ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਅੰਧ-ਵਿਸ਼ਵਾਸਾਂ ਤੋਂ ਮੁਕਤ ਨਹੀਂ ਹੋ ਰਹੇ ਪੰਜਾਬੀ
ਅੰਧ-ਵਿਸ਼ਵਾਸਾਂ ਤੋਂ ਮੁਕਤ ਨਹੀਂ ਹੋ ਰਹੇ ਪੰਜਾਬੀ
Page Visitors: 2816

ਅੰਧ-ਵਿਸ਼ਵਾਸਾਂ ਤੋਂ ਮੁਕਤ ਨਹੀਂ ਹੋ ਰਹੇ ਪੰਜਾਬੀ

ਅੰਧ-ਵਿਸ਼ਵਾਸਾਂ ਤੋਂ ਮੁਕਤ ਨਹੀਂ ਹੋ ਰਹੇ ਪੰਜਾਬੀ
August 09
10:25 2017

ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਪੰਜਾਬੀ ਭਾਈਚਾਰੇ ਦੇ ਲੋਕ ਦੁਨੀਆਂ ਭਰ ਵਿਚ ਜਾ ਵਸੇ ਹਨ ਅਤੇ ਚੰਗੇ ਪੜ੍ਹ-ਲਿਖ ਗਏ ਹਨ। ਪੰਜਾਬ ਦੀ ਧਰਤੀ ਉਪਰ ਸਿੱਖ ਗੁਰੂਆਂ ਦਾ ਉਪਦੇਸ਼ ਵੀ ਅੰਧਵਿਸ਼ਵਾਸਾਂ ਨੂੰ ਦੂਰ ਕਰਨ ਲਈ ਲਗਾਤਾਰ ਸੇਧ ਦਿੰਦਾ ਆ ਰਿਹਾ ਹੈ। ਪਰ ਇਸ ਗੱਲ ਦੇ ਬਾਵਜੂਦ ਬਹੁਤ ਸਾਰੇ ਪੰਜਾਬੀ ਅੰਧਵਿਸ਼ਵਾਸ, ਪਾਖੰਡ ਅਤੇ ਅਡੰਬਰਾਂ ਦੇ ਮੁਥਾਜ ਚਲੇ ਆ ਰਹੇ ਹਨ। ਪੰਜਾਬ ਵਿਚ ਇਸ ਵੇਲੇ ਇਕ ਅਜੀਬ ਕਿਸਮ ਦੇ ਅੰਧਵਿਸ਼ਵਾਸ ਨੇ ਪੇਂਡੂ ਲੋਕਾਂ ਨੂੰ ਗਦੀ-ਗੇੜ ਵਿਚ ਪਾਇਆ ਹੋਇਆ ਹੈ।             ਪੰਜਾਬ, ਖਾਸ ਕਰਕੇ ਮਾਲਵੇ ਤੋਂ ਆ ਰਹੀਆਂ ਖ਼ਬਰਾਂ ਵਿਚ ਦੱਸਿਆ ਜਾਂਦਾ ਹੈ ਕਿ ਇਕ ਖੇਤਰ ਦੀਆਂ ਔਰਤਾਂ ਦੇ ਭੇਦਭਰੇ ਹਾਲਤ ਵਿਚ ਵਾਲ ਕੱਟ ਦਿੱਤੇ ਜਾਂਦੇ ਹਨ। ਮੁਕਤਸਰ, ਮਾਨਸਾ ਅਤੇ ਫਰੀਦਕੋਟ ਜ਼ਿਲ੍ਹਿਆਂ ਵਿਚ ਅਜਿਹੀਆਂ ਕਈ ਘਟਨਾਵਾਂ ਵਾਪਰੀਆਂ ਦੱਸੀਆਂ ਜਾਂਦੀਆਂ ਹਨ, ਜਿਨ੍ਹਾਂ ਵਿਚ ਔਰਤਾਂ ਕਹਿੰਦੀਆਂ ਹਨ ਕਿ ਉਹ ਰਾਤ ਨੂੰ ਜਾਂ ਦਿਨ ਵੇਲੇ ਜਦ ਸੁੱਤੀਆਂ ਪਈਆਂ ਸਨ, ਤਾਂ ਅਚਾਨਕ ਕੋਈ ਪਰਛਾਵਾਂ ਜਾਂ ਗੈਬੀ ਸ਼ਕਤੀ ਆਈ ਅਤੇ ਉਨ੍ਹਾਂ ਨੂੰ ਆਪਣੇ ਵਾਲ ਕੱਟੇ ਜਾਣ ਦਾ ਪਤਾ ਲੱਗਾ ਅਤੇ ਫਿਰ ਉਨ੍ਹਾਂ ਨੂੰ ਉਹ ਪਰਛਾਵਾਂ ਜਾਂ ਗੈਬੀ ਸ਼ਕਤੀ ਘਰ ਵਿਚੋਂ ਬਾਹਰ ਜਾਂਦਿਆਂ ਦਿਖਾਈ ਦਿੱਤੀ। ਕਈ ਔਰਤਾਂ ਦੇ ਗੁਸਲਖਾਨੇ ਵਿਚ ਨਹਾਉਣ ਸਮੇਂ ਵਾਲ ਕੱਟੇ ਜਾਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਬਹੁਤੇ ਮਾਮਲਿਆਂ ਵਿਚ ਤਾਂ ਅਜੇ ਪਰਦਾਫਾਸ਼ ਨਹੀਂ ਹੋਇਆ।
      ਜਿਵੇਂ ਮੁਕਤਸਰ ਲਾਗੇ ਇਕ ਪਿੰਡ ਦੀ ਔਰਤ ਦਾ ਕਹਿਣਾ ਹੈ ਕਿ ਉਹ ਦੁਪਹਿਰ ਸਮੇਂ ਆਪਣੇ ਘਰ ਵਿਚ ਸੁੱਤੀ ਪਈ ਸੀ, ਤਾਂ ਉਸ ਨੂੰ ਅਚਾਨਕ ਆਪਣੇ ਵਾਲ ਕੱਟੇ ਜਾਣ ਦਾ ਅਹਿਸਾਸ ਹੋਇਆ। ਜਦ ਉਹ ਉੱਠੀ, ਤਾਂ ਉਸ ਦੇ ਸਿਰ ਦੀ ਗੁੱਤ ਕੱਟੀ ਗਈ ਸੀ ਅਤੇ ਉਸ ਨੂੰ ਘਰ ਵਿਚੋਂ ਬਾਹਰ ਜਾਂਦੀ ਕਿਸੇ ਔਰਤ ਦਾ ਪਰਛਾਵਾਂ ਦਿਖਾਈ ਦਿੱਤਾ। ਇਸੇ ਤਰ੍ਹਾਂ ਮਾਨਸਾ ਜ਼ਿਲ੍ਹੇ ਦੇ ਕਸਬਾ ਬਰੇਟਾ ਵਿਚ ਵੀ ਇਕ ਗਰੀਬ ਔਰਤ ਦੇ ਘਰ ਵਿਚ ਹੀ ਸੁੱਤੇ ਹੋਣ ਸਮੇਂ ਵਾਲ ਕੱਟੇ ਗਏ। ਫਰੀਦਕੋਟ ਜ਼ਿਲ੍ਹੇ ਵਿਚ ਪਿੰਡ ਰਾਮਿਆਣਾ ਅਤੇ ਫਰੀਦਕੋਟ ਸ਼ਹਿਰ ਦੀ ਡੋਗਰ ਬਸਤੀ ਵਿਚ ਦੋ ਨੌਜਵਾਨ ਔਰਤਾਂ ਦੇ ਵੀ ਵਾਲ ਕੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ। ਪਰ ਇਨ੍ਹਾਂ ਦੋਵਾਂ ਘਟਨਾਵਾਂ ਵਿਚ ਸੱਚਾਈ ਕੁੱਝ ਹੋਰ ਹੀ ਸਾਹਮਣੇ ਆਈ। ਅਸਲ ਵਿਚ ਦੋਵਾਂ ਨੌਜਵਾਨ ਕੁੜੀਆਂ ਨੇ ਕਿਸੇ ਪ੍ਰਭਾਵ ਹੇਠ ਆ ਕੇ ਆਪ ਹੀ ਆਪਣੇ ਵਾਲ ਕੱਟ ਲਏ। ਵਰਣਨਯੋਗ ਗੱਲ ਇਹ ਹੈ ਕਿ ਵਾਲ ਕੱਟੇ ਜਾਣ ਦੀਆਂ ਅਜਿਹੀਆਂ ਘਟਨਾਵਾਂ ਮਾਨਸਾ, ਬਠਿੰਡਾ, ਮੁਕਤਸਰ, ਫਰੀਦਕੋਟ ਆਦਿ ਉਨ੍ਹਾਂ ਜ਼ਿਲ੍ਹਿਆਂ ਵਿਚ ਹੀ ਵਧੇਰੇ ਵਾਪਰ ਰਹੀਆਂ ਹਨ, ਜਿੱਥੇ ਪਹਿਲਾਂ ਹੀ ਕਰਜ਼ੇ ਹੇਠ ਦੱਬੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ।
    ਪੰਜਾਬ ਦੇ ਮੀਡੀਏ, ਖਾਸਕਰ ਸੋਸ਼ਲ ਮੀਡੀਏ ਨੇ ਔਰਤਾਂ ਦੀਆਂ ਗੁੱਤਾਂ ਕੱਟਣ ਦੀਆਂ ਘਟਨਾਵਾਂ ਨੂੰ ਇਸ ਤਰ੍ਹਾਂ ਤੂਲ ਦਿੱਤਾ ਹੈ ਕਿ ਇਹ ਇਕ ਵੱਡੀ ਸਮੱਸਿਆ ਵਜੋਂ ਲੋਕਾਂ ਵਿਚ ਉਭਰ ਰਹੀਆਂ ਹਨ। ਅਜਿਹੀਆਂ ਘਟਨਾਵਾਂ ਬਾਰੇ ਅੰਧਵਿਸ਼ਵਾਸੀ ਅਤੇ ਅਨਪੜ੍ਹ ਲੋਕਾਂ ਵਿਚ ਇਹ ਅਫਵਾਹਾਂ ਉੱਡ ਰਹੀਆਂ ਹਨ ਕਿ ਅਜਿਹਾ ਕਿਸੇ ਗੈਬੀ ਸ਼ਕਤੀ ਕਾਰਨ ਵਾਪਰ ਰਿਹਾ ਹੈ। ਜਾਂ ਕਿਸੇ ਖਾਸ ਪਰਾਏ ਦੇ ਮਾੜੇ ਪਰਛਾਵੇਂ ਕਾਰਨ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਜਦਕਿ ਵਿਗਿਆਨਕ ਸੋਚ ਦੇ ਧਾਰਨੀ ਅਤੇ ਤਰਕਸ਼ੀਲ ਵਿਚਾਰਾਂ ਵਾਲੇ ਲੋਕ ਅਜਿਹੀਆਂ ਘਟਨਾਵਾਂ ਨੂੰ ਮਾਨਸਿਕ ਰੋਗ, ਵਾਲਾਂ ਦੀ ਤਸਕਰੀ, ਦਹਿਸ਼ਤ ਫੈਲਾਉਣ ਦੀ ਸਾਜ਼ਿਸ਼ ਅਤੇ ਸ਼ਰਾਰਤੀ ਅਨਸਰਾਂ ਵੱਲੋਂ ਆਮ ਲੋਕਾਂ ਨੂੰ ਵਹਿਮ-ਭਰਮ, ਕਰਮਕਾਂਡ ਅਤੇ ਅੰਧਵਿਸ਼ਵਾਸ ਵਿਚ ਫਸਾਉਣ ਦੀ ਸਾਜ਼ਿਸ਼ ਦਾ ਹੀ ਹਿੱਸਾ ਦੱਸ ਰਹੇ ਹਨ। ਦੋ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿਚ ਸੰਬੰਧਤ ਔਰਤਾਂ ਨੇ ਆਪ ਹੀ ਆਪਣੀਆਂ ਗੁੱਤਾਂ ਕੱਟ ਲਈਆਂ। ਕੋਟਕਪੁਰਾ ਨੇੜਲੇ ਪਿੰਡ ਰਮਿਆਣੇ ਵਿਚ ਇਕ ਦਲਿਤ ਔਰਤ ਦੀ ਗੁੱਤ ਕੱਟੇ ਜਾਣ ਦਾ ਮਾਮਲੇ ਸਾਹਮਣੇ ਆਇਆ ਹੈ। ਪਰ ਉਸੇ ਸ਼ਾਮ ਜਦ ਪਿੰਡ ਦੇ ਅਗਾਂਹਵਧੂ ਨੌਜਵਾਨਾਂ ਨੇ ਨੇੜਲੇ ਪਿੰਡ ਬਰਗਾੜੀ ਵਿਖੇ ਤਰਕਸ਼ੀਲ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਮਨੋਰੋਗ ਕੇਂਦਰ ਦੇ ਸੰਚਾਲਕਾਂ ਨਾਲ ਸੰਪਰਕ ਕੀਤਾ, ਤਾਂ ਗੱਲ ਕੋਈ ਹੋਰ ਹੀ ਨਿਕਲੀ। ਮਨੋਰੋਗੀ ਕੇਂਦਰ ਦੇ ਸੰਚਾਲਕ ਅਤੇ ਮਾਨਸਿਕ ਰੋਗਾਂ ਦੇ ਮਾਹਰ ਡਾ. ਚੰਨਣ ਵਾਂਦਰ ਨੇ ਪੀੜਤ ਔਰਤ ਨੂੰ ਭਰੋਸੇ ਵਿਚ ਲੈ ਕੇ ਉਸ ਨਾਲ ਲੰਬੀ ਗੱਲਬਾਤ ਕੀਤੀ ਅਤੇ ਪੀੜਤ ਔਰਤ ਖੁਦ ਹੀ ਮਨ ਗਈ ਕਿ ਆਪਣੀ ਗੁੱਤ ਉਸ ਨੇ ਖੁਦ ਹੀ ਬਲੇਡ ਨਾਲ ਕੱਟੀ ਸੀ। ਉਕਤ ਔਰਤ ਨੇ ਪ੍ਰਵਾਨ ਕੀਤਾ ਕਿ ਛੋਟੀ ਉਮਰੇ ਉਸ ਨੂੰ ਲੜਕਿਆਂ ਵਾਂਗ ਆਪਣੇ ਵਾਲ ਕੱਟ ਕੇ ਰੱਖਣ ਦੀ ਆਦਤ ਸੀ ਤੇ ਹੁਣ ਵੀ ਉਹ ਬਾਲ ਉਮਰ ਵਾਲੇ ਸਟਾਈਲ ਨੂੰ ਅਪਣਾਉਣਾ ਚਾਹੁੰਦੀ ਸੀ।
     ਮਾਨਸਿਕ ਰੋਗਾਂ ਦੇ ਮਾਹਰ ਡਾਕਟਰ ਦਾ ਕਹਿਣਾ ਹੈ ਕਿ 99 ਫੀਸਦੀ ਲੜਕੀਆਂ ਜਾਂ ਔਰਤਾਂ ਖੁਦ ਆਪਣੇ ਵਾਲ ਕੱਟ ਕੇ ਪਾਖੰਡ ਕਰਦੀਆਂ ਹਨ। ਉਨ੍ਹਾਂ ਇਸ ਗੱਲ ਦਾ ਵੀ ਖੰਡਨ ਕੀਤਾ ਕਿ ਪੰਜਾਬ ਅੰਦਰ ਵਾਲ ਕੱਟੇ ਜਾਣ ਦੇ ਤਿੰਨ ਦਿਨਾਂ ਬਾਅਦ ਕਿਸੇ ਔਰਤ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਅੱਜ ਤੱਕ ਮੌਤ ਹੋਣ ਦੀ ਘਟਨਾ ਵਾਪਰਨ ਦੀ ਪੁਸ਼ਟੀ ਨਹੀਂ ਹੋਈ ਹੈ। ਇਸੇ ਤਰ੍ਹਾਂ ਫਰੀਦਕੋਟ ਸ਼ਹਿਰ ਦੀ ਡੋਗਰ ਬਸਤੀ ਵਿਚ ਇਕ ਘਟਨਾ ਵਾਪਰੀ। ਇਸ ਘਟਨਾ ਵਿਚ ਗੁਸਲਖਾਨੇ ਵਿਚ ਨਹਾਉਣ ਸਮੇਂ ਇਕ ਨੌਜਵਾਨ ਔਰਤ ਦੀ ਗੁੱਤ ਕੱਟੇ ਜਾਣ ਦੀ ਗੱਲ ਸਾਹਮਣੇ ਆਈ। ਉਕਤ ਨੌਜਵਾਨ ਔਰਤ ਨੇ ਗੁਸਲਖਾਨੇ ਵਿਚ ਹੀ ਵਾਲ ਕੱਟੇ ਜਾਣ ਬਾਰੇ ਰੌਲਾ ਪਾ ਦਿੱਤਾ। ਪਰ ਜਦ ਪੁਲਿਸ ਨੇ ਮਾਮਲੇ ਦੀ ਤਹਿ ਤੱਕ ਜਾਣ ਦਾ ਯਤਨ ਕੀਤਾ, ਤਾਂ ਗੁਸਲਖਾਨੇ ਵਿਚ ਪਏ ਬਲੇਡ ਨੇ ਸਾਰੇ ਮਾਮਲੇ ਉਪਰੋਂ ਪਰਦਾ ਚੁੱਕ ਦਿੱਤਾ। ਸੰਬੰਧਤ ਨੌਜਵਾਨ ਲੜਕੀ ਵੀ ਮੰਨ ਗਈ ਕਿ ਉਸ ਨੇ ਖੁਦ ਆਪਣੀ ਗੁੱਤ ਬਲੇਡ ਨਾਲ ਕੱਟੀ ਸੀ ਅਤੇ ਇਸ ਦੌਰਾਨ ਬਲੇਡ ਉਸ ਦੇ ਹੱਥ ਉਪਰ ਲੱਗ ਗਿਆ ਸੀ। ਇਸ ਤਰ੍ਹਾਂ ਦੀਆਂ ਹੋਰ ਵੀ ਬੜੀਆਂ ਕਹਾਣੀਆਂ ਹਨ। ਪਰ ਅਜਿਹਾ ਇਕ ਵੀ ਤੱਥ ਸਾਹਮਣੇ ਨਹੀਂ ਆਇਆ ਕਿ ਕਿਸੇ ਔਰਤ ਦੀ ਗੁੱਤ ਕਿਸੇ ਗੈਬੀ ਸ਼ਕਤੀ ਨੇ ਕੱਟੀ ਹੋਵੇ, ਜਾਂ ਕੋਈ ਪਰਛਾਵਾਂ ਉਸ ਉਪਰ ਹਾਵੀ ਹੋ ਗਿਆ ਹੋਵੇ। ਗੁੱਤ ਕੱਟੇ ਜਾਣ ਦੀਆਂ ਅਫਵਾਹਾਂ ਨੇ ਮਾਲਵੇ ਦੇ ਪੇਂਡੂ ਖੇਤਰ ਵਿਚ ਕਾਫੀ ਦਹਿਸ਼ਤ ਅਤੇ ਡਰ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ।
      ਸਾਧਾਰਨ ਗਰੀਬ ਲੋਕਾਂ ਅੰਦਰ ਪੈਦਾ ਹੋਇਆ ਇਹ ਡਰ ਅਤੇ ਅੰਧਵਿਸ਼ਵਾਸ ਹੀ ਕੁੱਝ ਗੈਬੀ ਸ਼ਕਤੀਆਂ ਦੇ ਮਾਹਰ ਅਖਵਾਉਣ ਵਾਲੇ ਤਾਂਤਰਿਕ, ਬਾਬੇ ਅਤੇ ਸਿਆਣਿਆਂ ਦੀਆਂ ਪੌਂ ਬਾਰਾਂ ਕਰ ਰਿਹਾ ਹੈ। ਪਾਖੰਡ ਅਤੇ ਅੰਧਵਿਸ਼ਵਾਸ ਵਿਚ ਫਸੇ ਇਹ ਲੋਕ ਫਿਰ ਅਜਿਹੇ ਬਾਬਿਆਂ ਅੱਗੇ ਅੱਡੀਆਂ ਰਗੜਨ ਲੱਗ ਪੈਂਦੇ ਹਨ। ਲੋਕਾਂ ਦੀ ਮਜਬੂਰੀ ਦਾ ਨਾਜਾਇਜ਼ ਫਾਇਦਾ ਉਠਾਉਂਦਿਆਂ ਅਤੇ ਉਨ੍ਹਾਂ ਨੂੰ ਮਾਨਸਿਕ ਤੌਰ ‘ਤੇ ਹੋਰ ਪੀੜਤ ਕਰਦਿਆਂ ਅਜਿਹੇ ਬਾਬੇ ਫਿਰ ਉਨ੍ਹਾਂ ਦੀ ਖੂਭ ਲੁੱਟ ਕਰਦੇ ਹਨ।
      ਸਾਡਾ ਸਮਾਜ ਅੱਜ 21ਵੀਂ ਸਦੀ ਵਿਚੋਂ ਲੰਘ ਰਿਹਾ ਹੈ। ਦੁਨੀਆਂ ਬੇਹੱਦ ਤਰੱਕੀ ਕਰ ਗਈ ਹੈ। ਹਰ ਚੀਜ਼ ਪਿੱਛੇ ਛੁਪੇ ਕਾਰਨਾਂ ਨੂੰ ਲੱਭਣ ਲਈ ਖੋਜਾਂ ਕਰਨ ਵਾਸਤੇ ਬੜਾ ਕੁੱਝ ਵਿਕਸਿਤ ਹੋ ਗਿਆ ਹੈ। ਅਜਿਹੇ ਸਮੇਂ ਵੀ ਜੇਕਰ ਸਾਡਾ ਸਮਾਜ ਅਜਿਹੇ ਅੰਧਵਿਸ਼ਵਾਸ ਅਤੇ ਅਡੰਬਰਾਂ ਵਿਚ ਫਸਿਆ ਹੋਇਆ ਹੈ, ਤਾਂ ਇਹ ਗੱਲ ਸਾਡੇ ਲਈ ਬੇਹੱਦ ਚਿੰਤਾ ਦਾ ਵਿਸ਼ਾ ਹੈ। ਸਿੱਖ ਗੁਰੂਆਂ ਵੱਲੋਂ ਦਿੱਤੇ ਬੁਨਿਆਦੀ ਫਲਸਫੇ ਅਤੇ ਉਪਦੇਸ਼ ਵਿਚ ਲੋਕਾਂ ਨੂੰ ਹਰ ਤਰ੍ਹਾਂ ਦੇ ਅਡੰਬਰ, ਅੰਧਵਿਸ਼ਵਾਸ ਅਤੇ ਗੈਬੀ ਸ਼ਕਤੀਆਂ ਦੇ ਭੁਲੇਖੇ ‘ਚੋਂ ਦੂਰ ਰਹਿਣ ਲਈ ਕਿਹਾ ਗਿਆ ਹੈ। ਸਿੱਖ ਧਰਮ ਨੇ ਇਸ ਤਰ੍ਹਾਂ ਦੇ ਹਰ ਅਡੰਬਰ ਦਾ ਖੰਡਨ ਕੀਤਾ ਹੈ। ਇਸੇ ਤਰ੍ਹਾਂ ਪੰਜਾਬ ਅੰਦਰ ਤਰਕਸ਼ੀਲ ਸੁਸਾਇਟੀ ਅਤੇ ਹੋਰ ਵਿਗਿਆਨਕ ਵਿਚਾਰਧਾਰਾ ਵਾਲੇ ਲੋਕ ਵੀ ਲਗਾਤਾਰ ਲੋਕਾਂ ਨੂੰ ਚੇਤੰਨ ਕਰਦੇ ਆ ਰਹੇ ਹਨ।
      ਪੰਜਾਬ ਵਿਚ ਪੈਦਾ ਹੋਏ ਇਹ ਅਡੰਬਰ ਅਤੇ ਅੰਧਵਿਸ਼ਵਾਸ ਅਜਿਹੇ ਸਮੂਹ ਲੋਕਾਂ ਨੂੰ ਮੁੜ ਫਿਰ ਇਕ ਵੱਡੀ ਚੁਣੌਤੀ ਪੇਸ਼ ਕਰ ਰਹੇ ਹਨ। ਸਮੂਹ ਤਰਕਸ਼ੀਲ ਸੁਸਾਇਟੀਆਂ ਅਤੇ ਤਰਕਸ਼ੀਲ ਵਿਚਾਰਾਂ ਦੇ ਧਾਰਨੀਆਂ ਨੂੰ ਚਾਹੀਦਾ ਹੈ ਕਿ ਉਹ ਜਿੱਥੇ ਕਿਤੇ ਵੀ ਘਟਨਾ ਵਾਪਰਦੀ ਹੈ, ਉਥੇ ਜਾ ਕੇ ਹਾਲਾਤ ਦਾ ਸਹੀ ਜਾਇਜ਼ਾ ਲੈਣ ਅਤੇ ਉਸ ਦੀ ਅਸਲੀ ਹਕੀਕਤ ਨੂੰ ਲੋਕਾਂ ਸਾਹਮਣੇ ਉਘਾੜਨ, ਤਾਂ ਕਿ ਆਮ ਲੋਕਾਂ ਨੂੰ ਪਤਾ ਲੱਗ ਸਕੇ ਕਿ ਇਹ ਅਡੰਬਰ ਅਤੇ ਸਾਜ਼ਿਸ਼ਾਂ ਕਿਸੇ ਗੈਬੀ ਸ਼ਕਤੀ ਦਾ ਨਤੀਜਾ ਨਹੀਂ ਹਨ। ਸਗੋਂ ਜਾਂ ਤਾਂ ਕਿਸੇ ਮਨਚਲੇ ਵੱਲੋਂ ਆਪਣੀਆਂ ਖਾਹਿਸ਼ਾਂ ਦੀ ਪੂਰਤੀ ਲਈ ਕੀਤੀ ਕਾਰਵਾਈ ਹੁੰਦੀ ਹੈ, ਜਾਂ ਕਿਸੇ ਸ਼ਰਾਰਤੀ ਵੱਲੋਂ ਅਜਿਹੀ ਘਟਨਾ ਕਰਕੇ ਲੋਕਾਂ ਅੰਦਰ ਦਹਿਸ਼ਤ ਫੈਲਾਉਣ ਦਾ ਯਤਨ ਹੁੰਦਾ ਹੈ। ਸਿੱਖ ਧਾਰਮਿਕ ਸੰਸਥਾਵਾਂ ਨੂੰ ਵੀ ਅਜਿਹੇ ਅੰਧਵਿਸ਼ਵਾਸ ਖਿਲਾਫ ਲੋਕਾਂ ਨੂੰ ਜਾਗ੍ਰਿਤ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਇਹ ਚੰਗੀ ਗੱਲ ਹੈ ਕਿ ਕਈ ਧਾਰਮਿਕ ਸ਼ਖਸੀਅਤਾਂ ਅਤੇ ਸਿੱਖ ਧਾਰਮਿਕ ਜਥੇਬੰਦੀਆਂ ਨੇ ਵੀ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਵਿਰੁੱਧ ਆਵਾਜ਼ ਉਠਾਉਣੀ ਸ਼ੁਰੂ ਕੀਤੀ ਹੈ।
      ਵਿਦੇਸ਼ਾਂ ਵਿਚ ਬੈਠੇ ਪੰਜਾਬੀਆਂ ਨੂੰ ਵੀ ਅਜਿਹੇ ਅੰਧਵਿਸ਼ਵਾਸ, ਅਡੰਬਰ ਅਤੇ ਪਾਖੰਡ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਅਜਿਹੇ ਪਾਖੰਡੀਆਂ ਅਤੇ ਦੰਭੀਆਂ ਵੱਲੋਂ ਵਿਦੇਸ਼ਾਂ ਵਿਚ ਵੀ ਤਾਂਤਰਿਕਾਂ ਅਤੇ ਬਾਬਿਆਂ ਦੇ ਰੂਪ ਵਿਚ ਬਥੇਰਾ ਲੁੱਟਿਆ ਜਾਂਦਾ ਰਿਹਾ ਹੈ ਅਤੇ ਅਜਿਹੇ ਬਾਬੇ ਅਤੇ ਤਾਂਤਰਿਕ ਅਜੇ ਵੀ ਕਈ ਥਾਵਾਂ ਉਪਰ ਆਪਣੇ ਅਡੰਬਰ ਚਲਾ ਰਹੇ ਹਨ। ਸਾਨੂੰ ਵਿਦੇਸ਼ਾਂ ਵਿਚ ਰਹਿੰਦਿਆਂ ਹੀ ਇਸ ਕਿਸਮ ਦੇ ਦੰਭ, ਪਾਖੰਡ ਅਤੇ ਅਡੰਬਰ ਤੋਂ ਬਚਣਾ ਚਾਹੀਦਾ ਹੈ ਅਤੇ ਮਾਨਸਿਕ ਰੋਗ, ਘਰੇਲੂ ਕਲੇਸ਼ ਜਾਂ ਕਿਸੇ ਹੋਰ ਤਰ੍ਹਾਂ ਦੇ ਮਾਨਸਿਕ ਦਬਾਅ ਹੇਠ ਕੀਤੀਆਂ ਗੱਲਾਂ ਨੂੰ ਗੈਬੀ ਸ਼ਕਤੀਆਂ ਨਾ ਸਮਝ ਕੇ ਉਸ ਦੇ ਅਸਲ ਕਾਰਨਾਂ ਨੂੰ ਦੂਰ ਕਰਨ ਵੱਲ ਜਾਣਾ ਚਾਹੀਦਾ ਹੈ। ਅੱਜ ਦਾ ਸਮਾਜ ਬੇਹੱਦ ਤਨਾਅ ਅਤੇ ਉਲਝਣ ਭਰਿਆ ਹੈ। ਅਜਿਹੇ ਸਮੇਂ ਮਾਨਸਿਕ ਤਨਾਅ ਅਤੇ ਮਾਨਸਿਕ ਰੋਗ ਪੈਦਾ ਹੋਣੇਂ ਕੁਦਰਤੀ ਗੱਲ ਹੈ। ਅਜਿਹੀਆਂ ਸਮੱਸਿਆਵਾਂ ਦਾ ਹੱਲ ਅੰਧਵਿਸ਼ਵਾਸ ਨਹੀਂ, ਸਗੋਂ ਮਾਨਸਿਕ ਤਨਾਅ ਦੂਰ ਕਰਨ ਲਈ ਅਸਲ ਕਾਰਨਾਂ ਨੂੰ ਸਮਝਣ ਅਤੇ ਦੂਰ ਕਰਨ ਦਾ ਯਤਨ ਹੋਣਾ ਚਾਹੀਦਾ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.