ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਗੁਰੂ ਘਰਾਂ ਦੀਆਂ ਆਪਸੀ ਲੜਾਈਆਂ ਨਾਲ ਅਮਰੀਕੀ ਲੋਕਾਂ ‘ਚ ਜਾਂਦਾ ਹੈ ਗਲਤ ਪ੍ਰਭਾਵ
ਗੁਰੂ ਘਰਾਂ ਦੀਆਂ ਆਪਸੀ ਲੜਾਈਆਂ ਨਾਲ ਅਮਰੀਕੀ ਲੋਕਾਂ ‘ਚ ਜਾਂਦਾ ਹੈ ਗਲਤ ਪ੍ਰਭਾਵ
Page Visitors: 2523

ਗੁਰੂ ਘਰਾਂ ਦੀਆਂ ਆਪਸੀ ਲੜਾਈਆਂ ਨਾਲ ਅਮਰੀਕੀ ਲੋਕਾਂ ‘ਚ ਜਾਂਦਾ ਹੈ ਗਲਤ ਪ੍ਰਭਾਵ

Posted On 19 Apr 2017
13

ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਪਿਛਲੇ ਦਿਨੀਂ ਨਿਊਯਾਰਕ ਦੇ ਇਕ ਵੱਡੇ ਗੁਰਦੁਆਰੇ ਵਿਚ ਵਿਸਾਖੀ ਦੇ ਇਤਿਹਾਸਕ ਮੌਕੇ ਦੋ ਧੜਿਆਂ ਦਰਮਿਆਨ ਗਹਿਗੱਚ ਲੜਾਈ ਹੋਈ। ਖਾਲਸੇ ਦੇ ਜਨਮ ਦਿਹਾੜੇ ਵਿਸਾਖੀ ਮੌਕੇ ਚੌਧਰਾਂ ਨੂੰ ਲੈ ਕੇ ਹੋਈ ਇਸ ਲੜਾਈ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਸਿੱਖ ਆਗੂਆਂ ਦੀਆਂ ਪੱਗਾਂ ਵੀ ਲੱਥ ਗਈਆਂ ਅਤੇ ਰੌਲੇ-ਰੱਪੇ ਵਿਚ ਗਾਲੀ-ਗਲੋਚ ਵੀ ਹੁੰਦਾ ਦੇਖਿਆ ਗਿਆ। ਅਜਿਹੀਆਂ ਘਟਨਾਵਾਂ ਨਾਲ ਅਮਰੀਕੀ ਲੋਕਾਂ ਵਿਚ ਸਿੱਖਾਂ ਪ੍ਰਤੀ ਗਲਤ ਪ੍ਰਭਾਵ ਜਾਂਦਾ ਹੈ।
ਅਮਰੀਕਾ ਦੇ ਬਹੁਤੇ ਗੁਰੂ ਘਰ ਆਪਸੀ ਗੁੱਟਬੰਦੀ ਦਾ ਸ਼ਿਕਾਰ ਹੋਏ ਪਏ ਹਨ। ਅਖੌਤੀ ਆਗੂ ਆਪਣੀ ਚੌਧਰਾਂ ਖਾਤਰ ਸਿੱਖ ਗੁਰੂਆਂ ਵੱਲੋਂ ਦਿੱਤੇ ਗਏ ਸੰਦੇਸ਼ਾਂ ਨੂੰ ਭੁੱਲ ਕੇ ਆਪਣੀਆਂ ਦੁਕਾਨਦਾਰੀਆਂ ਚਲਾ ਰਹੇ ਹਨ। ਇਕ ਅੰਦਾਜ਼ੇ ਮੁਤਾਬਕ ਅਮਰੀਕਾ ਦੇ ਅੱਧੇ ਨਾਲੋਂ ਵੱਧ ਗੁਰੂ ਘਰਾਂ ਦੇ ਪ੍ਰਬੰਧਾਂ ਨੂੰ ਲੈ ਕੇ ਅਦਾਲਤਾਂ ਵਿਚ ਕੇਸ ਚੱਲ ਰਹੇ ਹਨ, ਜੋ ਕਿ ਬਹੁਤ ਮੰਦਭਾਗਾ ਹੈ। ਗੁਰੂ ਘਰਾਂ ਦੇ ਕੁੱਝ ਪ੍ਰਬੰਧਕ ਆਪਣੇ ਆਪ ਨੂੰ ਗੁਰੂ ਘਰਾਂ ਦੇ ਮਾਲਕ ਸਮਝਣ ਲੱਗ ਪੈਂਦੇ ਹਨ, ਜਦਕਿ ਇਹ ਸੰਗਤ ਦੇ ਸਹਿਯੋਗ ਤੋਂ ਬਗੈਰ ਅਧੂਰਾ ਹੈ।
ਅਮਰੀਕਾ ਵਿਚ ਵਸਦੇ ਸਿੱਖ ਘਰਾਂ ਵਿਚ ਇਹ ਬੜਾ ਵੱਡਾ ਸੰਕਟ ਹੈ ਕਿ ਸਾਡੀ ਨਵੀਂ ਪਨੀਰੀ ਗੁਰੂ ਘਰਾਂ ਵਿਚ ਜਾਣ ਤੋਂ ਕੰਨੀਂ ਕਤਰਾਉਂਦੀ ਹੈ। ਪਰ ਜਦ ਅਜਿਹੀਆਂ ਘਟਨਾਵਾਂ ਹੁੰਦੀਆਂ ਹਨ, ਤਾਂ ਨਵੀਂ ਪੀੜ੍ਹੀ ਉਲਟਾ ਸਾਨੂੰ ਸਵਾਲ ਕਰਨ ਲੱਗ ਜਾਂਦੀ ਹੈ ਕਿ ਅਸੀਂ ਗੁਰੂ ਘਰਾਂ ਵਿਚ ਕੀ ਦੇਖਣ ਜਾਣਾ ਹੈ। ਕੀ ਅਜਿਹੇ ਲੜਾਈ-ਝਗੜੇ ਦੇਖਣ ਜਾਣਾ ਹੈ। ਇਹ ਗੱਲਾਂ ਸੁਣ ਕੇ ਹਰ ਸੂਝਵਾਨ ਸਿੱਖ ਸੋਚਣ ਲਈ ਮਜਬੂਰ ਹੋ ਜਾਂਦਾ ਹੈ। ਸਿੱਖ ਗੁਰੂ ਘਰਾਂ ਦੇ ਪ੍ਰਬੰਧਕਾਂ ਨੇ ਤਾਂ ਸਾਡੀ ਪੀੜ੍ਹੀ ਨੂੰ ਗੁਰੂ ਘਰਾਂ ਵੱਲ ਆਕਰਸ਼ਿਤ ਕਰਨ ਲਈ ਰੋਲ ਮਾਡਲ ਬਣਨ ਦਾ ਕੰਮ ਕਰਨਾ ਸੀ, ਸਗੋਂ ਇਹ ਉਲਟਾ ਸਾਡੇ ਬੱਚਿਆਂ ਨੂੰ ਦੂਰ ਭਜਾਉਣ ਦਾ ਸਾਧਨ ਬਣ ਰਹੇ ਹਨ।
ਸਮੁੱਚੀ ਦੁਨੀਆਂ ਅੱਜ ਲੜਾਈਆਂ, ਝਗੜਿਆਂ ਅਤੇ ਆਪਸੀ ਕਲੇਸ਼ ਵਿਚ ਉਲਝੀ ਹੋਈ ਹੈ। ਇਸ ਮਾਨਸਿਕ ਸੰਤਾਪ ਤੋਂ ਖਹਿੜਾ ਛੁਡਾਉਣ ਲਈ ਸਿੱਖ ਗੁਰੂਆਂ ਦੇ ਉਪਦੇਸ਼ ਬੇਹੱਦ ਭਾਵ-ਪੂਰਤ ਹਨ। ਪਰ ਜਦ ਅਸੀਂ ਵੇਖਦੇ ਹਾਂ ਕਿ ਅਜਿਹੇ ਮਹਾਨਤਾ ਵਾਲੇ ਧਾਰਮਿਕ ਕੇਂਦਰਾਂ ਵਿਚ ਗੁਰੂ ਘਰਾਂ ਦੇ ਪ੍ਰਬੰਧਕ ਇਕ ਦੂਜੇ ਨਾਲ ਲੜਦੇ-ਝਗੜਦੇ ਹਨ, ਤਾਂ ਇਸ ਨਾਲ ਸਮੂਹ ਲੋਕਾਂ ਵਿਚ ਹੀ ਨਹੀਂ, ਸਗੋਂ ਸਿੱਖਾਂ ਅੰਦਰ ਵੀ ਵੱਡੇ ਪੱਧਰ ਉੱਤੇ ਸਵਾਲ ਉੱਠਦੇ ਹਨ ਅਤੇ ਲੋਕਾਂ ਵਿਚ ਨਿਰਾਸ਼ਾ ਪੈਦਾ ਹੁੰਦੀ ਹੈ। ਵਿਸਾਖੀ ਦਾ ਤਿਉਹਾਰ ਖਾਲਸੇ ਦੇ ਜਨਮ ਦਿਹਾੜੇ ਨਾਲ ਸੰਬੰਧਤ ਹੈ।
ਜੇਕਰ ਸਿੱਖ ਆਪਣੇ ਜਨਮ ਦਿਹਾੜੇ ਨੂੰ ਵੀ ਸ਼ਾਂਤੀ ਅਤੇ ਉਤਸ਼ਾਹ ਨਾਲ ਨਹੀਂ ਮਨਾ ਸਕਦੇ, ਤਾਂ ਇਸ ਤੋਂ ਵੱਧ ਅਫਸੋਸਨਾਕ ਗੱਲ ਹੋਰ ਕੀ ਹੋ ਸਕਦੀ ਹੈ। ਸਾਡੇ ਲੋਕਾਂ ਅੰਦਰ ਧੜੇਬੰਦੀ ਆਪਸੀ ਸ਼ੌਹਰਤ ਅਤੇ ਈਰਖਾ ਇਸ ਹੱਦ ਤੱਕ ਵੱਧ ਗਈ ਹੈ ਕਿ ਅਮਰੀਕਾ ਅੰਦਰਲੇ ਬਹੁਤੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਵਿਚ ਇਸ ਤਰ੍ਹਾਂ ਦੇ ਲੜਾਈ ਝਗੜੇ ਆਮ ਹੁੰਦੇ ਰਹਿੰਦੇ ਹਨ ਅਤੇ ਬਹੁਤ ਸਾਰੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਦਾ ਇਹ ਝਗੜਾ ਅਦਾਲਤਾਂ ਵਿਚ ਵੀ ਪੁੱਜਿਆ ਹੋਇਆ ਹੈ। ਸਿੱਖ ਸੰਗਤ ਵੱਲੋਂ ਸੇਵਾ ਲਈ ਗੁਰੂ ਘਰਾਂ ਵਿਚ ਚੜ੍ਹਾਇਆ ਜਾਂਦਾ ਚੜ੍ਹਾਵਾ ਸੇਵਾ ਦੀ ਥਾਂ ਉੱਤੇ ਅਦਾਲਤੀ ਖਰਚਿਆਂ ਉਪਰ ਖਰਚਿਆ ਜਾਂਦਾ ਹੈ।
ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਸਾਡੇ ਸਮਾਜ ਦਾ ਸ਼ੀਸ਼ਾ ਬਣਨੀਆਂ ਚਾਹੀਦੀਆਂ ਹਨ। ਜੇਕਰ ਸਾਡੇ ਧਾਰਮਿਕ ਆਗੂ ਆਪਣੇ ਯੋਗਦਾਨ ਨੂੰ ਪਛਾਨਣ ਲੱਗ ਜਾਣ, ਤਾਂ ਹੀ ਉਹ ਸਿੱਖਾਂ ਅੰਦਰ ਰੋਲ ਮਾਡਲ ਬਣ ਸਕਦੇ ਹਨ। ਸਾਡੀ ਸਿੱਖ ਨੌਜਵਾਨ ਪੀੜ੍ਹੀ ਪਹਿਲਾਂ ਹੀ ਸਾਡੇ ਧਰਮ ਤੋਂ ਦੂਰ ਹੁੰਦੀ ਜਾ ਰਹੀ ਹੈ। ਜਦ ਉਹ ਗੁਰੂ ਘਰਾਂ ਵਿਚ ਲੋਕਾਂ ਨੂੰ ਲੜਦੇ-ਝਗੜਦੇ ਵੇਖਦੇ ਹਨ ਅਤੇ ਅਜਿਹੇ ਮਸਲਿਆਂ ਲਈ ਅਦਾਲਤਾਂ ਵਿਚ ਮੁਕੱਦਮੇ ਚਲਦੇ ਵੇਖਦੇ ਹਨ, ਤਾਂ ਉਨ੍ਹਾਂ ਦਾ ਮਨ ਇਸ ਪਾਸਿਓਂ ਖੱਟਾ ਹੋ ਜਾਂਦਾ ਹੈ। ਜੇਕਰ ਸਾਡੇ ਪ੍ਰਬੰਧਕ ਸਿਮਰਨ, ਸੇਵਾ ਅਤੇ ਮਾਨਵਤਾ ਦੇ ਪੁੰਜ ਬਣ ਕੇ ਮਿਸਾਲਾਂ ਪੇਸ਼ ਕਰਨ, ਤਾਂ ਨੌਜਵਾਨ ਪੀੜ੍ਹੀ ਉਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਸਿੱਖੀ ਵਾਲੇ ਪਾਸੇ ਖਿੱਚੀ ਵੀ ਜਾ ਸਕਦੀ ਹੈ। ਪਰ ਇਸ ਵੇਲੇ ਸਿੱਖ ਗੁਰੂ ਘਰਾਂ ਦੇ ਪ੍ਰਬੰਧਕ ਆਪਣਾ ਅਜਿਹਾ ਰੋਲ ਅਦਾ ਕਰਨ ਜਾਂ ਫਿਰ ਰੋਲ ਮਾਡਲ ਬਣਨ ਵਿਚ ਵੱਡੀ ਪੱਧਰ ਉੱਤੇ ਨਾਕਾਮ ਰਹਿ ਰਹੇ ਹਨ।
ਅਮਰੀਕਾ ਵਿਚ 9/11 ਦੇ ਅਲਕਾਇਦਾ ਦੇ ਇਸਲਾਮਿਕ ਅੱਤਵਾਦੀ ਹਮਲੇ ਤੋਂ ਬਾਅਦ ਸਿੱਖਾਂ ਦੀ ਪਛਾਣ ਬਾਰੇ ਗਲਤਫਹਿਮੀ ਦਾ ਵੱਡਾ ਸੰਕਟ ਪੈਦਾ ਹੋਇਆ ਸੀ। ਅਮਰੀਕੀ ਲੋਕਾਂ ਅੰਦਰ ਸਿੱਖਾਂ ਬਾਰੇ ਵੀ ਇਹ ਪ੍ਰਭਾਵ ਗਿਆ ਸੀ ਕਿ ਉਹ ਵੀ ਇਸਲਾਮਿਕ ਅੱਤਵਾਦੀ ਹੀ ਹਨ। ਉਸ ਸਮੇਂ ਅਲਕਾਇਦਾ ਦੇ ਓਸਾਮਾ ਬਿਨ ਲਾਦੇਨ ਅਤੇ ਹੋਰ ਆਗੂਆਂ ਦੇ ਜੋ ਚਿੱਤਰ ਜਾਰੀ ਕੀਤੇ ਗਏ ਸਨ, ਉਹ ਬਹੁਤਾ ਕਰਕੇ ਦਾੜ੍ਹੀ ਰੱਖੇ ਹੋਏ ਅਤੇ ਸਿਰ ਉੱਤੇ ਪੱਗੜੀ ਵਾਲੇ ਸਨ। ਇਸ ਕਰਕੇ ਵੱਡੀ ਪੱਧਰ ਉੱਤੇ ਅਮਰੀਕੀ ਲੋਕਾਂ ਵਿਚ ਇਹੀ ਭਰਮ ਪੈਦਾ ਹੋਇਆ ਕਿ ਸਿੱਖ ਅਤੇ ਅਲਕਾਇਦਾ ਦੇ ਇਸਲਾਮਿਕ ਅੱਤਵਾਦੀਆਂ ਵਿਚਕਾਰ ਕੋਈ ਵਖਰੇਵਾਂ ਨਹੀਂ ਹੈ। ਇਸੇ ਕਾਰਨ ਬਹੁਤ ਸਾਰੇ ਸਿੱਖਾਂ ਉਪਰ ਜਿਸਮਾਨੀ ਹਮਲੇ ਹੋਏ। ਕਈ ਸਿੱਖ ਮੌਤ ਦੇ ਘਾਟ ਉਤਾਰ ਦਿੱਤੇ ਗਏ। ਕਿੰਨੇ ਹੀ ਸਿੱਖਾਂ ਨੂੰ ਸੜਕਾਂ ਉਪਰ ਜਲੀਲ ਕੀਤਾ ਗਿਆ ਅਤੇ ‘ਦੇਸ਼ ਛੱਡ ਜਾਓ’ ਦੇ ਤਾਹਨੇ-ਮਿਹਨੇ ਸੁਣਨੇ ਪਏ।
ਪੂਰੇ ਅਮਰੀਕਾ ਵਿਚ ਸਿੱਖਾਂ ਦੀ ਪਛਾਣ ਬਾਰੇ ਪੈਦਾ ਹੋਈ ਇਸ ਗਲਤਫਹਿਮੀ ਨੂੰ ਦੂਰ ਕਰਨ ਦਾ ਯਤਨ ਆਰੰਭ ਹੋਇਆ। ਵੱਡੇ ਪੱਧਰ ਉੱਤੇ ਨਗਰ ਕੀਰਤਨ ਕੱਢੇ ਜਾਣ ਲੱਗੇ, ਕੈਲੀਫੋਰਨੀਆ ਦੀ ਸਟੇਟ ਅਸੈਂਬਲੀ ਨੇ ਸਿੱਖਾਂ ਦੀ ਪ੍ਰਸ਼ੰਸਾ ਬਾਰੇ ਦਿਵਸ ਮਨਾਉਣੇ ਸ਼ੁਰੂ ਕੀਤੇ ਅਤੇ ਬਹੁਤ ਸਾਰੇ ਥਾਵਾਂ ਉੱਤੇ ਵਿਸਾਖੀ ਡੇਅ ਮਨਾਇਆ ਜਾਣ ਲੱਗਾ। ਇਨ੍ਹਾਂ ਸਾਰੇ ਯਤਨਾਂ ਦਾ ਅਸਰ ਵੀ ਦਿਖਾਈ ਦੇਣ ਲੱਗਿਆ। ਪਰ ਸਾਡੇ ਆਪਣੇ ਹੀ ਗੁਰੂ ਘਰਾਂ ਵਿਚ ਜਦ ਆਪਸੀ ਲੜਾਈ-ਝਗੜੇ ਹੁੰਦੇ ਹਨ ਅਤੇ ਲੋਕ ਸਾਡੇ ਆਗੂਆਂ ਨੂੰ ਜੁੱਤੋ-ਜੁੱਤੀ ਹੁੰਦੇ ਹੋਏ ਵੇਖਦੇ ਹਨ ਅਤੇ ਸਿੱਖਾਂ ਦੀਆਂ ਧਾਰਮਿਕ ਅਸਥਾਨਾਂ ਵਿਚ ਵੀ ਪੱਗਾਂ ਲਹਿੰਦੀਆਂ ਦਿਖਾਈ ਦਿੰਦੀਆਂ ਹਨ, ਤਾਂ ਸਿੱਖਾਂ ਦੀ ਪਛਾਣ ਬਾਰੇ ਸਾਡੇ ਵੱਲੋਂ ਆਰੰਭੀ ਮੁਹਿੰਮ ਨੂੰ ਡੂੰਘੀ ਸੱਟ ਵੱਜਦੀ ਹੈ। ਜਦ ਅਜਿਹਾ ਹੁੰਦਾ ਹੈ, ਤਾਂ ਬਾਕੀ ਲੋਕਾਂ ਅੰਦਰ ਤਾਂ ਸਾਡੇ ਸਮਾਜ ਬਾਰੇ ਸਦਭਾਵਨਾ ਪੈਦਾ ਹੋਣੀ ਦੂਰ, ਉਲਟਾ ਸਗੋਂ ਸਿੱਖ ਸਮਾਜ ਅੰਦਰ ਵੀ ਬੇਹੱਦ ਮਾੜਾ ਪ੍ਰਭਾਵ ਪੈਦਾ ਹੁੰਦਾ ਹੈ। ਸਿੱਖਾਂ ਦੀ ਨੌਜਵਾਨ ਪੀੜ੍ਹੀ ਵੀ ਇਸ ਸਾਰੇ ਕੁੱਝ ਨਾਲ ਬੇਹੱਦ ਬਦਜਨ ਹੁੰਦੀ ਹੈ।
ਸਿੱਖ ਧਰਮ ਵਿਚ ਗੁਰਦੁਆਰਾ ਸਾਹਿਬ ਦੀ ਵੱਡੀ ਅਹਿਮੀਅਤ ਹੈ। ਗੁਰਦੁਆਰੇ ਨਾਮ ਸਿਮਰਨ, ਸੇਵਾ ਅਤੇ ਸਮਾਜ ਭਲਾਈ ਦੇ ਅਹਿਮ ਕੇਂਦਰ ਹਨ। ਬਾਹਰਲੇ ਮੁਲਕਾਂ ਵਿਚ ਤਾਂ ਗੁਰਦੁਆਰੇ ਸਿੱਖਾਂ ਦੇ ਧਾਰਮਿਕ ਦੇ ਨਾਲ-ਨਾਲ ਸਮਾਜਿਕ ਤੇ ਰਾਜਨੀਤਿਕ ਸਰਗਰਮੀਆਂ ਦਾ ਵੀ ਵੱਡਾ ਕੇਂਦਰ ਹਨ। ਅਮਰੀਕਾ ਦੇ ਹਰ ਗੁਰਦੁਆਰੇ ਵਿਚ ਗੁਰਪੁਰਬਾਂ ਅਤੇ ਹੋਰ ਸਿੱਖ ਤਿਉਹਾਰਾਂ ਵਾਂਗ ਐਤਵਾਰ ਨੂੰ ਵੱਡੀ ਗਿਣਤੀ ਵਿਚ ਸੰਗਤ ਜੁੜਦੀ ਹੈ। ਗੁਰਬਾਣੀ ਸਰਵਣ ਕਰਨ ਦੇ ਨਾਲ-ਨਾਲ ਲੋਕਾਂ ਦੇ ਆਪਸੀ ਮੇਲ-ਜੋਲ ਦਾ ਵੀ ਇਹ ਬੜਾ ਵੱਡਾ ਜ਼ਰੀਆ ਹੈ। ਸਿੱਖ ਗੁਰੂਆਂ ਨੇ ਸਮੁੱਚੀ ਮਾਨਵਤਾ ਨੂੰ ਇਕ ਪ੍ਰਮਾਤਮਾ ਦੀ ਦੇਣ ਦੱਸਦਿਆਂ ‘ਮਾਨਸ ਕੀ ਜਾਤਿ, ਸਬੈ ਏਕੈ ਪਹਿਚਾਨਬੋ” ਦਾ ਉਪਦੇਸ਼ ਦਿੱਤਾ। ਇਸ ਉਪਦੇਸ਼ ਦੀ ਅੱਜ ਵੀ ਓਨੀ ਮਹੱਤਤਾ ਹੈ, ਜਿੰਨੀ ਪਹਿਲਾਂ ਸੀ।
ਸਿੱਖ ਧਰਮ ਸਰਬ ਵਿਆਪਤਾ ਵਾਲਾ ਧਰਮ ਹੈ। ਸਿੱਖ ਧਰਮ ਦੇ ਉਪਦੇਸ਼ ਕਿਸੇ ਹੋਰ ਧਰਮ ਪ੍ਰਤੀ ਨਾਂਹ-ਪੱਖੀ ਵਤੀਰਾ ਨਾ ਅਪਣਾਉਂਦੇ ਹਨ ਅਤੇ ਨਾ ਹੀ ਨਫਰਤ ਦਾ ਪੈਗਾਮ ਦਿੰਦੇ ਹਨ, ਸਗੋਂ ਉਲਟਾ ਸਿੱਖ ਧਰਮ ਦਾ ਉਪਦੇਸ਼ ਸਮੁੱਚੀ ਮਾਨਵਤਾ ਦੀ ਭਲਾਈ ਅਤੇ ਸੇਵਾ ਦਾ ਹੈ। ਅੱਜ ਜੇਕਰ ਸਿੱਖ ਆਪਣੇ ਧਾਰਮਿਕ ਉਪਦੇਸ਼ਾਂ ਮੁਤਾਬਕ ਸਮੁੱਚੀ ਦੁਨੀਆਂ ਵਿਚ ਅਮਨ-ਸ਼ਾਂਤੀ, ਵਿਕਾਸ ਅਤੇ ਭਵਿੱਖ ਲਈ ਸੁਨੇਹਾ ਬਣ ਕੇ ਅੱਗੇ ਵਧਣ, ਤਾਂ ਅਸੀਂ ਪੂਰੀ ਦੁਨੀਆਂ ਲਈ ਚਾਨਣ ਮੁਨਾਰਾ ਬਣ ਸਕਦੇ ਹਾਂ ਅਤੇ ਸਾਡੇ ਗੁਰੂ ਘਰ ਅਜਿਹੇ ਚਾਨਣ ਮੁਨਾਰੇ ਦੇ ਕੇਂਦਰ ਵਜੋਂ ਉਭਰ ਸਕਦੇ ਹਨ।
ਸੋ ਡੁੱਲ੍ਹੇ ਬੇਰਾਂ ਦਾ ਅਜੇ ਵੀ ਕੁਝ ਨਹੀਂ ਵਿਗੜਿਆ। ਸਾਡੇ ਧਾਰਮਿਕ ਨੇਤਾਵਾਂ ਨੂੰ ਚਾਹੀਦਾ ਹੈ ਕਿ ਉਹ ਸਸਤੀ ਸ਼ੌਹਰਤ, ਫੌਕੀ ਚੌਧਰ ਹਾਸਲ ਕਰਨ ਲਈ ਈਰਖਾ ਅਤੇ ਝਗੜਿਆਂ ਵਿਚ ਪੈ ਕੇ ਸਿੱਖ ਕੌਮ ਦਾ ਨਾਂ ਬਦਨਾਮ ਕਰਨ ਤੋਂ ਗੁਰੇਜ ਕਰਨ। ਇਸ ਦੀ ਬਜਾਏ ਗੁਰੂ ਘਰਾਂ ਨੂੰ ਨਾਮ ਸਿਮਰਨ, ਸੇਵਾ ਅਤੇ ਸਮਾਜ ਸੁਧਾਰਕ ਕੰਮਾਂ ਦਾ ਕੇਂਦਰ ਬਣਨ ਦਿੱਤਾ ਜਾਵੇ। ਗੁਰੂ ਘਰਾਂ ਵਿਚ ਹਰ ਕੋਈ ਸੇਵਾ ਦਾ ਪੁੰਜ ਬਣ ਕੇ ਆਵੇ। ਖੁਦ ਸਾਡੇ ਆਗੂ ਸੇਵਾ ਦੇ ਪੁੰਜ ਵਜੋਂ ਰੋਲ ਮਾਡਲ ਬਣਨ ਦਾ ਯਤਨ ਕਰਨ। ਗੁਰੂ ਘਰਾਂ ਦੀਆਂ ਕਮੇਟੀਆਂ ਨੂੰ ਚਾਹੀਦਾ ਹੈ ਕਿ ਉਹ ਹਰ ਤਰ੍ਹਾਂ ਦੇ ਝਗੜੇ ਜਾਂ ਮਤਭੇਦ ਨਿਪਟਾਉਣ ਲਈ ਗੁਰੂ ਦਾ ਭੈਅ ਮੰਨਣ ਅਤੇ ਦਰਿਆਦਿਲੀ ਦਿਖਾਉਣ। ਇਸ ਤਰ੍ਹਾਂ ਕਰਕੇ ਹੀ ਅਸੀਂ ਸਮੁੱਚੀ ਕੌਮ ਦੀ ਏਕਤਾ ਦਾ ਵੱਡਾ ਕਾਰਜ ਪੂਰਾ ਕਰ ਸਕਦੇ ਹਾਂ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.