ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਸਿੱਖਾਂ ਨੂੰ ਸਹੀ ਲੀਡਰਸ਼ਿਪ ਦੀ ਵੱਡੀ ਲੋੜ
ਸਿੱਖਾਂ ਨੂੰ ਸਹੀ ਲੀਡਰਸ਼ਿਪ ਦੀ ਵੱਡੀ ਲੋੜ
Page Visitors: 2629

ਸਿੱਖਾਂ ਨੂੰ ਸਹੀ ਲੀਡਰਸ਼ਿਪ ਦੀ ਵੱਡੀ ਲੋੜ

ਸਿੱਖਾਂ ਨੂੰ ਸਹੀ ਲੀਡਰਸ਼ਿਪ ਦੀ ਵੱਡੀ ਲੋੜ
June 07
09:30 2017


ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਸਮੁੱਚੀ ਦੁਨੀਆਂ ਵਿਚ ਵਸੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਸਾਕਾ ਨੀਲਾ ਤਾਰਾ ਦੀ 33ਵੀਂ ਵਰ੍ਹੇਗੰਢ ਮਨਾਈ ਹੈ। 6 ਜੂਨ ਨੂੰ ਦਰਬਾਰ ਸਾਹਿਬ ਵਿਚ ਫੌਜ ਨੇ ਦਾਖਲ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਦਰਬਾਰ ਸਾਹਿਬ ਸਮੇਤ ਸਮੁੱਚੇ ਕੰਪਲੈਕਸ ਨੂੰ ਵੱਡਾ ਨੁਕਸਾਨ ਪਹੁੰਚਾਇਆ ਸੀ। ਇਸ ਘੱਲੂਘਾਰੇ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਅਤੇ ਸੰਘਰਸ਼ੀ ਸਿੰਘ ਮਾਰੇ ਗਏ ਸਨ। ਪੂਰੇ ਪੰਜਾਬ ਨੂੰ ਪੁਲਿਸ ਪਹਿਰੇ ਹੇਠ ਬਣਾ ਦਿੱਤਾ ਗਿਆ ਸੀ। ਦਰਬਾਰ ਸਾਹਿਬ ਉਪਰ ਹਮਲੇ ਦੀ ਚੀਸ ਅਜੇ ਵੀ ਲੋਕ ਮਨਾਂ ਵਿਚ ਉਸੇ ਤਰ੍ਹਾਂ ਹੀ ਪਾਈ ਜਾ ਰਹੀ ਹੈ। ਹਾਲਾਂਕਿ ਕੁੱਝ ਲੋਕਾਂ ਨੂੰ ਇਹ ਵਹਿਮ ਸੀ ਕਿ ਸਮੇਂ ਦੇ ਲੰਘਣ ਨਾਲ ਸਿੱਖ ਭਾਈਚਾਰਾ ਇਸ ਘਟਨਾ ਨੂੰ ਭੁੱਲ-ਭੁਲਾ ਜਾਵੇਗਾ। ਪਰ ਇੰਝ ਨਹੀਂ ਹੋਇਆ। ਜਿਵੇਂ-ਜਿਵੇਂ ਸਾਲ ਬੀਤਦੇ ਗਏ, ਇਸ ਘਟਨਾ ਦਾ ਪਰਛਾਵਾਂ ਸਿੱਖ ਮਨਾਂ ਵਿਚ ਹੋਰ ਗੂੜ੍ਹਾ ਹੁੰਦਾ ਗਿਆ ਹੈ। ਇਸ ਵਾਰ ਪੰਜਾਬ ਅੰਦਰ ਹੀ ਨਹੀਂ, ਸਗੋਂ ਪੂਰੀ ਦੁਨੀਆਂ ‘ਚ ਵਸੇ ਸਿੱਖਾਂ ਨੇ ਬੜੇ ਵੱਡੇ ਪੱਧਰ ‘ਤੇ ਇਹ ਦ੍ਰਿਸ਼ ਬਣਾਇਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮਾਗਮ ਹੋਏ ਹਨ। ਅਮਰੀਕਾ ਦੇ ਸ਼ਹਿਰ ਸਾਨ ਫਰਾਂਸਿਸਕੋ ਅਤੇ ਕੈਨੇਡਾ ਦੀ ਰਾਜਧਾਨੀ ਓਟਵਾ ਵਿਚ ਸਿੱਖਾਂ ਵੱਲੋਂ ਵੱਡਾ ਇਕੱਠ ਕੀਤਾ ਗਿਆ ਹੈ ਅਤੇ ਦੁਨੀਆਂ ਵਿਚ ਹੋਰ ਵੀ ਬਹੁਤ ਸਾਰੀਆਂ ਥਾਵਾਂ ਅਤੇ ਗੁਰੂ ਘਰਾਂ ਵਿਚ ਸਮਾਗਮ ਕਰਵਾਏ ਗਏ ਹਨ।
ਜੂਨ 1984 ਵਿਚ ਦਰਬਾਰ ਸਾਹਿਬ ਉਪਰ ਹਮਲੇ ਦੀ ਇਸ ਰੋਸਮਈ ਘਟਨਾ ਦੇ ਸੰਤਾਪ ਨੂੰ ਹੌਲਾ ਕਰਨ ਜਾਂ ਸਿੱਖ ਮਨਾਂ ਅੰਦਰ ਪੈਦਾ ਹੋਏ ਰੋਸ ਨੂੰ ਘਟਾਉਣ ਜਾਂ ਸਿੱਖਾਂ ਦਾ ਮੁੜ ਭਰੋਸਾ ਹਾਸਲ ਕਰਨ ਲਈ ਭਾਰਤ ਦੀਆਂ ਸਮੇਂ-ਸਮੇਂ ਬਣਦੀਆਂ ਸਰਕਾਰਾਂ ਨੇ ਕਿਸੇ ਵੀ ਤਰ੍ਹਾਂ ਦਾ ਯੋਗਦਾਨ ਨਹੀਂ ਪਾਇਆ। ਉਲਟਾ ਸਗੋਂ ਹਰ ਸਰਕਾਰ ਨੇ ਵਾਪਰੀ ਇਸ ਘਟਨਾ ਨੂੰ ਕਿਸੇ ਨਾ ਕਿਸੇ ਰੂਪ ਵਿਚ ਜਾਇਜ਼ ਠਹਿਰਾਉਣ ਦਾ ਯਤਨ ਹੀ ਕੀਤਾ ਹੈ। ਸਰਕਾਰ ਦੇ ਅਜਿਹੇ ਵਤੀਰੇ ਨੇ ਸਿੱਖਾਂ ਅੰਦਰ ਰੋਸ ਦੀ ਭਾਵਨਾ ਨੂੰ ਹੋਰ ਉਜਾਗਰ ਕੀਤਾ ਹੈ ਅਤੇ ਸਿੱਖ ਮਨਾਂ ਅੰਦਰ ਇਹ ਗੱਲ ਘਰ ਕਰ ਗਈ ਹੈ ਕਿ ਹਕੂਮਤ ਵੱਲੋਂ ਇਕ ਯੋਜਨਾਬੱਧ ਢੰਗ ਨਾਲ ਸਿੱਖਾਂ ਦੀ ਨਸਲਕੁਸ਼ੀ ਕਰਨ ਦਾ ਹੀ ਇਕ ਯਤਨ ਸੀ। ਇਤਿਹਾਸ ਵਿਚ ਅਜਿਹੇ ਬੜੇ ਮੌਕੇ ਆਏ ਹਨ, ਜਦ ਹਕੂਮਤਾਂ ਵੱਲੋਂ ਕਿਸੇ ਨਾ ਕਿਸੇ ਵਰਗ, ਭਾਈਚਾਰੇ ਜਾਂ ਫਿਰਕੇ ਨਾਲ ਵਿਤਕਰੇ ਅਤੇ ਵਧੀਕੀ ਦੀ ਵਾਰਦਾਤ ਕੀਤੀ ਗਈ ਹੈ। ਪਰ ਜੇਕਰ ਹਕੂਮਤਾਂ ਅਜਿਹੀਆਂ ਘਟਨਾਵਾਂ ਦਾ ਪਛਚਾਤਾਪ ਕਰ ਲੈਣ ਅਤੇ ਵਿਤਕਰੇ ਦੇ ਸ਼ਿਕਾਰ ਹੋਏ ਲੋਕਾਂ ਦਾ ਭਰੋਸਾ ਜਿੱਤਣ ਲਈ ਸੁਹਿਰਦ ਯਤਨ ਕਰਨ, ਤਾਂ ਆਪਸੀ ਭਰੱਪਣ ਅਤੇ ਸਹਿਯੋਗ ਮੁੜ ਪੈਦਾ ਹੋ ਜਾਂਦਾ ਹੈ।
ਪਰ ਸਿੱਖ ਭਾਈਚਾਰੇ ਦੇ ਮਾਮਲੇ ਵਿਚ ਅਜਿਹਾ ਨਹੀਂ ਵਾਪਰਿਆ। ਇਸ ਦੇ ਨਾਲ ਹੀ ਸਾਡੇ ਆਪਣੇ ਭਾਈਚਾਰੇ ਅੰਦਰ ਵੀ ਅਸੀਂ ਕੋਈ ਅਜਿਹੀ ਸੁਹਿਰਦ ਅਤੇ ਦੂਰਅੰਦੇਸ਼ੀ ਲੀਡਰਸ਼ਿਪ ਵੀ ਪੈਦਾ ਨਹੀਂ ਕਰ ਸਕੇ, ਜੋ ਸਿੱਖੀ ਅਸੂਲਾਂ ਉਪਰ ਪਹਿਰਾ ਦੇ ਸਕੇ ਅਤੇ ਬਾਹਰੀ ਹਮਲਿਆਂ ਤੋਂ ਸਾਡੇ ਸਮਾਜ ਨੂੰ ਓਟ-ਆਸਰਾ ਦੇ ਸਕੇ। ਅੱਜ ਸਿੱਖੀ ਸਮਾਜ ਨੂੰ ਆਪਣੇ ਅੰਦਰੋਂ ਹੀ ਅਨੇਕ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿੱਖ ਧਰਮ ਦਾ ਮੁੱਢ ਅਡੰਬਰਵਾਦ, ਅੰਧ-ਵਿਸ਼ਵਾਸ ਅਤੇ ਡੇਰਾਵਾਦ ਵਿਰੁੱਧ ਹੋਇਆ ਸੀ। ਪਰ ਅੱਜ ਅਸੀਂ ਜਦੋਂ ਆਪਣੇ ਅੰਦਰ ਝਾਤੀ ਮਾਰਦੇ ਹਾਂ, ਤਾਂ ਸਿੱਖ ਸਮਾਜ ਖੁਦ ਹੀ ਡੇਰਾਵਾਦ ਦਾ ਸ਼ਿਕਾਰ ਹੋ ਚੁੱਕਾ ਹੈ ਅਤੇ ਥਾਂ-ਥਾਂ ਅਡੰਬਰ ਅਤੇ ਅੰਧ ਵਿਸ਼ਵਾਸ ਫੈਲਿਆ ਦਿਖਾਈ ਦਿੰਦਾ ਹੈ। ਬੇਹੱਦ ਅਫਸੋਸਨਾਕ ਗੱਲ ਇਹ ਹੈ ਕਿ ਸਿੱਖ ਸਮਾਜ ਆਪਣੇ ਅੰਦਰ ਸੁਧਾਰਾਂ ਲਈ ਕੋਈ ਯਤਨ ਕਰਦਾ ਵੀ ਨਜ਼ਰ ਨਹੀਂ ਆ ਰਿਹਾ। ਅਸਲ ਵਿਚ ਇਕ ਵੱਡੇ ਦਾਇਰੇ ਵਾਲੀ ਸਿੱਖ ਲੀਡਰਸ਼ਿਪ ਅਜਿਹਾ ਰੋਲ ਅਦਾ ਕਰਨ ਦੇ ਯੋਗ ਹੋ ਸਕਦੀ ਹੈ। ਪਰ ਇਸ ਸਮੇਂ ਸਾਡੇ ਲੀਡਰ ਸਿੱਖੀ ਭਾਵਨਾਵਾਂ ਅਨੁਸਾਰ ਸਾਡੇ ਸਮਾਜ ਨੂੰ ਅਗਵਾਈ ਅਤੇ ਸੇਧ ਦੇਣ ਦੀ ਬਜਾਏ, ਖੁਦ ਆਪਣੇ ਨਿੱਜੀ ਹਿਤਾਂ ਦੁਆਲੇ ਹੀ ਵਧੇਰੇ ਸਰਗਰਮ ਹੋਏ ਦਿਖਾਈ ਦਿੰਦੇ ਹਨ। ਪੂਰੀ ਦੁਨੀਆਂ ਵਿਚ ਹੀ ਝਾਤੀ ਮਾਰੀਏ, ਤਾਂ ਅਸੀਂ ਦੇਖਦੇ ਹਾਂ ਕਿ ਸਾਡੇ ਗੁਰੂ ਘਰਾਂ ਦੀਆਂ ਕਮੇਟੀਆਂ ਆਪਸੀ ਲੜਾਈ-ਝਗੜਿਆਂ ਵਿਚ ਉਲਝੀਆਂ ਹੋਈਆਂ ਹਨ। ਥਾਂ-ਥਾਂ ਅਜਿਹੇ ਭੇਖੀ ਸੰਤ-ਮਹਾਤਮਾ ਪੈਦਾ ਹੋ ਗਏ ਹਨ, ਜੋ ਸਿੱਖੀ ਦੇ ਮੂਲ ਸਿਧਾਂਤ ਦੇ ਉਲਟ ਚੱਲਦੇ ਹਨ ਅਤੇ ਸਿੱਖੀ ਦਾ ਪ੍ਰਚਾਰ ਕਰਨ ਦੀ ਬਜਾਏ ਲੋਕਾਂ ਨੂੰ ਅਡੰਬਰ ਅਤੇ ਅੰਧ-ਵਿਸ਼ਵਾਸ ਵਾਲੇ ਪਾਸੇ ਲਗਾਉਂਦੇ ਹਨ।
ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਸਾਕਾ ਨੀਲਾ ਤਾਰਾ ਦੀ ਵਰ੍ਹੇਗੰਢ ਮਨਾਉਣ ਸਮੇਂ ਹੋਣ ਵਾਲੇ ਸਮਾਗਮਾਂ ਵਿਚ ਹਰ ਵਾਰ ਕਲੇਸ਼ ਅਤੇ ਝਗੜੇ ਹੁੰਦੇ ਹਨ। ਇਸ ਵਾਰ ਵੀ ਵੱਖ-ਵੱਖ ਜਥੇਬੰਦੀਆਂ ਅਤੇ ਸੰਗਠਨਾਂ ਵਿਚਕਾਰ ਆਪਸੀ ਟਕਰਾਅ ਅਤੇ ਤਨਾਅ ਵਾਲਾ ਮਾਹੌਲ ਬਣਿਆ ਰਿਹਾ। ਹੱਦ ਤਾਂ ਇਸ ਗੱਲ ਦੀ ਹੈ ਕਿ ਉਸ ਦਿਨ ਸਿੱਖ ਕੌਮ ਦੇ ਨਾਂ ਸੰਦੇਸ਼ ਕੌਣ ਪੜ੍ਹੇਗਾ, ਇਹ ਗੱਲ ਵੀ ਤਕਰਾਰ ਦਾ ਹਿੱਸਾ ਬਣ ਗਈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਮੇਸ਼ਾ ਖਾਸ ਮੌਕਿਆਂ ਉਪਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕੌਮ ਦੇ ਨਾਂ ਸੰਦੇਸ਼ ਪੜ੍ਹਦੇ ਆਏ ਹਨ। ਪਰ ਪਿਛਲੇ ਕੁੱਝ ਸਾਲਾਂ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੌਜੂਦਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਿਵਾਦ ਦਾ ਵਿਸ਼ਾ ਬਣ ਚੁੱਕੇ ਹਨ। ਕਰੀਬ 2 ਸਾਲ ਪਹਿਲਾਂ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ ਕਰਨ ਅਤੇ ਤੀਜੇ ਦਿਨ ਸਿੱਖਾਂ ਦੇ ਰੋਹ ਅੱਗੇ ਝੁੱਕਦਿਆਂ ਇਸ ਫੈਸਲੇ ਨੂੰ ਵਾਪਸ ਲੈਣ ਨਾਲ ਸਿੱਖ ਤਖਤਾਂ ਦੇ ਜਥੇਦਾਰਾਂ ਦੀ ਹਾਲਤ ਬੇਹੱਦ ਹਾਸੋਹੀਣੀ ਬਣ ਗਈ। ਉਸ ਸਮੇਂ ਇਹੀ ਸਮਝਿਆ ਜਾਂਦਾ ਸੀ ਕਿ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਨੇ ਇਹ ਫੈਸਲੇ ਸਿਆਸੀ ਦਬਾਅ ਅਧੀਨ ਹੀ ਲਏ ਹਨ।
ਕਿਸੇ ਦਾ ਸਿਆਸੀ ਤੌਰ ‘ਤੇ ਕੁਝ ਲਾਭ ਹੋਇਆ ਹੋਵੇ ਜਾਂ ਨਹੀਂ, ਇਹ ਗੱਲ ਵੱਖਰੀ ਹੈ ਪਰ ਸਿੱਖ ਜਗਤ ਦੀਆਂ ਮਹਾਨ ਸ਼ਖਸੀਅਤਾਂ ਨੂੰ ਇਸ ਫੈਸਲੇ ਨੇ ਵੱਡਾ ਧੱਕਾ ਲਾਇਆ ਹੈ। ਅੱਜ ਹਾਲਾਤ ਇਹ ਬਣ ਗਏ ਹਨ ਕਿ ਇਕ ਪਾਸੇ ਸ਼੍ਰੋਮਣੀ ਕਮੇਟੀ ਵੱਲੋਂ ਥਾਪੇ ਪੰਜ ਜਥੇਦਾਰ ਕੰਮ ਕਰ ਰਹੇ ਹਨ ਅਤੇ ਦੂਸਰੇ ਪਾਸੇ ਗਰਮ ਖਿਆਲੀ ਸੰਗਠਨਾਂ ਵੱਲੋਂ ਸੱਦੇ ਗਏ ਸਰਬੱਤ ਖਾਲਸਾ ਦੁਆਰਾ ਨਿਯੁਕਤ ਮੁਤਵਾਜ਼ੀ ਪੰਜ ਸਿੰਘ ਸਾਹਿਬਾਨ ਕੰਮ ਕਰ ਰਹੇ ਹਨ। ਅੱਜ ਅਸੀਂ ਦੇਖ ਰਹੇ ਹਾਂ ਕਿ ਪੂਰੀ ਦੁਨੀਆਂ ਵਿਚ ਹੀ ਧਾਰਮਿਕ, ਸਿਆਸੀ ਅਤੇ ਕਿਸੇ ਵੀ ਖੇਤਰ ਵਿਚ ਕੋਈ ਅਜਿਹੀ ਨਾਮਵਰ ਲੀਡਰਸ਼ਿਪ ਨਜ਼ਰ ਨਹੀਂ ਆਉਂਦੀ, ਜਿਸ ਉਪਰ ਸਿੱਖ ਭਰੋਸਾ ਕਰ ਸਕਣ ਜਾਂ ਜਿਸ ਆਗੂ ਵੱਲੋਂ ਕਹੀ ਗਈ ਗੱਲ ਉਪਰ ਸਿੱਖ ਜਗਤ ਫੁੱਲ ਚੜ੍ਹਾਉਣ ਲਈ ਤਿਆਰ ਹੋ ਜਾਵੇ। ਅਜਿਹੀ ਹਾਲਤ ਬੜੀ ਫਿਕਰ ਅਤੇ ਚਿੰਤਾ ਵਾਲੀ ਹੈ। ਸਿੱਖ ਭਾਈਚਾਰਾ ਇਕ ਪਾਸੇ ਇਸ ਵੇਲੇ ਸਰਵਵਿਆਪੀ ਸਥਾਨ ਹਾਸਲ ਕਰ ਚੁੱਕਾ ਹੈ। ਸਾਡਾ ਸਮਾਜ ਪੂਰੀ ਦੁਨੀਆਂ ਵਿਚ ਫੈਲ ਗਿਆ ਹੈ। ਹਰ ਥਾਂ ਅਸੀਂ ਆਪਣੇ ਧਾਰਮਿਕ ਅਸਥਾਨ ਕਾਇਮ ਕਰ ਲਏ ਹਨ। ਸਿੱਖਾਂ ਦੀ ਵੱਖਰੀ ਪਹਿਚਾਣ ਸਥਾਪਿਤ ਕਰਨ ਲਈ ਵੀ ਹਰ ਥਾਂ ਸਿੱਖ ਯਤਨਸ਼ੀਲ ਹਨ। ਕਾਰੋਬਾਰੀ ਖੇਤਰ ਵਿਚ ਵੀ ਦੁਨੀਆਂ ਅੰਦਰ ਸਿੱਖ ਕਿਸੇ ਤੋਂ ਘੱਟ ਨਹੀਂ। ਜਦੋਂ ਇਕ ਪਾਸੇ ਅਸੀਂ ਸਿੱਖ ਜਗਤ ਦੀਆਂ ਇੰਨੀਆਂ ਪ੍ਰਾਪਤੀਆਂ ਦੇਖਦੇ ਹਾਂ, ਤਾਂ ਦੂਜੇ ਪਾਸੇ ਇਸ ਪੱਖੋਂ ਨਿਰਾਸ਼ਤਾ ਪੱਲੇ ਪੈਂਦੀ ਹੈ ਕਿ ਸਿੱਖ ਇਸ ਵੇਲੇ ਇਕ ਸੁਹਿਰਦ, ਯੋਗ, ਨਿਰਸਵਾਰਥ ਅਤੇ ਦੂਰ-ਅੰਦੇਸ਼ ਲੀਡਰਸ਼ਿਪ ਤੋਂ ਵਾਂਝਾ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਤਖਤਾਂ ਦੇ ਸਿੰਘ ਸਾਹਿਬਾਨ ਸਿੱਖ ਜਗਤ ਅੰਦਰ ਵੱਡਾ ਮਾਣ-ਸਨਮਾਨ ਰੱਖਦੇ ਹਨ। ਸਿੱਖ ਧਰਮ ਦਾ ਕੇਂਦਰੀ ਧੁਰਾ ਅੰਮ੍ਰਿਤਸਰ ਹੈ ਅਤੇ ਹਮੇਸ਼ਾ ਰਹੇਗਾ। ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਪੂਰੀ ਦੁਨੀਆਂ ਵਿਚ ਵਸਦੇ ਸਿੱਖਾਂ ਲਈ ਪ੍ਰੇਰਨਾਸਰੋਤ ਹਨ। ਪਰ ਸਿੱਖ ਧਰਮ ਦੀ ਕਰੈਸਟਰੋਡੀਅਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਿਛਲੇ ਕਾਫੀ ਸਮੇਂ ਤੋਂ ਧਾਰਮਿਕ ਅਤੇ ਪ੍ਰਬੰਧਕ ਖੇਤਰ ਵਿਚ ਨਿਘਾਰ ਦਾ ਸ਼ਿਕਾਰ ਹੋਈ ਹੈ। ਸ਼੍ਰੋਮਣੀ ਕਮੇਟੀ ਬੇਲਿਹਾਜ਼ ਹੋ ਕੇ ਸਿੱਖ ਧਰਮ ਲਈ ਕੰਮ ਕਰਨ ਦੀ ਬਜਾਏ ਕਿਸੇ ਨਾ ਕਿਸੇ ਸਿਆਸੀ ਦਬਾਅ ਹੇਠ ਆ ਕੇ ਕੰਮ ਕਰਨ ਦੀ ਕੰਮਜ਼ੋਰੀ ਦਾ ਸ਼ਿਕਾਰ ਹੋ ਚੁੱਕੀ ਹੈ। ਸ਼੍ਰੋਮਣੀ ਕਮੇਟੀ ਵਿਚ ਨਿਘਾਰ ਦਾ ਸਭ ਤੋਂ ਵੱਡਾ ਕਾਰਨ ਇਸ ਵਿਚ ਹੱਦੋਂ ਵੱਧ ਸਿਆਸੀ ਦਖਲਅੰਦਾਜ਼ੀ ਹੀ ਹੈ। ਇਸ ਵੇਲੇ ਸ਼੍ਰੋਮਣੀ ਕਮੇਟੀ ਸਿੱਖ ਧਰਮ ਦਾ ਪ੍ਰਚਾਰ ਕਰਨ, ਸਿੱਖੀ ਅਸੂਲਾਂ ਅਤੇ ਮਰਿਆਦਾ ਅਨੁਸਾਰ ਚੱਲਣ ਅਤੇ ਸਿੱਖ ਸੰਸਥਾਵਾਂ ਦਾ ਸੁਯੋਗਤਾ ਨਾਲ ਪ੍ਰਬੰਧ ਕਰਨ ਵਿਚ ਬੇਹੱਦ ਪਛੜ ਗਈ ਹੈ। ਸਾਡੇ ਧਾਰਮਿਕ ਆਗੂ ਵੀ ਇਸ ਵੇਲੇ ਨਿਰੋਲ ਸਿੱਖੀ ਅਸੂਲਾਂ ਅਤੇ ਉਪਦੇਸ਼ਾਂ ਉੱਤੇ ਪਹਿਰਾ ਦੇਣ ਦੀ ਥਾਂ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਗਲਤ ਰਵਾਇਤਾਂ ਦੇ ਧਾਰਨੀ ਬਣੇ ਹੋਏ ਹਨ।
ਜੂਨ 84 ਦੇ ਸਾਕੇ ਦੀ ਵਰ੍ਹੇਗੰਢ ਮਨਾਉਣ ਸਮੇਂ ਸਮੂਹ ਸਿੱਖਾਂ ਨੂੰ ਸੁਹਿਰਦ ਹੋਣਾ ਚਾਹੀਦਾ ਹੈ ਅਤੇ ਆਪਣੇ ਮਨ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਕਿ ਉਹ ਗੁਰੂ ਸਾਹਿਬਾਨ ਵੱਲੋਂ ਦਿੱਤੇ ਗਏ ਉਪਦੇਸ਼ ਅਨੁਸਾਰ ਕਿੰਨਾ ਕੁ ਚੱਲਦੇ ਹਨ ਅਤੇ ਸਿੱਖ ਸਮਾਜ ਅੰਦਰ ਸੁਧਾਰ ਲਈ ਕਿੰਨੇ ਕੁ ਯਤਨ ਕਰਦੇ ਹਨ। ਅੱਜ ਲੋੜ ਇਸ ਗੱਲ ਦੀ ਹੈ ਕਿ ਅਸੀਂ ਸਿੱਖੀ ਸਮਾਜ ਅੰਦਰ ਅਡੰਬਰ, ਅੰਧ-ਵਿਸ਼ਵਾਸ ਅਤੇ ਵੱਡੀ ਪੱਧਰ ‘ਤੇ ਫੈਲੇ ਡੇਰਾਵਾਦ ਤੋਂ ਮੁਕਤੀ ਹਾਸਲ ਕਰਨ ਲਈ ਯਤਨ ਕਰੀਏ। ਅਜਿਹਾ ਕਾਰਜ ਤਾਂ ਹੀ ਸੰਭਵ ਹੈ, ਜੇਕਰ ਸਿੱਖ ਸਮਾਜ ਦੀ ਆਪਣੀ ਭਰੋਸੇਯੋਗ ਲੀਡਰਸ਼ਿਪ ਪੈਦਾ ਹੋਵੇ ਅਤੇ ਅਜਿਹੀ ਲੀਡਰਸ਼ਿਪ ਅਣਥੱਕ ਯਤਨ ਕਰਕੇ ਸਿੱਖ ਸਮਾਜ ਨੂੰ ਸਹੀ ਲੀਹਾਂ ਉਪਰ ਤੁਰਨ ਲਈ ਸੇਧ ਮੁਹੱਈਆ ਕਰੇ। ਅਜਿਹਾ ਕੁੱਝ ਕਰਨ ਲਈ ਸਭ ਤੋਂ ਜ਼ਰੂਰੀ ਗੱਲ, ਸਾਨੂੰ ਆਪਣੇ ਛੋਟੇ-ਛੋਟੇ ਸਵਾਰਥ ਤਿਆਗ ਕੇ ਸਮੁੱਚੇ ਸਿੱਖ ਸਮਾਜ ਹੀ ਨਹੀਂ, ਸਗੋਂ ਪੂਰੀ ਕਾਇਨਾਤ ਦੀ ਬਿਹਤਰੀ ਲਈ ਸੋਚਣ ਦੀ ਬਿਰਤੀ ਪੈਦਾ ਕਰੀਏ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.