ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਸੱਜਣ ਖਿਲਾਫ ਬਿਆਨ ਦੇਣ ਤੋਂ ਬਾਅਦ ਕੈਪਟਨ ਨੇ ਪੰਜਾਬ ਦੇ ਹਿੱਤਾਂ ਲਈ ਖੋਲ੍ਹਿਆ ਮੋਰਚਾ
ਸੱਜਣ ਖਿਲਾਫ ਬਿਆਨ ਦੇਣ ਤੋਂ ਬਾਅਦ ਕੈਪਟਨ ਨੇ ਪੰਜਾਬ ਦੇ ਹਿੱਤਾਂ ਲਈ ਖੋਲ੍ਹਿਆ ਮੋਰਚਾ
Page Visitors: 2544

ਸੱਜਣ ਖਿਲਾਫ ਬਿਆਨ ਦੇਣ ਤੋਂ ਬਾਅਦ ਕੈਪਟਨ ਨੇ ਪੰਜਾਬ ਦੇ ਹਿੱਤਾਂ ਲਈ ਖੋਲ੍ਹਿਆ ਮੋਰਚਾ

Posted On 26 Apr 2017
7

ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਕੈਨੇਡਾ ਦੇ ਪਹਿਲੇ ਸਾਬਤ ਸੂਰਤ ਸਿੱਖ ਫੈਡਰਲ ਮੰਤਰੀ ਸ. ਹਰਜੀਤ ਸਿੰਘ ਸੱਜਣ ਪਿਛਲੇ ਦਿਨੀਂ ਇਕ ਹਫਤੇ ਦੇ ਭਾਰਤ ਦੌਰੇ ਉਪਰ ਗਏ ਸਨ। ਚੰਡੀਗੜ੍ਹ, ਦਿੱਲੀ ਅਤੇ ਮੁੰਬਈ ਵਿਖੇ ਉਨ੍ਹਾਂ ਨੇ ਸਰਕਾਰੀ ਦੌਰੇ ਦੌਰਾਨ ਭਾਰਤ ਅਤੇ ਕੈਨੇਡਾ ਵਿਚਕਾਰ ਆਪਸੀ ਸੰਬੰਧ ਮਜ਼ਬੂਤ ਕਰਨ ਅਤੇ ਰੱਖਿਆ ਅਤੇ ਹੋਰ ਕਈ ਖੇਤਰਾਂ ਵਿਚ ਆਪਸੀ ਸਹਿਯੋਗ ਵਧਾਉਣ ਬਾਰੇ ਗੱਲਬਾਤ ਵੀ ਕੀਤੀ। ਇਕ ਦਿਨ ਲਈ ਉਹ ਸਿੱਖਾਂ ਦੇ ਧਾਰਮਿਕ ਕੇਂਦਰ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਨਤਮਸਤਕ ਹੋਣ ਗਏ ਅਤੇ ਇਕ ਦਿਨ ਉਨ੍ਹਾਂ ਨੇ ਆਪਣੇ ਜਨਮ ਅਸਥਾਨ ਪਿੰਡ ਬੰਵੇਲੀ, ਜੋ ਕਿ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਬਿਤਾਇਆ। ਜਿੱਥੇ ਹਰਿਮੰਦਰ ਸਾਹਿਬ ਵਿਖੇ ਉਨ੍ਹਾਂ ਨੇ ਬੜੇ ਭਾਵਪੂਰਤ ਢੰਗ ਨਾਲ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ, ਉੱਥੇ ਲੋਕਾਂ ਵੱਲੋਂ ਵੀ ਸ. ਸੱਜਣ ਦਾ ਬੜੇ ਚਾਅ ਅਤੇ ਉਤਸ਼ਾਹ ਨਾਲ ਸਵਾਗਤ ਕੀਤਾ। ਆਪਣੇ ਪਿੰਡ ਬੰਵੇਲੀ ਪੁੱਜਣ ‘ਤੇ ਲੋਕੀ ਵੱਡੀ ਗਿਣਤੀ ਵਿਚ ਉਨ੍ਹਾਂ ਦੇ ਸਵਾਗਤ ਲਈ ਅੱਖੀਆਂ ਵਿਛਾ ਕੇ ਬੈਠੇ ਸਨ। ਰਾਤ ਰਹਿਣ ਸਮੇਂ ਉਨ੍ਹਾਂ ਨੇ ਆਪਣੇ ਪਿੰਡ ਵਾਸੀਆਂ ਨਾਲ ਬੜੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਖਾਸ ਗੱਲ ਇਹ ਹੈ ਕਿ ਆਪਣੇ ਬਚਪਨ ਦੇ ਦਿਨਾਂ ਵਾਂਗ ਉਨ੍ਹਾਂ ਨੇ ਰਾਤ ਕੋਠੇ ਉਪਰ ਡਾਹੇ ਮੰਜੇ ਉਪਰ ਸੌਂ ਕੇ ਬਿਤਾਈ। ਹਾਲਾਂਕਿ ਉਹ 5 ਕੁ ਸਾਲ ਦੀ ਉਮਰ ਵਿਚ ਹੀ ਪਿੰਡ ਤੋਂ ਆਪਣੇ ਪਰਿਵਾਰ ਨਾਲ ਕੈਨੇਡਾ ਪੁੱਜ ਗਏ। ਪਰ ਫਿਰ ਵੀ ਸ. ਸੱਜਣ ਦਾ ਕਹਿਣਾ ਸੀ ਕਿ ਉਸ ਦੀਆਂ ਆਪਣੇ ਪਿੰਡ ਨਾਲ ਜੁੜੀਆਂ ਯਾਦਾਂ ਅਜੇ ਵੀ ਬਥੇਰੀਆਂ ਹਨ। ਸ. ਸੱਜਣ ਦੀ ਭਾਰਤ ਅਤੇ ਪੰਜਾਬ ਫੇਰੀ ਦਾ ਜਿੱਥੇ ਸਾਰੀਆਂ ਹੀ ਰਾਜਸੀ ਪਾਰਟੀਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸਿੱਖ ਧਾਰਮਿਕ ਜਥੇਬੰਦੀਆਂ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ, ਉੱਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ. ਸੱਜਣ ਨੂੰ ਖਾਲਿਸਤਾਨੀ ਹਮਾਇਤੀ ਹੋਣ ਦਾ ਐਲਾਨ ਕਰਕੇ ਉਨ੍ਹਾਂ ਨਾਲ ਮਿਲਣ ਤੋਂ ਇਨਕਾਰ ਕਰ ਦਿੱਤਾ। ਸ. ਸੱਜਣ ਦੇ ਪੰਜਾਬ ਵਿਚ ਵਿਚਰਨ ਸਮੇਂ ਵੀ ਸਰਕਾਰੀ ਤੌਰ ‘ਤੇ ਉਨ੍ਹਾਂ ਨੂੰ ਕੋਈ ਖਾਸ ਮਹੱਤਵ ਨਹੀਂ ਦਿੱਤਾ ਗਿਆ। ਪੰਜਾਬ ਸਰਕਾਰ ਖਾਸਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੈਨੇਡਾ ਵਿਚ ਰੱਖਿਆ ਮੰਤਰੀ ਦੇ ਅਹੁਦੇ ਉਪਰ ਪਹੁੰਚ ਕੇ ਪੂਰੀ ਸਿੱਖ ਕੌਮ ਅਤੇ ਪ੍ਰਵਾਸੀ ਪੰਜਾਬੀਆਂ ਦਾ ਨਾਂ ਉੱਚਾ ਕਰਨ ਵਾਲੇ ਹਰਜੀਤ ਸਿੰਘ ਸੱਜਣ ਪ੍ਰਤੀ ਅਜਿਹੇ ਵਤੀਰੇ ਕਾਰਨ ਕਾਫੀ ਨਾਖੁਸ਼ੀ ਜ਼ਾਹਿਰ ਕੀਤੀ ਗਈ ਹੈ। ਪੰਜਾਬ ਅੰਦਰ ਵੀ ਸਿੱਖਾਂ ਅਤੇ ਪੰਜਾਬੀਆਂ ਨੇ ਮੁੱਖ ਮੰਤਰੀ ਦੇ ਅਜਿਹੇ ਐਲਾਨ ਨੂੰ ਸ਼ੁੱਭ ਨਹੀਂ ਮੰਨਿਆ। ਸ. ਹਰਜੀਤ ਸਿੰਘ ਸੱਜਣ ਇਸ ਵੇਲੇ ਕੈਨੇਡਾ ਦੇ ਰੱਖਿਆ ਮੰਤਰੀ ਦੇ ਉੱਚ ਅਹੁਦੇ ਉਪਰ ਸੁਸ਼ੋਭਿਤ ਹਨ।
  ਦਿੱਲੀ ਵਿਖੇ ਕੇਂਦਰੀ ਮੰਤਰੀਆਂ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਹੋਇਆ। ਦਿੱਲੀ ਵਿਚ ਭਾਰਤੀ ਫੌਜਾਂ ਦੀਆਂ ਟੁਕੜੀਆਂ ਵੱਲੋਂ ਉਨ੍ਹਾਂ ਨੂੰ ਵਿਸ਼ੇਸ਼ ਗਾਰਡ ਆਫ ਆਨਰ ਦਿੱਤਾ ਗਿਆ। ਪਰ ਪੰਜਾਬ ਸਰਕਾਰ ਵੱਲੋਂ ਧਾਰਨ ਕੀਤਾ ਰੁੱਖ਼ਾ ਵਤੀਰਾ ਬਹੁਤੇ ਲੋਕਾਂ ਦੇ ਸਮਝ ਆਉਣ ਤੋਂ ਬਾਹਰ ਹੈ। ਬਹੁਤ ਸਾਰੇ ਲੋਕਾਂ ਨੇ ਵੀ ਸ. ਸੱਜਣ ਨੂੰ ਖਾਲਿਸਤਾਨ ਹਮਾਇਤੀਆਂ ‘ਚ ਘੜੀਸਣ ਨੂੰ ਚੰਗਾ ਨਹੀਂ ਸਮਝਿਆ। ਇਸ ਵੇਲੇ ਇਹ ਕੋਈ ਮੁੱਦਾ ਵੀ ਨਹੀਂ। ਸ. ਹਰਜੀਤ ਸਿੰਘ ਸੱਜਣ ਨੇ ਦਿੱਲੀ ਆ ਕੇ ਪਹਿਲਾ ਬਿਆਨ ਵੀ ਇਹੀ ਦਿੱਤਾ ਕਿ ਉਹ ਕਿਸੇ ਦੂਜੇ ਰਾਸ਼ਟਰ ਦੇ ਅੰਦਰੂਨੀ ਕੰਮਾਂ ਵਿਚ ਕੋਈ ਦਖਲ ਨਹੀਂ ਦਿੰਦੇ ਅਤੇ ਨਾ ਹੀ ਕਿਸੇ ਰਾਸ਼ਟਰ ਨੂੰ ਤੋੜਨ ਦੇ ਸਮਰਥਕ ਹੀ ਹਨ।
   ਆਮ ਇਹੀ ਸਮਝਿਆ ਜਾਂਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਪਿਛਲੇ ਵਰ੍ਹੇ ਕੈਨੇਡਾ ਸਰਕਾਰ ਵੱਲੋਂ ਕੈਨੇਡਾ ਵਿਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ ਸੀ। ਸ਼ਾਇਦ ਇਸ ਕਰਕੇ ਉਨ੍ਹਾਂ ਦੇ ਮਨ ਵਿਚ ਰੋਸ ਅਤੇ ਗੁੱਸਾ ਹੋਵੇ। ਕੈਪਟਨ ਨੇ ਇਹ ਦੋਸ਼ ਵੀ ਲਾਇਆ ਕਿ ਹਰਜੀਤ ਸਿੰਘ ਸੱਜਣ ਅਤੇ ਦੂਜੇ ਹੋਰ ਪੰਜਾਬੀ ਮੰਤਰੀਆਂ ਦੇ ਕਹਿਣ ਉੱਤੇ ਹੀ ਕੈਨੇਡਾ ਦੀ ਸਰਕਾਰ ਨੇ ਉਨ੍ਹਾਂ ਨੂੰ ਉਥੇ ਨਹੀਂ ਸੀ ਜਾਣ ਦਿੱਤਾ। ਪਤਾ ਨਹੀਂ, ਇਸ ਤਰ੍ਹਾਂ ਦੀ ਗਲਤਫਹਿਮੀ ਕਿਵੇਂ ਬਣੀ ਹੈ।
ਪਰ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਸ. ਹਰਜੀਤ ਸਿੰਘ ਸੱਜਣ ਬਾਰੇ ਵਿਵਾਦ ਖੜ੍ਹਾ ਕਰਨ ਨਾਲ ਹੋਣ ਵਾਲੇ ਨੁਕਸਾਨ ਦਾ ਪਤਾ ਲੱਗ ਗਿਆ ਹੈ।
ਕੈਪਟਨ ਇਹ ਸਮਝ ਗਏ ਹਨ ਕਿ ਪ੍ਰਵਾਸੀ ਪੰਜਾਬੀਆਂ ਨੇ ਉਨ੍ਹਾਂ ਦੇ ਬਿਆਨ ਨੂੰ ਚੰਗਾ ਨਹੀਂ ਸਮਝਿਆ। ਇਸੇ ਕਰਕੇ ਸੱਜਣ ਦੀ ਭਾਰਤ ਫੇਰੀ ਤੋਂ ਤੁਰੰਤ ਬਾਅਦ ਕੈਪਟਨ ਨੇ ਸਿੱਖ ਅਤੇ ਪੰਜਾਬੀ ਮਸਲੇ ਸਮੇਤ ਪ੍ਰਵਾਸੀ ਪੰਜਾਬੀਆਂ ਨਾਲ ਸੰਬੰਧਤ ਮਸਲਿਆਂ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ।
   ਦਿੱਲੀ ਵਿਖੇ ਉਨ੍ਹਾਂ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਰਾਜਨਾਥ ਸਿੰਘ ਅਤੇ ਵਿਦੇਸ਼ ਮੰਤਰੀ ਸ਼੍ਰੀਮਤੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕਰਕੇ ਸਿੱਖਾਂ ਦੀ ਕਾਲੀ ਸੂਚੀ ਖਤਮ ਕਰਨ ‘ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਨੇ ਵੱਖ-ਵੱਖ ਕੇਂਦਰੀ ਮੰਤਰੀਆਂ ਅਤੇ ਖਾਸਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਪੰਜਾਬ ਦੇ ਦਰਿਆਈ ਪਾਣੀਆਂ, ਕਿਸਾਨਾਂ ਸਿਰ ਚੜ੍ਹੇ ਕਰਜ਼ੇ, ਪੰਜਾਬ ਦੀ ਵਾਧੂ ਬਿਜਲੀ ਪਾਕਿਸਤਾਨ ਅਤੇ ਨੇਪਾਲ ਨੂੰ ਵੇਚਣ ਸਮੇਤ ਹੋਰ ਬਹੁਤ ਸਾਰੇ ਮਸਲੇ ਉਠਾਏ ਹਨ। ਇਸ ਤੋਂ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਸ. ਸੱਜਣ ਬਾਰੇ ਖੜ੍ਹੇ ਹੋਏ ਵਿਵਾਦ ਨੂੰ ਪੇਤਲਾ ਪਾਉਣ ਲਈ ਇਹ ਯਤਨ ਆਰੰਭੇ ਹਨ। ਪ੍ਰਵਾਸੀ ਪੰਜਾਬੀਆਂ ਵਿਚ ਆਮ ਕਰਕੇ ਇਹ ਆਸ ਅਤੇ ਵਿਸ਼ਵਾਸ ਹੈ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀ ਮਜ਼ਬੂਤੀ ਨਾਲ ਅਗਵਾਈ ਕਰਨਗੇ ਅਤੇ ਆਰਥਿਕ ਮੰਦਹਾਲੀ ਵਿਚ ਡੁੱਬੇ ਪੰਜਾਬ ਨੂੰ ਸਫਲਤਾ ਨਾਲ ਅੱਗੇ ਵਧਾਉਣਗੇ।
ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਰਕਾਰ ਦੀ ਸੱਤਾ ਸੰਭਾਲਣ ਬਾਅਦ ਕਾਫੀ ਮਜ਼ਬੂਤੀ ਨਾਲ ਕਦਮ ਪੁੱਟਣੇ ਸ਼ੁਰੂ ਕੀਤੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਸਭ ਤੋਂ ਪਹਿਲਾ ਕਦਮ ਪੰਜਾਬ ਪੁਲਿਸ ਅਤੇ ਪ੍ਰਸ਼ਾਸਨ ਨੂੰ ਸਿਆਸੀ ਦਖਲ ਤੋਂ ਮੁਕਤ ਕਰਨ ਦਾ ਚੁੱਕਿਆ ਹੈ। ਅਕਾਲੀ-ਭਾਜਪਾ ਸਰਕਾਰ ਸਮੇਂ ਪੁਲਿਸ ਅਤੇ ਪ੍ਰਸ਼ਾਸਨ ਦਾ ਪੂਰੀ ਤਰ੍ਹਾਂ ਸਿਆਸੀਕਰਨ ਕਰ ਦਿੱਤਾ ਗਿਆ ਸੀ। ਪੁਲਿਸ ਵਿਭਾਗ ਤਾਂ ਹੇਠਲੇ ਪੱਧਰ ਤੱਕ ਅਕਾਲੀ ਜਥੇਦਾਰਾਂ ਦੇ ਹੱਥ ਦੇ ਦਿੱਤਾ ਗਿਆ ਸੀ। ਡੀ.ਐੱਸ.ਪੀ. ਦਾ ਹਲਕਾ ਵਿਧਾਇਕ ਦੇ ਹਲਕੇ ਬਰਾਬਰ ਕਰ ਦਿੱਤਾ ਗਿਆ ਸੀ ਅਤੇ ਸਾਰੇ ਡੀ.ਐੱਸ.ਪੀ. ਅਤੇ ਐੱਸ.ਐੱਚ.ਓ. ਉਨ੍ਹਾਂ ਦੀ ਮਰਜ਼ੀ ਅਨੁਸਾਰ ਲੱਗਣ ਲੱਗੇ ਸਨ। ਅਜਿਹਾ ਪ੍ਰਬੰਧ ਹੋਣ ਕਾਰਨ ਆਮ ਲੋਕਾਂ ਨੂੰ ਇਨਸਾਫ ਮਿਲਣਾ ਬੰਦ ਹੋ ਗਿਆ ਸੀ ਅਤੇ ਸਿਰਫ ਜਥੇਦਾਰਾਂ ਦੇ ਹੁਕਮ ‘ਤੇ ਕੰਮ ਹੋਣ ਲੱਗੇ ਸਨ।
    ਨਵੀਂ ਸਰਕਾਰ ਬਣਦਿਆਂ ਹੀ ਕੈਪਟਨ ਨੇ ਹਲਕਾ ਇੰਚਾਰਜਾਂ ਦੀ ਵਿਵਸਥਾ ਦਾ ਹੀ ਭੋਗ ਪਾ ਦਿੱਤਾ। ਮੁੱਖ ਮੰਤਰੀ ਨੇ ਪ੍ਰਸ਼ਾਸਨ ਅਤੇ ਪੁਲਿਸ ਨੂੰ ਰਾਜਸੀ ਦਖਲ ਤੋਂ ਪੂਰੀ ਤਰ੍ਹਾਂ ਮੁਕਤ ਕਰਨ ਦਾ ਐਲਾਨ ਕੀਤਾ ਹੈ। ਸਾਰੇ ਅਹਿਮ ਆਗੂਆਂ ਅਤੇ ਮੰਤਰੀਆਂ ਨੂੰ ਵੀ ਕਿਹਾ ਹੈ ਕਿ ਉਹ ਆਮ ਪ੍ਰਸ਼ਾਸਨ ਵਿਚ ਕਿਸੇ ਵੀ ਤਰ੍ਹਾਂ ਦਾ ਦਖਲ ਨਾ ਦੇਣ। ਭਾਵੇਂ ਪੁਲਿਸ ਅਤੇ ਪ੍ਰਸ਼ਾਸਨ ਨੂੰ ਸਿਆਸੀ ਦਖਲ ਤੋਂ ਮੁਕਤ ਕਰ ਦੇਣ ਨਾਲ ਬਹੁਤ ਸਾਰੇ ਕਾਂਗਰਸੀ ਔਖੇ ਨਜ਼ਰ ਆਉਂਦੇ ਹਨ। ਇਹ ਵੀ ਰਿਪੋਰਟਾਂ ਆ ਰਹੀਆਂ ਹਨ ਕਿ ਬਹੁਤ ਸਾਰੇ ਕਾਂਗਰਸੀ ਨੇਤਾਵਾਂ ਵੱਲੋਂ ਮੁੱਖ ਮੰਤਰੀ ਕੋਲ ਸ਼ਿਕਾਇਤਾਂ ਵੀ ਭੇਜੀਆਂ ਹਨ ਕਿ ਜੇ ਉਨ੍ਹਾਂ ਦੇ ਕਹਿਣ ਉਪਰ ਅਫਸਰ ਅਤੇ ਮੁਲਾਜ਼ਮ ਨਹੀਂ ਲੱਗਣਗੇ, ਤਾਂ ਫਿਰ ਉਨ੍ਹਾਂ ਦੀ ਸੱਦ-ਪੁੱਛ ਹੀ ਕਾਹਦੀ ਹੈ। ਪਰ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਵਿਚ ਬੜਾ ਸਖ਼ਤ ਰੁਖ ਅਪਣਾਇਆ ਹੋਇਆ ਹੈ।
    ਉਹ ਚੰਗਾ ਪ੍ਰਸ਼ਾਸਨ ਦੇਣ ਨਾਲ ਆਪਣਾ ਚੰਗਾ ਅਕਸ ਬਣਾਉਣ ਦੇ ਰਾਹ ਪੈ ਗਏ ਹਨ। ਨਸ਼ੇ ਅਤੇ ਭ੍ਰਿਸ਼ਟਾਚਾਰ ਖਿਲਾਫ ਉਨ੍ਹਾਂ ਵੱਲੋਂ ਵਿੱਢੀ ਮੁਹਿੰਮ ਦਾ ਅਸਰ ਵੀ ਦੇਖਣ ਨੂੰ ਮਿਲ ਰਿਹਾ ਹੈ। ਹੁਣ ਤੱਕ ਆ ਰਹੀਆਂ ਰਿਪੋਰਟਾਂ ਤੋਂ ਇਹ ਪਤਾ ਲੱਗਦਾ ਹੈ ਕਿ ਇਸ ਵਾਰ ਪੁਲਿਸ ਨਸ਼ੇ ਦੇ ਖਾਤਮੇ ਲਈ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਨ ਅਤੇ ਫੜਨ ਦੇ ਰਾਹ ਨਹੀਂ ਪਵੇਗੀ, ਸਗੋਂ ਉਸ ਵੱਲੋਂ ਸਿਰਫ ਨਸ਼ੇ ਦੇ ਵਪਾਰੀਆਂ ਨੂੰ ਹੀ ਹੱਥ ਪਾਇਆ ਜਾ ਰਿਹਾ ਹੈ। ਇਸ ਤਰ੍ਹਾਂ ਨਸ਼ਾ ਸਪਲਾਈ ਦੀ ਲਾਈਨ ਟੁੱਟ ਰਹੀ ਹੈ ਅਤੇ ਨਸ਼ੇ ਦੇ ਵੱਡੇ ਵਪਾਰੀ ਵੀ ਕਾਬੂ ਕੀਤੇ ਜਾ ਰਹੇ ਹਨ। ਪਰ ਪਹਿਲਾਂ ਵਾਂਗ ਪਿੰਡਾਂ ਜਾਂ ਸ਼ਹਿਰਾਂ ਜਾਂ ਕਸਬਿਆਂ ਵਿਚ ਛਾਪੇ ਮਾਰ ਕੇ ਧੜਾਧੜ ਆਮ ਲੋਕਾਂ ਨੂੰ ਫੜਨ ਅਤੇ ਪ੍ਰੇਸ਼ਾਨ ਕਰਨ ਦਾ ਵਰਤਾਰਾ ਕਿਧਰੇ ਵੀ ਨਜ਼ਰ ਨਹੀਂ ਆ ਰਿਹਾ। ਪੰਜਾਬ ਇਸ ਵੇਲੇ ਬੜੇ ਪੱਖਾਂ ਤੋਂ ਸੰਕਟ ‘ਚੋਂ ਗੁਜ਼ਰ ਰਿਹਾ ਹੈ। ਪੰਜਾਬ ਸਰਕਾਰ ਸਿਰ ਕਰਜ਼ੇ ਦੀ ਬੜੀ ਵੱਡੀ ਪੰਡ ਹੈ। ਕਿਸਾਨ 80 ਹਜ਼ਾਰ ਕਰੋੜ ਤੋਂ ਵਧੇਰੇ ਕਰਜ਼ੇ ਹੇਠ ਹਨ।
  ਸਰਕਾਰੀ ਬੱਸ ਕੰਪਨੀ ਤੋਂ ਲੈ ਕੇ ਲਗਭਗ ਸਾਰੇ ਹੀ ਸਰਕਾਰੀ ਅਦਾਰੇ ਵੱਡੇ ਘਾਟੇ ਵਿਚ ਡਿੱਗੇ ਹੋਏ ਹਨ। ਸਰਕਾਰ ਸਾਹਮਣੇ ਸਭ ਤੋਂ ਵੱਡਾ ਮਸਲਾ ਤਾਂ ਇਸ ਵੇਲੇ ਕਰਜ਼ੇ ਦੀ ਮਾਰ ਤੋਂ ਬਚਣ ਦਾ ਹੈ। ਨਵੀਂ ਸਰਕਾਰ ਜਿੱਥੇ ਇਕ ਪਾਸੇ ਮਾਲੀਆ ਵਧਾਉਣ ਲਈ ਆਪਣੇ ਅੰਦਰੂਨੀ ਸੋਮਿਆਂ ਦੀ ਵਿਉਂਤਬੱਧ ਯੋਜਨਾ ਬਣਾ ਰਹੀ ਹੈ, ਉਥੇ ਨਾਲ ਹੀ ਕੇਂਦਰ ਸਰਕਾਰ ਨਾਲ ਰਾਬਤਾ ਬਣਾ ਕੇ ਪਿਛਲੀ ਸਰਕਾਰ ਸਮੇਂ ਬਹੁਤ ਸਾਰੇ ਪਏ ਵਾਧੂ ਬੋਝ ਹਟਾਉਣ ਦਾ ਵੀ ਯਤਨ ਕਰ ਰਹੀ ਹੈ। ਜਿਸ ਤਰ੍ਹਾਂ ਜਿਣਸਾਂ ਦੀ ਖਰੀਦ ਲਈ ਵੱਖ-ਵੱਖ ਸਮੇਂ ਹੋਏ ਘਪਲੇ ਅਤੇ ਬੇਨਿਯਮੀਆਂ ਕਾਰਨ 12 ਹਜ਼ਾਰ ਕਰੋੜ ਰੁਪਏ ਦਾ ਘਾਟਾ ਪਿਆ।
  ਕੇਂਦਰ ਸਰਕਾਰ ਨੇ ਇਸ ਉੱਤੇ ਕਈ ਸਾਲਾਂ ਦਾ ਵਿਆਜ ਲਗਾ ਕੇ 31 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਠੋਕ ਦਿੱਤਾ ਹੈ। ਪੰਜਾਬ ਸਰਕਾਰ ਨੇ ਇਸ ਕਰਜ਼ੇ ਨੂੰ ਵੀ ਘਟਾਉਣ ਲਈ ਕੇਂਦਰ ਸਰਕਾਰ ਨਾਲ ਗੱਲਬਾਤ ਚਲਾਈ ਹੈ। ਇਸੇ ਤਰ੍ਹਾਂ ਸਰਕਾਰੀ ਬੱਸ ਕੰਪਨੀਆਂ ਨੂੰ ਟਿਕਾਣੇ ਲਿਆਉਣ ਲਈ ਨਵੀਂ ਟਰਾਂਸਪੋਰਟ ਨਿਤੀ ਬਣਾਈ ਜਾ ਰਹੀ ਹੈ। ਕੈਪਟਨ ਸਰਕਾਰ ਨੇ ਨਵੀਂ ਕਰ ਅਤੇ ਆਬਕਾਰੀ ਨੀਤੀ ਅਪਣਾ ਕੇ ਪੰਜਾਬ ਵਿਚੋਂ ਸ਼ਰਾਬ ਕਾਰੋਬਾਰ ਉਪਰ ਕੁਝ ਘਰਾਣਿਆਂ ਦੀ ਅਜਾਰੇਦਾਰੀ ਨੂੰ ਤੋੜ ਦਿੱਤਾ ਹੈ। ਇਸ ਤਰ੍ਹਾਂ ਕੈਪਟਨ ਸਰਕਾਰ ਦੇ ਪਹਿਲੇ ਮਹਿਨੇ ਨੂੰ ਕਾਫੀ ਹਾਂ-ਪੱਖੀ ਕਿਹਾ ਜਾ ਸਕਦਾ ਹੈ। ਜੇਕਰ ਕੈਪਟਨ ਸਰਕਾਰ ਇਸੇ ਤਰ੍ਹਾਂ ਮਜ਼ਬੂਤੀ ਅਤੇ ਦ੍ਰਿੜ੍ਹਤਾ ਨਾਲ ਅੱਗੇ ਵਧਦੀ ਰਹੀ, ਤਾਂ ਆਉਣ ਵਾਲੇ ਦਿਨਾਂ ਵਿਚ ਪੰਜਾਬ ਦੀ ਦਿਸ਼ਾ ਅਤੇ ਦਸ਼ਾ ਦੋਵੇਂ ਹੀ ਬਦਲ ਸਕਦੇ ਹਨ।
ਚਾਹੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਹਿੱਤਾਂ ਲਈ ਨਿੱਤਰ ਕੇ ਸਾਹਮਣੇ ਆਏ ਹਨ। ਪਰ ਉਨ੍ਹਾਂ ਨੂੰ ਆਉਣ ਵਾਲੇ ਸਮੇਂ ਵਿਚ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਬਾਰੇ ਵੀ ਹਾਂ-ਪੱਖੀ ਫੈਸਲਾ ਲੈਣਾ ਚਾਹੀਦਾ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.