌਂਦ ਦੇ ਕਦਮ ਚਿੰਨ੍ਹਾਂ ਉਪਰ ਚੱਲਦਿਆਂ ਰਾਜਸੀ ਖੇਤਰ ਵਿਚ ਸਾਡੇ ਲੋਕ ਹੋਰ ਵਧੇਰੇ ਸ਼ਮੂਲੀਅਤ ਕਰਦੇ। ਸਿੱਖਾਂ ਨੇ ਵਪਾਰਕ, ਸਿੱਖਿਆ ਅਤੇ ਹੋਰਨਾਂ ਖੇਤਰਾਂ ਵਿਚ ਵੱਡੀਆਂ ਮੱਲ੍ਹਾਂ ਮਾਰੀਆਂ ਹਨ ਅਤੇ ਤਰੱਕੀ ਦੇ ਨਵੇਂ ਤੋਂ ਨਵੇਂ ਦਿਸਹੱਦੇ ਛੂਹੇ ਹਨ। ਇਸ ਵੇਲੇ ਅਮਰੀਕਾ ਵਿਚ ਸਾਨੂੰ ਸਿੱਖਾਂ ਦੀ ਪਛਾਣ ਬਾਰੇ ਗਲਤਫਹਿਮੀ ਹੋਣ ਕਾਰਨ ਵੀ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਰਕੇ ਸਾਡੀ ਪਛਾਣ ਬਾਰੇ ਗਲਤਫਹਿਮੀ ਨੂੰ ਦੂਰ ਕਰਨ ਲਈ ਸਾਨੂੰ ਰਾਜਸੀ ਖੇਤਰ ਵਿਚ ਸਰਗਰਮੀ ਨੂੰ ਹੋਰ ਵਧਾਉਣਾ ਚਾਹੀਦਾ ਹੈ। ਸਾਡੀ ਇਹ ਜ਼ੋਰਦਾਰ ਗੁਜ਼ਾਰਿਸ਼ ਹੈ ਕਿ ਡੈਮੋਕ੍ਰੇਟ ਪਾਰਟੀ ਦੀ ਸਟੇਟ ਡੈਲੀਗੇਟ ਚੋਣ ਪ੍ਰਕਿਰਿਆ ਵਿਚ ਸਾਡਾ ਭਾਈਚਾਰਾ ਖੁੱਲ੍ਹਦਿਲੀ ਨਾਲ ਹਿੱਸਾ ਲਵੇ ਅਤੇ ਆਪੋ-ਆਪਣੇ ਖੇਤਰਾਂ ਵਿਚੋਂ ਵੱਧ ਤੋਂ ਵੱਧ ਡੈਲੀਗੇਟ ਭੇਜਣ ਲਈ ਇਕ ਦੂਜੇ ਦਾ ਸਾਥ ਦਿੱਤਾ ਜਾਵੇ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.