ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਪ੍ਰਵਾਸੀ ਪੰਜਾਬੀਆਂ ਦੀਆਂ ਨਿਗਾਹਾਂ ਹੁਣ ਚੋਣ ਨਤੀਜਿਆਂ ‘ਤੇ
ਪ੍ਰਵਾਸੀ ਪੰਜਾਬੀਆਂ ਦੀਆਂ ਨਿਗਾਹਾਂ ਹੁਣ ਚੋਣ ਨਤੀਜਿਆਂ ‘ਤੇ
Page Visitors: 2493

ਪ੍ਰਵਾਸੀ ਪੰਜਾਬੀਆਂ ਦੀਆਂ ਨਿਗਾਹਾਂ ਹੁਣ ਚੋਣ ਨਤੀਜਿਆਂ ‘ਤੇ

Posted On 08 Feb 2017
12


ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444

ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇਪਰੇ ਚੜ੍ਹ ਗਈਆਂ ਹਨ ਅਤੇ ਇਸ ਦਾ ਨਤੀਜਾ 11 ਮਾਰਚ ਨੂੰ ਆਉਣਾ ਹੈ। ਨਤੀਜਾ ਐਲਾਨ ਹੋਣ ‘ਚ ਲੰਬੇ ਵਕਫੇ ਕਾਰਨ ਪ੍ਰਵਾਸੀ ਪੰਜਾਬੀਆਂ ਅੰਦਰ ਇਸ ਬਾਰੇ ਵਧੇਰੇ ਉਤਸੁਕਤਾ ਦਿਖਾਈ ਜਾ ਰਹੀ ਹੈ। ਇਹ ਪਹਿਲੀ ਵਾਰ ਹੈ ਕਿ ਪ੍ਰਵਾਸੀ ਪੰਜਾਬੀਆਂ ਨੇ ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਨਾ ਸਿਰਫ ਬੜੀ ਤੀਬਰਤਾ ਨਾਲ ਦਿਲਚਸਪੀ ਹੀ ਦਿਖਾਈ ਹੈ, ਸਗੋਂ ਕਾਫੀ ਵੱਡੀ ਗਿਣਤੀ ਵਿਚ ਪੰਜਾਬ ਪੁੱਜ ਕੇ ਚੋਣਾਂ ਵਿਚ ਸਿੱਧੇ ਤੌਰ ‘ਤੇ ਸਰਗਰਮ ਰਹੇ ਹਨ। ਇਸ ਤੋਂ ਇਲਾਵਾ ਵਿਦੇਸ਼ਾਂ ਵਿਚ ਬੈਠੇ ਹੋਏ ਵੀ ਉਹ ਸੋਸ਼ਲ ਮੀਡੀਆ ਅਤੇ ਹੋਰਨਾਂ ਤਰੀਕਿਆਂ ਨਾਲ ਚੋਣ ਸਰਗਰਮੀ ਵਿਚ ਭਰਵੀਂ ਹਾਜ਼ਰੀ ਲਵਾਉਂਦੇ ਰਹੇ ਹਨ। ਇਸ ਤਰ੍ਹਾਂ ਕਰਕੇ ਪ੍ਰਵਾਸੀ ਪੰਜਾਬੀਆਂ ਨੇ ਇਸ ਵਾਰ ਸਿੱਧੇ ਤੌਰ ‘ਤੇ ਪੰਜਾਬ ਦੀਆਂ ਚੋਣਾਂ ਵਿਚ ਦਿਲਚਸਪੀ ਤੇ ਸਰਗਰਮੀ ਦਿਖਾਈ ਹੈ। ਬਹੁਤ ਸਾਰੇ ਮੁਲਕਾਂ ਵਿਚੋਂ ਸੈਂਕੜਿਆਂ ਦੀ ਗਿਣਤੀ ਵਿਚ ਪ੍ਰਵਾਸੀ ਪੰਜਾਬੀ ਜਹਾਜ਼ ਭਰ ਕੇ ਪੰਜਾਬ ਪੁੱਜੇ ਸਨ। ਪ੍ਰਵਾਸੀ ਪੰਜਾਬੀਆਂ ਅੰਦਰ ਪੰਜਾਬ ਦੀਆਂ ਚੋਣਾਂ ਵਿਚ ਡੂੰਘੀ ਦਿਲਚਸਪੀ ਅਤੇ ਸਰਗਰਮੀ 2014 ਦੀਆਂ ਲੋਕ ਸਭਾ ਚੋਣਾਂ ਸਮੇਂ ਹੀ ਸਾਹਮਣੇ ਆਉਣ ਲੱਗ ਪਈ ਸੀ। ਇਸ ਸਰਗਰਮੀ ਦਾ ਮੁੱਖ ਕਾਰਨ ਪੰਜਾਬ ਅੰਦਰ ਬਦਲਾਅ ਦੀ ਰਾਜਨੀਤੀ ਦੇ ਉਭਰਨ ਨਾਲ ਜੁੜਿਆ ਹੋਇਆ ਹੈ। ਪ੍ਰਵਾਸੀ ਪੰਜਾਬੀਆਂ ਦਾ ਵੱਡਾ ਹਿੱਸਾ ਇਸ ਵੇਲੇ ਪੰਜਾਬ ਵਿਚ ਰਾਜਸੀ ਤਬਦੀਲੀ ਦੇ ਹੱਕ ਵਿਚ ਹੈ। ਬਹੁਤ ਸਾਰੇ ਪ੍ਰਵਾਸੀ ਪੰਜਾਬੀ ਪੰਜਾਬ ਵਿਚ ਵਿਕਾਸ, ਚੰਗੇ ਪ੍ਰਸ਼ਾਸਨ ਅਤੇ ਸਾਫ-ਸੁਥਰੀ ਰਾਜਨੀਤੀ ਦੇ ਹੱਕ ਵਿਚ ਹਨ। ਆਮ ਆਦਮੀ ਪਾਰਟੀ ਵੱਲੋਂ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ, ਸਵੱਛ ਰਾਜਨੀਤੀ ਅਤੇ ਵਿਕਾਸ ਦੇ ਦਿੱਤੇ ਨਾਅਰੇ ਨੇ ਪ੍ਰਵਾਸੀ ਪੰਜਾਬੀਆਂ ਨੂੰ ਵਧੇਰੇ ਪ੍ਰਭਾਵਿਤ ਕੀਤਾ ਹੈ। ਇਸ ਤੋਂ ਇਲਾਵਾ ਕੁਝ ਅਜਿਹੇ ਲੋਕ ਵੀ ਹਨ, ਜੋ ਗਰਮ ਸਿੱਖ ਸਿਆਸਤ ਤੋਂ ਪ੍ਰਭਾਵਿਤ ਹਨ ਅਤੇ ਰਿਵਾਇਤੀ ਅਕਾਲੀ ਦਲ ਨੂੰ ਪਿੜ ਵਿਚੋਂ ਕੱਢ ਕੇ ਆਪਣੀ ਸਿਆਸਤ ਨੂੰ ਅੱਗੇ ਵਧਾਉਣ ਲਈ ਆਮ ਆਦਮੀ ਪਾਰਟੀ ਦੀ ਹਮਾਇਤ ਵਿਚ ਨਿੱਤਰ ਆਏ ਹਨ। ਅਜਿਹੇ ਗਰਮ ਖਿਆਲੀ ਸੰਗਠਨਾਂ ਅੰਦਰ ਇਹ ਗੱਲ ਘਰ ਕਰ ਗਈ ਹੈ ਕਿ ਇਸ ਵੇਲੇ ਸਭ ਤੋਂ ਜ਼ਰੂਰੀ ਕੰਮ ਰਿਵਾਇਤੀ ਸਿਆਸੀ ਪਾਰਟੀਆਂ ਨੂੰ ਮੈਦਾਨ ਵਿਚੋਂ ਬਾਹਰ ਕੱਢਣਾ ਹੈ। ਉਸ ਤੋਂ ਬਾਅਦ ਹੀ ਉਹ ਆਪਣੇ ਦੂਸਰੇ ਮਨਸੂਬਿਆਂ ਨੂੰ ਅੱਗੇ ਵਧਾਉਣ ‘ਚ ਸਮਰੱਥ ਹੋ ਸਕਣਗੇ। ਅਜਿਹੀ ਭਾਵਨਾ ਤਹਿਤ ਉਹ ਆਮ ਆਦਮੀ ਪਾਰਟੀ ਦੀ ਹਰ ਤਰ੍ਹਾਂ ਨਾਲ ਮਦਦ ਕਰ ਰਹੇ ਹਨ। ਪੰਜਾਬ ਦੀਆਂ ਚੋਣਾਂ ਵਿਚ ਗਰਮ ਖਿਆਲੀ ਸਿਆਸਤ ਦਾ ਮੁੱਦਾ ਵੀ ਭੱਖਿਆ ਰਿਹਾ ਹੈ। ਰਿਵਾਇਤੀ ਅਕਾਲੀ ਅਤੇ ਕਾਂਗਰਸ ਆਗੂਆਂ ਵੱਲੋਂ ਆਮ ਆਦਮੀ ਪਾਰਟੀ ਉਪਰ ਇਹ ਦੋਸ਼ ਵੀ ਲਗਾਏ ਜਾਂਦੇ ਰਹੇ ਹਨ ਕਿ ਉਹ ਪੰਜਾਬ ਅੰਦਰ ਮਾਹੌਲ ਵਿਗਾੜਨ ਲਈ ਗਰਮ ਖਿਆਲੀ ਤੱਤਾਂ ਦਾ ਸਹਾਰਾ ਲੈ ਰਹੇ ਹਨ।
ਪੰਜਾਬ ਦੀਆਂ ਚੋਣਾਂ ਵਿਚ ਵੋਟਰਾਂ ਵੱਲੋਂ ਜਿਸ ਉਤਸ਼ਾਹ ਅਤੇ ਹੌਂਸਲੇ ਨਾਲ ਭਾਗ ਲਿਆ ਗਿਆ ਹੈ, ਉਸ ਤੋਂ ਇਹ ਸੰਕੇਤ ਸਪੱਸ਼ਟ ਰੂਪ ਵਿਚ ਮਿਲ ਰਹੇ ਹਨ ਕਿ ਪੰਜਾਬ ਦੇ ਲੋਕਾਂ ਵਿਚ ਤਬਦੀਲੀ ਦੀ ਸਿਆਸਤ ਦਾ ਰੌਂਅ ਕਾਫੀ ਮਜ਼ਬੂਤੀ ਨਾਲ ਚੱਲ ਰਿਹਾ ਹੈ। ਉਂਝ ਦੇਖਿਆ ਜਾਵੇ, ਤਾਂ ਇਹ ਰੌਂਅ ਵਧੇਰੇ ਕਰਕੇ ਮਾਲਵਾ ਖੇਤਰ ‘ਚ ਚੱਲਿਆ ਹੈ, ਜਿੱਥੇ ਬਹੁਤ ਸਾਰੇ ਖੇਤਰਾਂ ਵਿਚ 85 ਤੋਂ 87 ਫੀਸਦੀ ਤੱਕ ਵੋਟਾਂ ਭੁਗਤੀਆਂ ਹਨ, ਜਦਕਿ ਦੁਆਬਾ ਤੇ ਮਾਝਾ ਖੇਤਰ ਵਿਚ ਵੋਟ ਭੁਗਤਣ ਦੀ ਪ੍ਰਤੀਸ਼ਤਤਾ ਕਾਫੀ ਘੱਟ ਰਹੀ ਹੈ। ਜਿਵੇਂ ਸਰਹੱਦੀ ਜ਼ਿਲ੍ਹਾ ਅੰਮ੍ਰਿਤਸਰ ਵਿਚ ਕਈ ਖੇਤਰਾਂ ਵਿਚ ਵੋਟਾਂ ਮਸਾਂ 60-62 ਫੀਸਦੀ ਹੀ ਭੁਗਤੀਆਂ ਹਨ। ਇਸ ਗੱਲ ਤੋਂ ਇਹ ਅੰਦਾਜ਼ੇ ਲੱਗ ਰਹੇ ਹਨ ਕਿ ਆਮ ਆਦਮੀ ਪਾਰਟੀ ਮਾਲਵਾ ਖੇਤਰ ਵਿਚੋਂ ਵਧੇਰੇ ਉਭਰ ਕੇ ਸਾਹਮਣੇ ਆਵੇਗੀ, ਜਦਕਿ ਦੁਆਬਾ ਅਤੇ ਮਾਝਾ ਖੇਤਰ ਵਿਚ ਕਾਂਗਰਸ ਦਾ ਪਲੜਾ ਭਾਰੀ ਨਜ਼ਰ ਆ ਰਿਹਾ ਹੈ। ਪਰ ਚੋਣ ਪ੍ਰਕਿਰਿਆ ਵਿਚ ਸਾਹਮਣੇ ਆਏ ਸੰਕੇਤ ਇਸ ਗੱਲ ਦਾ ਪ੍ਰਗਟਾਵਾ ਜ਼ਰੂਰ ਕਰ ਰਹੇ ਹਨ ਕਿ ਹੁਕਮਰਾਨ ਭਾਜਪਾ-ਅਕਾਲੀ ਗਠਜੋੜ ਕਾਫੀ ਪਿੱਛੇ ਰਹਿ ਗਿਆ ਹੈ। ਅਸਲ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਕਿਸਾਨਾਂ ਸਿਰ ਚੜ੍ਹੇ ਕਰਜ਼ੇ ਕਾਰਨ ਖੁਦਕੁਸ਼ੀਆਂ ਦੇ ਰੁਝਾਨ ਵਿਚ ਵਾਧੇ ਅਤੇ ਅਕਾਲੀ ਆਗੂਆਂ ਦੀਆਂ ਵਧੀਕੀਆਂ ਨੇ ਵੋਟਰਾਂ ਨੂੰ ਸਭ ਤੋਂ ਵਧੇਰੇ ਨਾਰਾਜ਼ ਕੀਤਾ ਹੈ। ਇਸ ਦੇ ਨਾਲ ਹੀ ਨਸ਼ੀਲੇ ਪਦਾਰਥਾਂ ਦੇ ਵਪਾਰ ਅਤੇ ਵਰਤੋਂ ਵਿਚ ਹੋਇਆ ਵਾਧਾ ਵੀ ਪੰਜਾਬ ਦੇ ਲੋਕਾਂ ਨੂੰ ਗਠਜੋੜ ਖਿਲਾਫ ਕਰਨ ਵਿਚ ਅਹਿਮ ਭੂਮਿਕਾ ਨਿਭਾ ਗਿਆ ਹੈ। ਪੰਜਾਬ ਤੋਂ ਆ ਰਹੀਆਂ ਰਿਪੋਰਟਾਂ ਮੁਤਾਬਕ ਸ਼ਹਿਰਾਂ ਵਿਚ ਹੀ ਨਹੀਂ, ਸਗੋਂ ਪੇਂਡੂ ਖੇਤਰ ਵਿਚ ਵੀ ਅਕਾਲੀਆਂ ਨੂੰ ਚੋਣ ਮੁਹਿੰਮ ਚਲਾਉਣ ਵਿਚ ਭਾਰੀ ਦਿੱਕਤਾਂ ਆਈਆਂ। ਚੋਣ ਸਰਗਰਮੀ ਦੇ ਆਖਰੀ ਦਿਨ ਡੇਰਾ ਸਿਰਸਾ ਵੱਲੋਂ ਅਕਾਲੀ ਦਲ ਅਤੇ ਭਾਜਪਾ ਉਮੀਦਵਾਰਾਂ ਦੀ ਹਮਾਇਤ ਦਾ ਮਾਮਲਾ ਵੀ ਪੰਜਾਬ ਅੰਦਰ ਤਿੱਖੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਪ੍ਰਵਾਸੀ ਪੰਜਾਬੀ ਵੀ ਇਸ ਮਸਲੇ ਨੂੰ ਲੈ ਕੇ ਕਾਫੀ ਚਿੰਤਤ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ 2007 ਵਿਚ ਡੇਰਾ ਸਿਰਸਾ ਮੁਖੀ ਦੇ ਸਮਾਜਿਕ ਅਤੇ ਧਾਰਮਿਕ ਬਾਈਕਾਟ ਦਾ ਹੁਕਮਨਾਮਾ ਸੁਣਾਇਆ ਸੀ। ਪਹਿਲਾਂ ਤਾਂ ਇਸ ਹੁਕਮਨਾਮੇ ਦੀ ਉਲੰਘਣਾ ਕਰਕੇ ਅਕਾਲੀ ਦਲ ਦੇ ਬਹੁਤ ਸਾਰੇ ਪਾਰਟੀ ਉਮੀਦਵਾਰ ਡੇਰਾ ਮੁਖੀ ਅੱਗੇ ਜਾ ਕੇ ਵੋਟਾਂ ਮੰਗਦੇ ਰਹੇ ਅਤੇ ਫਿਰ ਅਖੀਰਲੇ ਦਿਨ ਡੇਰੇ ਵੱਲੋਂ ਅਕਾਲੀ ਦਲ ਦੇ ਹੱਕ ਵਿਚ ਕੀਤੀ ਗਈ ਅਪੀਲ ਅਤੇ ਅਕਾਲੀ ਆਗੂਆਂ ਵੱਲੋਂ ਪੰਜਾਬ ਅੰਦਰ ਡੇਰਾ ਮੁਖੀ ਦੀ ਸਤਿਸੰਗ ਕਰਾਉਣ ਦੇ ਦਿੱਤੇ ਭਰੋਸੇ ਕਾਰਨ ਸਿੱਖ ਸੰਗਠਨਾਂ ਅਤੇ ਆਮ ਸਿੱਖ ਸੰਗਤਾਂ ਵਿਚ ਭਾਰੀ ਰੋਸ ਪੈਦਾ ਹੋਇਆ ਹੈ। ਪ੍ਰਵਾਸੀ ਸਿੱਖ ਵੀ ਇਸ ਮਸਲੇ ਨੂੰ ਲੈ ਕੇ ਬੇਹੱਦ ਚਿਤੰਤ ਹਨ ਅਤੇ ਉਹ ਸਿੱਖ ਧਾਰਮਿਕ ਲੀਡਰਸ਼ਿਪ ਦੀ ਅਕਾਲੀ ਆਗੂਆਂ ਵੱਲੋਂ ਲਗਾਤਾਰ ਆਪਣੇ ਰਾਜਸੀ ਹਿੱਤਾਂ ਲਈ ਕੀਤੀ ਵਰਤੋਂ ਦੇ ਵੀ ਸਖ਼ਤ ਆਲੋਚਕ ਹਨ। ਆਮ ਪ੍ਰਵਾਸੀ ਸਿੱਖਾਂ ਵਿਚ ਇਹ ਭਾਵਨਾ ਪਾਈ ਜਾ ਰਹੀ ਹੈ ਕਿ ਅਕਾਲੀਆਂ ਨੇ ਆਪਣੇ ਸੌੜੇ ਸਿਆਸੇ ਹਿੱਤ ਪੂਰੇ ਕਰਨ ਲਈ ਸਿੱਖ ਧਰਮ ਦੇ ਉੱਚ ਅਤੇ ਸਤਿਕਾਰਤ ਅਹੁਦਿਆਂ ਨੂੰ ਵੀ ਨਹੀਂ ਬਖਸ਼ਿਆ।
ਪੰਜਾਬ ਅੰਦਰ ਹੀ ਨਹੀਂ, ਸਗੋਂ ਪ੍ਰਵਾਸੀ ਪੰਜਾਬੀਆਂ ਅੰਦਰ ਵੀ ਇਹ ਗੱਲ ਸਭ ਤੋਂ ਵਧੇਰੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਪੰਜਾਬ ਅੰਦਰ ਸਰਕਾਰ ਕਿਸ ਪਾਰਟੀ ਦੀ ਬਣੇਗੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੀਆਂ ਚੋਣਾਂ ਦੌਰਾਨ ਸਭ ਤੋਂ ਵਧੇਰੇ ਸਰਗਰਮ ਤੇ ਉਭਰਵੇਂ ਰੂਪ ‘ਚ ਆਮ ਆਦਮੀ ਪਾਰਟੀ ਹੀ ਸਾਹਮਣੇ ਆਉਂਦੀ ਰਹੀ ਹੈ। ਪਰ ਪੰਜਾਬ ਦੇ ਵੱਖ-ਵੱਖ ਖਿੱਤਿਆਂ ਵਿਚ ਵੋਟ ਪੈਣ ਦੇ ਪੈਟਰਨ ਵਿਚ ਵੱਡੇ ਫਰਕ ਨੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਹਨ। ਆਮ ਕਰਕੇ ਇਹ ਮੰਨਿਆ ਜਾਂਦਾ ਹੈ ਕਿ ਵਧੇਰੇ ਵੋਟਾਂ ਭੁਗਤਣ ਦਾ ਅਰਥ ਤਬਦੀਲੀ ਦੇ ਹੱਕ ਵਿਚ ਫਤਵਾ ਹੁੰਦਾ ਹੈ। ਇਸ ਕਰਕੇ ਮਾਲਵਾ ਖੇਤਰ ਦੇ ਕੁੱਲ 59 ਵਿਚੋਂ ਕਰੀਬ 40 ਹਲਕੇ ਅਜਿਹੇ ਹਨ, ਜਿੱਥੇ 80 ਫੀਸਦੀ ਤੋਂ ਵਧੇਰੇ ਵੋਟ ਭੁਗਤੇ ਹਨ। ਇਨ੍ਹਾਂ ਹਲਕਿਆਂ ਵਿਚ ਤਬਦੀਲੀ ਦੀ ਲਹਿਰ ਚੱਲਣ ਬਾਰੇ ਗੱਲ ਸਮਝ ਆਉਂਦੀ ਹੈ। ਪਰ ਮਾਲਵੇ ਦੇ ਹੀ ਬਾਕੀ 29 ਹਲਕਿਆਂ ਵਿਚ ਵੋਟਾਂ 75 ਫੀਸਦੀ ਦੇ ਆਸ-ਪਾਸ ਰਹੀਆਂ ਹਨ। ਜਦਕਿ ਦੁਆਬਾ ਖੇਤਰ ਵਿਚ ਵੀ ਲਗਭਗ ਇਸ ਦੇ ਲਾਗੇ ਹੀ ਵੋਟਾਂ ਭੁਗਤੀਆਂ ਹਨ। ਪਰ ਅੰਮ੍ਰਿਤਸਰ ਵਿਚ ਬਹੁਤ ਸਾਰੇ ਖੇਤਰਾਂ ਵਿਚ 65 ਫੀਸਦੀ ਤੋਂ ਘੱਟ ਵੋਟ ਪਏ ਹਨ। ਇਸ ਤਰ੍ਹਾਂ ਦੇਖਿਆਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਵੋਟਾਂ ਭੁਗਤਣ ਵਿਚ ਵੱਖ-ਵੱਖ ਖੇਤਰਾਂ ਵਿਚ 15 ਤੋਂ 20 ਫੀਸਦੀ ਤੱਕ ਦਾ ਫਰਕ ਰਿਹਾ ਹੈ। ਚੋਣ ਨਤੀਜਿਆਂ ਦਾ ਵਿਸ਼ੇਲਸ਼ਣ ਕਰਨ ਵਾਲੇ ਲੋਕ ਇਸੇ ਗੱਲ ਦੇ ਆਧਾਰ ‘ਤੇ ਅਜਿਹੇ ਦਾਅਵੇ ਕਰਦੇ ਹਨ ਕਿ ਦੁਆਬਾ ਤੇ ਮਾਝਾ ਖੇਤਰ ਦੇ ਜ਼ੋਰ ‘ਤੇ ਕਾਂਗਰਸ ਆਪਣੀ ਸਰਕਾਰ ਵੀ ਬਣਾ ਸਕਦੀ ਹੈ। ਪਰ ਦੂਜੇ ਪਾਸੇ ਮਾਲਵੇ ਵਿਚ ਚੱਲੀ ਹਨੇਰੀ ਨੂੰ ਆਧਾਰ ਬਣਾ ਕੇ ਆਮ ਆਦਮੀ ਪਾਰਟੀ ਹਮਾਇਤੀ ਦਾਅਵੇ ਕਰ ਰਹੇ ਹਨ ਕਿ ਸਰਕਾਰ ਉਨ੍ਹਾਂ ਦੀ ਹੀ ਬਣੇਗੀ। ਪੰਜਾਬ ਤੋਂ ਪ੍ਰਾਪਤ ਰਿਪੋਰਟਾਂ ਮੁਤਾਬਕ ਵੱਖ-ਵੱਖ ਖੇਤਰਾਂ ਵਿਚ ਵੋਟਰਾਂ ਦਾ ਪਾਰਟੀਆਂ ਪ੍ਰਤੀ ਪ੍ਰਤੀਕਰਮ ਵੱਖੋ-ਵੱਖਰਾ ਹੀ ਰਿਹਾ ਹੈ। ਦੁਆਬਾ ਖੇਤਰ ਪਿਛਲੀ ਵਾਰ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਬਣਾਉਣ ਵਿਚ ਅਹਿਮ ਰੋਲ ਨਿਭਾਉਣ ਵਾਲਾ ਸੀ। ਪਰ ਇਸ ਵਾਰ ਇਥੋਂ ਦੀਆਂ 23 ਸੀਟਾਂ ਵਿਚੋਂ ਵਧੇਰੇ ਸੀਟਾਂ ਕਾਂਗਰਸ ਵੱਲ ਝੁਕਾਅ ਵਾਲੀਆਂ ਮੰਨੀਆਂ ਜਾਂਦੀਆਂ ਹਨ। ਇਸੇ ਤਰ੍ਹਾਂ ਮਾਝਾ ਖੇਤਰ ਵਿਚ ਵੀ ਕਾਂਗਰਸ ਦਾ ਹੀ ਹੱਥ ਉੱਤੇ ਰਹਿਣ ਦੀ ਉਮੀਦ ਜਤਾਈ ਜਾ ਰਹੀ ਹੈ। ਅਜਿਹੀਆਂ ਚਰਚਾਵਾਂ ਵਿਚ ਇਕ ਤੀਜੀ ਗੱਲ ਇਹ ਵੀ ਉਭਰ ਰਹੀ ਹੈ ਕਿ ਜਿਸ ਤਰ੍ਹਾਂ ਵੱਖ-ਵੱਖ ਖੇਤਰਾਂ ਵਿਚ ਵੱਖੋ-ਵੱਖਰਾ ਰੁਝਾਨ ਸਾਹਮਣੇ ਆਇਆ ਹੈ, ਉਸ ਤੋਂ ਪੰਜਾਬ ਅੰਦਰ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਪ੍ਰਾਪਤ ਨਾ ਹੋਣ ਦੀ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਪ੍ਰਵਾਸੀ ਪੰਜਾਬੀਆਂ ਨੇ ਜਿਸ ਤਰ੍ਹਾਂ ਜੀਅ-ਜਾਨ ਲਾ ਕੇ ਇਨ੍ਹਾਂ ਚੋਣਾਂ ਵਿਚ ਸਰਗਰਮੀ ਦਿਖਾਈ ਹੈ, ਜੇਕਰ ਉਸ ਦੇ ਆਸ ਮੁਤਾਬਕ ਨਤੀਜੇ ਨਹੀਂ ਨਿਕਲਦੇ, ਤਾਂ ਇਹ ਪੰਜਾਬ ਅਤੇ ਪ੍ਰਵਾਸੀ ਪੰਜਾਬੀਆਂ ਲਈ ਬੇਹੱਦ ਚਿੰਤਾ ਦਾ ਵਿਸ਼ਾ ਤਾਂ ਹੋਵੇਗਾ ਹੀ, ਨਾਲ ਹੀ ਪੰਜਾਬ ਅਤੇ ਪ੍ਰਵਾਸੀ ਪੰਜਾਬੀਆਂ ਦਰਮਿਆਨ ਸੰਬੰਧਾਂ ਨੂੰ ਨਵੇਂ ਸਿਰਿਓਂ ਉਦੇੜਣ/ਬੁਣਨ ਦਾ ਮੁੱਢ ਵੀ ਬੰਨ੍ਹੇਗਾ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.