ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਟਰੰਪ ਦੀਆਂ ਨੀਤੀਆਂ: ਆਗਾਜ਼ ਅੱਛਾ ਨਹੀਂ ਅਮਰੀਕਾ ਲਈ
ਟਰੰਪ ਦੀਆਂ ਨੀਤੀਆਂ: ਆਗਾਜ਼ ਅੱਛਾ ਨਹੀਂ ਅਮਰੀਕਾ ਲਈ
Page Visitors: 2613

ਟਰੰਪ ਦੀਆਂ ਨੀਤੀਆਂ: ਆਗਾਜ਼ ਅੱਛਾ ਨਹੀਂ ਅਮਰੀਕਾ ਲਈ

Posted On 01 Feb 2017
7


ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444

ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨੀਤੀਆਂ ਅਮਰੀਕਾ ਵਿਚ ਕੀ ਗੁੱਲ ਖਿਲਾ ਸਕਦੀਆਂ ਹਨ, ਇਸ ਬਾਰੇ ਸੂਝਵਾਨ ਲੋਕਾਂ ਨੂੰ ਪਹਿਲਾਂ ਵੀ ਕੋਈ ਬਹੁਤਾ ਭੁਲੇਖਾ ਨਹੀਂ ਸੀ। ਚੋਣ ਮੁਹਿੰਮ ਦੌਰਾਨ ਗੋਰੇ ਲੋਕਾਂ ਦੇ ਜਜ਼ਬਾਤ ਭੜਕਾ ਕੇ ਨਫਰਤੀ ਤੇ ਨਸਲੀ ਮਾਨਸਿਕਤਾ ਨੂੰ ਹੁਲਾਰਾ ਦੇਣ ਦੇ ਕਿਸ ਤਰ੍ਹਾਂ ਯਤਨ ਕੀਤੇ ਗਏ ਅਤੇ ਫਿਰ ਵੋਟਾਂ ਬਟੋਰਨ ਦੇ ਕਦਮ ਚੁੱਕੇ ਗਏ, ਉਸ ਨੇ ਇਸ ਗੱਲ ਦੇ ਸੰਕੇਤ ਤਾਂ ਦੇ ਹੀ ਦਿੱਤੇ ਸਨ ਕਿ ਅਮਰੀਕੀ ਸਮਾਜ ਵੀ ਸਲੀਕੇ ਵਾਲੇ ਜਮਹੂਰੀ ਤਰਜੇ ਜ਼ਿੰਦਗੀ ਤੋਂ ਉਖੜਦਾ ਜਾ ਰਿਹਾ ਹੈ ਅਤੇ ਖ਼ਬਤੀ ਕਿਸਮ ਦੇ ਵਿਚਾਰ ਲੋਕਾਂ ਸਿਰ ਸਵਾਰ ਹੋ ਰਹੇ ਹਨ। ਚੋਣਾਂ ਦੌਰਾਨ ਇਹ ਗੱਲ ਪੂਰੀ ਤਰ੍ਹਾਂ ਸਾਹਮਣੇ ਆਈ ਕਿ ਟਰੰਪ ਅਤੇ ਉਨ੍ਹਾਂ ਦੇ ਹਮਾਇਤੀਆਂ ਨੇ ਅਮਰੀਕੀ ਸਲੀਕੇ ਵਾਲੀ ਸਿਆਸਤ ਅਤੇ ਸ਼ਾਸਨ ਪ੍ਰਣਾਲੀ ਨੂੰ ਤਿਆਗ ਕੇ ਇਕ ਨਵੀਂ ਕਿਸਮ ਦੀ ਖ਼ਬਤੀ ਸ਼ਾਸ਼ਨ ਪ੍ਰਣਾਲੀ ਨੂੰ ਲਾਗੂ ਕਰਨ ਵੱਲ ਕਦਮ ਪੁੱਟ ਰਹੇ ਹਨ।
   ਟਰੰਪ ਦੀ ਚੋਣ ਵਿਚ ਜਿੱਤ ਤੋਂ ਬਾਅਦ ਰਾਸ਼ਟਰਪਤੀ ਦਾ ਅਹੁਦਾ ਸੰਭਾਲਦਿਆਂ ਹੀ ਜਿਸ ਤਰ੍ਹਾਂ ਗੈਰ ਕਾਨੂੰਨੀ ਲੋਕਾਂ ਨੂੰ ਅਮਰੀਕਾ ਵਿਚ ਦਾਖਲ ਹੋਣ ਤੋਂ ਰੋਕਣ ਲਈ ਲੰਬੀ ਕੰਧ ਉਸਾਰਨ ਦਾ ਫੈਸਲਾ ਕੀਤਾ ਗਿਆ ਹੈ ਅਤੇ ਪਹਿਲੀ ਸੱਟੇ 7 ਮੁਸਲਿਮ ਬਹੁਗਿਣਤੀ ਵਾਲੇ ਦੇਸ਼ਾਂ ਦੇ ਲੋਕਾਂ ਨੂੰ ਅਮਰੀਕਾ ਆਉਣ ਲਈ ਵੀਜ਼ੇ ਦੇਣ ਤੋਂ ਵਰਜਿਆ ਗਿਆ ਹੈ, ਉਸ ਨਾਲ ਆਉਣ ਵਾਲੇ ਦਿਨਾਂ ਵਿਚ ਅਮਰੀਕੀ ਸਮਾਜ ਅੰਦਰ ਵੱਡੀਆਂ ਤਰਥੱਲੀਆਂ ਵਾਲੇ ਮਾਹੌਲ ਪੈਦਾ ਹੋਣ ਦੇ ਸੰਕੇਤ ਦਿੱਤੇ ਹਨ। ਟਰੰਪ ਦੇ ਅਜਿਹੇ ਫੈਸਲਿਆਂ ਕਾਰਨ ਵੱਖ-ਵੱਖ ਸਮਿਆਂ ਉਪਰ ਵੱਖ-ਵੱਖ ਮੁਲਕਾਂ ਤੋਂ ਆ ਕੇ ਵਸੇ ਲੋਕਾਂ ਵਿਚ ਵੱਡੀ ਖਲਬਲੀ ਮਚੀ ਹੋਈ ਹੈ ਅਤੇ ਇਨ੍ਹਾਂ ਨੀਤੀਆਂ ਕਾਰਨ ਲੋਕ ਭੈਅਭੀਤ ਵੀ ਹਨ। ਮੁਸਲਿਮ ਬਹੁਗਿਣਤੀ ਵਾਲੇ ਮੁਲਕ ਹੀ ਨਹੀਂ, ਸਗੋਂ ਭਾਰਤ ਵਰਗੇ ਦੇਸ਼ਾਂ ਤੋਂ ਆਏ ਲੋਕਾਂ ਵਿਚ ਵੀ ਅਨਿਸ਼ਚਿਤਤਾ ਅਤੇ ਡਰ ਵਾਲੀ ਸਥਿਤੀ ਬਣ ਰਹੀ ਹੈ। ਅਮਰੀਕਾ ਕਿਸੇ ਇਕ ਕੌਮ ਜਾਂ ਵਰਗ ਦੇ ਮੂਲ ਨਿਵਾਸੀਆਂ ਵਾਲਾ ਦੇਸ਼ ਨਹੀਂ, ਸਗੋਂ ਅਮਰੀਕਾ ਦੀ ਹੋਂਦ ਹੀ ਬਾਹਰਲੇ ਦੇਸ਼ਾਂ ਤੋਂ ਇਥੇ ਆ ਕੇ ਵਸੇ ਲੋਕਾਂ ਉੱਤੇ ਹੀ ਟਿਕੀ ਹੋਈ ਹੈ। ਬਹੁਤੇ ਲੋਕ ਕਈ ਸਦੀਆਂ ਪਹਿਲਾਂ ਆ ਕੇ ਇਥੇ ਵਸੇ ਅਤੇ ਹੋਰ ਬਹੁਤ ਸਾਰੇ ਲੋਕ ਇਕ ਸਦੀ ਪਹਿਲਾਂ ਇਥੇ ਆਏ ਹੋਣਗੇ।     
       ਅਮਰੀਕਾ ਹਮੇਸ਼ਾ ਪ੍ਰਵਾਸੀਆਂ ਦਾ ਦੇਸ਼ ਹੀ ਬਣਿਆ ਹੋਇਆ ਹੈ। ਅਮਰੀਕੀ ਸਮਾਜ ਅਤੇ ਇਸ ਦੀ ਸ਼ਾਸਨ ਪ੍ਰਣਾਲੀ ਮੁੱਢ ਤੋਂ ਹੀ ਉਦਾਰ ਅਤੇ ਜਮਹੂਰੀ ਤਰਜ਼ ਵਾਲੀ ਚਲੀ ਆ ਰਹੀ ਹੈ, ਜਿਸ ਵਿਚ ਸਭ ਵਰਗਾਂ ਤੇ ਨਸਲਾਂ ਦੇ ਲੋਕਾਂ ਨੂੰ ਬਰਾਬਰ ਸਤਿਕਾਰ ਦੇਣ ਅਤੇ ਉਨ੍ਹਾਂ ਦੇ ਮਾਨਵੀ ਹੱਕਾਂ ਦੀ ਰਾਖੀ ਕਰਨ ਦੀ ਗਾਰੰਟੀ ਦਿੱਤੀ ਜਾਂਦੀ ਹੈ।
ਅਮਰੀਕੀ ਸਮਾਜ ਆਪਣੇ ਇਸ ਸੁਭਾਵਿਕ ਅਕੀਦੇ ਤੋਂ ਕਦੇ ਵੀ ਥਿੜਕਿਆ ਨਹੀਂ। ਨਸਲਪ੍ਰਸਤੀ ਖਿਲਾਫ ਅਮਰੀਕਾ ਮੁੱਢ ਤੋਂ ਹੀ ਲੜਦਾ ਆ ਰਿਹਾ ਹੈ। ਪਰ ਹੁਣ ਜਿਸ ਤਰ੍ਹਾਂ ਟਰੰਪ ਨੇ ਮੈਕਸੀਕੋ ਤੋਂ ਆਉਣ ਵਾਲੇ ਲੋਕਾਂ ਨੂੰ ਰੋਕਣ ਲਈ ਵੱਡੇ ਖਰਚੇ ਨਾਲ 2000 ਕਿਲੋਮੀਟਰ ਲੰਬੀ ਅਤੇ 12 ਫੁੱਟ ਉੱਚੀ ਕੰਧ ਬਣਾਉਣ ਦਾ ਫੈਸਲਾ ਕੀਤਾ ਹੈ ਅਤੇ ਨਾਲ ਹੀ 7 ਮੁਸਲਿਮ ਬਹੁਗਿਣਤੀ ਵਾਲੇ ਦੇਸ਼ਾਂ ਦੇ ਲੋਕਾਂ ਨੂੰ ਵੀਜ਼ੇ ਦੇਣ ਤੋਂ ਹੀ ਵਰਜ ਦਿੱਤਾ ਹੈ, ਉਸ ਨੇ ਅਮਰੀਕੀ ਸਮਾਜ ਦੀਆਂ ਚੂਲਾਂ ਨੂੰ ਹੀ ਹਿਲਾ ਕੇ ਰੱਖ ਦਿੱਤਾ ਹੈ। ਟਰੰਪ ਦੇ ਅਜਿਹੇ ਫੈਸਲਿਆਂ ਨਾਲ ਪੂਰੇ ਅਮਰੀਕੀ ਸਮਾਜ ਵਿਚ ਬੇਵਿਸ਼ਵਾਸੀ ਅਤੇ ਅਨਿਸ਼ਚਿਤਤਾ ਪਾਈ ਜਾ ਰਹੀ ਹੈ।
   ਕਿਸੇ ਵੀ ਦੇਸ਼ ਦਾ ਵਿਕਾਸ ਹਮੇਸ਼ਾ ਉਦੋਂ ਹੀ ਹੁੰਦਾ ਹੈ, ਜਦ ਪ੍ਰਸ਼ਾਸਨ ਉਪਰ ਲੋਕਾਂ ਦੀ ਭਰੋਸੇਯੋਗਤਾ ਮਜ਼ਬੂਤ ਹੋਵੇ ਅਤੇ ਆਪਣੇ ਭਵਿੱਖ ਪ੍ਰਤੀ ਉਹ ਪੂਰੀ ਤਰ੍ਹਾਂ ਸੰਤੁਸ਼ਟ ਹੋਣ। ਪਰ ਟਰੰਪ ਵੱਲੋਂ ਜਿਸ ਤਰ੍ਹਾਂ ਦੀਆਂ ਨੀਤੀਆਂ ਅਪਣਾਈਆਂ ਜਾ ਰਹੀਆਂ ਹਨ, ਉਸ ਨਾਲ ਅਮਰੀਕੀ ਸਮਾਜ ਅੰਦਰ ਮਚੀ ਖਲਬਲੀ ਇਸ ਦੇ ਵਿਕਾਸ ਨੂੰ ਉਲਟੇ ਰੁਖ਼ ਪ੍ਰਭਾਵਿਤ ਕਰੇਗੀ। 7 ਮੁਸਲਿਮ ਬਹੁਗਿਣਤੀ ਵਾਲੇ ਮੁਲਕਾਂ ਦੇ ਲੋਕਾਂ ਨੂੰ ਵੀਜ਼ੇ ਤੋਂ ਇਨਕਾਰ ਕੀਤੇ ਜਾਣ ਦਾ ਵਿਆਪਕ ਅਸਰ ਪੈਣ ਲੱਗਾ ਹੈ। ਜੌਰਡਨ ਅਤੇ ਹੋਰ ਅਜਿਹੇ ਮੁਲਕਾਂ ਦੇ ਅਮਰੀਕਾ ਵਿਚ ਪੜ੍ਹਨ ਆਏ ਹੋਰ ਦੇਸ਼ਾਂ ਦੇ ਵਿਦਿਆਰਥੀਆਂ ਲਈ ਵੀ ਵੱਡੀਆਂ ਮੁਸ਼ਕਿਲਾਂ ਪੈਦਾ ਹੋ ਰਹੀਆਂ ਹਨ।     
      ਅਜਿਹੇ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਇਕ ਵਾਰ ਆਪਣੇ ਮੁਲਕ ਵਿਚ ਜਾਣ ‘ਤੇ ਮੁੜ ਵਾਪਸ ਆਉਣ ਬਾਰੇ ਅਨਿਸ਼ਚਿਤਤਾ ਫੈਲੀ ਹੋਈ ਹੈ। ਇਸੇ ਤਰ੍ਹਾਂ ਕੰਮ ਕਰਨ ਦੀ ਖੁੱਲ੍ਹ ਦੇਣ ਵਾਲੇ ਐੱਚ 1ਬੀ ਵੀਜ਼ੇ ਉਪਰ ਵੀ ਪਾਬੰਦੀਆਂ ਕੱਸਣ ਦੇ ਫੈਸਲੇ ਕਾਰਨ ਸਿਰਫ ਮੁਸਲਿਮ ਬਹੁ ਵਸੋਂ ਵਾਲੇ ਹੀ ਨਹੀਂ, ਸਗੋਂ ਭਾਰਤ ਸਮੇਤ ਹੋਰਨਾਂ ਦੇਸ਼ਾਂ ਦੇ ਲੋਕਾਂ ਉਪਰ ਵੀ ਇਸ ਦਾ ਅਸਰ ਪਵੇਗਾ। ਟਰੰਪ ਪ੍ਰਸ਼ਾਸਨ ਦਾ ਇਸ ਵੇਲੇ ਸਾਰਾ ਜ਼ੋਰ ਇਸ ਗੱਲ ਉਪਰ ਲੱਗਾ ਹੋਇਆ ਹੈ ਕਿ ਹੋਰਨਾਂ ਮੁਲਕਾਂ ਤੋਂ ਆ ਕੇ ਇਥੇ ਕੰਮ ਕਰ ਰਹੇ ਲੋਕਾਂ ਨੂੰ ਖਦੇੜ ਕੇ ਉਨ੍ਹਾਂ ਦੀ ਥਾਂ ਸਥਾਨਕ ਲੋਕਾਂ ਲਈ ਰੁਜ਼ਗਾਰ ਸੁਰੱਖਿਅਤ ਕੀਤਾ ਜਾਵੇ।
    ਇਹ ਗੱਲ ਸਭ ਜਾਣਦੇ ਹਨ ਕਿ ਮੈਕਸੀਕੋ ਰਾਹੀਂ ਵੱਡੀ ਗਿਣਤੀ ਵਿਚ ਮਜ਼ਦੂਰ ਤੇ ਆਮ ਲੋਕ ਕੰਮਕਾਰ ਲਈ ਅਮਰੀਕਾ ਆਉਂਦੇ ਹਨ। ਪਰ ਟਰੰਪ ਪ੍ਰਸ਼ਾਸਨ ਦੇ ਕੰਧ ਉਸਾਰਨ ਦੇ ਫੈਸਲੇ ਕਾਰਨ ਵੱਡੀ ਸਮੱਸਿਆ ਪੈਦਾ ਹੋਵੇਗੀ। ਇਮੀਗ੍ਰੇਸ਼ਨ ਤੇ ਸਕਿਓਰਿਟੀ ਅਮਲੇ ਨੂੰ ਇੰਨੇ ਵਿਆਪਕ ਅਧਿਕਾਰ ਦਿੱਤੇ ਜਾ ਰਹੇ ਹਨ ਕਿ ਉਹ ਗੈਰ ਕਾਨੂੰਨੀ ਜਾਂ ਸਿਆਸੀ ਸ਼ਰਨ ਲੈ ਕੇ ਅਮਰੀਕਾ ‘ਚ ਰਹਿ ਰਹੇ ਲੋਕਾਂ ਉਪਰ ਵਿਆਪਕ ਕਾਰਵਾਈ ਕਰ ਸਕਦੇ ਹਨ। ਨਵੇਂ ਰੂਲਾਂ ਤਹਿਤ ਅਮਰੀਕੀ ਅਧਿਕਾਰੀ ਛੋਟੇ-ਮੋਟੇ ਕੇਸਾਂ ਨੂੰ ਲੈ ਕੇ ਵੀ ਜਦੋਂ ਮਰਜ਼ੀ ਛਾਪੇ ਮਾਰ ਸਕਦੇ ਹਨ ਅਤੇ ਗੈਰ ਕਾਨੂੰਨੀ ਤੇ ਸਿਆਸੀ ਸ਼ਰਨ ਵਾਲੇ ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਵਿਰੁੱਧ ਕਾਰਵਾਈ ਕਰ ਸਕਦੇ ਹਨ ਅਤੇ ਉਨ੍ਹਾਂ ਦੇ ਦੇਸ਼ਾਂ ਨੂੰ ਵਾਪਸ ਵੀ ਭੇਜ ਸਕਦੇ ਹਨ।
    ਮੈਕਸਿਕੋ ਅਮਰੀਕਾ ਦਾ ਵੱਡਾ ਵਪਾਰਕ ਭਾਈਵਾਲ ਹੈ। ਟਰੰਪ ਪ੍ਰਸ਼ਾਸਨ ਮੈਕਸਿਕੋ ਉਪਰ ਇਹ ਗੱਲ ਥੋਪ ਰਿਹਾ ਹੈ ਕਿ ਉਸਾਰੀ ਜਾ ਰਹੀ ਕੰਧ ਦਾ ਅੱਧਾ ਖਰਚ ਉਹ ਅਦਾ ਕਰਨ। ਜਦਕਿ ਮੈਕਸਿਕਨ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਹ ਅਮਰੀਕਾ ਦੇ ਅਜਿਹੇ ਕਿਸੇ ਵੀ ਫੈਸਲੇ ਨੂੰ ਮੰਨਣ ਲਈ ਤਿਆਰ ਨਹੀਂ। ਇਸ ਤਰ੍ਹਾਂ ਲੰਬੀ ਕੰਧ ਉਸਾਰਨ ਨਾਲ ਇਕ ਤਾਂ ਆਰਥਿਕ ਤੌਰ ‘ਤੇ ਅਮਰੀਕਾ ਉਪਰ ਵੱਡਾ ਬੋਝ ਪਵੇਗਾ। ਦੂਜਾ, ਮੈਕਸਿਕੋ ਨਾਲ ਮਜ਼ਬੂਤ ਵਪਾਰਕ ਸੰਬੰਧ ਵੀ ਤਨਾਅ ਦੀ ਭੇਂਟ ਚੜ੍ਹਨਗੇ ਅਤੇ ਸਭ ਤੋਂ ਵੱਡੀ ਗੱਲ, ਅਮਰੀਕਾ ਨੂੰ ਮਨੁੱਖੀ ਕਿਰਤ ਦੀ ਘਾਟ ਪੈ ਸਕਦੀ ਹੈ, ਕਿਉਂਕਿ ਇਸ ਵੇਲੇ ਅਮਰੀਕਾ ਵਿਚ ਕਾਫੀ ਵੱਡੀ ਗਿਣਤੀ ਮਿਹਨਤੀ ਲੋਕ ਮੈਕਸਿਕੋ ਤੋਂ ਹੀ ਕੰਮ ਕਰਨ ਲਈ ਆਉਂਦੇ ਹਨ।
ਟਰੰਪ ਪ੍ਰਸ਼ਾਸਨ ਬਾਹਰਲੇ ਮੁਲਕਾਂ ਤੋਂ ਆਏ ਗੈਰ ਕਾਨੂੰਨੀ ਲੋਕਾਂ, ਸਿਆਸੀ ਸ਼ਰਨਾਰਥੀਆਂ ਅਤੇ ਬਾਹਰੋਂ ਆਉਣ ਵਾਲੇ ਹੋਰ ਲੋਕਾਂ ਵਿਰੁੱਧ ਜਿਸ ਤਰ੍ਹਾਂ ਉਜੱਡਪੁਣੇ ਨਾਲ ਫੈਸਲੇ ਲੈ ਰਿਹਾ ਹੈ, ਉਸ ਨਾਲ ਅਮਰੀਕੀ ਸਮਾਜ ਅੰਦਰ ਅਫਰਾ-ਤਫਰੀ ਫੈਲਣਾ ਅਤੇ ਤਰੇੜਾਂ ਆਉਣੀਆਂ ਕੁਦਰਤੀ ਗੱਲ ਹੈ। ਟਰੰਪ ਪ੍ਰਸ਼ਾਸਨ ਦੇ ਅਜਿਹੇ ਫੈਸਲਿਆਂ ਖਿਲਾਫ ਵੱਡੀ ਗਿਣਤੀ ਲੋਕਾਂ ਵੱਲੋਂ ਸੜਕਾਂ ‘ਤੇ ਉਤਰਨਾ ਇਸੇ ਗੱਲ ਦਾ ਸੰਕੇਤ ਹੈ ਕਿ ਅਮਰੀਕੀ ਲੋਕ ਟਰੰਪ ਪ੍ਰਸ਼ਾਸਨ ਦੇ ਅਜਿਹੇ ਫੈਸਲਿਆਂ ਤੋਂ ਖੁਸ਼ ਨਹੀਂ ਹਨ। ਉਂਝ ਤਾਂ ਦੇਖਿਆ ਜਾਵੇ, ਇਹ ਪਹਿਲੀ ਵਾਰ ਹੋਇਆ ਹੈ ਕਿ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਖਿਲਾਫ ਅਮਰੀਕਾ ਦੇ ਲੋਕ ਪਹਿਲੇ ਦਿਨ ਹੀ ਸੜਕਾਂ ‘ਤੇ ਉਤਰ ਆਏ ਹੋਣ ਅਤੇ ਜਦ ਉਹ ਟਰੰਪ ਕੈਪੀਟੋਲ ਹਿੱਲ ‘ਚ ਲੱਖਾਂ ਦੀ ਗਿਣਤੀ ਵਿਚ ਇਕੱਤਰ ਅਮਰੀਕੀਆਂ ਸਾਹਮਣੇ ਸਹੁੰ ਚੁੱਕ ਰਹੇ ਸਨ, ਤਾਂ ਉਸੇ ਸਮੇਂ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿਚ ਉਨ੍ਹਾਂ ਦੇ ਖਿਲਾਫ ਲੱਖਾਂ ਲੋਕ ਸੜਕਾਂ ‘ਤੇ ਉਤਰੇ ਹੋਏ ਸਨ। ਹੁਣ ਵੀ ਟਰੰਪ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਫੈਸਲਿਆਂ ਦਾ ਦੁਨੀਆਂ ਭਰ ਵਿਚ ਨੋਟਿਸ ਲਿਆ ਜਾ ਰਿਹਾ ਹੈ। ਬਹੁਤ ਸਾਰੇ ਮੁਲਕ ਅਮਰੀਕੀ ਪ੍ਰਸ਼ਾਸਨ ਦੇ ਇਨ੍ਹਾਂ ਫੈਸਲਿਆਂ ਨੂੰ ਪਸੰਦ ਨਹੀਂ ਕਰਦੇ।
      ਬਰਤਾਨੀਆ ਵਿਚ ਟਰੰਪ ਪ੍ਰਸ਼ਾਸਨ ਦੇ ਫੈਸਲਿਆਂ ਖਿਲਾਫ ਵੱਡਾ ਰੋਹ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਵੀ ਅਮਰੀਕੀ ਫੈਸਲੇ ਸੁਣ ਕੇ ਕੰਨ ਖੜ੍ਹੇ ਹੋਏ ਹਨ। ਜਿਸ ਤਰ੍ਹਾਂ ਮੁਸਲਿਮ ਬਹੁਗਿਣਤੀ ਵਾਲੇ ਦੇਸ਼ਾਂ ਖਿਲਾਫ ਟਰੰਪ ਪ੍ਰਸ਼ਾਸਨ ਫੈਸਲੇ ਲੈਣ ਲੱਗਿਆ ਹੈ, ਉਸ ਨਾਲ ਦੁਨੀਆਂ ਦੇ ਬਹੁਤ ਸਾਰੇ ਮੁਲਕਾਂ ਨਾਲ ਅਮਰੀਕਾ ਦੇ ਸੰਬੰਧ ਵੀ ਵਿਗੜ ਸਕਦੇ ਹਨ। ਜੇਕਰ ਅਜਿਹੀ ਕਤਾਰਬੰਦੀ ਦੁਨੀਆਂ ਵਿਚ ਸ਼ੁਰੂ ਹੁੰਦੀ ਹੈ, ਤਾਂ ਇਹ ਅਮਰੀਕਾ ਲਈ ਹੀ ਨਹੀਂ, ਸਗੋਂ ਪੂਰੀ ਦੁਨੀਆਂ ਦੇ ਦੇਸ਼ਾਂ ਲਈ ਬੇਹੱਦ ਮੰਦਭਾਗੀ ਗੱਲ ਹੋਵੇਗੀ। ਕਿਉਂਕਿ ਇਸ ਸਮੇਂ ਸੰਸਾਰ ਜਦ ਮੰਦਹਾਲੀ ਦੇ ਦੌਰ ਵਿਚੋਂ ਲੰਘ ਰਿਹਾ ਹੈ, ਤਾਂ ਇਸ ਆਰਥਿਕ ਸੰਕਟ ਵਿਚੋਂ ਨਿਕਲਣ ਲਈ ਵੱਖ-ਵੱਖ ਦੇਸ਼ਾਂ ਵਿਚਕਾਰ ਆਪਸੀ ਸੰਬੰਧ ਮਜ਼ਬੂਤ ਕਰਨ ਲਈ ਜ਼ੋਰ ਦਿੱਤਾ ਜਾ ਰਿਹਾ ਹੈ। ਪਰ ਟਰੰਪ ਪ੍ਰਸ਼ਾਸਨ ਅਮਰੀਕਾ ਵਿਚ ਉਲਟੀ ਗੰਗਾ ਵਹਾਉਣ ਲੱਗਿਆ ਹੈ।
ਇਹ ਗੱਲ ਸਪੱਸ਼ਟ ਨਜ਼ਰ ਆ ਰਹੀ ਹੈ ਕਿ ਟਰੰਪ ਵੱਲੋਂ ਲਏ ਜਾ ਰਹੇ ਫੈਸਲੇ ਅਮਰੀਕੀ ਸਮਾਜ ਵਿਚ ਤਨਾਅ ਪੈਦਾ ਕਰਨ ਦਾ ਕਾਰਨ ਬਣ ਸਕਦੇ ਹਨ ਅਤੇ ਦੇਸ਼ ਵਿਚ ਨਸਲੀ ਵਿਤਕਰੇ ਦੀ ਲਹਿਰ ਨੂੰ ਹੁਲਾਰਾ ਵੀ ਮਿਲ ਸਕਦਾ ਹੈ। ਇਸੇ ਤਰ੍ਹਾਂ ਬਹੁਤ ਸਾਰੇ ਬਾਹਰਲੇ ਮੁਲਕਾਂ ਨਾਲ ਵੀ ਅਮਰੀਕਾ ਦੇ ਸੰਬੰਧ ਤਨਾਅਪੂਰਨ ਬਣਨਗੇ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.