ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਪੰਜਾਬ ‘ਚ ਠੰਡ ਪਰ ਚੋਣ ਪ੍ਰਚਾਰ ‘ਚ ਗਰਮਾਇਸ਼
ਪੰਜਾਬ ‘ਚ ਠੰਡ ਪਰ ਚੋਣ ਪ੍ਰਚਾਰ ‘ਚ ਗਰਮਾਇਸ਼
Page Visitors: 2777

ਪੰਜਾਬ ‘ਚ ਠੰਡ ਪਰ ਚੋਣ ਪ੍ਰਚਾਰ ‘ਚ ਗਰਮਾਇਸ਼

Posted On 18 Jan 2017
4

ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਹੁਣ ਜਦ ਗਿਣਤੀ ਦੇ ਦਿਨ ਰਹਿ ਗਏ ਹਨ, ਤਾਂ ਮੌਸਮ ਦੇ ਮਿਜਾਜ਼ ਪੱਖੋਂ ਪੰਜਾਬ ਇਸ ਵੇਲੇ ਬੇਹੱਦ ਠੰਡ ਅਤੇ ਕੋਹਰੇ ਦੀ ਮਾਰ ਹੇਠ ਹੈ ਅਤੇ ਪਛੜ ਕੇ ਆਈ ਠੰਡ ਨੇ ਲੋਕਾਂ ਦੇ ਜਨਜੀਵਨ ਨੂੰ ਵੀ ਪ੍ਰਭਾਵਿਤ ਕੀਤਾ ਹੋਇਆ ਹੈ। ਤਾਂ ਇਸ ਵੇਲੇ ਪੰਜਾਬ ਦੇ ਚੋਣ ਮਾਹੌਲ ਵਿਚ ਪੂਰੀ ਗਰਮਾਇਸ਼ ਆ ਗਈ ਹੈ। ਸਾਰੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਕਾਂਗਰਸ, ਅਕਾਲੀ ਦਲ, ਭਾਜਪਾ, ਆਮ ਆਦਮੀ ਪਾਰਟੀ, ਬਹੁਜਨ ਸਮਾਜ ਪਾਰਟੀ, ਸੁੱਚਾ ਸਿੰਘ ਛੋਟੇਪੁਰ ਦੀ ਅਗਵਾਈ ਵਾਲੀ ਆਪਣਾ ਪੰਜਾਬ ਪਾਰਟੀ, ਅਕਾਲੀ ਦਲ ਅੰਮ੍ਰਿਤਸਰ ਸਮੇਤ ਅਨੇਕਾਂ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰਕੇ ਪੂਰੀ ਸਰਗਰਮੀ ਨਾਲ ਚੋਣ ਮੁਹਿੰਮ ਆਰੰਭ ਦਿੱਤੀ ਹੈ। ਤਿੰਨਾਂ ਹੀ ਪ੍ਰਮੁੱਖ ਰਾਜਸੀ ਪਾਰਟੀਆਂ ਕਾਂਗਰਸ, ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੂੰ ਇਸ ਵਾਰ ਅੰਦਰੂਨੀ ਧੜੇਬੰਦੀ ਅਤੇ ਬਗਾਵਤ ਦਾ ਵੱਡੇ ਪੱਧਰ ‘ਤੇ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਤਰ੍ਹਾਂ ਪਾਰਟੀਆਂ ਅੰਦਰ ਟੁੱਟ-ਭੱਜ ਦਾ ਸਿਲਸਿਲਾ ਵੀ ਲਗਾਤਾਰ ਜਾਰੀ ਹੈ। ਵੱਡੇ-ਵੱਡੇ ਨੇਤਾ ਇਕ ਦੂਜੀ ਪਾਰਟੀ ਛੱਡ ਕੇ, ਇਕ ਦੂਜੇ ਵਿਚ ਸ਼ਾਮਲ ਹੋ ਰਹੇ ਹਨ। ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਭਾਜਪਾ ਛੱਡ ਕੇ ਲੰਬੇ ਸਸਪੈਂਸ ਬਾਅਦ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ। ਕਿਸੇ ਸਮੇਂ ਖਾਲਿਸਤਾਨ ਦੇ ਸਮਰਥਕ ਅਤੇ ਫਿਰ ਅਕਾਲੀ ਦਲ ਬਾਦਲ ‘ਚ ਸੱਤਾ ਦੇ ਝੂਟੇ ਲੈਣ ਬਾਅਦ ਕਾਂਗਰਸ ‘ਚ ਸ਼ਾਮਲ ਹੋਏ ਸ. ਉਪਕਾਰ ਸਿੰਘ ਸੰਧੂ ਅੰਮ੍ਰਿਤਸਰ ਲੋਕ ਸਭਾ ਦੀ ਉਪ ਚੋਣ ਲਈ ਹੁਣ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਣ ਗਏ ਹਨ। ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਨਜ਼ਦੀਕੀ ਰਹੇ ਮਰਹੂਮ ਆਗੂ ਹਰਮਿੰਦਰ ਸਿੰਘ ਸੰਧੂ ਦੇ ਭਰਾ ਹਨ। ਲੁਧਿਆਣਾ ਤੋਂ ਭਾਜਪਾ ਦੇ ਸਾਬਕਾ ਮੰਤਰੀ ਸਤਪਾਲ ਗੋਸਾਈਂ ਅਤੇ ਉਨ੍ਹਾਂ ਦੇ ਭਤੀਜੇ ਨੇ ਕਾਂਗਰਸ ਵਿਚ ਸ਼ਾਮਲ ਹੋਣ ਦਾ ਐਲਾਨ ਕਰਨ ਤੋਂ ਦੋ ਦਿਨ ਬਾਅਦ ਮੁੜ ਫਿਰ ਭਾਜਪਾ ‘ਚ ਪਰਤ ਆਉਣ ਦਾ ਐਲਾਨ ਕੀਤਾ ਹੈ। ਸਾਬਕਾ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਬੇਟੀ ਗੁਰਕੰਵਲ ਕੌਰ ਵੀ ਕਾਂਗਰਸ ਤੋਂ ਤੰਗ ਆ ਕੇ ਭਾਜਪਾ ‘ਚ ਚਲੇ ਗਏ ਸਨ। ਪਰ ਦੋ ਦਿਨ ਬਾਅਦ ਉਨ੍ਹਾਂ ਨੇ ਵੀ ‘ਘਰ ਵਾਪਸੀ’ ਦਾ ਰਾਹ ਫੜ ਲਿਆ। ਇਸੇ ਤਰ੍ਹਾਂ ਮੁੱਖ ਪਾਰਟੀਆਂ ਦੇ ਹੋਰ ਵੀ ਬਹੁਤ ਸਾਰੇ ਆਗੂ ਇਧਰੋਂ-ਉਧਰ ਹੋਏ ਹਨ।
ਪੰਜਾਬ ਤੋਂ ਆ ਰਹੀਆਂ ਖ਼ਬਰਾਂ ਮੁਤਾਬਕ ਕਾਂਗਰਸ ਅੰਦਰ ਟਿਕਟਾਂ ਦੀ ਵੰਡ ਨੂੰ ਲੈ ਕੇ ਕਾਫੀ ਝਮੇਲਾ ਖੜ੍ਹਾ ਹੋਇਆ ਸੀ। ਖਾਸ ਕਰ ਅਕਾਲੀ ਦਲ ਛੱਡ ਕੇ ਆਏ 8 ਵਿਧਾਇਕਾਂ ਨੂੰ ਕਾਂਗਰਸ ਵੱਲੋਂ ਟਿਕਟ ਦਿੱਤੇ ਜਾਣ ਦੇ ਮਾਮਲੇ ਨੇ ਬੜੀ ਵੱਡੀ ਸਮੱਸਿਆ ਖੜ੍ਹੀ ਕਰ ਦਿੱਤੀ ਸੀ। ਕਾਂਗਰਸ ਆਗੂ ਅਕਾਲੀਆਂ ‘ਚੋਂ ਆਏ ਅਜਿਹੇ ਆਗੂਆਂ ਨੂੰ ਟਿਕਟ ਦੇਣ ਦਾ ਵਿਰੋਧ ਕਰ ਰਹੇ ਸਨ। ਪਰ ਕਾਂਗਰਸ ਨੇ ਜਿਸ ਤਰ੍ਹਾਂ ਐਨ ਆਖਰੀ ਸਮੇਂ ਕਈ ਐਲਾਨੇ ਉਮੀਦਵਾਰਾਂ ਦੀਆਂ ਟਿਕਟਾਂ ਕੱਟੀਆਂ ਹਨ ਅਤੇ ਉਨ੍ਹਾਂ ਦੀ ਥਾਂ ‘ਤੇ ਮੁਕਾਬਲਤਨ ਵਧੇਰੇ ਪ੍ਰਵਾਨ ਆਗੂਆਂ ਨੂੰ ਉਮੀਦਵਾਰ ਥਾਪਿਆ ਹੈ, ਉਸ ਨਾਲ ਕਾਂਗਰਸ ਲੀਡਰਸ਼ਿਪ ਆਪਣੀ ਅੰਦਰੂਨੀ ਧੜੇਬੰਦੀ ਅਤੇ ਬਗਾਵਤ ਨੂੰ ਸ਼ਾਂਤ ਕਰਨ ਵਿਚ ਕਾਫੀ ਸਫਲ ਹੋ ਰਹੀ ਨਜ਼ਰ ਆਉਂਦੀ ਹੈ। ਜਲੰਧਰ ਉੱਤਰੀ ਹਲਕੇ ਵਿਚ ਕਈ ਵਾਰ ਮੰਤਰੀ ਰਹਿ ਚੁੱਕੇ ਅਵਤਾਰ ਹੈਨਰੀ ਨੂੰ ਟਿਕਟ ਤਾਂ ਉਨ੍ਹਾਂ ਦੀ ਵੋਟ ਰੱਦ ਹੋਣ ਕਾਰਨ ਨਹੀਂ ਸੀ ਦਿੱਤੀ ਜਾ ਰਹੀ। ਪਰ ਉਹ ਅਤੇ ਉਨ੍ਹਾਂ ਦੇ ਸਮਰਥਕ ਉਨ੍ਹਾਂ ਦੇ ਪੁੱਤਰ ਨੂੰ ਉਮੀਦਵਾਰ ਬਣਾਏ ਜਾਣ ਲਈ ਅੜੇ ਹੋਏ ਸਨ। ਇਸ ਹਲਕੇ ਤੋਂ ਕਾਂਗਰਸ ਲਈ ਹੈਨਰੀ ਤੋਂ ਬਗੈਰ ਚੋਣ ਜਿੱਤਣੀ ਸੰਭਵ ਨਹੀਂ। ਜਲੰਧਰ ਉੱਤਰੀ ਤੋਂ ਪਹਿਲਾਂ ਤਜਿੰਦਰ ਸਿੰਘ ਬਿੱਟੂ ਨੂੰ ਟਿਕਟ ਦਿੱਤੀ ਗਈ, ਪਰ ਜਲਦੀ ਹੀ ਉਨ੍ਹਾਂ ਦੀ ਉਮੀਦਵਾਰੀ ਰੱਦ ਕਰਕੇ ਸਾਬਕਾ ਵਿਧਾਇਕ ਰਾਜ ਕੁਮਾਰ ਗੁਪਤਾ ਨੂੰ ਉਮੀਦਵਾਰ ਥਾਪ ਦਿੱਤਾ ਗਿਆ। ਜਦ ਹੈਨਰੀ ਧੜੇ ਵੱਲੋਂ ਫਿਰ ਵੀ ਸਖ਼ਤ ਪ੍ਰਦਰਸ਼ਨ ਜਾਰੀ ਰਿਹਾ, ਤਾਂ ਦਬਾਅ ਅਧੀਨ ਆ ਕੇ ਹੁਣ ਹੈਨਰੀ ਦੇ ਪੁੱਤਰ ਬਾਵਾ ਹੈਨਰੀ ਨੂੰ ਉਮੀਦਵਾਰ ਥਾਪ ਦਿੱਤਾ ਗਿਆ ਹੈ। ਇਸੇ ਤਰ੍ਹਾਂ ਜਲੰਧਰ ਕੈਂਟ ਅਤੇ ਨਕੋਦਰ ਹਲਕੇ ਵਿਚ ਵੀ ਕਾਂਗਰਸ ਆਗੂਆਂ ਵਿਚਕਾਰ ਬੜੀ ਧੜੇਬੰਦੀ ਸੀ। ਲੰਬੀ ਕਸ਼ਮਕਸ਼ ਤੋਂ ਬਾਅਦ ਜਲੰਧਰ ਕੈਂਟ ਹਲਕੇ ਤੋਂ ਕਾਂਗਰਸ ਨੇ ਅਕਾਲੀ ਦਲ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋਏ ਵਿਧਾਇਕ ਪਰਗਟ ਸਿੰਘ ਨੂੰ ਉਮੀਦਵਾਰ ਬਣਾ ਦਿੱਤਾ ਹੈ, ਜਦਕਿ ਇਸ ਹਲਕੇ ਤੋਂ ਲੰਬੇ ਸਮੇਂ ਤੋਂ ਤਿਆਰੀ ਕਰ ਰਹੇ ਜਗਬੀਰ ਸਿੰਘ ਬਰਾੜ ਨੂੰ ਨਕੋਦਰ ਹਲਕੇ ਦਾ ਉਮੀਦਵਾਰ ਬਣਾਇਆ ਹੈ। ਇਸੇ ਤਰ੍ਹਾਂ ਭੁਲੱਥ ਹਲਕੇ ਵਿਚ ਵੀ ਗੁਰਵਿੰਦਰ ਸਿੰਘ ਅਟਵਾਲ ਨੂੰ ਵੀ ਉਮੀਦਵਾਰ ਬਣਾਏ ਜਾਣ ਵਿਰੁੱਧ ਕਾਫੀ ਰੌਲਾ ਪੈ ਰਿਹਾ ਸੀ। ਪਰ ਅਟਵਾਲ ਖੁਦ ਹੀ ਆਪਣੀ ਉਮੀਦਵਾਰੀ ਛੱਡ ਗਏ ਅਤੇ ਉਨ੍ਹਾਂ ਦੀ ਥਾਂ ਰਣਜੀਤ ਸਿੰਘ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਲੁਧਿਆਣਾ ਜ਼ਿਲ੍ਹੇ ਵਿਚ ਜਗਰਾਉਂ ਹਲਕੇ ਵਿਚ ਵੀ ਐਲਾਨੇ ਉਮੀਦਵਾਰ ਖਿਲਾਫ ਕਾਂਗਰਸ ਵਰਕਰ ਅਤੇ ਆਗੂ ਸੜਕਾਂ ਉਪਰ ਉਤਰ ਆਏ ਸਨ। ਉਥੇ ਵੀ ਹੁਣ ਟਿਕਟ ਕੱਟ ਕੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਨੂੰ ਉਮੀਦਵਾਰ ਬਣਾ ਦਿੱਤਾ ਗਿਆ ਹੈ। ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਹਲਕਿਆਂ ਵਿਚ ਕਾਂਗਰਸ ਨੇ ਆਪਣੀ ਧੜੇਬੰਦੀ ਨੂੰ ਘਟਾਉਣ ਜਾਂ ਰੋਕਣ ਲਈ ਅਗਾਊਂ ਕਦਮ ਚੁੱਕੇ ਹਨ। ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖਿਲਾਫ ਲੰਬੀ ਤੋਂ ਚੋਣ ਲੜਨ ਦੇ ਐਲਾਨ ਨਾਲ ਕਾਂਗਰਸ ਨੂੰ ਪੰਜਾਬ, ਖਾਸਕਰ ਮਾਲਵਾ ਖੇਤਰ ਵਿਚ ਵਿਸ਼ੇਸ਼ ਹੁਲਾਰਾ ਮਿਲਣ ਦੀ ਉਮੀਦ ਲਾਈ ਜਾ ਰਹੀ ਹੈ। ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਕੈਪਟਨ ਅਮਰਿੰਦਰ ਸਿੰਘ ਅਜਿਹੇ ਕੱਦਾਵਰ ਆਗੂ ਹਨ, ਜੋ ਆਪਣੇ ਇਕ ਪੈਂਤੜੇ ਨਾਲ ਸਿਆਸੀ ਦ੍ਰਿਸ਼ ਪਲਟਣ ਦੇ ਸਮਰਥ ਹਨ। 2014 ‘ਚ ਅੰਮ੍ਰਿਤਸਰ ਤੋਂ ਲੋਕਸਭਾ ਚੋਣ ਲੜਨ ਦਾ ਐਲਾਨ ਕਰਕੇ ਕੈਪਟਨ ਨੇ ਨਾ ਸਿਰਫ ਅੰਮ੍ਰਿਤਸਰ, ਸਗੋਂ ਪੂਰੇ ਪੰਜਾਬ ਵਿਚ ਕਾਂਗਰਸ ਦੀ ਚੋਣ ਮੁਹਿੰਮ ਵਿਚ ਨਵੀਂ ਰੂਹ ਫੂਕ ਦਿੱਤੀ ਸੀ ਅਤੇ ਫਿਰ ਭਾਜਪਾ ਦੇ ਕੌਮੀ ਆਗੂ ਅਰੁਣ ਜੇਤਲੀ ਨੂੰ 1 ਲੱਖ ਤੋਂ ਵਧੇਰੇ ਵੋਟਾਂ ਨਾਲ ਹਰਾ ਕੇ ਇਕ ਨਵਾਂ ਇਤਿਹਾਸ ਸਿਰਜਿਆ ਸੀ। ਹੁਣ ਵੀ ਇਹ ਸਮਝਿਆ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਲੰਬੀ ਹਲਕੇ ਵਿਚ ਜਾਣ ਨਾਲ ਇਕ ਤਾਂ ਆਮ ਆਦਮੀ ਪਾਰਟੀ ਵੱਲੋਂ ਕੈਪਟਨ ਅਤੇ ਬਾਦਲ ਪਰਿਵਾਰ ਦੇ ਰਲੇ ਹੋਣ ਦਾ ਕੀਤਾ ਜਾ ਰਿਹਾ ਪ੍ਰਚਾਰ ਆਪਣੇ ਆਪ ਹੀ ਖਾਰਜ ਹੋ ਜਾਂਦਾ ਹੈ। ਦੂਜੀ ਅਹਿਮ ਸਿਆਸੀ ਗੱਲ ਇਹ ਕਿ ਹੁਣ ਮੁੱਖ ਮੁਕਾਬਲਾ ਬਾਦਲ-ਕੈਪਟਨ ਵਿਚਕਾਰ ਉਭਰ ਗਿਆ ਹੈ ਅਤੇ ‘ਆਪ’ ਉਸ ਤੋਂ ਹੇਠਾਂ ਚਲੀ ਗਈ ਨਜ਼ਰ ਆ ਰਹੀ ਹੈ। ਕੈਪਟਨ ਦੇ ਅਕਾਲੀ ਦਲ ਵਿਰੁੱਧ ਹਮਲਾਵਰ ਰੁਖ਼ ਅਪਣਾਉਣ ਨਾਲ ‘ਆਪ’ ਦੀ ਤਿੱਖੀ ਚੋਣ ਮੁਹਿੰਮ ਵੀ ਕਿਸੇ ਨਾ ਕਿਸੇ ਪੱਧਰ ‘ਤੇ ਖੁੰਢੀ ਹੋਣੀ ਲਾਜ਼ਮੀ ਹੈ।
ਆਮ ਆਦਮੀ ਪਾਰਟੀ ਨੇ ਲੰਬੀ ਹਲਕੇ ਤੋਂ ਜਰਨੈਲ ਸਿੰਘ ਅਤੇ ਜਲਾਲਾਬਾਦ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਭਗਵੰਤ ਮਾਨ ਨੂੰ ਲੜਾਉਣ ਦੇ ਫੈਸਲੇ ਨਾਲ ਪਾਰਟੀ ਚੋਣ ਮੁਹਿੰਮ ਨੂੰ ਇਕ ਨਵੇਂ ਪੱਧਰ ‘ਤੇ ਉਭਾਰਨ ਦਾ ਯਤਨ ਕੀਤਾ ਸੀ। ਆਮ ਆਦਮੀ ਪਾਰਟੀ ਦੀ ਚੋਣ ਮੁਹਿੰਮ 4-5 ਮਹੀਨੇ ਤੱਕ ਬੜੀ ਗਰਮਜੋਸ਼ੀ ਅਤੇ ਹਮਲਾਵਰ ਰੁਖ਼ ਵਾਲੀ ਸੀ। ਪਰ ਪਿਛਲੇ 3 ਮਹੀਨੇ ਤੋਂ ਪਾਰਟੀ ਅੰਦਰ ਪੈਦਾ ਹੋਏ ਰਫੜ ਨੇ ਇਸ ਨੂੰ ਅੰਦਰੂਨੀ ਵਿਰੋਧਾਂ ਅਤੇ ਬਿਖੇੜਿਆਂ ਵਿਚ ਉਲਝਾ ਲਿਆ ਹੈ। ਸ. ਸੁੱਚਾ ਸਿੰਘ ਛੋਟੇਪੁਰ ਨੂੰ ਕਨਵੀਨਰ ਤੋਂ ਬਰਖਾਸਤ ਕਰਨ ਬਾਅਦ ਪਾਰਟੀ ਦੇ ਉਮੀਦਵਾਰ ਚੁਣਨ ਦੇ ਮਾਮਲੇ ਨੂੰ ਲੈ ਕੇ ਵਾਲੰਟੀਅਰਾਂ ਅੰਦਰ ਵੱਡਾ ਬਿਖੇੜਾ ਖੜ੍ਹਾ ਹੋਇਆ ਹੈ। ਇਸ ਵੇਲੇ ਸ. ਸੁੱਚਾ ਸਿੰਘ ਛੋਟੇਪੁਰ ਦੀ ਆਪਣਾ ਪੰਜਾਬ ਪਾਰਟੀ ਅਤੇ ‘ਆਪ’ ਦੇ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਦੀ ਅਗਵਾਈ ਹੇਠਲੇ ਪੰਜਾਬ ਫਰੰਟ ਵੱਲੋਂ 100 ਤੋਂ ਵੱਧ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਉਮੀਦਵਾਰ ਮੁੱਖ ਤੌਰ ‘ਤੇ ਆਮ ਆਦਮੀ ਪਾਰਟੀ ਦੀ ਚੋਣ ਮੁਹਿੰਮ ਨੂੰ ਹੀ ਪ੍ਰਭਾਵਿਤ ਕਰਨਗੇ। ‘ਆਪ’ ਦੇ ਕੌਮੀ ਕਨਵੀਨਰ ਇਸ ਵੇਲੇ ਪੰਜਾਬ ਅੰਦਰ ਚੋਣ ਮੁਹਿੰਮ ਭਖਾਉਣ ਵਿਚ ਪੂਰੀ ਸਰਗਰਮੀ ਨਾਲ ਜੁਟੇ ਹੋਏ ਹਨ। ਆ ਰਹੀਆਂ ਖ਼ਬਰਾਂ ਮੁਤਾਬਕ ਵਿਦੇਸ਼ਾਂ ਵਿਚ ਵਸੇ ਆਮ ਆਦਮੀ ਪਾਰਟੀ ਦੇ ਪ੍ਰਸ਼ੰਸਕ ਵੀ ਪੰਜਾਬ ਚੋਣਾਂ ਵਿਚ ਪਾਰਟੀ ਦੀ ਹਮਾਇਤ ਲਈ ਉਥੇ ਪੁੱਜ ਰਹੇ ਹਨ।
ਬਹੁਜਨ ਸਮਾਜ ਪਾਰਟੀ ਅਤੇ ਅਕਾਲੀ ਦਲ ਅੰਮ੍ਰਿਤਸਰ ਅਤੇ ਯੂਨਾਈਟਿਡ ਅਕਾਲੀ ਦਲ ਨੇ ਵੀ ਆਪੋ-ਆਪਣੇ ਉਮੀਦਵਾਰ ਮੈਦਾਨ ‘ਚ ਉਤਾਰੇ ਹੋਏ ਹਨ। ਬਸਪਾ ਵੱਲੋਂ ਐਲਾਨੇ ਉਮੀਦਵਾਰ ਦੁਆਬੇ ਦੇ ਕਰੀਬ ਡੇਢ ਦਰਜਨ ਹਲਕਿਆਂ ਵਿਚ ਚੰਗਾ ਰਸੂਖ ਰੱਖਣ ਵਾਲੇ ਹਨ ਅਤੇ ਇਨ੍ਹਾਂ ਹਲਕਿਆਂ ਵਿਚ ਬਸਪਾ ਦੀ ਵੋਟ ਚੋਣ ਨਤੀਜਿਆਂ ਨੂੰ ਹੀ ਪ੍ਰਭਾਵਿਤ ਕਰੇਗੀ।
ਪੰਜਾਬ ਵਿਚ ਇਸ ਸਮੇਂ ਜੋ ਚੋਣ ਦ੍ਰਿਸ਼ ਉਭਰ ਕੇ ਸਾਹਮਣੇ ਆ ਰਿਹਾ ਹੈ, ਉਸ ਮੁਤਾਬਕ ਹਾਲ ਦੀ ਘੜੀ ਕਿਸੇ ਧਿਰ ਦਾ ਹੱਥ ਉਪਰ ਨਜ਼ਰ ਨਹੀਂ ਆ ਰਿਹਾ। 21 ਜਨਵਰੀ ਕਾਗਜ਼ ਵਾਪਸ ਲੈਣ ਦੀ ਆਖਰੀ ਤਰੀਕ ਹੈ। ਉਸ ਦਿਨ ਤੋਂ ਬਾਅਦ ਅਸਲ ਸਥਿਤੀ ਸਾਹਮਣੇ ਆਵੇਗੀ ਅਤੇ ਉਸ ਸਮੇਂ ਤੱਕ ਪਾਰਟੀਆਂ ਆਪਣੇ ਰੁੱਸਿਆਂ ਨੂੰ ਮਨਾਉਣ ਜਾਂ ਬਗਾਵਤ ਕਰਨ ਵਾਲੇ ਆਗੂਆਂ ਨੂੰ ਬਿਠਾਉਣ ਦਾ ਕੰਮ ਵੀ ਨਿਬੇੜ ਲਵੇਗੀ ਅਤੇ ਚੋਣ ਮੁਹਿੰਮ ਉਸ ਤੋਂ ਬਾਅਦ ਹੀ ਵਧੇਰੇ ਭਖਣ ਦੇ ਆਸਾਰ ਹਨ। ਉਸ ਤੋਂ ਬਾਅਦ ਹੀ ਸਿਆਸੀ ਵਹਿਣ ਕਿਸ ਰੁਖ਼ ਵਗਦਾ ਹੈ, ਉਸ ਬਾਰੇ ਕਿਆਫੇ ਲਗਾਏ ਜਾਣੇ ਸ਼ੁਰੂ ਹੋਣਗੇ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.