ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਨੌਰਥ ਅਮਰੀਕਾ ‘ਚ ਡਰੱਗ ਮਾਫੀਆ ‘ਤੇ ਹੋਣ ਲੱਗੀ ਪੰਜਾਬੀਆਂ ਦੀ ਸਰਦਾਰੀ
ਨੌਰਥ ਅਮਰੀਕਾ ‘ਚ ਡਰੱਗ ਮਾਫੀਆ ‘ਤੇ ਹੋਣ ਲੱਗੀ ਪੰਜਾਬੀਆਂ ਦੀ ਸਰਦਾਰੀ
Page Visitors: 2481

ਨੌਰਥ ਅਮਰੀਕਾ ‘ਚ ਡਰੱਗ ਮਾਫੀਆ ‘ਤੇ ਹੋਣ ਲੱਗੀ ਪੰਜਾਬੀਆਂ ਦੀ ਸਰਦਾਰੀ

ਨੌਰਥ ਅਮਰੀਕਾ ‘ਚ ਡਰੱਗ ਮਾਫੀਆ ‘ਤੇ ਹੋਣ ਲੱਗੀ ਪੰਜਾਬੀਆਂ ਦੀ ਸਰਦਾਰੀ
August 23
10:29 2017
ਡਰੱਗ ਗੈਂਗਵਾਰ ‘ਚ 200 ਤੋਂ ਵਧੇਰੇ ਨੌਜਵਾਨ ਕਤਲ
ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਕੈਨੇਡਾ ਦੀ ਧਰਤੀ ਉਪਰ ਇਕ ਸਦੀ ਤੋਂ ਪਹਿਲਾਂ ਵਸਣੇ ਸ਼ੁਰੂ ਹੋਏ ਪੰਜਾਬੀਆਂ ਨੇ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਅਨੇਕ ਤਰ੍ਹਾਂ ਦੇ ਵਪਾਰ, ਪ੍ਰਸ਼ਾਸਨਿਕ ਅਹੁਦਿਆਂ ਅਤੇ ਵਿੱਦਿਅਕ ਖੇਤਰ ਵਿਚ ਅਹਿਮ ਸਥਾਨ ਕਾਇਮ ਕਰ ਲਏ ਹਨ। ਸਿਆਸੀ ਖੇਤਰ ਵਿਚ ਤਾਂ ਕੈਨੇਡਾ ਦੀ ਧਰਤੀ ਉਪਰ ਪੰਜਾਬੀਆਂ ਦੀਆਂ ਕੋਈ ਰੀਸਾਂ ਹੀ ਨਹੀਂ ਹਨ। ਇਸ ਖੇਤਰ ਵਿਚ ਪਾਰਲੀਮੈਂਟ ਤੋਂ ਲੈ ਕੇ ਵਿਧਾਨ ਸਭਾਵਾਂ ਅਤੇ ਹੇਠਲੇ ਪੱਧਰ ਦੀਆਂ ਹੋਰ ਸਵੈ-ਸ਼ਾਸਨ ਸੰਸਥਾਵਾਂ ਵਿਚ ਪੰਜਾਬੀਆਂ ਦਾ ਤਕੜਾ ਬੋਲਬਾਲਾ ਹੈ। ਫੈਡਰਲ ਸਰਕਾਰ ਵਿਚ 18 ਐੱਮ.ਪੀ. ਜਿੱਤ ਕੇ ਜਾਣੇ ਆਪਣੇ ਆਪ ਵਿਚ ਰਿਕਾਰਡ ਹੈ ਅਤੇ ਇਨ੍ਹਾਂ ਵਿਚੋਂ ਹਰਜੀਤ ਸਿੰਘ ਸੱਜਣ ਦੇ ਰੱਖਿਆ ਮੰਤਰੀ ਬਣਨ ਨੇ ਤਾਂ ਗੱਲ ਸਿਰੇ ਹੀ ਲਾ ਦਿੱਤੀ ਹੈ। ਦੁਨੀਆਂ ਦੇ ਸਭ ਤੋਂ ਵੱਡੇ ਦੂਜੇ ਵਿਕਸਿਤ ਦੇਸ਼ ਕੈਨੇਡਾ ਦੀ ਰੱਖਿਆ ਇਕ ਸਾਬਤ-ਸੂਰਤ ਸਿੱਖ ਦੇ ਹੱਥ ਹੋਣਾਂ ਸਿੱਖਾਂ ਲਈ ਬੜੇ ਮਾਣ ਦੀ ਗੱਲ ਹੈ। ਇਸੇ ਤਰ੍ਹਾਂ ਅਮਰੀਕਾ ਵਿਚ ਵੀ ਪੰਜਾਬੀਆਂ ਨੇ ਸਥਾਨਕ ਰਾਜਨੀਤੀ ਵਿਚ ਵਿਚਰਨਾ ਸ਼ੁਰੂ ਕਰ ਦਿੱਤਾ ਹੈ। ਖੇਤੀਬਾੜੀ, ਟਰੱਕਿੰਗ, ਗੈਸ ਸਟੈਸ਼ਨਾਂ, ਹੋਟਲਾਂ ਆਦਿ ਵਿਚ ਵੀ ਹੁਣ ਪੰਜਾਬੀਆਂ ਦੀ ਸਰਦਾਰੀ ਹੁੰਦੀ ਜਾ ਰਹੀ ਹੈ। ਪਰ ਇਸ ਦੇ ਨਾਲ ਹੀ ਕੁੱਝ ਕੁਲਿਹਣੀਆਂ ਅਲਾਮਤਾਂ ਵੀ ਸਾਡੇ ਸਮਾਜ ਨੂੰ ਆਣ ਚਿੰਬੜੀਆਂ ਹਨ। ਤਿੰਨ ਦਹਾਕੇ ਤੋਂ ਪਹਿਲਾਂ ਡਰੱਗ ਵਰਗੇ ਖਤਰਨਾਕ ਧੰਦੇ ਵਿਚ ਪੰਜਾਬੀਆਂ ਦਾ ਕਿਧਰੇ ਵੀ ਨਾਂ ਨਹੀਂ ਸੀ। ਸਗੋਂ ਇਸ ਖੇਤਰ ਵਿਚ ਚੀਨੀਆਂ, ਅਲਬੇਨੀਅਨ ਅਤੇ ਕਾਲੇ ਲੋਕਾਂ ਦੇ ਨਾਂ ਚੱਲਦੇ ਸਨ। ਪਰ 1980ਵਿਆਂ ਤੋਂ ਬਾਅਦ ਕੁੱਝ ਪੰਜਾਬੀ ਨੌਜਵਾਨਾਂ ਨੇ ਡਰੱਗ ਦੇ ਧੰਦੇ ਵੱਲ ਅਜਿਹਾ ਮੋੜ ਕੱਟਿਆ ਕਿ ਇਸ ਵੇਲੇ ਕੈਨੇਡਾ ਦਾ ਅਰਬਾਂ-ਖਰਬਾਂ ਦੇ ਡਰੱਗ ਕਾਰੋਬਾਰ ਵਿਚ ਪੰਜਾਬੀਆਂ ਦਾ ਵੱਡਾ ਹਿੱਸਾ ਬਣਦਾ ਜਾ ਰਿਹਾ ਹੈ।
ਪਹਿਲਾਂ ਪਹਿਲ ਚੀਨੀ ਅਤੇ ਹੋਰ ਲੋਕ ਇਹ ਧੰਦਾ ਕਰਦੇ ਸਨ। ਪਰ ਜਿਵੇਂ-ਜਿਵੇਂ ਕੈਨੇਡਾ ਵਿਚ ਪੰਜਾਬੀਆਂ ਦੀ ਆਬਾਦੀ ਵਧਣ ਲੱਗੀ, ਪੰਜਾਬ ਤੋਂ ਜਾਣ ਵਾਲੇ ਨੌਜਵਾਨ ਸੌਖਾ ਪੈਸਾ ਕਮਾਉਣ ਦੇ ਲਾਲਚ ਵਿਚ ਡਰੱਗ ਮਾਫੀਏ ਨਾਲ ਜੁੜਨ ਲੱਗ ਪਏੇ।
ਪੰਜਾਬ ਪੁਲਿਸ ਦੇ ਬਰਖਾਸਤ ਡੀ.ਐੱਸ.ਪੀ. ਜਗਦੀਸ਼ ਭੋਲਾ ਕਿਸੇ ਸਮੇਂ ਕਬੱਡੀ ਦਾ ਕੌਮਾਂਤਰੀ ਪੱਧਰ ਦਾ ਨਾਮੀ ਖਿਡਾਰੀ ਸੀ ਅਤੇ ਉਸ ਦੀ ਗੈਂਗ ਨਾਲ ਕੈਨੇਡਾ ਦੇ ਐੱਨ.ਆਰ.ਆਈ. ਦੇ ਨਾਂ ਵੀ ਸਾਹਮਣੇ ਆਏ ਹਨ। ਜਗਦੀਸ਼ ਭੋਲਾ ਇਸ ਵੇਲੇ ਪੰਜਾਬ ਅੰਦਰ 6 ਹਜ਼ਾਰ ਕਰੋੜ ਦੇ ਡਰੱਗ ਰੈਕੇਟ ਵਿਚ ਜੇਲ੍ਹ ਦੀ ਹਵਾ ਖਾ ਰਿਹਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਡਰੱਗ ਸਮੱਗਲਿੰਗ ਵਿਚ ਜਗਦੀਸ਼ ਭੋਲੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਜੁੜੇ ਰਹੇ ਕੈਨੇਡਾ ਦੇ 16 ਐੱਨ.ਆਰ.ਆਈਜ਼ ਨੂੰ ਵੀ ਭਾਰਤ ਸਰਕਾਰ ਨੇ ਸੀ.ਬੀ.ਆਈ. ਰਾਹੀਂ ਹਵਾਲਗੀ ਦੇ ਪੱਤਰ ਭੇਜੇ ਹੋਏ ਹਨ। ਕੈਨੇਡਾ ਤੇ ਅਮਰੀਕਾ ਵਿਚ ਇਸ ਸਮੇਂ ਦਰਜਨਾਂ ਡਰੱਗ ਧੰਦੇ ਨਾਲ ਜੁੜੇ ਪੰਜਾਬੀ ਜੇਲ੍ਹਾਂ ਵਿਚ ਸਜ਼ਾ ਕੱਟ ਰਹੇ ਹਨ। ਅਮਰੀਕਾ ਤੋਂ ਟਰੱਕਾਂ ਵਿਚ ਲੁਕਾ ਕੇ ਸਰਹੱਦੀ ਰਸਤਿਆਂ ਰਾਹੀਂ ਕੈਨੇਡਾ ਵਿਚ 120 ਮਿਲੀਅਨ ਅਮਰੀਕੀ ਡਾਲਰ ਦੀ ਕੋਕੀਨ ਸਮੱਗਲਿੰਗ ਦੇ ਮਾਮਲੇ ਵਿਚ ਪਿਛਲੇ ਦਿਨੀਂ ਅਮਰੀਕਾ ਦੀ ਅਦਾਲਤ ਨੇ 47 ਸਾਲਾ ਪੰਜਾਬੀ ਹਰਿੰਦਰ ਧਾਲੀਵਾਲ ਨੂੰ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਪਿਛਲੇ ਮਹੀਨੇ ਇਸ ਦੇ ਸਾਥੀ ਰਹੇ ਗੁਰਸ਼ਰਨ ਸਿੰਘ ਨੂੰ ਵੀ 5 ਸਾਲ ਦੀ ਕੈਦ ਹੋਈ ਸੀ। ਇਹ ਮਾਮਲਾ ਨਿਊਯਾਰਕ ਸਟੇਟ ਦੇ ਇਤਿਹਾਸ ਵਿਚ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦਾ ਸਭ ਤੋਂ ਵੱਡਾ ਮਾਮਲਾ ਸਮਝਿਆ ਜਾਂਦਾ ਹੈ। ਇਸ ਕੇਸ ਵਿਚ ਅਮਰੀਕਾ ਤੇ ਕੈਨੇਡਾ ਦੇ 7 ਵਿਅਕਤੀ ਚਾਰਜ ਕੀਤੇ ਗਏ ਸਨ। ਇਸ ਤੋਂ ਪਹਿਲਾਂ ਵੀ ਡਰੱਗ ਸਮੱਗਲਿੰਗ ਦੇ ਮਾਮਲੇ ‘ਚ ਕੈਨੇਡਾ ਰਹਿ ਰਹੇ ਕਈ ਪੰਜਾਬੀ ਨੌਜਵਾਨਾਂ ਦੇ ਨਾਂ ਸਾਹਮਣੇ ਆ ਚੁੱਕੇ ਹਨ।
ਪੰਜਾਬੀ ਨੌਜਵਾਨ ਸਰਗਰਮੀ ਨਾਲ ਡਰੱਗ ਮਾਫੀਏ ਨਾਲ ਜੁੜਨ ਲੱਗੇ ਅਤੇ ਪੰਜਾਬੀ ਚੀਨੀਆਂ ‘ਤੇ ਭਾਰੂ ਹੋ ਗਏ। ਇਸ ਸਮੇਂ ਕੈਨੇਡਾ ਅਤੇ ਅਮਰੀਕਾ ‘ਚ ਕਈ ਵੱਡੇ ਗਿਰੋਹ ਕੰਮ ਕਰ ਰਹੇ ਹਨ, ਜੋ ਪੰਜਾਬੀਆਂ ਨਾਲ ਸੰਬੰਧਤ ਹਨ। ਬ੍ਰਿਟਿਸ਼ ਕੋਲੰਬੀਆ ਦੇ ਵੱਡੇ ਸ਼ਹਿਰ ਵੈਨਕੂਵਰ, ਖਾਸ ਕਰਕੇ ਇਸ ਦੇ ਸਰ੍ਹੀ ਇਲਾਕੇ ਵਿਚ ਡਰੱਗ ਗੈਂਗਵਾਰ ਧੜਿਆਂ ਵਿਚ ਗੋਲੀ ਚੱਲਣ ਦਾ ਸਿਲਸਿਲਾ ਆਮ ਹੀ ਬਣਿਆ ਹੋਇਆ ਹੈ। ਇਥੇ ਪੰਜਾਬੀ ਨੌਜਵਾਨ ਵੱਖ-ਵੱਖ ਥਾਵਾਂ ‘ਤੇ ਨਸ਼ੇ ਕਰਦੇ ਅਤੇ ਗਰੁੱਪਾਂ ਵਿਚ ਸ਼ਾਮਲ ਹੋ ਕੇ ਲੜਾਈਆਂ ਕਰਦੇ ਆਮ ਵੇਖੇ ਜਾਂਦੇ ਹਨ। ਸਭ ਤੋਂ ਵੱਧ ਡਰੱਗ ਗੈਂਗਵਾਰ ਵਿਚ ਕਤਲ ਵੀ ਵੈਨਕੂਵਰ ਅਤੇ ਸਰ੍ਹੀ ਵਿਚ ਹੀ ਹੋਏ ਹਨ। ਦੁਆਬੇ ਖੇਤਰ ਦੇ ਇਕ ਪਿੰਡ ਵਿਚੋਂ ਆਏ ਡਰੱਗ ਗੈਂਗਵਾਰ ਦੇ ਸਰਗਨਾ ਬਣੇ ਬਿੰਦੀ ਜੌਹਲ ਦਾ ਪਹਿਲਾ ਕਤਲ ਪਿਛਲੀ ਸਦੀ ਦੇ ਅਖੀਰ ਵਿਚ ਹੋਇਆ ਸੀ। ਉਸ ਤੋਂ ਬਾਅਦ ਡਰੱਗ ਸਮੱਗਲਿੰਗ, ਗੈਂਗਵਾਰ ਅਤੇ ਕਤਲਾਂ ਦਾ ਸਿਲਸਿਲਾ ਅਜਿਹਾ ਚੱਲਿਆ ਕਿ ਮੁੜ ਰੁਕਣ ਦਾ ਨਾਂ ਨਹੀਂ ਲੈ ਰਿਹਾ।
ਇਸ ਸਮੇਂ ਟੋਰਾਂਟੋ ‘ਚ ਤਿੰਨ ਅਤੇ ਵੈਨਕੂਵਰ ‘ਚ 2 ਵੱਡੇ ਗਿਰੋਹ ਕੰਮ ਕਰ ਰਹੇ ਹਨ, ਜੋ ਪੰਜਾਬੀਆਂ ਨਾਲ ਸੰਬੰਧਤ ਹਨ। ਜਦਕਿ ਛੋਟੇ-ਛੋਟੇ ਗਰੁੱਪਾਂ ਦੀ ਤਾਂ ਕੋਈ ਗਿਣਤੀ ਹੀ ਨਹੀਂ। ਬ੍ਰਿਟਿਸ਼ ਕੋਲੰਬੀਆ ਦੇ ਵੱਡੇ ਸ਼ਹਿਰ ਵੈਨਕੂਵਰ, ਖਾਸ ਕਰਕੇ ਇਸ ਦੇ ਸਰ੍ਹੀ ਇਲਾਕੇ ਵਿਚ ਡਰੱਗ ਗੈਂਗਵਾਰ ਧੜਿਆਂ ਵਿਚ ਗੋਲੀ ਚੱਲਣ ਦਾ ਸਿਲਸਿਲਾ ਆਮ ਹੀ ਬਣਿਆ ਹੋਇਆ ਹੈ। ਪੰਜਾਬੀ ਨੌਜਵਾਨ ਵੱਖ-ਵੱਖ ਥਾਵਾਂ ‘ਤੇ ਨਸ਼ੇ ਕਰਦੇ ਅਤੇ ਗਰੁੱਪਾਂ ਵਿਚ ਸ਼ਾਮਲ ਹੋ ਕੇ ਲੜਾਈਆਂ ਕਰਦੇ ਆਮ ਵੇਖੇ ਜਾਂਦੇ ਹਨ। ਸਭ ਤੋਂ ਵੱਧ ਡਰੱਗ ਗੈਂਗਵਾਰ ਵਿਚ ਕਤਲ ਵੀ ਵੈਨਕੂਵਰ ਅਤੇ ਸਰ੍ਹੀ ਵਿਚ ਹੀ ਹੋਏ ਹਨ। ਡਰੱਗ ਗੈਂਗਵਾਰ ਦੇ ਸਰਗਨਾ ਬਣੇ ਬਿੰਦੀ ਜੌਹਲ ਦਾ ਪਹਿਲਾ ਕਤਲ ਪਿਛਲੀ ਸਦੀ ਦੇ ਅਖੀਰ ਵਿਚ ਹੋਇਆ ਸੀ। ਉਸ ਤੋਂ ਬਾਅਦ ਡਰੱਗ ਸਮੱਗਲਿੰਗ, ਗੈਂਗਵਾਰ ਅਤੇ ਕਤਲਾਂ ਦਾ ਸਿਲਸਿਲਾ ਅਜਿਹਾ ਚੱਲਿਆ ਕਿ ਮੁੜ ਰੁਕਣ ਦਾ ਨਾਂ ਨਹੀਂ ਲੈ ਰਿਹਾ।
ਕੈਨੇਡਾ, ਅਮਰੀਕਾ ਅਤੇ ਯੂ.ਕੇ. ਦਾ ਮਾਫੀਆ ਪੰਜਾਬੀਆਂ ਦੇ ਰਿਮੋਟ ਕੰਟਰੋਲ ਨਾਲ ਚੱਲ ਰਿਹਾ ਹੈ।
ਯੂ.ਕੇ. ‘ਚ ਕੁਝ ਪੰਜਾਬੀ ਫਰਾਂਸ ਅਤੇ ਨਾਲ ਲੱਗਦੇ ਹੋਰਨਾਂ ਦੇਸ਼ਾਂ ਤੋਂ ਸ਼ਰਾਬ ਦੀ ਸਮੱਗਲਿੰਗ ਕਰਦੇ ਹਨ ਅਤੇ ਇਸ ਦੇ ਨਾਲ-ਨਾਲ ਪੰਜਾਬ ਤੋਂ ਹੈਰੋਇਨ ਉਥੇ ਲੈ ਜਾਂਦੇ ਹਨ। ਇਹ ਕੰਮ ਇਹ ਵਿਅਕਤੀ ਉਥੇ ਸਰਗਰਮ ਮਾਫੀਆ ਨਾਲ ਮਿਲ ਕੇ ਕਰਦੇ ਹਨ। ਇਸੇ ਤਰ੍ਹਾਂ ਕੈਨੇਡਾ ‘ਚ ਕੁਝ ਪੰਜਾਬੀ ਹੈਰੋਇਨ ਦੀ ਸਮੱਗਲਿੰਗ ਕਰ ਰਹੇ ਹਨ। ਇਥੇ ਅਜਿਹੇ ਕਈ ਗਿਰੋਹ ਸਰਗਰਮ ਹਨ, ਜੋ ਇਸ ਮਾਫੀਆ ਲਈ ਕੰਮ ਕਰਦੇ ਹਨ। ਕੈਨੇਡਾ ‘ਚ ਹੈਰੋਇਨ ਦੀ ਸਮੱਗਲਿੰਗ ਨਾਲ ਜੁੜੇ ਕੁਝ ਵਿਅਕਤੀ ਪੰਜਾਬ ‘ਚ ਇਸ ਰੈਕੇਟ ਨਾਲ ਜੁੜੇ ਆਪਣੇ ਰਿਸ਼ਤੇਦਾਰਾਂ ਰਾਹੀਂ ਹੈਰੋਇਨ ਦੀ ਖੇਪ ਮੰਗਵਾਉਂਦੇ ਹਨ।
ਇਕ ਰਿਪੋਰਟ ਅਨੁਸਾਰ ਬੀਤੇ 5 ਸਾਲਾਂ ਦੌਰਾਨ ਵੈਨਕੂਵਰ ਅਤੇ ਟੋਰਾਂਟੋ ਵਿਖੇ ਸਰਗਰਮ ਪੰਜਾਬੀ ਗੈਂਗਾਂ ‘ਚ ਹੋਈ ਖੂਨੀ ਜੰਗ ਕਾਰਨ 125 ਪੰਜਾਬੀ ਨੌਜਵਾਨਾਂ ਦੀ ਜਾਨ ਜਾ ਚੁੱਕੀ ਹੈ। ਇਸ ਗੈਂਗਵਾਰ ਤੋਂ ਕੈਨੇਡਾ ਦੀ ਸਰਕਾਰ ਵੀ ਪ੍ਰੇਸ਼ਾਨ ਹੈ। ਕੁਝ ਸਾਲ ਪਹਿਲਾਂ ਕੈਨੇਡਾ ਦੀ ਪੁਲਿਸ ਨੇ ਪੰਜਾਬ ਪੁਲਿਸ ਕੋਲੋਂ ਇਸ ਸੰਬੰਧੀ ਸਹਿਯੋਗ ਮੰਗਿਆ ਸੀ। ਹੈਰਾਨੀ ਵਾਲੀ ਗੱਲ ਇਹ ਹੈ ਕਿ ਗੈਂਗਵਾਰ ‘ਚ ਆਪਣੇ ਰਿਸ਼ਤੇਦਾਰਾਂ ਦੀ ਜਾਨ ਗੁਆਉਣ ਦੇ ਬਾਵਜੂਦ ਉਨ੍ਹਾਂ ਦੇ ਨੇੜਲੇ ਰਿਸ਼ਤੇਦਾਰ ਮੋਟੀ ਕਮਾਈ ਵਾਲੇ ਇਸ ਕਾਰੋਬਾਰ ‘ਚ ਲੱਗੇ ਹੋਏ ਹਨ। ਕੈਨੇਡਾ ਅਤੇ ਅਮਰੀਕਾ ‘ਚ ਬੀਤੇ ਕੁੱਝ ਸਮੇਂ ਤੋਂ ਹੈਰੋਇਨ ਦੀ ਖਪਤ ਬਹੁਤ ਵਧੀ ਹੈ। ਕੈਨੇਡਾ ਅਮਰੀਕਾ ਦੀ ਸਰਹੱਦ ‘ਤੇ ਸਥਿਤ ਹੈ। ਇਸ ਦਾ ਲਾਭ ਉਠਾਉਂਦੇ ਹੋਏ ਹੈਰੋਇਨ ਦੀ ਸਮੱਗਲਿੰਗ ਕੀਤੀ ਜਾਂਦੀ ਹੈ।
ਕੈਨੇਡਾ ‘ਚ ਸਰਗਰਮ ਪੰਜਾਬੀ ਡਰੱਗ ਮਾਫੀਆ ਗੈਂਗ ਆਪਣੇ ਵਿਰੋਧੀ ਗੈਂਗਾਂ ਦੇ ਮੈਂਬਰਾਂ ਦੀ ਹੱਤਿਆ ਸਥਾਨਕ ਸਰਗਰਮ ਗੋਰਿਆਂ, ਮੈਕਸੀਕਨ ਜਾਂ ਕਾਲੇ ਲੋਕਾਂ ਦੇ ਗੈਂਗਾਂ ਤੋਂ ਸੁਪਾਰੀ ਦੇ ਕੇ ਕਰਵਾਉਂਦੇ ਹਨ।
ਇੰਟੈਲੀਜੈਂਸ ਏਜੰਸੀਆਂ ਦੇ ਰਿਕਾਰਡ ਮੁਤਾਬਕ ਪੰਜ ਦਰਜਨ ਨੌਜਵਾਨ ਬੀਤੇ 5 ਸਾਲਾਂ ‘ਚ ਇਸ ਗੈਂਗਵਾਰ ਦੌਰਾਨ ਮਾਰੇ ਗਏ ਹਨ। ਇਨ੍ਹਾਂ ‘ਚੋਂ ਇਕ ਪੰਜਾਬੀ ਨੌਜਵਾਨ ਕੈਨੇਡਾ ਦੀ ਸਰਹੱਦ ਤੋਂ ਟਰੱਕ ਰਾਹੀਂ ਅਮਰੀਕਾ ਤਕ ਹੈਰੋਇਨ ਦੀ ਸਮੱਗਲਿੰਗ ਕਰਦਾ ਸੀ। ਉਸ ਦੀ ਹੱਤਿਆ ਸਰਹੱਦ ‘ਤੇ ਕੀਤੀ ਗਈ ਸੀ। ਕੈਨੇਡਾ ਡਰੱਗ ਮਾਫੀਆ ਨਾਲ ਇਨ੍ਹਾਂ ਮਾਮਲਿਆਂ ਦੇ ਜੁੜੇ ਹੋਣ ਕਾਰਨ ਮ੍ਰਿਤਕ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਇਨ੍ਹਾਂ ਮਾਮਲਿਆਂ ਨੂੰ ਭੇਤ ਖੁੱਲ੍ਹਣ ਦੇ ਡਰ ਕਾਰਨ ਖੁਦ ਹੀ ਦਬਾਅ ਦਿੰਦੇ ਹਨ। 2016 ‘ਚ ਟੋਰਾਂਟੋ ਵਿਖੇ ਇਕ ਪੰਜਾਬੀ ਨੌਜਵਾਨ ਦੀ ਗੈਂਗਵਾਰ ‘ਚ ਹੱਤਿਆ ਕਰ ਦਿੱਤੀ ਗਈ ਸੀ। ਇਸ ਨੌਜਵਾਨ ਦਾ ਨਾਂ ਇਕ ਵੱਡੇ ਡਰੱਗ ਰੈਕੇਟ ‘ਚ ਸਾਹਮਣੇ ਆਇਆ ਸੀ। ਅਜਿਹੇ ਕਈ ਮਾਮਲੇ ਕੈਨੇਡਾ ‘ਚ ਹੋ ਰਹੇ ਹਨ।
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਅੰਦਰ ਚੱਲ ਰਹੇ 6000 ਕਰੋੜ ਰੁਪਏ ਦੇ ਡਰੱਗ ਮਾਮਲੇ ਦੇ ਮੁੱਖ ਸਰਗਨੇ ਭੋਲਾ ਡਰੱਗ ਰੈਕੇਟ ਵਿਚ ਹੁਣ ਤਕ ਭਾਰਤ ਦੀ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਕੈਨੇਡਾ ਵਸਦੇ ਇਕ ਦਰਜਨ ਐੱਨ.ਆਰ.ਆਈਜ਼ ਵਿਰੁੱਧ ਚਾਰਜਸ਼ੀਟ ਦਾਇਰ ਕਰ ਚੁੱਕੀ ਹੈ। ਇਸ ਤੋਂ ਇਲਾਵਾ 16 ਐੱਨ.ਆਰ.ਆਈਜ਼ ਨੂੰ ਭਾਰਤ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਇਨ੍ਹਾਂ ‘ਚ 12 ਨੂੰ ਰੈੱਡ ਕਾਰਨਰ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ। ਈ.ਡੀ. ਨੇ ਇਨ੍ਹਾਂ 16 ਐੱਨ.ਆਰ.ਆਈਜ਼ ਬਾਰੇ ਕੋਰਟ ਦੇ ਰਾਹੀਂ ਜਾਣਕਾਰੀ ਮੰਗੀ ਹੈ
। ਈ.ਡੀ. ਦੇ ਇਕ ਸੀਨੀਅਰ ਅਫਸਰ ਦਾ ਕਹਿਣਾ ਹੈ ਕਿ ਸਾਡੀ ਕੋਸ਼ਿਸ਼ ਹੈ ਕਿ ਅਸੀਂ ਇਨ੍ਹਾਂ ਐੱਨ.ਆਰ.ਆਈਜ਼ ਨੂੰ ਇਥੇ ਲਿਆ ਕੇ ਪੁੱਛਗਿੱਛ ਕਰੀਏ ਕਿਉਂਕਿ ਹੁਣ ਤਕ ਦੀ ਜਾਂਚ ਵਿਚ ਇਨ੍ਹਾਂ ਦੇ ਭੋਲਾ ਡਰੱਗ ਰੈਕੇਟ ਵਿਚ ਸ਼ਾਮਿਲ ਹੋਣ ਦੇ ਪੁਖਤਾ ਸਬੂਤ ਸਾਨੂੰ ਮਿਲੇ ਹਨ। ਜੇਕਰ ਅਸੀਂ ਇਨ੍ਹਾਂ ਲੋਕਾਂ ਨੂੰ ਇਥੇ ਲਿਆਉਣ ਵਿਚ ਸਫਲ ਹੁੰਦੇ ਹਾਂ ਤਾਂ ਇਸ ਮਾਮਲੇ ਵਿਚ ਹੋਰ ਖੁਲਾਸੇ ਹੋਣ ਦੀ ਆਸ ਹੈ। ਜਿਨ੍ਹਾਂ ਇਕ ਦਰਜਨ ਐੱਨ.ਆਰ.ਆਈਜ਼ ਨੂੰ ਚਾਰਜਸ਼ੀਟ ਵਿਚ ਸ਼ਾਮਿਲ ਕੀਤਾ ਗਿਆ ਹੈ, ਉਨ੍ਹਾਂ ਵਿਚ ਇਕ ਯੂ.ਕੇ. ਦਾ ਐੱਨ.ਆਰ.ਆਈ. ਵੀ ਸ਼ਾਮਿਲ ਹੈ। ਇਨ੍ਹਾਂ ‘ਚੋਂ ਕੁਝ ਐੱਨ.ਆਰ.ਆਈਜ਼ ਇਸ ਸਮੇਂ ਜੇਲ ਵਿਚ ਹਨ, ਕੁਝ ਨੇ ਜ਼ਮਾਨਤ ਕਰਵਾ ਲਈ ਹੈ। ਈ.ਡੀ. ਦੇ ਰਾਡਾਰ ‘ਤੇ ਕੁਝ ਹੋਰ ਐੱਨ. ਆਰ.ਆਈਜ਼ ਵੀ ਹਨ, ਜੋ ਦੂਜੇ ਦੇਸ਼ਾਂ ਵਿਚ ਡਰੱਗ ਦੀ ਸਮੱਗਲਿੰਗ ਕਰਦੇ ਹਨ। ਅਜੇ ਈ.ਡੀ. ਵਿਦੇਸ਼ ਵਿਚ ਰਹਿ ਰਹੇ ਸਮੱਗਲਰਾਂ ਦੀ ਇਥੋਂ ਦੀਆਂ ਜਾਇਦਾਦਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਪ੍ਰਾਪਤ ਕੀਤੇ ਅੰਕੜਿਆਂ ਅਨੁਸਾਰ ਹੈਰੋਇਨ ਅਫਗਾਨਿਸਤਾਨ ਵਿਚ ਤਿਆਰ ਹੁੰਦੀ ਹੈ। ਉਥੇ 470 ਮੀਟ੍ਰਿਕ ਟਨ ਅਫੀਮ ਦੀ ਖੇਤੀ ਹੁੰਦੀ ਹੈ। 10 ਕਿਲੋ ਅਫੀਮ ਤੋਂ ਇਕ ਕਿਲੋ ਹੈਰੋਇਨ ਤਿਆਰ ਹੁੰਦੀ ਹੈ। ਇਹ ਹੈਰੋਇਨ ਅਫਗਾਨਿਸਤਾਨ ਦੀ ਪਾਕਿ ਸਰਹੱਦ ‘ਤੇ ਸਥਿਤ ਖਾਸ ਤੌਰ ‘ਤੇ ਬਣਾਈਆਂ ਗਈਆਂ ਲੈਬਾਰਟਰੀਆਂ ਵਿਚ ਇਕ ਰਸਾਇਣਕ ਐਸੀਟਿਕ ਐਨ ਹਾਈਡ੍ਰਾਈਡ ਤੋਂ ਤਿਆਰ ਕੀਤੀ ਜਾਂਦੀ ਹੈ। ਅਫਰੀਕੀ ਭਾਈਚਾਰੇ ਦੇ ਲੋਕ ਅਫੀਮ ਤੋਂ ਹੈਰੋਇਨ ਤਿਆਰ ਕਰਨ ਦਾ ਕੰਮ ਕਰਦੇ ਹਨ। ਹਰ ਸਾਲ ਤਿਆਰ ਹੋਣ ਵਾਲੀ ਹੈਰੋਇਨ ‘ਚੋਂ 20 ਫੀਸਦੀ ਹੈਰੋਇਨ ਪੰਜਾਬ ਦੇ ਨਾਲ ਲੱਗਦੀ ਸਰਹੱਦ ਤੋਂ ਇਥੇ ਭੇਜੀ ਜਾਂਦੀ ਹੈ। ਪਾਕਿਸਤਾਨ ਦੇ ਬਲੋਚਿਸਤਾਨ ਵਿਚ ਤਿਆਰ ਹੋ ਕੇ ਪੇਸ਼ਾਵਰ ਦੇ ਰਸਤਿਓਂ ਵੱਡੇ-ਛੋਟੇ ਵ੍ਹੀਕਲਾਂ ‘ਚ ਇਹ ਹੈਰੋਇਨ ਲਾਹੌਰ ਪਹੁੰਚਦੀ ਹੈ। ਉਥੇ ਇਸ ਦੀ ਕੀਮਤ ਡੇਢ ਲੱਖ ਰੁਪਏ ਕਿਲੋ ਹੁੰਦੀ ਹੈ। ਲਾਹੌਰ ਤੋਂ ਇਹ ਸਰਹੱਦ ਪਾਰ ਸਮੱਗਲਿੰਗ ਕਰ ਕੇ ਅੰਮ੍ਰਿਤਸਰ, ਗੁਰਦਾਸਪੁਰ, ਖੇਮਕਰਨ ਤੋਂ ਹੁੰਦੇ ਹੋਏ ਬੀ.ਐੱਸ.ਐੱਫ. ਅਤੇ ਪੁਲਿਸ ਦੀ ਨੱਕ ਹੇਠੋਂ ਪੰਜਾਬ, ਹਰਿਆਣਾ ਅਤੇ ਦਿੱਲੀ ਦੀ ਪੁਲਿਸ ਦੇ ਸੁਰੱਖਿਆ ਤੰਤਰਾਂ ਨੂੰ ਤੋੜਦੇ ਹੋਏ ਦਿੱਲੀ ਪਹੁੰਚਾ ਦਿੱਤੀ ਜਾਂਦੀ ਹੈ। ਇਸ ਵਿਚ ਰੋਚਕ ਗੱਲ ਇਹ ਵੀ ਹੈ ਕਿ ਅੰਮ੍ਰਿਤਸਰ, ਖੇਮਕਰਨ ਅਤੇ ਗੁਰਦਾਸਪੁਰ ਸੈਕਟਰ ਤੋਂ ਸਮੱਗਲਰ ਕਾਰਾਂ ਅਤੇ ਟਰੱਕਾਂ ਵਿਚ ਲੁਕਾ ਕੇ ਇਸ ਨੂੰ ਬਹੁਤ ਚਲਾਕੀ ਨਾਲ ਦਿੱਲੀ ਭੇਜਦੇ ਹਨ।
ਕੈਨੇਡਾ ‘ਚ ਸਰਗਰਮ ਮਾਫੀਆ ਹੈਰੋਇਨ ਅਤੇ ਹੋਰ ਨਸ਼ੀਲੀਆਂ ਵਸਤਾਂ ਵੱਡੀਆਂ ਮੋਟਰ ਗੱਡੀਆਂ ਰਾਹੀਂ ਅਮਰੀਕਾ ਲੈ ਕੇ ਜਾਂਦੇ ਹਨ। ਪੰਜਾਬ ‘ਚ ਸਰਗਰਮ ਕੇਂਦਰੀ ਏਜੰਸੀਆਂ ਦੇ ਇਕ ਚੋਟੀ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਦਿੱਤੀ ਗਈ ਸੂਚਨਾ ਦੇ ਆਧਾਰ ‘ਤੇ ਕੈਨੇਡਾ ‘ਚ ਬੀਤੇ 5 ਸਾਲ ‘ਚ ਡਰੱਗ ਦੀਆਂ ਕਈ ਵੱਡੀਆਂ ਖੇਪਾਂ ਫੜੀਆਂ ਗਈਆਂ ਹਨ। ਕੈਨੇਡਾ ਅਤੇ ਯੂ.ਕੇ. ‘ਚ ਸਰਗਰਮ ਮਾਫੀਆ ਸਤੰਬਰ ਤੋਂ ਮਾਰਚ ਤਕ ਇਥੋਂ ਨਸ਼ੀਲੀਆਂ ਵਸਤਾਂ ਦੀ ਸਮੱਗਲਿੰਗ ਕਰਦਾ ਹੈ। ਇਸ ਗੱਲ ਦੀ ਜਾਣਕਾਰੀ ਕੇਂਦਰੀ ਏਜੰਸੀਆਂ ਕੋਲ ਵੀ ਹੈ। ਇਸ ਲਈ ਅਜਿਹੇ ਐੱਨ.ਆਰ. ਆਈਜ਼ ‘ਤੇ ਨਜ਼ਰ ਰੱਖਣ ਦੇ ਹੁਕਮ ਦਿੱਤੇ ਗਏ ਹਨ। ਇਨਫੋਰਸਮੈਂਟ ਡਾਇਰੈਕਟੋਰੇਟ ਦੇ ਚੋਟੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੈਨੇਡਾ ਦੇ ਡਰੱਗ ਮਾਫੀਆ ‘ਤੇ ਪੰਜਾਬੀਆਂ ਦਾ ਕਬਜ਼ਾ ਹੈ।
ਇਹ ਮਾਫੀਆ ਪੰਜਾਬ ਦੇ ਸਮੱਗਲਰਾਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਈ.ਡੀ. ਜਿਨ੍ਹਾਂ ਮਾਮਲਿਆਂ ਦੀ ਜਾਂਚ ਕਰ ਰਿਹਾ ਹੈ, ਉਨ੍ਹਾਂ ਦੀਆਂ ਤਾਰਾਂ ਵੀ ਕੈਨੇਡਾ ਨਾਲ ਜੁੜੀਆਂ ਹੋਈਆਂ ਹਨ।

ਕੈਨੇਡਾ, ਅਮਰੀਕਾ ‘ਚ ਰੁਜ਼ਗਾਰ ਦੀ ਭਾਲ ‘ਚ ਲੱਖਾਂ ਰੁਪਏ ਖਰਚ ਕਰ ਕੇ ਜਾਣ ਵਾਲੇ ਨੌਜਵਾਨ ਅਕਸਰ ਇਨ੍ਹਾਂ ਸਮੱਗਲਰਾਂ ਦੇ ਚੱਕਰ ‘ਚ ਫਸ ਜਾਂਦੇ ਹਨ। ਡਰੱਗ ਸਮੱਗਲਿੰਗ ਰਾਹੀਂ ਲੰਬੇ ਸਮੇਂ ਤੋਂ ਜੁੜੇ ਲੋਕਾਂ ਦੀਆਂ ਵਧੇਰੇ ਨਜ਼ਰਾਂ ਪੰਜਾਬ ਤੋਂ ਆਉਣ ਵਾਲੇ ਨਵੇਂ ਨੌਜਵਾਨਾਂ ‘ਤੇ ਰਹਿੰਦੀਆਂ ਹਨ। ਉਨ੍ਹਾਂ ਨੂੰ ਰੁਜ਼ਗਾਰ ਦਾ ਝਾਂਸਾ ਦੇ ਕੇ ਉਹ ਇਨ੍ਹਾਂ ਨੂੰ ਇਕ ਕੋਰੀਅਰ ਵਜੋਂ ਵਰਤਦੇ ਹਨ। ਕੇਂਦਰੀ ਏਜੰਸੀਆਂ ਕੋਲ ਕੈਨੇਡਾ, ਅਮਰੀਕਾ ਅਤੇ ਯੂ.ਕੇ. ‘ਚ ਅਜਿਹੇ ਲੋਕਾਂ ਬਾਰੇ ਪੂਰੀਆਂ ਸੂਚਨਾਵਾਂ ਹਨ।
ਜਲਦੀ ਵੱਧ ਪੈਸਾ ਕਮਾਉਣ ਦੇ ਚੱਕਰ ‘ਚ ਇਹ ਨੌਜਵਾਨ ਇਨ੍ਹਾਂ ਸਮੱਗਲਰਾਂ ਦੇ ਝਾਂਸੇ ‘ਚ ਆ ਜਾਂਦੇ ਹਨ।
ਅੱਜ ਲੋੜ ਹੈ ਆਪਣੀ ਆਉਣ ਵਾਲੀ ਨਸਲ ਨੂੰ ਬਚਾਉਣ ਲਈ ਅਸੀਂ ਜਾਗਰੂਕ ਹੋਈਏ, ਤਾਂ ਕਿ ਉਨ੍ਹਾਂ ਨੂੰ ਇਸ ਅਲਾਮਤ ਤੋਂ ਬਚਾ ਸਕੀਏ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.