ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਆਮ ਆਦਮੀ ਪਾਰਟੀ ਦੀ ਅਸਫਲਤਾ-ਲੋਕਾਂ ਲਈ ਦੁਖਾਂਤ
ਆਮ ਆਦਮੀ ਪਾਰਟੀ ਦੀ ਅਸਫਲਤਾ-ਲੋਕਾਂ ਲਈ ਦੁਖਾਂਤ
Page Visitors: 2562

ਆਮ ਆਦਮੀ ਪਾਰਟੀ ਦੀ ਅਸਫਲਤਾ-ਲੋਕਾਂ ਲਈ ਦੁਖਾਂਤ

Posted On 03 May 2017
4

ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਆਮ ਆਦਮੀ ਪਾਰਟੀ ਜਿਸ ਤੇਜ਼ੀ ਨਾਲ ਸਿਆਸੀ ਦ੍ਰਿਸ਼ ਉਪਰ ਉਭਰੀ ਸੀ, ਬੜੇ ਥੋੜ੍ਹੇ ਸਮੇਂ ਵਿਚ ਹੀ ਲੱਗਦਾ ਹੈ ਉਹ ਉਸੇ ਤੇਜ਼ੀ ਨਾਲ ਅਸਫਲਤਾ ਦੇ ਸਮੁੰਦਰ ਵਿਚ ਜਾ ਡਿੱਗੀ ਹੈ। ਪੰਜਾਬ ਹੀ ਨਹੀਂ, ਪੂਰਾ ਭਾਰਤ ਇਸ ਵੇਲੇ ਗਰੀਬੀ, ਬੇਰੁਜ਼ਗਾਰੀ ਅਤੇ ਅਨੇਕ ਤਰ੍ਹਾਂ ਦੀਆਂ ਅਲਾਮਤਾਂ ਵਿਚ ਘਿਰਿਆ ਹੋਇਆ ਹੈ। ਸਖਤ ਮਿਹਨਤ ਕਰਨ ਦੇ ਬਾਵਜੂਦ ਵੀ ਲੋਕਾਂ ਨੂੰ ਚੰਗੀ ਜ਼ਿੰਦਗੀ ਜਿਊਣ ਦੇ ਮੌਕੇ ਨਹੀਂ ਮਿਲ ਰਹੇ। ਭ੍ਰਿਸ਼ਟ ਸਿਆਸਤਦਾਨ ਅਤੇ ਚਲਾਕ ਵਪਾਰੀ ਦੇਸ਼ ਦੀ ਸਾਰੀ ਦੌਲਤ ਉਪਰ ਕਬਜ਼ਾ ਕਰੀਂ ਬੈਠੇ ਹਨ। ਸਿਆਸਤ ਵਿਚ ਚੋਰ-ਉਚੱਕੇ ਚੌਧਰੀ ਬਣੇ ਹੋਏ ਹਨ। ਪੰਜਾਬ ਅਤੇ ਭਾਰਤ ਦੇ ਲੋਕਾਂ ਨੇ ਅਨੇਕ ਵਾਰ ਆਪਣੀ ਤਕਦੀਰ ਬਦਲਣ ਲਈ ਵੱਖ-ਵੱਖ ਰਾਜਸੀ ਪਾਰਟੀਆਂ ਨੂੰ ਅਗੇ ਲਿਆਉਣ ਦਾ ਯਤਨ ਕੀਤਾ, ਪਰ ਲੋਕਾਂ ਦੇ ਹੱਥ-ਪੱਲੇ ਕੁੱਝ ਨਹੀਂ ਪਿਆ।
ਹਰ ਵਾਰ ‘ਉੱਤਰ ਕਾਟੋ ਮੈਂ ਚੜ੍ਹਾਂ’ ਦੀ ਤਰਜ਼ ਉਪਰ ਰਵਾਇਤੀ ਪਾਰਟੀਆਂ ਹੀ ਇਕ-ਦੂਜੇ ਦੀ ਥਾਂ ਲੈਂਦੀਆਂ ਰਹੀਆਂ। ਰਾਜ-ਭਾਗ ਬਦਲਣ ਨਾਲ ਇਨ੍ਹਾਂ ਰਵਾਇਤੀ ਪਾਰਟੀਆਂ ਦੇ ਆਗੂਆਂ ਦੇ ਭਾਗ ਤਾਂ ਬਦਲਦੇ ਰਹੇ, ਪਰ ਲੋਕਾਂ ਦੇ ਚਿਹਰੇ ਉੱਤੇ ਰੌਣਕ ਕਦੇ ਨਹੀਂ ਆਈ। ਜਾਤ-ਪਾਤ, ਧਰਮ ਅਤੇ ਖੇਤਰਵਾਦ ਦੇ ਆਧਾਰ ‘ਤੇ ਲੋਕਾਂ ਨੂੰ ਵੰਡ ਕੇ ਆਪਸ ਵਿਚ ਲੜਾਉਣ ਦੀ ਰਾਜਨੀਤੀ ਨੇ ਭਾਰਤ ਅੰਦਰ ਦੰਗੇ-ਫਸਾਦ ਭੜਕਾਉਣ ਵਿਚ ਵੀ ਕੋਈ ਕਸਰ ਨਹੀਂ ਛੱਡੀ। ਇਹ ਗੱਲ ਕਹਿਣ ਵਿਚ ਕੋਈ ਅਤਿਕਥਨੀ ਨਹੀਂ ਕਿ ਭਾਰਤੀ ਸਿਆਸਤ ਵਿਚ ਰਿਸ਼ਵਤਖੋਰ, ਬੇਇਮਾਨ, ਚਲਾਕ ਅਤੇ ਧਨਾਢ ਪੱਖੀ ਸਿਆਸਤਦਾਨਾਂ ਦਾ ਹੀ ਬੋਲਬਾਲਾ ਰਿਹਾ ਹੈ। ਇਸੇ ਕਰਕੇ ਭਾਰਤ ਅੰਦਰ ਗਰੀਬੀ ਅਤੇ ਅਮੀਰੀ ਦਾ ਪਾੜਾ ਲਗਾਤਾਰ ਵਧਿਆ ਹੋਇਆ ਹੈ। ਕੁੱਝ ਮੁੱਠੀ ਭਰ ਲੋਕ ਪੂਰੇ ਧੰਨ-ਦੌਲਤ ਉਪਰ ਕਬਜ਼ਾ ਜਮਾਈਂ ਬੈਠੇ ਹਨ। ਭਾਰਤ ਅਤੇ ਖਾਸਕਰ ਪੰਜਾਬ ਦੇ ਲੋਕਾਂ ਨੇ ਆਪਣੀ ਰਾਜਸੀ ਹੋਣੀਂ ਬਦਲਣ ਲਈ ਅਨੇਕ ਯਤਨ ਕੀਤੇ ਹਨ। ਕਈ ਸਾਲ ਪਹਿਲਾਂ ਸ. ਬਲਵੰਤ ਸਿੰਘ ਰਾਮੂੰਵਾਲੀਆ ਦੀ ਅਗਵਾਈ ਵਿਚ ਲੋਕ ਭਲਾਈ ਪਾਰਟੀ ਖੜ੍ਹੀ ਕੀਤੀ ਗਈ। ਲੋਕ ਭਲਾਈ ਪਾਰਟੀ ਨੂੰ ਬਾਹਰਲੇ ਮੁਲਕਾਂ ਵਿਚ ਵਸੇ ਪ੍ਰਵਾਸੀ ਪੰਜਾਬੀਆਂ ਵੱਲੋਂ ਵੀ ਵੱਡਾ ਹੁੰਗਾਰਾ ਮਿਲਿਆ। ਇਸ ਤੋਂ ਪਹਿਲਾਂ ਗਰਮਖਿਆਲੀ ਸਿੱਖ ਸੰਗਠਨਾਂ ਨੇ ਵੀ ਰਵਾਇਤੀ ਸਿਆਸਤ ਵਿਰੁੱਧ ਝੰਡਾ ਚੁੱਕਿਆ। ਪਰ ਇਹ ਕੋਈ ਗਿਣਨਯੋਗ ਯੋਗਦਾਨ ਨਹੀਂ ਪਾ ਸਕੇ। ਫਿਰ 2010 ਵਿਚ ਸਰਕਾਰਾਂ ਤੋਂ ਅੱਕੇ ਅਤੇ ਸਿਆਸੀ ਪ੍ਰਬੰਧ ਖਿਲਾਫ ਜੱਦੋ-ਜਹਿਦ ਕਰਨ ਲਈ ਉਤਾਵਲੇ ਪੰਜਾਬ ਦੇ ਲੋਕਾਂ ਨੂੰ ਸ. ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਿਚ ਪੀਪਲਜ਼ ਪਾਰਟੀ ਆਫ ਪੰਜਾਬ ਮਿਲੀ।
ਪੀਪਲਜ਼ ਪਾਰਟੀ ਆਫ ਪੰਜਾਬ ਨੇ ਪੰਜਾਬ ਅੰਦਰ ਸਾਫ-ਸੁਥਰੀ ਸਿਆਸਤ ਕਰਨ ਅਤੇ ਪੰਜਾਬ ਦੇ ਆਰਥਿਕ ਮਸਲੇ ਹੱਲ ਕਰਨ ਦਾ ਝੰਡਾ ਚੁੱਕਿਆ। ਪਾਰਟੀ ਵੱਲੋਂ ਪਿੰਡ-ਪਿੰਡ, ਸ਼ਹਿਰ-ਸ਼ਹਿਰ ਜਾ ਕੇ ਲੋਕਾਂ ਨੂੰ ਤਬਦੀਲੀ ਦੀ ਲਹਿਰ ਨਾਲ ਜੁੜਨ ਦਾ ਸੱਦਾ ਦਿੱਤਾ। 2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕ ਵੇਲੇ ਪੰਜਾਬ ਅੰਦਰ ਇੰਝ ਲੱਗਦਾ ਸੀ ਕਿ ਜਿਵੇਂ ਵੱਡੀ ਇਨਕਲਾਬੀ ਤਬਦੀਲੀ ਲਈ ਲੋਕ ਇਕਸੁਰ ਹੋ ਕੇ ਤੁਰ ਪਏ ਹਨ। ਪੰਜਾਬ ਅੰਦਰਲੇ ਇਸ ਤਬਦੀਲੀ ਦੇ ਰੁਖ਼ ਨੂੰ ਬਾਹਰਲੇ ਮੁਲਕਾਂ ਵਿਚੋਂ ਵੀ ਵੱਡੀ ਪੱਧਰ ‘ਤੇ ਹੱਲਾਸ਼ੇਰੀ ਮਿਲੀ। ਪਰ ਮੰਦੇਭਾਗੀ ਤਬਦੀਲੀ ਦਾ ਇਹ ਰੌਚਕ ਯਤਨ ਵੀ ਚੋਣਾਂ ਤੋਂ ਪਹਿਲਾਂ ਹੀ ਖਿਲਰਨ ਲੱਗ ਪਿਆ ਅਤੇ ਚੋਣਾਂ ਦੌਰਾਨ ਕੋਈ ਵੱਡੀ ਮੱਲ੍ਹ ਮਾਰਨ ਵਿਚ ਅਸਫਲ ਰਿਹਾ। ਸਗੋਂ ਇਸ ਯਤਨ ਨਾਲ ਚੋਣ ਵਿਚ ਪੀਪਲਜ਼ ਪਾਰਟੀ ਆਫ ਪੰਜਾਬ ਨੂੰ ਸਰਕਾਰ ਵਿਰੋਧੀ ਸੁਰ ਵਾਲੀ 6 ਫੀਸਦੀ ਵੋਟ ਮਿਲਣ ਕਾਰਨ ਅਕਾਲੀ ਦਲ ਮੁੜ ਸੱਤਾ ਉੱਤੇ ਕਾਬਜ਼ ਹੋਣ ਵਿਚ ਸਫਲ ਹੋ ਗਿਆ। ਇਸ ਤੋਂ ਬਾਅਦ ਲੱਗਦਾ ਸੀ ਕਿ ਪੰਜਾਬ ਦੇ ਲੋਕ ਹੁਣ ਛੇਤੀ ਕਿਤੇ ਕਿਸੇ ਵੱਡੀ ਤਬਦੀਲੀ ਲਈ ਉੱਠਣ ਲੱਗੇ ਕਈ ਵਾਰ ਸੋਚਣਗੇ। ਪਰ ਪੰਜਾਬ ਦੇ ਲੋਕਾਂ ਦੀ ਇਹ ਫਿਤਰਤ ਨਹੀਂ ਕਿ ਉਹ ਅਸਫਲਤਾ ਤੋਂ ਨਿਰਾਸ਼ ਹੋ ਕੇ ਘੁਰਨਿਆਂ ਵਿਚ ਜਾ ਵੜਨ। ਪੰਜਾਬ ਦੇ ਲੋਕਾਂ ਨੇ ਹਮੇਸ਼ਾ ਇਕ ਅਸਫਲਤਾ ਤੋਂ ਬਾਅਦ ਦੂਜੇ ਯਤਨ ਲਈ ਤਿਆਰੀ ਕਰਨ ਵਿਚ ਕਦੇ ਵੀ ਦੇਰੀ ਨਹੀਂ ਕੀਤੀ। ਮੁੜ ਫਿਰ ਇਹੀ ਗੱਲ ਵਾਪਰੀ। 2011-12 ਵਿਚ ਅੰਨਾ ਹਜ਼ਾਰੇ ਦੀ ਅਗਵਾਈ ਵਿਚ ਭਾਰਤ ਅੰਦਰ ਭ੍ਰਿਸ਼ਟਾਚਾਰ ਵਿਰੋਧੀ ਲਹਿਰ ਉੱਠ ਖੜ੍ਹੀ ਹੋਈ। ਅੰਨਾ ਹਜ਼ਾਰੇ ਦੀ ਅਗਵਾਈ ਵਿਚ ਦਿੱਲੀ ਵਿਖੇ ਇਕ ਲੰਬਾ ਧਰਨਾ ਸ਼ੁਰੂ ਹੋ ਗਿਆ। ਭ੍ਰਿਸ਼ਟਾਚਾਰ ਵਿਰੁੱਧ ਲੋਕਪਾਲ ਬਣਾਏ ਜਾਣ ਦੀ ਮੰਗ ਇੰਨੀ ਜ਼ੋਰ ਫੜ ਗਈ ਕਿ ਕੇਂਦਰ ਸਰਕਾਰ ਇਹ ਲੋਕਪਾਲ ਬਣਾਏ ਜਾਣ ਲਈ ਮਜਬੂਰ ਹੋ ਗਈ।
ਭਾਰਤ ਅੰਦਰ ਸਾਫ-ਸੁਥਰੀ ਰਾਜਨੀਤੀ ਅਤੇ ਭ੍ਰਿਸ਼ਟਾਚਾਰ ਮੁਕਤ ਭਾਰਤ ਦੇ ਨਾਅਰੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ। ਅੰਨਾ ਹਜ਼ਾਰੇ ਲਹਿਰ ‘ਚੋਂ ਸਿਆਸੀ ਤਬਦੀਲੀ ਦੇ ਇਛੁੱਕ ਲੋਕਾਂ ਨੇ ਆਮ ਆਦਮੀ ਪਾਰਟੀ ਦਾ ਗਠਨ ਕੀਤਾ ਅਤੇ ਅਰਵਿੰਦ ਕੇਜਰੀਵਾਲ ਨੂੰ ਇਸ ਦਾ ਆਗੂ ਚੁਣ ਲਿਆ। ਆਮ ਆਦਮੀ ਪਾਰਟੀ ਵੱਲੋਂ 2013 ਵਿਚ ਪਹਿਲੀ ਵਾਰ ਦਿੱਲੀ ਦੀ ਵਿਧਾਨ ਸਭਾ ਚੋਣ ਲੜੀ ਅਤੇ 28 ਸੀਟਾਂ ਜਿੱਤ ਕੇ ਦੂਜੀ ਵੱਡੀ ਪਾਰਟੀ ਹੋਣ ਦਾ ਮਾਣ ਹਾਸਲ ਕੀਤਾ। ਘੱਟ ਗਿਣਤੀ ਸਰਕਾਰ ਕੁੱਝ ਹੀ ਦਿਨ ਚੱਲੀ ਪਰ ਇਸ ਸਰਕਾਰ ਦੇ ਕੰਮ ਨੇ ਇੰਨਾ ਵਿਆਪਕ ਅਸਰ ਪਾਇਆ ਕਿ ਪੂਰੇ ਦੇਸ਼ ਵਿਚ ਤਬਦੀਲੀ ਦੀ ਲਹਿਰ ਉੱਠ ਖੜ੍ਹੀ ਹੋਈ। ਪੰਜਾਬ ਦੀ ਸਿਆਸਤ ਉਪਰ ਇਸ ਦਾ ਸਭ ਤੋਂ ਵਧੇਰੇ ਅਸਰ ਪਿਆ। ਥੋੜ੍ਹੇ ਹੀ ਸਮੇਂ ਬਾਅਦ ਅਪ੍ਰੈਲ 2014 ਵਿਚ ਲੋਕ ਸਭਾ ਚੋਣਾਂ ਆ ਗਈਆਂ ਅਤੇ ਪੰਜਾਬ ਵਿਚ ‘ਆਪ’ ਦੀ ਸਿਆਸੀ ਤਬਦੀਲੀ ਦੀ ਹਵਾ ਦਾ ਰੁਖ਼ ਏਨਾ ਤੇਜ਼ ਹੋ ਗਿਆ ਕਿ ਪਹਿਲੀ ਸੱਟੇ 13 ਵਿਚੋਂ 4 ਸੀਟਾਂ ਵੱਡੇ ਫਰਕ ਨਾਲ ਜਿੱਤੀਆਂ। ਜਦਕਿ 3 ਸੀਟਾਂ ਉਪਰ ਬਹੁਤ ਥੋੜ੍ਹੇ ਫਰਕ ਨਾਲ ਪਿੱਛੇ ਰਹਿ ਗਏ। ਸੂਬੇ ਦੀ ਕੁੱਲ ਵੋਟ ਵਿਚ ‘ਆਪ’ ਦਾ ਵੋਟ ਹਿੱਸਾ 24.5 ਫੀਸਦੀ ਸੀ। ਜਦਕਿ ਸੱਤਾਧਾਰੀ ਅਕਾਲੀ ਦਲ ਨੂੰ 26 ਫੀਸਦੀ ਵੋਟਾਂ ਮਿਲੀਆਂ ਸਨ। ਇਸ ਤੋਂ ਅਗਲੇ ਵਰ੍ਹੇ ਦਿੱਲੀ ਵਿਧਾਨ ਸਭਾ ਦੀਆਂ ਹੋਈਆਂ ਚੋਣਾਂ ਵਿਚ ਇੰਨਾ ਵੱਡਾ ਸਿਆਸੀ ਕ੍ਰਿਸ਼ਮਾ ਵਾਪਰਿਆ ਕਿ 70 ਵਿਚੋਂ 67 ਸੀਟਾਂ ਉਪਰ ‘ਆਪ’ ਦੇ ਉਮੀਦਵਾਰਾਂ ਨੂੰ ਜਿੱਤ ਹਾਸਲ ਹੋਈ। ਦਿੱਲੀ ਦੇ ਇਸ ਹੁਲਾਰੇ ਨੇ ਪੰਜਾਬ ਦੀ ਸਿਆਸਤ ਵਿਚ ਤਰਥੱਲੀ ਪੈਦਾ ਕਰ ਦਿੱਤੀ ਅਤੇ ਪੰਜਾਬ ਅੰਦਰ ਹਰ ਪਾਸੇ ‘ਆਪ ਹੀ ਆਪ’ ਹੋਣ ਲੱਗ ਪਈ। ਪੰਜਾਬ ਅੰਦਰ ਉੱਠੀ ਇਸ ਤਬਦੀਲੀ ਦੀ ਲਹਿਰ ਨੂੰ ਪੂਰੀ ਦੁਨੀਆਂ ਵਿਚ ਵਸਦੇ ਪ੍ਰਵਾਸੀ ਪੰਜਾਬੀਆਂ ਨੇ ਵੀ ਬੇਹੱਦ ਜੋਸ਼ ਅਤੇ ਉਤਸ਼ਾਹ ਨਾਲ ਹੁੰਗਾਰਾ ਦਿੱਤਾ।
ਫਰਵਰੀ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ 6 ਮਹੀਨੇ ਪਹਿਲਾਂ ਤੱਕ ਪੰਜਾਬ ਅੰਦਰ ਸਿਆਸੀ ਤਬਦੀਲੀ ਦੀ ਲਹਿਰ ਇੰਨੀ ਤੇਜ਼ ਸੀ ਕਿ ਰਾਜ ਦੀਆਂ ਦੋਵੇਂ ਰਵਾਇਤੀ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਦੇ ਆਗੂਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ ਸੀ। ਉਨ੍ਹਾਂ ਲਈ ‘ਆਪ’ ਦੀ ਤੇਜ਼ ਪਹਿਲਕਦਮੀ ਨੂੰ ਠੱਲ੍ਹ ਪਾਉਣਾ ਵੱਡਾ ਚੁਣੌਤੀ ਬਣ ਗਿਆ ਸੀ। ਦੋਵਾਂ ਪਾਰਟੀਆਂ ਅੰਦਰ ਇੰਨਾ ਦਹਿਲ ਪੈਦਾ ਹੋ ਗਿਆ ਸੀ ਕਿ ਉਹ ‘ਆਪ’ ਦੇ ਮੁਕਾਬਲੇ ਨਿਗੁਣੀਆਂ ਸਮਝਣ ਲੱਗ ਪਈਆਂ ਸਨ। ਪੰਜਾਬ ਦੇ ਲੋਕਾਂ ਨੂੰ ‘ਆਪ’ ਵਿਚੋਂ ਇਕ ਨਵਾਂ ਸਿਆਸੀ ਪ੍ਰਬੰਧ, ਸਾਫ ਸੁਥਰੀ ਰਾਜਨੀਤੀ, ਭ੍ਰਿਸ਼ਟਾਚਾਰ ਤੋਂ ਮੁਕਤ ਪ੍ਰਸ਼ਾਸਨ ਅਤੇ ਲੋਕਪੱਖੀ ਨੀਤੀਆਂ ਦਾ ਝਲਕਾਰਾ ਮਿਲਣ ਲੱਗ ਪਿਆ ਸੀ। ਪਰ ਜਿਉਂ-ਜਿਉਂ ਵਿਧਾਨ ਸਭਾ ਚੋਣਾਂ ਦਾ ਅਮਲ ਨੇੜੇ ਆਉਣ ਲੱਗਾ, ਤਾਂ ਆਮ ਆਦਮੀ ਪਾਰਟੀ ਦੇ ਪੈਰ ਵੀ ਧਰਤੀ ਤੋਂ ਉਪਰ ਚੁੱਕੇ ਜਾਣ ਲੱਗ ਪਏ। ਸਿਆਸਤ ਅੰਦਰ ਇਹ ਕਹਾਵਤ ਹੈ ਕਿ ਜਦ ਕਿਸੇ ਨੇਤਾ ਦੇ ਪੈਰ ਧਰਤੀ ਤੋਂ ਉਪਰ ਹੋ ਜਾਣ, ਤਾਂ ਫਿਰ ਉਸ ਲਈ ਲੋਕਾਂ ਅੰਦਰ ਜਗ੍ਹਾ ਨਹੀਂ ਰਹਿੰਦੀ। ਲੱਗਦਾ ਹੈ ਕਿ ‘ਆਪ’ ਦੀ ਲੀਡਰਸ਼ਿਪ ਉਪਰ ਵੀ ਇਹ ਕਾਰਵਾਈ ਪੂਰੀ ਢੁੱਕਦੀ ਹੈ।
ਪੰਜਾਬ ਦੇ ਲੋਕਾਂ ਨੇ ‘ਆਪ’ ਦੀ ਲੀਡਰਸ਼ਿਪ ਉਪਰ ਆਪਣਾ ਪੂਰਾ ਭਰੋਸਾ ਪ੍ਰਗਟ ਕਰ ਦਿੱਤਾ ਸੀ ਅਤੇ ਹੁਣ ਵਾਰੀ ਸੀ ਲੀਡਰਸ਼ਿਪ ਦੀ, ਕਿ ਉਹ ਵੀ ਲੋਕਾਂ ਦੀਆਂ ਇੱਛਾਵਾਂ ਅਤੇ ਉਮੰਗਾਂ ਉਪਰ ਪੂਰਾ ਉਤਰਦੀ। ਪਰ ਇਸ ਮਾਮਲੇ ਵਿਚ ‘ਆਪ’ ਲੀਡਰਸ਼ਿਪ ਲਗਾਤਾਰ ਲੋਕਾਂ ਦੇ ਪੱਲੇ ਨਿਰਾਸ਼ਤਾ ਹੀ ਪਾਉਂਦੀ ਰਹੀ। ਸਭ ਤੋਂ ਪਹਿਲੀ ਗੱਲ ਸ. ਸੁੱਚਾ ਸਿੰਘ ਛੋਟੇਪੁਰ ਨੂੰ ਪਾਰਟੀ ਵਿਚੋਂ ਕੱਢਣ ਦੇ ਮਾਮਲੇ ਉਪਰ ਪੈਦਾ ਹੋਏ ਰੱਫੜ ਨੂੰ ਪਾਰਟੀ ਲੀਡਰਸ਼ਿਪ ਨੇ ਕਦੇ ਵੀ ਭਰੋਸੇਯੋਗ ਢੰਗ ਨਾਲ ਹੱਲ ਕਰਨ ਦਾ ਯਤਨ ਨਹੀਂ ਕੀਤਾ ਅਤੇ ਨਾ ਹੀ ਇਸ ਸਮੇਂ ਲੋਕਾਂ ਅਤੇ ਖਾਸਕਰ ਪਾਰਟੀ ਵਾਲੰਟੀਅਰਾਂ ਦੇ ਵੱਡੇ ਹਿੱਸੇ ਵਿਚ ਪੈਦਾ ਹੋਏ ਸ਼ੰਕਿਆਂ ਨੂੰ ਹੀ ਦੂਰ ਕਰਨ ਦਾ ਯਤਨ ਕੀਤਾ। ਇਸ ਸਮੇਂ ਤੱਕ ਦਿੱਲੀ ਲੀਡਰਸ਼ਿਪ ਅਤੇ ਪੰਜਾਬ ਦਰਮਿਆਨ ਇਕ ਪੇਤਲੀ ਜਿਹੀ ਲੀਕ ਵੀ ਉਭਰਨੀ ਸ਼ੁਰੂ ਹੋ ਗਈ। ਲੋਕਾਂ ਅਤੇ ਪਾਰਟੀ ਅੰਦਰ ਇਹ ਪ੍ਰਭਾਵ ਗਿਆ ਕਿ ਦਿੱਲੀ ਲੀਡਰਸ਼ਿਪ ਪੰਜਾਬ ਦੇ ਲੋਕਾਂ ਅਤੇ ਖਾਸਕਰ ਪੰਜਾਬੀ ਪਾਰਟੀ ਲੀਡਰਸ਼ਿਪ ਉਪਰ ਬਿਲੁਕਲ ਹੀ ਭਰੋਸਾ ਨਹੀਂ ਕਰਦੀ। ਇਸ ਗੱਲ ਨਾਲ ਵਿਦੇਸ਼ਾਂ ਵਿਚ ਵਸੇ ਪੰਜਾਬੀਆਂ ਦਾ ਵੀ ਮੱਥਾ ਠਣਕਣ ਲੱਗਿਆ। ਪਰ ਫਿਰ ਵੀ ਲੋਕ ਸਭ ਕੁਝ ਨਜ਼ਰਅੰਦਾਜ਼ ਕਰਕੇ ਕੇਜਰੀਵਾਲ ਦੀ ਅਗਵਾਈ ਵਿਚ ਅੱਗੇ ਵਧਣ ਲਈ ਤਿਆਰ ਸਨ। ਪਰ ਇਸ ਤੋਂ ਬਾਅਦ ਟਿਕਟਾਂ ਦੀ ਵੰਡ ਨੂੰ ਲੈ ਕੇ ਜਦ ਸਮੁੱਚੀ ਪੰਜਾਬੀ ਲੀਡਰਸ਼ਿਪ ਪੂਰੀ ਤਰ੍ਹਾਂ ਦਰਕਿਨਾਰ ਕਰ ਦਿੱਤੀ ਗਈ ਅਤੇ ਪਾਰਟੀ ਟਿਕਟਾਂ ਦੀ ਵੰਡ ਨੂੰ ਲੈ ਕੇ ਪੂਰੇ ਪੰਜਾਬ ਅੰਦਰ ਹੀ ਘਮਸਾਨ ਸ਼ੁਰੂ ਹੋ ਗਿਆ, ਤਾਂ ਇਸ ਨਾਲ ਲੋਕਾਂ ਅੰਦਰ ਵੱਡੀ ਪੱਧਰ ‘ਤੇ ਬੇਭਰੋਸਗੀ ਅਤੇ ਬੇਵਿਸ਼ਵਾਸੀ ਪੈਦਾ ਹੋ ਗਈ।
ਪੰਜਾਬ ਵਿਧਾਨ ਸਭਾ ਚੋਣਾਂ ਵਿਚ ‘ਆਪ’ ਦੀ ਵੱਡੀ ਹਾਰ ਦਾ ਮੁੱਖ ਕਾਰਨ ਲੋਕਾਂ ਅੰਦਰ ਪੈਦਾ ਹੋਈ ਇਹ ਬੇਵਿਸ਼ਵਾਸੀ ਅਤੇ ਬੇਭਰੋਸਗੀ ਹੀ ਹੈ। ‘ਆਪ’ ਲੀਡਰਸ਼ਿਪ ਨੇ ਪੰਜਾਬ ਵਿਚ ਹਾਰ ਤੋਂ ਬਾਅਦ ਵੀ ਪੰਜਾਬੀਆਂ ਨੂੰ ਭਰੋਸੇ ਵਿਚ ਲੈਣ ਦਾ ਕੋਈ ਯਤਨ ਨਹੀਂ ਕੀਤਾ। ਅੱਜ ਹਾਲ ਇਹ ਹੈ ਕਿ ਪੰਜਾਬ ਦੇ ‘ਆਪ’ ਨਾਲ ਸੰਬੰਧਤ ਆਗੂ ਭਗਵੰਤ ਮਾਨ, ਗੁਰਪ੍ਰੀਤ ਘੁੱਗੀ, ਐੱਚ.ਐੱਸ. ਫੂਲਕਾ ਅਤੇ ਸੁਖਪਾਲ ਸਿੰਘ ਖਹਿਰਾ ਵਰਗੇ ਆਗੂ ਆਪੋ-ਆਪਣੀ ਡੱਫਲੀ ਵਜਾਉਂਦੇ ਫਿਰ ਰਹੇ ਹਨ। ਪਰ ਕੇਜਰੀਵਾਲ ਸਮੇਤ ਕੇਂਦਰੀ ਲੀਡਰਸ਼ਿਪ ਨੂੰ ਕਿਸੇ ਦਾ ਵੀ ਕੋਈ ਫਿਕਰ ਨਹੀਂ। ਹੁਣ ਦਿੱਲੀ ‘ਚ ਵਿਧਾਨ ਸਭਾ ਦੀ ਹੋਈ ਇਕ ਉਪ ਚੋਣ ਅਤੇ ਨਗਰ ਨਿਗਮ ਚੋਣਾਂ ਵਿਚ ਹੋਈ ਵੱਡੀ ਹਾਰ ਨੇ ‘ਆਪ’ ਨੂੰ ਵੱਡੇ ਸੰਕਟ ਵਿਚ ਸੁੱਟ ਦਿੱਤਾ ਹੈ। ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਨੇ ਭਾਵੇਂ ਹੁਣ ਇਹ ਐਲਾਨ ਤਾਂ ਕਰ ਦਿੱਤਾ ਹੈ ਕਿ ਬਹਾਨੇ ਬਣਾਉਣ ਦੀ ਬਜਾਏ ਅਸੀਂ ਆਪਣੇ ਪਿਛਲੇ ਦੀ ਆਤਮ ਪੜਚੋਲ ਕਰਾਂਗੇ, ਪਰ ਜਿਸ ਤਰ੍ਹਾਂ ਇਨ੍ਹਾਂ ਹਾਰਾਂ ਤੋਂ ਬਾਅਦ ਦਿੱਲੀ ਵਿਚ ਵੀ ਪਾਰਟੀ ਆਗੂਆਂ ਅੰਦਰ ਇਕ ਦੂਜੇ ਖਿਲਾਫ ਬਿਆਨਬਾਜ਼ੀ ਅਤੇ ਤੋਹਮਤਬਾਜ਼ੀ ਸ਼ੁਰੂ ਹੋ ਗਈ ਹੈ, ਉਸ ਨਾਲ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਨੂੰ ਹੁਣ ਆਪਣਾ ਵਜੂਦ ਬਚਾਅ ਕੇ ਰੱਖਣਾ ਵੀ ਮੁਸ਼ਕਿਲ ਹੋਵੇਗਾ। ‘ਆਪ’ ਲੀਡਰਸ਼ਿਪ ਲਈ ਇਹ ਹਾਲਤ ਇਕ ਭਵਸਾਗਰ ਤਰਨ ਵਰਗੀ ਹੈ। ਕੀ ਲੋਕਾਂ ਵਿਚ ਪੈਦਾ ਹੋਈ ਬੇਵਿਸ਼ਵਾਸੀ ਅਤੇ ਬੇਭਰੋਸਗੀ ਅਤੇ ਪਾਰਟੀ ਆਗੂਆਂ ਵਿਚਕਾਰ ਛਿੜੀ ਘਰੋਗੀ ਜੰਗ ਨੂੰ ਲੀਡਰਸ਼ਿਪ ਹੱਲ ਕਰ ਸਕੇਗੀ? ਇਸ ਸਵਾਲ ਦਾ ਨਿਤਾਰਾ ਹੀ ‘ਆਪ’ ਦੀ ਹੋਂਦ ਨੂੰ ਤੈਅ ਕਰੇਗਾ। ਪਰ ਪੰਜਾਬੀਆਂ ਦੇ ਮਨਾਂ ਅੰਦਰ ਤੀਸਰੇ ਬਦਲ ਦੀ ਉੱਠੀ ਇਹ ਚਿਣਗ ਵੀ ਇਕ ਚੀਸ ਹੀ ਬਣ ਕੇ ਰਹਿ ਗਈ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.